ਨੌਜਵਾਨ ਜੋ ਯਹੋਵਾਹ ਦੇ ਦਿਲ ਨੂੰ ਖ਼ੁਸ਼ ਕਰਦੇ ਹਨ
ਨੌਜਵਾਨ ਜੋ ਯਹੋਵਾਹ ਦੇ ਦਿਲ ਨੂੰ ਖ਼ੁਸ਼ ਕਰਦੇ ਹਨ
ਇਹ ਲੇਖ ਖ਼ਾਸਕਰ ਯਹੋਵਾਹ ਦੇ ਨੌਜਵਾਨ ਗਵਾਹਾਂ ਲਈ ਤਿਆਰ ਕੀਤੇ ਗਏ ਹਨ। ਇਸ ਲਈ ਨੌਜਵਾਨੋ, ਇਹ ਲੇਖ ਧਿਆਨ ਨਾਲ ਪੜ੍ਹੋ ਅਤੇ ਜਦੋਂ ਇਹ ਲੇਖ ਕਲੀਸਿਯਾ ਵਿਚ ਪਹਿਰਾਬੁਰਜ ਅਧਿਐਨ ਦੌਰਾਨ ਪੜ੍ਹੇ ਜਾਣਗੇ, ਤਾਂ ਦਿਲ ਖੋਲ੍ਹ ਕੇ ਜਵਾਬ ਦਿਓ।
“ਹੇ ਮੇਰੇ ਪੁੱਤ੍ਰ, ਬੁੱਧਵਾਨ ਹੋਵੀਂ ਅਤੇ ਮੇਰੇ ਜੀ ਨੂੰ ਅਨੰਦ ਕਰੀਂ, ਭਈ ਮੈਂ ਉਹ ਨੂੰ ਉੱਤਰ ਦੇ ਸੱਕਾਂ ਜਿਹੜਾ ਮੈਨੂੰ ਮੇਹਣਾ ਮਾਰਦਾ ਹੈ।”—ਕਹਾਉਤਾਂ 27:11.
1, 2. (ੳ) ਕੀ ਦੁਨੀਆਂ ਦੀਆਂ ਚੀਜ਼ਾਂ ਵੱਲ ਖਿੱਚੇ ਜਾਣ ਦਾ ਇਹ ਮਤਲਬ ਹੈ ਕਿ ਤੁਸੀਂ ਮਸੀਹੀ ਕਹਾਉਣ ਦੇ ਲਾਇਕ ਨਹੀਂ ਹੋ? ਸਮਝਾਓ। (ਰੋਮੀਆਂ 7:21) (ਅ) ਆਸਾਫ਼ ਦੀ ਮਿਸਾਲ ਤੋਂ ਤੁਸੀਂ ਕੀ ਸਿੱਖਦੇ ਹੋ? (ਸਫ਼ਾ 13 ਤੇ ਡੱਬੀ ਦੇਖੋ।)
ਮੰਨ ਲਓ ਕਿ ਤੁਸੀਂ ਕਿਸੇ ਦੁਕਾਨ ਵਿਚ ਕੱਪੜੇ ਖ਼ਰੀਦ ਰਹੇ ਹੋ। ਕੱਪੜੇ ਦੇਖਦੇ-ਦੇਖਦੇ ਤੁਹਾਡੀ ਨਿਗਾਹ ਇਕ ਅਜਿਹੇ ਕੱਪੜੇ ਤੇ ਪੈਂਦੀ ਹੈ ਜੋ ਬਸ ਦੇਖਦਿਆਂ ਹੀ ਤੁਹਾਨੂੰ ਪਸੰਦ ਆ ਜਾਂਦਾ ਹੈ। ਕੱਪੜੇ ਦਾ ਰੰਗ ਅਤੇ ਡੀਜ਼ਾਈਨ ਐਨ ਤੁਹਾਨੂੰ ਫਬਦਾ ਹੈ। ਇਸ ਉੱਤੇ ਲੱਗੇ ਲੇਬਲ ਤੇ ਕੀਮਤ ਵੀ ਬਹੁਤ ਘੱਟ ਲਿਖੀ ਹੋਈ ਹੈ। ਪਰ ਫਿਰ ਤੁਸੀਂ ਬੜੇ ਹੀ ਧਿਆਨ ਨਾਲ ਕੱਪੜੇ ਦੀ ਜਾਂਚ ਕਰਦੇ ਹੋ। ਤੁਸੀਂ ਇਹ ਦੇਖ ਕੇ ਹੈਰਾਨ ਰਹਿ ਜਾਂਦੇ ਹੋ ਕਿ ਕੱਪੜਾ ਕਿਨਾਰੀਆਂ ਤੋਂ ਛਿੱਜਿਆ ਹੋਇਆ ਹੈ ਅਤੇ ਸਿਲਾਈ ਵੀ ਸਫ਼ਾਈ ਨਾਲ ਨਹੀਂ ਕੀਤੀ ਗਈ। ਹਾਲਾਂਕਿ ਕੱਪੜਾ ਦੇਖਣ ਨੂੰ ਸੋਹਣਾ ਲੱਗਦਾ ਹੈ, ਪਰ ਘਟੀਆ ਕੁਆਲਿਟੀ ਦਾ ਹੈ। ਕੀ ਤੁਸੀਂ ਇਸ ਘਟੀਆ ਕੱਪੜੇ ਉੱਤੇ ਆਪਣੇ ਪੈਸੇ ਬਰਬਾਦ ਕਰੋਗੇ?
2 ਉੱਪਰ ਦਿੱਤੀ ਉਦਾਹਰਣ ਦੀ ਤੁਲਨਾ ਤੁਸੀਂ ਉਸ ਸਥਿਤੀ ਨਾਲ ਕਰ ਸਕਦੇ ਹੋ ਜਿਸ ਦਾ ਤੁਹਾਨੂੰ ਇਕ ਮਸੀਹੀ ਨੌਜਵਾਨ ਹੋਣ ਦੇ ਨਾਤੇ ਸਾਮ੍ਹਣਾ ਕਰਨਾ ਪੈ ਸਕਦਾ ਹੈ। ਸ਼ਾਇਦ ਇਸ ਦੁਨੀਆਂ ਦੀਆਂ ਚੀਜ਼ਾਂ ਉਸ ਕੱਪੜੇ ਵਾਂਗ ਬਾਹਰੋਂ ਤਾਂ ਦੇਖਣ ਨੂੰ ਬਹੁਤ ਸੋਹਣੀਆਂ ਲੱਗਣ। ਮਿਸਾਲ ਲਈ, ਤੁਹਾਡੇ ਸਕੂਲ ਦੇ ਮੁੰਡੇ-ਕੁੜੀਆਂ ਸ਼ਾਇਦ ਮਜ਼ੇਦਾਰ ਪਾਰਟੀਆਂ ਵਿਚ ਜਾਂਦੇ ਹਨ, ਨਸ਼ੇ-ਪੱਤੇ ਕਰਦੇ ਅਤੇ ਸ਼ਰਾਬਾਂ ਪੀਂਦੇ ਹਨ, ਮੁੰਡੇ-ਕੁੜੀਆਂ ਅਕਸਰ ਇਕ-ਦੂਜੇ ਨਾਲ ਘੁੰਮਦੇ-ਫਿਰਦੇ ਹਨ ਅਤੇ ਵਿਆਹ ਤੋਂ ਪਹਿਲਾਂ ਹੀ ਜਿਨਸੀ ਸੰਬੰਧ ਰੱਖਦੇ ਹਨ। ਕੀ ਕਦੇ-ਕਦੇ ਤੁਹਾਡਾ ਵੀ ਇਸ ਤਰ੍ਹਾਂ ਕਰਨ ਨੂੰ ਮਨ ਕਰਦਾ ਹੈ? ਕੀ ਤੁਸੀਂ ਉਨ੍ਹਾਂ ਦੀ ਆਜ਼ਾਦੀ ਦਾ ਬਸ ਥੋੜ੍ਹਾ ਜਿਹਾ ਮਜ਼ਾ ਲੈਣ ਲਈ ਤਰਸਦੇ ਹੋ? ਇਸ ਤਰ੍ਹਾਂ ਹੋਣਾ ਸੁਭਾਵਕ ਹੈ। ਪਰ ਜਲਦਬਾਜ਼ੀ ਵਿਚ ਇਹ ਨਾ ਸੋਚੋ ਕਿ ਤੁਸੀਂ ਦਿਲ ਦੇ ਮਾੜੇ ਹੋ ਅਤੇ ਮਸੀਹੀ ਕਹਾਉਣ ਦੇ ਲਾਇਕ ਨਹੀਂ ਹੋ। ਦਰਅਸਲ, ਬਾਈਬਲ ਕਹਿੰਦੀ ਹੈ ਕਿ ਇਹ ਦੁਨੀਆਂ ਉਸ ਇਨਸਾਨ ਨੂੰ ਵੀ ਆਪਣੇ ਜਾਲ ਵਿਚ ਫਸਾ ਸਕਦੀ ਹੈ ਜੋ ਪਰਮੇਸ਼ੁਰ ਨੂੰ ਖ਼ੁਸ਼ ਕਰਨਾ ਚਾਹੁੰਦਾ ਹੈ।—2 ਤਿਮੋਥਿਉਸ 4:10.
3. (ੳ) ਦੁਨੀਆਂ ਦੀਆਂ ਚੀਜ਼ਾਂ ਦਾ ਪਿੱਛਾ ਕਰਨਾ ਕਿਉਂ ਵਿਅਰਥ ਹੈ? (ਅ) ਦੁਨਿਆਵੀ ਚੀਜ਼ਾਂ ਪਿੱਛੇ ਭੱਜਣ ਦੀ ਮੂਰਖਤਾ ਬਾਰੇ ਇਕ ਭੈਣ ਕੀ ਦੱਸਦੀ ਹੈ?
3 ਹੁਣ ਕਿਰਪਾ ਕਰ ਕੇ ਦੁਨੀਆਂ ਦੀਆਂ ਚੀਜ਼ਾਂ ਨੂੰ ਉਸੇ ਤਰ੍ਹਾਂ ਧਿਆਨ ਨਾਲ ਦੇਖੋ ਜਿਵੇਂ ਕੋਈ ਕੱਪੜਾ ਖ਼ਰੀਦਣ ਤੋਂ ਪਹਿਲਾਂ ਤੁਸੀਂ ਉਸ ਨੂੰ ਧਿਆਨ ਨਾਲ ਦੇਖਦੇ ਹੋ। ਫਿਰ ਆਪਣੇ ਆਪ ਤੋਂ ਪੁੱਛੋ, ‘ਇਸ ਦੁਨੀਆਂ ਦੀ ਕੁਆਲਿਟੀ ਕਿਹੋ ਜਿਹੀ ਹੈ?’ ਬਾਈਬਲ ਕਹਿੰਦੀ ਹੈ ਕਿ ‘ਸੰਸਾਰ ਬੀਤਦਾ ਜਾਂਦਾ ਹੈ।’ (1 ਯੂਹੰਨਾ 2:17) ਇਸ ਤੋਂ ਮਿਲਦੀ ਕੋਈ ਵੀ ਖ਼ੁਸ਼ੀ ਸਿਰਫ਼ ਥੋੜ੍ਹੇ ਹੀ ਚਿਰ ਲਈ ਹੈ। ਇਸ ਤੋਂ ਇਲਾਵਾ, ਬੁਰੇ ਚਾਲ-ਚਲਣ ਦੀ ਉੱਚੀ ਕੀਮਤ ਚੁਕਾਉਣੀ ਪੈਂਦੀ ਹੈ। “ਜਵਾਨੀ ਵਿਚ ਕੀਤੀਆਂ ਗ਼ਲਤੀਆਂ ਦੇ ਨਤੀਜੇ” ਭੁਗਤਣ ਵਾਲੀ ਇਕ ਭੈਣ ਕਹਿੰਦੀ ਹੈ: “ਦੁਨੀਆਂ ਦੇਖਣ ਨੂੰ ਤਾਂ ਬਹੁਤ ਸੋਹਣੀ ਲੱਗਦੀ ਹੈ ਤੇ ਇਸ ਵਿਚ ਰਚ-ਮਿਚ ਜਾਣ ਨੂੰ ਦਿਲ ਕਰਦਾ ਹੈ। ਨਾਲੇ ਇਹ ਤੁਹਾਨੂੰ ਯਕੀਨ ਦਿਵਾਉਣਾ ਚਾਹੁੰਦੀ ਹੈ ਕਿ ਇਸ ਵਿਚ ਰਚ-ਮਿਚ ਜਾਣ ਨਾਲ ਤੁਹਾਨੂੰ ਕੋਈ ਨੁਕਸਾਨ ਨਹੀਂ ਹੋਵੇਗਾ। ਪਰ ਇਹ ਸਰਾਸਰ ਝੂਠ ਹੈ। ਇਹ ਦੁਨੀਆਂ ਤੁਹਾਡਾ ਫ਼ਾਇਦਾ ਉਠਾਏਗੀ ਅਤੇ ਤੁਹਾਨੂੰ ਚੰਗੀ ਤਰ੍ਹਾਂ ਵਰਤਣ ਤੋਂ ਬਾਅਦ ਕੂੜੇ ਵਾਂਗ ਸੁੱਟ ਦੇਵੇਗੀ।” * ਤਾਂ ਫਿਰ ਤੁਸੀਂ ਆਪਣੀ ਜੁਆਨੀ ਨੂੰ ਇਸ ਤਰ੍ਹਾਂ ਦੇ ਘਟੀਆ ਜੀਵਨ ਦੇ ਲੇਖੇ ਕਿਉਂ ਲਾਓ?
“ਦੁਸ਼ਟ” ਤੋਂ ਰੱਖਿਆ
4, 5. (ੳ) ਯਿਸੂ ਨੇ ਮਰਨ ਤੋਂ ਥੋੜ੍ਹਾ ਸਮਾਂ ਪਹਿਲਾਂ ਪ੍ਰਾਰਥਨਾ ਵਿਚ ਯਹੋਵਾਹ ਨੂੰ ਕੀ ਬੇਨਤੀ ਕੀਤੀ ਸੀ? (ਅ) ਇਹ ਬੇਨਤੀ ਢੁਕਵੀਂ ਕਿਉਂ ਸੀ?
4 ਯਹੋਵਾਹ ਦੇ ਨੌਜਵਾਨ ਗਵਾਹਾਂ ਨੂੰ ਪਤਾ ਹੈ ਕਿ ਇਹ ਦੁਨੀਆਂ ਉਨ੍ਹਾਂ ਨੂੰ ਕੋਈ ਵਧੀਆ ਚੀਜ਼ ਨਹੀਂ ਦੇ ਸਕਦੀ, ਇਸ ਲਈ ਉਹ ਦੁਨੀਆਂ ਨਾਲ ਦੋਸਤੀ ਕਰਨ ਤੋਂ ਦੂਰ ਰਹਿੰਦੇ ਹਨ। (ਯਾਕੂਬ 4:4) ਕੀ ਤੁਸੀਂ ਅਜਿਹੇ ਵਫ਼ਾਦਾਰ ਨੌਜਵਾਨ ਹੋ? ਜੇ ਹਾਂ, ਤਾਂ ਤੁਸੀਂ ਤਾਰੀਫ਼ ਦੇ ਕਾਬਲ ਹੋ। ਇਹ ਤਾਂ ਸੱਚ ਹੈ ਕਿ ਯਾਰਾਂ-ਦੋਸਤਾਂ ਦੇ ਦਬਾਅ ਤੋਂ ਬਚਣਾ ਅਤੇ ਉਨ੍ਹਾਂ ਤੋਂ ਵੱਖਰੇ ਨਜ਼ਰ ਆਉਣਾ ਆਸਾਨ ਨਹੀਂ ਹੈ, ਪਰ ਇਸ ਤਰ੍ਹਾਂ ਕਰਨ ਵਿਚ ਤੁਹਾਨੂੰ ਮਦਦ ਮਿਲ ਸਕਦੀ ਹੈ।
5 ਯਿਸੂ ਨੇ ਮਰਨ ਤੋਂ ਥੋੜ੍ਹਾ ਸਮਾਂ ਪਹਿਲਾਂ ਪ੍ਰਾਰਥਨਾ ਕੀਤੀ ਸੀ ਕਿ ਯਹੋਵਾਹ ਉਸ ਦੇ ਚੇਲਿਆਂ ਦੀ ‘ਦੁਸ਼ਟ ਤੋਂ ਰੱਛਿਆ ਕਰੇ।’ (ਯੂਹੰਨਾ 17:15) ਇਹ ਪ੍ਰਾਰਥਨਾ ਯਿਸੂ ਨੇ ਚੰਗੇ ਕਾਰਨ ਲਈ ਕੀਤੀ ਸੀ। ਉਸ ਨੂੰ ਪਤਾ ਸੀ ਕਿ ਉਸ ਦੇ ਚੇਲੇ ਭਾਵੇਂ ਜਿੰਨੀ ਮਰਜ਼ੀ ਉਮਰ ਦੇ ਹੋਣ, ਉਨ੍ਹਾਂ ਲਈ ਵਫ਼ਾਦਾਰੀ ਬਣਾਈ ਰੱਖਣੀ ਕੋਈ ਸੌਖੀ ਗੱਲ ਨਹੀਂ ਹੋਵੇਗੀ। ਕਿਉਂ ਨਹੀਂ? ਕਿਉਂਕਿ ਉਹ ਜਾਣਦਾ ਸੀ ਕਿ ਉਸ ਦੇ ਚੇਲੇ ਇਕ ਸ਼ਕਤੀਸ਼ਾਲੀ ਤੇ ਨਾ ਦਿਸਣ ਵਾਲੇ “ਦੁਸ਼ਟ” ਦੁਸ਼ਮਣ ਯਾਨੀ ਸ਼ਤਾਨ ਦਾ ਸਾਮ੍ਹਣਾ ਕਰਨਗੇ। ਬਾਈਬਲ ਦੱਸਦੀ ਹੈ ਕਿ ਇਹ ਬੁਰਾ ਦੂਤ ‘ਬੁਕਦੇ ਸ਼ੀਂਹ ਵਾਂਙੁ ਭਾਲਦਾ ਫਿਰਦਾ ਹੈ ਭਈ ਕਿਹ ਨੂੰ ਪਾੜ ਖਾਵੇ!’—1 ਪਤਰਸ 5:8.
6. ਅਸੀਂ ਕਿਵੇਂ ਜਾਣਦੇ ਹਾਂ ਕਿ ਸ਼ਤਾਨ ਨੂੰ ਨੌਜਵਾਨਾਂ ਨਾਲ ਕੋਈ ਪਿਆਰ ਨਹੀਂ ਹੈ?
6 ਇਤਿਹਾਸ ਗਵਾਹ ਹੈ ਕਿ ਸ਼ਤਾਨ ਨੇ ਇਨਸਾਨਾਂ ਉੱਤੇ ਜ਼ੁਲਮ ਢਾਹ ਕੇ ਬਹੁਤ ਆਨੰਦ ਮਾਣਿਆ ਹੈ। ਜ਼ਰਾ ਸੋਚੋ ਕਿ ਸ਼ਤਾਨ ਨੇ ਅੱਯੂਬ ਅਤੇ ਉਸ ਦੇ ਪਰਿਵਾਰ ਉੱਤੇ ਕਿੰਨੀਆਂ ਭਿਆਨਕ ਬਿਪਤਾਵਾਂ ਲਿਆਂਦੀਆਂ ਸਨ! (ਅੱਯੂਬ 1:13-19; 2:7) ਤੁਸੀਂ ਸ਼ਾਇਦ ਆਪਣੀ ਜ਼ਿੰਦਗੀ ਦੌਰਾਨ ਦੁਨੀਆਂ ਵਿਚ ਵਾਪਰੀਆਂ ਘਟਨਾਵਾਂ ਯਾਦ ਕਰ ਸਕਦੇ ਹੋ ਜੋ ਸ਼ਤਾਨ ਦੇ ਵਹਿਸ਼ੀ ਸੁਭਾਅ ਨੂੰ ਜ਼ਾਹਰ ਕਰਦੀਆਂ ਹਨ। ਉਹ ਆਪਣੇ ਸ਼ਿਕਾਰ ਨੂੰ ਭਾਲ ਕੇ ਪਾੜ ਖਾਣ ਲਈ ਇੱਧਰ-ਉੱਧਰ ਘੁੰਮਦਾ-ਫਿਰਦਾ ਹੈ। ਉਹ ਨੌਜਵਾਨਾਂ ਤੇ ਵੀ ਤਰਸ ਨਹੀਂ ਖਾਂਦਾ। ਮਿਸਾਲ ਲਈ, ਪਹਿਲੀ ਸਦੀ ਦੇ ਸ਼ੁਰੂ ਵਿਚ ਰਾਜਾ ਹੇਰੋਦੇਸ ਨੇ ਬੈਤਲਹਮ ਵਿਚ ਦੋ ਸਾਲਾਂ ਜਾਂ ਉਸ ਤੋਂ ਘੱਟ ਉਮਰ ਦੇ ਸਾਰੇ ਮੁੰਡਿਆਂ ਨੂੰ ਮਰਵਾ ਦਿੱਤਾ ਸੀ। (ਮੱਤੀ 2:16) ਸ਼ਤਾਨ ਨੇ ਹੀ ਸ਼ਾਇਦ ਹੇਰੋਦੇਸ ਨੂੰ ਇਸ ਤਰ੍ਹਾਂ ਕਰਨ ਲਈ ਉਕਸਾਇਆ ਸੀ। ਇਹ ਉਸ ਬੱਚੇ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਸੀ ਜਿਸ ਨੇ ਇਕ ਦਿਨ ਪਰਮੇਸ਼ੁਰ ਦਾ ਵਾਅਦਾ ਕੀਤਾ ਹੋਇਆ ਮਸੀਹਾ ਬਣਨਾ ਸੀ ਅਤੇ ਸ਼ਤਾਨ ਨੂੰ ਖ਼ਤਮ ਕਰਨਾ ਸੀ! (ਉਤਪਤ 3:15) ਇਸ ਤੋਂ ਸਾਫ਼ ਜ਼ਾਹਰ ਹੈ ਕਿ ਸ਼ਤਾਨ ਨੂੰ ਨੌਜਵਾਨਾਂ ਨਾਲ ਕੋਈ ਪਿਆਰ ਨਹੀਂ ਹੈ। ਉਹ ਤਾਂ ਬਸ ਜ਼ਿਆਦਾ ਤੋਂ ਜ਼ਿਆਦਾ ਇਨਸਾਨਾਂ ਨੂੰ ਪਾੜ ਖਾਣਾ ਚਾਹੁੰਦਾ ਹੈ। ਸ਼ਤਾਨ ਖ਼ਾਸਕਰ ਅੱਜ ਦੇ ਜ਼ਮਾਨੇ ਵਿਚ ਇਸ ਤਰ੍ਹਾਂ ਕਰ ਰਿਹਾ ਹੈ ਕਿਉਂਕਿ ਉਸ ਨੂੰ ਸਵਰਗ ਤੋਂ ਧਰਤੀ ਉੱਤੇ ਸੁੱਟਿਆ ਗਿਆ ਹੈ ਅਤੇ ‘ਉਹ ਨੂੰ ਵੱਡਾ ਕ੍ਰੋਧ ਹੈ ਕਿਉਂ ਜੋ ਉਹ ਜਾਣਦਾ ਹੈ ਭਈ ਉਸ ਦਾ ਸਮਾ ਥੋੜਾ ਹੀ ਰਹਿੰਦਾ ਹੈ।’—ਪਰਕਾਸ਼ ਦੀ ਪੋਥੀ 12:9, 12.
7. (ੳ) ਯਹੋਵਾਹ ਅਤੇ ਸ਼ਤਾਨ ਵਿਚ ਕੀ ਫ਼ਰਕ ਹੈ? (ਅ) ਜ਼ਿੰਦਗੀ ਦਾ ਲੁਤਫ਼ ਉਠਾਉਣ ਬਾਰੇ ਯਹੋਵਾਹ ਕਿਵੇਂ ਮਹਿਸੂਸ ਕਰਦਾ ਹੈ?
ਲੂਕਾ 1:78) ਸਾਡਾ ਸਿਰਜਣਹਾਰ ਪਿਆਰ ਦੀ ਮੂਰਤ ਹੈ, ਇਸੇ ਕਰਕੇ ਬਾਈਬਲ ਉਸ ਬਾਰੇ ਕਹਿੰਦੀ ਹੈ ਕਿ “ਪਰਮੇਸ਼ੁਰ ਪ੍ਰੇਮ ਹੈ।” (1 ਯੂਹੰਨਾ 4:8) ਇਸ ਦੁਨੀਆਂ ਦੇ ਈਸ਼ਵਰ ਅਤੇ ਸਾਡੇ ਪਰਮੇਸ਼ੁਰ ਵਿਚ ਜ਼ਮੀਨ-ਆਸਮਾਨ ਦਾ ਫ਼ਰਕ ਹੈ! ਸ਼ਤਾਨ ਇਨਸਾਨਾਂ ਨੂੰ ਪਾੜ ਖਾਣਾ ਚਾਹੁੰਦਾ ਹੈ, ਪਰ ਯਹੋਵਾਹ “ਨਹੀਂ ਚਾਹੁੰਦਾ ਹੈ ਭਈ ਕਿਸੇ ਦਾ ਨਾਸ ਹੋਵੇ।” (2 ਪਤਰਸ 3:9) ਯਹੋਵਾਹ ਹਰ ਇਨਸਾਨ ਦੀ ਜ਼ਿੰਦਗੀ ਨੂੰ ਬਹੁਤ ਹੀ ਕੀਮਤੀ ਸਮਝਦਾ ਹੈ, ਤੁਹਾਡੀ ਜ਼ਿੰਦਗੀ ਨੂੰ ਵੀ। ਬਾਈਬਲ ਰਾਹੀਂ ਜਦੋਂ ਯਹੋਵਾਹ ਤੁਹਾਨੂੰ ਕਹਿੰਦਾ ਹੈ ਕਿ ਦੁਨੀਆਂ ਦਾ ਹਿੱਸਾ ਨਾ ਬਣੋ, ਤਾਂ ਉਹ ਤੁਹਾਨੂੰ ਜ਼ਿੰਦਗੀ ਦਾ ਲੁਤਫ਼ ਉਠਾਉਣ ਤੋਂ ਨਹੀਂ ਰੋਕ ਰਿਹਾ ਜਾਂ ਤੁਹਾਡੇ ਤੇ ਬੰਦਸ਼ ਲਾਉਣ ਦੀ ਕੋਸ਼ਿਸ਼ ਨਹੀਂ ਕਰ ਰਿਹਾ। (ਯੂਹੰਨਾ 15:19) ਇਸ ਦੀ ਬਜਾਇ, ਉਹ ਸ਼ਤਾਨ ਤੋਂ ਤੁਹਾਡੀ ਰਾਖੀ ਕਰ ਰਿਹਾ ਹੈ। ਤੁਹਾਡਾ ਸਵਰਗੀ ਪਿਤਾ ਚਾਹੁੰਦਾ ਹੈ ਕਿ ਤੁਸੀਂ ਇਸ ਦੁਨੀਆਂ ਪਲ ਭਰ ਦੀ ਮੌਜ-ਮਸਤੀ ਨਾਲੋਂ ਬਿਹਤਰ ਚੀਜ਼ ਦਾ ਆਨੰਦ ਮਾਣੋ। ਉਹ ਚਾਹੁੰਦਾ ਹੈ ਕਿ ਤੁਸੀਂ “ਅਸਲ ਜੀਵਨ” ਯਾਨੀ ਫਿਰਦੌਸ ਵਰਗੀ ਧਰਤੀ ਉੱਤੇ ਸਦਾ ਦੀ ਜ਼ਿੰਦਗੀ ਹਾਸਲ ਕਰੋ। (1 ਤਿਮੋਥਿਉਸ 6:17-19) ਇਸ ਲਈ ਯਹੋਵਾਹ ਤੁਹਾਨੂੰ ਇਸ ਮੰਜ਼ਲ ਵੱਲ ਵਧਦੇ ਜਾਣ ਲਈ ਉਤਸ਼ਾਹਿਤ ਕਰ ਰਿਹਾ ਹੈ। (1 ਤਿਮੋਥਿਉਸ 2:4) ਇਸ ਤੋਂ ਇਲਾਵਾ, ਯਹੋਵਾਹ ਤੁਹਾਨੂੰ ਇਕ ਖ਼ਾਸ ਸੱਦਾ ਦਿੰਦਾ ਹੈ। ਉਹ ਕਿਹੜਾ ਸੱਦਾ ਹੈ?
7 ਸ਼ਤਾਨ “ਵੱਡਾ ਕ੍ਰੋਧ” ਕਰਦਾ ਹੈ, ਪਰ ਉਸ ਦੇ ਉਲਟ ਯਹੋਵਾਹ ‘ਵੱਡਾ ਰਹਮ’ ਕਰਨ ਵਾਲਾ ਪਰਮੇਸ਼ੁਰ ਹੈ। (“ਮੇਰੇ ਜੀ ਨੂੰ ਅਨੰਦ ਕਰੀਂ”
8, 9. (ੳ) ਯਹੋਵਾਹ ਨੂੰ ਤੁਸੀਂ ਕਿਹੜਾ ਤੋਹਫ਼ਾ ਦੇ ਸਕਦੇ ਹੋ? (ਅ) ਜਿਵੇਂ ਅੱਯੂਬ ਦੇ ਮਾਮਲੇ ਵਿਚ ਦੇਖਿਆ ਹੈ, ਸ਼ਤਾਨ ਯਹੋਵਾਹ ਨੂੰ ਕਿਹੜਾ ਮੇਹਣਾ ਮਾਰਦਾ ਹੈ?
8 ਕੀ ਤੁਸੀਂ ਕਦੇ ਆਪਣੇ ਜਿਗਰੀ ਦੋਸਤ ਲਈ ਤੋਹਫ਼ਾ ਖ਼ਰੀਦਿਆ ਹੈ ਅਤੇ ਫਿਰ ਇਹ ਤੋਹਫ਼ਾ ਮਿਲਣ ਤੇ ਆਪਣੇ ਦੋਸਤ ਦੇ ਖ਼ੁਸ਼ੀ ਨਾਲ ਖਿੜੇ ਹੋਏ ਚਿਹਰੇ ਉੱਤੇ ਹੈਰਾਨੀ ਤੇ ਧੰਨਵਾਦ ਦੇ ਹਾਵ-ਭਾਵ ਦੇਖੇ ਹਨ? ਤੁਸੀਂ ਸ਼ਾਇਦ ਕਾਫ਼ੀ ਦੇਰ ਤਕ ਸੋਚਿਆ ਹੋਣਾ ਕਿ ਤੁਹਾਡੇ ਦੋਸਤ ਲਈ ਕਿੱਦਾਂ ਦਾ ਤੋਹਫ਼ਾ ਲੈਣਾ ਵਧੀਆ ਰਹੇਗਾ। ਹੁਣ ਜ਼ਰਾ ਇਸ ਸਵਾਲ ਤੇ ਗੌਰ ਕਰੋ: ਤੁਸੀਂ ਆਪਣੇ ਸਿਰਜਣਹਾਰ ਯਹੋਵਾਹ ਪਰਮੇਸ਼ੁਰ ਨੂੰ ਕਿੱਦਾਂ ਦਾ ਤੋਹਫ਼ਾ ਦੇ ਸਕਦੇ ਹੋ? ਇਹ ਗੱਲ ਸ਼ਾਇਦ ਪਹਿਲਾਂ ਤੁਹਾਨੂੰ ਬੇਤੁਕੀ ਲੱਗੇ। ਮਾਮੂਲੀ ਜਿਹੇ ਇਨਸਾਨ ਤੋਂ ਭਲਾ ਸਰਬਸ਼ਕਤੀਮਾਨ ਪਰਮੇਸ਼ੁਰ ਨੂੰ ਕਿਸ ਚੀਜ਼ ਦੀ ਲੋੜ ਹੋ ਸਕਦੀ ਹੈ? ਤੁਸੀਂ ਉਸ ਨੂੰ ਕਿਹੜੀ ਚੀਜ਼ ਦੇ ਸਕਦੇ ਹੋ ਜੋ ਉਸ ਕੋਲ ਨਹੀਂ ਹੈ? ਕਹਾਉਤਾਂ 27:11 ਵਿਚ ਬਾਈਬਲ ਜਵਾਬ ਦਿੰਦੀ ਹੈ: “ਹੇ ਮੇਰੇ ਪੁੱਤ੍ਰ, ਬੁੱਧਵਾਨ ਹੋਵੀਂ ਅਤੇ ਮੇਰੇ ਜੀ ਨੂੰ ਅਨੰਦ ਕਰੀਂ, ਭਈ ਮੈਂ ਉਹ ਨੂੰ ਉੱਤਰ ਦੇ ਸੱਕਾਂ ਜਿਹੜਾ ਮੈਨੂੰ ਮੇਹਣਾ ਮਾਰਦਾ ਹੈ।”
9 ਬਾਈਬਲ ਦਾ ਅਧਿਐਨ ਕਰ ਕੇ ਤੁਹਾਨੂੰ ਪਤਾ ਲੱਗ ਗਿਆ ਹੋਣਾ ਕਿ ਸ਼ਤਾਨ ਹੀ ਯਹੋਵਾਹ ਨੂੰ ਮੇਹਣਾ ਮਾਰਦਾ ਹੈ। ਉਹ ਦਾਅਵਾ ਕਰਦਾ ਹੈ ਕਿ ਕੋਈ ਵੀ ਇਨਸਾਨ ਪਰਮੇਸ਼ੁਰ ਦੀ ਸੇਵਾ ਪਿਆਰ ਦੀ ਖ਼ਾਤਰ ਨਹੀਂ ਕਰਦਾ, ਸਗੋਂ ਆਪਣੇ ਸੁਆਰਥ ਲਈ ਕਰਦਾ ਹੈ। ਉਹ ਦਾਅਵੇ ਨਾਲ ਕਹਿੰਦਾ ਹੈ ਕਿ ਦੁੱਖਾਂ ਵਿਚ ਪਰਮੇਸ਼ੁਰ ਦੇ ਸੇਵਕ ਉਸ ਦੀ ਸੱਚੀ ਭਗਤੀ ਕਰਨੀ ਝੱਟ ਛੱਡ ਦੇਣਗੇ। ਮਿਸਾਲ ਲਈ, ਜ਼ਰਾ ਧਰਮੀ ਆਦਮੀ ਅੱਯੂਬ ਬਾਰੇ ਯਹੋਵਾਹ ਨੂੰ ਕਹੇ ਸ਼ਤਾਨ ਦੇ ਇਨ੍ਹਾਂ ਸ਼ਬਦਾਂ ਤੇ ਗੌਰ ਕਰੋ: “ਕੀ ਤੈਂ ਉਸ ਦੇ ਅਤੇ ਉਸ ਦੇ ਘਰ ਦੇ ਅਤੇ ਉਸ ਦੇ ਸਭ ਕਾਸੇ ਦੇ ਦੁਆਲੇ ਵਾੜ ਨਹੀਂ ਲਾ ਛੱਡੀ? ਤੈਂ ਉਸ ਦੇ ਹੱਥ ਦੇ ਕੰਮ ਵਿੱਚ ਬਰਕਤ ਦੇ ਛੱਡੀ ਹੈ ਸੋ ਉਸ ਦਾ ਮਾਲ ਧਰਤੀ ਵਿੱਚ ਵਧ ਗਿਆ ਹੈ। ਜ਼ਰਾ ਤੂੰ ਆਪਣਾ ਹੱਥ ਤਾਂ ਵਧਾ ਅਤੇ ਜੋ ਕੁਝ ਉਸ ਦਾ ਹੈ ਉਸ ਨੂੰ ਛੋਹ। ਉਹ ਤੇਰੇ ਮੂੰਹ ਉੱਤੇ ਫਿਟਕਾਰਾਂ ਪਾਊਗਾ!”—ਅੱਯੂਬ 1:10, 11.
10. (ੳ) ਸਾਨੂੰ ਕਿਵੇਂ ਪਤਾ ਹੈ ਕਿ ਸ਼ਤਾਨ ਨੇ ਸਿਰਫ਼ ਅੱਯੂਬ ਦੀ ਵਫ਼ਾਦਾਰੀ ਤੇ ਹੀ ਸਵਾਲ ਖੜ੍ਹਾ ਨਹੀਂ ਕੀਤਾ ਸੀ? (ਅ) ਪਰਮੇਸ਼ੁਰ ਦੀ ਹਕੂਮਤ ਬਾਰੇ ਉਠਾਏ ਗਏ ਸਵਾਲ ਨਾਲ ਤੁਹਾਡਾ ਕੀ ਸੰਬੰਧ ਹੈ?
10 ਬਾਈਬਲ ਤੋਂ ਅਸੀਂ ਦੇਖਿਆ ਹੈ ਕਿ ਸ਼ਤਾਨ ਨੇ ਨਾ ਸਿਰਫ਼ ਅੱਯੂਬ ਦੀ ਵਫ਼ਾਦਾਰੀ ਤੇ ਸਵਾਲ ਖੜ੍ਹਾ ਕੀਤਾ, ਸਗੋਂ ਉਸ ਨੇ ਪਰਮੇਸ਼ੁਰ ਦੀ ਸੇਵਾ ਕਰਨ ਵਾਲੇ ਸਾਰੇ ਲੋਕਾਂ ਦੀ ਵਫ਼ਾਦਾਰੀ ਤੇ ਸਵਾਲ ਖੜ੍ਹਾ ਕੀਤਾ। ਉਸ ਨੇ ਤੁਹਾਡੀ ਵਫ਼ਾਦਾਰੀ ਤੇ ਵੀ ਸਵਾਲ ਖੜ੍ਹਾ ਕੀਤਾ ਹੈ। ਅਸਲ ਵਿਚ, ਸਾਰੀ ਮਨੁੱਖਜਾਤੀ ਬਾਰੇ ਸ਼ਤਾਨ ਨੇ ਯਹੋਵਾਹ ਨੂੰ ਕਿਹਾ ਕਿ “ਮਨੁੱਖ [ਸਿਰਫ਼ ਅੱਯੂਬ ਹੀ ਨਹੀਂ, ਸਗੋਂ ਹਰ ਕੋਈ] ਆਪਣਾ ਸਭ ਕੁਝ ਆਪਣੇ ਪ੍ਰਾਣਾਂ ਲਈ ਦੇ ਦੇਵੇਗਾ।” (ਅੱਯੂਬ 2:4) ਇਸ ਮਹੱਤਵਪੂਰਣ ਵਾਦ-ਵਿਸ਼ੇ ਵਿਚ ਤੁਹਾਡੀ ਕੀ ਭੂਮਿਕਾ ਹੈ? ਕਹਾਉਤਾਂ 27:11 ਵਿਚ ਦੱਸਿਆ ਗਿਆ ਹੈ ਕਿ ਯਹੋਵਾਹ ਤੁਹਾਡੇ ਕੋਲੋਂ ਇਕ ਚੀਜ਼ ਦੀ ਮੰਗ ਕਰ ਰਿਹਾ ਹੈ ਜੋ ਤੁਸੀਂ ਉਸ ਨੂੰ ਦੇ ਸਕਦੇ ਹੋ—ਤੁਹਾਡੀ ਵਫ਼ਾਦਾਰੀ ਜਿਸ ਦੇ ਆਧਾਰ ਤੇ ਉਹ ਸ਼ਤਾਨ ਦੇ ਮੇਹਣੇ ਦਾ ਜਵਾਬ ਦੇ ਸਕੇ। ਜ਼ਰਾ ਸੋਚੋ, ਪੂਰੇ ਜਹਾਨ ਦਾ ਮਹਾਰਾਜਾ ਸਭ ਤੋਂ ਵੱਡੇ ਵਾਦ-ਵਿਸ਼ੇ ਵਿਚ ਉਸ ਦਾ ਸਾਥ ਦੇਣ ਲਈ ਤੁਹਾਨੂੰ ਬੇਨਤੀ ਕਰ ਰਿਹਾ ਹੈ। ਤੁਹਾਡੇ ਲਈ ਇਹ ਕਿੰਨੀ ਵੱਡੀ ਜ਼ਿੰਮੇਵਾਰੀ ਅਤੇ ਕਿੰਨਾ ਵੱਡਾ ਸਨਮਾਨ ਹੈ! ਕੀ ਤੁਸੀਂ ਯਹੋਵਾਹ ਦਾ ਸਾਥ ਦੇਵੋਗੇ? ਅੱਯੂਬ ਨੇ ਯਹੋਵਾਹ ਦਾ ਸਾਥ ਦਿੱਤਾ ਸੀ। (ਅੱਯੂਬ 2:9, 10) ਇਸੇ ਤਰ੍ਹਾਂ ਯਿਸੂ ਅਤੇ ਹੋਰਨਾਂ ਅਣਗਿਣਤ ਲੋਕਾਂ ਨੇ ਵੀ ਕੀਤਾ ਸੀ ਜਿਨ੍ਹਾਂ ਵਿਚ ਕਈ ਨੌਜਵਾਨ ਵੀ ਸਨ। (ਫ਼ਿਲਿੱਪੀਆਂ 2:8; ਪਰਕਾਸ਼ ਦੀ ਪੋਥੀ 6:9) ਤੁਸੀਂ ਵੀ ਇਸੇ ਤਰ੍ਹਾਂ ਕਰ ਸਕਦੇ ਹੋ। ਇਸ ਵਾਦ-ਵਿਸ਼ੇ ਵਿਚ ਤੁਹਾਨੂੰ ਇਕ-ਨਾ-ਇਕ ਦਾ ਸਾਥ ਦੇਣਾ ਹੀ ਪਵੇਗਾ, ਭਾਵੇਂ ਸ਼ਤਾਨ ਦਾ ਭਾਵੇਂ ਯਹੋਵਾਹ ਦਾ। ਤੁਸੀਂ ਇਸ ਮਾਮਲੇ ਤੋਂ ਨਿਆਰੇ ਨਹੀਂ ਰਹਿ ਸਕਦੇ। ਤੁਹਾਡੀ ਜ਼ਿੰਦਗੀ ਦੇ ਤੌਰ-ਤਰੀਕਿਆਂ ਤੋਂ ਪਤਾ ਲੱਗੇਗਾ ਕਿ ਤੁਸੀਂ ਕਿਸ ਦਾ ਸਾਥ ਦਿੰਦੇ ਹੋ। ਫ਼ੈਸਲਾ ਤੁਹਾਡਾ ਹੈ, ਤੁਸੀਂ ਕਿਸ ਦਾ ਸਾਥ ਦੇਣਾ ਚਾਹੁੰਦੇ ਹੋ?
ਯਹੋਵਾਹ ਨੂੰ ਤੁਹਾਡਾ ਫ਼ਿਕਰ ਹੈ!
11, 12. ਕੀ ਯਹੋਵਾਹ ਦੀ ਸੇਵਾ ਕਰਨ ਜਾਂ ਨਾ ਕਰਨ ਦੇ ਤੁਹਾਡੇ ਫ਼ੈਸਲੇ ਦਾ ਉਸ ਉੱਤੇ ਕੋਈ ਅਸਰ ਪੈਂਦਾ ਹੈ? ਸਮਝਾਓ।
11 ਕੀ ਤੁਹਾਡੇ ਫ਼ੈਸਲੇ ਦਾ ਯਹੋਵਾਹ ਉੱਤੇ ਸੱਚ-ਮੁੱਚ ਕੋਈ ਅਸਰ ਪੈਂਦਾ ਹੈ? ਪਹਿਲਾਂ ਹੀ ਬਹੁਤ ਸਾਰੇ ਲੋਕ ਵਫ਼ਾਦਾਰ ਰਹਿ ਚੁੱਕੇ ਹਨ। ਕੀ ਇਸ ਤੋਂ ਯਹੋਵਾਹ ਨੂੰ ਸ਼ਤਾਨ ਨੂੰ ਜਵਾਬ ਦੇਣ ਦਾ ਆਧਾਰ ਨਹੀਂ ਮਿਲਿਆ? ਇਹ ਠੀਕ ਹੈ ਕਿ ਸ਼ਤਾਨ ਦਾ ਇਹ ਦਾਅਵਾ ਕਿ ਇਨਸਾਨ ਪਰਮੇਸ਼ੁਰ ਦੀ ਸੇਵਾ ਆਪਣੇ ਸੁਆਰਥ ਲਈ ਕਰਦਾ ਹੈ, ਪਹਿਲਾਂ ਹੀ ਝੂਠਾ ਸਾਬਤ ਹੋ ਚੁੱਕਾ ਹੈ। ਫਿਰ ਵੀ ਯਹੋਵਾਹ ਤੁਹਾਨੂੰ ਹਰੇਕ ਨੂੰ ਕੀਮਤੀ ਸਮਝਦਾ ਹੈ, ਇਸ ਲਈ ਉਹ ਚਾਹੁੰਦਾ ਹੈ ਕਿ ਤੁਸੀਂ ਉਸ ਦੀ ਹਕੂਮਤ ਬਾਰੇ ਖੜ੍ਹੇ ਕੀਤੇ ਸਵਾਲ ਦਾ ਜਵਾਬ ਦੇਣ ਵਿਚ ਉਸ ਦਾ ਸਾਥ ਦਿਓ। ਯਿਸੂ ਨੇ ਕਿਹਾ ਸੀ: “ਤੁਹਾਡੇ ਪਿਤਾ ਦੀ ਜਿਹੜਾ ਸੁਰਗ ਵਿੱਚ ਹੈ ਮਰਜੀ ਨਹੀਂ ਜੋ ਇਨ੍ਹਾਂ ਛੋਟਿਆਂ ਵਿੱਚੋਂ ਇੱਕ ਦਾ ਭੀ ਨਾਸ ਹੋ ਜਾਵੇ।”—ਮੱਤੀ 18:14.
12 ਇਸ ਤੋਂ ਜ਼ਾਹਰ ਹੈ ਕਿ ਯਹੋਵਾਹ ਤੁਹਾਡੇ ਫ਼ੈਸਲੇ ਵਿਚ ਦਿਲਚਸਪੀ ਲੈਂਦਾ ਹੈ। ਤੁਹਾਡੇ ਫ਼ੈਸਲੇ ਦਾ ਉਸ ਉੱਤੇ ਅਸਰ ਪੈਂਦਾ ਹੈ। ਬਾਈਬਲ ਸਾਫ਼-ਸਾਫ਼ ਦੱਸਦੀ ਹੈ ਕਿ ਯਹੋਵਾਹ ਗਹਿਰੀਆਂ ਭਾਵਨਾਵਾਂ ਵਾਲਾ ਪਰਮੇਸ਼ੁਰ ਹੈ ਜੋ ਇਨਸਾਨਾਂ ਦੇ ਚੰਗੇ ਜਾਂ ਬੁਰੇ ਕੰਮਾਂ ਤੋਂ ਖ਼ੁਸ਼ ਜਾਂ ਦੁਖੀ ਹੁੰਦਾ ਹੈ। ਮਿਸਾਲ ਲਈ, ਇਸਰਾਏਲੀਆਂ ਨੇ ਵਾਰ-ਵਾਰ ਯਹੋਵਾਹ ਦੇ ਖ਼ਿਲਾਫ਼ ਬਗਾਵਤ ਕਰ ਕੇ ਯਹੋਵਾਹ ਨੂੰ “ਉਦਾਸ” ਕੀਤਾ। (ਜ਼ਬੂਰਾਂ ਦੀ ਪੋਥੀ 78:40, 41) ਨੂਹ ਦੇ ਦਿਨਾਂ ਵਿਚ ਆਈ ਜਲ-ਪਰਲੋ ਤੋਂ ਪਹਿਲਾਂ, ਜਦੋਂ “ਆਦਮੀ ਦੀ ਬੁਰਿਆਈ ਧਰਤੀ ਉੱਤੇ ਵਧ ਗਈ” ਸੀ, ਤਾਂ ਯਹੋਵਾਹ “ਮਨ ਵਿਚ ਦੁਖੀ ਹੋਇਆ।” (ਉਤਪਤ 6:5, 6) ਜ਼ਰਾ ਸੋਚੋ: ਜੇ ਤੁਸੀਂ ਕੋਈ ਗ਼ਲਤ ਕਦਮ ਚੁੱਕਿਆ, ਤਾਂ ਇਸ ਨਾਲ ਤੁਸੀਂ ਆਪਣੇ ਸਿਰਜਣਹਾਰ ਨੂੰ ਦੁਖੀ ਕਰ ਸਕਦੇ ਹੋ। ਇਸ ਦਾ ਇਹ ਮਤਲਬ ਨਹੀਂ ਹੈ ਕਿ ਪਰਮੇਸ਼ੁਰ ਕਮਜ਼ੋਰ ਹੈ ਜਾਂ ਉਹ ਆਪਣੇ ਜਜ਼ਬਾਤਾਂ ਨੂੰ ਕਾਬੂ ਨਹੀਂ ਕਰ ਸਕਦਾ। ਇਸ ਦੀ ਬਜਾਇ, ਉਹ ਤੁਹਾਨੂੰ ਪਿਆਰ ਕਰਦਾ ਹੈ ਤੇ ਉਸ ਨੂੰ ਤੁਹਾਡੇ ਭਲੇ ਦਾ ਫ਼ਿਕਰ ਹੈ। ਜਦੋਂ ਤੁਸੀਂ ਸਹੀ ਕੰਮ ਕਰਦੇ ਹੋ, ਤਾਂ ਯਹੋਵਾਹ ਬੜਾ ਖ਼ੁਸ਼ ਹੁੰਦਾ ਹੈ। ਉਹ ਸਿਰਫ਼ ਇਸ ਲਈ ਖ਼ੁਸ਼ ਨਹੀਂ ਹੁੰਦਾ ਕਿ ਉਹ ਸ਼ਤਾਨ ਨੂੰ ਜਵਾਬ ਦੇ ਸਕਦਾ ਹੈ, ਪਰ ਇਸ ਲਈ ਵੀ ਖ਼ੁਸ਼ ਹੁੰਦਾ ਹੈ ਕਿ ਉਹ ਹੁਣ ਤੁਹਾਨੂੰ ਬਰਕਤਾਂ ਦੇ ਸਕਦਾ ਹੈ। ਬਰਕਤਾਂ ਦੇਣ ਨਾਲ ਯਹੋਵਾਹ ਨੂੰ ਖ਼ੁਸ਼ੀ ਮਿਲਦੀ ਹੈ। (ਇਬਰਾਨੀਆਂ 11:6) ਪਿਤਾ ਹੋਣ ਦੇ ਨਾਤੇ ਯਹੋਵਾਹ ਤੁਹਾਨੂੰ ਬਹੁਤ ਪਿਆਰ ਕਰਦਾ ਹੈ!
ਹੁਣ ਵੀ ਬਰਕਤਾਂ
13. ਯਹੋਵਾਹ ਦੀ ਸੇਵਾ ਕਰਨ ਨਾਲ ਹੁਣ ਵੀ ਕਿਵੇਂ ਬਰਕਤਾਂ ਮਿਲ ਸਕਦੀਆਂ ਹਨ?
13 ਯਹੋਵਾਹ ਤੁਹਾਨੂੰ ਸਿਰਫ਼ ਭਵਿੱਖ ਵਿਚ ਹੀ ਬਰਕਤਾਂ ਨਹੀਂ ਦੇਵੇਗਾ। ਬਹੁਤ ਸਾਰੇ ਨੌਜਵਾਨ ਗਵਾਹ ਹੁਣ ਵੀ ਖ਼ੁਸ਼ੀ ਅਤੇ ਸੰਤੁਸ਼ਟੀ ਦਾ ਆਨੰਦ ਮਾਣ ਰਹੇ ਹਨ ਅਤੇ ਇਸ ਦਾ ਇਕ ਚੰਗਾ ਕਾਰਨ ਹੈ। ਜ਼ਬੂਰਾਂ ਦੇ ਇਕ ਲਿਖਾਰੀ ਨੇ ਲਿਖਿਆ: “ਯਹੋਵਾਹ ਦੇ ਫ਼ਰਮਾਨ ਸਿੱਧੇ ਹਨ, ਓਹ ਦਿਲ ਨੂੰ ਅਨੰਦ ਕਰਦੇ ਹਨ।” (ਜ਼ਬੂਰਾਂ ਦੀ ਪੋਥੀ 19:8) ਯਹੋਵਾਹ ਇਨਸਾਨਾਂ ਨਾਲੋਂ ਜ਼ਿਆਦਾ ਚੰਗੀ ਤਰ੍ਹਾਂ ਜਾਣਦਾ ਹੈ ਕਿ ਸਾਡੇ ਲਈ ਕੀ ਚੰਗਾ ਹੈ। ਯਸਾਯਾਹ ਨਬੀ ਰਾਹੀਂ ਯਹੋਵਾਹ ਨੇ ਕਿਹਾ: “ਮੈਂ ਯਹੋਵਾਹ ਤੇਰਾ ਪਰਮੇਸ਼ੁਰ ਹਾਂ, ਜੋ ਤੈਨੂੰ ਲਾਭ ਉਠਾਉਣ ਦੀ ਸਿੱਖਿਆ ਦਿੰਦਾ ਹਾਂ, ਜੋ ਤੈਨੂੰ ਉਸ ਰਾਹ ਪਾਉਂਦਾ ਜਿਸ ਰਾਹ ਤੈਂ ਜਾਣਾ ਹੈ। ਕਾਸ਼ ਕਿ ਤੂੰ ਮੇਰੇ ਹੁਕਮਾਂ ਨੂੰ ਮੰਨਦਾ! ਤਾਂ ਤੇਰੀ ਸ਼ਾਂਤੀ ਨਦੀ ਵਾਂਙੁ, ਤਾਂ ਤੇਰਾ ਧਰਮ ਸਮੁੰਦਰ ਦੀਆਂ ਲਹਿਰਾਂ ਵਾਂਙੁ ਹੁੰਦਾ।”—ਯਸਾਯਾਹ 48:17, 18.
14. ਕਰਜ਼ੇ ਦੇ ਦੁਖਦਾਈ ਨਤੀਜਿਆਂ ਤੋਂ ਬਚਣ ਲਈ ਬਾਈਬਲ ਦੇ ਸਿਧਾਂਤ ਤੁਹਾਡੀ ਮਦਦ ਕਿਵੇਂ ਕਰ ਸਕਦੇ ਹਨ?
14 ਬਾਈਬਲ ਦੇ ਸਿਧਾਂਤਾਂ ਤੇ ਚੱਲਣ ਨਾਲ ਤੁਸੀਂ ਬਹੁਤ ਸਾਰੇ ਦੁੱਖਾਂ-ਤਕਲੀਫ਼ਾਂ ਤੋਂ ਬਚ ਸਕਦੇ ਹੋ। ਮਿਸਾਲ ਲਈ, ਬਾਈਬਲ ਕਹਿੰਦੀ ਹੈ ਕਿ ਪੈਸੇ ਨੂੰ ਪਿਆਰ ਕਰਨ ਵਾਲੇ ਲੋਕਾਂ ਨੇ “ਆਪਣੇ ਆਪ ਨੂੰ ਅਨੇਕ ਗਮਾਂ ਦਿਆਂ ਤੀਰਾਂ ਨਾਲ ਵਿੰਨ੍ਹਿਆ ਹੈ।” (1 ਤਿਮੋਥਿਉਸ 6:9, 10) ਕੀ ਤੁਹਾਡੇ ਕਿਸੇ ਦੋਸਤ ਨੇ ਇਸ ਦੁਖਦਾਈ ਸੱਚਾਈ ਦਾ ਸਾਮ੍ਹਣਾ ਕੀਤਾ ਹੈ? ਕੁਝ ਨੌਜਵਾਨ ਆਦਮੀ ਤੇ ਤੀਵੀਆਂ ਸਿਰਫ਼ ਇਸ ਕਰਕੇ ਭਾਰੀ ਕਰਜ਼ੇ ਦੇ ਬੋਝ ਹੇਠਾਂ ਦੱਬ ਜਾਂਦੇ ਹਨ ਕਿਉਂਕਿ ਉਹ ਨਵੇਂ ਫ਼ੈਸ਼ਨ ਦੇ ਮਹਿੰਗੇ ਕੱਪੜੇ ਅਤੇ ਨਵੀਆਂ-ਨਵੀਆਂ ਇਲੈਕਟ੍ਰਾਨਿਕ ਚੀਜ਼ਾਂ ਖ਼ਰੀਦਣੀਆਂ ਚਾਹੁੰਦੇ ਹਨ। ਆਪਣੀ ਹੈਸੀਅਤ ਨਾਲੋਂ ਵੱਧ ਮਹਿੰਗੀਆਂ ਚੀਜ਼ਾਂ ਖ਼ਰੀਦਣ ਕਰਕੇ ਉਹ ਭਾਰੀ ਕਰਜ਼ੇ ਚੁਕਾਉਂਦੇ-ਚੁਕਾਉਂਦੇ ਥੱਕ ਜਾਂਦੇ ਹਨ। ਇਸ ਤਰ੍ਹਾਂ ਉਹ ਕਰਜ਼ਾ ਦੇਣ ਵਾਲਿਆਂ ਦੇ ਗ਼ੁਲਾਮ ਬਣ ਜਾਂਦੇ ਹਨ!—ਕਹਾਉਤਾਂ 22:7.
15. ਬਾਈਬਲ ਦੇ ਸਿਧਾਂਤ ਤੁਹਾਨੂੰ ਅਨੈਤਿਕਤਾ ਦੇ ਕਿਹੜੇ ਦੁਖਦਾਈ ਨਤੀਜਿਆਂ ਤੋਂ ਬਚਾਉਂਦੇ ਹਨ?
15 ਅਨੈਤਿਕਤਾ ਦੇ ਮਾਮਲੇ ਤੇ ਵੀ ਗੌਰ ਕਰੋ। ਦੁਨੀਆਂ ਭਰ ਵਿਚ ਹਰ ਸਾਲ ਅਣਗਿਣਤ ਕੁੜੀਆਂ ਵਿਆਹ ਤੋਂ ਪਹਿਲਾਂ ਹੀ ਗਰਭਵਤੀ ਹੋ ਜਾਂਦੀਆਂ ਹਨ। ਕਈ ਕੁੜੀਆਂ ਨਾ ਚਾਹੁੰਦੀਆਂ ਹੋਈਆਂ ਵੀ ਬੱਚਿਆਂ ਨੂੰ ਜਨਮ ਦਿੰਦੀਆਂ ਹਨ ਜਿਨ੍ਹਾਂ ਦੀ ਦੇਖ-ਭਾਲ ਕਰਨ ਦੇ ਉਹ ਕਾਬਲ ਨਹੀਂ ਹੁੰਦੀਆਂ। ਕਈ ਗਰਭਪਾਤ ਕਰਵਾ ਲੈਂਦੀਆਂ ਹਨ ਜਿਸ ਕਰਕੇ ਉਨ੍ਹਾਂ ਦੀ ਜ਼ਮੀਰ ਉਨ੍ਹਾਂ ਨੂੰ ਕੋਸਦੀ ਰਹਿੰਦੀ ਹੈ। ਫਿਰ ਬਹੁਤ ਸਾਰੇ ਅਜਿਹੇ ਨੌਜਵਾਨ ਹਨ ਜਿਨ੍ਹਾਂ ਨੂੰ ਏਡਜ਼ ਵਰਗੀਆਂ ਜਿਨਸੀ ਬੀਮਾਰੀਆਂ ਲੱਗ ਜਾਂਦੀਆਂ ਹਨ। ਪਰ ਸਭ ਤੋਂ ਵੱਡੀ ਕੀਮਤ ਉਸ ਨੌਜਵਾਨ ਨੂੰ ਚੁਕਾਉਣੀ ਪੈਂਦੀ ਹੈ ਜੋ ਯਹੋਵਾਹ ਦਾ ਗਵਾਹ ਹੈ। ਯਹੋਵਾਹ ਨਾਲ ਉਸ ਦਾ ਰਿਸ਼ਤਾ ਖ਼ਰਾਬ ਹੋ ਜਾਂਦਾ ਹੈ। * (ਗਲਾਤੀਆਂ 5:19-21) ਇਸੇ ਕਰਕੇ ਬਾਈਬਲ ਕਹਿੰਦੀ ਹੈ: “ਹਰਾਮਕਾਰੀ ਤੋਂ ਭੱਜੋ।”—1 ਕੁਰਿੰਥੀਆਂ 6:18.
ਖ਼ੁਸ਼ ਰਹਿਣ ਵਾਲੇ ਪਰਮੇਸ਼ੁਰ ਦੀ ਸੇਵਾ ਕਰੋ
16. (ੳ) ਅਸੀਂ ਕਿਵੇਂ ਜਾਣਦੇ ਹਾਂ ਕਿ ਯਹੋਵਾਹ ਚਾਹੁੰਦਾ ਹੈ ਕਿ ਤੁਸੀਂ ਆਪਣੀ ਜਵਾਨੀ ਦਾ ਆਨੰਦ ਮਾਣੋ? (ਅ) ਯਹੋਵਾਹ ਤੁਹਾਨੂੰ ਹਿਦਾਇਤਾਂ ਕਿਉਂ ਦਿੰਦਾ ਹੈ?
16 ਬਾਈਬਲ ਕਹਿੰਦੀ ਹੈ ਕਿ ਯਹੋਵਾਹ “ਪਰਮਧੰਨ” ਯਾਨੀ ਖ਼ੁਸ਼ ਰਹਿਣ ਵਾਲਾ ਪਰਮੇਸ਼ੁਰ ਹੈ। (1 ਤਿਮੋਥਿਉਸ 1:11) ਉਹ ਤੁਹਾਨੂੰ ਵੀ ਖ਼ੁਸ਼ ਦੇਖਣਾ ਚਾਹੁੰਦਾ ਹੈ। ਅਸਲ ਵਿਚ, ਉਸ ਦਾ ਆਪਣਾ ਬਚਨ ਕਹਿੰਦਾ ਹੈ: “ਹੇ ਜੁਆਨ, ਤੂੰ ਆਪਣੀ ਜੁਆਨੀ ਵਿੱਚ ਮੌਜ ਕਰ, ਅਤੇ ਆਪਣੀ ਜੁਆਨੀ ਦੇ ਦਿਨਾਂ ਵਿੱਚ ਤੇਰਾ ਜੀ ਤੈਨੂੰ ਪਰਚਾਵੇ।” (ਉਪਦੇਸ਼ਕ ਦੀ ਪੋਥੀ 11:9) ਪਰ ਯਹੋਵਾਹ ਸਿਰਫ਼ ਵਰਤਮਾਨ ਬਾਰੇ ਹੀ ਨਹੀਂ ਸੋਚਦਾ, ਸਗੋਂ ਉਹ ਦੇਖ ਸਕਦਾ ਹੈ ਕਿ ਤੁਹਾਨੂੰ ਬਾਅਦ ਵਿਚ ਆਪਣੇ ਚੰਗੇ-ਮਾੜੇ ਕੰਮਾਂ ਦੇ ਕਿਹੜੇ ਨਤੀਜੇ ਭੁਗਤਣੇ ਪੈ ਸਕਦੇ ਹਨ। ਇਸੇ ਕਰਕੇ ਉਹ ਤੁਹਾਨੂੰ ਸਲਾਹ ਦਿੰਦਾ ਹੈ: “ਆਪਣੀ ਜੁਆਨੀ ਦੇ ਦਿਨੀਂ ਆਪਣੇ ਕਰਤਾਰ ਨੂੰ ਚੇਤੇ ਰੱਖ, ਜਦ ਕਿ ਓਹ ਮਾੜੇ ਦਿਨ ਅਜੇ ਨਹੀਂ ਆਏ, ਅਤੇ ਓਹ ਵਰਹੇ ਅਜੇ ਨੇੜੇ ਨਹੀਂ ਪੁੱਜੇ ਜਿਨ੍ਹਾਂ ਵਿੱਚ ਤੂੰ ਆਖੇਂਗਾ, ਏਹਨਾਂ ਵਿੱਚ ਮੈਨੂੰ ਕੁਝ ਖੁਸ਼ੀ ਨਹੀਂ ਹੈ।”—ਉਪਦੇਸ਼ਕ ਦੀ ਪੋਥੀ 12:1.
17, 18. ਇਕ ਨੌਜਵਾਨ ਭੈਣ ਨੇ ਯਹੋਵਾਹ ਦੀ ਸੇਵਾ ਕਰਨ ਨਾਲ ਮਿਲਦੀ ਆਪਣੀ ਖ਼ੁਸ਼ੀ ਕਿਵੇਂ ਜ਼ਾਹਰ ਕੀਤੀ ਅਤੇ ਤੁਸੀਂ ਵੀ ਉਸ ਵਾਂਗ ਕਿਵੇਂ ਖ਼ੁਸ਼ ਹੋ ਸਕਦੇ ਹੋ?
17 ਅੱਜ ਕਈ ਨੌਜਵਾਨ ਯਹੋਵਾਹ ਦੀ ਸੇਵਾ ਕਰਨ ਵਿਚ ਬਹੁਤ ਆਨੰਦ ਮਾਣ ਰਹੇ ਹਨ। ਉਦਾਹਰਣ ਲਈ, 15 ਸਾਲਾਂ ਦੀ ਲੀਨਾ ਕਹਿੰਦੀ ਹੈ: “ਮੈਂ ਫ਼ਖ਼ਰ ਨਾਲ ਸਿਰ ਉਠਾ ਕੇ ਚੱਲ ਸਕਦੀ ਹਾਂ। ਮੇਰਾ ਸਰੀਰ ਤੰਦਰੁਸਤ ਹੈ ਕਿਉਂਕਿ ਮੈਂ ਸਿਗਰਟਾਂ ਪੀਣ ਤੇ ਨਸ਼ੇ ਕਰਨ ਤੋਂ ਪਰਹੇਜ਼ ਕਰਦੀ ਹਾਂ। ਕਲੀਸਿਯਾ ਵਿਚ ਮੈਨੂੰ ਵਧੀਆ ਸੇਧ ਮਿਲਦੀ ਹੈ ਜਿਸ ਨਾਲ ਮੈਂ ਸ਼ਤਾਨ ਦੇ ਭੈੜੇ ਦਬਾਅ ਦਾ ਸਾਮ੍ਹਣਾ ਕਰ ਸਕਦੀ ਹਾਂ। ਕਿੰਗਡਮ ਹਾਲ ਵਿਚ ਭੈਣ-ਭਰਾਵਾਂ ਨਾਲ ਗੱਲਬਾਤ ਕਰ ਕੇ ਮੈਨੂੰ ਬਹੁਤ ਖ਼ੁਸ਼ੀ ਹੁੰਦੀ ਹੈ। ਸਭ ਤੋਂ ਚੰਗੀ ਗੱਲ ਤਾਂ ਇਹ ਹੈ ਕਿ ਮੈਨੂੰ ਧਰਤੀ ਉੱਤੇ ਸਦਾ ਜੀਉਂਦੇ ਰਹਿਣ ਦੀ ਉਮੀਦ ਮਿਲੀ ਹੈ ਜਿਸ ਨੂੰ ਕੋਈ ਖੋਹ ਨਹੀਂ ਸਕਦਾ।”
18 ਲੀਨਾ ਵਰਗੇ ਬਹੁਤ ਸਾਰੇ ਨੌਜਵਾਨ ਦ੍ਰਿੜ੍ਹਤਾ ਨਾਲ ਨਿਹਚਾ ਦੀ ਲੜਾਈ ਲੜ ਰਹੇ ਹਨ ਜਿਸ ਨਾਲ ਉਨ੍ਹਾਂ ਨੂੰ ਖ਼ੁਸ਼ੀ ਮਿਲਦੀ ਹੈ। ਭਾਵੇਂ ਉਨ੍ਹਾਂ ਨੂੰ ਕਈ ਵਾਰ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ, ਫਿਰ ਵੀ ਉਹ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਦੀ ਜ਼ਿੰਦਗੀ ਦਾ ਅਸਲੀ ਮਕਸਦ ਹੈ ਅਤੇ ਉਨ੍ਹਾਂ ਨੂੰ ਭਵਿੱਖ ਵਿਚ ਵਧੀਆ ਜ਼ਿੰਦਗੀ ਮਿਲਣ ਵਾਲੀ ਹੈ। ਇਸ ਲਈ ਪਰਮੇਸ਼ੁਰ ਦੀ ਸੇਵਾ ਕਰਦੇ ਰਹੋ ਜੋ ਦਿਲੋਂ ਤੁਹਾਡੀ ਭਲਾਈ ਚਾਹੁੰਦਾ ਹੈ। ਉਸ ਦੇ ਦਿਲ ਨੂੰ ਖ਼ੁਸ਼ ਕਰੋ ਤੇ ਉਹ ਵੀ ਤੁਹਾਨੂੰ ਹੁਣ ਅਤੇ ਹਮੇਸ਼ਾ ਲਈ ਖ਼ੁਸ਼ ਕਰੇਗਾ!—ਜ਼ਬੂਰਾਂ ਦੀ ਪੋਥੀ 5:11.
ਕੀ ਤੁਹਾਨੂੰ ਯਾਦ ਹੈ?
• ਸ਼ਤਾਨ ਤੋਂ ਤੁਹਾਨੂੰ ਕੀ ਖ਼ਤਰਾ ਹੈ?
• ਤੁਸੀਂ ਯਹੋਵਾਹ ਦੇ ਦਿਲ ਨੂੰ ਕਿਵੇਂ ਖ਼ੁਸ਼ ਕਰ ਸਕਦੇ ਹੋ?
• ਬਾਈਬਲ ਕਿਵੇਂ ਦਿਖਾਉਂਦੀ ਹੈ ਕਿ ਯਹੋਵਾਹ ਨੂੰ ਤੁਹਾਡਾ ਫ਼ਿਕਰ ਹੈ?
• ਯਹੋਵਾਹ ਦੀ ਸੇਵਾ ਕਰਨ ਨਾਲ ਕਿਹੜੀਆਂ ਕੁਝ ਬਰਕਤਾਂ ਮਿਲਦੀਆਂ ਹਨ?
[ਸਵਾਲ]
[ਸਫ਼ੇ 13 ਉੱਤੇ ਡੱਬੀ/ਤਸਵੀਰ]
ਇਕ ਧਰਮੀ ਆਦਮੀ ਕੁਰਾਹੇ ਪੈਣ ਤੋਂ ਮਸੀਂ-ਮਸੀਂ ਬਚਿਆ
ਪ੍ਰਾਚੀਨ ਇਸਰਾਏਲ ਵਿਚ ਆਸਾਫ਼ ਨਾਂ ਦਾ ਪ੍ਰਸਿੱਧ ਲੇਵੀ ਰਹਿੰਦਾ ਸੀ ਜੋ ਯਹੋਵਾਹ ਦੀ ਹੈਕਲ ਵਿਚ ਸੰਗੀਤਕਾਰ ਵਜੋਂ ਸੇਵਾ ਕਰਦਾ ਸੀ। ਉਸ ਨੇ ਭਜਨ ਵੀ ਲਿਖੇ ਸਨ। ਇਨ੍ਹਾਂ ਖ਼ਾਸ ਸਨਮਾਨਾਂ ਦੇ ਬਾਵਜੂਦ, ਆਸਾਫ਼ ਕੁਝ ਸਮੇਂ ਲਈ ਦੂਸਰੇ ਲੋਕਾਂ ਦੇ ਭੈੜੇ ਚਾਲ-ਚਲਣ ਤੋਂ ਈਰਖਾ ਕਰਨ ਲੱਗ ਪਿਆ ਕਿਉਂਕਿ ਇਸ ਤਰ੍ਹਾਂ ਲੱਗਦਾ ਸੀ ਕਿ ਉਹ ਜ਼ਿੰਦਗੀ ਦਾ ਪੂਰਾ ਮਜ਼ਾ ਲੈ ਰਹੇ ਸਨ। ਬਾਅਦ ਵਿਚ ਉਸ ਨੇ ਕਿਹਾ: “ਮੇਰੇ ਪੈਰ ਫਿਸਲਣ, ਅਤੇ ਮੇਰੇ ਕਦਮ ਤਿਲਕਣ ਲੱਗੇ ਸਨ। ਜਦ ਮੈਂ ਦੁਸ਼ਟਾਂ ਦਾ ਸੁਲੱਖਪੁਣਾ ਡਿੱਠਾ, ਤਾਂ ਮੈਂ ਉਨ੍ਹਾਂ ਹੰਕਾਰੀਆਂ ਦੇ ਉੱਤੇ ਖੁਣਸ ਕੀਤੀ ਸੀ।”—ਜ਼ਬੂਰਾਂ ਦੀ ਪੋਥੀ 73:2, 3.
ਉਸ ਤੋਂ ਬਾਅਦ, ਉਹ ਯਹੋਵਾਹ ਦੀ ਹੈਕਲ ਵਿਚ ਗਿਆ ਅਤੇ ਇਸ ਬਾਰੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ। ਇਸ ਮਾਮਲੇ ਉੱਤੇ ਫਿਰ ਤੋਂ ਪਰਮੇਸ਼ੁਰੀ ਨਜ਼ਰੀਏ ਤੋਂ ਸੋਚ-ਵਿਚਾਰ ਕਰਨ ਤੋਂ ਬਾਅਦ, ਉਹ ਸਮਝ ਗਿਆ ਕਿ ਯਹੋਵਾਹ ਬੁਰਾਈ ਤੋਂ ਨਫ਼ਰਤ ਕਰਦਾ ਸੀ ਅਤੇ ਸਮਾਂ ਆਉਣ ਤੇ ਬੁਰੇ ਅਤੇ ਧਰਮੀ ਲੋਕ ਆਪਣੇ-ਆਪਣੇ ਕੰਮਾਂ ਦਾ ਫਲ ਪਾਉਣਗੇ। (ਜ਼ਬੂਰਾਂ ਦੀ ਪੋਥੀ 73:17-20; ਗਲਾਤੀਆਂ 6:7, 8) ਬੁਰੇ ਲੋਕ ਸੱਚ-ਮੁੱਚ ਤਿਲਕਵੀਆਂ ਥਾਵਾਂ ਤੇ ਹਨ। ਜੇ ਅੱਜ ਉਨ੍ਹਾਂ ਨੂੰ ਸਜ਼ਾ ਨਹੀਂ ਮਿਲਦੀ ਹੈ, ਤਾਂ ਉਹ ਉਸ ਵੇਲੇ ਜ਼ਰੂਰ ਨਾਸ਼ ਹੋ ਜਾਣਗੇ ਜਦੋਂ ਯਹੋਵਾਹ ਇਸ ਬੁਰੀ ਦੁਨੀਆਂ ਦਾ ਨਾਸ਼ ਕਰੇਗਾ।—ਪਰਕਾਸ਼ ਦੀ ਪੋਥੀ 21:8.
[ਸਫ਼ੇ 15 ਉੱਤੇ ਤਸਵੀਰਾਂ]
ਯਹੋਵਾਹ ਦਿਲੋਂ ਤੁਹਾਡੀ ਭਲਾਈ ਚਾਹੁੰਦਾ ਹੈ, ਪਰ ਸ਼ਤਾਨ ਤੁਹਾਨੂੰ ਪਾੜ ਖਾਣਾ ਚਾਹੁੰਦਾ ਹੈ
[ਸਫ਼ੇ 16 ਉੱਤੇ ਤਸਵੀਰ]
ਕਈ ਨੌਜਵਾਨ ਆਪਣੇ ਮਸੀਹੀ ਭੈਣ-ਭਰਾਵਾਂ ਨਾਲ ਮਿਲ ਕੇ ਯਹੋਵਾਹ ਦੀ ਸੇਵਾ ਕਰਨ ਵਿਚ ਬਹੁਤ ਖ਼ੁਸ਼ ਹਨ
[ਫੁਟਨੋਟ]
^ ਪੈਰਾ 3 22 ਅਕਤੂਬਰ 1996 ਦੇ ਜਾਗਰੂਕ ਬਣੋ! (ਅੰਗ੍ਰੇਜ਼ੀ) ਵਿਚ “ਸੱਚਾਈ ਨੇ ਮੇਰੀ ਜ਼ਿੰਦਗੀ ਬਚਾਈ” ਨਾਮਕ ਲੇਖ ਦੇਖੋ।
^ ਪੈਰਾ 15 ਇਹ ਜਾਣ ਕੇ ਸਾਨੂੰ ਹੌਸਲਾ ਮਿਲਦਾ ਹੈ ਕਿ ਜਦੋਂ ਕੋਈ ਤੋਬਾ ਕਰਦਾ ਹੈ, ਗ਼ਲਤ ਕੰਮ ਕਰਨੇ ਛੱਡ ਦਿੰਦਾ ਹੈ ਅਤੇ ਆਪਣੇ ਪਾਪਾਂ ਨੂੰ ਮੰਨ ਲੈਂਦਾ ਹੈ, ਤਾਂ “ਅੱਤ ਦਿਆਲੂ” ਯਹੋਵਾਹ ਪਰਮੇਸ਼ੁਰ ਉਸ ਨੂੰ “ਖਿਮਾ” ਕਰੇਗਾ।—ਯਸਾਯਾਹ 55:7; ਮੀਕਾਹ 7:18.