ਕੀ ਤੁਹਾਨੂੰ ਯਾਦ ਹੈ?
ਕੀ ਤੁਹਾਨੂੰ ਯਾਦ ਹੈ?
ਕੀ ਤੁਹਾਨੂੰ ਪਹਿਰਾਬੁਰਜ ਦੇ ਹਾਲ ਹੀ ਦੇ ਅੰਕ ਵਧੀਆ ਲੱਗੇ? ਜ਼ਰਾ ਪਰਖ ਕੇ ਦੇਖੋ ਕਿ ਤੁਸੀਂ ਹੇਠਲੇ ਸਵਾਲਾਂ ਦੇ ਜਵਾਬ ਦੇ ਸਕਦੇ ਹੋ ਜਾਂ ਨਹੀਂ:
• “ਮੱਤ” ਯਾਨੀ ਸੋਚਣ ਸ਼ਕਤੀ ਸਾਡੀ ਰੱਖਿਆ ਕਿਵੇਂ ਕਰ ਸਕਦੀ ਹੈ? (ਕਹਾਉਤਾਂ 1:4)
ਸੋਚਣ ਸ਼ਕਤੀ ਸਾਨੂੰ ਰੂਹਾਨੀ ਖ਼ਤਰਿਆਂ ਤੋਂ ਬਚਾ ਸਕਦੀ ਹੈ। ਅਸੀਂ ਪਹਿਲਾਂ ਹੀ ਬੁੱਧੀ ਨਾਲ ਇਹ ਫ਼ੈਸਲਾ ਕਰ ਸਕਦੇ ਹਾਂ ਕਿ ਅਸੀਂ ਆਪਣੀ ਨੌਕਰੀ ਦੀ ਥਾਂ ਤੇ ਆਉਂਦੇ ਅਨੈਤਿਕਤਾ ਦੇ ਪਰਤਾਵਿਆਂ ਤੋਂ ਸੰਭਲ ਕੇ ਰਹਿਣਾ ਹੈ। ਸੋਚਣ ਸ਼ਕਤੀ ਦਾ ਗੁਣ ਸਾਨੂੰ ਇਹ ਵੀ ਸਮਝਣ ਵਿਚ ਮਦਦ ਦੇਵੇਗਾ ਕਿ ਸਾਡੇ ਭੈਣ-ਭਰਾ ਸੰਪੂਰਣ ਨਹੀਂ ਹਨ ਜਿਸ ਕਰਕੇ ਸਾਨੂੰ ਉਨ੍ਹਾਂ ਨਾਲ ਛੇਤੀ ਹੀ ਗੁੱਸੇ ਨਹੀਂ ਹੋਣਾ ਚਾਹੀਦਾ ਜਦੋਂ ਉਹ ਸਾਨੂੰ ਖਿਝਾਉਂਦੇ ਹਨ। ਇਸ ਗੁਣ ਕਰਕੇ ਅਸੀਂ ਹਰ ਨਵੀਂ ਤੋਂ ਨਵੀਂ ਚੀਜ਼ ਹਾਸਲ ਕਰਨ ਦੇ ਫੰਦੇ ਵਿਚ ਫਸਣ ਤੋਂ ਵੀ ਬਚਾਂਗੇ, ਨਹੀਂ ਤਾਂ ਇਹ ਸਾਡੇ ਲਈ ਰੂਹਾਨੀ ਤੌਰ ਤੇ ਨੁਕਸਾਨਦੇਹ ਹੋ ਸਕਦਾ ਹੈ।—8/15, ਸਫ਼ੇ 21-4.
• ਅਸੀਂ ਚੰਗੇ ਗੁਆਂਢੀ ਕਿਵੇਂ ਬਣ ਸਕਦੇ ਹਾਂ?
ਚੰਗੇ ਗੁਆਂਢੀ ਬਣਨ ਦੇ ਦੋ ਤਰੀਕੇ ਹਨ। ਪਹਿਲਾ, ਅਸੀਂ ਖੁੱਲ੍ਹ-ਦਿਲੇ ਬਣੀਏ; ਦੂਜਾ, ਅਸੀਂ ਕਿਰਪਾ ਨਾਲ ਮਦਦ ਮੰਗਣ ਵਾਲੇ ਵੀ ਬਣੀਏ। ਦੁਰਘਟਨਾ ਸਮੇਂ ਚੰਗੇ ਗੁਆਂਢੀਆਂ ਦਾ ਅਸਲੀ ਮੁੱਲ ਪਤਾ ਚੱਲਦਾ ਹੈ। ਯਹੋਵਾਹ ਦੇ ਗਵਾਹ ਚੰਗੇ ਗੁਆਂਢੀ ਬਣਨ ਦੀ ਕੋਸ਼ਿਸ਼ ਕਰਦੇ ਹਨ ਜਦੋਂ ਉਹ ਦੂਜਿਆਂ ਨੂੰ ਚੇਤਾਵਨੀ ਦਿੰਦੇ ਹਨ ਕਿ ਪਰਮੇਸ਼ੁਰ ਦੁਸ਼ਟਤਾ ਨੂੰ ਖ਼ਤਮ ਕਰ ਦੇਵੇਗਾ।—9/1, ਸਫ਼ੇ 4-7.
• ਬਾਈਬਲ ਦੇ ਅਨੁਸਾਰ ਸੱਚੇ ਸੰਤ ਕੌਣ ਹਨ ਅਤੇ ਉਹ ਮਨੁੱਖਜਾਤੀ ਦੀ ਕਿਵੇਂ ਮਦਦ ਕਰਨਗੇ?
ਸਾਰੇ ਮੁਢਲੇ ਮਸੀਹੀ ਸੱਚੇ ਸੰਤ ਜਾਂ ਪਵਿੱਤਰ ਪੁਰਖ ਸਨ। ਉਨ੍ਹਾਂ ਨੂੰ ਕਿਸੇ ਇਨਸਾਨ ਜਾਂ ਕਿਸੇ ਸੰਸਥਾ ਨੇ ਸੰਤ ਨਹੀਂ ਬਣਾਇਆ ਸੀ, ਸਗੋਂ ਪਰਮੇਸ਼ੁਰ ਨੇ ਬਣਾਇਆ ਸੀ। (ਰੋਮੀਆਂ 1:7) ਸਵਰਗੀ ਜੀਵਨ ਲਈ ਜੀ ਉਠਾਏ ਜਾਣ ਤੇ ਇਹ ਪਵਿੱਤਰ ਪੁਰਖ ਮਸੀਹ ਨਾਲ ਉਨ੍ਹਾਂ ਵਫ਼ਾਦਾਰ ਸੇਵਕਾਂ ਨੂੰ ਬਰਕਤਾਂ ਦੇਣਗੇ ਜੋ ਇਸ ਧਰਤੀ ਉੱਤੇ ਰਹਿਣਗੇ। (ਅਫ਼ਸੀਆਂ 1:18-21)—9/15, ਸਫ਼ੇ 5-7.
• ਪ੍ਰਾਚੀਨ ਯੂਨਾਨ ਵਿਚ ਹੋਣ ਵਾਲੀਆਂ ਖੇਡਾਂ ਬਾਰੇ ਕੁਝ ਗੱਲਾਂ ਜਾਣ ਕੇ ਮਸੀਹੀਆਂ ਨੂੰ ਕੀ ਲਾਭ ਹੋ ਸਕਦਾ ਹੈ?
ਪਤਰਸ ਅਤੇ ਪੌਲੁਸ ਦੀਆਂ ਲਿਖਤਾਂ ਵਿਚ ਉਦਾਹਰਣਾਂ ਪਾਈਆਂ ਜਾਂਦੀਆਂ ਹਨ ਜਿਨ੍ਹਾਂ ਵਿਚ ਪ੍ਰਾਚੀਨ ਖੇਡਾਂ ਦਾ ਜ਼ਿਕਰ ਹੈ। (1 ਕੁਰਿੰਥੀਆਂ 9:26; 1 ਤਿਮੋਥਿਉਸ 4:7; 2 ਤਿਮੋਥਿਉਸ 2:5; 1 ਪਤਰਸ 5:10) ਇਕ ਪ੍ਰਾਚੀਨ ਖਿਡਾਰੀ ਲਈ ਚੰਗੀ ਤਰ੍ਹਾਂ ਕਸਰਤ ਕਰਨੀ, ਸੰਜਮ ਰੱਖਣਾ ਤੇ ਆਪਣੇ ਵੱਲੋਂ ਪੂਰੀ ਮਿਹਨਤ ਕਰਨੀ ਜ਼ਰੂਰੀ ਗੱਲ ਸੀ। ਅੱਜ ਮਸੀਹੀਆਂ ਦੇ ਅਧਿਆਤਮਿਕ ਜਤਨਾਂ ਦੇ ਸੰਬੰਧ ਵਿਚ ਵੀ ਇਹੀ ਗੱਲ ਜ਼ਰੂਰੀ ਹੈ।—10/1, ਸਫ਼ੇ 28-31.
• ਪਰਦੇਸ ਵਿਚ ਰਹਿ ਕੇ ਬੱਚਿਆਂ ਨੂੰ ਪਾਲਣ ਵਿਚ ਕਿਹੜੀਆਂ ਮੁਸ਼ਕਲਾਂ ਆਉਂਦੀਆਂ ਤੇ ਖ਼ੁਸ਼ੀਆਂ ਮਿਲਦੀਆਂ ਹਨ?
ਕਈ ਬੱਚੇ ਆਪਣੇ ਮਾਪਿਆਂ ਨਾਲੋਂ ਪਹਿਲਾਂ ਨਵੀਂ ਭਾਸ਼ਾ ਸਿੱਖ ਜਾਂਦੇ ਹਨ। ਇਸ ਕਰਕੇ ਇਨ੍ਹਾਂ ਮਾਪਿਆਂ ਨੂੰ ਆਪਣੇ ਬੱਚਿਆਂ ਦੇ ਖ਼ਿਆਲ ਜਾਂ ਚਾਲ-ਚਲਣ ਸਮਝਣੇ ਮੁਸ਼ਕਲ ਲੱਗਦੇ ਹਨ। ਬੱਚਿਆਂ ਨੂੰ ਵੀ ਆਪਣੇ ਮਾਪਿਆਂ ਦੀ ਭਾਸ਼ਾ ਵਿਚ ਬਾਈਬਲ ਦੀਆਂ ਸਿੱਖਿਆਵਾਂ ਸਮਝਣੀਆਂ ਸ਼ਾਇਦ ਮੁਸ਼ਕਲ ਲੱਗਣ। ਪਰ ਪਰਿਵਾਰ ਵਿਚ ਰਿਸ਼ਤੇ ਮਜ਼ਬੂਤ ਹੋ ਸਕਦੇ ਹਨ ਜੇ ਮਾਪੇ ਆਪਣੀ ਮਾਂ-ਬੋਲੀ ਬੱਚਿਆਂ ਨੂੰ ਸਿਖਾਉਣ। ਇਸ ਤਰ੍ਹਾਂ ਬੱਚੇ ਦੋ ਭਾਸ਼ਾਵਾਂ ਸਿੱਖ ਸਕਦੇ ਹਨ ਤੇ ਦੋ ਸਭਿਆਚਾਰਾਂ ਬਾਰੇ ਜਾਣ ਸਕਦੇ ਹਨ।—10/15, ਸਫ਼ੇ 22-6.
• ਮਾਫ਼ੀ ਮੰਗਣੀ ਕਿਉਂ ਸਿੱਖਣੀ ਚਾਹੀਦੀ ਹੈ?
ਸੱਚੇ ਦਿਲੋਂ ਮਾਫ਼ੀ ਮੰਗਣ ਨਾਲ ਸੁਲ੍ਹਾ-ਸਫ਼ਾਈ ਹੋ ਸਕਦੀ ਹੈ। ਬਾਈਬਲ ਸਾਨੂੰ ਉਨ੍ਹਾਂ ਉਦਾਹਰਣਾਂ ਬਾਰੇ ਦੱਸਦੀ ਹੈ ਜਿਨ੍ਹਾਂ ਤੋਂ ਅਸੀਂ ਮਾਫ਼ ਕਰਨ ਦੇ ਵਧੀਆ ਨਤੀਜੇ ਦੇਖ ਸਕਦੇ ਹਾਂ। (1 ਸਮੂਏਲ 25:2-35; ਰਸੂਲਾਂ ਦੇ ਕਰਤੱਬ 23:1-5) ਅਕਸਰ ਜਦੋਂ ਦੋ ਵਿਅਕਤੀਆਂ ਦੀ ਆਪਸ ਵਿਚ ਅਣਬਣ ਹੁੰਦੀ ਹੈ, ਤਾਂ ਗ਼ਲਤੀ ਦੋਹਾਂ ਦੀ ਹੁੰਦੀ ਹੈ। ਇਸ ਲਈ, ਦੋਹਾਂ ਨੂੰ ਆਪੋ-ਆਪਣੀ ਗ਼ਲਤੀ ਕਬੂਲ ਕਰਨੀ ਚਾਹੀਦੀ ਹੈ ਤੇ ਦੋਹਾਂ ਨੂੰ ਮਾਫ਼ੀ ਮੰਗ ਲੈਣੀ ਚਾਹੀਦੀ ਹੈ।—11/1, ਸਫ਼ੇ 4-7.
• ਭਾਵੇਂ ਜੂਆ ਥੋੜ੍ਹਿਆਂ ਪੈਸਿਆਂ ਨਾਲ ਹੀ ਖੇਡਿਆ ਜਾਵੇ, ਫਿਰ ਵੀ ਇਹ ਕਿਉਂ ਗ਼ਲਤ ਹੈ?
ਜੂਏਬਾਜ਼ੀ ਕਾਰਨ ਲੋਕਾਂ ਵਿਚ ਘਮੰਡ ਤੇ ਮੁਕਾਬਲੇ ਦੀ ਬੁਰੀ ਭਾਵਨਾ ਪੈਦਾ ਹੁੰਦੀ ਹੈ ਯਾਨੀ ਉਹ ਹਰ ਹਾਲਤ ਵਿਚ ਜਿੱਤਣਾ ਚਾਹੁੰਦੇ ਹਨ। ਇਹ ਗੱਲਾਂ ਬਾਈਬਲ ਵਿਚ ਨਿੰਦੀਆਂ ਗਈਆਂ ਹਨ। (1 ਕੁਰਿੰਥੀਆਂ 6:9, 10) ਜਿਨ੍ਹਾਂ ਨੂੰ ਜੂਆ ਖੇਡਣ ਦੀ ਲਤ ਹੁੰਦੀ ਹੈ, ਉਨ੍ਹਾਂ ਵਿੱਚੋਂ ਕਈਆਂ ਨੇ ਛੋਟੀ ਉਮਰ ਵਿਚ ਹੀ ਬਾਜ਼ੀ ਲਾਉਣੀ ਸ਼ੁਰੂ ਕੀਤੀ ਸੀ।—11/1, ਸਫ਼ਾ 31.
• ਹਾਲਾਂਕਿ ਬਾਈਬਲ ਦੀਆਂ ਅਨੇਕ ਪੋਥੀਆਂ ਯੂਨਾਨੀ ਭਾਸ਼ਾ ਵਿਚ ਲਿਖੀਆਂ ਗਈਆਂ ਸਨ, ਤਾਂ ਫਿਰ ਸਾਰੀ ਬਾਈਬਲ ਦਾ ਯੂਨਾਨੀ ਵਿਚ ਤਰਜਮਾ ਕਰਨ ਦੀ ਕੀ ਲੋੜ ਸੀ ਤੇ ਇਹ ਕਰਨ ਦਾ ਕੀ ਨਤੀਜਾ ਨਿਕਲਿਆ?
ਆਧੁਨਿਕ ਯੂਨਾਨੀ ਭਾਸ਼ਾ ਉਸ ਯੂਨਾਨੀ ਭਾਸ਼ਾ ਤੋਂ ਕਾਫ਼ੀ ਵੱਖਰੀ ਹੈ ਜੋ ਇਬਰਾਨੀ ਸ਼ਾਸਤਰਾਂ ਤੋਂ ਅਨੁਵਾਦ ਕੀਤੇ ਗਏ ਸੈਪਟੁਜਿੰਟ ਵਿਚ ਪਾਈ ਜਾਂਦੀ ਹੈ। ਇਹ ਉਸ ਭਾਸ਼ਾ ਤੋਂ ਵੀ ਕਾਫ਼ੀ ਵੱਖਰੀ ਹੈ ਜੋ ਅਸੀਂ ਮਸੀਹੀ ਯੂਨਾਨੀ ਸ਼ਾਸਤਰਾਂ ਵਿਚ ਵਰਤੀ ਦੇਖਦੇ ਹਾਂ। ਪਿਛਲੀਆਂ ਦੋ ਸਦੀਆਂ ਵਿਚ ਬਾਈਬਲ ਦਾ ਤਰਜਮਾ ਸੌਖੀ ਯੂਨਾਨੀ ਭਾਸ਼ਾ ਵਿਚ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਅੱਜ ਪੂਰੀ ਬਾਈਬਲ ਜਾਂ ਇਸ ਦੇ ਕੁਝ ਹਿੱਸਿਆਂ ਦੇ ਯੂਨਾਨੀ ਭਾਸ਼ਾ ਵਿਚ 30 ਤਰਜਮੇ ਹਨ ਜੋ ਆਮ ਯੂਨਾਨੀ ਲੋਕ ਪੜ੍ਹ ਕੇ ਸਮਝ ਸਕਦੇ ਹਨ। ਇਨ੍ਹਾਂ ਤਰਜਮਿਆਂ ਵਿਚ ਨਿਊ ਵਰਲਡ ਟ੍ਰਾਂਸਲੇਸ਼ਨ ਆਫ਼ ਦ ਹੋਲੀ ਸਕ੍ਰਿਪਚਰਸ 1997 ਵਿਚ ਰਿਲੀਸ ਕੀਤਾ ਗਿਆ ਸੀ।—11/15, ਸਫ਼ੇ 26-9.
• ਮਸੀਹੀਆਂ ਨੂੰ ਦਸਵੰਧ ਯਾਨੀ ਦਸਵਾਂ ਹਿੱਸਾ ਦਾਨ ਕਰਨ ਦੀ ਜ਼ਰੂਰਤ ਕਿਉਂ ਨਹੀਂ ਹੈ?
ਪ੍ਰਾਚੀਨ ਇਸਰਾਏਲ ਨੂੰ ਦਿੱਤੇ ਬਿਵਸਥਾ ਨੇਮ ਅਨੁਸਾਰ ਦਸਵਾਂ ਹਿੱਸਾ ਦਾਨ ਕਰਨ ਦੁਆਰਾ ਲੇਵੀਆਂ ਦੇ ਕਬੀਲੇ ਦੀ ਤੇ ਹੋਰ ਲੋੜਵੰਦਾਂ ਦੀ ਮਦਦ ਹੁੰਦੀ ਸੀ। (ਲੇਵੀਆਂ 27:30; ਬਿਵਸਥਾ ਸਾਰ 14:28, 29) ਯਿਸੂ ਦੀ ਕੁਰਬਾਨੀ ਨੇ ਨੇਮ ਨਾਲੇ ਉਸ ਵਿਚ ਦਸਵਾਂ ਹਿੱਸਾ ਦਾਨ ਕਰਨ ਦੀ ਮੰਗ ਨੂੰ ਖ਼ਤਮ ਕਰ ਦਿੱਤਾ। (ਅਫ਼ਸੀਆਂ 2:13-15) ਮੁਢਲੀ ਕਲੀਸਿਯਾ ਵਿਚ ਹਰ ਮਸੀਹੀ ਆਪਣੀ ਹੈਸੀਅਤ ਅਤੇ ਇੱਛਾ ਅਨੁਸਾਰ ਦਾਨ ਦਿੰਦਾ ਸੀ। (2 ਕੁਰਿੰਥੀਆਂ 9:5, 7)—12/1, 4-6.
• ਕੀ ਪਰਕਾਸ਼ ਦੀ ਪੋਥੀ 20:8 ਦੇ ਸ਼ਬਦਾਂ ਦਾ ਇਹ ਅਰਥ ਹੈ ਕਿ ਆਖ਼ਰੀ ਪਰੀਖਿਆ ਵਿਚ ਸ਼ਤਾਨ ਬਹੁਤ ਸਾਰੇ ਲੋਕਾਂ ਨੂੰ ਕੁਰਾਹੇ ਪਾਵੇਗਾ?
ਇਸ ਆਇਤ ਵਿਚ ਲਿਖਿਆ ਹੈ ਕਿ ਕੁਰਾਹੇ ਪਾਏ ਗਏ ਲੋਕਾਂ ਦੀ ਗਿਣਤੀ “ਸਮੁੰਦਰ ਦੀ ਰੇਤ ਜਿੰਨੀ” ਹੋਵੇਗੀ। ਬਾਈਬਲ ਵਿਚ ਇਹ ਸ਼ਬਦ ਅਕਸਰ ਅਣਗਿਣਤ ਚੀਜ਼ਾਂ ਲਈ ਵਰਤੇ ਜਾਂਦੇ ਹਨ, ਪਰ ਇਸ ਦਾ ਇਹ ਅਰਥ ਨਹੀਂ ਕਿ ਗਿਣਤੀ ਬਹੁਤ ਵੱਡੀ ਹੈ। ਅਬਰਾਹਾਮ ਦੀ ਅੰਸ ਜਿਸ ਨੇ “ਸਮੁੰਦਰ ਦੇ ਕੰਢੇ ਦੀ ਰੇਤ ਵਾਂਙੁ” ਹੋਣਾ ਸੀ, ਸਿਰਫ਼ 1,44,000 ਵਿਅਕਤੀ ਹੀ ਹਨ। (ਉਤਪਤ 22:17; ਪਰਕਾਸ਼ ਦੀ ਪੋਥੀ 14:1-4)—12/1, ਸਫ਼ਾ 29.