“ਮੈਨੂੰ ਦੋਸਤੀ, ਪਿਆਰ ਤੇ ਆਦਰ ਮਿਲੇ”
“ਮੈਨੂੰ ਦੋਸਤੀ, ਪਿਆਰ ਤੇ ਆਦਰ ਮਿਲੇ”
“ਜੇ ਤੁਸੀਂ ਆਪੋ ਵਿੱਚ ਪ੍ਰੇਮ ਰੱਖੋ ਤਾਂ ਇਸੇ ਤੋਂ ਸਭ ਜਾਣਨਗੇ ਭਈ ਤੁਸੀਂ ਮੇਰੇ ਚੇਲੇ ਹੋ।” (ਯੂਹੰਨਾ 13:35) ਐਨ ਜਿਵੇਂ ਯਿਸੂ ਨੇ ਕਿਹਾ ਸੀ, ਮੁਢਲੇ ਮਸੀਹੀ ਆਪਣੇ ਭਰਾਤਰੀ ਪਿਆਰ ਤੋਂ ਪਛਾਣੇ ਜਾਂਦੇ ਸਨ। ਯਿਸੂ ਦੀ ਮੌਤ ਤੋਂ ਸੌ ਕੁ ਸਾਲ ਬਾਅਦ ਰਹਿਣ ਵਾਲੇ ਟਰਟੂਲੀਅਨ ਦੇ ਅਨੁਸਾਰ ਮਸੀਹ ਦੇ ਚੇਲਿਆਂ ਬਾਰੇ ਲੋਕਾਂ ਨੇ ਕਿਹਾ ਸੀ: ‘ਦੇਖੋ ਉਹ ਇਕ ਦੂਸਰੇ ਨਾਲ ਕਿੰਨਾ ਪਿਆਰ ਕਰਦੇ ਹਨ ਅਤੇ ਇਕ ਦੂਸਰੇ ਲਈ ਜਾਨ ਕੁਰਬਾਨ ਕਰਨ ਲਈ ਵੀ ਤਿਆਰ ਹਨ।’
ਕੀ ਅੱਜ ਸੰਸਾਰ ਵਿਚ ਇਸ ਤਰ੍ਹਾਂ ਦਾ ਪਿਆਰ ਮਿਲ ਸਕਦਾ ਹੈ? ਜੀ ਹਾਂ। ਇਸ ਦੀ ਇਕ ਮਿਸਾਲ ਤੇ ਗੌਰ ਕਰੋ। ਬ੍ਰਾਜ਼ੀਲ ਵਿਚ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫਿਸ ਨੂੰ ਮੈਰਿਲਿਆ ਨਾਂ ਦੀ ਔਰਤ ਤੋਂ ਚਿੱਠੀ ਆਈ ਜਿਸ ਵਿਚ ਉਸ ਨੇ ਲਿਖਿਆ:
“ਮੇਰੀ ਅੰਮਾ ਯਹੋਵਾਹ ਦੀ ਇਕ ਗਵਾਹ ਹੈ। ਜਦ ਉਹ ਅਰਜਨਟੀਨਾ ਦੇ ਬਿਯਾ ਮਰਸੇਥੇਸ ਨਗਰ ਵਿਚ ਰਹਿੰਦੀ ਸੀ, ਉਸ ਨੂੰ ਗਠੀਆ ਹੋ ਗਿਆ ਜਿਸ ਨਾਲ ਉਸ ਦੀਆਂ ਲੱਤਾਂ ਕੰਮ ਕਰਨੋਂ ਰਹਿ ਗਈਆਂ। ਉਸ ਦੀ ਬੀਮਾਰੀ ਦੇ ਪਹਿਲੇ ਅੱਠ ਮਹੀਨਿਆਂ ਵਿਚ ਬਿਯਾ ਮਰਸੇਥੇਸ ਵਿਚ ਰਹਿੰਦੇ ਗਵਾਹਾਂ ਨੇ ਪਿਆਰ ਨਾਲ ਅੰਮਾ ਦੀ ਦੇਖ-ਭਾਲ ਕੀਤੀ। ਉਨ੍ਹਾਂ ਨੇ ਉਸ ਲਈ ਸਭ ਕੁਝ ਕੀਤਾ, ਉਸ ਦਾ ਘਰ ਸੁਆਰਿਆ ਤੇ ਉਸ ਲਈ ਖਾਣਾ ਤਿਆਰ ਕੀਤਾ। ਜਦੋਂ ਅੰਮਾ ਹਸਪਤਾਲ ਵਿਚ ਸੀ, ਤਾਂ ਰਾਤ-ਦਿਨ ਉਸ ਕੋਲ ਕੋਈ ਨਾ ਕੋਈ ਜ਼ਰੂਰ ਹੁੰਦਾ ਸੀ।
“ਹੁਣ ਮੈਂ ਤੇ ਅੰਮਾ ਬ੍ਰਾਜ਼ੀਲ ਵਾਪਸ ਆ ਗਈਆਂ ਹਾਂ। ਅੰਮਾ ਆਪਣੀ ਬੀਮਾਰੀ ਤੋਂ ਅਜੇ ਪੂਰੀ ਤਰ੍ਹਾਂ ਠੀਕ ਨਹੀਂ ਹੋਈ ਹੈ। ਸਾਡੇ ਇਲਾਕੇ ਵਿਚ ਰਹਿਣ ਵਾਲੇ ਗਵਾਹ ਹੁਣ ਅੰਮਾ ਦੀ ਛੇਤੀ ਰਾਜ਼ੀ ਹੋਣ ਵਿਚ ਹਰ ਸੰਭਵ ਮਦਦ ਕਰ ਰਹੇ ਹਨ।”
ਮੈਰਿਲਿਆ ਨੇ ਆਪਣੀ ਚਿੱਠੀ ਦੇ ਅਖ਼ੀਰ ਵਿਚ ਲਿਖਿਆ: “ਭਾਵੇਂ ਮੈਂ ਯਹੋਵਾਹ ਦੀ ਗਵਾਹ ਨਹੀਂ ਹਾਂ, ਪਰ ਗਵਾਹਾਂ ਦਰਮਿਆਨ ਮੈਨੂੰ ਦੋਸਤੀ, ਪਿਆਰ ਤੇ ਆਦਰ ਮਿਲੇ ਹਨ।”
ਜੀ ਹਾਂ, ਅੱਜ ਵੀ ਅਜਿਹੇ ਲੋਕ ਹਨ ਜੋ ਸੱਚਾ ਮਸੀਹੀ ਪਿਆਰ ਕਰਦੇ ਹਨ। ਉਹ ਇਸ ਤਰ੍ਹਾਂ ਪਿਆਰ ਕਰ ਕੇ ਸਬੂਤ ਦਿੰਦੇ ਹਨ ਕਿ ਯਿਸੂ ਦੀਆਂ ਸਿੱਖਿਆਵਾਂ ਵਿਚ ਸਾਡੀ ਜ਼ਿੰਦਗੀ ਬਦਲਣ ਦੀ ਤਾਕਤ ਹੈ।