ਕੀ ਸ਼ਤਾਨ ਸਿਰਫ਼ ਕਲਪਨਾ ਹੀ ਹੈ ਜਾਂ ਇਕ ਖ਼ੌਫ਼ਨਾਕ ਅਸਲੀਅਤ?
ਕੀ ਸ਼ਤਾਨ ਸਿਰਫ਼ ਕਲਪਨਾ ਹੀ ਹੈ ਜਾਂ ਇਕ ਖ਼ੌਫ਼ਨਾਕ ਅਸਲੀਅਤ?
ਪੁਰਾਣਿਆਂ ਸਮਿਆਂ ਤੋਂ ਲੋਕ ਇਸ ਗੱਲ ਉੱਤੇ ਗੌਰ ਕਰਦੇ ਆਏ ਹਨ ਕਿ ਬੁਰਾਈ ਕਿੱਥੋਂ ਸ਼ੁਰੂ ਹੋਈ। ਏ ਡਿਕਸ਼ਨਰੀ ਆਫ਼ ਦ ਬਾਈਬਲ ਵਿਚ ਜੇਮਜ਼ ਹੇਸਟਿੰਗਸ ਨੇ ਕਿਹਾ: ‘ਇਨਸਾਨ ਸ਼ੁਰੂ ਤੋਂ ਹੀ ਅਜਿਹੀਆਂ ਬੁਰੀਆਂ ਸ਼ਕਤੀਆਂ ਦਾ ਸਾਮ੍ਹਣਾ ਕਰਦਾ ਆਇਆ ਹੈ ਜਿਨ੍ਹਾਂ ਨੂੰ ਉਹ ਕਾਬੂ ਨਹੀਂ ਕਰ ਸਕਿਆ ਤੇ ਜਿਨ੍ਹਾਂ ਦਾ ਉਸ ਉੱਤੇ ਬੁਰਾ ਅਸਰ ਪੈਂਦਾ ਹੈ।’ ਇਸੇ ਕਿਤਾਬ ਨੇ ਅੱਗੇ ਕਿਹਾ ਕਿ ‘ਸ਼ੁਰੂ ਤੋਂ ਹੀ ਲੋਕਾਂ ਨੇ ਬੁਰਾਈ ਦੇ ਕਾਰਨ ਲੱਭਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਨੂੰ ਇਹ ਯਕੀਨ ਸੀ ਕਿ ਬੁਰੀਆਂ ਸ਼ਕਤੀਆਂ ਦੇ ਪਿੱਛੇ ਕੋਈ ਅਸਲੀ ਵਿਅਕਤੀ ਸੀ।’
ਇਤਿਹਾਸਕਾਰ ਸਾਨੂੰ ਦੱਸਦੇ ਹਨ ਕਿ ਮੇਸੋਪੋਟੇਮੀਆ ਦੇ ਇਤਿਹਾਸ ਦੇ ਮੁੱਢ ਤੋਂ ਲੋਕ ਰਾਵਣ ਵਰਗੇ ਦੇਵਤੇ ਅਤੇ ਬੁਰੀਆਂ ਆਤਮਾਵਾਂ ਨੂੰ ਮੰਨਦੇ ਆਏ ਹਨ। ਪ੍ਰਾਚੀਨ ਬੈਬੀਲੋਨੀਆ ਦੇ ਲੋਕ ਮੰਨਦੇ ਸਨ ਕਿ ਨੇਰਗਾਲ ਨਾਂ ਦਾ ਇਕ ਯਮਦੂਤ ਪਤਾਲ ਵਿਚ ਰਾਜ ਕਰਦਾ ਸੀ ਜਿੱਥੋਂ ਕੋਈ ਵਾਪਸ ਨਹੀਂ ਮੁੜਦਾ। ਇਹ ਦੇਵਤਾ ਬਹੁਤ ਹੀ ਨਿਰਦਈ ਸੀ ਤੇ “ਲੋਕਾਂ ਨੂੰ ਲੂੰਹਦਾ ਹੁੰਦਾ ਸੀ।” ਲੋਕ ਭੂਤਾਂ ਤੋਂ ਵੀ ਡਰਦੇ ਸਨ ਤੇ ਉਨ੍ਹਾਂ ਨੂੰ ਖ਼ੁਸ਼ ਕਰਨ ਲਈ ਤਰ੍ਹਾਂ-ਤਰ੍ਹਾਂ ਦੇ ਜੰਤਰ-ਮੰਤਰ ਕਰਦੇ ਸਨ। ਮਿਸਰ ਦੇ ਮਿਥਿਹਾਸ ਵਿਚ ਸੈੱਟ ਨਾਂ ਦਾ ਇਕ ਦੁਸ਼ਟ ਦੇਵਤਾ ਹੁੰਦਾ ਸੀ। ਮਿਥਿਹਾਸ ਦਾ ਇਕ ਫ਼ਰਾਂਸੀਸੀ ਐਨਸਾਈਕਲੋਪੀਡੀਆ ਕਹਿੰਦਾ ਹੈ ਕਿ ਉਸ ਦੇ “ਨੈਣ-ਨਕਸ਼ ਇਕ ਅਜੀਬ ਜਿਹੇ ਦਰਿੰਦੇ ਵਰਗੇ ਸਨ। ਉਸ ਦੀਆਂ ਨਾਸਾਂ ਪਤਲੀਆਂ-ਪਤਲੀਆਂ ਤੇ ਟੇਢੀਆਂ ਸਨ, ਉਸ ਦੇ ਕੰਨ ਚੌਰਸ ਤੇ ਸਿੱਧੇ ਸਨ; ਉਸ ਦੀ ਪੂਛ ਆਕੜੀ ਤੇ ਕਾਂਟੇ ਵਰਗੀ ਸੀ।”
ਭਾਵੇਂ ਕਿ ਯੂਨਾਨੀ ਅਤੇ ਰੋਮੀ ਲੋਕ ਮਾੜੇ ਤੇ ਚੰਗੇ ਦੇਵੀ-ਦੇਵਤਿਆਂ ਵਿਚ ਵਿਸ਼ਵਾਸ ਕਰਦੇ ਸਨ, ਪਰ ਉਹ ਲੋਕ ਇਹ ਨਹੀਂ ਮੰਨਦੇ ਸਨ ਕਿ ਕੋਈ ਸ਼ਤਾਨ ਹੈ। ਉਨ੍ਹਾਂ ਦੇ ਫ਼ਿਲਾਸਫ਼ਰ ਦੋ ਵਿਰੋਧੀ ਅਸੂਲਾਂ ਦੀ ਸਿੱਖਿਆ ਦਿੰਦੇ ਸਨ। ਐਂਪੈਡੀਕਲੀਜ਼ ਨਾਂ ਦੇ ਫ਼ਿਲਾਸਫ਼ਰ ਨੇ ਕਿਹਾ ਸੀ ਕਿ ਇਹ ਦੋ ਅਸੂਲ ਹਨ ਸ਼ਾਂਤੀ ਅਤੇ ਅਸ਼ਾਂਤੀ। ਅਫਲਾਤੂਨ ਨਾਂ ਦਾ ਫ਼ਿਲਾਸਫ਼ਰ ਸਿਖਾਉਂਦਾ ਸੀ ਕਿ ਦੁਨੀਆਂ ਤੁਹਾਡੇ ਉੱਤੇ ਦੋ ਤਰ੍ਹਾਂ ਦੇ ਪ੍ਰਭਾਵ ਪਾਉਂਦੀ ਹੈ ਯਾਨੀ ਚੰਗਾ ਤੇ ਬੁਰਾ। ਜੋਰਜ ਮੈਨਵਾ ਸ਼ਤਾਨ ਨਾਂ ਦੀ ਆਪਣੀ ਕਿਤਾਬ ਵਿਚ ਕਹਿੰਦਾ ਹੈ ਕਿ ‘ਪੁਰਾਣੇ ਜ਼ਮਾਨੇ ਦੇ ਯੂਨਾਨੀ ਤੇ ਰੋਮੀ ਧਰਮਾਂ ਨੂੰ ਮੰਨਣ ਵਾਲੇ ਲੋਕ ਕਿਸੇ ਸ਼ਤਾਨ ਵਿਚ ਵਿਸ਼ਵਾਸ ਨਹੀਂ ਕਰਦੇ ਸਨ।’
ਈਰਾਨ ਦੇਸ਼ ਦੇ ਜ਼ਰਤੁਸ਼ਤ ਮੱਤ ਅਨੁਸਾਰ ਅਹੁਰ ਮਜ਼ਦ ਨਾਂ ਦੇ ਮਹਾਨ ਦੇਵਤੇ ਨੇ ਆਂਗਰ ਮਿਨਯੂ ਨੂੰ ਸਿਰਜਿਆ ਸੀ ਜਿਸ ਨੇ ਬੁਰਾਈ ਸ਼ੁਰੂ ਕੀਤੀ ਸੀ। ਇਸ ਲਈ ਉਸ ਨੂੰ ਵਿਨਾਸ਼ ਕਰਨ ਵਾਲਾ ਕਿਹਾ ਜਾਂਦਾ ਹੈ।
ਯਹੂਦੀ ਮੱਤ ਅਨੁਸਾਰ ਸਾਫ਼-ਸਾਫ਼ ਦੱਸਿਆ ਗਿਆ ਹੈ ਕਿ ਸ਼ਤਾਨ ਪਰਮੇਸ਼ੁਰ ਦਾ ਵਿਰੋਧੀ ਹੈ ਅਤੇ ਉਸ ਨੇ ਸੰਸਾਰ ਵਿਚ ਪਾਪ ਸ਼ੁਰੂ ਕੀਤਾ ਸੀ। ਪਰ ਕਈ ਸਦੀਆਂ ਬਾਅਦ ਝੂਠੇ ਧਰਮਾਂ ਦੇ ਅਸਰ ਨੇ ਇਸ ਸਿੱਖਿਆ ਨੂੰ ਵਿਗਾੜ ਦਿੱਤਾ। ਯਹੂਦੀ ਮੱਤ ਦਾ ਇਕ ਐਨਸਾਈਕਲੋਪੀਡੀਆ ਕਹਿੰਦਾ ਹੈ ਕਿ ‘ਪਹਿਲੀ ਸਦੀ ਤੋਂ ਕੁਝ ਸਮਾਂ ਪਹਿਲਾਂ ਯਹੂਦੀਆਂ ਦੇ ਵਿਚਾਰਾਂ ਵਿਚ ਬਹੁਤ ਵੱਡੀ ਤਬਦੀਲੀ ਆ ਗਈ ਸੀ। ਇਸ ਸਮੇਂ ਦੌਰਾਨ ਯਹੂਦੀ ਮੱਤ ਨੇ ਇਹ ਵਿਚਾਰ ਅਪਣਾ ਲਏ ਸਨ ਕਿ ਸਵਰਗ ਅਤੇ ਧਰਤੀ ਉੱਤੇ ਬੁਰੀਆਂ ਸ਼ਕਤੀਆਂ ਪਰਮੇਸ਼ੁਰ ਅਤੇ ਭਲਿਆਈ ਦਾ ਵਿਰੋਧ ਕਰਦੀਆਂ ਹਨ। ਇਹ ਵਿਚਾਰ ਈਰਾਨੀ ਮੱਤ ਤੋਂ ਆਏ ਸਨ।’ ਯਹੂਦੀ ਮੱਤ ਬਾਰੇ ਇਕ ਹੋਰ ਐਨਸਾਈਕਲੋਪੀਡੀਆ ਕਹਿੰਦਾ ਹੈ ਕਿ ‘ਪਰਮੇਸ਼ੁਰ ਦੇ ਹੁਕਮਾਂ ਦੀ ਪਾਲਣਾ ਕਰਨ ਨਾਲ ਤੇ ਤਵੀਤ ਪਾਉਣ ਨਾਲ ਭੂਤ-ਪ੍ਰੇਤਾਂ ਤੋਂ ਬਚਿਆ ਜਾ ਸਕਦਾ ਸੀ।’
ਈਸਾਈਆਂ ਦੀ ਝੂਠੀ ਸਿੱਖਿਆ
ਜਿਸ ਤਰ੍ਹਾਂ ਯਹੂਦੀ ਮੱਤ ਨੇ ਸ਼ਤਾਨ ਤੇ ਬੁਰੇ ਦੂਤਾਂ ਬਾਰੇ ਝੂਠੇ ਵਿਚਾਰ ਅਪਣਾ ਲਏ, ਉਸੇ ਤਰ੍ਹਾਂ ਈਸਾਈਆਂ ਨੇ ਵੀ ਆਪਣੇ ਵਿਸ਼ਵਾਸਾਂ ਵਿਚ ਪੁੱਠੇ-ਸਿੱਧੇ ਤੇ ਗ਼ੈਰ-ਬਾਈਬਲੀ ਵਿਚਾਰ ਰਲ਼ਾ-ਮਿਲ਼ਾ ਲਏ। ਬਾਈਬਲ ਬਾਰੇ ਇਕ ਡਿਕਸ਼ਨਰੀ ਕਹਿੰਦੀ ਹੈ ਕਿ ‘ਪ੍ਰਾਚੀਨ ਸ਼ਾਸਤਰੀਆਂ ਦੁਆਰਾ ਅਪਣਾਇਆ ਗਿਆ ਇਕ ਬਹੁਤ ਅਜੀਬ ਵਿਚਾਰ ਇਹ ਸੀ ਕਿ ਪਰਮੇਸ਼ੁਰ ਨੇ ਸ਼ਤਾਨ ਨੂੰ ਨਿਸਤਾਰੇ ਦਾ ਮੁੱਲ ਦੇ ਕੇ ਆਪਣੇ ਲੋਕਾਂ ਨੂੰ ਖ਼ਰੀਦਿਆ ਸੀ।’ ਦੂਜੀ ਸਦੀ ਵਿਚ ਆਇਰੀਨੀਅਸ ਨੇ ਇਹ ਵਿਚਾਰ ਅੱਗੇ ਵਧਾਇਆ ਸੀ। ਅਡੌਲਫ਼ ਹਾਰਨਾਕ ਦੁਆਰਾ ਲਿਖੀ ਹਿਸਟਰੀ ਆਫ਼ ਡੌਗਮਾ ਅਨੁਸਾਰ ਤੀਜੀ ਸਦੀ ਵਿਚ ਔਰਿਜੇਨ ਨੇ ਦਾਅਵਾ ਕੀਤਾ ਕਿ ‘ਮਨੁੱਖਾਂ ਉੱਤੇ ਸ਼ਤਾਨ ਦਾ ਹੱਕ ਹੈ ਤੇ ਮਸੀਹ ਦੀ ਮੌਤ ਦੀ ਕੀਮਤ ਸ਼ਤਾਨ ਨੂੰ ਦਿੱਤੀ ਗਈ ਹੈ।’
ਇਕ ਕੈਥੋਲਿਕ ਐਨਸਾਈਕਲੋਪੀਡੀਆ ਅਨੁਸਾਰ ‘ਲਗਭਗ ਹਜ਼ਾਰ ਸਾਲਾਂ ਲਈ ਚਰਚ ਦੀ ਇਕ ਮੁੱਖ ਸਿੱਖਿਆ ਇਹ ਰਹੀ ਸੀ ਕਿ ਯਿਸੂ ਦੀ ਮੌਤ ਦੀ ਕੀਮਤ ਸ਼ਤਾਨ ਨੂੰ ਦਿੱਤੀ ਗਈ ਸੀ।’ ਚੌਥੀ-ਪੰਜਵੀਂ ਸਦੀ ਦੇ ਇਕ ਹੋਰ ਚਰਚ ਪਿਤਾ ਆਗਸਤੀਨ ਨੇ ਵੀ ਇਹ ਵਿਸ਼ਵਾਸ ਅਪਣਾਇਆ ਕਿ ਮਸੀਹ ਦੇ ਬਲੀਦਾਨ ਦੀ ਕੀਮਤ ਸ਼ਤਾਨ ਨੂੰ ਦਿੱਤੀ ਗਈ ਸੀ। ਅਖ਼ੀਰ 12ਵੀਂ ਸਦੀ ਵਿਚ, ਐਂਸਲਮ ਤੇ ਅਬੈਲਾਰ ਨਾਂ ਦੇ ਕੈਥੋਲਿਕ ਪਾਦਰੀਆਂ ਨੇ ਠੀਕ-ਠੀਕ ਕਿਹਾ ਕਿ ਮਸੀਹ ਦੇ ਬਲੀਦਾਨ ਦੀ ਕੀਮਤ ਸ਼ਤਾਨ ਨੂੰ ਨਹੀਂ, ਸਗੋਂ ਪਰਮੇਸ਼ੁਰ ਨੂੰ ਦਿੱਤੀ ਗਈ ਸੀ।
ਮੱਧਕਾਲੀ ਅੰਧ-ਵਿਸ਼ਵਾਸ
ਭਾਵੇਂ ਕਿ ਕੈਥੋਲਿਕ ਚਰਚ ਦੀਆਂ ਸਭਾਵਾਂ ਨੇ ਸ਼ਤਾਨ ਬਾਰੇ ਕੁਝ ਨਹੀਂ ਕਿਹਾ, ਪਰ ਨਿਊ ਕੈਥੋਲਿਕ ਐਨਸਾਈਕਲੋਪੀਡੀਆ ਅਨੁਸਾਰ 1215 ਵਿਚ ਚੌਥੀ ਲਾਟੇਰਨ ਸਭਾ ਨੇ ‘ਆਪਣੇ ਮੂਲ ਧਾਰਮਿਕ ਵਿਸ਼ਵਾਸ’ ਪੇਸ਼ ਕੀਤੇ। ਇਨ੍ਹਾਂ ਵਿਚ ਪਹਿਲਾ ਸਿਧਾਂਤ ਇਹ ਹੈ: “ਪਰਮੇਸ਼ੁਰ ਨੇ ਸ਼ਤਾਨ ਤੇ ਦੂਜੇ ਦੂਤਾਂ ਨੂੰ ਚੰਗੇ ਸੁਭਾਅ ਵਾਲੇ ਸ੍ਰਿਸ਼ਟ ਕੀਤਾ ਸੀ, ਪਰ ਉਹ ਆਪਣੀ ਕਰਨੀ ਨਾਲ ਹੀ ਦੁਸ਼ਟ ਬਣੇ।” ਇਸ ਨੇ ਅੱਗੇ ਕਿਹਾ ਕਿ ਉਹ ਹਮੇਸ਼ਾ ਇਨਸਾਨਾਂ ਨੂੰ ਭਰਮਾਉਣ ਵਿਚ ਹੀ ਲੱਗੇ ਰਹਿੰਦੇ ਹਨ। ਮੱਧਕਾਲੀ ਸਮਿਆਂ ਵਿਚ ਲੋਕਾਂ ਉੱਤੇ ਇਸ ਖ਼ਿਆਲ ਦਾ ਵੱਡਾ ਪ੍ਰਭਾਵ ਪਿਆ ਸੀ। ਉਹ ਸੋਚਦੇ ਸਨ ਕਿ ਅਜੀਬੋ-ਗਰੀਬ ਬੀਮਾਰੀਆਂ, ਅਚਾਨਕ ਮੌਤ ਜਾਂ ਘਟੀਆ ਫ਼ਸਲ ਵਰਗੀਆਂ ਅਨੋਖੀਆਂ ਗੱਲਾਂ ਦਾ ਕਾਰਨ ਸ਼ਤਾਨ ਹੀ ਸੀ। ਸੰਨ 1233 ਵਿਚ ਪੋਪ ਗ੍ਰੈਗੋਰੀ ਨੌਂਵੇਂ ਨੇ ਚਰਚ-ਵਿਰੋਧੀ ਲੋਕਾਂ ਦੇ ਵਿਰੁੱਧ ਕਈ ਫ਼ਰਮਾਨ ਪੇਸ਼ ਕੀਤੇ। ਇਨ੍ਹਾਂ ਚਰਚ-ਵਿਰੋਧੀ ਲੋਕਾਂ ਵਿਚ ਲੁਸੀਫਰੰਸ ਨਾਂ ਦਾ ਪੰਥ ਵੀ ਸੀ ਜਿਨ੍ਹਾਂ ਬਾਰੇ ਮੰਨਿਆ ਜਾਂਦਾ ਸੀ ਕਿ ਉਹ ਸ਼ਤਾਨ ਦੇ ਪੁਜਾਰੀ ਸਨ।
ਜਨਤਾ ਉੱਤੇ ਹੱਦੋਂ ਵੱਧ ਖ਼ੌਫ਼ ਛਾ ਗਿਆ ਕਿਉਂਕਿ ਲੋਕ ਇਹ ਮੰਨਣ ਲੱਗ ਪਏ ਕਿ ਸ਼ਤਾਨ ਜਾਂ ਭੂਤ-ਪ੍ਰੇਤ ਉਨ੍ਹਾਂ ਨੂੰ ਆਪਣੇ ਵੱਸ ਵਿਚ ਕਰ ਸਕਦੇ ਹਨ। ਉਹ ਹੁਣ ਟੂਣਿਆਂ ਅਤੇ ਜਾਦੂਗਰਾਂ ਤੋਂ ਡਰਨ ਲੱਗ ਪਏ ਸਨ। ਤੇਰ੍ਹਵੀਂ ਸਦੀ ਤੋਂ ਸਤਾਰਵੀਂ ਸਦੀ ਤਾਈਂ ਯੂਰਪ ਵਿਚ ਜਾਦੂਗਰਨੀਆਂ ਦਾ ਡਰ ਛਾ ਗਿਆ ਅਤੇ ਇਸ ਦਾ ਅਸਰ ਉੱਤਰੀ ਅਮਰੀਕਾ ਅਤੇ ਯੂਰਪੀ ਕਲੋਨੀਆਂ ਉੱਤੇ ਵੀ ਪਿਆ। ਮਾਰਟਿਨ ਲੂਥਰ ਅਤੇ ਜੌਨ ਕੈਲਵਿਨ ਵਰਗੇ ਪ੍ਰੋਟੈਸਟੈਂਟ ਸੁਧਾਰਕ ਵੀ ਇਸ ਗੱਲ ਨਾਲ ਸਹਿਮਤ ਸਨ ਕਿ ਜਾਦੂਗਰਾਂ ਨੂੰ ਲੱਭ ਕੇ ਉਨ੍ਹਾਂ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਯੂਰਪ ਵਿਚ ਲੋਕ ਇਕ-ਦੂਜੇ ਨਾਲ ਖੁਣਸ ਕਾਰਨ ਕਿਸੇ ਦੀ ਨਿੰਦਿਆ ਕਰ ਕੇ ਉਨ੍ਹਾਂ ਉੱਤੇ ਜਾਦੂਗਰੀ ਦਾ ਝੂਠਾ ਇਲਜ਼ਾਮ ਲਗਾ ਦਿੰਦੇ ਸਨ। ਫਿਰ ਇਨ੍ਹਾਂ ਲੋਕਾਂ ਉੱਤੇ ਕੈਥੋਲਿਕ ਧਰਮ ਅਦਾਲਤਾਂ ਜਾਂ ਆਮ ਕਚਹਿਰੀਆਂ ਮੁਕੱਦਮੇ ਚਲਾਉਂਦੀਆਂ ਸਨ। ਲੋਕਾਂ ਤੋਂ “ਜੁਰਮ” ਕਬੂਲ ਕਰਾਉਣ ਲਈ ਉਨ੍ਹਾਂ ਨੂੰ ਤਸੀਹੇ ਵੀ ਦਿੱਤੇ ਜਾਂਦੇ ਸਨ।
ਅਪਰਾਧੀਆਂ ਨੂੰ ਜੀਉਂਦੇ ਜੀ ਸਾੜ ਕੇ ਮੌਤ ਦੀ ਸਜ਼ਾ ਦਿੱਤੀ ਜਾਂਦੀ ਸੀ। ਇੰਗਲੈਂਡ ਅਤੇ ਸਕਾਟਲੈਂਡ ਵਿਚ ਉਨ੍ਹਾਂ ਨੂੰ ਫ਼ਾਂਸੀ ਦਿੱਤੀ ਜਾਂਦੀ ਸੀ। ਦ ਵਰਲਡ ਬੁੱਕ ਐਨਸਾਈਕਲੋਪੀਡੀਆ ਇਨ੍ਹਾਂ ਲੋਕਾਂ ਦੀ ਗਿਣਤੀ ਬਾਰੇ ਕਹਿੰਦਾ ਹੈ ਕਿ “ਕੁਝ ਇਤਿਹਾਸਕਾਰਾਂ ਅਨੁਸਾਰ 1484 ਤੋਂ 1782 ਤਕ ਈਸਾਈ ਚਰਚ ਨੇ ਤਿੰਨ ਲੱਖ ਔਰਤਾਂ ਨੂੰ ਜਾਦੂਗਰੀ ਦੇ ਇਲਜ਼ਾਮ ਵਿਚ ਕਤਲ ਕੀਤਾ।” ਜੇ ਇਨ੍ਹਾਂ ਮੱਧਕਾਲੀ ਆਫ਼ਤਾਂ ਦੇ ਪਿੱਛੇ ਸ਼ਤਾਨ ਦਾ ਹੀ ਹੱਥ ਸੀ, ਤਾਂ ਉਹ ਕਿਨ੍ਹਾਂ ਨੂੰ ਵਰਤ ਰਿਹਾ ਸੀ—ਸ਼ਿਕਾਰਾਂ ਜਾਂ ਇਨ੍ਹਾਂ ਸ਼ਿਕਾਰਾਂ ਦੇ ਕੱਟੜ ਧਾਰਮਿਕ ਅਤਿਆਚਾਰੀਆਂ ਨੂੰ?
ਅੱਜ-ਕੱਲ੍ਹ ਲੋਕ ਕੀ ਮੰਨਦੇ ਹਨ ਤੇ ਕੀ ਨਹੀਂ?
ਅਠਾਰਵੀਂ ਸਦੀ ਵਿਚ ਲੋਕ ਨਵੇਂ ਖ਼ਿਆਲ ਅਪਣਾਉਣ ਲੱਗ ਪਏ। ਐਨਸਾਈਕਲੋਪੀਡੀਆ ਬ੍ਰਿਟੈਨਿਕਾ ਨੇ ਦੱਸਿਆ: ‘ਇਨ੍ਹਾਂ ਨਵੇਂ ਖ਼ਿਆਲਾਂ ਨੇ ਈਸਾਈਆਂ ਦੇ ਮਨਾਂ ਵਿਚ ਇਹ ਗੱਲ ਪਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਸ਼ਤਾਨ ਵਿਚ ਵਿਸ਼ਵਾਸ ਕਰਨਾ ਛੱਡ ਦੇਣ। ਉਹ ਮੰਨਦੇ ਸਨ ਕਿ ਮੱਧਕਾਲੀ ਸਮੇਂ ਦੇ ਲੋਕ ਇਸ ਅੰਧ-ਵਿਸ਼ਵਾਸ ਵਿਚ ਫਸੇ ਹੋਏ ਸਨ ਕਿ ਸ਼ਤਾਨ ਹੈ।’ ਰੋਮਨ ਕੈਥੋਲਿਕ ਚਰਚ ਨੂੰ ਇਹ ਗੱਲ ਚੰਗੀ ਨਹੀਂ ਲੱਗੀ ਤੇ ਉਸ ਨੇ ਪਹਿਲੀ ਵੈਟੀਕਨ ਸਭਾ (1869-70) ਵਿਚ ਸ਼ਤਾਨ ਯਾਨੀ ਇਬਲੀਸ ਵਿਚ ਆਪਣੇ ਵਿਸ਼ਵਾਸ ਨੂੰ ਜ਼ਾਹਰ ਕੀਤਾ ਤੇ ਇਹੀ ਵਿਸ਼ਵਾਸ ਉਸ ਨੇ ਫਿਰ ਤੋਂ ਦੂਜੀ ਵੈਟੀਕਨ ਸਭਾ (1962-65) ਵਿਚ ਦੁਹਰਾਇਆ, ਪਰ ਪਹਿਲਾਂ ਵਾਂਗ ਜ਼ੋਰ-ਸ਼ੋਰ ਨਾਲ ਨਹੀਂ।
ਨਿਊ ਕੈਥੋਲਿਕ ਐਨਸਾਈਕਲੋਪੀਡੀਆ ਇਹ ਗੱਲ ਸਵੀਕਾਰ ਕਰਦਾ ਹੈ ਕਿ ਚਰਚ ‘ਦੂਤਾਂ ਤੇ ਭੂਤਾਂ ਵਿਚ ਵਿਸ਼ਵਾਸ ਕਰਦਾ ਹੈ।’ ਪਰ ਕੈਥੋਲਿਕ ਮੱਤ ਬਾਰੇ ਇਕ ਫਰਾਂਸੀਸੀ ਡਿਕਸ਼ਨਰੀ ਕਹਿੰਦੀ ਹੈ ਕਿ ‘ਕਈ ਈਸਾਈ ਅੱਜ ਇਹ ਨਹੀਂ ਮੰਨਦੇ ਕਿ ਇਸ ਸੰਸਾਰ ਵਿਚ ਦੁਸ਼ਟਤਾ ਦਾ ਕਾਰਨ ਸ਼ਤਾਨ ਹੈ।’ ਹੁਣ ਕੈਥੋਲਿਕ ਸ਼ਾਸਤਰੀਆਂ ਨੂੰ ਸਮਝ ਨਹੀਂ ਆ ਰਹੀ ਕਿ ਕੀ ਉਹ ਚਰਚ ਦੀ ਸਿੱਖਿਆ ਅਪਣਾਈ ਰੱਖਣ ਜਾਂ ਅੱਜ-ਕੱਲ੍ਹ ਦੇ ਵਿਚਾਰ ਅਪਣਾ ਲੈਣ। ਐਨਸਾਈਕਲੋਪੀਡੀਆ ਬ੍ਰਿਟੈਨਿਕਾ ਅਨੁਸਾਰ ‘ਖੁੱਲ੍ਹੇ ਖ਼ਿਆਲਾਂ ਵਾਲੇ ਈਸਾਈ ਬਾਈਬਲ ਵਿਚ ਸ਼ਤਾਨ ਬਾਰੇ ਗੱਲਾਂ ਨੂੰ ਕਲਪਨਾ ਹੀ ਸਮਝਦੇ ਹਨ ਨਾ ਕਿ ਅਸਲੀਅਤ। ਉਹ ਸੋਚਦੇ ਹਨ ਕਿ ਬਾਈਬਲ ਦੁਸ਼ਟਤਾ ਨੂੰ ਮਿਥਿਹਾਸ ਵਜੋਂ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ।’ ਇਹੀ ਕਿਤਾਬ ਪ੍ਰੋਟੈਸਟੈਂਟ ਲੋਕਾਂ ਦੇ ਸੰਬੰਧ ਵਿਚ ਕਹਿੰਦੀ ਹੈ ਕਿ ‘ਅੱਜ ਦੇ ਖੁੱਲ੍ਹੇ ਖ਼ਿਆਲਾਂ ਵਾਲੇ ਪ੍ਰੋਟੈਸਟੈਂਟ ਲੋਕ ਸ਼ਤਾਨ ਨੂੰ ਮੰਨਣਾ ਜ਼ਰੂਰੀ ਨਹੀਂ ਸਮਝਦੇ।’ ਪਰ ਕੀ ਸੱਚੇ ਮਸੀਹੀਆਂ ਨੂੰ ਬਾਈਬਲ ਵਿਚ ਦੱਸੇ ਗਏ ਸ਼ਤਾਨ ਨੂੰ ‘ਕਲਪਨਾ’ ਹੀ ਸਮਝਣਾ ਚਾਹੀਦਾ ਹੈ?
ਬਾਈਬਲ ਕੀ ਸਿਖਾਉਂਦੀ ਹੈ
ਇਨਸਾਨੀ ਫ਼ਲਸਫ਼ਿਆਂ ਅਤੇ ਵੱਖ-ਵੱਖ ਧਰਮਾਂ ਦੀ ਬਜਾਇ ਬਾਈਬਲ ਸਭ ਤੋਂ ਵਧੀਆ ਤਰੀਕੇ ਨਾਲ ਇਹ ਗੱਲ ਸਮਝਾਉਂਦੀ ਹੈ ਕਿ ਇਸ ਸੰਸਾਰ ਵਿਚ ਦੁਸ਼ਟਤਾ ਕਿਵੇਂ ਸ਼ੁਰੂ ਹੋਈ। ਜੇ ਅਸੀਂ ਇਹ ਸਮਝ ਲਈਏ ਕਿ ਬਾਈਬਲ ਸ਼ਤਾਨ ਬਾਰੇ ਕੀ ਕਹਿੰਦੀ ਹੈ, ਤਾਂ ਅਸੀਂ ਇਹ ਗੱਲ ਚੰਗੀ ਤਰ੍ਹਾਂ ਸਮਝ ਸਕਦੇ ਹਾਂ ਕਿ ਦੁਸ਼ਟਤਾ ਕਿੱਥੋਂ ਸ਼ੁਰੂ ਹੋਈ ਤੇ ਇਨਸਾਨਾਂ ਨੂੰ ਇੰਨੇ ਦੁੱਖ ਕਿਉਂ ਭੁਗਤਣੇ ਪੈਂਦੇ ਹਨ। ਅਸੀਂ ਇਹ ਵੀ ਸਮਝ ਸਕਾਂਗੇ ਕਿ ਹਰ ਸਾਲ ਬੁਰੇ ਤੋਂ ਬੁਰੇ ਕੰਮ ਕਿਉਂ ਵਧਦੇ ਜਾ ਰਹੇ ਹਨ।
ਕਈ ਲੋਕ ਸ਼ਾਇਦ ਇਹ ਸੋਚਣ ਕਿ ‘ਜੇ ਪਰਮੇਸ਼ੁਰ ਇੰਨਾ ਪਿਆਰ ਕਰਨ ਵਾਲਾ ਹੈ, ਤਾਂ ਉਸ ਨੇ ਸ਼ਤਾਨ ਵਰਗੇ ਇੰਨੇ ਦੁਸ਼ਟ ਆਤਮਿਕ ਵਿਅਕਤੀ ਨੂੰ ਕਿਉਂ ਬਣਾਇਆ ਸੀ?’ ਬਾਈਬਲ ਵਿਚ ਇਹ ਦੱਸਿਆ ਗਿਆ ਹੈ ਕਿ ਯਹੋਵਾਹ ਪਰਮੇਸ਼ੁਰ ਦੇ ਸਾਰੇ ਕੰਮ ਸੰਪੂਰਣ ਹਨ ਤੇ ਉਸ ਨੇ ਆਪਣੀ ਸਾਰੀ ਬੁੱਧਵਾਨ ਸ੍ਰਿਸ਼ਟੀ ਨੂੰ ਆਪਣਾ ਫ਼ੈਸਲਾ ਆਪ ਕਰਨ ਦੀ ਚੋਣ ਦਿੱਤੀ ਸੀ। (ਬਿਵਸਥਾ ਸਾਰ 30:19; 32:4; ਯਹੋਸ਼ੁਆ 24:15; 1 ਰਾਜਿਆਂ 18:21) ਇਸ ਆਤਮਿਕ ਵਿਅਕਤੀ ਸ਼ਤਾਨ ਨੂੰ ਪਹਿਲਾਂ ਬਿਲਕੁਲ ਸੰਪੂਰਣ ਬਣਾਇਆ ਗਿਆ ਸੀ ਅਤੇ ਬਾਅਦ ਵਿਚ ਉਸ ਨੇ ਆਪਣੀ ਮਰਜ਼ੀ ਨਾਲ ਹੀ ਸੱਚਾਈ ਅਤੇ ਧਾਰਮਿਕਤਾ ਦਾ ਰਾਹ ਛੱਡ ਦਿੱਤਾ।—ਯੂਹੰਨਾ 8:44; ਯਾਕੂਬ 1:14, 15.
ਹਿਜ਼ਕੀਏਲ 28:11-19) ਸ਼ਤਾਨ ਨੇ ਨਾ ਯਹੋਵਾਹ ਦੇ ਅੱਤ ਮਹਾਨ ਹੋਣ ਬਾਰੇ ਤੇ ਨਾ ਹੀ ਉਸ ਦੇ ਸ੍ਰਿਸ਼ਟੀਕਰਤਾ ਹੋਣ ਬਾਰੇ ਕੋਈ ਸਵਾਲ ਕੀਤਾ। ਉਹ ਇਹ ਕਿਵੇਂ ਕਰ ਸਕਦਾ ਸੀ ਕਿਉਂਕਿ ਪਰਮੇਸ਼ੁਰ ਨੇ ਹੀ ਤਾਂ ਉਸ ਨੂੰ ਬਣਾਇਆ ਸੀ! ਪਰ ਸ਼ਤਾਨ ਨੇ ਯਹੋਵਾਹ ਦੇ ਹਕੂਮਤ ਕਰਨ ਦੇ ਤਰੀਕੇ ਬਾਰੇ ਸਵਾਲ ਕੀਤਾ ਸੀ। ਅਦਨ ਦੇ ਬਾਗ਼ ਵਿਚ ਸ਼ਤਾਨ ਨੇ ਇਹ ਕਿਹਾ ਕਿ ਪਰਮੇਸ਼ੁਰ ਪਹਿਲੇ ਜੋੜੇ ਤੋਂ ਕੁਝ ਲੁਕੋ ਕੇ ਰੱਖ ਰਿਹਾ ਸੀ ਜਿਸ ਉੱਪਰ ਉਨ੍ਹਾਂ ਦਾ ਹੱਕ ਸੀ ਅਤੇ ਜੋ ਉਨ੍ਹਾਂ ਦੇ ਭਲੇ ਲਈ ਸੀ। (ਉਤਪਤ 3:1-5) ਉਸ ਨੇ ਆਦਮ ਤੇ ਹੱਵਾਹ ਨੂੰ ਯਹੋਵਾਹ ਦੀ ਧਰਮੀ ਹਕੂਮਤ ਦੀ ਵਿਰੋਧਤਾ ਕਰਨ ਲਈ ਉਕਸਾਇਆ ਜਿਸ ਕਰਕੇ ਉਨ੍ਹਾਂ ਉੱਤੇ ਅਤੇ ਉਨ੍ਹਾਂ ਦੀ ਔਲਾਦ ਉੱਤੇ ਪਾਪ ਅਤੇ ਮੌਤ ਆਏ। (ਉਤਪਤ 3:6-19; ਰੋਮੀਆਂ 5:12) ਇਸ ਤਰ੍ਹਾਂ ਬਾਈਬਲ ਦੱਸਦੀ ਹੈ ਕਿ ਸ਼ਤਾਨ ਹੀ ਇਨਸਾਨ ਦੇ ਦੁੱਖਾਂ ਦੀ ਜੜ੍ਹ ਹੈ।
ਦੇਖਿਆ ਜਾਵੇ ਤਾਂ ਵਿਰੋਧ ਕਰਨ ਦੇ ਮਾਮਲੇ ਵਿਚ ਸ਼ਤਾਨ ਟਾਏਰ ਯਾਨੀ ‘ਸੂਰ ਦੇਸ਼ ਦੇ ਪਾਤਸ਼ਾਹ’ ਵਰਗਾ ਹੀ ਹੈ। ਕਵਿਤਾ ਵਿਚ ਇਸ ਪਾਤਸ਼ਾਹ ਨੂੰ “ਸੁੰਦਰਤਾ ਵਿੱਚ ਸੰਪੂਰਨ” ਕਿਹਾ ਗਿਆ ਸੀ ਜੋ ‘ਜੰਮਣ ਦੇ ਦਿਹਾੜੇ ਤੋਂ ਆਪਣੇ ਮਾਰਗਾਂ ਵਿੱਚ ਪੂਰਾ ਸੀ ਜਦ ਤੀਕਰ ਉਸ ਵਿੱਚ ਬੇਇਨਸਾਫੀ ਪਾਈ ਗਈ।’ (ਜਲ ਪਰਲੋ ਤੋਂ ਕੁਝ ਸਮਾਂ ਪਹਿਲਾਂ ਦੂਜੇ ਦੂਤ ਵੀ ਸ਼ਤਾਨ ਨਾਲ ਰਲ਼ ਗਏ ਅਤੇ ਪਰਮੇਸ਼ੁਰ ਦੇ ਵਿਰੁੱਧ ਹੋ ਗਏ। ਉਨ੍ਹਾਂ ਨੇ ਇਨਸਾਨਾਂ ਦੀਆਂ ਦੇਹਾਂ ਧਾਰ ਲਈਆਂ ਤਾਂਕਿ ਉਹ ਆਦਮੀ ਦੀਆਂ ਧੀਆਂ ਨਾਲ ਆਪਣੀਆਂ ਕਾਮ-ਵਾਸ਼ਨਾਵਾਂ ਪੂਰੀਆਂ ਕਰ ਸਕਣ। (ਉਤਪਤ 6:1-4) ਜਲ ਪਰਲੋ ਤੋਂ ਬਾਅਦ ਇਹ ਬੇਵਫ਼ਾ ਦੂਤ ਸਵਰਗ ਵਿਚ ਪਰਮੇਸ਼ੁਰ ਕੋਲ ਆਪਣੇ “ਅਸਲੀ ਠਿਕਾਣੇ” ਤੇ ਜਾਣ ਦੀ ਬਜਾਇ ਆਤਮਿਕ ਲੋਕ ਵਿਚ ਚਲੇ ਗਏ। (ਯਹੂਦਾਹ 6) ਉਨ੍ਹਾਂ ਨੂੰ ਆਤਮਿਕ ਅੰਧਕੂਪ ਵਿਚ ਸੁੱਟ ਦਿੱਤਾ ਗਿਆ। (1 ਪਤਰਸ 3:19, 20; 2 ਪਤਰਸ 2:4) ਉਹ ਭੂਤ ਜਾਂ ਬੁਰੇ ਦੂਤ ਬਣ ਗਏ ਤੇ ਹੁਣ ਉਹ ਯਹੋਵਾਹ ਦੀ ਹਕੂਮਤ ਦੇ ਅਧੀਨ ਨਹੀਂ ਹਨ, ਸਗੋਂ ਸ਼ਤਾਨ ਦੀ ਹਕੂਮਤ ਅਧੀਨ ਹਨ। ਭਾਵੇਂ ਕਿ ਇਹ ਬੁਰੇ ਦੂਤ ਹੁਣ ਦੇਹਾਂ ਨਹੀਂ ਧਾਰ ਸਕਦੇ, ਪਰ ਉਹ ਲੋਕਾਂ ਦੇ ਮਨਾਂ ਤੇ ਦਿਲਾਂ ਉੱਤੇ ਬਹੁਤ ਅਸਰ ਪਾ ਸਕਦੇ ਹਨ। ਬਿਨਾਂ ਸ਼ੱਕ, ਅੱਜ ਸੰਸਾਰ ਵਿਚ ਇੰਨੀ ਹਿੰਸਾ ਲਈ ਇਹੀ ਬੁਰੇ ਦੂਤ ਜ਼ਿੰਮੇਵਾਰ ਹਨ।—ਮੱਤੀ 12:43-45; ਲੂਕਾ 8:27-33.
ਸ਼ਤਾਨ ਦੀ ਹਕੂਮਤ ਹੁਣ ਖ਼ਤਮ ਹੋਣ ਵਾਲੀ ਹੈ
ਇਹ ਤਾਂ ਸਾਫ਼ ਦੇਖਿਆ ਜਾ ਸਕਦਾ ਹੈ ਕਿ ਸਾਡੇ ਸੰਸਾਰ ਵਿਚ ਬਹੁਤ ਦੁਸ਼ਟਤਾ ਹੈ। ਯੂਹੰਨਾ ਰਸੂਲ ਨੇ ਲਿਖਿਆ ਸੀ: “ਸਾਰਾ ਸੰਸਾਰ ਉਸ ਦੁਸ਼ਟ ਦੇ ਵੱਸ ਵਿੱਚ ਪਿਆ ਹੋਇਆ ਹੈ।”—1 ਯੂਹੰਨਾ 5:19.
ਪਰ ਬਾਈਬਲ ਦੀਆਂ ਪੂਰੀਆਂ ਹੋ ਚੁੱਕੀਆਂ ਭਵਿੱਖਬਾਣੀਆਂ ਦਿਖਾਉਂਦੀਆਂ ਹਨ ਕਿ ਸ਼ਤਾਨ ਇਸ ਧਰਤੀ ਤੇ ਬਿਪਤਾਵਾਂ ਵਧਾ ਰਿਹਾ ਹੈ ਕਿਉਂਕਿ ਉਹ ਜਾਣਦਾ ਹੈ ਕਿ ਉਸ ਕੋਲ ‘ਥੋੜਾ ਹੀ ਸਮਾਂ’ ਰਹਿੰਦਾ ਹੈ। ਉਸ ਤੋਂ ਬਾਅਦ ਉਸ ਨੂੰ ਸੰਗਲਾਂ ਨਾਲ ਜਕੜਿਆ ਜਾਵੇਗਾ ਯਾਨੀ ਉਸ ਦੀ ਤਾਕਤ ਉਸ ਕੋਲੋਂ ਖੋਹ ਲਈ ਜਾਵੇਗੀ। (ਪਰਕਾਸ਼ ਦੀ ਪੋਥੀ 12:7-12; 20:1-3) ਸ਼ਤਾਨ ਦੀ ਹਕੂਮਤ ਖ਼ਤਮ ਹੋਣ ਤੋਂ ਬਾਅਦ ਇਹ ਸੰਸਾਰ ਧਰਮੀ ਬਣ ਜਾਵੇਗਾ ਜਿੱਥੇ ‘ਅਗਾਹਾਂ ਨੂੰ ਅੰਝੂ, ਮੌਤ, ਅਤੇ ਦੁਖ ਨਾ ਹੋਣਗੇ।’ ਫਿਰ ਪਰਮੇਸ਼ੁਰ ਦੀ ਮਰਜ਼ੀ ‘ਜਿਹੀ ਸੁਰਗ ਵਿੱਚ ਪੂਰੀ ਹੁੰਦੀ ਹੈ ਜਮੀਨ ਉੱਤੇ ਵੀ ਹੋਵੇਗੀ।’—ਪਰਕਾਸ਼ ਦੀ ਪੋਥੀ 21:1-4; ਮੱਤੀ 6:10.
[ਸਫ਼ੇ 4 ਉੱਤੇ ਤਸਵੀਰ]
ਬੈਬੀਲੋਨੀਆ ਦੇ ਲੋਕ ਨੇਰਗਾਲ ਨਾਂ ਦੇ ਇਕ ਯਮਦੂਤ (ਖੱਬੇ ਪਾਸੇ) ਨੂੰ ਮੰਨਦੇ ਸਨ; ਅਫਲਾਤੂਨ ਸਿਖਾਉਂਦਾ ਸੀ ਕਿ ਦੁਨੀਆਂ ਤੁਹਾਡੇ ਉੱਤੇ ਚੰਗਾ ਤੇ ਬੁਰਾ ਪ੍ਰਭਾਵ ਪਾ ਸਕਦੀ ਹੈ
[ਕ੍ਰੈਡਿਟ ਲਾਈਨਾਂ]
ਸਲਿੰਡਰ: Musée du Louvre, Paris; ਅਫਲਾਤੂਨ: National Archaeological Museum, Athens, Greece
[ਸਫ਼ੇ 5 ਉੱਤੇ ਤਸਵੀਰ]
ਆਇਰੀਨੀਅਸ, ਔਰਿਜੇਨ ਅਤੇ ਆਗਸਤੀਨ ਨੇ ਸਿਖਾਇਆ ਕਿ ਯਿਸੂ ਦੇ ਬਲੀਦਾਨ ਦੀ ਕੀਮਤ ਸ਼ਤਾਨ ਨੂੰ ਦਿੱਤੀ ਗਈ ਸੀ
[ਕ੍ਰੈਡਿਟ ਲਾਈਨਾਂ]
ਔਰਿਜੇਨ: Culver Pictures; ਆਗਸਤੀਨ: From the book Great Men and Famous Women
[ਸਫ਼ੇ 6 ਉੱਤੇ ਤਸਵੀਰ]
ਜਾਦੂਗਰਾਂ ਦੇ ਡਰ ਕਾਰਨ ਹਜ਼ਾਰਾਂ ਹੀ ਲੋਕਾਂ ਨੂੰ ਕਤਲ ਕੀਤਾ ਗਿਆ ਸੀ
[ਕ੍ਰੈਡਿਟ ਲਾਈਨ]
From the book Bildersaal deutscher Geschichte