Skip to content

Skip to table of contents

ਦਇਆ ਕਿੰਨੀ ਕੁ ਜ਼ਰੂਰੀ ਹੈ?

ਦਇਆ ਕਿੰਨੀ ਕੁ ਜ਼ਰੂਰੀ ਹੈ?

ਦਇਆ ਕਿੰਨੀ ਕੁ ਜ਼ਰੂਰੀ ਹੈ?

“ਆਦਮੀ ਦੀ ਦਯਾ [“ਪ੍ਰੇਮ-ਭਰੀ-ਦਇਆ,” ਨਿ ਵ] ਦੇ ਕਾਰਨ ਉਹ ਦੀ ਮੰਨਤਾ ਹੁੰਦੀ ਹੈ,” ਬਾਈਬਲ ਕਹਿੰਦੀ ਹੈ। (ਕਹਾਉਤਾਂ 19:22) ਜੀ ਹਾਂ, ਜਦੋਂ ਕੋਈ ਵਿਅਕਤੀ ਪਿਆਰ ਦੀ ਖ਼ਾਤਰ ਦੂਸਰਿਆਂ ਉੱਤੇ ਦਇਆ ਕਰਦਾ ਹੈ, ਤਾਂ ਇਹ ਗੁਣ ਸੱਚ-ਮੁੱਚ ਉਸ ਦੀ ਸ਼ੋਭਾ ਵਧਾਉਂਦਾ ਹੈ। ਪਰ ਬਾਈਬਲ ਵਿਚ “ਪ੍ਰੇਮ-ਭਰੀ-ਦਇਆ” ਅਨੁਵਾਦ ਕੀਤੇ ਗਏ ਇਬਰਾਨੀ ਸ਼ਬਦ ਦਾ ਮਤਲਬ ਉਹ ਦਇਆ ਹੈ ਜੋ ਇਕ ਆਪਸੀ ਰਿਸ਼ਤੇ ਉੱਤੇ ਆਧਾਰਿਤ ਹੁੰਦੀ ਹੈ, ਇਕ ਅਜਿਹਾ ਰਿਸ਼ਤਾ ਜੋ ਉਦੋਂ ਬਣਦਾ ਹੈ ਜਦੋਂ ਕੋਈ ਵਿਅਕਤੀ ਸਾਡੇ ਉੱਤੇ ਦਇਆ ਕਰਦਾ ਹੈ। ਇਸ ਲਈ, ਪ੍ਰੇਮ-ਭਰੀ-ਦਇਆ ਵਿਚ ਵਫ਼ਾਦਾਰੀ ਦਾ ਗੁਣ ਵੀ ਸ਼ਾਮਲ ਹੁੰਦਾ ਹੈ।

ਯਹੂਦਾਹ ਦੇ ਰਾਜੇ ਯੋਆਸ਼ ਨੇ ਇਹ ਚੰਗਾ ਗੁਣ ਨਹੀਂ ਪੈਦਾ ਕੀਤਾ ਸੀ। ਉਸ ਦੀ ਭੂਆ ਅਤੇ ਫੁੱਫੜ ਯਹੋਯਾਦਾ ਦਾ ਉਸ ਉੱਤੇ ਬਹੁਤ ਅਹਿਸਾਨ ਸੀ। ਜਦੋਂ ਯੋਆਸ਼ ਇਕ ਸਾਲ ਦਾ ਵੀ ਨਹੀਂ ਹੋਇਆ ਸੀ, ਉਦੋਂ ਉਸ ਦੀ ਜ਼ਾਲਮ ਦਾਦੀ ਨੇ ਆਪਣੇ ਆਪ ਨੂੰ ਰਾਣੀ ਬਣਾ ਕੇ ਯੋਆਸ਼ ਦੇ ਸਾਰੇ ਭਰਾਵਾਂ ਨੂੰ ਮਾਰ ਮੁਕਾਇਆ ਸੀ ਜੋ ਸਿੰਘਾਸਣ ਦੇ ਵਾਰਸ ਸਨ। ਪਰ ਯੋਆਸ਼ ਉਸ ਦੇ ਪੰਜਿਆਂ ਤੋਂ ਬਚ ਗਿਆ ਕਿਉਂਕਿ ਉਸ ਦੀ ਭੂਆ ਅਤੇ ਫੁੱਫੜ ਨੇ ਉਸ ਨੂੰ ਲੁਕੋ ਲਿਆ ਸੀ। ਉਨ੍ਹਾਂ ਨੇ ਯੋਆਸ਼ ਨੂੰ ਪਰਮੇਸ਼ੁਰ ਦੀ ਸ਼ਰਾ ਵੀ ਸਿਖਾਈ। ਜਦੋਂ ਯੋਆਸ਼ ਸੱਤਾਂ ਸਾਲਾਂ ਦਾ ਹੋਇਆ, ਤਾਂ ਉਸ ਦੇ ਫੁੱਫੜ ਨੇ ਪ੍ਰਧਾਨ ਜਾਜਕ ਹੋਣ ਦੀ ਹੈਸੀਅਤ ਨਾਲ ਜ਼ਾਲਮ ਰਾਣੀ ਨੂੰ ਮੌਤ ਦੇ ਘਾਟ ਉਤਾਰ ਕੇ ਯੋਆਸ਼ ਨੂੰ ਰਾਜਾ ਬਣਾਇਆ।—2 ਇਤਹਾਸ 22:10–23:15.

ਆਪਣੇ ਫੁੱਫੜ ਦੇ ਜੀਉਂਦੇ ਜੀ ਯੋਆਸ਼ ਇਕ ਚੰਗੇ ਰਾਜੇ ਵਜੋਂ ਰਾਜ ਕਰਦਾ ਰਿਹਾ, ਪਰ ਯਹੋਯਾਦਾ ਦੀ ਮੌਤ ਮਗਰੋਂ ਉਹ ਮੂਰਤੀ-ਪੂਜਾ ਵੱਲ ਮੁੜ ਗਿਆ। ਪਰਮੇਸ਼ੁਰ ਨੇ ਯਹੋਯਾਦਾ ਦੇ ਪੁੱਤਰ ਜ਼ਕਰਯਾਹ ਨੂੰ ਯੋਆਸ਼ ਕੋਲ ਭੇਜਿਆ ਤਾਂਕਿ ਉਹ ਰਾਜੇ ਨੂੰ ਉਸ ਦੀ ਗ਼ਲਤੀ ਦਾ ਅਹਿਸਾਸ ਕਰਾਏ। ਪਰ ਯੋਆਸ਼ ਨੇ ਜ਼ਕਰਯਾਹ ਨੂੰ ਪੱਥਰ ਮਾਰ-ਮਾਰ ਕੇ ਜਾਨੋਂ ਮਾਰ ਦੇਣ ਦਾ ਹੁਕਮ ਦਿੱਤਾ। ਯੋਆਸ਼ ਨੇ ਉਸ ਪਰਿਵਾਰ ਨੂੰ ਕਿੰਨਾ ਬੁਰਾ ਸਿਲਾ ਦਿੱਤਾ ਜਿਸ ਦਾ ਉਹ ਕਰਜ਼ਦਾਰ ਸੀ!—2 ਇਤਹਾਸ 24:17-21.

ਬਾਈਬਲ ਦੱਸਦੀ ਹੈ: “ਯੋਆਸ਼ ਪਾਤਸ਼ਾਹ ਨੇ [ਜ਼ਕਰਯਾਹ] ਦੇ ਪਿਤਾ ਯਹੋਯਾਦਾ ਦੇ ਪਰਉਪਕਾਰ ਨੂੰ ਜੋ ਉਹ ਨੇ ਉਸ ਉੱਤੇ ਕੀਤਾ ਸੀ ਯਾਦ ਨਾ ਰੱਖਿਆ ਸਗੋਂ ਉਹ ਦੇ ਪੁੱਤ੍ਰ ਨੂੰ ਮਾਰ ਦਿੱਤਾ।” ਜ਼ਕਰਯਾਹ ਨੇ ਮਰਨ ਦੇ ਵੇਲੇ ਕਿਹਾ: “ਯਹੋਵਾਹ ਏਸ ਨੂੰ ਵੇਖੇ ਅਤੇ ਬਦਲਾ ਲਵੇ!” ਜ਼ਕਰਯਾਹ ਦੇ ਸਰਾਪ ਦੇ ਅਨੁਸਾਰ, ਯੋਆਸ਼ ਬਾਅਦ ਵਿਚ ਬਹੁਤ ਹੀ ਬੀਮਾਰ ਹੋ ਗਿਆ ਅਤੇ ਅਖ਼ੀਰ ਵਿਚ ਉਹ ਆਪਣੇ ਹੀ ਨੌਕਰਾਂ ਦੇ ਹੱਥੋਂ ਕਤਲ ਕੀਤਾ ਗਿਆ।—2 ਇਤਹਾਸ 24:17-25.

ਰਾਜਾ ਯੋਆਸ਼ ਵਾਂਗ ਅਹਿਸਾਨ-ਫਰਾਮੋਸ਼ ਹੋਣ ਦੀ ਬਜਾਇ, ਅਸੀਂ ਇਸ ਸਲਾਹ ਉੱਤੇ ਚੱਲ ਕੇ ਸੋਹਣਾ ਭਵਿੱਖ ਹਾਸਲ ਕਰ ਸਕਦੇ ਹਾਂ: “ਦਯਾ ਅਤੇ ਸਚਿਆਈ ਤੈਨੂੰ ਨਾ ਛੱਡਣ, . . . ਤਾਂ ਤੂੰ ਪਰਮੇਸ਼ੁਰ ਅਤੇ ਆਦਮੀ ਦੀਆਂ ਨਜ਼ਰਾਂ ਵਿੱਚ ਕਿਰਪਾ . . . ਪਾਏਂਗਾ।”—ਕਹਾਉਤਾਂ 3:3, 4.