ਪਾਠਕਾਂ ਵੱਲੋਂ ਸਵਾਲ
ਪਾਠਕਾਂ ਵੱਲੋਂ ਸਵਾਲ
ਪਹਿਲਾ ਕੁਰਿੰਥੀਆਂ 10:8 ਵਿਚ ਲਿਖਿਆ ਹੈ ਕਿ ਪਰਮੇਸ਼ੁਰ ਨੇ 23,000 ਇਸਰਾਏਲੀਆਂ ਨੂੰ ਸਜ਼ਾ ਦਿੱਤੀ ਸੀ, ਪਰ ਗਿਣਤੀ 25:9 ਵਿਚ 24,000 ਲੋਕਾਂ ਦਾ ਜ਼ਿਕਰ ਕੀਤਾ ਗਿਆ ਹੈ। ਇਸ ਗਿਣਤੀ ਵਿਚ ਫ਼ਰਕ ਕਿਉਂ ਹੈ?
ਇਨ੍ਹਾਂ ਦੋ ਆਇਤਾਂ ਵਿਚ ਫ਼ਰਕ ਕਈ ਕਾਰਨਾਂ ਕਰਕੇ ਹੋ ਸਕਦਾ ਹੈ। ਇਸ ਸਵਾਲ ਦਾ ਸਭ ਤੋਂ ਸੌਖਾ ਜਵਾਬ ਇਹ ਹੈ ਕਿ ਸ਼ਾਇਦ ਇਹ ਗਿਣਤੀ 23,000 ਅਤੇ 24,000 ਲੋਕਾਂ ਦੇ ਵਿਚਕਾਰ ਸੀ, ਜਿਸ ਕਰਕੇ ਲਿਖਾਰੀਆਂ ਨੇ ਸ਼ਾਇਦ ਮੋਟਾ ਹਿਸਾਬ ਲਿਖ ਦਿੱਤਾ।
ਇਕ ਹੋਰ ਵੀ ਕਾਰਨ ਹੋ ਸਕਦਾ ਹੈ। ਕੁਰਿੰਥੀ ਲੋਕ ਆਪਣੇ ਭੈੜੇ ਅਤੇ ਅਨੈਤਿਕ ਕੰਮਾਂ ਲਈ ਮਸ਼ਹੂਰ ਸਨ। ਇਸ ਕਰਕੇ ਪੌਲੁਸ ਰਸੂਲ ਉੱਥੇ ਦੇ ਮਸੀਹੀਆਂ ਨੂੰ ਇਸਰਾਏਲੀਆਂ ਦੀ ਮਿਸਾਲ ਦੇ ਕੇ ਉਨ੍ਹਾਂ ਨੂੰ ਚੇਤਾਵਨੀ ਦੇ ਰਿਹਾ ਸੀ। ਉਸ ਨੇ ਲਿਖਿਆ: “ਅਸੀਂ ਵਿਭਚਾਰ ਨਾ ਕਰੀਏ, ਜਿਸ ਤਰ੍ਹਾਂ ਕਿ ਉਹਨਾਂ ਵਿਚੋਂ ਕੁਝ ਨੇ ਕੀਤਾ ਅਤੇ ਨਤੀਜੇ ਵਲੋਂ ਇਕ ਹੀ ਦਿਨ ਵਿਚ ਤੇਈ ਹਜ਼ਾਰ ਮੌਤ ਦੇ ਮੂੰਹ ਵਿਚ ਚਲੇ ਗਏ।” ਖ਼ਾਸ ਕਰਕੇ ਉਨ੍ਹਾਂ ਬਾਰੇ ਗੱਲ ਕਰਦੇ ਹੋਏ ਜਿਨ੍ਹਾਂ ਦੀਆਂ ਹਰਾਮਕਾਰੀ ਕਰਕੇ ਯਹੋਵਾਹ ਨੇ ਜਾਨਾਂ ਲਈਆਂ ਸਨ ਪੌਲੁਸ ਨੇ 23,000 ਜਣਿਆਂ ਦਾ ਜ਼ਿਕਰ ਕੀਤਾ।—1 ਕੁਰਿੰਥੁਸ 10:8, ਪਵਿੱਤਰ ਬਾਈਬਲ ਨਵਾਂ ਅਨੁਵਾਦ।
ਪਰ, ਗਿਣਤੀ ਦੇ 25ਵੇਂ ਅਧਿਆਇ ਵਿਚ ਅਸੀਂ ਪੜ੍ਹਦੇ ਹਾਂ: “ਇਸਰਾਏਲ ਪਓਰ ਦੇ ਬਆਲ ਦੇਵ ਨਾਲ ਰਲ ਗਿਆ ਤਾਂ ਯਹੋਵਾਹ ਦਾ ਕ੍ਰੋਧ ਇਸਰਾਏਲ ਉੱਤੇ ਭੜਕਿਆ।” ਇਸ ਦੇ ਮਗਰੋਂ ਯਹੋਵਾਹ ਨੇ ਮੂਸਾ ਨੂੰ “ਲੋਕਾਂ ਦੇ ਸਾਰੇ ਮੁਖੀਆਂ ਨੂੰ” ਮਾਰ ਦੇਣ ਲਈ ਕਿਹਾ। ਮੂਸਾ ਨੇ ਨਿਆਂਕਾਰਾਂ ਨੂੰ ਹੁਕਮ ਦਿੱਤਾ ਕਿ ਉਹ ਯਹੋਵਾਹ ਦੀ ਆਗਿਆ ਦੀ ਪਾਲਣਾ ਕਰਨ। ਅਖ਼ੀਰ ਵਿਚ ਜਦ ਫ਼ੀਨਹਾਸ ਨੇ ਜਲਦੀ ਕਦਮ ਚੁੱਕ ਕੇ ਉਸ ਇਸਰਾਏਲੀ ਨੂੰ ਜਾਨੋਂ ਮਾਰਿਆ ਜਿਸ ਨੇ ਮਿਦਯਾਨੀ ਤੀਵੀਂ ਨੂੰ ਇਸਰਾਏਲ ਦੀ ਮੰਡਲੀ ਵਿਚ ਲਿਆਂਦਾ ਸੀ, ਤਾਂ “ਬਵਾ ਰੁਕ ਗਈ।” ਇਸ ਬਿਰਤਾਂਤ ਦੇ ਅਖ਼ੀਰ ਵਿਚ ਸਾਨੂੰ ਦੱਸਿਆ ਗਿਆ ਹੈ: “ਜਿਹੜੇ ਉਸ ਬਵਾ ਨਾਲ ਮਰੇ ਓਹ ਚੌਵੀ ਹਜ਼ਾਰ ਸਨ।”—ਗਿਣਤੀ 25:1-9.
ਜ਼ਾਹਰ ਹੈ ਕਿ ਨਿਆਂਕਾਰਾਂ ਦੇ ਹੱਥੀ ਮਾਰੇ ਗਏ ‘ਲੋਕਾਂ ਦੇ ਸਾਰੇ ਮੁਖੀ’ ਅਤੇ ਯਹੋਵਾਹ ਦੇ ਹੱਥੀ ਮਾਰੇ ਗਏ ਲੋਕ ਇਸ 24,000 ਦੀ ਗਿਣਤੀ ਵਿਚ ਸ਼ਾਮਲ ਸਨ। ਜੇਕਰ ਘਟੋ-ਘੱਟ 1,000 ਕੁ ਮੁਖੀ ਸਨ, ਤਾਂ ਉਨ੍ਹਾਂ ਨੂੰ ਬਾਕੀ 23,000 ਨਾਲ ਮਿਲਾ ਕੇ ਕੁਲ ਗਿਣਤੀ 24,000 ਬਣਦੀ ਹੈ। ਇਹ ਮੁਖੀ ਚਾਹੇ ਹਰਾਮਕਾਰੀ ਜਾਂ ਮੌਜ-ਮਸਤੀਆਂ ਕਰਦੇ ਸਨ ਜਾਂ ਨਹੀਂ, ਜਾਂ ਇਹ ਲੋਕਾਂ ਦੇ ਗ਼ਲਤ ਕੰਮਾਂ ਨਾਲ ਸਹਿਮਤ ਸਨ ਜਾਂ ਨਹੀਂ, ਇਕ ਗੱਲ ਪੱਕੀ ਹੈ ਕਿ ਇਹ “ਬਆਲ ਪਓਰ ਨਾਲ ਰਲ ਗਏ” ਸਨ।
ਇਸ ਦਾ ਕੀ ਮਤਲਬ ਹੈ ਕਿ ਉਹ ਬਆਲ ਪਓਰ ਨਾਲ “ਰਲ ਗਏ” ਸਨ? ਬਾਈਬਲ ਬਾਰੇ ਇਕ ਕਿਤਾਬ ਅਨੁਸਾਰ ਇਸ ਦਾ ਮਤਲਬ ਹੋ ਸਕਦਾ ਹੈ “ਕਿਸੇ ਨਾਲ ਬੰਧਨ ਵਿਚ ਬੱਝਣਾ।” ਇਸਰਾਏਲੀ ਪਰਮੇਸ਼ੁਰ ਦੇ ਚੁਣੇ ਹੋਏ ਲੋਕ ਸਨ, ਪਰ ਜਦ ਉਹ “ਬਆਲ ਪਓਰ ਨਾਲ ਰਲ ਗਏ,” ਤਾਂ ਉਨ੍ਹਾਂ ਨੇ ਪਰਮੇਸ਼ੁਰ ਨਾਲ ਆਪਣਾ ਰਿਸ਼ਤਾ ਤੋੜ ਦਿੱਤਾ। ਕੁਝ 700 ਸਾਲ ਬਾਅਦ ਯਹੋਵਾਹ ਨੇ ਹੋਸ਼ੇਆ ਨਬੀ ਜ਼ਰੀਏ ਇਸਰਾਏਲੀਆਂ ਬਾਰੇ ਕਿਹਾ: “ਉਹਨਾਂ ਨੇ ਬਆਲ-ਪਓਰ ਪਹਾੜ ਤੇ ਪਹੁੰਚਦੇ ਹੀ, ਬਆਲ ਦੀ ਪੂਜਾ ਸ਼ੁਰੂ ਕਰ ਦਿੱਤੀ ਅਤੇ ਉਹ ਆਪਣੇ ਪੂਜਕ ਦੇਵਤੇ ਬਆਲ ਵਾਂਗ ਘਿਣਾਉਣੇ ਬਣ ਗਏ।” (ਹੋਸ਼ੇਆ 9:10, ਨਵਾਂ ਅਨੁਵਾਦ) ਉਹ ਸਾਰੇ ਜਿਨ੍ਹਾਂ ਨੇ ਇਸ ਤਰ੍ਹਾਂ ਕੀਤਾ ਪਰਮੇਸ਼ੁਰ ਦੀ ਸਜ਼ਾ ਦੇ ਲਾਇਕ ਸਨ। ਇਸ ਲਈ ਮੂਸਾ ਨੇ ਇਸਰਾਏਲੀਆਂ ਨੂੰ ਯਾਦ ਕਰਾਇਆ: “ਜੋ ਕੁਝ ਯਹੋਵਾਹ ਨੇ ਬਆਲ-ਪਓਰ ਦੇ ਕਾਰਨ ਕੀਤਾ ਤੁਹਾਡੀਆਂ ਅੱਖਾਂ ਨੇ ਵੇਖਿਆ ਹੈ ਕਿਉਂ ਜੋ ਜਿਹੜੇ ਮਨੁੱਖ ਬਆਲ-ਪਓਰ ਦੇ ਪਿੱਛੇ ਗਏ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਉਨ੍ਹਾਂ ਨੂੰ ਤੁਹਾਡੇ ਵਿੱਚੋਂ ਨਾਸ ਕਰ ਦਿੱਤਾ ਹੈ।”—ਬਿਵਸਥਾ ਸਾਰ 4:3.