Skip to content

Skip to table of contents

ਸਾਰਿਆਂ ਦੀ ਤਾਰੀਫ਼ ਕਰੋ

ਸਾਰਿਆਂ ਦੀ ਤਾਰੀਫ਼ ਕਰੋ

ਸਾਰਿਆਂ ਦੀ ਤਾਰੀਫ਼ ਕਰੋ

ਇਕ ਛੋਟੀ ਕੁੜੀ ਦਾ ਦਿਨ ਬਹੁਤ ਅੱਛੀ ਤਰ੍ਹਾਂ ਬੀਤਿਆ ਸੀ। ਇਹ ਸੱਚ ਹੈ ਕਿ ਇਸ ਤੋਂ ਪਹਿਲਾਂ ਉਸ ਨੂੰ ਕਈ ਵਾਰ ਤਾੜਨਾ ਦੀ ਲੋੜ ਪੈਂਦੀ ਸੀ, ਪਰ ਇਸ ਦਿਨ ਉਹ ਬਹੁਤ ਹੀ ਬੀਬੀ ਕੁੜੀ ਬਣ ਕੇ ਰਹੀ। ਉਸ ਰਾਤ ਉਸ ਦੀ ਮੰਮੀ ਨੇ ਉਸ ਨੂੰ ਰੋਂਦੀ ਸੁਣਿਆ। ਜਦੋਂ ਉਸ ਦੀ ਮੰਮੀ ਨੇ ਉਸ ਨੂੰ ਪੁੱਛਿਆ ਕਿ ਉਹ ਕਿਉਂ ਰੋ ਰਹੀ ਸੀ, ਤਾਂ ਕੁੜੀ ਨੇ ਪੁੱਛਿਆ: “ਕੀ ਮੈਂ ਅੱਜ ਕੋਈ ਸ਼ਰਾਰਤ ਕੀਤੀ?”

ਇਸ ਸਵਾਲ ਨੇ ਮਾਂ ਦੇ ਕਲੇਜੇ ਨੂੰ ਵਿੰਨ੍ਹ ਸੁੱਟਿਆ। ਕੁੜੀ ਦੀ ਮਾਂ ਆਪਣੀ ਧੀ ਨੂੰ ਹਮੇਸ਼ਾ ਫਟਾਫਟ ਝਿੜਕ ਦਿੰਦੀ ਸੀ। ਪਰ ਹੁਣ, ਭਾਵੇਂ ਉਸ ਨੇ ਦੇਖਿਆ ਸੀ ਕਿ ਉਸ ਦੀ ਕੁੜੀ ਨੇ ਬੀਬੀ ਬਣਨ ਦੀ ਕੋਸ਼ਿਸ਼ ਕੀਤੀ ਸੀ, ਤਾਂ ਵੀ ਉਸ ਨੇ ਉਸ ਦੀ ਤਾਰੀਫ਼ ਵਿਚ ਇਕ ਸ਼ਬਦ ਵੀ ਨਹੀਂ ਕਿਹਾ।

ਸਿਰਫ਼ ਛੋਟੀਆਂ ਕੁੜੀਆਂ ਨੂੰ ਹੀ ਨਹੀਂ, ਪਰ ਸਾਨੂੰ ਸਾਰਿਆਂ ਨੂੰ ਉਪਦੇਸ਼ ਅਤੇ ਤਾੜਨਾ ਦੀ ਲੋੜ ਪੈਂਦੀ ਹੈ। ਪਰ ਇਸ ਤੋਂ ਵੀ ਜ਼ਿਆਦਾ ਸਾਨੂੰ ਸਾਰਿਆਂ ਨੂੰ ਸਿਫ਼ਤ ਅਤੇ ਹੌਸਲੇ ਦੀ ਵੀ ਜ਼ਰੂਰਤ ਹੈ।

ਜਦ ਸਾਡੀ ਸਿਫ਼ਤ ਕੀਤੀ ਜਾਂਦੀ ਹੈ, ਤਾਂ ਅਸੀਂ ਕਿਵੇਂ ਮਹਿਸੂਸ ਕਰਦੇ ਹਾਂ? ਕੀ ਸਾਡੇ ਦਿਲ ਖ਼ੁਸ਼ ਨਹੀਂ ਹੁੰਦੇ, ਕੀ ਇਵੇਂ ਨਹੀਂ ਲੱਗਦਾ ਕਿ ਅੱਜ ਦਿਨ ਬਹੁਤ ਵਧੀਆ ਲੰਘੂ? ਜੀ ਹਾਂ, ਅਸੀਂ ਮਹਿਸੂਸ ਕਰਾਂਗੇ ਕਿ ਕਿਸੇ ਨੇ ਸਾਡੇ ਜਤਨਾਂ ਦੀ ਕਦਰ ਕੀਤੀ ਹੈ। ਇਸ ਤੋਂ ਸਾਨੂੰ ਹੌਸਲਾ ਮਿਲਦਾ ਹੈ ਕਿ ਸਾਡੀ ਮਿਹਨਤ ਫ਼ਜ਼ੂਲ ਨਹੀਂ ਸੀ ਅਤੇ ਅਸੀਂ ਅਗਾਹਾਂ ਹੋਰ ਵੀ ਜਤਨ ਕਰਨ ਲਈ ਉਤੇਜਿਤ ਹੁੰਦੇ ਹਾਂ। ਤਾਂ ਫਿਰ, ਇਹ ਹੈਰਾਨੀ ਦੀ ਗੱਲ ਨਹੀਂ ਹੈ ਕਿ ਜਦ ਕੋਈ ਸਾਡੀ ਸਿਫ਼ਤ ਕਰਦਾ ਹੈ, ਤਾਂ ਉਹ ਵਿਅਕਤੀ ਸਾਨੂੰ ਬਹੁਤ ਚੰਗਾ ਲੱਗਦਾ ਹੈ।—ਕਹਾਉਤਾਂ 15:23.

ਯਿਸੂ ਮਸੀਹ ਕਿਸੇ ਦੀ ਤਾਰੀਫ਼ ਕਰਨ ਦੀ ਮਹੱਤਤਾ ਬਾਰੇ ਅੱਛੀ ਤਰ੍ਹਾਂ ਜਾਣਦਾ ਸੀ। ਤੋੜਿਆਂ ਦੇ ਦ੍ਰਿਸ਼ਟਾਂਤ ਵਿਚ ਮਾਲਕ ਨੇ (ਜੋ ਯਿਸੂ ਨੂੰ ਦਰਸਾਉਂਦਾ ਸੀ) ਦੋ ਵਫ਼ਾਦਾਰ ਨੌਕਰਾਂ ਦੀ ਦਿਲੋਂ ਤਾਰੀਫ਼ ਕਰਦੇ ਹੋਏ ਕਿਹਾ: “ਹੇ ਚੰਗੇ ਅਤੇ ਮਾਤਬਰ ਚਾਕਰ, ਸ਼ਾਬਾਸ਼ੇ!” ਉਹ ਕਿੰਨੇ ਖ਼ੁਸ਼ ਹੋਏ ਹੋਣਗੇ! ਭਾਵੇਂ ਨੌਕਰਾਂ ਦੀਆਂ ਕੰਮ ਕਰਨ ਦੀਆਂ ਯੋਗਤਾਵਾਂ ਵੱਖੋ-ਵੱਖਰੀਆਂ ਸਨ, ਫਿਰ ਵੀ ਯਿਸੂ ਨੇ ਉਨ੍ਹਾਂ ਦੋਵਾਂ ਦੀ ਇੱਕੋ ਜਿਹੀ ਤਾਰੀਫ਼ ਕੀਤੀ ਸੀ।—ਮੱਤੀ 25:19-23.

ਤਾਂ ਫਿਰ, ਆਓ ਆਪਾਂ ਉਸ ਛੋਟੀ ਕੁੜੀ ਦੀ ਮਾਂ ਨੂੰ ਯਾਦ ਰੱਖੀਏ। ਕਿਸੇ ਦੀ ਤਾਰੀਫ਼ ਕਰਨ ਵਿਚ ਦੇਰ ਨਾ ਲਾਓ। ਇਸ ਦੀ ਬਜਾਇ ਆਓ ਆਪਾਂ ਦੂਸਰਿਆਂ ਦੀ ਤਾਰੀਫ਼ ਕਰਨ ਦੇ ਮੌਕੇ ਲੱਭੀਏ। ਜੀ ਹਾਂ, ਦੂਜਿਆਂ ਦੀ ਉਨ੍ਹਾਂ ਦੇ ਚੰਗੇ ਕੰਮਾਂ ਕਰਕੇ ਦਿਲੋਂ ਤਾਰੀਫ਼ ਕਰੋ।