Skip to content

Skip to table of contents

ਪ੍ਰਭੂ ਦਾ ਆਖ਼ਰੀ ਭੋਜਨ ਤੁਹਾਡੇ ਲਈ ਗਹਿਰਾ ਅਰਥ ਰੱਖਦਾ ਹੈ

ਪ੍ਰਭੂ ਦਾ ਆਖ਼ਰੀ ਭੋਜਨ ਤੁਹਾਡੇ ਲਈ ਗਹਿਰਾ ਅਰਥ ਰੱਖਦਾ ਹੈ

ਪ੍ਰਭੂ ਦਾ ਆਖ਼ਰੀ ਭੋਜਨ ਤੁਹਾਡੇ ਲਈ ਗਹਿਰਾ ਅਰਥ ਰੱਖਦਾ ਹੈ

ਕੀ ਪ੍ਰਭੂ ਦਾ ਆਖ਼ਰੀ ਭੋਜਨ ਤੁਹਾਡੇ ਲਈ ਕੋਈ ਅਹਿਮ ਅਰਥ ਰੱਖਦਾ ਹੈ? ਇਹ ਪਤਾ ਕਰਨ ਲਈ ਆਓ ਆਪਾਂ ਪਹਿਲਾਂ ਇਹ ਦੇਖੀਏ ਕਿ ਯਿਸੂ ਮਸੀਹ ਲਈ ਇਹ ਖ਼ਾਸ ਘਟਨਾ ਕੀ ਅਰਥ ਰੱਖਦੀ ਸੀ।

ਨੀਸਾਨ 14, 33 ਸਾ.ਯੁ. ਦੀ ਸ਼ਾਮ ਯਿਸੂ ਅਤੇ ਉਸ ਦੇ 12 ਰਸੂਲ ਸਾਲਾਨਾ ਪਸਾਹ ਮਨਾਉਣ ਲਈ ਯਰੂਸ਼ਲਮ ਵਿਚ ਇਕ ਘਰ ਦੇ ਚੁਬਾਰੇ ਵਿਚ ਇਕੱਠੇ ਹੋਏ। ਪਸਾਹ ਦਾ ਭੋਜਨ ਖਾਣ ਤੋਂ ਬਾਅਦ, ਯਹੂਦਾ ਯਿਸੂ ਨੂੰ ਫੜਵਾਉਣ ਲਈ ਬਾਹਰ ਚਲਾ ਗਿਆ। (ਯੂਹੰਨਾ 13:21, 26-30) ਫਿਰ ਯਿਸੂ ਨੇ ਆਪਣੇ ਬਾਕੀ 11 ਰਸੂਲਾਂ ਨਾਲ “ਅਸ਼ਾਇ ਰੱਬਾਨੀ” ਯਾਨੀ ਆਖ਼ਰੀ ਭੋਜਨ ਖਾਧਾ। (1 ਕੁਰਿੰਥੀਆਂ 11:20) ਇਸ ਭੋਜਨ ਨੂੰ ਯਾਦਗਾਰ ਵੀ ਕਿਹਾ ਜਾਂਦਾ ਹੈ ਕਿਉਂਕਿ ਯਿਸੂ ਨੇ ਆਪਣੇ ਚੇਲਿਆਂ ਨੂੰ ਹੁਕਮ ਦਿੱਤਾ ਸੀ ਕਿ “ਮੇਰੀ ਯਾਦਗੀਰੀ ਲਈ ਇਹ ਕਰਿਆ ਕਰੋ।” ਮਸੀਹੀਆਂ ਨੂੰ ਸਿਰਫ਼ ਇਹੀ ਘਟਨਾ ਮਨਾਉਣ ਲਈ ਹੁਕਮ ਦਿੱਤਾ ਗਿਆ ਹੈ।—1 ਕੁਰਿੰਥੀਆਂ 11:24.

ਇਕ ਸ਼ਬਦ-ਕੋਸ਼ ਦੇ ਮੁਤਾਬਕ ਇਕ ਯਾਦਗਾਰ ਕਿਸੇ ਦੀ ਯਾਦ ਨੂੰ ਤਾਜ਼ਾ ਜਾਂ ਜ਼ਿੰਦਾ ਰੱਖਦੀ ਹੈ। ਕਈਆਂ ਮੁਲਕਾਂ ਵਿਚ ਲੋਕ ਕਿਸੇ ਵਿਅਕਤੀ ਜਾਂ ਖ਼ਾਸ ਘਟਨਾ ਦੀ ਯਾਦ ਵਿਚ ਕੋਈ ਨਿਸ਼ਾਨੀ ਰੱਖਦੇ ਹਨ ਜਾਂ ਕੋਈ ਦਿਨ ਮਨਾਉਂਦੇ ਹਨ। ਯਿਸੂ ਦੁਆਰਾ ਸਥਾਪਿਤ ਕੀਤੀ ਗਈ ਇਸ ਯਾਦਗਾਰ ਰਾਹੀਂ ਉਸ ਦੇ ਚੇਲਿਆਂ ਨੂੰ ਇਸ ਦਿਨ ਦੀਆਂ ਮਹੱਤਵਪੂਰਣ ਘਟਨਾਵਾਂ ਯਾਦ ਰੱਖਣ ਵਿਚ ਮਦਦ ਮਿਲਣੀ ਸੀ। ਇਸ ਭੋਜਨ ਵਿਚ ਵਰਤੇ ਗਏ ਪ੍ਰਤੀਕਾਂ ਨੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਯਾਦ ਕਰਾਉਣਾ ਸੀ ਕਿ ਯਿਸੂ ਨੇ ਉਸ ਰਾਤ ਕੀ ਕੀਤਾ ਸੀ। ਯਿਸੂ ਨੇ ਕਿਹੜੇ ਪ੍ਰਤੀਕ ਵਰਤੇ ਸਨ ਅਤੇ ਉਨ੍ਹਾਂ ਦਾ ਮਤਲਬ ਕੀ ਸੀ? ਆਓ ਆਪਾਂ ਬਾਈਬਲ ਤੋਂ ਦੇਖੀਏ ਕਿ 14 ਨੀਸਾਨ 33 ਸਾ.ਯੁ. ਦੇ ਇਸ ਭੋਜਨ ਦੌਰਾਨ ਕੀ-ਕੀ ਹੋਇਆ ਸੀ।

ਪਵਿੱਤਰ ਪ੍ਰਤੀਕ

“ਉਸ ਨੇ ਰੋਟੀ ਲਈ ਅਤੇ ਸ਼ੁਕਰ ਕਰ ਕੇ ਤੋੜੀ ਅਤੇ ਇਹ ਕਹਿ ਕੇ ਉਨ੍ਹਾਂ ਨੂੰ ਦਿੱਤੀ ਕਿ ਇਹ ਮੇਰਾ ਸਰੀਰ ਹੈ ਜੋ ਤੁਹਾਡੇ ਬਦਲੇ ਦਿੱਤਾ ਜਾਂਦਾ ਹੈ, ਮੇਰੀ ਯਾਦਗੀਰੀ ਲਈ ਇਹ ਕਰਿਆ ਕਰੋ।”ਲੂਕਾ 22:19.

ਜਦੋਂ ਯਿਸੂ ਨੇ ਰੋਟੀ ਲੈ ਕੇ ਕਿਹਾ ਕਿ “ਇਹ ਮੇਰਾ ਸਰੀਰ ਹੈ,” ਤਾਂ ਉਸ ਦਾ ਮਤਲਬ ਸੀ ਕਿ ਇਹ ਰੋਟੀ ਉਸ ਦੇ ਸੰਪੂਰਣ ਸਰੀਰ ਨੂੰ ਦਰਸਾਉਂਦੀ ਸੀ ਜੋ ਉਸ ਨੇ “ਜਗਤ ਦੇ ਜੀਉਣ ਲਈ” ਦੇਣਾ ਸੀ। (ਯੂਹੰਨਾ 6:51) ਬਾਈਬਲ ਦਾ ਇਕ ਸ਼ਬਦ-ਕੋਸ਼ ਕਹਿੰਦਾ ਹੈ ਕਿ ਇੱਥੇ ਯਿਸੂ ਇਹ ਨਹੀਂ ਕਹਿ ਰਿਹਾ ਸੀ ਕਿ ਇਹ ਰੋਟੀ ਸੱਚ-ਮੁੱਚ ਉਸ ਦਾ ਸਰੀਰ ਸੀ, ਬਲਕਿ ਇਹ ਰੋਟੀ ਉਸ ਦੇ ਸਰੀਰ ਦੀ ਨਿਸ਼ਾਨੀ ਸੀ। ਇਹ ਰੋਟੀ ਉਸ ਦੇ ਸਰੀਰ ਦਾ ਪ੍ਰਤੀਕ ਹੀ ਸੀ।—ਮੱਤੀ 26:26.

ਇਹੀ ਗੱਲ ਮੈ ਦੇ ਪਿਆਲੇ ਬਾਰੇ ਸੱਚ ਸੀ। ਯਿਸੂ ਨੇ ਕਿਹਾ: “ਇਹ ਪਿਆਲਾ ਮੇਰੇ ਲਹੂ ਵਿੱਚ ਜੋ ਤੁਹਾਡੇ ਲਈ ਵਹਾਇਆ ਜਾਂਦਾ ਹੈ ਨਵਾਂ ਨੇਮ ਹੈ।”ਲੂਕਾ 22:20.

ਮੱਤੀ ਦੇ ਬਿਰਤਾਂਤ ਵਿਚ ਯਿਸੂ ਨੇ ਪਿਆਲੇ ਬਾਰੇ ਕਿਹਾ ਕਿ “ਨੇਮ ਦਾ ਇਹ ਮੇਰਾ ਉਹ ਲਹੂ ਹੈ ਜਿਹੜਾ ਬਹੁਤਿਆਂ ਦੀ ਖ਼ਾਤਰ ਪਾਪਾਂ ਦੀ ਮਾਫ਼ੀ ਲਈ ਵਹਾਇਆ ਜਾਂਦਾ ਹੈ।” (ਮੱਤੀ 6:28) ਯਿਸੂ ਪਿਆਲੇ ਵਿਚ ਮੈ ਨੂੰ ਆਪਣੇ ਲਹੂ ਦੇ ਪ੍ਰਤੀਕ ਵਜੋਂ ਵਰਤ ਰਿਹਾ ਸੀ। ਉਸ ਦਾ ਵਹਾਇਆ ਗਿਆ ਲਹੂ ਮਸਹ ਕੀਤੇ ਹੋਏ ਮਸੀਹੀਆਂ ਨਾਲ ਬੰਨ੍ਹੇ ਗਏ ‘ਨਵੇਂ ਨੇਮ’ ਦੀ ਨੀਂਹ ਹੈ ਜਿਨ੍ਹਾਂ ਨੇ ਉਸ ਨਾਲ ਸਵਰਗ ਵਿਚ ਰਾਜੇ ਅਤੇ ਜਾਜਕ ਬਣ ਕੇ ਰਾਜ ਕਰਨਾ ਹੈ।—ਯਿਰਮਿਯਾਹ 31:31-33; ਯੂਹੰਨਾ 14:2, 3; 2 ਕੁਰਿੰਥੀਆਂ 5:5; ਪਰਕਾਸ਼ ਦੀ ਪੋਥੀ 1:5, 6; 5:9, 10; 20:4, 6.

ਮੈ ਦਾ ਪਿਆਲਾ ਸਾਨੂੰ ਯਾਦ ਕਰਾਉਂਦਾ ਹੈ ਕਿ ਯਿਸੂ ਦੇ ਵਹਾਏ ਗਏ ਲਹੂ ਦੇ ਆਧਾਰ ਤੇ “ਪਾਪਾਂ ਦੀ ਮਾਫ਼ੀ” ਮਿਲ ਸਕਦੀ ਹੈ। ਮਾਫ਼ੀ ਮਿਲਣ ਦੇ ਕਾਰਨ ਪ੍ਰਤੀਕ ਲੈਣ ਵਾਲੇ ਇਹ ਮਸੀਹੀ, ਮਸੀਹ ਦੇ ਨਾਲ ਰਾਜ ਕਰਨ ਲਈ ਸਵਰਗ ਨੂੰ ਜਾਣਗੇ। ਸਵਰਗ ਵਿਚ ਸੱਦੇ ਜਾਣ ਵਾਲਿਆਂ ਦੀ ਗਿਣਤੀ ਸੀਮਿਤ ਹੈ ਅਤੇ ਪ੍ਰਭੂ ਦੀ ਯਾਦਗਾਰ ਮਨਾਉਣ ਲਈ ਸਿਰਫ਼ ਉਹੀ ਰੋਟੀ ਅਤੇ ਮੈ ਲੈਂਦੇ ਹਨ।—ਲੂਕਾ 12:32; ਅਫ਼ਸੀਆਂ 1:13, 14; ਇਬਰਾਨੀਆਂ 9:22; 1 ਪਤਰਸ 1:3, 4.

ਪਰ ਯਿਸੂ ਦੇ ਉਨ੍ਹਾਂ ਚੇਲਿਆਂ ਬਾਰੇ ਕੀ ਜੋ ਨਵੇਂ ਨੇਮ ਵਿਚ ਨਹੀਂ ਹਨ? ਇਹ ਪ੍ਰਭੂ ਦੀਆਂ ‘ਹੋਰ ਭੇਡਾਂ’ ਹਨ ਜੋ ਮਸੀਹ ਨਾਲ ਸਵਰਗ ਵਿਚ ਰਾਜ ਨਹੀਂ ਕਰਨਗੀਆਂ, ਪਰ ਇਹ ਮਸੀਹੀ ਸੁੰਦਰ ਧਰਤੀ ਉੱਤੇ ਸਦਾ ਲਈ ਜੀਉਣ ਦੀ ਉਮੀਦ ਰੱਖਦੇ ਹਨ। (ਯੂਹੰਨਾ 10:16; ਪਰਕਾਸ਼ ਦੀ ਪੋਥੀ 21:3, 4) ਇਨ੍ਹਾਂ ਵਫ਼ਾਦਾਰ ਮਸੀਹੀਆਂ ਦੀ ‘ਇੱਕ ਵੱਡੀ ਭੀੜ ਰਾਤ ਦਿਨ ਪਰਮੇਸ਼ੁਰ ਦੀ ਉਪਾਸਨਾ ਕਰਦੀ ਹੈ।’ ਇਹ ਮਸੀਹੀ ਯਿਸੂ ਦੀ ਮੌਤ ਦੀ ਯਾਦਗਾਰ ਮਨਾਉਂਦੇ ਹਨ, ਪਰ ਪ੍ਰਤੀਕ ਨਹੀਂ ਲੈਂਦੇ। ਉਹ ਯਿਸੂ ਦੇ ਬਲੀਦਾਨ ਦੀ ਕਦਰ ਕਰਦੇ ਹਨ ਅਤੇ ਇਸ ਲਈ ਉਹ ਕਹਿੰਦੇ ਹਨ: “ਮੁਕਤੀ ਸਾਡੇ ਪਰਮੇਸ਼ੁਰ ਵੱਲੋਂ, ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ, ਅਤੇ ਲੇਲੇ ਵੱਲੋਂ ਹੈ!”—ਪਰਕਾਸ਼ ਦੀ ਪੋਥੀ 7:9, 10, 14, 15.

ਯਾਦਗਾਰ ਕਦੋਂ ਮਨਾਈ ਜਾਣੀ ਚਾਹੀਦੀ ਹੈ?

“ਮੇਰੀ ਯਾਦਗੀਰੀ ਲਈ ਇਹ ਕਰਿਆ ਕਰੋ।”ਲੂਕਾ 22:19.

ਯਿਸੂ ਦੀ ਮੌਤ ਦੀ ਯਾਦਗਾਰ ਕਿੰਨੀ ਵਾਰ ਮਨਾਈ ਜਾਣੀ ਚਾਹੀਦੀ ਹੈ? ਯਿਸੂ ਨੇ ਇਹ ਸਾਫ਼-ਸਾਫ਼ ਨਹੀਂ ਦੱਸਿਆ ਸੀ। ਪਰ ਸਾਨੂੰ ਇਹ ਪਤਾ ਹੈ ਕਿ ਉਸ ਨੇ 14 ਨੀਸਾਨ ਨੂੰ ਆਪਣੀ ਮੌਤ ਦੀ ਯਾਦਗਾਰ ਸਥਾਪਿਤ ਕੀਤੀ ਸੀ ਜੋ ਪਸਾਹ ਮਨਾਉਣ ਦੀ ਸ਼ਾਮ ਸੀ। ਇਸਰਾਏਲੀ ਪਸਾਹ ਦਾ ਤਿਉਹਾਰ ਸਾਲ ਵਿਚ ਇਕ ਵਾਰ ਮਨਾਉਂਦੇ ਸਨ। ਇਸ ਤੋਂ ਪਤਾ ਲੱਗਦਾ ਹੈ ਕਿ ਯਿਸੂ ਚਾਹੁੰਦਾ ਸੀ ਕਿ ਯਾਦਗਾਰ ਵੀ ਸਾਲ ਵਿਚ ਇੱਕੋ ਵਾਰ ਮਨਾਈ ਜਾਵੇ। ਇਸਰਾਏਲੀ ਹਰ ਸਾਲ ਮਿਸਰ ਦੀ ਗ਼ੁਲਾਮੀ ਤੋਂ ਆਪਣੇ ਛੁਟਕਾਰੇ ਦੀ ਯਾਦਗਾਰ ਮਨਾਉਂਦੇ ਸਨ, ਪਰ ਮਸੀਹੀਆਂ ਨੇ ਪਾਪ ਅਤੇ ਮੌਤ ਤੋਂ ਆਪਣੇ ਛੁਟਕਾਰੇ ਦੀ ਯਾਦਗਾਰ ਮਨਾਉਣੀ ਸੀ।—ਕੂਚ 12:11, 17; ਰੋਮੀਆਂ 5:20, 21.

ਕਿਸੇ ਖ਼ਾਸ ਘਟਨਾ ਨੂੰ ਹਰ ਸਾਲ ਯਾਦ ਰੱਖਣ ਦੀ ਰੀਤ ਨਵੀਂ ਨਹੀਂ ਹੈ। ਮਿਸਾਲ ਲਈ, ਵਿਚਾਰ ਕਰੋ ਕਿ ਇਕ ਪਤੀ-ਪਤਨੀ ਆਪਣੀ ਸ਼ਾਦੀ ਦੀ ਸਾਲ-ਗਿਰ੍ਹਾ ਕਦੋਂ ਮਨਾਉਂਦੇ ਹਨ ਜਾਂ ਇਕ ਕੌਮ ਆਪਣੇ ਮੁਲਕ ਦੀ ਕੋਈ ਅਹਿਮ ਇਤਿਹਾਸਕ ਘਟਨਾ ਕਦੋਂ ਮਨਾਉਂਦੀ ਹੈ। ਇਹ ਸਾਲ ਵਿਚ ਇਕ ਵਾਰ ਉਸ ਦਿਨ ਤੇ ਮਨਾਈ ਜਾਂਦੀ ਹੈ ਜਿਸ ਦਿਨ ਤੇ ਇਹ ਘਟਨਾ ਹੋਈ ਸੀ। ਦਿਲਚਸਪੀ ਦੀ ਗੱਲ ਹੈ ਕਿ ਮਸੀਹ ਦੀ ਮੌਤ ਤੋਂ ਕਈ ਸਦੀਆਂ ਬਾਅਦ, ਕਈ ਮਸੀਹੀਆਂ ਨੂੰ ਕਵੌਰਟੋਡੈਸੀਮਨ (ਚੌਦਵੇਂ) ਕਿਹਾ ਜਾਂਦਾ ਸੀ ਕਿਉਂਕਿ ਉਹ ਹਮੇਸ਼ਾ 14 ਨੀਸਾਨ ਨੂੰ ਯਿਸੂ ਦੀ ਮੌਤ ਦੀ ਯਾਦਗਾਰ ਮਨਾਉਂਦੇ ਸਨ।

ਯਾਦਗਾਰ ਦੀ ਸਾਦੀ ਪਰ ਅਹਿਮ ਰੀਤ

ਪੌਲੁਸ ਰਸੂਲ ਨੇ ਸਮਝਾਇਆ ਕਿ ਯਾਦਗਾਰ ਮਨਾਉਣ ਨਾਲ ਯਿਸੂ ਦੇ ਚੇਲੇ “ਪ੍ਰਭੁ ਦੀ ਮੌਤ ਦਾ ਪਰਚਾਰ” ਕਰ ਸਕਣਗੇ। (1 ਕੁਰਿੰਥੀਆਂ 11:26) ਇਸ ਲਈ, ਯਾਦਗਾਰ ਮਨਾਉਂਦੇ ਸਮੇਂ ਅਸੀਂ ਇਸ ਗੱਲ ਵੱਲ ਧਿਆਨ ਦਿੰਦੇ ਹਾਂ ਕਿ ਪਰਮੇਸ਼ੁਰ ਦੇ ਮਕਸਦ ਪੂਰੇ ਕਰਨ ਲਈ ਯਿਸੂ ਦੀ ਮੌਤ ਕਿੰਨੀ ਜ਼ਰੂਰੀ ਸੀ।

ਯਿਸੂ ਮਸੀਹ ਨੇ ਮਰਦੇ ਦਮ ਤਕ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਰਹਿ ਕੇ ਇਹ ਸਿੱਧ ਕੀਤਾ ਕਿ ਯਹੋਵਾਹ ਪਰਮੇਸ਼ੁਰ ਨਾ ਸਿਰਫ਼ ਬੁੱਧਵਾਨ ਅਤੇ ਪਿਆਰ ਕਰਨ ਵਾਲਾ ਕਰਤਾਰ ਹੈ, ਸਗੋਂ ਉਹ ਇਕ ਧਰਮੀ ਰਾਜਾ ਵੀ ਹੈ। ਆਦਮ ਦੇ ਉਲਟ, ਯਿਸੂ ਨੇ ਸ਼ਤਾਨ ਦੇ ਇਸ ਦਾਅਵੇ ਨੂੰ ਝੂਠਾ ਸਾਬਤ ਕੀਤਾ ਕਿ ਦੁੱਖ ਆਉਣ ਤੇ ਹਰ ਇਨਸਾਨ ਪਰਮੇਸ਼ੁਰ ਤੋਂ ਮੂੰਹ ਮੋੜ ਲਵੇਗਾ।—ਅੱਯੂਬ 2:4, 5.

ਪ੍ਰਭੂ ਦੀ ਮੌਤ ਦੀ ਯਾਦਗਾਰ ਸਾਨੂੰ ਇਹ ਗੱਲ ਵੀ ਯਾਦ ਕਰਾਉਂਦੀ ਹੈ ਕਿ ਯਿਸੂ ਨੇ ਸਾਡੇ ਨਾਲ ਆਪਣੇ ਪਿਆਰ ਦੀ ਖ਼ਾਤਰ ਆਪਣੀ ਜਾਨ ਵਾਰੀ ਸੀ। ਸਖ਼ਤ ਅਜ਼ਮਾਇਸ਼ਾਂ ਸਹਿਣ ਦੇ ਬਾਵਜੂਦ ਉਸ ਨੇ ਹਰ ਗੱਲ ਵਿਚ ਆਪਣੇ ਪਿਤਾ ਦੀ ਆਗਿਆ ਮੰਨੀ। ਇਸ ਲਈ ਉਸ ਨੇ ਆਦਮ ਦੇ ਪਾਪ ਦਾ ਮੁੱਲ ਭਰਨ ਲਈ ਆਪਣੀ ਸੰਪੂਰਣ ਮਨੁੱਖੀ ਜਾਨ ਦਿੱਤੀ। ਯਿਸੂ ਨੇ ਖ਼ੁਦ ਕਿਹਾ ਸੀ ਕਿ ਉਹ “ਬਹੁਤਿਆਂ ਦੇ ਥਾਂ ਨਿਸਤਾਰੇ ਦਾ ਮੁੱਲ ਭਰਨ ਨੂੰ ਆਪਣੀ ਜਾਨ ਦੇਣ ਆਇਆ” ਸੀ। (ਮੱਤੀ 20:28) ਨਤੀਜੇ ਵਜੋਂ, ਜਿਹੜੇ ਲੋਕ ਯਿਸੂ ਉੱਤੇ ਵਿਸ਼ਵਾਸ ਕਰਦੇ ਹਨ ਉਨ੍ਹਾਂ ਦੇ ਪਾਪ ਮਾਫ਼ ਕੀਤੇ ਜਾ ਸਕਦੇ ਹਨ ਅਤੇ ਇਨਸਾਨਾਂ ਲਈ ਯਹੋਵਾਹ ਦੇ ਮੁਢਲੇ ਮਕਸਦ ਅਨੁਸਾਰ ਉਨ੍ਹਾਂ ਨੂੰ ਸਦਾ ਦੀ ਜ਼ਿੰਦਗੀ ਮਿਲ ਸਕਦੀ ਹੈ।—ਰੋਮੀਆਂ 5:6, 8, 12, 18, 19; 6:23; 1 ਤਿਮੋਥਿਉਸ 2:5, 6. *

ਇਸ ਬਲੀਦਾਨ ਤੋਂ ਯਹੋਵਾਹ ਦੀ ਭਲਾਈ ਨਜ਼ਰ ਆਉਂਦੀ ਹੈ। ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਉਸ ਨੇ ਕਿੰਨੇ ਪਿਆਰ ਤੇ ਦਇਆ ਨਾਲ ਮਨੁੱਖਜਾਤੀ ਦੀ ਮੁਕਤੀ ਲਈ ਪ੍ਰਬੰਧ ਕੀਤਾ ਹੈ। ਬਾਈਬਲ ਕਹਿੰਦੀ ਹੈ: “ਪਰਮੇਸ਼ੁਰ ਦਾ ਪ੍ਰੇਮ ਸਾਡੇ ਵਿੱਚ ਇਸ ਤੋਂ ਪਰਗਟ ਹੋਇਆ ਜੋ ਪਰਮੇਸ਼ੁਰ ਨੇ ਆਪਣੇ ਇਕਲੌਤੇ ਪੁੱਤ੍ਰ ਨੂੰ ਸੰਸਾਰ ਵਿੱਚ ਘੱਲਿਆ ਭਈ ਅਸੀਂ ਉਹ ਦੇ ਰਾਹੀਂ ਜੀਵੀਏ। ਪ੍ਰੇਮ ਇਸ ਗੱਲ ਵਿੱਚ ਹੈ, ਨਾ ਜੋ ਅਸਾਂ ਪਰਮੇਸ਼ੁਰ ਨਾਲ ਪ੍ਰੇਮ ਕੀਤਾ ਸਗੋਂ ਇਹ ਜੋ ਉਹ ਨੇ ਸਾਡੇ ਨਾਲ ਪ੍ਰੇਮ ਕੀਤਾ ਅਤੇ ਆਪਣੇ ਪੁੱਤ੍ਰ ਨੂੰ ਘੱਲਿਆ ਭਈ ਉਹ ਸਾਡੇ ਪਾਪਾਂ ਦਾ ਪਰਾਸਚਿੱਤ ਹੋਵੇ।”—1 ਯੂਹੰਨਾ 4:9, 10.

ਪ੍ਰਭੂ ਦੀ ਯਾਦਗਾਰ ਮਨਾਉਣ ਦੀ ਰੀਤ ਕਿੰਨੀ ਵਧੀਆ ਹੈ! ਇਹ ਸਾਦੀ ਹੈ ਅਤੇ ਪੂਰੀ ਦੁਨੀਆਂ ਵਿਚ ਵੱਖੋ-ਵੱਖਰੀਆਂ ਹਾਲਤਾਂ ਵਿਚ ਮਨਾਈ ਜਾ ਸਕਦੀ ਹੈ, ਪਰ ਇਹ ਸਾਡੇ ਲਈ ਬਹੁਤ ਅਹਿਮੀਅਤ ਰੱਖਦੀ ਹੈ।

ਤੁਹਾਡੇ ਲਈ ਇਸ ਦਾ ਅਰਥ

ਸਾਡੇ ਪ੍ਰਭੂ ਯਿਸੂ ਮਸੀਹ ਦਾ ਬਲੀਦਾਨ ਉਸ ਲਈ ਅਤੇ ਉਸ ਦੇ ਪਿਤਾ ਯਹੋਵਾਹ ਲਈ ਇਕ ਬਹੁਤ ਵੱਡੀ ਕੁਰਬਾਨੀ ਸੀ। ਯਿਸੂ ਇਕ ਸੰਪੂਰਣ ਮਨੁੱਖ ਸੀ ਜਿਸ ਕਰਕੇ ਉਸ ਨੂੰ ਸਾਡੇ ਵਾਂਗ ਮੌਤ ਦਾ ਸਾਮ੍ਹਣਾ ਨਹੀਂ ਕਰਨਾ ਪੈਣਾ ਸੀ। (ਰੋਮੀਆਂ 5:12; ਇਬਰਾਨੀਆਂ 7:26) ਉਹ ਹਮੇਸ਼ਾ ਲਈ ਜੀ ਸਕਦਾ ਸੀ। ਜੇ ਉਹ ਨਾ ਚਾਹੁੰਦਾ, ਤਾਂ ਉਸ ਦੀ ਜਾਨ ਜ਼ਬਰਦਸਤੀ ਵੀ ਨਹੀਂ ਲਈ ਜਾ ਸਕਦੀ ਸੀ। ਉਸ ਨੇ ਕਿਹਾ: “ਕੋਈ [ਮੇਰੀ ਜਾਨ] ਮੈਥੋਂ ਖੋਹੰਦਾ ਨਹੀਂ ਪਰ ਮੈਂ ਆਪੇ ਉਸ ਨੂੰ ਦਿੰਦਾ ਹਾਂ।”—ਯੂਹੰਨਾ 10:18.

ਫਿਰ ਵੀ, ਯਿਸੂ ਨੇ ਖ਼ੁਸ਼ੀ ਨਾਲ ਆਪਣੀ ਜਾਨ ਕੁਰਬਾਨ ਕਰ ਦਿੱਤੀ ਤਾਂਕਿ “ਮੌਤ ਦੇ ਰਾਹੀਂ ਉਹ ਉਸ ਨੂੰ ਜਿਹ ਦੇ ਵੱਸ ਵਿੱਚ ਮੌਤ ਹੈ ਅਰਥਾਤ ਸ਼ਤਾਨ ਨੂੰ ਨਾਸ ਕਰੇ। ਅਤੇ ਉਨ੍ਹਾਂ ਨੂੰ ਜਿਹੜੇ ਮੌਤ ਦੇ ਡਰ ਤੋਂ ਸਾਰੀ ਉਮਰ ਗੁਲਾਮੀ ਵਿੱਚ ਫਸੇ ਹੋਏ ਸਨ ਛੁਡਾਵੇ।” (ਇਬਰਾਨੀਆਂ 2:14, 15) ਯਿਸੂ ਦਾ ਪਿਆਰ ਇਸ ਤੋਂ ਵੀ ਦੇਖਿਆ ਜਾ ਸਕਦਾ ਹੈ ਕਿ ਉਹ ਕਿਸ ਤਰ੍ਹਾਂ ਦੀ ਮੌਤ ਮਰਿਆ ਸੀ। ਉਸ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਉਸ ਨੇ ਦੁੱਖ-ਦਰਦ ਝੱਲ ਕੇ ਮਰਨਾ ਸੀ।—ਮੱਤੀ 17:22; 20:17-19.

ਪ੍ਰਭੂ ਦੀ ਯਾਦਗਾਰ ਸਾਨੂੰ ਇਹ ਗੱਲ ਵੀ ਯਾਦ ਕਰਾਉਂਦੀ ਹੈ ਕਿ ਸਾਡੇ ਸਵਰਗੀ ਪਿਤਾ ਯਹੋਵਾਹ ਨੇ ਪਿਆਰ ਦੀ ਸਭ ਤੋਂ ਵੱਡੀ ਕੁਰਬਾਨੀ ਦਿੱਤੀ ਸੀ। ਯਹੋਵਾਹ “ਵੱਡਾ ਦਰਦੀ ਅਤੇ ਦਿਆਲੂ ਹੈ।” ਤਾਂ ਫਿਰ, ਉਸ ਨੂੰ ਕਿੰਨਾ ਦੁੱਖ ਲੱਗਾ ਹੋਵੇਗਾ ਜਦ ਉਸ ਨੇ ਯਿਸੂ ਨੂੰ ਗਥਸਮਨੀ ਦੇ ਬਾਗ਼ ਵਿਚ “ਬਹੁਤ ਢਾਹਾਂ ਮਾਰ ਮਾਰ ਕੇ ਅਤੇ ਅੰਝੂ ਕੇਰ ਕੇਰ ਕੇ” ਰੋਂਦੇ ਦੇਖਿਆ। ਉਸ ਦੇ ਕੋਰੜੇ ਮਾਰੇ ਗਏ, ਉਸ ਨੂੰ ਬੇਰਹਿਮੀ ਨਾਲ ਸੂਲੀ ਉੱਤੇ ਟੰਗਿਆ ਗਿਆ ਅਤੇ ਮਰਦੇ ਦਮ ਤਕ ਉਸ ਨੇ ਤਸੀਹੇ ਸਹੇ। (ਯਾਕੂਬ 5:11; ਇਬਰਾਨੀਆਂ 5:7; ਯੂਹੰਨਾ 3:16; 1 ਯੂਹੰਨਾ 4:7, 8) ਅਸੀਂ ਕਲਪਨਾ ਵੀ ਨਹੀਂ ਕਰ ਸਕਦੇ ਕਿ ਆਪਣੇ ਪੁੱਤਰ ਦੀ ਹਾਲਤ ਦੇਖ ਕੇ ਪਿਤਾ ਤੇ ਕੀ ਗੁਜ਼ਰੀ ਹੋਵੇਗੀ। ਸਦੀਆਂ ਬਾਅਦ ਵੀ ਇਸ ਬਾਰੇ ਸੋਚ ਕੇ ਬਹੁਤ ਸਾਰੇ ਲੋਕਾਂ ਨੂੰ ਬੜਾ ਦੁੱਖ ਹੁੰਦਾ ਹੈ।

ਜ਼ਰਾ ਸੋਚੋ ਕਿ ਯਹੋਵਾਹ ਪਰਮੇਸ਼ੁਰ ਅਤੇ ਯਿਸੂ ਮਸੀਹ ਨੇ ਅਸਾਂ ਪਾਪੀਆਂ ਲਈ ਕਿੰਨੀ ਵੱਡੀ ਕੀਮਤ ਚੁਕਾਈ! (ਰੋਮੀਆਂ 3:23) ਹਰ ਰੋਜ਼ ਸਾਨੂੰ ਅਹਿਸਾਸ ਹੁੰਦਾ ਹੈ ਕਿ ਅਸੀਂ ਪਾਪੀ ਹਾਂ ਅਤੇ ਗ਼ਲਤੀਆਂ ਕਰ ਬੈਠਦੇ ਹਾਂ। ਪਰ, ਯਿਸੂ ਦੇ ਬਲੀਦਾਨ ਉੱਤੇ ਨਿਹਚਾ ਕਰ ਕੇ ਅਸੀਂ ਪਰਮੇਸ਼ੁਰ ਤੋਂ ਮਾਫ਼ੀ ਮੰਗ ਸਕਦੇ ਹਾਂ। (1 ਯੂਹੰਨਾ 2:1, 2) ਇਸ ਬਲੀਦਾਨ ਕਰਕੇ ਅਸੀਂ ਦਲੇਰੀ ਨਾਲ ਚੱਲ ਸਕਦੇ ਹਾਂ ਅਤੇ ਪਰਮੇਸ਼ੁਰ ਦੀ ਦਇਆ ਤੇ ਕਿਰਪਾ ਹਾਸਲ ਕਰ ਸਕਦੇ ਹਾਂ। ਇਸ ਦੇ ਨਾਲ-ਨਾਲ ਸਾਡੀ ਜ਼ਮੀਰ ਸਾਫ਼ ਹੋ ਸਕਦੀ ਹੈ। (ਇਬਰਾਨੀਆਂ 4:14-16; 9:13, 14) ਇਸ ਤੋਂ ਇਲਾਵਾ, ਅਸੀਂ ਹਮੇਸ਼ਾ ਲਈ ਸੁੰਦਰ ਧਰਤੀ ਉੱਤੇ ਜੀਉਣ ਦੀ ਉਮੀਦ ਰੱਖ ਸਕਦੇ ਹਾਂ। (ਯੂਹੰਨਾ 17:3; ਪਰਕਾਸ਼ ਦੀ ਪੋਥੀ 21:3, 4) ਯਿਸੂ ਦੀ ਇਸ ਵੱਡੀ ਕੁਰਬਾਨੀ ਸਦਕਾ ਸਾਨੂੰ ਇਨ੍ਹਾਂ ਬਰਕਤਾਂ ਤੋਂ ਸਿਵਾਇ ਹੋਰ ਬਹੁਤ ਸਾਰੀਆਂ ਬਰਕਤਾਂ ਵੀ ਮਿਲ ਸਕਦੀਆਂ ਹਨ।

ਪ੍ਰਭੂ ਦੀ ਯਾਦਗਾਰ ਦੀ ਕਦਰ ਕਰੋ

ਪ੍ਰਭੂ ਦੀ ਯਾਦਗਾਰ “ਪਰਮੇਸ਼ੁਰ ਦੀ ਅੱਤ ਕਿਰਪਾ” ਦਾ ਸਬੂਤ ਹੈ। ਯਹੋਵਾਹ ਪਰਮੇਸ਼ੁਰ ਦਾ ਇੰਤਜ਼ਾਮ ਸੱਚ-ਮੁੱਚ ਉਹ ‘ਦਾਨ ਹੈ ਜਿਹੜਾ ਕਹਿਣ ਤੋਂ ਬਾਹਰ ਹੈ’ ਜਿਸ ਤੋਂ ਯਿਸੂ ਦਾ ਗਹਿਰਾ ਪਿਆਰ ਵੀ ਨਜ਼ਰ ਆਉਂਦਾ ਹੈ। (2 ਕੁਰਿੰਥੀਆਂ 9:14, 15) ਕੀ ਯਿਸੂ ਮਸੀਹ ਰਾਹੀਂ ਪਰਮੇਸ਼ੁਰ ਦੀ ਭਲਾਈ ਦੇ ਇਹ ਪ੍ਰਗਟਾਵੇ ਤੁਹਾਡੇ ਦਿਲ ਵਿਚ ਕਦਰ ਤੇ ਸ਼ੁਕਰਗੁਜ਼ਾਰੀ ਪੈਦਾ ਕਰਦੇ ਹਨ?

ਸਾਨੂੰ ਪੂਰਾ ਯਕੀਨ ਹੈ ਕਿ ਤੁਸੀਂ ਇਸ ਪ੍ਰਬੰਧ ਲਈ ਜ਼ਰੂਰ ਸ਼ੁਕਰਗੁਜ਼ਾਰ ਹੋ। ਇਸ ਲਈ, ਅਸੀਂ ਤੁਹਾਨੂੰ ਸੱਦਾ ਦਿੰਦੇ ਹਾਂ ਕਿ ਤੁਸੀਂ ਯਿਸੂ ਦੀ ਮੌਤ ਦੀ ਯਾਦਗਾਰ ਮਨਾਉਣ ਲਈ ਯਹੋਵਾਹ ਦੇ ਗਵਾਹਾਂ ਨਾਲ ਮਿਲੋ। ਇਸ ਸਾਲ ਇਹ ਯਾਦਗਾਰ ਬੁੱਧਵਾਰ 16 ਅਪ੍ਰੈਲ ਨੂੰ ਸੂਰਜ ਡੁੱਬਣ ਤੋਂ ਬਾਅਦ ਮਨਾਈ ਜਾਵੇਗੀ। ਤੁਹਾਡੇ ਇਲਾਕੇ ਵਿਚ ਯਹੋਵਾਹ ਦੇ ਗਵਾਹ ਇਸ ਅਹਿਮ ਤਿਉਹਾਰ ਮਨਾਉਣ ਦੇ ਸਮੇਂ ਅਤੇ ਜਗ੍ਹਾ ਬਾਰੇ ਤੁਹਾਨੂੰ ਦੱਸ ਸਕਦੇ ਹਨ।

[ਸਫ਼ੇ 6 ਉੱਤੇ ਡੱਬੀ/​ਤਸਵੀਰਾਂ ]

“ਇਹ ਮੇਰਾ ਸਰੀਰ ਹੈ”

ਜਦੋਂ ਯਿਸੂ ਨੇ ਕਿਹਾ ਸੀ ਕਿ “ਬੂਹਾ ਮੈਂ ਹਾਂ” ਅਤੇ “ਮੈਂ ਸੱਚੀ ਅੰਗੂਰ ਦੀ ਬੇਲ ਹਾਂ,” ਕਿਸੇ ਨੇ ਇਹ ਨਹੀਂ ਸੋਚਿਆ ਕਿ ਉਹ ਸੱਚ-ਮੁੱਚ ਇਕ ਬੂਹਾ ਜਾਂ ਵੇਲ ਸੀ। (ਯੂਹੰਨਾ 10:7; 15:1) ਇਸੇ ਤਰ੍ਹਾਂ, ਜਦੋਂ ਬਾਈਬਲ ਯਿਸੂ ਦੇ ਇਨ੍ਹਾਂ ਸ਼ਬਦਾਂ ਬਾਰੇ ਦੱਸਦੀ ਹੈ ਕਿ “ਇਹ ਪਿਆਲਾ . . . ਨਵਾਂ ਨੇਮ ਹੈ,” ਤਾਂ ਇਸ ਦਾ ਇਹ ਮਤਲਬ ਨਹੀਂ ਸੀ ਕਿ ਪਿਆਲਾ ਸੱਚ-ਮੁੱਚ ਨਵਾਂ ਨੇਮ ਸੀ। ਇਸ ਲਈ, ਜਦੋਂ ਉਸ ਨੇ ਇਹ ਵੀ ਕਿਹਾ ਕਿ ਰੋਟੀ ਉਸ ਦਾ ਸਰੀਰ ਸੀ, ਤਾਂ ਇਸ ਵਿਚ ਕੋਈ ਸ਼ੱਕ ਨਹੀਂ ਕਿ ਰੋਟੀ ਯਿਸੂ ਦੇ ਸਰੀਰ ਨੂੰ ਦਰਸਾਉਂਦੀ ਸੀ। ਇਸ ਤਰ੍ਹਾਂ ਬਾਈਬਲ ਦਾ ਇਕ ਹੋਰ ਤਰਜਮਾ ਕਹਿੰਦਾ ਹੈ ਕਿ “ਇਹ ਮੇਰੇ ਸਰੀਰ ਨੂੰ ਦਰਸਾਉਂਦੀ ਹੈ।”—ਲੂਕਾ 22:19, 20.

[ਸਫ਼ੇ 5 ਉੱਤੇ ਤਸਵੀਰ]

ਰੋਟੀ ਅਤੇ ਮੈ ਯਿਸੂ ਦੇ ਸੰਪੂਰਣ ਸਰੀਰ ਅਤੇ ਉਸ ਦੇ ਵਹਾਏ ਗਏ ਲਹੂ ਦੇ ਪ੍ਰਤੀਕ ਹਨ

[ਸਫ਼ੇ 7 ਉੱਤੇ ਤਸਵੀਰ]

ਪ੍ਰਭੂ ਦੀ ਯਾਦਗਾਰ ਸਾਨੂੰ ਯਹੋਵਾਹ ਪਰਮੇਸ਼ੁਰ ਅਤੇ ਯਿਸੂ ਮਸੀਹ ਦੇ ਗਹਿਰੇ ਪਿਆਰ ਦੀ ਯਾਦ ਦਿਲਾਉਂਦੀ ਹੈ

[ਫੁਟਨੋਟ]

^ ਪੈਰਾ 19 ਯਿਸੂ ਦੇ ਬਲੀਦਾਨ ਬਾਰੇ ਪੂਰੀ ਤਰ੍ਹਾਂ ਜਾਣਨ ਲਈ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ ਨਾਂ ਦੀ ਪੁਸਤਕ ਦੇਖੋ। ਇਹ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।