Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਵੱਖ-ਵੱਖ ਬਾਈਬਲ ਤਰਜਮਿਆਂ ਵਿਚ ਜ਼ਬੂਰਾਂ ਦੀ ਪੋਥੀ ਦੇ ਨੰਬਰਾਂ ਵਿਚ ਫ਼ਰਕ ਕਿਉਂ ਹੈ?

ਰੌਬਰਟ ਏਸਟੀਐਨ ਨੇ ਸੰਨ 1553 ਵਿਚ ਫਰਾਂਸੀਸੀ ਭਾਸ਼ਾ ਵਿਚ ਇਕ ਬਾਈਬਲ ਛਾਪੀ। ਇਹ ਪਹਿਲੀ ਪੂਰੀ ਬਾਈਬਲ ਸੀ ਜਿਸ ਨੂੰ ਅਧਿਆਵਾਂ ਤੇ ਆਇਤਾਂ ਵਿਚ ਵੰਡਿਆ ਗਿਆ ਸੀ। ਲੇਕਿਨ, ਇਸ ਤਰ੍ਹਾਂ ਲੱਗਦਾ ਹੈ ਕਿ ਜ਼ਬੂਰਾਂ ਦੀ ਪੋਥੀ ਇਸ ਸਮੇਂ ਤੋਂ ਬਹੁਤ ਚਿਰ ਪਹਿਲਾਂ ਹੀ ਅਧਿਆਵਾਂ ਤੇ ਆਇਤਾਂ ਵਿਚ ਵੰਡੀ ਗਈ ਸੀ। ਦਰਅਸਲ, ਇਹ ਵੱਖਰੇ-ਵੱਖਰੇ ਲੋਕਾਂ ਦੁਆਰਾ ਲਿਖੀ ਗਈ ਜੁਦੇ-ਜੁਦੇ ਜ਼ਬੂਰਾਂ ਜਾਂ ਗਾਣਿਆਂ ਦੀ ਬਣੀ ਹੋਈ ਇਕ ਪੁਸਤਕ ਹੈ।

ਇਵੇਂ ਲੱਗਦਾ ਹੈ ਕਿ ਯਹੋਵਾਹ ਨੇ ਪਹਿਲਾ ਦਾਊਦ ਨੂੰ ਭਜਨ ਇਕੱਠੇ ਕਰਨ ਲਈ ਕਿਹਾ ਜੋ ਉਸ ਦੀ ਉਪਾਸਨਾ ਵਿਚ ਗਾਏ ਜਾਣੇ ਸਨ। (1 ਇਤਹਾਸ 15:16-24) ਮੰਨਿਆ ਜਾਂਦਾ ਹੈ ਕਿ ਅਜ਼ਰਾ, ਜੋ ਇਕ ਜਾਜਕ ਅਤੇ ਲਿਖਾਰੀ ਸੀ, ਨੇ ਬਾਅਦ ਵਿਚ ਸਾਰਿਆਂ ਜ਼ਬੂਰਾਂ ਨੂੰ ਇੱਕੋ ਪੋਥੀ ਵਿਚ ਇਕੱਠਾ ਕੀਤਾ। (ਨਹਮਯਾਹ 8:1) ਸੋ ਦੇਖਿਆ ਜਾ ਸਕਦਾ ਹੈ ਕਿ ਇਹ ਪੋਥੀ ਵੱਖਰੇ-ਵੱਖਰੇ ਜ਼ਬੂਰਾਂ ਦੀ ਬਣੀ ਹੋਈ ਹੈ।

ਆਪਣੀ ਪਹਿਲੀ ਮਿਸ਼ਨਰੀ ਯਾਤਰਾ ਦੌਰਾਨ ਜਦ ਪੌਲੁਸ ਰਸੂਲ ਅੰਤਾਕਿਯਾ ਦੀ ਹੈਕਲ ਵਿਚ ਭਾਸ਼ਣ ਦੇ ਰਿਹਾ ਸੀ, ਉਸ ਨੇ ਜ਼ਬੂਰਾਂ ਦੀ ਪੋਥੀ ਤੋਂ ਇਕ ਹਵਾਲਾ ਦੇ ਕੇ ਕਿਹਾ: “ਜਿਵੇਂ ਦੂਜੇ ਜ਼ਬੂਰ ਵਿੱਚ ਵੀ ਲਿਖਿਆ ਹੋਇਆ ਹੈ ਕਿ ਤੂੰ ਮੇਰਾ ਪੁੱਤ੍ਰ ਹੈਂ, ਅੱਜ ਤੂੰ ਮੈਥੋਂ ਜੰਮਿਆ।” (ਰਸੂਲਾਂ ਦੇ ਕਰਤੱਬ 13:33) ਅੱਜ ਦੀਆਂ ਬਾਈਬਲਾਂ ਵਿਚ ਵੀ ਇਹੀ ਸ਼ਬਦ ਦੂਜੇ ਜ਼ਬੂਰ ਦੀ 7ਵੀਂ ਆਇਤ ਵਿਚ ਦਰਜ ਹਨ। ਲੇਕਿਨ, ਕਈ ਬਾਈਬਲਾਂ ਵਿਚ ਜ਼ਬੂਰਾਂ ਦੇ ਨੰਬਰਾਂ ਵਿਚ ਫ਼ਰਕ ਹੈ। ਇਹ ਇਸ ਲਈ ਹੈ ਕਿਉਂਕਿ ਕੁਝ ਬਾਈਬਲਾਂ ਇਬਰਾਨੀ ਮਸੋਰਾ ਹੱਥ-ਲਿਖਤ ਤੋਂ ਅਨੁਵਾਦ ਕੀਤੀਆਂ ਗਈਆਂ ਹਨ ਅਤੇ ਦੂਸਰੀਆਂ ਯੂਨਾਨੀ ਸੈਪਟੁਜਿੰਟ ਤੋਂ। ਯੂਨਾਨੀ ਸੈਪਟੁਜਿੰਟ ਦੂਜੀ ਸਦੀ ਸਾ.ਯੁ.ਪੂ. ਵਿਚ ਇਬਰਾਨੀ ਤੋਂ ਅਨੁਵਾਦ ਕੀਤੀ ਗਈ ਸੀ। ਮਿਸਾਲ ਲਈ, ਕਈ ਕੈਥੋਲਿਕ ਬਾਈਬਲਾਂ ਲੈਟਿਨ ਵਲਗੇਟ ਤੋਂ ਅਨੁਵਾਦ ਕੀਤੀਆਂ ਗਈਆਂ ਹਨ ਜਿਸ ਵਿਚ ਜ਼ਬੂਰਾਂ ਦੇ ਨੰਬਰ ਸੈਪਟੁਜਿੰਟ ਦੇ ਅਨੁਸਾਰ ਹਨ। ਦੂਸਰੇ ਪਾਸੇ ਨਿਊ ਵਰਲਡ ਟ੍ਰਾਂਸਲੇਸ਼ਨ ਅਤੇ ਕਈ ਹੋਰ ਬਾਈਬਲਾਂ ਇਬਰਾਨੀ ਲਿਖਤ ਦੇ ਅਨੁਸਾਰ ਹਨ।

ਤਾਂ ਫਿਰ, ਨੰਬਰਾਂ ਵਿਚ ਕਿਹੜੇ ਕੁਝ ਖ਼ਾਸ ਫ਼ਰਕ ਹਨ? ਇਬਰਾਨੀ ਲਿਖਤ ਵਿਚ ਸਾਰੇ ਦੇ ਸਾਰੇ 150 ਜ਼ਬੂਰ ਹਨ। ਲੇਕਿਨ, ਸੈਪਟੁਜਿੰਟ ਜ਼ਬੂਰ 9 ਤੇ 10 ਨੂੰ ਇਕ ਜ਼ਬੂਰ ਬਣਾ ਦਿੰਦੀ ਹੈ ਅਤੇ 114 ਤੇ 115 ਨੂੰ ਵੀ ਇਕ ਬਣਾ ਦਿੰਦੀ ਹੈ। ਇਸ ਦੇ ਨਾਲ-ਨਾਲ, ਜ਼ਬੂਰ 116 ਤੇ 147 ਨੂੰ ਚਾਰ ਜ਼ਬੂਰਾਂ ਵਿਚ ਵੰਡਿਆ ਜਾਂਦਾ ਹੈ। ਫਿਰ ਵੀ ਦੋਵੇਂ ਇਬਰਾਨੀ ਅਤੇ ਯੂਨਾਨੀ ਲਿਖਤਾਂ ਵਿਚ 150 ਜ਼ਬੂਰ ਹੁੰਦੇ ਹਨ। ਪਰ ਜਦੋਂ ਅਸੀਂ ਸੈਪਟੁਜਿੰਟ ਵਿਚ ਜ਼ਬੂਰ 10 ਤੋਂ ਲੈ ਕੇ 146 ਤਕ ਗਿਣਦੇ ਹਾਂ, ਤਾਂ ਇਵੇਂ ਲੱਗਦਾ ਹੈ ਕਿ ਇਸ ਵਿਚ ਇਬਰਾਨੀ ਲਿਖਤ ਨਾਲੋਂ ਇਕ ਜ਼ਬੂਰ ਘੱਟ ਹੈ। ਇਸ ਲਈ, ਜਾਣਿਆ-ਪਛਾਣਿਆ 23ਵਾਂ ਜ਼ਬੂਰ, ਡੂਏ ਵਰਯਨ ਵਿਚ 23ਵਾਂ ਨਹੀਂ ਪਰ 22ਵਾਂ ਜ਼ਬੂਰ ਹੈ, ਜੋ ਯੂਨਾਨੀ ਸੈਪਟੁਜਿੰਟ ਦੇ ਅਨੁਸਾਰ ਹੈ।

ਅਖ਼ੀਰ ਵਿਚ, ਵੱਖਰੇ-ਵੱਖਰੇ ਅਨੁਵਾਦ ਜ਼ਬੂਰਾਂ ਦੀਆਂ ਆਇਤਾਂ ਦੇ ਨੰਬਰਾਂ ਵਿਚ ਵੀ ਫ਼ਰਕ ਕਰਦੇ ਹਨ। ਕਿਉਂ? ਇਕ ਕੋਸ਼ ਦੇ ਅਨੁਸਾਰ ਕੁਝ ਅਨੁਵਾਦਾਂ ਵਿਚ “ਯਹੂਦੀ ਰਿਵਾਜ ਦੇ ਮੁਤਾਬਕ ਅਭਿਲੇਖ (superscription) ਨੂੰ ਪਹਿਲੀ ਆਇਤ ਵਜੋਂ ਗਿਣਿਆ ਜਾਂਦਾ ਹੈ,” ਪਰ ਦੂਸਰੇ ਅਨੁਵਾਦ ਇਸ ਤਰ੍ਹਾਂ ਨਹੀਂ ਕਰਦੇ। ਅਸਲ ਵਿਚ, ਜੇ ਅਭਿਲੇਖ ਲੰਬਾ ਹੋਵੇ ਤਾਂ ਕਈ ਵਾਰ ਇਸ ਨੂੰ ਦੋ ਆਇਤਾਂ ਵਜੋਂ ਗਿਣਿਆ ਜਾਂਦਾ ਹੈ। ਨਤੀਜੇ ਵਜੋਂ ਜ਼ਬੂਰ ਦੀਆਂ ਆਇਤਾਂ ਵਧ ਜਾਂਦੀਆਂ ਹਨ।