“ਪਰਮੇਸ਼ੁਰ ਦੇ ਨੇੜੇ ਜਾਓ”
“ਪਰਮੇਸ਼ੁਰ ਦੇ ਨੇੜੇ ਜਾਓ”
“ਪਰਮੇਸ਼ੁਰ ਦੇ ਨੇੜੇ ਜਾਓ ਤਾਂ ਉਹ ਤੁਹਾਡੇ ਨੇੜੇ ਆਵੇਗਾ।”—ਯਾਕੂਬ 4:8.
1, 2. (ੳ) ਲੋਕ ਅਕਸਰ ਕਿਹੜਾ ਦਾਅਵਾ ਕਰਦੇ ਹਨ? (ਅ) ਯਾਕੂਬ ਨੇ ਕਿਹੜੀ ਪ੍ਰੇਰਣਾ ਦਿੱਤੀ ਸੀ ਅਤੇ ਇਹ ਕਿਉਂ ਜ਼ਰੂਰੀ ਸੀ?
“ਪਰਮੇਸ਼ੁਰ ਸਾਡੇ ਨਾਲ ਹੈ।” ਇਹ ਸ਼ਬਦ ਰਾਸ਼ਟਰੀ ਪ੍ਰਤੀਕਾਂ ਅਤੇ ਸਿਪਾਹੀਆਂ ਦੀਆਂ ਵਰਦੀਆਂ ਉੱਤੇ ਦੇਖਣ ਨੂੰ ਮਿਲਦੇ ਹਨ। ਕਈ ਦੇਸ਼ਾਂ ਦੇ ਸਿੱਕਿਆਂ ਅਤੇ ਨੋਟਾਂ ਉੱਤੇ ਲਿਖਿਆ ਹੋਇਆ ਹੈ, “ਸਾਡਾ ਭਰੋਸਾ ਪਰਮੇਸ਼ੁਰ ਉੱਤੇ ਹੈ।” ਲੋਕ ਅਕਸਰ ਦਾਅਵਾ ਕਰਦੇ ਹਨ ਕਿ ਉਨ੍ਹਾਂ ਦਾ ਪਰਮੇਸ਼ੁਰ ਨਾਲ ਗੂੜ੍ਹਾ ਰਿਸ਼ਤਾ ਹੈ। ਪਰ ਕੀ ਤੁਸੀਂ ਇਸ ਗੱਲ ਨਾਲ ਸਹਿਮਤ ਨਹੀਂ ਹੋਵੋਗੇ ਕਿ ਪਰਮੇਸ਼ੁਰ ਨਾਲ ਆਪਣੇ ਰਿਸ਼ਤੇ ਬਾਰੇ ਸਿਰਫ਼ ਗੱਲ ਕਰਨ ਜਾਂ ਨਾਅਰੇ ਲਿਖਣ ਦੀ ਬਜਾਇ ਕੁਝ ਹੋਰ ਕਰਨ ਦੀ ਵੀ ਲੋੜ ਹੈ?
2 ਬਾਈਬਲ ਦੱਸਦੀ ਹੈ ਕਿ ਪਰਮੇਸ਼ੁਰ ਨਾਲ ਰਿਸ਼ਤਾ ਕਾਇਮ ਕਰਨਾ ਮੁਸ਼ਕਲ ਨਹੀਂ ਹੈ। ਪਰ ਇਸ ਦੇ ਲਈ ਸਾਨੂੰ ਜਤਨ ਕਰਨ ਦੀ ਲੋੜ ਹੈ। ਪਹਿਲੀ ਸਦੀ ਦੇ ਕੁਝ ਮਸਹ ਕੀਤੇ ਹੋਏ ਮਸੀਹੀਆਂ ਨੂੰ ਵੀ ਯਹੋਵਾਹ ਪਰਮੇਸ਼ੁਰ ਨਾਲ ਆਪਣਾ ਰਿਸ਼ਤਾ ਗੂੜ੍ਹਾ ਕਰਨ ਦੀ ਲੋੜ ਸੀ। ਮਸੀਹੀ ਨਿਗਾਹਬਾਨ ਯਾਕੂਬ ਨੇ ਵੀ ਕੁਝ ਮਸੀਹੀਆਂ ਨੂੰ ਉਨ੍ਹਾਂ ਦੀਆਂ ਸਰੀਰਕ ਇੱਛਾਵਾਂ ਬਾਰੇ ਚੇਤਾਵਨੀ ਦਿੱਤੀ ਸੀ ਅਤੇ ਅਧਿਆਤਮਿਕ ਤੌਰ ਤੇ ਸ਼ੁੱਧ ਰਹਿਣ ਲਈ ਕਿਹਾ ਸੀ। ਇਸ ਚੇਤਾਵਨੀ ਦੇ ਨਾਲ-ਨਾਲ ਉਸ ਨੇ ਇਹ ਪ੍ਰਭਾਵਸ਼ਾਲੀ ਪ੍ਰੇਰਣਾ ਵੀ ਦਿੱਤੀ ਸੀ: “ਪਰਮੇਸ਼ੁਰ ਦੇ ਨੇੜੇ ਜਾਓ ਤਾਂ ਉਹ ਤੁਹਾਡੇ ਨੇੜੇ ਆਵੇਗਾ।” (ਯਾਕੂਬ 4:1-12) “ਨੇੜੇ ਜਾਓ” ਸ਼ਬਦਾਂ ਤੋਂ ਯਾਕੂਬ ਦਾ ਕੀ ਮਤਲਬ ਸੀ?
3, 4. (ੳ) ਯਾਕੂਬ ਨੇ “ਪਰਮੇਸ਼ੁਰ ਦੇ ਨੇੜੇ ਜਾਓ” ਸ਼ਬਦ ਵਰਤ ਕੇ ਪਹਿਲੀ ਸਦੀ ਦੇ ਮਸੀਹੀਆਂ ਨੂੰ ਕੀ ਚੇਤੇ ਕਰਾਇਆ ਹੋਵੇਗਾ? (ਅ) ਅਸੀਂ ਕਿਉਂ ਯਕੀਨ ਕਰ ਸਕਦੇ ਹਾਂ ਕਿ ਯਹੋਵਾਹ ਦੇ ਨੇੜੇ ਜਾਣਾ ਮੁਮਕਿਨ ਹੈ?
3 ਯਾਕੂਬ ਨੇ ਅਜਿਹੇ ਸ਼ਬਦ ਇਸਤੇਮਾਲ ਕੀਤੇ ਜੋ ਉਸ ਦੀ ਪੱਤਰੀ ਪੜ੍ਹਨ ਵਾਲੇ ਮਸੀਹੀ ਸਮਝ ਸਕਦੇ ਸਨ। ਮੂਸਾ ਦੀ ਬਿਵਸਥਾ ਵਿਚ ਜਾਜਕਾਂ ਨੂੰ ਖ਼ਾਸ ਹਿਦਾਇਤਾਂ ਦਿੱਤੀਆਂ ਗਈਆਂ ਸਨ ਕਿ ਉਹ ਲੋਕਾਂ ਦੀ ਖ਼ਾਤਰ ਯਹੋਵਾਹ ਦੇ “ਨੇੜੇ” ਕਿਵੇਂ ਜਾ ਸਕਦੇ ਸਨ। (ਕੂਚ 19:22) ਇਸ ਤਰ੍ਹਾਂ ਯਾਕੂਬ ਨੇ ਮਸੀਹੀਆਂ ਨੂੰ ਚੇਤੇ ਕਰਾਇਆ ਹੋਵੇਗਾ ਕਿ ਯਹੋਵਾਹ ਦੇ ਨੇੜੇ ਜਾਣਾ ਕੋਈ ਮਾਮੂਲੀ ਗੱਲ ਨਹੀਂ ਸੀ। ਸਾਰੇ ਵਿਸ਼ਵ ਵਿਚ ਯਹੋਵਾਹ ਹੀ ਸਭ ਤੋਂ ਮਹਾਨ ਹਸਤੀ ਹੈ।
4 ਦੂਜੇ ਪਾਸੇ, ਬਾਈਬਲ ਦਾ ਇਕ ਵਿਦਵਾਨ ਕਹਿੰਦਾ ਹੈ ਕਿ ‘ਸਾਨੂੰ ਯਾਕੂਬ 4:8 ਤੋਂ ਇਕ ਵਧੀਆ ਉਮੀਦ ਮਿਲਦੀ ਹੈ।’ ਯਾਕੂਬ ਜਾਣਦਾ ਸੀ ਕਿ ਯਹੋਵਾਹ ਹਮੇਸ਼ਾ ਪਿਆਰ ਨਾਲ ਅਪੂਰਣ ਇਨਸਾਨਾਂ ਨੂੰ ਆਪਣੇ ਨੇੜੇ ਆਉਣ ਦਾ ਸੱਦਾ ਦਿੰਦਾ ਹੈ। (2 ਇਤਹਾਸ 15:2) ਅਸੀਂ ਯਿਸੂ ਦੇ ਬਲੀਦਾਨ ਵਿਚ ਨਿਹਚਾ ਕਰ ਕੇ ਹੀ ਯਹੋਵਾਹ ਦੇ ਨੇੜੇ ਜਾ ਸਕਦੇ ਹਾਂ। (ਅਫ਼ਸੀਆਂ 3:11, 12) ਪਰਮੇਸ਼ੁਰ ਦੇ ਨੇੜੇ ਜਾਣ ਦਾ ਇਹ ਰਾਹ ਅੱਜ ਲੱਖਾਂ ਹੀ ਲੋਕਾਂ ਲਈ ਖੁੱਲ੍ਹਾ ਹੈ! ਪਰ ਅਸੀਂ ਇਸ ਸ਼ਾਨਦਾਰ ਮੌਕੇ ਤੋਂ ਫ਼ਾਇਦਾ ਲੈਣ ਲਈ ਕੀ ਕਰ ਸਕਦੇ ਹਾਂ? ਅਸੀਂ ਤਿੰਨ ਤਰੀਕਿਆਂ ਉੱਤੇ ਸੋਚ-ਵਿਚਾਰ ਕਰਾਂਗੇ ਜਿਨ੍ਹਾਂ ਦੀ ਮਦਦ ਨਾਲ ਅਸੀਂ ਯਹੋਵਾਹ ਦੇ ਨੇੜੇ ਜਾ ਸਕਦੇ ਹਾਂ।
ਪਰਮੇਸ਼ੁਰ ਨੂੰ ਚੰਗੀ ਤਰ੍ਹਾਂ ‘ਜਾਣੋ’
5, 6. ਸਮੂਏਲ ਦੀ ਮਿਸਾਲ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਨੂੰ “ਜਾਣਨ” ਲਈ ਕੀ ਕਰਨ ਦੀ ਲੋੜ ਹੈ?
5ਯੂਹੰਨਾ 17:3 ਵਿਚ ਯਿਸੂ ਨੇ ਕਿਹਾ: “ਸਦੀਪਕ ਜੀਉਣ ਇਹ ਹੈ ਕਿ ਓਹ ਤੈਨੂੰ ਜੋ ਸੱਚਾ ਵਾਹਿਦ ਪਰਮੇਸ਼ੁਰ ਹੈ ਅਤੇ ਯਿਸੂ ਮਸੀਹ ਨੂੰ ਜਿਹ ਨੂੰ ਤੈਂ ਘੱਲਿਆ ਜਾਣਨ।” ਨਿਊ ਵਰਲਡ ਟ੍ਰਾਂਸਲੇਸ਼ਨ ਵਿਚ ਕਿਹਾ ਗਿਆ ਹੈ ਕਿ ਪਰਮੇਸ਼ੁਰ ਦਾ ਗਿਆਨ ਲੈਂਦੇ ਰਹੋ। ਪਰ ਪੰਜਾਬੀ ਬਾਈਬਲ ਵਾਂਗ ਬਹੁਤ ਸਾਰੇ ਤਰਜਮਿਆਂ ਵਿਚ “ਜਾਣੋ” ਕ੍ਰਿਆ ਦਾ ਇਸਤੇਮਾਲ ਕੀਤਾ ਗਿਆ ਹੈ। ਪਰ ਬਹੁਤ ਸਾਰੇ ਵਿਦਵਾਨ ਕਹਿੰਦੇ ਹਨ ਕਿ ਮੁਢਲੀ ਯੂਨਾਨੀ ਭਾਸ਼ਾ ਵਿਚ ਵਰਤੇ ਇਸ ਸ਼ਬਦ ਦੇ ਅਰਥ ਅਨੁਸਾਰ ਕੁਝ ਜ਼ਿਆਦਾ ਕਰਨ ਦੀ ਲੋੜ ਹੈ। ਕਹਿਣ ਦਾ ਮਤਲਬ ਹੈ ਕਿ ਸਾਨੂੰ ਕਿਸੇ ਬਾਰੇ ਲਗਾਤਾਰ ਜਾਣਕਾਰੀ ਲੈਂਦੇ ਰਹਿਣਾ ਚਾਹੀਦਾ ਹੈ ਤਾਂਕਿ ਉਸ ਨਾਲ ਸਾਡਾ ਰਿਸ਼ਤਾ ਪੱਕਾ ਹੋ ਸਕੇ।
6 ਯਿਸੂ ਦੇ ਦਿਨਾਂ ਵਿਚ ਇਹ ਕੋਈ ਨਵੀਂ ਗੱਲ ਨਹੀਂ ਸੀ ਕਿ ਲੋਕਾਂ ਨੂੰ ਪਰਮੇਸ਼ੁਰ ਬਾਰੇ ਚੰਗੀ ਤਰ੍ਹਾਂ ਜਾਣਨ ਦੀ ਲੋੜ ਸੀ। ਮਿਸਾਲ ਲਈ, ਇਬਰਾਨੀ ਸ਼ਾਸਤਰਾਂ ਵਿਚ ਅਸੀਂ ਪੜ੍ਹਦੇ ਹਾਂ ਕਿ ਸਮੂਏਲ ਨੇ ਛੋਟੇ ਹੁੰਦਿਆਂ “ਅਜੇ ਯਹੋਵਾਹ ਨੂੰ ਨਹੀਂ ਸਿਆਤਾ ਸੀ।” (1 ਸਮੂਏਲ 3:7) ਕੀ ਇਸ ਦਾ ਇਹ ਮਤਲਬ ਹੈ ਕਿ ਸਮੂਏਲ ਪਰਮੇਸ਼ੁਰ ਬਾਰੇ ਕੁਝ ਵੀ ਨਹੀਂ ਜਾਣਦਾ ਸੀ? ਨਹੀਂ। ਉਸ ਦੇ ਮਾਪਿਆਂ ਅਤੇ ਜਾਜਕਾਂ ਨੇ ਉਸ ਨੂੰ ਪਰਮੇਸ਼ੁਰ ਬਾਰੇ ਜ਼ਰੂਰ ਕਾਫ਼ੀ ਕੁਝ ਸਿਖਾਇਆ ਹੋਵੇਗਾ। ਪਰ ਇਕ ਵਿਦਵਾਨ ਦੇ ਅਨੁਸਾਰ ਇਸ ਆਇਤ ਵਿਚ ਇਸਤੇਮਾਲ ਕੀਤੇ ਗਏ ਇਬਰਾਨੀ ਸ਼ਬਦ ਨੂੰ “ਜਿਗਰੀ ਦੋਸਤ ਲਈ ਵੀ ਵਰਤਿਆ” ਜਾ ਸਕਦਾ ਹੈ। ਸਮੂਏਲ ਛੋਟਾ ਹੁੰਦਾ ਯਹੋਵਾਹ ਨੂੰ ਉੱਨੀ ਚੰਗੀ ਤਰ੍ਹਾਂ ਨਹੀਂ ਜਾਣਦਾ ਸੀ, ਜਿੰਨੀ ਚੰਗੀ ਤਰ੍ਹਾਂ ਉਹ ਬਾਅਦ ਵਿਚ ਯਹੋਵਾਹ ਦੇ ਬੁਲਾਰੇ ਵਜੋਂ ਸੇਵਾ ਕਰਨ ਵੇਲੇ ਜਾਣਨ ਲੱਗ ਪਿਆ ਸੀ। ਜਿੱਦਾਂ-ਜਿੱਦਾਂ ਸਮੂਏਲ ਵੱਡਾ ਹੁੰਦਾ ਗਿਆ, ਉਹ ਯਹੋਵਾਹ ਬਾਰੇ ਗਿਆਨ ਲੈਂਦਾ ਗਿਆ ਜਿਸ ਕਰਕੇ ਉਸ ਨਾਲ ਉਸ ਦਾ ਰਿਸ਼ਤਾ ਗੂੜ੍ਹਾ ਹੁੰਦਾ ਗਿਆ।—1 ਸਮੂਏਲ 3:19, 20.
7, 8. (ੳ) ਸਾਨੂੰ ਬਾਈਬਲ ਦੀਆਂ ਡੂੰਘੀਆਂ ਸਿੱਖਿਆਵਾਂ ਨੂੰ ਔਖੀਆਂ ਕਿਉਂ ਨਹੀਂ ਸਮਝਣਾ ਚਾਹੀਦਾ? (ਅ) ਪਰਮੇਸ਼ੁਰ ਦੇ ਬਚਨ ਵਿਚ ਕਿਹੜੀਆਂ ਕੁਝ ਡੂੰਘੀਆਂ ਸੱਚਾਈਆਂ ਹਨ ਜਿਨ੍ਹਾਂ ਬਾਰੇ ਸਾਨੂੰ ਅਧਿਐਨ ਕਰਨਾ ਚਾਹੀਦਾ ਹੈ?
7 ਕੀ ਤੁਸੀਂ ਯਹੋਵਾਹ ਬਾਰੇ ਗਿਆਨ ਲੈ ਰਹੇ ਹੋ ਤਾਂਕਿ ਤੁਸੀਂ ਉਸ ਨੂੰ ਚੰਗੀ ਤਰ੍ਹਾਂ ਜਾਣ ਸਕੋ? ਇਸ ਤਰ੍ਹਾਂ ਕਰਨ ਲਈ ਤੁਹਾਨੂੰ ਪਰਮੇਸ਼ੁਰ ਵੱਲੋਂ ਦਿੱਤੇ ਜਾਂਦੇ ਅਧਿਆਤਮਿਕ ਭੋਜਨ ਲਈ “ਲੋਚ” ਪੈਦਾ ਕਰਨ ਦੀ ਲੋੜ ਹੈ। (1 ਪਤਰਸ 2:2) ਸਿਰਫ਼ ਬਾਈਬਲ ਦੀਆਂ ਮੂਲ ਸਿੱਖਿਆਵਾਂ ਨਾਲ ਹੀ ਸੰਤੁਸ਼ਟ ਨਾ ਹੋਵੋ। ਬਾਈਬਲ ਦੀਆਂ ਡੂੰਘੀਆਂ ਗੱਲਾਂ ਸਿੱਖਣ ਲਈ ਮਿਹਨਤ ਕਰੋ। (ਇਬਰਾਨੀਆਂ 5:12-14) ਕੀ ਤੁਹਾਨੂੰ ਇਹ ਸਿੱਖਿਆਵਾਂ ਸਮਝਣੀਆਂ ਔਖੀਆਂ ਲੱਗਦੀਆਂ ਹਨ? ਜੇ ਹਾਂ, ਤਾਂ ਯਾਦ ਰੱਖੋ ਕਿ ਯਹੋਵਾਹ ਸਾਡਾ ਮਹਾਨ “ਗੁਰੂ” ਹੈ। (ਯਸਾਯਾਹ 30:20) ਉਹ ਜਾਣਦਾ ਹੈ ਕਿ ਅਪੂਰਣ ਇਨਸਾਨਾਂ ਨੂੰ ਡੂੰਘੀਆਂ ਸੱਚਾਈਆਂ ਕਿਵੇਂ ਸਮਝਾਉਣੀਆਂ ਹਨ। ਇਨ੍ਹਾਂ ਸੱਚਾਈਆਂ ਨੂੰ ਸਮਝਣ ਲਈ ਦਿਲੋਂ ਕੀਤੇ ਤੁਹਾਡੇ ਜਤਨਾਂ ਤੇ ਉਹ ਬਰਕਤ ਪਾ ਸਕਦਾ ਹੈ।—ਜ਼ਬੂਰਾਂ ਦੀ ਪੋਥੀ 25:4.
8 “ਪਰਮੇਸ਼ੁਰ ਦੀਆਂ ਡੂੰਘੀਆਂ ਵਸਤਾਂ” ਯਾਨੀ ਕੁਝ ਸਿੱਖਿਆਵਾਂ ਦੇ ਸੰਬੰਧ ਵਿਚ ਕਿਉਂ ਨਾ ਤੁਸੀਂ ਆਪਣੇ ਆਪ ਦੀ ਜਾਂਚ ਕਰੋ? (1 ਕੁਰਿੰਥੀਆਂ 2:10) ਇਹ ਬੋਰ ਕਰਨ ਵਾਲੇ ਵਿਸ਼ੇ ਨਹੀਂ ਹਨ ਜਿਨ੍ਹਾਂ ਬਾਰੇ ਧਰਮ-ਸ਼ਾਸਤਰੀ ਤੇ ਪਾਦਰੀ ਬਹਿਸ ਕਰਦੇ ਹਨ। ਇਹ ਫ਼ਾਇਦੇਮੰਦ ਸਿੱਖਿਆਵਾਂ ਹਨ ਜਿਨ੍ਹਾਂ ਤੋਂ ਅਸੀਂ ਆਪਣੇ ਪਿਆਰੇ ਪਿਤਾ ਬਾਰੇ ਡੂੰਘੀਆਂ ਤੇ ਦਿਲਚਸਪ ਗੱਲਾਂ ਸਿੱਖ ਸਕਦੇ ਹਾਂ। ਮਿਸਾਲ ਲਈ, ਅਸੀਂ ਯਿਸੂ ਦੇ ਬਲੀਦਾਨ, ਪਰਮੇਸ਼ੁਰ ਦੇ “ਗੁਪਤ ਗਿਆਨ” ਅਤੇ ਵੱਖੋ-ਵੱਖਰੇ ਨੇਮ ਜਿਹੜੇ ਯਹੋਵਾਹ ਨੇ ਆਪਣੇ ਵਾਅਦੇ ਪੂਰੇ ਕਰਨ ਲਈ ਆਪਣੇ ਲੋਕਾਂ ਨਾਲ ਕੀਤੇ ਸਨ, ਬਾਰੇ ਸਿੱਖ ਸਕਦੇ ਹਾਂ। ਇਹ ਅਤੇ ਹੋਰ ਇਨ੍ਹਾਂ ਵਰਗੇ ਬਹੁਤ ਸਾਰੇ ਦਿਲਚਸਪ ਅਤੇ ਫ਼ਾਇਦੇਮੰਦ ਵਿਸ਼ੇ ਹਨ ਜਿਨ੍ਹਾਂ ਬਾਰੇ ਅਸੀਂ ਰਿਸਰਚ ਅਤੇ ਅਧਿਐਨ ਕਰ ਸਕਦੇ ਹਾਂ।—1 ਕੁਰਿੰਥੀਆਂ 2:7.
9, 10. (ੳ) ਘਮੰਡ ਖ਼ਤਰਨਾਕ ਕਿਉਂ ਹੈ ਅਤੇ ਕਿਹੜੀ ਗੱਲ ਘਮੰਡ ਤੋਂ ਬਚਣ ਵਿਚ ਸਾਡੀ ਮਦਦ ਕਰੇਗੀ? (ਅ) ਯਹੋਵਾਹ ਦੇ ਗਿਆਨ ਸੰਬੰਧੀ ਸਾਨੂੰ ਨਿਮਰ ਰਹਿਣ ਦੀ ਕੋਸ਼ਿਸ਼ ਕਿਉਂ ਕਰਨੀ ਚਾਹੀਦੀ ਹੈ?
9 ਡੂੰਘੀਆਂ ਅਧਿਆਤਮਿਕ ਸੱਚਾਈਆਂ ਬਾਰੇ ਆਪਣਾ ਗਿਆਨ ਵਧਾਉਣ ਦੇ ਨਾਲ-ਨਾਲ ਤੁਹਾਨੂੰ ਇਕ ਅਜਿਹੇ ਖ਼ਤਰੇ ਤੋਂ ਖ਼ਬਰਦਾਰ ਹੋਣ ਦੀ ਲੋੜ ਹੈ ਜੋ ਜ਼ਿਆਦਾ ਗਿਆਨ ਕਾਰਨ ਆ ਸਕਦਾ ਹੈ। ਉਹ ਹੈ ਘਮੰਡ। (1 ਕੁਰਿੰਥੀਆਂ 8:1) ਘਮੰਡ ਖ਼ਤਰਨਾਕ ਹੈ ਕਿਉਂਕਿ ਇਹ ਇਨਸਾਨਾਂ ਨੂੰ ਪਰਮੇਸ਼ੁਰ ਤੋਂ ਦੂਰ ਕਰ ਦਿੰਦਾ ਹੈ। (ਕਹਾਉਤਾਂ 16:5; ਯਾਕੂਬ 4:6) ਯਾਦ ਰੱਖੋ ਕਿ ਕਿਸੇ ਵੀ ਇਨਸਾਨ ਕੋਲ ਆਪਣੇ ਗਿਆਨ ਬਾਰੇ ਸ਼ੇਖ਼ੀ ਮਾਰਨ ਦਾ ਕੋਈ ਕਾਰਨ ਨਹੀਂ ਹੈ। ਮਿਸਾਲ ਲਈ, ਇਨਸਾਨਾਂ ਦੀਆਂ ਨਵੀਆਂ ਵਿਗਿਆਨਕ ਪ੍ਰਾਪਤੀਆਂ ਦਾ ਸਰਵੇਖਣ ਕਰਨ ਵਾਲੀ ਇਕ ਕਿਤਾਬ ਦੇ ਸ਼ੁਰੂ ਵਿਚ ਦਿੱਤੇ ਇਨ੍ਹਾਂ ਸ਼ਬਦਾਂ ਤੇ ਸੋਚ-ਵਿਚਾਰ ਕਰੋ: “ਜਿੰਨਾ ਜ਼ਿਆਦਾ ਅਸੀਂ ਸਿੱਖਦੇ ਹਾਂ, ਉੱਨਾ ਹੀ ਜ਼ਿਆਦਾ ਸਾਨੂੰ ਪਤਾ ਲੱਗਦਾ ਹੈ ਕਿ ਅਸੀਂ ਕਿੰਨਾ ਘੱਟ ਜਾਣਦੇ ਹਾਂ। . . . ਜੋ ਕੁਝ ਅਸੀਂ ਹੁਣ ਜਾਣਦੇ ਹਾਂ, ਉਹ ਉਸ ਦੀ ਤੁਲਨਾ ਵਿਚ ਕੁਝ ਵੀ ਨਹੀਂ ਹੈ ਜੋ ਅਸੀਂ ਅਜੇ ਸਿੱਖਣਾ ਹੈ।” ਅਜਿਹੀ ਨਿਮਰਤਾ ਦਿਖਾਉਣ ਨਾਲ ਖ਼ੁਸ਼ੀ ਮਿਲਦੀ ਹੈ। ਇਹ ਗੱਲ ਯਹੋਵਾਹ ਦੇ ਗਿਆਨ ਬਾਰੇ ਵੀ ਸਹੀ ਹੈ। ਇਹ ਸਾਡੇ ਨਿਮਰ ਹੋਣ ਦਾ ਬਹੁਤ ਵੱਡਾ ਕਾਰਨ ਹੈ। ਕਿਉਂ?
10 ਬਾਈਬਲ ਵਿਚ ਯਹੋਵਾਹ ਬਾਰੇ ਕੀਤੀਆਂ ਇਨ੍ਹਾਂ ਕੁਝ ਟਿੱਪਣੀਆਂ ਵੱਲ ਧਿਆਨ ਦਿਓ: “ਤੇਰੇ ਖਿਆਲ ਬਹੁਤ ਹੀ ਡੂੰਘੇ ਹਨ!” (ਜ਼ਬੂਰਾਂ ਦੀ ਪੋਥੀ 92:5) “[ਯਹੋਵਾਹ] ਦੀ ਸਮਝ ਦਾ ਕੋਈ ਪਾਰਾਵਾਰ ਨਹੀਂ ਹੈ।” (ਜ਼ਬੂਰਾਂ ਦੀ ਪੋਥੀ 147:5) “[ਯਹੋਵਾਹ] ਦੀ ਸਮਝ ਅਥਾਹ ਹੈ।” (ਯਸਾਯਾਹ 40:28) “ਵਾਹ, ਪਰਮੇਸ਼ੁਰ ਦਾ ਧਨ ਅਤੇ ਬੁੱਧ ਅਤੇ ਗਿਆਨ ਕੇਡਾ ਡੂੰਘਾ ਹੈ!” (ਰੋਮੀਆਂ 11:33) ਇਨ੍ਹਾਂ ਟਿੱਪਣੀਆਂ ਤੋਂ ਜ਼ਾਹਰ ਹੁੰਦਾ ਹੈ ਕਿ ਅਸੀਂ ਕਦੀ ਵੀ ਪੂਰੀ ਤਰ੍ਹਾਂ ਯਹੋਵਾਹ ਬਾਰੇ ਨਹੀਂ ਜਾਣ ਸਕਦੇ। (ਉਪਦੇਸ਼ਕ ਦੀ ਪੋਥੀ 3:11) ਉਸ ਨੇ ਸਾਨੂੰ ਬਹੁਤ ਸਾਰੀਆਂ ਸ਼ਾਨਦਾਰ ਗੱਲਾਂ ਸਿਖਾਈਆਂ ਹਨ। ਫਿਰ ਵੀ ਸਾਡੇ ਲਈ ਇੰਨਾ ਕੁਝ ਜਾਣਨਾ ਬਾਕੀ ਹੈ ਜਿਸ ਦਾ ਕੋਈ ਅੰਤ ਹੀ ਨਹੀਂ ਹੈ। ਕੀ ਇਨ੍ਹਾਂ ਗੱਲਾਂ ਤੋਂ ਸਾਨੂੰ ਖ਼ੁਸ਼ੀ ਨਹੀਂ ਮਿਲਦੀ ਤੇ ਅਸੀਂ ਨਿਮਰ ਨਹੀਂ ਹੁੰਦੇ? ਜਿੱਦਾਂ-ਜਿੱਦਾਂ ਸਾਡਾ ਗਿਆਨ ਵਧਦਾ ਜਾਂਦਾ ਹੈ, ਤਾਂ ਆਓ ਆਪਾਂ ਆਪਣੇ ਇਸ ਗਿਆਨ ਨੂੰ ਹਮੇਸ਼ਾ ਯਹੋਵਾਹ ਦੇ ਨੇੜੇ ਜਾਣ ਲਈ ਵਰਤੀਏ ਅਤੇ ਦੂਜਿਆਂ ਦੀ ਵੀ ਇਸ ਤਰ੍ਹਾਂ ਕਰਨ ਵਿਚ ਮਦਦ ਕਰੀਏ। ਸਾਨੂੰ ਕਦੇ ਵੀ ਇਸ ਗਿਆਨ ਨੂੰ ਆਪਣੇ ਆਪ ਨੂੰ ਦੂਜਿਆਂ ਨਾਲੋਂ ਉੱਚਾ ਚੁੱਕਣ ਲਈ ਨਹੀਂ ਵਰਤਣਾ ਚਾਹੀਦਾ।—ਮੱਤੀ 23:12; ਲੂਕਾ 9:48.
ਯਹੋਵਾਹ ਲਈ ਆਪਣੇ ਪਿਆਰ ਦਾ ਇਜ਼ਹਾਰ ਕਰੋ
11, 12. (ੳ) ਯਹੋਵਾਹ ਬਾਰੇ ਲਏ ਗਿਆਨ ਦਾ ਸਾਡੇ ਉੱਤੇ ਕੀ ਅਸਰ ਪੈਣਾ ਚਾਹੀਦਾ ਹੈ? (ਅ) ਕਿਹੜੀ ਗੱਲ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਲਈ ਸਾਡਾ ਪਿਆਰ ਸੱਚਾ ਹੈ ਕਿ ਨਹੀਂ?
11 ਪੌਲੁਸ ਰਸੂਲ ਨੇ ਗਿਆਨ ਦਾ ਸੰਬੰਧ ਪਿਆਰ ਨਾਲ ਜੋੜਿਆ। ਉਸ ਨੇ ਲਿਖਿਆ: “ਮੈਂ ਇਹ ਪ੍ਰਾਰਥਨਾ ਕਰਦਾ ਹਾਂ ਭਈ ਤੁਹਾਡਾ ਪ੍ਰੇਮ ਸਮਝ [“ਸਹੀ ਗਿਆਨ,” ਨਿ ਵ] ਅਤੇ ਸਭ ਪਰਕਾਰ ਦੇ ਬਿਬੇਕ ਨਾਲ ਹੋਰ ਤੋਂ ਹੋਰ ਵਧਦਾ ਚੱਲਿਆ ਜਾਵੇ।” (ਫ਼ਿਲਿੱਪੀਆਂ 1:9) ਯਹੋਵਾਹ ਅਤੇ ਉਸ ਦੇ ਮਕਸਦਾਂ ਬਾਰੇ ਜਿਹੜੀ ਵੀ ਅਸੀਂ ਬਹੁਮੁੱਲੀ ਸੱਚਾਈ ਸਿੱਖਦੇ ਹਾਂ, ਉਸ ਕਾਰਨ ਘਮੰਡ ਨਾਲ ਫੁੱਲਣ ਦੀ ਬਜਾਇ, ਸਾਨੂੰ ਆਪਣੇ ਸਵਰਗੀ ਪਿਤਾ ਲਈ ਆਪਣਾ ਪਿਆਰ ਗੂੜ੍ਹਾ ਕਰਨਾ ਚਾਹੀਦਾ ਹੈ।
12 ਇਹ ਸੱਚ ਹੈ ਕਿ ਬਹੁਤ ਸਾਰੇ ਲੋਕ ਪਰਮੇਸ਼ੁਰ ਨੂੰ ਪਿਆਰ ਕਰਨ ਦਾ ਦਾਅਵਾ ਤਾਂ ਕਰਦੇ ਹਨ, ਪਰ ਹੁੰਦਾ ਇਸ ਦੇ ਉਲਟ ਹੈ। ਸ਼ਾਇਦ ਉਨ੍ਹਾਂ ਨੂੰ ਲੱਗੇ ਕਿ ਉਨ੍ਹਾਂ ਦੀਆਂ ਭਾਵਨਾਵਾਂ ਸਹੀ ਹਨ। ਜੇ ਇਹ ਭਾਵਨਾਵਾਂ ਸਹੀ ਗਿਆਨ ਨਾਲ ਮੇਲ ਖਾਂਦੀਆਂ ਹਨ, ਤਾਂ ਬਹੁਤ ਚੰਗੀ ਗੱਲ ਹੈ, ਸਗੋਂ ਤਾਰੀਫ਼ ਦੇ ਕਾਬਲ ਹੈ। ਪਰ ਇਹ ਭਾਵਨਾਵਾਂ ਆਪਣੇ ਆਪ ਪਰਮੇਸ਼ੁਰ ਲਈ ਸੱਚਾ ਪਿਆਰ ਜ਼ਾਹਰ ਨਹੀਂ ਕਰਦੀਆਂ। ਕਿਉਂ ਨਹੀਂ ਕਰਦੀਆਂ? ਧਿਆਨ ਦਿਓ ਕਿ ਪਰਮੇਸ਼ੁਰ ਦਾ ਬਚਨ ਸੱਚੇ ਪਿਆਰ ਦਾ ਅਰਥ ਕੀ ਦੱਸਦਾ ਹੈ: “ਪਰਮੇਸ਼ੁਰ ਦਾ ਪ੍ਰੇਮ ਇਹ ਹੈ ਭਈ ਅਸੀਂ ਉਹ ਦੇ ਹੁਕਮਾਂ ਦੀ ਪਾਲਨਾ ਕਰੀਏ।” (1 ਯੂਹੰਨਾ 5:3) ਯਹੋਵਾਹ ਲਈ ਆਪਣੇ ਪਿਆਰ ਨੂੰ ਤਾਂ ਹੀ ਸੱਚਾ ਪਿਆਰ ਕਿਹਾ ਜਾ ਸਕਦਾ ਹੈ ਜੇ ਇਸ ਨੂੰ ਪਰਮੇਸ਼ੁਰ ਦੇ ਕਹਿਣੇ ਮੁਤਾਬਕ ਜ਼ਾਹਰ ਵੀ ਕੀਤਾ ਜਾਵੇ।
13. ਯਹੋਵਾਹ ਲਈ ਆਪਣਾ ਪਿਆਰ ਜ਼ਾਹਰ ਕਰਨ ਵਿਚ ਪਰਮੇਸ਼ੁਰ ਦਾ ਡਰ ਸਾਡੀ ਕਿਵੇਂ ਮਦਦ ਕਰੇਗਾ?
13 ਯਹੋਵਾਹ ਦਾ ਕਹਿਣਾ ਮੰਨਣ ਵਿਚ ਉਸ ਦਾ ਡਰ ਰੱਖਣਾ ਸਾਡੀ ਮਦਦ ਕਰੇਗਾ। ਯਹੋਵਾਹ ਲਈ ਇਹ ਡਰ ਅਤੇ ਗਹਿਰਾ ਆਦਰ ਸਾਡੇ ਵਿਚ ਉਦੋਂ ਪੈਦਾ ਹੁੰਦਾ ਹੈ ਜਦੋਂ ਅਸੀਂ ਉਸ ਬਾਰੇ ਗਿਆਨ ਲੈਂਦੇ ਹਾਂ ਅਤੇ ਉਸ ਦੀ ਪਵਿੱਤਰਤਾ, ਮਹਿਮਾ, ਸ਼ਕਤੀ, ਨਿਆਂ, ਬੁੱਧ ਅਤੇ ਪ੍ਰੇਮ ਬਾਰੇ ਸਿੱਖਦੇ ਹਾਂ। ਯਹੋਵਾਹ ਦੇ ਨੇੜੇ ਜਾਣ ਲਈ ਅਜਿਹਾ ਡਰ ਹੋਣਾ ਬਹੁਤ ਜ਼ਰੂਰੀ ਹੈ। ਜ਼ਬੂਰਾਂ ਦੀ ਪੋਥੀ 25:14 ਵੱਲ ਧਿਆਨ ਦਿਓ: “ਯਹੋਵਾਹ ਦਾ ਭੇਤ ਉਸ ਦੇ ਭੈ ਮੰਨਣ ਵਾਲਿਆਂ ਦੇ ਲਈ ਹੈ।” ਜੇ ਅਸੀਂ ਆਪਣੇ ਪਿਆਰੇ ਪਿਤਾ ਯਹੋਵਾਹ ਨੂੰ ਨਾਰਾਜ਼ ਕਰਨ ਤੋਂ ਡਰਦੇ ਹਾਂ, ਤਾਂ ਅਸੀਂ ਉਸ ਨਾਲ ਗੂੜ੍ਹਾ ਰਿਸ਼ਤਾ ਬਣਾ ਸਕਦੇ ਹਾਂ। ਪਰਮੇਸ਼ੁਰ ਦਾ ਡਰ ਕਹਾਉਤਾਂ 3:6 ਵਿਚ ਦਿੱਤੀ ਚੰਗੀ ਸਲਾਹ ਉੱਤੇ ਚੱਲਣ ਵਿਚ ਸਾਡੀ ਮਦਦ ਕਰੇਗਾ: “ਆਪਣੇ ਸਾਰਿਆਂ ਰਾਹਾਂ ਵਿੱਚ ਉਹ ਨੂੰ ਪਛਾਣ, ਅਤੇ ਉਹ ਤੇਰੇ ਮਾਰਗਾਂ ਨੂੰ ਸਿੱਧਾ ਕਰੇਗਾ।” ਇਸ ਦਾ ਕੀ ਮਤਲਬ ਹੈ?
14, 15. (ੳ) ਹਰ ਰੋਜ਼ ਸਾਨੂੰ ਕਿਹੜੇ ਕੁਝ ਫ਼ੈਸਲੇ ਕਰਨੇ ਪੈਂਦੇ ਹਨ? (ਅ) ਪਰਮੇਸ਼ੁਰ ਦਾ ਡਰ ਰੱਖਦੇ ਹੋਏ ਅਸੀਂ ਆਪਣੇ ਫ਼ੈਸਲੇ ਕਿਵੇਂ ਕਰ ਸਕਦੇ ਹਾਂ?
14 ਤੁਹਾਨੂੰ ਹਰ ਰੋਜ਼ ਛੋਟੇ ਤੇ ਵੱਡੇ ਫ਼ੈਸਲੇ ਕਰਨੇ ਪੈਂਦੇ ਹਨ। ਮਿਸਾਲ ਲਈ, ਤੁਸੀਂ ਆਪਣੇ ਨਾਲ ਕੰਮ ਕਰਨ ਵਾਲਿਆਂ, ਆਪਣੇ ਨਾਲ ਦੇ ਵਿਦਿਆਰਥੀਆਂ ਅਤੇ ਗੁਆਂਢੀਆਂ ਨਾਲ ਕਿਹੋ ਜਿਹੀ ਗੱਲਬਾਤ ਕਰੋਗੇ? (ਲੂਕਾ 6:45) ਕੀ ਤੁਸੀਂ ਆਪਣੇ ਕੰਮ ਵਿਚ ਸਖ਼ਤ ਮਿਹਨਤ ਕਰੋਗੇ ਜਾਂ ਆਲਸੀ ਬਣੋਗੇ? (ਕੁਲੁੱਸੀਆਂ 3:23) ਕੀ ਤੁਸੀਂ ਉਨ੍ਹਾਂ ਲੋਕਾਂ ਦੇ ਨਾਲ ਜ਼ਿਆਦਾ ਮਿਲੋ-ਗਿਲੋਗੇ ਜੋ ਯਹੋਵਾਹ ਨੂੰ ਘੱਟ ਪਿਆਰ ਕਰਦੇ ਹਨ ਜਾਂ ਕਰਦੇ ਹੀ ਨਹੀਂ ਹਨ? ਜਾਂ ਕੀ ਤੁਸੀਂ ਆਪਣੇ ਅਧਿਆਤਮਿਕ ਭੈਣ-ਭਰਾਵਾਂ ਨਾਲ ਆਪਣਾ ਰਿਸ਼ਤਾ ਗੂੜ੍ਹਾ ਕਰਨ ਦੀ ਕੋਸ਼ਿਸ਼ ਕਰੋਗੇ? (ਕਹਾਉਤਾਂ 13:20) ਕੀ ਤੁਸੀਂ ਪਰਮੇਸ਼ੁਰ ਦੇ ਰਾਜ ਦੇ ਕੰਮਾਂ ਨੂੰ ਅੱਗੇ ਵਧਾਉਣ ਲਈ ਛੋਟੇ ਤੋਂ ਛੋਟਾ ਕੰਮ ਕਰਨ ਲਈ ਵੀ ਤਿਆਰ ਰਹੋਗੇ? (ਮੱਤੀ 6:33) ਜੇ ਤੁਸੀਂ ਹਰ ਰੋਜ਼ ਆਪਣੇ ਫ਼ੈਸਲੇ ਕਰਨ ਵੇਲੇ ਬਾਈਬਲ ਦੇ ਇਨ੍ਹਾਂ ਸਿਧਾਂਤਾਂ ਨੂੰ ਧਿਆਨ ਵਿਚ ਰੱਖਦੇ ਹੋ, ਤਾਂ ਤੁਸੀਂ ਅਸਲ ਵਿਚ “ਆਪਣੇ ਸਾਰਿਆਂ ਰਾਹਾਂ ਵਿਚ” ਯਹੋਵਾਹ ਨੂੰ ਪਛਾਣ ਰਹੇ ਹੋ।
ਕਹਾਉਤਾਂ 27:11) ਇਸ ਵਧੀਆ ਤਰੀਕੇ ਨਾਲ ਪਰਮੇਸ਼ੁਰ ਦਾ ਡਰ ਰੱਖਣ ਦੁਆਰਾ ਅਸੀਂ ਯਹੋਵਾਹ ਲਈ ਆਪਣਾ ਪਿਆਰ ਜ਼ਾਹਰ ਕਰ ਸਕਦੇ ਹਾਂ। ਪਰਮੇਸ਼ੁਰ ਦਾ ਡਰ ਰੱਖਣ ਨਾਲ ਅਸੀਂ ਰੂਹਾਨੀ ਤੌਰ ਤੇ, ਨੈਤਿਕ ਤੌਰ ਤੇ ਅਤੇ ਸਰੀਰਕ ਤੌਰ ਤੇ ਵੀ ਸਾਫ਼ ਰਹਾਂਗੇ। ਧਿਆਨ ਦਿਓ ਕਿ ਮਸੀਹੀਆਂ ਨੂੰ ‘ਪਰਮੇਸ਼ੁਰ ਦੇ ਨੇੜੇ ਜਾਣ’ ਲਈ ਉਤਸ਼ਾਹਿਤ ਕਰਨ ਤੋਂ ਬਾਅਦ ਯਾਕੂਬ ਨੇ ਉਸੇ ਆਇਤ ਵਿਚ ਇਹ ਸਲਾਹ ਵੀ ਦਿੱਤੀ ਸੀ: “ਹੇ ਪਾਪੀਓ, ਆਪਣੇ ਹੱਥ ਸ਼ੁੱਧ ਕਰੋ ਅਤੇ ਹੇ ਦੁਚਿੱਤਿਓ, ਆਪਣੇ ਦਿਲਾਂ ਨੂੰ ਪਵਿੱਤਰ ਕਰੋ।”—ਯਾਕੂਬ 4:8.
15 ਅਸਲ ਵਿਚ ਹਰ ਫ਼ੈਸਲਾ ਕਰਨ ਲੱਗਿਆਂ ਸਾਨੂੰ ਇਹ ਗੱਲ ਧਿਆਨ ਵਿਚ ਰੱਖਣੀ ਚਾਹੀਦੀ ਹੈ: ਯਹੋਵਾਹ ਮੇਰੇ ਤੋਂ ਕੀ ਕਰਨ ਦੀ ਉਮੀਦ ਰੱਖਦਾ ਹੈ? ਕਿਹੜੀ ਗੱਲ ਜ਼ਿਆਦਾ ਉਸ ਨੂੰ ਖ਼ੁਸ਼ ਕਰੇਗੀ? (16. ਯਹੋਵਾਹ ਨੂੰ ਦੇਣ ਨਾਲ ਅਸੀਂ ਕੀ ਨਹੀਂ ਕਰ ਸਕਦੇ, ਤਾਂ ਵੀ ਅਸੀਂ ਯਹੋਵਾਹ ਨੂੰ ਕਿਉਂ ਦਿੰਦੇ ਹਾਂ?
16 ਇਹ ਸੱਚ ਹੈ ਕਿ ਪਰਮੇਸ਼ੁਰ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਨ ਲਈ ਸਿਰਫ਼ ਬੁਰਾਈ ਤੋਂ ਭੱਜਣਾ ਹੀ ਕਾਫ਼ੀ ਨਹੀਂ ਹੈ। ਪਿਆਰ ਸਾਨੂੰ ਚੰਗੇ ਕੰਮ ਕਰਨ ਲਈ ਵੀ ਉਕਸਾਉਂਦਾ ਹੈ। ਮਿਸਾਲ ਲਈ, ਯਹੋਵਾਹ ਦੀ ਖੁੱਲ੍ਹ-ਦਿਲੀ ਪ੍ਰਤੀ ਸਾਡਾ ਕੀ ਰਵੱਈਆ ਹੈ? ਯਾਕੂਬ ਨੇ ਲਿਖਿਆ: “ਹਰੇਕ ਚੰਗਾ ਦਾਨ ਅਤੇ ਹਰੇਕ ਪੂਰਨ ਦਾਤ ਉਤਾਹਾਂ ਤੋਂ ਹੈ ਅਤੇ ਜੋਤਾ ਦੇ ਪਿਤਾ ਵੱਲੋਂ ਉਤਰ ਆਉਂਦੀ ਹੈ।” (ਯਾਕੂਬ 1:17) ਯਹੋਵਾਹ ਨੂੰ ਆਪਣੀਆਂ ਚੀਜ਼ਾਂ ਦੇਣ ਨਾਲ ਅਸੀਂ ਉਸ ਨੂੰ ਮਾਲਾ-ਮਾਲ ਨਹੀਂ ਕਰਦੇ। ਉਸ ਕੋਲ ਪਹਿਲਾਂ ਹੀ ਸਭ ਕੁਝ ਹੈ। (ਜ਼ਬੂਰਾਂ ਦੀ ਪੋਥੀ 50:12) ਜਦੋਂ ਅਸੀਂ ਯਹੋਵਾਹ ਨੂੰ ਆਪਣਾ ਸਮਾਂ ਅਤੇ ਤਾਕਤ ਦਿੰਦੇ ਹਾਂ, ਤਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਉਸ ਦੀ ਕੋਈ ਲੋੜ ਪੂਰੀ ਕਰ ਰਹੇ ਹਾਂ ਜਿਸ ਨੂੰ ਉਹ ਆਪ ਪੂਰੀ ਨਹੀਂ ਕਰ ਸਕਦਾ। ਜੇ ਅਸੀਂ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਤੋਂ ਇਨਕਾਰ ਕਰ ਦੇਈਏ, ਤਾਂ ਉਹ ਪੱਥਰਾਂ ਨੂੰ ਵੀ ਬੋਲਣ ਲਈ ਕਹਿ ਸਕਦਾ ਹੈ! ਤਾਂ ਫਿਰ ਸਾਨੂੰ ਯਹੋਵਾਹ ਨੂੰ ਆਪਣੀਆਂ ਚੀਜ਼ਾਂ, ਸਮਾਂ ਅਤੇ ਤਾਕਤ ਦੇਣ ਦੀ ਕਿਉਂ ਲੋੜ ਹੈ? ਕਿਉਂਕਿ ਅਸੀਂ ਆਪਣੇ ਸਾਰੇ ਦਿਲ, ਸਾਰੀ ਜਾਨ, ਬੁੱਧ ਅਤੇ ਸ਼ਕਤੀ ਨਾਲ ਯਹੋਵਾਹ ਨਾਲ ਪਿਆਰ ਕਰਦੇ ਹਾਂ।—ਮਰਕੁਸ 12:29, 30.
17. ਯਹੋਵਾਹ ਨੂੰ ਖ਼ੁਸ਼ੀ ਨਾਲ ਦੇਣ ਲਈ ਕਿਹੜੀ ਗੱਲ ਸਾਨੂੰ ਪ੍ਰੇਰਿਤ ਕਰ ਸਕਦੀ ਹੈ?
17 ਜਦੋਂ ਅਸੀਂ ਯਹੋਵਾਹ ਨੂੰ ਕੁਝ ਦਿੰਦੇ ਹਾਂ, ਤਾਂ ਸਾਨੂੰ ਖ਼ੁਸ਼ੀ ਨਾਲ ਦੇਣਾ ਚਾਹੀਦਾ ਹੈ ਕਿਉਂਕਿ “ਪਰਮੇਸ਼ੁਰ ਖੁਸ਼ੀ ਨਾਲ ਦੇਣ ਵਾਲੇ ਨੂੰ ਪਿਆਰ ਕਰਦਾ ਹੈ।” (2 ਕੁਰਿੰਥੀਆਂ 9:7) ਬਿਵਸਥਾ ਸਾਰ 16:17 ਵਿਚ ਦਿੱਤਾ ਸਿਧਾਂਤ ਖ਼ੁਸ਼ੀ ਨਾਲ ਦੇਣ ਵਿਚ ਸਾਡੀ ਮਦਦ ਕਰ ਸਕਦਾ ਹੈ: “ਹਰ ਮਨੁੱਖ ਆਪਣੇ ਵਿਤ ਅਨੁਸਾਰ ਦੇਵੇ ਜਿਵੇਂ ਯਹੋਵਾਹ ਤੁਹਾਡੇ ਪਰਮੇਸ਼ੁਰ ਦੀ ਦਿੱਤੀ ਹੋਈ ਬਰਕਤ ਹੈ।” ਜਦੋਂ ਅਸੀਂ ਇਸ ਗੱਲ ਉੱਤੇ ਸੋਚ-ਵਿਚਾਰ ਕਰਦੇ ਹਾਂ ਕਿ ਯਹੋਵਾਹ ਨੇ ਸਾਨੂੰ ਕਿੰਨਾ ਕੁਝ ਦਿੱਤਾ ਹੈ, ਤਾਂ ਅਸੀਂ ਉਸ ਨੂੰ ਦਿਲੋਂ ਦੇਣ ਲਈ ਪ੍ਰੇਰਿਤ ਹੁੰਦੇ ਹਾਂ। ਜਦੋਂ ਅਸੀਂ ਯਹੋਵਾਹ ਨੂੰ ਦਿਲੋਂ ਕੁਝ ਦਿੰਦੇ ਹਾਂ, ਤਾਂ ਉਸ ਨੂੰ ਉੱਨੀ ਹੀ ਖ਼ੁਸ਼ੀ ਮਿਲਦੀ ਹੈ ਜਿੰਨੀ ਮਾਪਿਆਂ ਨੂੰ ਆਪਣੇ ਲਾਡਲੇ ਬੱਚੇ ਵੱਲੋਂ ਦਿੱਤੇ ਇਕ ਛੋਟੇ ਤੋਂ ਛੋਟੇ ਤੋਹਫ਼ੇ ਤੋਂ ਮਿਲਦੀ ਹੈ। ਇਸ ਤਰੀਕੇ ਨਾਲ ਆਪਣਾ ਪਿਆਰ ਜ਼ਾਹਰ ਕਰਨ ਦੁਆਰਾ ਸਾਨੂੰ ਯਹੋਵਾਹ ਨਾਲ ਆਪਣਾ ਰਿਸ਼ਤਾ ਮਜ਼ਬੂਤ ਕਰਨ ਵਿਚ ਮਦਦ ਮਿਲੇਗੀ।
ਪ੍ਰਾਰਥਨਾ ਰਾਹੀਂ ਯਹੋਵਾਹ ਨਾਲ ਆਪਣਾ ਰਿਸ਼ਤਾ ਗੂੜ੍ਹਾ ਕਰੋ
18. ਆਪਣੀਆਂ ਪ੍ਰਾਰਥਨਾਵਾਂ ਵਿਚ ਸੁਧਾਰ ਲਿਆਉਣ ਲਈ ਸੋਚ-ਵਿਚਾਰ ਕਰਨਾ ਕਿਉਂ ਚੰਗਾ ਹੋਵੇਗਾ?
18 ਜਦੋਂ ਅਸੀਂ ਏਕਾਂਤ ਵਿਚ ਯਹੋਵਾਹ ਨੂੰ ਪ੍ਰਾਰਥਨਾ ਕਰਦੇ ਹਾਂ, ਤਾਂ ਸਾਨੂੰ ਆਪਣੇ ਸਵਰਗੀ ਪਿਤਾ ਨਾਲ ਚੰਗੀ ਤਰ੍ਹਾਂ ਦਿਲ ਖੋਲ੍ਹ ਕੇ ਗੱਲ ਕਰਨ ਦਾ ਵਧੀਆ ਮੌਕਾ ਮਿਲਦਾ ਹੈ। (ਫ਼ਿਲਿੱਪੀਆਂ 4:6) ਹਾਲਾਂਕਿ ਪ੍ਰਾਰਥਨਾ ਪਰਮੇਸ਼ੁਰ ਦੇ ਨੇੜੇ ਜਾਣ ਦਾ ਇਕ ਮਹੱਤਵਪੂਰਣ ਜ਼ਰੀਆ ਹੈ, ਪਰ ਚੰਗਾ ਹੋਵੇਗਾ ਜੇ ਅਸੀਂ ਰੁਕ ਕੇ ਆਪਣੀਆਂ ਪ੍ਰਾਰਥਨਾਵਾਂ ਕਰਨ ਦੇ ਢੰਗ ਉੱਤੇ ਸੋਚ-ਵਿਚਾਰ ਕਰੀਏ। ਇਹ ਜ਼ਰੂਰੀ ਨਹੀਂ ਹੈ ਕਿ ਸਾਨੂੰ ਪ੍ਰਾਰਥਨਾ ਵਿਚ ਸੋਹਣੇ-ਸੋਹਣੇ ਤੇ ਵੱਡੇ-ਵੱਡੇ ਸ਼ਬਦ ਵਰਤਣੇ ਚਾਹੀਦੇ ਹਨ, ਸਗੋਂ ਸਾਡੀਆਂ ਗੱਲਾਂ ਦਿਲ ਵਿੱਚੋਂ ਨਿਕਲਣੀਆਂ ਚਾਹੀਦੀਆਂ ਹਨ। ਅਸੀਂ ਆਪਣੀਆਂ ਪ੍ਰਾਰਥਨਾਵਾਂ ਵਿਚ ਕਿਵੇਂ ਸੁਧਾਰ ਲਿਆ ਸਕਦੇ ਹਾਂ?
19, 20. ਪ੍ਰਾਰਥਨਾ ਕਰਨ ਤੋਂ ਪਹਿਲਾਂ ਮਨਨ ਕਿਉਂ ਕਰਨਾ ਚਾਹੀਦਾ ਹੈ ਅਤੇ ਅਜਿਹਾ ਮਨਨ ਕਰਨ ਲਈ ਕਿਹੜੇ ਕੁਝ ਢੁਕਵੇਂ ਵਿਸ਼ੇ ਹਨ?
19 ਪ੍ਰਾਰਥਨਾ ਕਰਨ ਤੋਂ ਪਹਿਲਾਂ ਅਸੀਂ ਮਨਨ ਕਰ ਸਕਦੇ ਹਾਂ। ਜੇ ਅਸੀਂ ਪ੍ਰਾਰਥਨਾ ਕਰਨ ਤੋਂ ਪਹਿਲਾਂ ਮਨਨ ਕਰਦੇ ਹਾਂ, ਤਾਂ ਅਸੀਂ ਆਪਣੀਆਂ ਪ੍ਰਾਰਥਨਾਵਾਂ ਨੂੰ ਅਰਥਪੂਰਣ ਬਣਾ ਸਕਦੇ ਹਾਂ। ਇਸ ਤਰ੍ਹਾਂ ਅਸੀਂ ਵਾਰ-ਵਾਰ ਇੱਕੋ ਗੱਲ ਨਹੀਂ ਕਹਾਂਗੇ ਜੋ ਆਦਤ ਅਨੁਸਾਰ ਆਪਣੇ ਆਪ ਹੀ ਸਾਡੇ ਮੂੰਹ ਚੜ੍ਹ ਆਉਂਦੀ ਹੈ। (ਕਹਾਉਤਾਂ 15:28, 29) ਸ਼ਾਇਦ ਅਸੀਂ ਚੇਲਿਆਂ ਨੂੰ ਸਿਖਾਈ ਯਿਸੂ ਦੀ ਪ੍ਰਾਰਥਨਾ ਵਿਚ ਜ਼ਿਕਰ ਕੀਤੇ ਕੁਝ ਵਿਸ਼ਿਆਂ ਉੱਤੇ ਸੋਚ-ਵਿਚਾਰ ਕਰ ਸਕਦੇ ਹਾਂ ਕਿ ਉਹ ਵਿਸ਼ੇ ਸਾਡੇ ਹਾਲਾਤਾਂ ਉੱਤੇ ਕਿਵੇਂ ਢੁਕਦੇ ਹਨ। (ਮੱਤੀ 6:9-13) ਮਿਸਾਲ ਲਈ, ਅਸੀਂ ਆਪਣੇ ਆਪ ਤੋਂ ਪੁੱਛ ਸਕਦੇ ਹਾਂ ਕਿ ਧਰਤੀ ਉੱਤੇ ਯਹੋਵਾਹ ਦੀ ਮਰਜ਼ੀ ਪੂਰੀ ਕਰਨ ਵਿਚ ਅਸੀਂ ਕੀ ਕੁਝ ਕਰਨਾ ਚਾਹੁੰਦੇ ਹਾਂ। ਕੀ ਅਸੀਂ ਯਹੋਵਾਹ ਨੂੰ ਆਪਣੀ ਇੱਛਾ ਬਾਰੇ ਦੱਸਦੇ ਹਾਂ ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਉਸ ਦੇ ਕੰਮ ਆਉਣਾ ਚਾਹੁੰਦੇ ਹਾਂ? ਕੀ ਅਸੀਂ ਉਸ ਨੂੰ ਬੇਨਤੀ ਕਰਦੇ ਹਾਂ ਕਿ ਉਹ ਹਰ ਜ਼ਿੰਮੇਵਾਰੀ ਪੂਰੀ ਕਰਨ ਵਿਚ ਸਾਡੀ ਮਦਦ ਕਰੇ? ਕੀ ਅਸੀਂ ਆਪਣੀਆਂ ਸਰੀਰਕ ਲੋੜਾਂ ਦੀਆਂ ਚਿੰਤਾਵਾਂ ਦੇ ਬੋਝ ਹੇਠਾਂ ਦੱਬੇ ਪਏ ਹਾਂ? ਸਾਨੂੰ ਕਿਹੜੇ ਪਾਪਾਂ ਦੀ ਮਾਫ਼ੀ ਦੀ ਲੋੜ ਹੈ ਅਤੇ ਜ਼ਿਆਦਾਤਰ ਸਾਨੂੰ ਕਿਹੜੇ ਲੋਕਾਂ ਨੂੰ ਮਾਫ਼ ਕਰਨਾ ਚਾਹੀਦਾ ਹੈ? ਸਾਨੂੰ ਕਿਹੜੇ ਪਰਤਾਵੇ ਆਉਂਦੇ ਹਨ ਅਤੇ ਕੀ ਸਾਨੂੰ ਪਤਾ ਹੈ ਕਿ ਇਨ੍ਹਾਂ ਪਰਤਾਵਿਆਂ ਤੋਂ ਬਚਣ ਲਈ ਸਾਨੂੰ ਯਹੋਵਾਹ ਦੀ ਸੁਰੱਖਿਆ ਦੀ ਕਿੰਨੀ ਲੋੜ ਹੈ?
20 ਇਸ ਤੋਂ ਇਲਾਵਾ, ਅਸੀਂ ਉਨ੍ਹਾਂ ਲੋਕਾਂ ਬਾਰੇ ਸੋਚ ਸਕਦੇ ਹਾਂ ਜਿਨ੍ਹਾਂ ਨੂੰ ਯਹੋਵਾਹ ਦੀ ਮਦਦ ਦੀ ਖ਼ਾਸ ਲੋੜ ਹੈ। (2 ਕੁਰਿੰਥੀਆਂ 1:11) ਪਰ ਸਾਨੂੰ ਯਹੋਵਾਹ ਦਾ ਧੰਨਵਾਦ ਕਰਨਾ ਵੀ ਨਹੀਂ ਭੁੱਲਣਾ ਚਾਹੀਦਾ। ਜੇ ਅਸੀਂ ਰੁਕ ਕੇ ਥੋੜ੍ਹਾ ਜਿਹਾ ਸੋਚੀਏ, ਤਾਂ ਸਾਨੂੰ ਜ਼ਰੂਰ ਯਹੋਵਾਹ ਦਾ ਧੰਨਵਾਦ ਕਰਨ ਦੇ ਕਈ ਕਾਰਨ ਚੇਤੇ ਆਉਣਗੇ। ਅਸੀਂ ਹਰ ਰੋਜ਼ ਕੀਤੀ ਉਸ ਦੀ ਭਲਾਈ ਲਈ ਵੀ ਉਸ ਦੀ ਵਡਿਆਈ ਕਰ ਸਕਦੇ ਹਾਂ। (ਬਿਵਸਥਾ ਸਾਰ 8:10; ਲੂਕਾ 10:21) ਇਸ ਤਰ੍ਹਾਂ ਕਰਨ ਨਾਲ ਸਾਨੂੰ ਫ਼ਾਇਦਾ ਹੋਵੇਗਾ ਅਤੇ ਜ਼ਿੰਦਗੀ ਬਾਰੇ ਸਹੀ ਤੇ ਕਦਰਦਾਨੀ-ਭਰਿਆ ਰਵੱਈਆ ਪੈਦਾ ਕਰਨ ਵਿਚ ਸਾਡੀ ਮਦਦ ਹੋਵੇਗੀ।
21. ਪ੍ਰਾਰਥਨਾ ਰਾਹੀਂ ਯਹੋਵਾਹ ਤਕ ਪਹੁੰਚਣ ਲਈ ਬਾਈਬਲ ਦੀਆਂ ਕਿਹੜੀਆਂ ਮਿਸਾਲਾਂ ਪੜ੍ਹ ਕੇ ਸਾਡੀ ਮਦਦ ਹੋ ਸਕਦੀ ਹੈ?
21 ਬਾਈਬਲ ਦਾ ਅਧਿਐਨ ਵੀ ਸਾਡੀਆਂ ਪ੍ਰਾਰਥਨਾਵਾਂ ਵਿਚ ਸੁਧਾਰ ਲਿਆ ਸਕਦਾ ਹੈ। ਪਰਮੇਸ਼ੁਰ ਦੇ ਬਚਨ ਵਿਚ ਵਫ਼ਾਦਾਰ ਆਦਮੀਆਂ ਤੇ ਔਰਤਾਂ ਦੁਆਰਾ ਦਿਲੋਂ ਕੀਤੀਆਂ ਪ੍ਰਾਰਥਨਾਵਾਂ ਮਿਲਦੀਆਂ ਹਨ। ਮਿਸਾਲ ਵਜੋਂ, ਜੇ ਸਾਨੂੰ ਕੋਈ ਅਜਿਹੀ ਮੁਸ਼ਕਲ ਆਉਂਦੀ ਹੈ ਜਿਸ ਕਾਰਨ ਅਸੀਂ ਚਿੰਤਾ ਵਿਚ ਪੈ ਜਾਂਦੇ ਹਾਂ ਅਤੇ ਆਪਣੀ ਜਾਂ ਆਪਣੇ ਸਾਕ-ਸੰਬੰਧੀਆਂ ਦੀ ਭਲਾਈ ਖ਼ਤਰੇ ਵਿਚ ਹੋਣ ਕਾਰਨ ਡਰ ਜਾਂਦੇ ਹਾਂ, ਤਾਂ ਅਸੀਂ ਯਾਕੂਬ ਦੀ ਪ੍ਰਾਰਥਨਾ ਨੂੰ ਪੜ੍ਹ ਸਕਦੇ ਹਾਂ। ਉਸ ਨੇ ਇਹ ਪ੍ਰਾਰਥਨਾ ਬਦਲਾ ਲੈਣ ਆ ਰਹੇ ਆਪਣੇ ਭਰਾ ਏਸਾਓ ਨੂੰ ਮਿਲਣ ਤੋਂ ਪਹਿਲਾਂ ਕੀਤੀ ਸੀ। (ਉਤਪਤ 32:9-12) ਜਾਂ ਅਸੀਂ ਰਾਜਾ ਆਸਾ ਦੀ ਉਸ ਸਮੇਂ ਕੀਤੀ ਪ੍ਰਾਰਥਨਾ ਪੜ੍ਹ ਸਕਦੇ ਹਾਂ ਜਦੋਂ ਦਸ ਹਜ਼ਾਰ ਕੂਸ਼ੀ ਪਰਮੇਸ਼ੁਰ ਦੇ ਲੋਕਾਂ ਤੇ ਹਮਲਾ ਕਰਨ ਆਏ ਸਨ। (2 ਇਤਹਾਸ 14:11, 12) ਜੇ ਸਾਡੇ ਅੱਗੇ ਕੋਈ ਅਜਿਹੀ ਮੁਸ਼ਕਲ ਆਉਂਦੀ ਹੈ ਜਿਸ ਕਾਰਨ ਯਹੋਵਾਹ ਦੇ ਨਾਂ ਦੀ ਬਦਨਾਮੀ ਹੋ ਸਕਦੀ ਹੈ, ਤਾਂ ਅਸੀਂ ਕਰਮਲ ਪਰਬਤ ਉੱਤੇ ਬਆਲ ਦੇ ਪੁਜਾਰੀਆਂ ਸਾਮ੍ਹਣੇ ਕੀਤੀ ਏਲੀਯਾਹ ਦੀ ਪ੍ਰਾਰਥਨਾ ਉੱਤੇ ਸੋਚ-ਵਿਚਾਰ ਕਰ ਸਕਦੇ ਹਾਂ। ਅਸੀਂ ਯਰੂਸ਼ਲਮ ਦੀ ਤਰਸਯੋਗ ਹਾਲਤ ਬਾਰੇ ਨਹਮਯਾਹ ਦੀ ਪ੍ਰਾਰਥਨਾ ਉੱਤੇ ਵੀ ਗੌਰ ਕਰ ਸਕਦੇ ਹਾਂ। (1 ਰਾਜਿਆਂ 18:36, 37; ਨਹਮਯਾਹ 1:4-11) ਅਜਿਹੀਆਂ ਪ੍ਰਾਰਥਨਾਵਾਂ ਨੂੰ ਪੜ੍ਹਨ ਅਤੇ ਇਨ੍ਹਾਂ ਉੱਤੇ ਮਨਨ ਕਰਨ ਨਾਲ ਸਾਡੀ ਨਿਹਚਾ ਮਜ਼ਬੂਤ ਹੋ ਸਕਦੀ ਹੈ। ਸਾਨੂੰ ਅਜਿਹੇ ਤਰੀਕਿਆਂ ਬਾਰੇ ਪਤਾ ਲੱਗ ਸਕਦਾ ਹੈ ਜਿਨ੍ਹਾਂ ਦੁਆਰਾ ਅਸੀਂ ਆਪਣੀਆਂ ਚਿੰਤਾਵਾਂ ਬਾਰੇ ਯਹੋਵਾਹ ਨੂੰ ਚੰਗੀ ਤਰ੍ਹਾਂ ਦੱਸ ਸਕਦੇ ਹਾਂ।
22. ਸਾਲ 2003 ਦਾ ਵਰ੍ਹਾ-ਪਾਠ ਕੀ ਹੈ ਅਤੇ ਪੂਰੇ ਸਾਲ ਦੌਰਾਨ ਅਸੀਂ ਆਪਣੇ ਆਪ ਤੋਂ ਕੀ ਪੁੱਛ ਸਕਦੇ ਹਾਂ?
22 ਇਹ ਸਾਫ਼ ਜ਼ਾਹਰ ਹੁੰਦਾ ਹੈ ਕਿ ‘ਪਰਮੇਸ਼ੁਰ ਦੇ ਨੇੜੇ ਜਾਣ’ ਬਾਰੇ ਯਾਕੂਬ ਦੀ ਸਲਾਹ ਵੱਲ ਧਿਆਨ ਦੇਣ ਨਾਲੋਂ ਵਧੀਆ ਕੋਈ ਯਾਕੂਬ 4:8) ਪਰਮੇਸ਼ੁਰ ਦੇ ਨੇੜੇ ਜਾਣ ਲਈ ਆਓ ਆਪਾਂ ਉਸ ਬਾਰੇ ਗਿਆਨ ਲੈਂਦੇ ਰਹੀਏ, ਉਸ ਲਈ ਆਪਣਾ ਜ਼ਿਆਦਾ ਤੋਂ ਜ਼ਿਆਦਾ ਪਿਆਰ ਜ਼ਾਹਰ ਕਰਦੇ ਰਹੀਏ ਅਤੇ ਆਪਣੀਆਂ ਪ੍ਰਾਰਥਨਾਵਾਂ ਰਾਹੀਂ ਉਸ ਨਾਲ ਗੂੜ੍ਹਾ ਰਿਸ਼ਤਾ ਬਣਾਈਏ। ਸਾਲ 2003 ਦੌਰਾਨ ਯਾਕੂਬ 4:8 ਨੂੰ ਵਰ੍ਹੇ-ਪਾਠ ਦੇ ਤੌਰ ਤੇ ਮਨ ਵਿਚ ਰੱਖਦੇ ਹੋਏ, ਆਓ ਆਪਾਂ ਆਪਣੀ ਜਾਂਚ ਕਰਦੇ ਰਹੀਏ ਕਿ ਅਸੀਂ ਸੱਚ-ਮੁੱਚ ਯਹੋਵਾਹ ਦੇ ਨੇੜੇ ਜਾਣ ਦੀ ਕੋਸ਼ਿਸ਼ ਕਰਦੇ ਹਾਂ ਜਾਂ ਨਹੀਂ। ਇਸ ਆਇਤ ਦੇ ਬਾਕੀ ਹਿੱਸੇ ਬਾਰੇ ਕੀ ਕਿਹਾ ਜਾ ਸਕਦਾ ਹੈ? ਕਿਸ ਅਰਥ ਵਿਚ ਯਹੋਵਾਹ “ਤੁਹਾਡੇ ਨੇੜੇ ਆਵੇਗਾ” ਤੇ ਤੁਹਾਨੂੰ ਕਿਹੜੀਆਂ ਬਰਕਤਾਂ ਦੇਵੇਗਾ? ਇਸ ਬਾਰੇ ਅਗਲਾ ਲੇਖ ਦੱਸੇਗਾ।
ਹੋਰ ਗੱਲ ਤੇ ਟੀਚਾ ਨਹੀਂ ਹੈ। (ਕੀ ਤੁਹਾਨੂੰ ਯਾਦ ਹੈ?
• ਯਹੋਵਾਹ ਦੇ ਨੇੜੇ ਜਾਣਾ ਗੰਭੀਰਤਾ ਦੀ ਗੱਲ ਕਿਉਂ ਹੈ?
• ਯਹੋਵਾਹ ਬਾਰੇ ਗਿਆਨ ਲੈਣ ਦੇ ਸੰਬੰਧ ਵਿਚ ਅਸੀਂ ਕਿਹੜੇ ਕੁਝ ਟੀਚੇ ਰੱਖ ਸਕਦੇ ਹਾਂ?
• ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਯਹੋਵਾਹ ਨਾਲ ਸੱਚਾ ਪਿਆਰ ਕਰਦੇ ਹਾਂ?
• ਅਸੀਂ ਕਿਹੜੇ ਤਰੀਕਿਆਂ ਨਾਲ ਪ੍ਰਾਰਥਨਾ ਵਿਚ ਯਹੋਵਾਹ ਨਾਲ ਆਪਣਾ ਰਿਸ਼ਤਾ ਗੂੜ੍ਹਾ ਕਰ ਸਕਦੇ ਹਾਂ?
[ਸਵਾਲ]
[ਸਫ਼ੇ 12 ਉੱਤੇ ਸੁਰਖੀ]
ਸਾਲ 2003 ਦਾ ਵਰ੍ਹਾ-ਪਾਠ ਹੋਵੇਗਾ: “ਪਰਮੇਸ਼ੁਰ ਦੇ ਨੇੜੇ ਜਾਓ ਤਾਂ ਉਹ ਤੁਹਾਡੇ ਨੇੜੇ ਆਵੇਗਾ।”—ਯਾਕੂਬ 4:8.
[ਸਫ਼ੇ 8, 9 ਉੱਤੇ ਤਸਵੀਰ]
ਸਮੂਏਲ ਨੇ ਵੱਡਾ ਹੋ ਕੇ ਯਹੋਵਾਹ ਨੂੰ ਚੰਗੀ ਤਰ੍ਹਾਂ ਜਾਣਿਆ
[ਸਫ਼ੇ 12 ਉੱਤੇ ਤਸਵੀਰ]
ਕਰਮਲ ਪਰਬਤ ਉੱਤੇ ਏਲੀਯਾਹ ਦੁਆਰਾ ਕੀਤੀ ਪ੍ਰਾਰਥਨਾ ਸਾਡੇ ਲਈ ਚੰਗੀ ਮਿਸਾਲ ਹੈ