‘ਆਪਣੀ ਸਾਧਨਾ ਕਰ’
‘ਆਪਣੀ ਸਾਧਨਾ ਕਰ’
ਕਈ ਸਦੀਆਂ ਲਈ ਓਲਿੰਪੀਆ, ਡੈਲਫੀ, ਨੀਮੀਆ ਅਤੇ ਕੁਰਿੰਥੁਸ ਵਿਚ ਵੱਡੀਆਂ ਖੇਡਾਂ ਖੇਡੀਆਂ ਜਾਂਦੀਆਂ ਸਨ। ਹਜ਼ਾਰਾਂ ਹੀ ਲੋਕ ਹਾਜ਼ਰ ਹੁੰਦੇ ਸਨ ਅਤੇ ਇਹ ਮੰਨਿਆ ਜਾਂਦਾ ਸੀ ਕਿ ਇਨ੍ਹਾਂ ਖੇਡਾਂ ਉੱਤੇ ਦੇਵਤਿਆਂ ਦੀ ਬਰਕਤ ਸੀ। ਇਨ੍ਹਾਂ ਮੁਕਾਬਲਿਆਂ ਵਿਚ ਹਿੱਸਾ ਲੈਣ ਦਾ ਸਨਮਾਨ ਸਿਰਫ਼ ਉਨ੍ਹਾਂ ਨੂੰ ਮਿਲਦਾ ਸੀ ਜੋ ਕਈ ਸਾਲਾਂ ਲਈ ਸਖ਼ਤ ਮਿਹਨਤ ਕਰਨ ਲਈ ਤਿਆਰ ਸਨ। ਇਸ ਕਰਕੇ ਪ੍ਰਾਚੀਨ ਯੂਨਾਨ ਅਤੇ ਰੋਮ ਦੇ ਇਨ੍ਹਾਂ ਖਿਡਾਰੀਆਂ ਨੂੰ ਇਹ ਹੱਲਾਸ਼ੇਰੀ ਦਿੱਤੀ ਜਾਂਦੀ ਸੀ ਕਿ ਉਹ ਹੋਰ ਵੀ ਤੇਜ਼ ਦੌੜਨ, ਹੋਰ ਵੀ ਉੱਚਾ ਟੱਪਣ ਅਤੇ ਹੋਰ ਵੀ ਸ਼ਕਤੀਸ਼ਾਲੀ ਬਣਨ। ਖੇਡਾਂ ਵਿਚ ਜਿੱਤ ਪ੍ਰਾਪਤ ਕਰ ਕੇ ਖਿਡਾਰੀਆਂ ਦਾ ਅਤੇ ਉਨ੍ਹਾਂ ਦੇ ਸ਼ਹਿਰ ਦਾ ਬੜਾ ਮਾਣ ਕੀਤਾ ਜਾਂਦਾ ਸੀ।
ਇਸ ਲਈ, ਇਹ ਹੈਰਾਨੀ ਦੀ ਗੱਲ ਨਹੀਂ ਹੈ ਕਿ ਮਸੀਹੀ ਯੂਨਾਨੀ ਸ਼ਾਸਤਰ ਦੇ ਲੇਖਕਾਂ ਨੇ ਅਜਿਹੇ ਮਾਹੌਲ ਵਿਚ ਰਹਿੰਦੇ ਹੋਏ ਮਸੀਹੀਆਂ ਦੀ ਅਧਿਆਤਮਿਕ ਦੌੜ ਦੀ ਤੁਲਨਾ ਖੇਡਾਂ ਨਾਲ ਕੀਤੀ ਸੀ। ਪਤਰਸ ਅਤੇ ਪੌਲੁਸ ਰਸੂਲ ਦੋਹਾਂ ਨੇ ਖ਼ਾਸ ਨੁਕਤੇ ਸਿਖਾਉਣ ਲਈ ਬੜੇ ਚੰਗੇ ਤਰੀਕੇ ਨਾਲ ਖੇਡਾਂ ਤੇ ਆਧਾਰਿਤ ਦ੍ਰਿਸ਼ਟਾਂਤ ਇਸਤੇਮਾਲ ਕੀਤੇ। ਸਾਡੇ ਦਿਨਾਂ ਵਿਚ ਵੀ ਮਸੀਹੀ ਉਸੇ ਦੌੜ ਵਿਚ ਮੁਸ਼ਕਲ ਨਾਲ ਦੌੜ ਰਹੇ ਹਨ। ਪਹਿਲੀ ਸਦੀ ਦੇ ਮਸੀਹੀਆਂ ਨੂੰ ਉਸ ਸਮੇਂ ਦੇ ਲੋਕਾਂ ਅਤੇ ਸਮਾਜ ਨਾਲ ਨਜਿੱਠਣਾ ਪਿਆ ਸੀ। ਅੱਜ ਸਾਨੂੰ ਵੀ ਇਸ ਜਲਦੀ ਖ਼ਤਮ ਹੋਣ ਵਾਲੀ ਦੁਨੀਆਂ ਨਾਲ ‘ਖੇਡਣਾ’ ਯਾਨੀ ਮੁਕਾਬਲਾ ਕਰਨਾ ਪੈਂਦਾ ਹੈ। (2 ਤਿਮੋਥਿਉਸ 2:5; 3:1-5) ਕਈ ਜਣੇ ਸ਼ਾਇਦ ਮਹਿਸੂਸ ਕਰਦੇ ਹਨ ਕਿ ਉਹ ‘ਨਿਹਚਾ ਦੀ ਆਪਣੀ ਦੌੜ’ ਵਿਚ ਦੌੜ-ਦੌੜ ਕੇ ਥੱਕ ਗਏ ਹਨ। (1 ਤਿਮੋਥਿਉਸ 6:12, ਦ ਨਿਊ ਇੰਗਲਿਸ਼ ਬਾਈਬਲ) ਬਾਈਬਲ ਵਿਚ ਖਿਡਾਰੀਆਂ ਬਾਰੇ ਕੁਝ ਦ੍ਰਿਸ਼ਟਾਂਤਾਂ ਤੇ ਗੌਰ ਕਰਨਾ ਫ਼ਾਇਦੇਮੰਦ ਹੋਵੇਗਾ।
ਉੱਤਮ ਉਸਤਾਦ
ਖਿਡਾਰੀ ਦੀ ਸਫ਼ਲਤਾ ਕਾਫ਼ੀ ਹੱਦ ਤਕ ਉਸ ਦੇ ਉਸਤਾਦ ਉੱਤੇ ਨਿਰਭਰ ਹੁੰਦੀ ਹੈ। ਪ੍ਰਾਚੀਨ ਖੇਡਾਂ ਬਾਰੇ ਆਰਕਾਈਓਲੋਜੀਆ ਗਰਾਈਕਾ ਨਾਂ ਦੀ ਕਿਤਾਬ ਨੇ ਕਿਹਾ: “ਖਿਡਾਰੀਆਂ ਨੂੰ ਸੌਂਹ ਖਾਣੀ ਪੈਂਦੀ ਸੀ ਕਿ ਉਹ ਤਿਆਰੀ ਵਿਚ ਪੂਰੇ ਦਸ ਮਹੀਨਿਆਂ ਲਈ ਕਸਰਤ ਕਰ ਚੁੱਕੇ ਸਨ।” ਮਸੀਹੀਆਂ ਨੂੰ ਵੀ ਸਖ਼ਤ ਟ੍ਰੇਨਿੰਗ ਦੀ ਜ਼ਰੂਰਤ ਹੈ। ਪੌਲੁਸ ਨੇ ਮਸੀਹੀ ਬਜ਼ੁਰਗ ਤਿਮੋਥਿਉਸ ਨੂੰ ਕਿਹਾ: “ਭਗਤੀ ਲਈ ਆਪ ਸਾਧਨਾ ਕਰ।” (1 ਤਿਮੋਥਿਉਸ 4:7) ਮਸੀਹੀ “ਖਿਡਾਰੀ” ਦੀ ਕੌਣ ਸਾਧਨਾ ਕਰਦਾ ਹੈ ਯਾਨੀ ਉਸ ਨੂੰ ਕੌਣ ਟ੍ਰੇਨ ਕਰਦਾ ਹੈ? ਇਹ ਬਿਨਾਂ ਸ਼ੱਕ ਯਹੋਵਾਹ ਪਰਮੇਸ਼ੁਰ ਹੀ ਹੈ! ਪਤਰਸ ਰਸੂਲ ਨੇ ਲਿਖਿਆ ਕਿ ‘ਕਿਰਪਾਲੂ ਪਰਮੇਸ਼ੁਰ ਆਪੇ ਤੁਹਾਨੂੰ ਕਾਮਿਲ, ਕਾਇਮ ਅਤੇ ਤਕੜਿਆਂ ਕਰੇਗਾ।’—1 ਪਤਰਸ 5:10.
ਇਹ ਸ਼ਬਦ ਯਾਨੀ ‘ਤੁਹਾਨੂੰ ਕਾਮਿਲ ਕਰੇਗਾ’ ਯੂਨਾਨੀ ਕ੍ਰਿਆ ਤੋਂ ਤਰਜਮਾ ਕੀਤੇ ਗਏ ਹਨ। ਨਵੇਂ ਨੇਮ ਦੇ ਇਕ ਸ਼ਬਦ-ਕੋਸ਼ ਦੇ ਅਨੁਸਾਰ ਇਸ ਕ੍ਰਿਆ ਦਾ ਮਤਲਬ ਹੈ: “ਕਿਸੇ ਚੀਜ਼ [ਜਾਂ ਵਿਅਕਤੀ] ਨੂੰ ਉਸ ਦੇ ਕੰਮ ਜਾਂ ਮਕਸਦ ਲਈ ਤਿਆਰ ਕਰਨਾ।” ਇਸੇ ਤਰ੍ਹਾਂ ਇਕ ਹੋਰ ਸ਼ਬਦ-ਕੋਸ਼ ਕਹਿੰਦਾ ਹੈ ਕਿ ਉਸ ਕ੍ਰਿਆ ਦਾ ਮਤਲਬ ਹੈ: “ਪੂਰੀ ਤਰ੍ਹਾਂ ਤਿਆਰ ਕਰਨਾ, ਟ੍ਰੇਨ ਕਰਨਾ ਜਾਂ ਪ੍ਰਬੰਧ ਕਰਨਾ।” ਯਹੋਵਾਹ ਨਿਹਚਾ ਦੀ ਦੌੜ ਵਿਚ ਸਾਨੂੰ ਕਿਨ੍ਹਾਂ ਤਰੀਕਿਆਂ ਨਾਲ ‘ਪੂਰੀ ਤਰ੍ਹਾਂ ਤਿਆਰ ਕਰਦਾ, ਟ੍ਰੇਨ ਕਰਦਾ ਜਾਂ ਸਾਡੇ ਲਈ ਪ੍ਰਬੰਧ ਕਰਦਾ’ ਹੈ? ਇਸ ਬਾਰੇ ਹੋਰ ਸਮਝਣ ਲਈ ਆਓ ਆਪਾਂ ਪੁਰਾਣੇ ਜ਼ਮਾਨੇ ਦੇ ਉਸਤਾਦਾਂ ਦੇ ਸਿਖਾਉਣ ਦੇ ਤਰੀਕਿਆਂ ਉੱਤੇ ਧਿਆਨ ਦੇਈਏ।
ਪ੍ਰਾਚੀਨ ਯੂਨਾਨ ਵਿਚ ਓਲੰਪਕ ਖੇਡਾਂ (ਅੰਗ੍ਰੇਜ਼ੀ) ਨਾਮਕ ਕਿਤਾਬ ਕਹਿੰਦੀ ਹੈ ਕਿ “ਜਵਾਨਾਂ ਨੂੰ ਟ੍ਰੇਨਿੰਗ ਦੇਣ ਵਾਲੇ ਦੋ ਖ਼ਾਸ ਤਰੀਕੇ ਵਰਤਦੇ ਸਨ। ਪਹਿਲੇ ਤਰੀਕੇ ਵਿਚ ਖਿਡਾਰੀ ਨੂੰ ਉਤਸ਼ਾਹ ਦਿੱਤਾ ਜਾਂਦਾ ਸੀ ਕਿ ਉਹ ਆਪਣੇ ਵੱਲੋਂ ਜ਼ਿਆਦਾ ਤੋਂ ਜ਼ਿਆਦਾ ਜ਼ੋਰ ਲਾਵੇ ਤਾਂਕਿ ਕਾਮਯਾਬ ਹੋ ਸਕੇ। ਦੂਜਾ ਤਰੀਕਾ ਸੀ ਕਿ ਉਹ ਆਪਣੀ ਤਕਨੀਕ ਨੂੰ ਸੁਧਾਰੇ।”
ਇਸੇ ਤਰ੍ਹਾਂ, ਯਹੋਵਾਹ ਸਾਨੂੰ ਉਤਸ਼ਾਹ ਦਿੰਦਾ ਹੈ ਅਤੇ ਸਾਨੂੰ ਤਕੜਾ ਕਰਦਾ ਹੈ ਤਾਂਕਿ ਅਸੀਂ ਆਪਣੀ ਯੋਗਤਾ ਦੇ ਸਿਖਰ ਤਕ ਪਹੁੰਚ ਸਕੀਏ ਅਤੇ ਉਸ ਦੀ ਸੇਵਾ ਕਰਨ ਵਿਚ ਹੋਰ ਵੀ ਕਾਬਲ ਬਣੀਏ। ਸਾਡਾ ਪਰਮੇਸ਼ੁਰ ਬਾਈਬਲ, ਆਪਣੇ ਜ਼ਮੀਨੀ ਸੰਗਠਨ ਅਤੇ ਸਮਝਦਾਰ ਸੰਗੀ ਮਸੀਹੀਆਂ ਦੇ ਰਾਹੀਂ ਸਾਨੂੰ ਤਾਕਤ ਦਿੰਦਾ ਹੈ। ਕਈ ਵਾਰੀ ਉਹ ਸਾਨੂੰ ਤਾੜਨਾ ਰਾਹੀਂ ਟ੍ਰੇਨਿੰਗ ਦਿੰਦਾ ਹੈ। (ਇਬਰਾਨੀਆਂ 12:6) ਹੋਰ ਵੇਲਿਆਂ ਤੇ ਉਹ ਸ਼ਾਇਦ ਸਾਡੇ ਉੱਤੇ ਅਜ਼ਮਾਇਸ਼ਾਂ ਅਤੇ ਤੰਗੀਆਂ ਆਉਣ ਦਿੰਦਾ ਹੈ ਤਾਂਕਿ ਅਸੀਂ ਧੀਰਜ ਸਿੱਖ ਸਕੀਏ। (ਯਾਕੂਬ 1:2-4) ਜਿਵੇਂ ਯਸਾਯਾਹ ਨਬੀ ਨੇ ਕਿਹਾ ਪਰਮੇਸ਼ੁਰ ਸਾਨੂੰ ਲੋੜੀਂਦਾ ਬਲ ਦਿੰਦਾ ਹੈ: “ਯਹੋਵਾਹ ਦੇ ਉਡੀਕਣ ਵਾਲੇ ਨਵੇਂ ਸਿਰਿਓਂ ਬਲ ਪਾਉਣਗੇ, ਓਹ ਉਕਾਬਾਂ ਵਾਂਙੁ ਖੰਭਾਂ ਉੱਤੇ ਉੱਡਣਗੇ, ਓਹ ਦੌੜਨਗੇ ਤੇ ਨਾ ਥੱਕਣਗੇ, ਓਹ ਫਿਰਨਗੇ ਅਰ ਹੁੱਸਣਗੇ ਨਹੀਂ।”—ਯਸਾਯਾਹ 40:31.
ਪਰ ਖ਼ਾਸ ਕਰਕੇ ਪਰਮੇਸ਼ੁਰ ਸਾਨੂੰ ਆਪਣੀ ਪਵਿੱਤਰ ਆਤਮਾ ਦਿੰਦਾ ਹੈ ਜੋ ਸਾਨੂੰ ਮਜ਼ਬੂਤ ਕਰਦੀ ਹੈ ਤਾਂਕਿ ਅਸੀਂ ਲਗਾਤਾਰ ਉਸ ਦੀ ਸੇਵਾ ਕਰਦੇ ਰਹੀਏ। (ਲੂਕਾ 11:13) ਕਈ ਹਾਲਤਾਂ ਵਿਚ ਪਰਮੇਸ਼ੁਰ ਦੇ ਸੇਵਕਾਂ ਨੇ ਲੰਬੇ ਸਮੇਂ ਤੋਂ ਅਜ਼ਮਾਇਸ਼ਾਂ ਸਹੀਆਂ ਹਨ। ਜਿਨ੍ਹਾਂ ਆਦਮੀ-ਔਰਤਾਂ ਨੇ ਇਨ੍ਹਾਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕੀਤਾ ਹੈ ਉਹ ਸਾਡੇ ਵਾਂਗ ਆਮ ਬੰਦੇ ਹਨ। ਪਰ ਉਹ ਸਭ ਕੁਝ ਇਸ ਲਈ ਸਹਿ ਸਕੇ ਕਿਉਂਕਿ ਉਨ੍ਹਾਂ ਨੇ ਪਰਮੇਸ਼ੁਰ ਉੱਤੇ ਪੂਰਾ ਭਰੋਸਾ ਰੱਖਿਆ। ਜੀ ਹਾਂ, ਆਪਣੀ ਸ਼ਕਤੀ ਉੱਤੇ ਨਿਰਭਰ ਕਰਨ ਦੀ ਬਜਾਇ ਉਨ੍ਹਾਂ ਨੇ ਦੇਖਿਆ ਹੈ ਕਿ “ਮਹਾਂ-ਸ਼ਕਤੀ ਦਾ ਸੋਮਾ ਕੇਵਲ ਪਰਮੇਸ਼ਰ ਹੀ ਹੈ।”—2 ਕੁਰਿੰਥੁਸ 4:7, ਪਵਿੱਤਰ ਬਾਈਬਲ ਨਵਾਂ ਅਨੁਵਾਦ।
ਇਕ ਹਮਦਰਦ ਉਸਤਾਦ
ਇਕ ਵਿਦਵਾਨ ਨੇ ਨੋਟ ਕੀਤਾ ਕਿ ਪ੍ਰਾਚੀਨ ਉਸਤਾਦ ਦੀ ਇਕ ਜ਼ਿੰਮੇਵਾਰੀ ਇਹ ਸੀ ਕਿ ਉਹ “ਪਤਾ ਕਰੇ ਕਿ ਖਿਡਾਰੀ ਨੂੰ ਕਿਸੇ ਖੇਡ ਦੇ ਮੁਤਾਬਕ ਕਿਹੜੀ ਅਤੇ ਕਿੰਨੀ ਕੁ ਕਸਰਤ ਕਰਨ ਦੀ ਲੋੜ ਸੀ।” ਜਿਉਂ-ਜਿਉਂ ਪਰਮੇਸ਼ੁਰ ਸਾਨੂੰ ਟ੍ਰੇਨਿੰਗ ਦਿੰਦਾ ਹੈ ਉਹ ਸਾਡੇ ਨਿੱਜੀ ਹਾਲਾਤ, ਸਾਡੀ ਕਾਬਲੀਅਤ, ਸਾਡਾ ਸੁਭਾਅ ਅਤੇ ਸਾਡੀਆਂ ਸੀਮਾਵਾਂ ਨੂੰ ਧਿਆਨ ਵਿਚ ਰੱਖਦਾ ਹੈ। ਕਈ ਵਾਰ ਅਸੀਂ ਵੀ ਆਪਣੀ ਸਿੱਖਿਆ ਦੌਰਾਨ ਅੱਯੂਬ ਵਾਂਗ ਯਹੋਵਾਹ ਅੱਗੇ ਬੇਨਤੀ ਕਰਦੇ ਹਾਂ ਕਿ “ਚੇਤੇ ਕਰ ਭਈ ਤੈਂ ਮੈਨੂੰ ਗੁੰਨ੍ਹੀ ਹੋਈ ਮਿੱਟੀ ਵਾਂਙੁ ਬਣਾਇਆ।” (ਅੱਯੂਬ 10:9) ਸਾਡਾ ਹਮਦਰਦ ਉਸਤਾਦ ਸਾਡੀ ਦੁਹਾਈ ਦਾ ਕੀ ਜਵਾਬ ਦਿੰਦਾ ਹੈ? ਦਾਊਦ ਨੇ ਯਹੋਵਾਹ ਬਾਰੇ ਲਿਖਿਆ: “ਉਹ ਤਾਂ ਸਾਡੀ ਸਰਿਸ਼ਟ ਨੂੰ ਜਾਣਦਾ ਹੈ, ਉਹ ਨੂੰ ਚੇਤਾ ਹੈ ਭਈ ਅਸੀਂ ਮਿੱਟੀ ਹੀ ਹਾਂ!”—ਜ਼ਬੂਰ 103:14.
ਸ਼ਾਇਦ ਬੀਮਾਰੀ ਕਰਕੇ ਤੁਸੀਂ ਪ੍ਰਚਾਰ ਦੀ ਸੇਵਾ ਵਿਚ ਜ਼ਿਆਦਾ ਸਮਾਂ ਨਹੀਂ ਲਗਾ ਸਕਦੇ ਜਾਂ ਤੁਸੀਂ ਆਪਣੇ ਆਪ ਨੂੰ ਨਿਕੰਮੇ ਸਮਝਦੇ ਹੋ। ਹੋ ਸਕਦਾ ਹੈ ਕਿ ਤੁਸੀਂ ਇਕ ਭੈੜੀ ਆਦਤ ਛੱਡਣ ਦੀ ਕੋਸ਼ਿਸ਼ ਕਰ ਰਹੇ ਹੋ ਜਾਂ ਤੁਸੀਂ ਆਪਣੇ ਆਂਢ-ਗੁਆਂਢ, ਕੰਮ ਤੇ ਜਾਂ ਸਕੂਲ ਵਿਚ ਦਬਾਅ ਦਾ ਸਾਮ੍ਹਣਾ ਕਰਨਾ ਮੁਸ਼ਕਲ ਸਮਝਦੇ ਹੋ। ਜੋ ਵੀ ਤੁਹਾਡੇ ਹਾਲਾਤ ਹੋਣ, ਇਹ ਭੁੱਲੋ ਨਾ ਕਿ ਯਹੋਵਾਹ ਤੁਹਾਡੀਆਂ ਸਮੱਸਿਆਵਾਂ ਨੂੰ ਪੂਰੀ ਤਰ੍ਹਾਂ ਸਮਝਦਾ ਹੈ—ਹਾਂ, ਉਹ ਤੁਹਾਡੇ ਨਾਲੋਂ ਵੀ ਜ਼ਿਆਦਾ ਸਮਝਦਾ ਹੈ! ਜਿਵੇਂ ਇਕ ਉਸਤਾਦ ਆਪਣੇ ਵਿਦਿਆਰਥੀ ਬਾਰੇ ਚਿੰਤਾ ਕਰਦਾ ਹੈ, ਉਸ ਤਰ੍ਹਾਂ ਯਹੋਵਾਹ ਤੁਹਾਡੀ ਮਦਦ ਕਰਨ ਲਈ ਹਮੇਸ਼ਾ ਹੀ ਤਿਆਰ ਹੈ ਜੇ ਤੁਸੀਂ ਉਸ ਦੇ ਨੇੜੇ ਜਾਵੋਗੇ।—ਯਾਕੂਬ 4:8.
ਪੁਰਾਣੇ ਜ਼ਮਾਨੇ ਦੇ ਉਸਤਾਦ “ਪਛਾਣ ਸਕਦੇ ਸਨ ਕਿ ਖਿਡਾਰੀ ਕਸਰਤ ਕਰਕੇ ਥੱਕਿਆ ਜਾਂ ਕਮਜ਼ੋਰ ਸੀ ਜਾਂ ਹੋਰ ਚੀਜ਼ਾਂ ਕਾਰਨ ਜਿਵੇਂ ਕਿ ਪਰੇਸ਼ਾਨੀ, ਖ਼ਰਾਬ ਮੂਡ ਜਾਂ ਡਿਪਰੈਸ਼ਨ। . . . [ਉਸਤਾਦਾਂ] ਦਾ ਇੰਨਾ ਅਧਿਕਾਰ ਸੀ ਕਿ ਉਹ ਖਿਡਾਰੀਆਂ ਦੀਆਂ ਨਿੱਜੀ ਜ਼ਿੰਦਗੀਆਂ ਦੇ ਬਾਰੇ ਵੀ ਪਤਾ ਕਰਦੇ ਸਨ ਅਤੇ ਜ਼ਰੂਰਤ ਪੈਣ ਤੇ ਉਨ੍ਹਾਂ ਦੀਆਂ ਜ਼ਿੰਦਗੀਆਂ ਵਿਚ ਦਖ਼ਲ ਦਿੰਦੇ ਸਨ।”
ਕੀ ਤੁਸੀਂ ਵੀ ਕਦੀ ਇਸ ਦੁਨੀਆਂ ਦੇ ਦਬਾਵਾਂ ਅਤੇ ਪਰਤਾਵਿਆਂ ਕਰਕੇ ਥਕਾਵਟ ਜਾਂ ਕਮਜ਼ੋਰ ਮਹਿਸੂਸ ਕਰਦੇ ਹੋ? ਤੁਹਾਡੇ ਉਸਤਾਦ ਵਜੋਂ ਯਹੋਵਾਹ ਤੁਹਾਡੇ ਬਾਰੇ ਫ਼ਿਕਰ ਕਰਦਾ ਹੈ। (1 ਪਤਰਸ 5:7) ਉਹ ਫਟਾਫਟ ਪਛਾਣ ਲੈਂਦਾ ਹੈ ਜੇ ਅਸੀਂ ਅਧਿਆਤਮਿਕ ਤੌਰ ਤੇ ਥੱਕ ਗਏ ਜਾਂ ਕਮਜ਼ੋਰ ਹੋ ਗਏ ਹਾਂ। ਭਾਵੇਂ ਯਹੋਵਾਹ ਸਾਡੀ ਇੱਛਾ ਅਤੇ ਨਿੱਜੀ ਫ਼ੈਸਲਿਆਂ ਦਾ ਲਿਹਾਜ਼ ਕਰਦਾ ਹੈ, ਫਿਰ ਵੀ ਉਹ ਸਾਡਾ ਫ਼ਿਕਰ ਕਰਦਾ ਹੈ ਅਤੇ ਉਹ ਸਾਡੇ ਭਵਿੱਖ ਦੀ ਖ਼ੁਸ਼ੀ ਅਤੇ ਭਲਿਆਈ ਲਈ ਮਦਦ ਅਤੇ ਤਾੜਨਾ ਦਿੰਦਾ ਹੈ। (ਯਸਾਯਾਹ 30:21) ਕਿਵੇਂ? ਬਾਈਬਲ ਅਤੇ ਬਾਈਬਲ ਤੇ ਆਧਾਰਿਤ ਪ੍ਰਕਾਸ਼ਨਾਂ, ਕਲੀਸਿਯਾ ਦੇ ਬਜ਼ੁਰਗ ਅਤੇ ਸਾਡੇ ਪਿਆਰੇ ਭਾਈਚਾਰੇ ਦੇ ਰਾਹੀਂ।
‘ਸਭ ਗੱਲਾਂ ਵਿਚ ਸੰਜਮ ਰੱਖੋ’
ਪਰ ਕਾਮਯਾਬੀ ਹਾਸਲ ਕਰਨ ਲਈ ਇਕ ਚੰਗੇ ਉਸਤਾਦ ਨਾਲੋਂ ਹੋਰ ਕੁਝ ਦੀ ਵੀ ਲੋੜ ਸੀ। ਕਾਮਯਾਬੀ ਖਿਡਾਰੀ ਉੱਤੇ ਅਤੇ ਇਸ ਉੱਤੇ ਨਿਰਭਰ ਸੀ ਕਿ ਉਹ ਟ੍ਰੇਨਿੰਗ ਪ੍ਰੋਗ੍ਰਾਮ ਦੇ ਅਨੁਸਾਰ ਚੱਲਣ ਲਈ ਤਿਆਰ ਸੀ ਜਾਂ ਨਹੀਂ। ਅਜਿਹਾ ਪ੍ਰੋਗ੍ਰਾਮ ਬਹੁਤ ਸਖ਼ਤ ਸੀ ਕਿਉਂਕਿ ਖਾਣਾ-ਪੀਣਾ ਅਤੇ ਹੋਰਨਾਂ ਕੰਮਾਂ ਵਿਚ ਪਰਹੇਜ਼ ਕਰਨ ਦੀ ਲੋੜ ਸੀ। ਪਹਿਲੀ ਸਦੀ ਸਾ.ਯੁ.ਪੂ ਦੇ ਹੋਰੇਸ ਨਾਮਕ ਸ਼ਾਇਰ ਨੇ ਕਿਹਾ ਕਿ ਖਿਡਾਰੀ ‘ਆਪਣੀ ਮੰਜ਼ਲ ਤੇ ਪਹੁੰਚਣ ਲਈ ਔਰਤਾਂ ਅਤੇ ਸ਼ਰਾਬ ਤੋਂ ਦੂਰ ਰਹਿੰਦੇ ਸਨ।’ ਬਾਈਬਲ ਦੇ ਇਕ ਵਿਦਵਾਨ ਐੱਫ਼. ਸੀ. ਕੁੱਕ ਦੇ ਅਨੁਸਾਰ ਖੇਡਾਂ ਵਿਚ ਹਿੱਸਾ ਲੈਣ ਵਾਲਿਆਂ ਨੂੰ “ਪੂਰੇ ਦਸ ਮਹੀਨਿਆਂ ਲਈ . . . ਆਤਮ-ਸੰਜਮ ਅਤੇ ਖਾਣੇ-ਪੀਣੇ ਵਿਚ ਧਿਆਨ ਰੱਖਣਾ ਪੈਂਦਾ ਸੀ।”
ਪੌਲੁਸ ਨੇ ਕੁਰਿੰਥੁਸ ਦੇ ਮਸੀਹੀਆਂ ਨੂੰ ਇਹੀ ਦ੍ਰਿਸ਼ਟਾਂਤ ਇਸਤੇਮਾਲ ਕਰ ਕੇ ਲਿਖਿਆ ਕਿਉਂ ਜੋ ਉਹ ਇਨ੍ਹਾਂ ਖੇਡਾਂ ਤੋਂ ਜਾਣੂ ਸਨ। ਉਸ ਨੇ ਲਿਖਿਆ ਕਿ “ਹਰੇਕ ਪਹਿਲਵਾਨ ਸਭਨੀਂ ਗੱਲੀਂ ਸੰਜਮੀ ਹੁੰਦਾ ਹੈ।” (1 ਕੁਰਿੰਥੀਆਂ 9:25) ਸੱਚੇ ਮਸੀਹੀ ਨਾ ਹੀ ਪੈਸੇ ਪਿੱਛੇ ਭੱਜਦੇ ਹਨ ਤੇ ਨਾ ਹੀ ਦੁਨੀਆਂ ਦੇ ਗੰਦੇ ਕੰਮ ਕਰਦੇ ਹਨ। (ਅਫ਼ਸੀਆਂ 5:3-5; 1 ਯੂਹੰਨਾ 2:15-17) ਤਾਂ ਫਿਰ ਬਾਈਬਲ ਵਿਰੁੱਧ ਅਤੇ ਅਧਰਮੀ ਕੰਮਾਂ ਨੂੰ ਲਾਹ ਸੁੱਟ ਕੇ ਮਸੀਹੀ ਗੁਣ ਪਹਿਨਣੇ ਜ਼ਰੂਰੀ ਹਨ।—ਕੁਲੁੱਸੀਆਂ 3:9, 10, 12.
ਅਸੀਂ ਇਹ ਕਿਸ ਤਰ੍ਹਾਂ ਕਰ ਸਕਦੇ ਹਾਂ? ਪੌਲੁਸ ਨੇ ਪ੍ਰਭਾਵਸ਼ਾਲੀ ਦ੍ਰਿਸ਼ਟਾਂਤ ਦੇ ਕੇ ਜਵਾਬ ਦਿੱਤਾ: ਮੈਂ “ਆਪਣੇ ਸਰੀਰ ਨੂੰ ਮਾਰਦਾ ਕੁੱਟਦਾ ਅਤੇ ਉਹ ਨੂੰ ਆਪਣੇ ਵੱਸ ਵਿੱਚ ਲਿਆਉਂਦਾ ਹਾਂ ਭਈ ਐਉਂ ਨਾ ਹੋਵੇ ਜੋ ਕਿਤੇ ਮੈਂ ਹੋਰਨਾਂ ਨੂੰ ਉਪਦੇਸ਼ ਕਰ ਕੇ ਆਪ ਅਪਰਵਾਨ ਹੋ ਜਾਵਾਂ।”—1 ਕੁਰਿੰਥੀਆਂ 9:27.
ਪੌਲੁਸ ਨੇ ਇੱਥੇ ਕਿੰਨੀ ਪ੍ਰਭਾਵਸ਼ਾਲੀ ਗੱਲ ਕਹੀ! ਉਹ ਇੱਥੇ ਇਹ ਸਲਾਹ ਨਹੀਂ ਦੇ ਰਿਹਾ ਸੀ ਕਿ ਅਸੀਂ ਆਪਣੇ ਸਰੀਰ ਨੂੰ ਮਾਰੀਏ-ਕੁੱਟੀਏ। ਇਸ ਦੀ ਬਜਾਇ ਉਹ ਕਹਿ ਰਿਹਾ ਸੀ ਕਿ ਉਹ ਖ਼ੁਦ ਆਪਣੇ ਨਾਲ ਸੰਘਰਸ਼ ਕਰ ਰਿਹਾ ਸੀ। ਕਦੀ-ਕਦੀ ਉਹ ਅਜਿਹੇ ਕੰਮ ਕਰਦਾ ਸੀ ਜਿਹੜੇ ਉਹ ਨਹੀਂ ਚਾਹੁੰਦਾ ਸੀ, ਅਤੇ ਕਦੀ-ਕਦੀ ਉਹ ਅਜਿਹੇ ਕੰਮ ਨਹੀਂ ਕਰਦਾ ਸੀ ਜਿਹੜੇ ਉਹ ਚਾਹੁੰਦਾ ਸੀ। ਪਰ ਉਸ ਨੇ ਕਦੀ ਆਪਣੀਆਂ ਕਮਜ਼ੋਰੀਆਂ ਨੂੰ ਆਪਣੇ ਉੱਤੇ ਭਾਰੂ ਨਹੀਂ ਹੋਣ ਦਿੱਤਾ। ਉਸ ਨੇ ਆਪਣੀਆਂ ਸਰੀਰਕ ਇੱਛਾਵਾਂ ਨੂੰ ਕਾਬੂ ਰੱਖਣ ਲਈ ‘ਆਪਣੇ ਸਰੀਰ ਨੂੰ ਮਾਰਿਆ ਕੁੱਟਿਆ।’—ਰੋਮੀਆਂ 7:21-25.
ਸਾਰਿਆਂ ਮਸੀਹੀਆਂ ਨੂੰ ਵੀ ਇਸੇ ਤਰ੍ਹਾਂ ਕਰਨਾ ਚਾਹੀਦਾ ਹੈ। ਪੌਲੁਸ ਨੇ ਕੁਰਿੰਥੁਸ ਦੇ ਕੁਝ ਲੋਕਾਂ ਬਾਰੇ ਦੱਸਿਆ ਜਿਨ੍ਹਾਂ ਨੇ ਵਿਭਚਾਰ, ਮੂਰਤੀ-ਪੂਜਾ, ਸਮਲਿੰਗੀ ਕੰਮਾਂ, ਚੋਰੀ ਵਗੈਰਾ ਨੂੰ ਛੱਡ ਕੇ ਆਪਣੀਆਂ ਜ਼ਿੰਦਗੀਆਂ ਵਿਚ ਤਬਦੀਲੀਆਂ ਕੀਤੀਆਂ ਸਨ। ਉਹ ਕਿਵੇਂ ਬਦਲ ਸਕੇ? ਉਨ੍ਹਾਂ ਨੇ ਪਰਮੇਸ਼ੁਰ ਦੇ ਬਚਨ ਅਤੇ ਉਸ ਦੀ ਪਵਿੱਤਰ ਆਤਮਾ ਦੀ ਅਗਵਾਈ ਹਾਸਲ ਕਰ ਕੇ ਇਸ ਦੇ ਅਨੁਸਾਰ ਚੱਲਣ ਦਾ ਪੱਕਾ ਇਰਾਦਾ ਕੀਤਾ ਸੀ। ਪੌਲੁਸ ਨੇ ਕਿਹਾ: “ਪ੍ਰਭੁ ਯਿਸੂ ਮਸੀਹ ਦੇ ਨਾਮ ਤੋਂ ਅਤੇ ਸਾਡੇ ਪਰਮੇਸ਼ੁਰ ਦੇ ਆਤਮਾ ਤੋਂ ਤੁਸੀਂ ਧੋਤੇ ਗਏ ਅਰ ਤੁਸੀਂ ਪਵਿੱਤਰ ਕੀਤੇ ਗਏ ਅਰ ਤੁਸੀਂ ਧਰਮੀ ਠਹਿਰਾਏ ਗਏ।” (1 ਕੁਰਿੰਥੀਆਂ 6:9-11) ਪਤਰਸ ਨੇ ਵੀ ਉਨ੍ਹਾਂ ਬਾਰੇ ਲਿਖਿਆ ਜਿਨ੍ਹਾਂ ਨੇ ਅਜਿਹੀਆਂ ਭੈੜੀਆਂ ਆਦਤਾਂ ਛੱਡੀਆਂ। ਮਸੀਹੀਆਂ ਵਜੋਂ ਉਨ੍ਹਾਂ ਨੇ ਵੱਡੀਆਂ-ਵੱਡੀਆਂ ਤਬਦੀਲੀਆਂ ਕੀਤੀਆਂ ਸਨ।—1 ਪਤਰਸ 4:3, 4.
ਸੋਚ-ਸਮਝ ਕੇ ਮਿਹਨਤ ਕਰਨੀ
ਪੌਲੁਸ ਆਪਣੀ ਸੇਵਾ ਵਿਚ ਦ੍ਰਿੜ੍ਹ ਸੀ ਅਤੇ ਉਸ ਦਾ ਧਿਆਨ ਆਪਣੇ ਅਧਿਆਤਮਿਕ ਟੀਚਿਆਂ ਉੱਤੇ ਟਿਕਿਆ ਹੋਇਆ ਸੀ। ਇਸ ਗੱਲ ਨੂੰ ਦਰਸਾਉਣ ਲਈ ਉਸ ਨੇ ਕਿਹਾ: ‘ਮੈਂ ਉਸ ਮੁੱਕੇ ਬਾਜ ਦੀ ਤਰ੍ਹਾਂ ਨਹੀਂ ਮੁੱਕੇ ਮਾਰ ਰਿਹਾ ਹਾਂ ਜੋ ਹਵਾ ਵਿਚ ਹੀ ਮਾਰਦਾ ਹੈ।’ (1 ਕੁਰਿੰਥੁਸ 9:26, ਨਵਾਂ ਅਨੁਵਾਦ) ਇਕ ਖਿਡਾਰੀ ਕਿਸ ਤਰ੍ਹਾਂ ਮੁੱਕੇ ਮਾਰਦਾ ਹੈ? ਯੂਨਾਨੀਆਂ ਅਤੇ ਰੋਮੀਆਂ ਦੀ ਜ਼ਿੰਦਗੀ (ਅੰਗ੍ਰੇਜ਼ੀ) ਨਾਮਕ ਕਿਤਾਬ ਸਮਝਾਉਂਦੀ ਹੈ ਕਿ “ਸਿਰਫ਼ ਵੱਡੀ ਤਾਕਤ ਦੀ ਹੀ ਜ਼ਰੂਰਤ ਨਹੀਂ ਸੀ ਪਰ ਤੇਜ਼ ਨਜ਼ਰ ਦੀ ਲੋੜ ਵੀ ਸੀ ਤਾਂਕਿ ਉਹ ਆਪਣੇ ਵਿਰੋਧੀ ਦੀਆਂ ਕਮਜ਼ੋਰੀਆਂ ਨੂੰ ਦੇਖ ਸਕੇ। ਇਸ ਦੇ ਨਾਲ-ਨਾਲ ਉਨ੍ਹਾਂ ਨੇ ਕੁਸ਼ਤੀ ਦੇ ਅਖਾੜਿਆਂ ਵਿਚ ਹੁਸ਼ਿਆਰੀ ਅਤੇ ਆਪਣੇ ਵਿਰੋਧੀ ਨੂੰ ਹਰਾ ਦੇਣ ਲਈ ਫੁਰਤੀਲੇ ਬਣਨਾ ਸਿੱਖਿਆ।”
ਸਾਡਾ ਪਾਪੀ ਸਰੀਰ ਸਾਡਾ ਇਕ ਵਿਰੋਧੀ ਹੈ। ਕੀ ਅਸੀਂ ਆਪਣੀਆਂ “ਕਮਜ਼ੋਰੀਆਂ” ਨੂੰ ਪਛਾਣਿਆ ਹੈ? ਕੀ ਅਸੀਂ ਆਪਣੇ ਆਪ ਨੂੰ ਦੂਸਰਿਆਂ ਦੀ ਨਜ਼ਰੋਂ ਦੇਖਦੇ ਹਾਂ ਅਤੇ ਖ਼ਾਸ ਕਰਕੇ ਸ਼ਤਾਨ ਦੀ ਨਜ਼ਰੋਂ? ਇਸ ਦਾ ਮਤਲਬ ਹੈ ਕਿ ਸਾਨੂੰ ਆਪਣੇ ਆਪ ਦੀ ਚੰਗੀ ਤਰ੍ਹਾਂ ਜਾਂਚ ਕਰਨ ਦੀ ਲੋੜ ਹੈ ਅਤੇ ਇਸ ਤੋਂ ਬਾਅਦ ਤਬਦੀਲੀਆਂ ਕਰਨ ਲਈ ਤਿਆਰ ਹੋਣ ਦੀ ਜ਼ਰੂਰਤ ਹੈ। ਅਸੀਂ ਆਪਣੇ ਆਪ ਨੂੰ ਆਸਾਨੀ ਨਾਲ ਧੋਖਾ ਦੇ ਸਕਦੇ ਹਾਂ। (ਯਾਕੂਬ 1:22) ਗ਼ਲਤ ਕੰਮਾਂ ਲਈ ਬਹਾਨੇ ਬਣਾਉਣੇ ਕਿੰਨਾ ਸੌਖਾ ਹੈ! (1 ਸਮੂਏਲ 15:13-15, 20, 21) ਇਵੇਂ ਕਰਨਾ ‘ਹਵਾ ਵਿਚ ਮੁੱਕੇ ਮਾਰਨ ਦੇ’ ਬਰਾਬਰ ਹੈ।
ਜਿਹੜੇ ਲੋਕ ਇਨ੍ਹਾਂ ਆਖ਼ਰੀ ਦਿਨਾਂ ਵਿਚ ਯਹੋਵਾਹ ਨੂੰ ਖ਼ੁਸ਼ ਕਰ ਕੇ ਸਦੀਪਕ ਜੀਵਨ ਹਾਸਲ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਗ਼ਲਤ ਅਤੇ ਸਹੀ ਵਿਚ ਫ਼ੈਸਲਾ ਕਰਨ ਅਤੇ ਪਰਮੇਸ਼ੁਰ ਦੀ ਕਲੀਸਿਯਾ ਤੇ ਦੁਸ਼ਟ ਦੁਨੀਆਂ ਵਿਚਕਾਰ ਚੋਣ ਕਰਨ ਵਿਚ ਦੇਰ ਨਹੀਂ ਕਰਨੀ ਚਾਹੀਦੀ। ਇਹ ਜ਼ਰੂਰੀ ਹੈ ਕਿ ਉਹ ‘ਆਪਣਿਆਂ ਸਾਰਿਆਂ ਚਲਣਾਂ ਵਿੱਚ ਦੁਚਿੱਤੇ ਅਤੇ ਚੰਚਲ’ ਨਾ ਹੋਣ। (ਯਾਕੂਬ 1:8) ਉਨ੍ਹਾਂ ਨੂੰ ਫਜ਼ੂਲ ਕੰਮਾਂ ਵਿਚ ਆਪਣਾ ਸਮਾਂ ਨਹੀਂ ਬਰਬਾਦ ਕਰਨਾ ਚਾਹੀਦਾ। ਜਦੋਂ ਇਕ ਮਸੀਹੀ ਨੱਕ ਦੀ ਸੇਧ ਚੱਲ ਕੇ ਆਪਣਾ ਮਨ ਆਪਣੇ ਟੀਚੇ ਤੇ ਰੱਖਦਾ ਹੈ, ਤਾਂ ਉਸ ਦੀ ‘ਤਰੱਕੀ ਸਭਨਾਂ ਉੱਤੇ ਪਰਗਟ ਹੋਵੇਗੀ’ ਅਤੇ ਉਹ ਜ਼ਰੂਰ ਖ਼ੁਸ਼ ਹੋਵੇਗਾ।—1 ਤਿਮੋਥਿਉਸ 4:15.
ਜੀ ਹਾਂ, ਸਾਡੇ ਦਿਨਾਂ ਵਿਚ ਵੀ ਮਸੀਹੀ ਦੌੜ ਚੱਲ ਰਹੀ ਹੈ। ਯਹੋਵਾਹ ਸਾਡਾ ਮਹਾਨ ਉਸਤਾਦ ਪਿਆਰ ਦੇ ਨਾਲ ਨਿਰਦੇਸ਼ਨ ਅਤੇ ਮਦਦ ਦੇ ਰਿਹਾ ਹੈ ਤਾਂਕਿ ਅਸੀਂ ਅਜ਼ਮਾਇਸ਼ਾਂ ਸਹਿ ਸਕੀਏ ਅਤੇ ਅਖ਼ੀਰ ਵਿਚ ਜਿੱਤ ਪ੍ਰਾਪਤ ਕਰ ਸਕੀਏ। (ਯਸਾਯਾਹ 48:17) ਪੁਰਾਣੇ ਸਮੇਂ ਦੇ ਖਿਡਾਰੀਆਂ ਵਾਂਗ ਇਹ ਜ਼ਰੂਰੀ ਹੈ ਕਿ ਅਸੀਂ ਵੀ ਨਿਹਚਾ ਦੀ ਲੜਾਈ ਵਿਚ ਆਤਮ-ਸੰਜਮ ਅਤੇ ਟੀਚੇ ਉੱਤੇ ਆਪਣਾ ਮਨ ਰੱਖਣਾ ਸਿੱਖੀਏ। ਸਾਨੂੰ ਆਪਣੀ ਮਿਹਨਤ ਦਾ ਫਲ ਜ਼ਰੂਰ ਮਿਲੇਗਾ।—ਇਬਰਾਨੀਆਂ 11:6.
[ਸਫ਼ੇ 31 ਉੱਤੇ ਡੱਬੀ]
‘ਉਹ ਨੂੰ ਤੇਲ ਨਾਲ ਝੱਸੋ’
ਪ੍ਰਾਚੀਨ ਯੂਨਾਨ ਵਿਚ ਖਿਡਾਰੀ ਦੀ ਕੁਝ ਟ੍ਰੇਨਿੰਗ ਤੇਲ ਝੱਸਣ ਵਾਲੇ ਦੁਆਰਾ ਕੀਤੀ ਜਾਂਦੀ ਸੀ। ਉਸ ਦਾ ਕੰਮ ਸੀ ਖਿਡਾਰੀਆਂ ਦੇ ਕਸਰਤ ਕਰਨ ਤੋਂ ਪਹਿਲਾਂ ਉਨ੍ਹਾਂ ਦਿਆਂ ਸਰੀਰਾਂ ਤੇ ਤੇਲ ਝੱਸਣਾ। ਪ੍ਰਾਚੀਨ ਯੂਨਾਨ ਵਿਚ ਓਲੰਪਕ ਖੇਡਾਂ (ਅੰਗ੍ਰੇਜ਼ੀ) ਨਾਮਕ ਕਿਤਾਬ ਕਹਿੰਦੀ ਹੈ ਕਿ ਉਸਤਾਦਾਂ ਨੇ “ਦੇਖਿਆ ਕਿ ਜੇ ਟ੍ਰੇਨਿੰਗ ਤੋਂ ਪਹਿਲਾਂ ਖਿਡਾਰੀਆਂ ਦੀ ਸਹੀ ਤਰ੍ਹਾਂ ਮਾਲਸ਼ ਕੀਤੀ ਜਾਵੇ, ਤਾਂ ਉਨ੍ਹਾਂ ਨੂੰ ਬਹੁਤ ਫ਼ਾਇਦੇ ਹੁੰਦੇ ਸਨ ਅਤੇ ਜੇ ਸਖ਼ਤ ਕਸਰਤ ਤੋਂ ਬਾਅਦ ਵੀ ਹਲਕੀ-ਹਲਕੀ ਮਾਲਸ਼ ਕੀਤੀ ਜਾਵੇ, ਤਾਂ ਸਰੀਰ ਨੂੰ ਜਲਦੀ ਆਰਾਮ ਆਉਂਦਾ ਸੀ।”
ਜਿਸ ਤਰ੍ਹਾਂ ਕਿਸੇ ਨੂੰ ਤੇਲ ਮਾਲਸ਼ ਰਾਹੀਂ ਆਰਾਮ ਮਿਲਦਾ ਹੈ ਅਤੇ ਉਸ ਦਾ ਦਰਦ ਦੂਰ ਕੀਤਾ ਜਾਂਦਾ ਹੈ, ਉਸੇ ਤਰ੍ਹਾਂ ਕੋਈ ਥੱਕਿਆ ਅਤੇ ਦੁਖੀ ਮਸੀਹੀ ਵੀ ਪਰਮੇਸ਼ੁਰ ਦੇ ਬਚਨ ਨੂੰ ਲਾਗੂ ਕਰਨ ਰਾਹੀਂ ਆਰਾਮ ਪਾ ਸਕਦਾ ਹੈ। ਇਸ ਲਈ ਯਹੋਵਾਹ ਕਲੀਸਿਯਾਵਾਂ ਦੇ ਬਜ਼ੁਰਗਾਂ ਨੂੰ ਨਸੀਹਤ ਦਿੰਦਾ ਹੈ ਕਿ ਅਜਿਹੇ ਮਸੀਹੀ ਲਈ ਪ੍ਰਾਰਥਨਾ ਕਰਨ ਅਤੇ “ਪ੍ਰਭੁ ਦਾ ਨਾਮ ਲੈ ਕੇ ਉਹ ਨੂੰ [ਅਧਿਆਤਮਿਕ ਤੌਰ ਤੇ] ਤੇਲ ਝੱਸਣ।” ਇਸ ਜ਼ਰੂਰੀ ਕਦਮ ਰਾਹੀਂ ਇਕ ਬੀਮਾਰ ਮਸੀਹੀ ਅਧਿਆਤਮਿਕ ਤੌਰ ਤੇ ਠੀਕ ਹੋਣਾ ਸ਼ੁਰੂ ਹੋ ਸਕਦਾ ਹੈ।—ਯਾਕੂਬ 5:13-15; ਜ਼ਬੂਰ 141:5.
[ਸਫ਼ੇ 31 ਉੱਤੇ ਤਸਵੀਰ]
ਬਲੀ ਚੜ੍ਹਾਉਣ ਤੋਂ ਬਾਅਦ ਖਿਡਾਰੀ ਨੇ ਸੌਂਹ ਖਾਧੀ ਕਿ ਉਹ ਦਸ ਮਹੀਨਿਆਂ ਲਈ ਕਸਰਤ ਕਰ ਚੁੱਕਾ ਸੀ
[ਕ੍ਰੈਡਿਟ ਲਾਈਨ]
Musée du Louvre, Paris
[ਸਫ਼ੇ 29 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
Copyright British Museum