Skip to content

Skip to table of contents

ਸਦੀਆਂ ਦੌਰਾਨ ਸੱਚੀ ਉਪਾਸਨਾ ਦਾ ਸਮਰਥਨ ਕਰਨ ਵਾਲੇ ਲੋਕ

ਸਦੀਆਂ ਦੌਰਾਨ ਸੱਚੀ ਉਪਾਸਨਾ ਦਾ ਸਮਰਥਨ ਕਰਨ ਵਾਲੇ ਲੋਕ

ਸਦੀਆਂ ਦੌਰਾਨ ਸੱਚੀ ਉਪਾਸਨਾ ਦਾ ਸਮਰਥਨ ਕਰਨ ਵਾਲੇ ਲੋਕ

ਕੀ ਤੁਹਾਨੂੰ ਯਾਦ ਹੈ ਕਿ ਪ੍ਰਾਚੀਨ ਯਰੂਸ਼ਲਮ ਉੱਤੇ ਕੋਣ ਰੋਇਆ ਸੀ? ਸ਼ਾਇਦ ਤੁਸੀਂ ਕਹੋ ਕਿ ‘ਯਿਸੂ’ ਰੋਇਆ ਸੀ। ਹਾਂ, ਯਿਸੂ ਸੱਚ-ਮੁੱਚ ਇਸ ਸ਼ਹਿਰ ਉੱਤੇ ਰੋਇਆ ਸੀ। (ਲੂਕਾ 19:28, 41) ਪਰ ਯਿਸੂ ਦੇ ਧਰਤੀ ਤੇ ਆਉਣ ਤੋਂ ਸਦੀਆਂ ਪਹਿਲਾਂ ਪਰਮੇਸ਼ੁਰ ਦਾ ਇਕ ਹੋਰ ਵਫ਼ਾਦਾਰ ਸੇਵਕ ਵੀ ਯਰੂਸ਼ਲਮ ਉੱਤੇ ਰੋਇਆ ਸੀ। ਉਸ ਦਾ ਨਾਂ ਨਹਮਯਾਹ ਸੀ।—ਨਹਮਯਾਹ 1:3, 4.

ਨਹਮਯਾਹ ਕਿਸ ਗੱਲ ਕਾਰਨ ਦੁਖੀ ਹੋ ਕੇ ਯਰੂਸ਼ਲਮ ਉੱਤੇ ਰੋਇਆ ਸੀ? ਉਸ ਨੇ ਸ਼ਹਿਰ ਅਤੇ ਉਸ ਦੇ ਵਾਸੀਆਂ ਦੇ ਭਲੇ ਵਾਸਤੇ ਕੀ ਕੀਤਾ ਸੀ? ਉਸ ਦੀ ਉਦਾਹਰਣ ਤੋਂ ਅਸੀਂ ਕੀ ਸਿੱਖ ਸਕਦੇ ਹਾਂ? ਇਨ੍ਹਾਂ ਸਵਾਲਾਂ ਦੇ ਜਵਾਬ ਪਾਉਣ ਲਈ ਆਓ ਆਪਾਂ ਨਹਮਯਾਹ ਦੇ ਦਿਨਾਂ ਵਿਚ ਵਾਪਰੀਆਂ ਕੁਝ ਘਟਨਾਵਾਂ ਵੱਲ ਧਿਆਨ ਦੇਈਏ।

ਸੱਚੀ ਉਪਾਸਨਾ ਲਈ ਜੋਸ਼ੀਲਾ

ਨਹਮਯਾਹ ਨੂੰ ਯਰੂਸ਼ਲਮ ਦਾ ਹਾਕਮ ਥਾਪਿਆ ਗਿਆ ਸੀ, ਪਰ ਇਸ ਤੋਂ ਪਹਿਲਾਂ ਉਹ ਸ਼ੂਸ਼ਨ ਦੇ ਮਹਿਲ ਵਿਚ ਮੰਤਰੀ ਸੀ। ਉਸ ਦੀ ਜ਼ਿੰਦਗੀ ਬੜੀ ਐਸ਼ੋ-ਆਰਾਮ ਵਾਲੀ ਸੀ, ਪਰ ਫਿਰ ਵੀ ਉਹ ਦੂਰ ਯਰੂਸ਼ਲਮ ਵਿਚ ਵਸ ਰਹੇ ਆਪਣੇ ਯਹੂਦੀ ਭਰਾਵਾਂ ਦੀ ਚਿੰਤਾ ਕਰਦਾ ਸੀ। ਜਦ ਯਰੂਸ਼ਲਮ ਤੋਂ ਕੁਝ ਯਹੂਦੀ ਉਸ

ਨੂੰ ਸ਼ੂਸ਼ਨ ਮਿਲਣ ਆਏ, ਤਾਂ ਉਸ ਨੇ ਪਹਿਲਾਂ ਉਨ੍ਹਾਂ ਤੋਂ “ਬਚਿਆਂ ਹੋਇਆਂ ਯਹੂਦੀਆਂ ਦੇ ਵਿਖੇ ਅਤੇ ਉਨ੍ਹਾਂ ਅਸੀਰਾਂ ਦੇ ਵਿਖੇ ਜਿਹੜੇ ਰਹਿ ਗਏ ਸਨ ਅਤੇ ਯਰੂਸ਼ਲਮ ਦੇ ਵਿਖੇ ਪੁੱਛਿਆ।” (ਨਹਮਯਾਹ 1:2) ਜਦ ਉਨ੍ਹਾਂ ਨੇ ਨਹਮਯਾਹ ਨੂੰ ਦੱਸਿਆ ਕਿ ਯਰੂਸ਼ਲਮ ਦੇ ਵਾਸੀਆਂ ਦਾ ਬਹੁਤ ਹੀ ਬੁਰਾ ਹਾਲ ਸੀ ਅਤੇ ਸ਼ਹਿਰ ਦੀਆਂ ਕੰਧਾਂ “ਢੱਠੀਆਂ ਪਈਆਂ” ਸਨ, ਤਾਂ ਨਹਮਯਾਹ ‘ਬੈਠ ਕੇ ਰੋਣ ਲੱਗ ਪਿਆ ਅਤੇ ਕਈ ਦਿਨਾਂ ਤੀਕ ਸੋਗ ਕਰਦਾ ਰਿਹਾ।’ ਇਸ ਤੋਂ ਬਾਅਦ ਉਸ ਨੇ ਯਹੋਵਾਹ ਨੂੰ ਦਿਲੋਂ ਪ੍ਰਾਰਥਨਾ ਕਰਦੇ ਹੋਏ ਦੱਸਿਆ ਕਿ ਉਹ ਕਿੰਨਾ ਦੁਖੀ ਸੀ! (ਨਹਮਯਾਹ 1:3-11) ਨਹਮਯਾਹ ਇੰਨਾ ਉਦਾਸ ਕਿਉਂ ਹੋਇਆ ਸੀ? ਕਿਉਂਕਿ ਧਰਤੀ ਉੱਤੇ ਯਰੂਸ਼ਲਮ ਯਹੋਵਾਹ ਦੀ ਭਗਤੀ ਦਾ ਕੇਂਦਰ ਸੀ ਅਤੇ ਇਸ ਦੀ ਦੇਖ-ਭਾਲ ਨਹੀਂ ਕੀਤੀ ਜਾ ਰਹੀ ਸੀ। (1 ਰਾਜਿਆਂ 11:36) ਇਸ ਤੋਂ ਇਲਾਵਾ, ਸ਼ਹਿਰ ਦੀ ਬੁਰੀ ਹਾਲਤ ਤੋਂ ਜ਼ਾਹਰ ਹੁੰਦਾ ਸੀ ਕਿ ਉਸ ਦੇ ਵਾਸੀ ਅਧਿਆਤਮਿਕ ਤੌਰ ਤੇ ਕਮਜ਼ੋਰ ਹੋ ਗਏ ਸਨ।—ਨਹਮਯਾਹ 1:6, 7.

ਯਰੂਸ਼ਲਮ ਦੀ ਚਿੰਤਾ ਕਰਨ ਕਰਕੇ ਅਤੇ ਉਸ ਵਿਚ ਰਹਿ ਰਹੇ ਯਹੂਦੀਆਂ ਲਈ ਹਮਦਰਦੀ ਕਾਰਨ ਨਹਮਯਾਹ ਕੁਝ ਕਰਨ ਲਈ ਪ੍ਰੇਰਿਤ ਹੋਇਆ। ਜਦ ਫ਼ਾਰਸੀ ਰਾਜੇ ਨੇ ਉਸ ਨੂੰ ਕੰਮ ਤੋਂ ਕੁਝ ਸਮੇਂ ਲਈ ਛੁੱਟੀ ਦੇ ਦਿੱਤੀ, ਤਾਂ ਨਹਮਯਾਹ ਫ਼ੌਰਨ ਹੀ ਯਰੂਸ਼ਲਮ ਨੂੰ ਜਾਣ ਲਈ ਲੰਬੇ ਸਫ਼ਰ ਦੀ ਤਿਆਰੀ ਕਰਨ ਲੱਗ ਪਿਆ। (ਨਹਮਯਾਹ 2:5, 6) ਉਹ ਆਪਣਾ ਸਮਾਂ, ਆਪਣੀ ਤਾਕਤ ਤੇ ਕਾਰੀਗਰੀ ਵਰਤ ਕੇ ਮੁਰੰਮਤ ਦੇ ਕੰਮ ਵਿਚ ਹਿੱਸਾ ਲੈਣਾ ਚਾਹੁੰਦਾ ਸੀ। ਉੱਥੇ ਪਹੁੰਚਣ ਤੋਂ ਕੁਝ ਦਿਨਾਂ ਬਾਅਦ ਉਸ ਨੇ ਯਰੂਸ਼ਲਮ ਦੀ ਪੂਰੀ ਕੰਧ ਦੀ ਮੁਰੰਮਤ ਕਰਨ ਦੀ ਯੋਜਨਾ ਬਣਾ ਲਈ ਸੀ।—ਨਹਮਯਾਹ 2:11-18.

ਨਹਮਯਾਹ ਨੇ ਕੰਧ ਦੀ ਮੁਰੰਮਤ ਦਾ ਵੱਡਾ ਕੰਮ ਕਈਆਂ ਪਰਿਵਾਰਾਂ ਵਿਚ ਵੰਡ ਦਿੱਤਾ ਅਤੇ ਉਨ੍ਹਾਂ ਨੇ ਇਕ-ਦੂਜੇ ਨਾਲ ਮਿਲ ਕੇ ਕੰਮ ਕੀਤਾ। * ਕੁਝ 40 ਤੋਂ ਜ਼ਿਆਦਾ ਵੱਖੋ-ਵੱਖਰੇ ਗਰੁੱਪਾਂ ਨੂੰ ਜੁਦੇ-ਜੁਦੇ ‘ਹਿੱਸਿਆਂ’ ਤੇ ਕੰਮ ਸੌਂਪਿਆ ਗਿਆ ਸੀ ਅਤੇ ਉਨ੍ਹਾਂ ਦੇ ਨਿਆਣਿਆਂ ਨੇ ਵੀ ਹੱਥ ਵਟਾਇਆ। ਇਸ ਤਰ੍ਹਾਂ ਸਾਰਿਆਂ ਦੀ ਸਖ਼ਤ ਮਿਹਨਤ ਦੇ ਨਤੀਜੇ ਵਜੋਂ ਜੋ ਕੰਮ ਨਾਮੁਮਕਿਨ ਲੱਗਦਾ ਸੀ, ਉਹ ਪੂਰਾ ਹੋ ਗਿਆ ਸੀ। (ਨਹਮਯਾਹ 3:11, 12, 19, 20) ਉਨ੍ਹਾਂ ਨੇ ਦੋ ਮਹੀਨੇ ਡਟ ਕੇ ਕੰਮ ਕੀਤਾ ਅਤੇ ਕੰਧ ਦੀ ਮੁਰੰਮਤ ਪੂਰੀ ਹੋ ਗਈ! ਨਹਮਯਾਹ ਨੇ ਲਿਖਿਆ ਕਿ ਜਿਨ੍ਹਾਂ ਨੇ ਮੁਰੰਮਤ ਦੇ ਕੰਮ ਦਾ ਵਿਰੋਧ ਕੀਤਾ, ਉਨ੍ਹਾਂ ਨੂੰ ਵੀ ਸਵੀਕਾਰ ਕਰਨਾ ਪਿਆ ਕਿ ‘ਏਹ ਕੰਮ ਯਹੋਵਾਹ ਪਰਮੇਸ਼ੁਰ ਵੱਲੋਂ ਕੀਤਾ ਗਿਆ ਸੀ।’—ਨਹਮਯਾਹ 6:15, 16.

ਸਾਡੇ ਲਈ ਇਕ ਵਧੀਆ ਮਿਸਾਲ

ਨਹਮਯਾਹ ਨੇ ਸਿਰਫ਼ ਆਪਣਾ ਸਮਾਂ ਲਗਾ ਕੇ ਅਤੇ ਵਧੀਆ ਤਰੀਕੇ ਨਾਲ ਕੰਮ ਦੀ ਯੋਜਨਾ ਬਣਾ ਕੇ ਹੀ ਮਦਦ ਨਹੀਂ ਕੀਤੀ। ਉਸ ਨੇ ਸੱਚੀ ਉਪਾਸਨਾ ਵਿਚ ਆਪਣਾ ਰੁਪਇਆ-ਪੈਸਾ ਵੀ ਲਗਾਇਆ ਸੀ। ਉਸ ਨੇ ਕੋਲੋਂ ਪੈਸੇ ਦੇ ਕੇ ਆਪਣੇ ਯਹੂਦੀ ਭਰਾਵਾਂ ਨੂੰ ਗ਼ੁਲਾਮੀ ਵਿੱਚੋਂ ਛੁਡਾਇਆ ਸੀ। ਨਾਲੇ ਉਸ ਨੇ ਵਿਆਜ ਛੱਡ ਕੇ ਯਹੂਦੀਆਂ ਨੂੰ ਪੈਸੇ ਉਧਾਰ ਦਿੱਤੇ ਸਨ। ਭਾਵੇਂ ਕਿ ਉਹ ਲੋਕਾਂ ਦਾ ਹਾਕਮ ਸੀ, ਫਿਰ ਵੀ ਉਸ ਨੇ ਲੋਕਾਂ ਤੇ ਇਹ “ਬੋਝ” ਨਹੀਂ ਪਾਇਆ ਕਿ ਉਹ ਉਸ ਦੀ ਖਾਤਰਦਾਰੀ ਕਰਨ। ਇਸ ਦੀ ਬਜਾਇ, ਉਸ ਨੇ ਯਹੂਦੀਆਂ ਅਤੇ ਆਲੇ-ਦੁਆਲੇ ਦੀਆਂ ਕੌਮਾਂ ਵਿੱਚੋਂ ਆ ਰਹੇ ਕੁਝ ਡੇਢ ਸੌ ਲੋਕਾਂ ਲਈ ਆਪਣੇ ਘਰ ਲੰਗਰ ਲਗਾਇਆ। ਹਰ ਦਿਨ ਉਹ “ਇੱਕ ਵਹਿੜਾ ਅਤੇ ਛੇ ਪਲੀਆਂ ਹੋਈਆਂ ਭੇਡਾਂ ਅਰ ਮੁਰਗੀਆਂ” ਮਹਿਮਾਨਾਂ ਲਈ ਦਿੰਦਾ ਸੀ। ਇਸ ਦੇ ਨਾਲ-ਨਾਲ ਉਹ ਦਸਾਂ ਦਿਨਾਂ ਵਿਚ ਇਕ ਵਾਰ ਉਨ੍ਹਾਂ ਨੂੰ ‘ਹਰ ਇੱਕ ਕਿਸਮ ਦੀ ਮੈ’ ਪਿਲਾਉਂਦਾ ਸੀ। ਇਨ੍ਹਾਂ ਸਾਰੀਆਂ ਚੀਜ਼ਾਂ ਲਈ ਉਹ ਆਪਣੇ ਕੋਲੋਂ ਖ਼ਰਚ ਕਰਦਾ ਸੀ।—ਨਹਮਯਾਹ 5:8, 10, 14-18.

ਨਹਮਯਾਹ ਨੇ ਖੁੱਲ੍ਹ-ਦਿਲਾ ਰਵੱਈਆ ਦਿਖਾ ਕੇ ਆਪਣੇ ਯਹੂਦੀ ਭਰਾਵਾਂ ਲਈ ਅਤੇ ਸਾਡੇ ਲਈ ਕਿੰਨੀ ਵਧੀਆ ਮਿਸਾਲ ਕਾਇਮ ਕੀਤੀ! ਪਰਮੇਸ਼ੁਰ ਦੇ ਇਸ ਬਹਾਦਰ ਸੇਵਕ ਨੇ ਖ਼ੁਸ਼ੀ-ਖ਼ੁਸ਼ੀ ਸੱਚੀ ਉਪਾਸਨਾ ਦੇ ਕੰਮ ਵਿਚ ਆਪਣਾ ਰੁਪਇਆ-ਪੈਸਾ ਲਗਾਇਆ ਤੇ ਲੋਕਾਂ ਦੀ ਮਦਦ ਕੀਤੀ। ਇਸ ਲਈ ਨਹਮਯਾਹ ਯਹੋਵਾਹ ਨੂੰ ਕਹਿ ਸਕਿਆ: “ਹੇ ਮੇਰੇ ਪਰਮੇਸ਼ੁਰ, ਮੈਨੂੰ ਚੇਤੇ ਕਰ ਉਸ ਸਾਰੀ ਭਲਿਆਈ ਲਈ ਜਿਹੜੀ ਮੈਂ ਇਨ੍ਹਾਂ ਲੋਕਾਂ ਉੱਤੇ ਕੀਤੀ।” (ਨਹਮਯਾਹ 5:19) ਯਕੀਨਨ ਯਹੋਵਾਹ ਨੇ ਉਸ ਨਾਲ ਇਸੇ ਤਰ੍ਹਾਂ ਕੀਤਾ।—ਇਬਰਾਨੀਆਂ 6:10.

ਅੱਜ ਨਹਮਯਾਹ ਦੀ ਰੀਸ ਕੀਤੀ ਜਾਂਦੀ ਹੈ

ਇਹ ਕਿੰਨੀ ਖ਼ੁਸ਼ੀ ਦੀ ਗੱਲ ਹੈ ਕਿ ਅੱਜ ਵੀ ਯਹੋਵਾਹ ਦੇ ਲੋਕ ਨਹਮਯਾਹ ਵਾਂਗ ਹਮਦਰਦੀ ਦਿਖਾਉਂਦੇ ਹਨ ਅਤੇ ਸੱਚੀ ਉਪਾਸਨਾ ਲਈ ਆਤਮ-ਬਲੀਦਾਨੀ ਰਵੱਈਆ ਦਿਖਾਉਂਦੇ ਹੋਏ ਜੋਸ਼ ਨਾਲ ਕੰਮ ਕਰਦੇ ਹਨ। ਜਦੋਂ ਸਾਨੂੰ ਪਤਾ ਲੱਗਦਾ ਹੈ ਕਿ ਸਾਡੇ ਸੰਗੀ ਭੈਣ-ਭਰਾ ਮੁਸ਼ਕਲਾਂ ਦਾ ਸਾਮ੍ਹਣਾ ਕਰ ਰਹੇ ਹਨ, ਤਾਂ ਸਾਨੂੰ ਉਨ੍ਹਾਂ ਦੀ ਗਹਿਰੀ ਚਿੰਤਾ ਹੁੰਦੀ ਹੈ। (ਰੋਮੀਆਂ 12:15) ਨਹਮਯਾਹ ਵਾਂਗ, ਅਸੀਂ ਵੀ ਆਪਣੇ ਦੁਖੀ ਭਰਾਵਾਂ ਦੀ ਖ਼ਾਤਰ ਯਹੋਵਾਹ ਅੱਗੇ ਬੇਨਤੀ ਕਰਦੇ ਹੋਏ ਕਹਿੰਦੇ ਹਾਂ: “ਆਪਣੇ ਦਾਸ ਦੀ ਪ੍ਰਾਰਥਨਾ ਉੱਤੇ ਤੇਰੇ ਕੰਨ ਲੱਗੇ ਰਹਿਣ, ਆਪਣੇ ਦਾਸਾਂ ਦੀ ਪ੍ਰਾਰਥਨਾ ਉੱਤੇ ਵੀ ਜਿਹੜੇ ਤੇਰੇ ਨਾਮ ਤੋਂ ਡਰਨ ਦੇ ਚਾਹਵੰਦ ਹਨ।”—ਨਹਮਯਾਹ 1:11; ਕੁਲੁੱਸੀਆਂ 4:2.

ਪਰ ਮਸੀਹੀ ਭੈਣ-ਭਰਾਵਾਂ ਦੀ ਰੂਹਾਨੀ ਤੇ ਸਰੀਰਕ ਚਿੰਤਾ ਅਤੇ ਸੱਚੀ ਉਪਾਸਨਾ ਨੂੰ ਫੈਲਾਉਣ ਦੀ ਸਾਡੀ ਚਾਹ ਸਿਰਫ਼ ਸਾਡੇ ਜਜ਼ਬਾਤਾਂ ਉੱਤੇ ਹੀ ਅਸਰ ਨਹੀਂ ਕਰਦੀ, ਸਗੋਂ ਸਾਨੂੰ ਕੁਝ ਕਰਨ ਲਈ ਵੀ ਪ੍ਰੇਰਦੀ ਹੈ। ਪਿਆਰ ਦੀ ਖ਼ਾਤਰ ਕੁਝ ਭੈਣ-ਭਰਾ ਮੌਕਾ ਮਿਲਣ ਤੇ ਆਪਣੀ ਐਸ਼ੋ-ਆਰਾਮ ਦੀ ਜ਼ਿੰਦਗੀ ਛੱਡ ਕੇ ਨਹਮਯਾਹ ਵਾਂਗ ਦੂਸਰਿਆਂ ਦੀ ਲੋੜੀਂਦੀ ਮਦਦ ਕਰਨ ਲਈ ਹੋਰਨਾਂ ਥਾਂਵਾਂ ਨੂੰ ਚਲੇ ਜਾਂਦੇ ਹਨ। ਕੁਝ ਦੇਸ਼ਾਂ ਵਿਚ ਅਜਿਹੇ ਭਰਾ ਰੁੱਖੀ-ਸੁੱਕੀ ਖਾ ਕੇ ਅਤੇ ਸਾਦਾ ਜੀਵਨ ਜੀ ਕੇ ਗੁਜ਼ਾਰਾ ਕਰਦੇ ਹਨ, ਪਰ ਉਹ ਆਪਣੇ ਮਸੀਹੀ ਭਰਾਵਾਂ ਨਾਲ ਮਿਲ ਕੇ ਸੱਚੀ ਉਪਾਸਨਾ ਨੂੰ ਫੈਲਾਉਣ ਵਿਚ ਹਿੱਸਾ ਲੈ ਕੇ ਖ਼ੁਸ਼ੀ ਪਾਉਂਦੇ ਹਨ। ਉਨ੍ਹਾਂ ਦਾ ਖੁੱਲ੍ਹ-ਦਿਲਾ ਰਵੱਈਆ ਸੱਚ-ਮੁੱਚ ਸ਼ਲਾਘਾਯੋਗ ਹੈ!

ਆਪਣੇ ਆਂਢ-ਗੁਆਂਢ ਵਿਚ ਸੇਵਾ ਕਰਨੀ

ਇਹ ਸੱਚ ਹੈ ਕਿ ਸਾਰਿਆਂ ਦੇ ਹਾਲਾਤ ਜੁਦੇ-ਜੁਦੇ ਹੁੰਦੇ ਹਨ ਅਤੇ ਸਾਡੇ ਵਿੱਚੋਂ ਕਈ ਸ਼ਾਇਦ ਹੋਰ ਜਗ੍ਹਾ ਨਾ ਜਾ ਸਕਣ। ਪਰ ਅਸੀਂ ਆਪਣੇ ਆਂਢ-ਗੁਆਂਢ ਵਿਚ ਲੋਕਾਂ ਨੂੰ ਸੱਚੀ ਉਪਾਸਨਾ ਬਾਰੇ ਦੱਸ ਸਕਦੇ ਹਾਂ। ਨਹਮਯਾਹ ਦੀ ਪੁਸਤਕ ਵਿਚ ਇਸ ਤਰ੍ਹਾਂ ਕਰਨ ਦੀਆਂ ਕੁਝ ਉਦਾਹਰਣਾਂ ਦਿੱਤੀਆਂ ਗਈਆਂ ਹਨ। ਧਿਆਨ ਦਿਓ ਕਿ ਨਹਮਯਾਹ ਨੇ ਕੁਝ ਵਫ਼ਾਦਾਰ ਪਰਿਵਾਰਾਂ ਬਾਰੇ ਕੀ ਕਿਹਾ ਸੀ ਜਿਨ੍ਹਾਂ ਨੇ ਮੁਰੰਮਤ ਦੇ ਕੰਮ ਵਿਚ ਹਿੱਸਾ ਲਿਆ। ਉਸ ਨੇ ਲਿਖਿਆ: “ਹਰੂਮਫ ਦੇ ਪੁੱਤ੍ਰ ਯਦਾਯਾਹ ਨੇ ਆਪਣੇ ਘਰ ਦੇ ਅੱਗੇ ਮੁਰੰਮਤ ਕੀਤੀ . . . ਬਿਨਯਾਮੀਨ ਅਤੇ ਹਸ਼ੂਬ ਨੇ ਆਪਣੇ ਘਰ ਦੇ ਸਾਹਮਣੇ ਤਕ ਮੁਰੰਮਤ ਕੀਤੀ। ਉਹ ਦੇ ਮਗਰੋਂ ਅਨਨਯਾਹ ਦੇ ਪੋਤਰੇ ਮਆਸ਼ੇਯਾਹ ਦੇ ਪੁੱਤ੍ਰ ਅਜ਼ਰਯਾਹ ਨੇ ਆਪਣੇ ਘਰ ਦੇ ਨਾਲ ਨਾਲ ਮੁਰੰਮਤ ਕੀਤੀ।” (ਟੇਢੇ ਟਾਈਪ ਸਾਡੇ।) (ਨਹਮਯਾਹ 3:10, 23, 28-30) ਇਨ੍ਹਾਂ ਬੰਦਿਆਂ ਤੇ ਇਨ੍ਹਾਂ ਦੇ ਪਰਿਵਾਰਾਂ ਨੇ ਆਪਣੇ ਘਰਾਂ ਦੇ ਅੱਗੇ ਮੁਰੰਮਤ ਦੇ ਕੰਮ ਵਿਚ ਡਟ ਕੇ ਹੱਥ ਵਟਾਉਣ ਦੁਆਰਾ ਸੱਚੀ ਉਪਾਸਨਾ ਦੇ ਕੰਮ ਵਿਚ ਬਹੁਤ ਹੀ ਮਦਦ ਕੀਤੀ।

ਅੱਜ ਸਾਡੇ ਵਿੱਚੋਂ ਵੀ ਕਈ ਆਪਣੇ ਆਂਢ-ਗੁਆਂਢ ਵਿਚ ਜੁਦੇ-ਜੁਦੇ ਤਰੀਕਿਆਂ ਨਾਲ ਸੱਚੀ ਉਪਾਸਨਾ ਨੂੰ ਫੈਲਾਉਣ ਵਿਚ ਹਿੱਸਾ ਲੈ ਰਹੇ ਹਨ। ਅਸੀਂ ਕਿੰਗਡਮ ਹਾਲ ਦੀ ਉਸਾਰੀ ਦੇ ਕੰਮ ਵਿਚ, ਬਿਪਤਾਵਾਂ ਦੇ ਸਮੇਂ ਲੋਕਾਂ ਨੂੰ ਖਾਣ-ਪੀਣ ਅਤੇ ਦਵਾਈਆਂ ਵੰਡਣ ਵਿਚ ਅਤੇ ਸਭ ਤੋਂ ਮਹੱਤਵਪੂਰਣ, ਰਾਜ ਦੇ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈਂਦੇ ਹਾਂ। ਇਸ ਦੇ ਨਾਲ-ਨਾਲ, ਭਾਵੇਂ ਕਿ ਅਸੀਂ ਨਿੱਜੀ ਤੌਰ ਤੇ ਉਸਾਰੀ ਦੇ ਕੰਮ ਵਿਚ ਜਾਂ ਲੋੜਵੰਦਾਂ ਨੂੰ ਚੀਜ਼ਾਂ ਵੰਡਣ ਵਿਚ ਹਿੱਸਾ ਨਹੀਂ ਲੈ ਸਕਦੇ, ਪਰ ਨਹਮਯਾਹ ਵਾਂਗ ਸਾਡੇ ਸਾਰਿਆਂ ਦੀ ਇਹ ਦਿਲੀ ਇੱਛਾ ਹੈ ਕਿ ਅਸੀਂ ਆਪਣੇ ਰੁਪਏ-ਪੈਸੇ ਲਗਾ ਕੇ ਸੱਚੀ ਉਪਾਸਨਾ ਦੇ ਕੰਮ ਨੂੰ ਅੱਗੇ ਵਧਾਉਣ ਵਿਚ ਹਿੱਸਾ ਲਈਏ।—“ਦਾਨ ਦੇਣ ਵੇਲੇ ਯਾਦ ਰੱਖਣ ਵਾਲੀਆਂ ਗੱਲਾਂ” ਨਾਮਕ ਡੱਬੀ ਦੇਖੋ।

ਕਦੇ-ਕਦੇ ਸ਼ਾਇਦ ਸਾਨੂੰ ਇਸ ਤਰ੍ਹਾਂ ਲੱਗੇ ਕਿ ਵਧ ਰਹੇ ਛਪਾਈ ਦੇ ਕੰਮ ਲਈ, ਬਿਪਤਾਵਾਂ ਦੇ ਸਮੇਂ ਰਾਹਤ ਪਹੁੰਚਾਉਣ ਲਈ ਅਤੇ ਸੰਸਾਰ ਭਰ ਵਿਚ ਕੀਤੀਆਂ ਜਾਂਦੀਆਂ ਹੋਰ ਅਨੇਕ ਸੇਵਾਵਾਂ ਲਈ ਇੰਨਾ ਪੈਸਾ ਇਕੱਠਾ ਕਰਨਾ ਨਾਮੁਮਕਿਨ ਹੈ। ਪਰ ਯਾਦ ਰੱਖੋ ਕਿ ਯਰੂਸ਼ਲਮ ਦੀ ਕੰਧ ਦੀ ਮੁਰੰਮਤ ਦਾ ਕੰਮ ਵੀ ਬਹੁਤ ਹੀ ਵੱਡਾ ਲੱਗਦਾ ਸੀ। (ਨਹਮਯਾਹ 4:10) ਪਰ ਮੁਰੰਮਤ ਦਾ ਕੰਮ ਅਨੇਕ ਰਜ਼ਾਮੰਦ ਪਰਿਵਾਰਾਂ ਵਿਚ ਵੰਡਿਆ ਗਿਆ ਸੀ, ਇਸ ਲਈ ਉਹ ਪੂਰਾ ਹੋ ਗਿਆ। ਇਸੇ ਤਰ੍ਹਾਂ ਅੱਜ ਵੀ ਸੰਸਾਰ ਭਰ ਵਿਚ ਕੀਤਾ ਜਾ ਰਿਹਾ ਸਾਡਾ ਕੰਮ ਚੱਲਦਾ ਰਹੇਗਾ ਜੇਕਰ ਅਸੀਂ ਕੰਮ ਕਰਨ ਦੀ ਆਪੋ-ਆਪਣੀ ਜ਼ਿੰਮੇਵਾਰੀ ਪੂਰੀ ਕਰਦੇ ਰਹੀਏ।

‘ਕੁਝ ਲੋਕ ਇਨ੍ਹਾਂ ਤਰੀਕਿਆਂ ਨਾਲ ਦਾਨ ਦੇਣਾ ਪਸੰਦ ਕਰਦੇ ਹਨ’ ਨਾਮਕ ਡੱਬੀ ਵਿਚ ਕਈ ਤਰੀਕਿਆਂ ਦਾ ਜ਼ਿਕਰ ਕੀਤਾ ਗਿਆ ਹੈ ਜਿਨ੍ਹਾਂ ਦੁਆਰਾ ਅਸੀਂ ਦਾਨ ਦੇ ਕੇ ਰਾਜ ਦੇ ਕੰਮ ਵਿਚ ਮਦਦ ਕਰ ਸਕਦੇ ਹਾਂ। ਪਿਛਲੇ ਸਾਲ ਦੌਰਾਨ, ਪਰਮੇਸ਼ੁਰ ਦੇ ਬਹੁਤ ਸਾਰੇ ਲੋਕਾਂ ਨੇ ਖ਼ੁਸ਼ੀ ਨਾਲ ਇਸ ਤਰ੍ਹਾਂ ਮਦਦ ਕੀਤੀ ਅਤੇ ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਦਿਲੋਂ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦੀ ਹੈ। ਸਭ ਤੋਂ ਵੱਧ, ਅਸੀਂ ਯਹੋਵਾਹ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਕਿਉਂਕਿ ਉਸ ਨੇ ਸੰਸਾਰ ਭਰ ਵਿਚ ਸੱਚੀ ਉਪਾਸਨਾ ਦਾ ਕੰਮ ਕਰਨ ਦੇ ਆਪਣੇ ਲੋਕਾਂ ਦੇ ਜਤਨਾਂ ਉੱਤੇ ਸ਼ਾਨਦਾਰ ਬਰਕਤਾਂ ਪਾਈਆਂ ਹਨ। ਜੀ ਹਾਂ, ਜਦੋਂ ਅਸੀਂ ਇਸ ਗੱਲ ਤੇ ਗੌਰ ਕਰਦੇ ਹਾਂ ਕਿ ਯਹੋਵਾਹ ਸਾਡੀ ਕਿੰਨੀ ਮਦਦ ਕਰਦਾ ਹੈ, ਤਾਂ ਅਸੀਂ ਵੀ ਧੰਨਵਾਦ ਕਰਦੇ ਹੋਏ ਨਹਮਯਾਹ ਦੇ ਸ਼ਬਦ ਕਹਿਣ ਲਈ ਉਤੇਜਿਤ ਹੁੰਦੇ ਹਾਂ: “ਪਰਮੇਸ਼ੁਰ ਦਾ ਹੱਥ ਕਿਸ ਤਰਾਂ ਮੇਰੇ ਉੱਤੇ ਨੇਕੀ ਲਈ ਸੀ।”—ਨਹਮਯਾਹ 2:18.

[ਫੁਟਨੋਟ]

^ ਪੈਰਾ 8 ਨਹਮਯਾਹ 3:5 ਵਿਚ ਦੱਸਿਆ ਗਿਆ ਹੈ ਕਿ ਕੁਝ ਅਮੀਰ ਯਹੂਦੀਆਂ ਨੇ ਯਾਨੀ ਕਿ “ਪਤ ਵੰਤਿਆਂ” ਨੇ ਕੰਮ ਵਿਚ ਹਿੱਸਾ ਲੈਣ ਤੋਂ ਸਾਫ਼ ਇਨਕਾਰ ਕੀਤਾ। ਪਰ ਜ਼ਿਆਦਾਤਰ ਲੋਕਾਂ ਨੇ ਰਾਜ਼ੀ-ਖ਼ੁਸ਼ੀ ਕੰਮ ਕੀਤਾ। ਇਹ ਲੋਕ ਵੱਖੋ-ਵੱਖਰੇ ਪਿਛੋਕੜਾਂ ਦੇ ਸਨ, ਇਨ੍ਹਾਂ ਵਿਚ ਜਾਜਕ, ਸੁਨਿਆਰੇ, ਅਤਰ ਬਣਾਉਣ ਵਾਲੇ, ਸਰਦਾਰ ਅਤੇ ਵਪਾਰੀ ਵੀ ਸਨ।—ਆਇਤਾਂ 1, 8, 9, 32.

[ਸਫ਼ਾ 28, 29 ਉੱਤੇ ਡੱਬੀ/ਤਸਵੀਰਾਂ]

ਕੁਝ ਲੋਕ ਇਨ੍ਹਾਂ ਤਰੀਕਿਆਂ ਨਾਲ

ਵਿਸ਼ਵ-ਵਿਆਪੀ ਕੰਮ ਲਈ ਦਾਨ ਦੇਣਾ ਪਸੰਦ ਕਰਦੇ ਹਨ

ਕਈ ਲੋਕ ਕੁਝ ਪੈਸਾ ਵੱਖਰਾ ਰੱਖਦੇ ਹਨ ਜੋ ਉਹ ਉਨ੍ਹਾਂ ਦਾਨ ਦੇ ਡੱਬਿਆਂ ਵਿਚ ਪਾਉਂਦੇ ਹਨ ਜਿਨ੍ਹਾਂ ਉੱਤੇ ਲਿਖਿਆ ਹੁੰਦਾ ਹੈ: “ਵਿਸ਼ਵ-ਵਿਆਪੀ ਕੰਮ ਲਈ ਚੰਦੇ—ਮੱਤੀ 24:14.”

ਹਰ ਮਹੀਨੇ ਕਲੀਸਿਯਾਵਾਂ ਇਹ ਦਾਨ ਬਰੁਕਲਿਨ ਵਿਚ ਯਹੋਵਾਹ ਦੇ ਗਵਾਹਾਂ ਦੇ ਮੁੱਖ ਦਫ਼ਤਰ ਜਾਂ ਸਥਾਨਕ ਸ਼ਾਖ਼ਾ ਦਫ਼ਤਰ ਨੂੰ ਭੇਜ ਦਿੰਦੀਆਂ ਹਨ। ਜੇ ਕੋਈ ਚਾਹੇ ਤਾਂ ਉਹ ਦਾਨ ਸਿੱਧਾ Treasurer’s Office, Watch Tower Bible and Tract Society of Pennsylvania, 25 Columbia Heights, Brooklyn, New York 11201-2483, ਨੂੰ ਜਾਂ ਆਪਣੇ ਦੇਸ਼ ਦੇ ਸ਼ਾਖ਼ਾ ਦਫ਼ਤਰ ਨੂੰ ਭੇਜ ਸਕਦਾ ਹੈ। ਗਹਿਣੇ ਜਾਂ ਹੋਰ ਕੀਮਤੀ ਵਸਤਾਂ ਵੀ ਦਾਨ ਕੀਤੀਆਂ ਜਾ ਸਕਦੀਆਂ ਹਨ। ਇਨ੍ਹਾਂ ਚੀਜ਼ਾਂ ਦੇ ਨਾਲ-ਨਾਲ ਇਕ ਛੋਟੀ ਜਿਹੀ ਚਿੱਠੀ ਹੋਣੀ ਚਾਹੀਦੀ ਹੈ ਜਿਸ ਵਿਚ ਇਹ ਦੱਸਿਆ ਜਾਣਾ ਚਾਹੀਦਾ ਹੈ ਕਿ ਇਹ ਇਕ ਸ਼ਰਤ-ਰਹਿਤ ਤੋਹਫ਼ਾ ਹੈ।

ਸ਼ਰਤੀਆ ਦਾਨ ਪ੍ਰਬੰਧ

ਇਸ ਖ਼ਾਸ ਪ੍ਰਬੰਧ ਅਧੀਨ ਜੇ ਕੋਈ ਵਿਅਕਤੀ ਪੈਸੇ ਦਾਨ ਕਰਦਾ ਹੈ, ਤਾਂ ਬਾਅਦ ਵਿਚ ਉਸ ਨੂੰ ਲੋੜ ਪੈਣ ਤੇ ਪੈਸਾ ਵਾਪਸ ਦੇ ਦਿੱਤਾ ਜਾਵੇਗਾ। ਹੋਰ ਜਾਣਕਾਰੀ ਲਈ, ਕਿਰਪਾ ਕਰ ਕੇ ਉੱਪਰ ਦਿੱਤੇ ਪਤੇ ਤੇ Treasurer’s Office ਨਾਲ ਸੰਪਰਕ ਕਰੋ।

ਦਾਨ ਦੇਣ ਦੇ ਤਰੀਕੇ

ਆਪਣੀ ਇੱਛਾ ਨਾਲ ਰੁਪਏ-ਪੈਸੇ ਤੋਹਫ਼ੇ ਅਤੇ ਸ਼ਰਤੀਆ ਦਾਨ ਦੇ ਤੌਰ ਤੇ ਦੇਣ ਤੋਂ ਇਲਾਵਾ, ਵਿਸ਼ਵ-ਵਿਆਪੀ ਰਾਜ ਕੰਮਾਂ ਲਈ ਦਾਨ ਦੇਣ ਦੇ ਹੋਰ ਵੀ ਕਈ ਤਰੀਕੇ ਹਨ। ਇਨ੍ਹਾਂ ਵਿਚ ਹੇਠ ਲਿਖੇ ਤਰੀਕੇ ਸ਼ਾਮਲ ਹਨ:

ਬੀਮਾ: ਜੀਵਨ ਬੀਮਾ ਪਾਲਿਸੀ ਜਾਂ ਰੀਟਾਇਰਮੈਂਟ/ਪੈਨਸ਼ਨ ਯੋਜਨਾ ਦਾ ਲਾਭ-ਪਾਤਰ Watch Tower Society ਨੂੰ ਬਣਾਇਆ ਜਾ ਸਕਦਾ ਹੈ।

ਬੈਂਕ ਖਾਤੇ: ਸਥਾਨਕ ਬੈਂਕ ਦੇ ਨਿਯਮਾਂ ਮੁਤਾਬਕ ਬੈਂਕ ਖਾਤੇ, ਜਮ੍ਹਾ ਰਕਮ ਦੇ ਸਰਟੀਫਿਕੇਟ ਜਾਂ ਨਿੱਜੀ ਰੀਟਾਇਰਮੈਂਟ ਖਾਤੇ Watch Tower Society ਲਈ ਟ੍ਰਸਟ ਵਿਚ ਰੱਖੇ ਜਾ ਸਕਦੇ ਹਨ ਜਾਂ ਵਿਅਕਤੀ ਦੀ ਮੌਤ ਹੋਣ ਤੇ ਸੋਸਾਇਟੀ ਨੂੰ ਦਿੱਤੇ ਜਾ ਸਕਦੇ ਹਨ।

ਸਟਾਕ ਅਤੇ ਬਾਂਡ: ਸਟਾਕ ਅਤੇ ਬਾਂਡ Watch Tower Society ਨੂੰ ਬਿਨਾਂ ਕਿਸੇ ਸ਼ਰਤ ਦੇ ਤੋਹਫ਼ੇ ਵਜੋਂ ਦਾਨ ਕੀਤੇ ਜਾ ਸਕਦੇ ਹਨ।

ਜ਼ਮੀਨ-ਜਾਇਦਾਦ: ਵਿਕਾਊ ਜ਼ਮੀਨ-ਜਾਇਦਾਦ Watch Tower Society ਨੂੰ ਜਾਂ ਤਾਂ ਬਿਨਾਂ ਸ਼ਰਤ ਤੋਹਫ਼ੇ ਵਜੋਂ ਦਾਨ ਕੀਤੀ ਜਾ ਸਕਦੀ ਹੈ ਜਾਂ ਫਿਰ ਦਾਨ ਦੇਣ ਵਾਲੇ ਦੇ ਜੀਵਨ-ਕਾਲ ਲਈ ਰਾਖਵੀਂ ਰੱਖੀ ਜਾ ਸਕਦੀ ਹੈ ਅਤੇ ਉਹ ਆਪਣੇ ਜੀਉਂਦੇ ਜੀ ਉੱਥੇ ਰਹਿ ਸਕਦਾ ਹੈ। ਇਸ ਮਾਮਲੇ ਵਿਚ ਕੁਝ ਵੀ ਕਰਨ ਤੋਂ ਪਹਿਲਾਂ ਆਪਣੇ ਦੇਸ਼ ਦੇ ਸ਼ਾਖ਼ਾ ਦਫ਼ਤਰ ਨਾਲ ਸੰਪਰਕ ਕਰੋ।

ਤੋਹਫ਼ੇ ਵਿਚ ਸਾਲਾਨਾ ਰਕਮ: ਇਸ ਪ੍ਰਬੰਧ ਅਧੀਨ ਵਿਅਕਤੀ ਆਪਣਾ ਪੈਸਾ ਜਾਂ ਸਟਾਕ ਤੇ ਬਾਂਡਸ Watch Tower Society ਦੇ ਨਾਂ ਲਿਖਵਾ ਦਿੰਦਾ ਹੈ। ਇਸ ਦੇ ਬਦਲੇ ਵਿਚ ਦਾਨ ਦੇਣ ਵਾਲੇ ਵਿਅਕਤੀ ਨੂੰ ਜਾਂ ਉਸ ਵੱਲੋਂ ਨਿਯੁਕਤ ਕੀਤੇ ਗਏ ਵਿਅਕਤੀ ਨੂੰ ਜ਼ਿੰਦਗੀ ਭਰ ਲਈ ਹਰ ਸਾਲ ਇਕ ਬੱਝਵੀਂ ਰਕਮ ਦਿੱਤੀ ਜਾਵੇਗੀ। ਜਿਸ ਸਾਲ ਇਹ ਪ੍ਰਬੰਧ ਸ਼ੁਰੂ ਹੋਵੇਗਾ, ਉਸ ਸਾਲ ਦਾਨ ਦੇਣ ਵਾਲੇ ਨੂੰ ਇਨਕਮ ਟੈਕਸ ਵਿਚ ਛੋਟ ਮਿਲੇਗੀ।

ਵਸੀਅਤ ਅਤੇ ਟ੍ਰਸਟ: ਜ਼ਮੀਨ-ਜਾਇਦਾਦ ਜਾਂ ਪੈਸੇ ਇਕ ਕਾਨੂੰਨੀ ਵਸੀਅਤ ਰਾਹੀਂ Watch Tower Society ਦੇ ਨਾਂ ਲਿਖਵਾਏ ਜਾ ਸਕਦੇ ਹਨ ਜਾਂ Watch Tower Society ਨੂੰ ਟ੍ਰਸਟ ਦੇ ਇਕਰਾਰਨਾਮੇ ਦਾ ਲਾਭ-ਪਾਤਰ ਬਣਾਇਆ ਜਾ ਸਕਦਾ ਹੈ। ਕਿਸੇ ਧਾਰਮਿਕ ਸੰਗਠਨ ਨੂੰ ਲਾਭ ਪਹੁੰਚਾਉਣ ਵਾਲੇ ਟ੍ਰਸਟ ਨੂੰ ਟੈਕਸ ਸੰਬੰਧੀ ਕਈ ਲਾਭ ਹੋ ਸਕਦੇ ਹਨ।

“ਯੋਜਨਾਬੱਧ ਦਾਨ” ਸ਼ਬਦਾਂ ਦਾ ਅਰਥ ਹੀ ਇਹ ਹੈ ਕਿ ਇਸ ਤਰੀਕੇ ਨਾਲ ਦਾਨ ਕਰਨ ਲਈ ਇਕ ਵਿਅਕਤੀ ਨੂੰ ਸੋਚ-ਸਮਝ ਕੇ ਯੋਜਨਾ ਬਣਾਉਣੀ ਪਵੇਗੀ। ਜਿਹੜੇ ਵਿਅਕਤੀ ਕਿਸੇ ਯੋਜਨਾਬੱਧ ਦਾਨ ਰਾਹੀਂ ਯਹੋਵਾਹ ਦੇ ਗਵਾਹਾਂ ਦੇ ਵਿਸ਼ਵ-ਵਿਆਪੀ ਕੰਮ ਵਿਚ ਮਦਦ ਕਰਨੀ ਚਾਹੁੰਦੇ ਹਨ, ਉਨ੍ਹਾਂ ਲਈ ਅੰਗ੍ਰੇਜ਼ੀ ਅਤੇ ਸਪੇਨੀ ਭਾਸ਼ਾਵਾਂ ਵਿਚ ਵਿਸ਼ਵ-ਵਿਆਪੀ ਰਾਜ ਕੰਮਾਂ ਲਈ ਯੋਜਨਾਬੱਧ ਦਾਨ ਨਾਮਕ ਬਰੋਸ਼ਰ ਤਿਆਰ ਕੀਤਾ ਗਿਆ ਹੈ। ਇਹ ਬਰੋਸ਼ਰ ਇਸ ਲਈ ਤਿਆਰ ਕੀਤਾ ਗਿਆ ਸੀ ਕਿਉਂਕਿ ਬਹੁਤ ਸਾਰੇ ਲੋਕ ਤੋਹਫ਼ੇ, ਵਸੀਅਤ ਅਤੇ ਟ੍ਰਸਟ ਸੰਬੰਧੀ ਸੋਸਾਇਟੀ ਕੋਲੋਂ ਜਾਣਕਾਰੀ ਮੰਗਦੇ ਸਨ। ਇਸ ਬਰੋਸ਼ਰ ਵਿਚ ਜ਼ਮੀਨ-ਜਾਇਦਾਦ, ਰੁਪਏ-ਪੈਸੇ ਅਤੇ ਟੈਕਸ ਸੰਬੰਧੀ ਯੋਜਨਾ ਬਣਾਉਣ ਬਾਰੇ ਵੀ ਕਾਫ਼ੀ ਫ਼ਾਇਦੇਮੰਦ ਜਾਣਕਾਰੀ ਦਿੱਤੀ ਗਈ ਹੈ। ਦਾਨ ਦੇਣ ਦੇ ਚਾਹਵਾਨ ਲੋਕ ਇਸ ਬਰੋਸ਼ਰ ਦੀ ਮਦਦ ਨਾਲ ਆਪਣੇ ਪਰਿਵਾਰ ਅਤੇ ਨਿੱਜੀ ਹਾਲਾਤਾਂ ਨੂੰ ਧਿਆਨ ਵਿਚ ਰੱਖਦੇ ਹੋਏ, ਦਾਨ ਦੇਣ ਜਾਂ ਵਸੀਅਤ ਬਣਾਉਣ ਦਾ ਸਭ ਤੋਂ ਫ਼ਾਇਦੇਮੰਦ ਅਤੇ ਵਧੀਆ ਤਰੀਕਾ ਚੁਣ ਸਕਦੇ ਹਨ। ਤੁਸੀਂ ਇਸ ਬਰੋਸ਼ਰ ਦੀ ਇਕ ਕਾਪੀ Charitable Planning Office ਕੋਲੋਂ ਲੈ ਸਕਦੇ ਹੋ।

ਇਸ ਬਰੋਸ਼ਰ ਨੂੰ ਪੜ੍ਹਨ ਅਤੇ Charitable Planning Office ਨਾਲ ਗੱਲਬਾਤ ਕਰਨ ਤੋਂ ਬਾਅਦ ਬਹੁਤ ਸਾਰੇ ਲੋਕ ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹਾਂ ਦੀ ਮਦਦ ਕਰ ਸਕੇ ਹਨ ਤੇ ਨਾਲੋ-ਨਾਲ ਉਨ੍ਹਾਂ ਨੂੰ ਟੈਕਸ ਸੰਬੰਧੀ ਬਹੁਤ ਸਾਰੇ ਫ਼ਾਇਦੇ ਵੀ ਹੋਏ ਹਨ। ਜੇਕਰ ਤੁਸੀਂ ਉੱਪਰ ਦੱਸੇ ਗਏ ਕਿਸੇ ਇਕ ਤਰੀਕੇ ਨਾਲ ਦਾਨ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ Charitable Planning Office ਨੂੰ ਇਸ ਬਾਰੇ ਦੱਸਣਾ ਚਾਹੀਦਾ ਹੈ ਅਤੇ ਦਾਨ ਕਰਨ ਸੰਬੰਧੀ ਲੋੜੀਂਦੇ ਕਾਗਜ਼ਾਤ ਦੀਆਂ ਕਾਪੀਆਂ ਇਸ ਆਫ਼ਿਸ ਨੂੰ ਭੇਜਣੀਆਂ ਚਾਹੀਦੀਆਂ ਹਨ। Charitable Planning Office ਨਾਲ ਸੰਪਰਕ ਕਰਨ ਲਈ ਹੇਠਾਂ ਦਿੱਤੇ ਗਏ ਪਤੇ ਤੇ ਜਾਂ ਆਪਣੇ ਦੇਸ਼ ਵਿਚ ਯਹੋਵਾਹ ਦੇ ਗਵਾਹਾਂ ਦੇ ਸ਼ਾਖ਼ਾ ਦਫ਼ਤਰ ਨੂੰ ਲਿਖੋ ਜਾਂ ਟੈਲੀਫ਼ੋਨ ਕਰੋ।

Charitable Planning Office

Watch Tower Bible and Tract Society of Pennsylvania

100 Watchtower Drive,

Patterson, New York 12563-9204

Telephone: (845) 306-0707

[ਸਫ਼ੇ 30 ਉੱਤੇ ਡੱਬੀ]

ਦਾਨ ਦੇਣ ਵੇਲੇ ਯਾਦ ਰੱਖਣ ਵਾਲੀਆਂ ਗੱਲਾਂ

ਪੌਲੁਸ ਰਸੂਲ ਨੇ ਕੁਰਿੰਥੀਆਂ ਨੂੰ ਆਪਣੀਆਂ ਪੱਤਰੀਆਂ ਵਿਚ ਦਾਨ ਦੇਣ ਦੇ ਸੰਬੰਧ ਵਿਚ ਤਿੰਨ ਖ਼ਾਸ ਗੱਲਾਂ ਦੱਸੀਆਂ ਸਨ। (1) ਪੌਲੁਸ ਨੇ ਉਨ੍ਹਾਂ ਨੂੰ ਕਿਹਾ ਕਿ ਦਾਨ ਕਰਨ ਲਈ ਕੁਝ ਪੈਸਾ ‘ਹਰ ਹਫਤੇ ਦੇ ਪਹਿਲੇ ਦਿਨ ਉਹ ਵੱਖ ਕਰ ਕੇ ਆਪਣੇ ਕੋਲ ਰੱਖ ਛੱਡਣ।’ ਇਸ ਤੋਂ ਪਤਾ ਲੱਗਦਾ ਹੈ ਕਿ ਸਾਨੂੰ ਪਹਿਲਾਂ ਤੋਂ ਕੁਝ ਪੈਸਾ ਦਾਨ ਕਰਨ ਦੀ ਯੋਜਨਾ ਬਣਾਉਣੀ ਚਾਹੀਦੀ ਹੈ ਅਤੇ ਇਸ ਤਰ੍ਹਾਂ ਨਿਯਮਿਤ ਤੌਰ ਤੇ ਕਰਨਾ ਚਾਹੀਦਾ ਹੈ। (2) ਪੌਲੁਸ ਨੇ ਇਹ ਵੀ ਲਿਖਿਆ ਸੀ ਕਿ ਹਰ ਇਨਸਾਨ ਨੂੰ “ਆਪਣੀ ਉਕਾਤ ਅਨੁਸਾਰ” ਦੇਣਾ ਚਾਹੀਦਾ ਹੈ। (1 ਕੁਰਿੰਥੀਆਂ 16:2) ਇਸ ਦਾ ਮਤਲਬ ਹੈ ਕਿ ਸਾਨੂੰ ਆਪਣੀ ਹੈਸੀਅਤ ਅਨੁਸਾਰ ਦਾਨ ਕਰਨਾ ਚਾਹੀਦਾ ਹੈ। ਭਾਵੇਂ ਕਿ ਕਿਸੇ ਮਸੀਹੀ ਨੂੰ ਬਹੁਤ ਘੱਟ ਤਨਖ਼ਾਹ ਮਿਲਦੀ ਹੈ, ਪਰ ਉਹ ਜੋ ਵੀ ਦੇ ਸਕਦਾ ਹੈ ਉਸ ਦੀ ਯਹੋਵਾਹ ਬਹੁਤ ਹੀ ਕਦਰ ਕਰਦਾ ਹੈ। (ਲੂਕਾ 21:1-4) (3) ਪੌਲੁਸ ਨੇ ਅੱਗੇ ਲਿਖਿਆ: “ਹਰੇਕ ਜਿਵੇਂ ਉਹ ਨੇ ਦਿਲ ਵਿੱਚ ਧਾਰਿਆ ਹੈ ਤਿਵੇਂ ਕਰੇ, ਰੰਜ ਨਾਲ ਅਥਵਾ ਲਚਾਰੀ ਨਾਲ ਨਹੀਂ ਕਿਉਂ ਜੋ ਪਰਮੇਸ਼ੁਰ ਖੁਸ਼ੀ ਨਾਲ ਦੇਣ ਵਾਲੇ ਨੂੰ ਪਿਆਰ ਕਰਦਾ ਹੈ।” (2 ਕੁਰਿੰਥੀਆਂ 9:7) ਸੱਚੇ ਮਸੀਹੀ ਖ਼ੁਸ਼ੀ-ਖ਼ੁਸ਼ੀ ਦਾਨ ਦਿੰਦੇ ਹਨ।

[ਸਫ਼ੇ 26 ਉੱਤੇ ਤਸਵੀਰਾਂ]

ਨਹਮਯਾਹ ਸੱਚੀ ਉਪਾਸਨਾ ਲਈ ਜੋਸ਼ੀਲਾ ਸੀ

[ਸਫ਼ੇ 30 ਉੱਤੇ ਤਸਵੀਰਾਂ]

ਸਵੈ-ਇੱਛਿਤ ਦਾਨ ਨਾਲ ਛਪਾਈ ਦਾ ਕੰਮ, ਬਿਪਤਾਵਾਂ ਦੇ ਸਮੇਂ ਰਾਹਤ ਪਹੁੰਚਾਉਣ ਅਤੇ ਸੰਸਾਰ ਭਰ ਵਿਚ ਹੋਰ ਅਨੇਕ ਫ਼ਾਇਦੇਮੰਦ ਕੰਮ ਕੀਤੇ ਜਾਂਦੇ ਹਨ