ਧੋਖਾ ਖਾਣ ਤੋਂ ਬਚੋ
ਧੋਖਾ ਖਾਣ ਤੋਂ ਬਚੋ
ਇਨਸਾਨ ਦੇ ਮੁੱਢ ਤੋਂ ਹੀ ਧੋਖਾ ਹੁੰਦਾ ਆਇਆ ਹੈ। ਇਤਿਹਾਸ ਵਿਚ ਦਰਜ ਪਹਿਲੀ ਘਟਨਾ ਧੋਖੇ ਦਾ ਹੀ ਕੰਮ ਸੀ। ਇਹ ਘਟਨਾ ਉਦੋਂ ਵਾਪਰੀ ਜਦੋਂ ਅਦਨ ਦੇ ਬਾਗ਼ ਵਿਚ ਸ਼ਤਾਨ ਨੇ ਹੱਵਾਹ ਨੂੰ ਧੋਖਾ ਦਿੱਤਾ ਸੀ।—ਉਤਪਤ 3:13; 1 ਤਿਮੋਥਿਉਸ 2:14.
ਉਦੋਂ ਤੋਂ ਲੈ ਕੇ ਹੁਣ ਤਕ ਧਰਤੀ ਉੱਤੇ ਧੋਖੇ ਦਾ ਬੋਲਬਾਲਾ ਰਿਹਾ ਹੈ ਖ਼ਾਸਕਰ ਅੱਜ ਇਹ ਹਰ ਪਾਸੇ ਫੈਲਿਆ ਹੋਇਆ ਹੈ। ਸਾਡੇ ਸਮਿਆਂ ਬਾਰੇ ਬਾਈਬਲ ਨੇ ਪਹਿਲਾਂ ਹੀ ਚੇਤਾਵਨੀ ਦੇ ਦਿੱਤੀ ਸੀ: “ਦੁਸ਼ਟ ਮਨੁੱਖ ਅਤੇ ਛਲੀਏ ਧੋਖਾ ਦਿੰਦੇ ਅਤੇ ਧੋਖਾ ਖਾਂਦੇ ਬੁਰੇ ਤੋਂ ਬੁਰੇ ਹੁੰਦੇ ਜਾਣਗੇ।”—2 ਤਿਮੋਥਿਉਸ 3:13.
ਲੋਕੀ ਬਹੁਤ ਸਾਰੇ ਕਾਰਨਾਂ ਕਰਕੇ ਧੋਖਾ ਖਾਂਦੇ ਹਨ। ਠੱਗ ਅਤੇ ਦਗੇਬਾਜ਼ ਪੈਸੇ ਦੀ ਖ਼ਾਤਰ ਲੋਕਾਂ ਨੂੰ ਧੋਖਾ ਦਿੰਦੇ ਹਨ। ਕੁਝ ਸਿਆਸਤਦਾਨ ਕਿਸੇ ਵੀ ਕੀਮਤ ਤੇ ਸੱਤਾ ਵਿਚ ਰਹਿਣ ਲਈ ਜਨਤਾ ਨੂੰ ਧੋਖਾ ਦਿੰਦੇ ਹਨ। ਲੋਕ ਆਪਣੇ ਆਪ ਨੂੰ ਵੀ ਧੋਖਾ ਦਿੰਦੇ ਹਨ। ਕੌੜੀਆਂ ਸੱਚਾਈਆਂ ਦਾ ਸਾਮ੍ਹਣਾ ਕਰਨ ਦੀ ਬਜਾਇ, ਉਹ ਆਪਣੇ ਆਪ ਨੂੰ ਯਕੀਨ ਦਿਵਾਉਂਦੇ ਰਹਿੰਦੇ ਹਨ ਕਿ ਖ਼ਤਰਨਾਕ ਕੰਮ ਜਿਵੇਂ ਸਿਗਰਟ ਪੀਣ, ਨਸ਼ੀਲੀਆਂ ਦਵਾਈਆਂ ਖਾਣ ਜਾਂ ਅਨੈਤਿਕ ਕੰਮ ਕਰਨ ਵਿਚ ਕੋਈ ਨੁਕਸਾਨ ਨਹੀਂ ਹੈ।
ਧਰਮ ਦੇ ਮਾਮਲੇ ਵਿਚ ਵੀ ਧੋਖਾ ਕੀਤਾ ਜਾਂਦਾ ਹੈ। ਯਿਸੂ ਦੇ ਦਿਨਾਂ ਦੇ ਧਾਰਮਿਕ ਆਗੂ ਲੋਕਾਂ ਨੂੰ ਧੋਖਾ ਦਿੰਦੇ ਸਨ। ਉਨ੍ਹਾਂ ਧੋਖੇਬਾਜ਼ਾਂ ਬਾਰੇ ਯਿਸੂ ਨੇ ਕਿਹਾ ਸੀ: “ਓਹ ਅੰਨ੍ਹੇ ਆਗੂ ਹਨ ਅਤੇ ਜੇ ਅੰਨ੍ਹਾ ਅੰਨ੍ਹੇ ਦਾ ਆਗੂ ਹੋਵੇ ਤਾਂ ਦੋਵੇਂ ਟੋਏ ਵਿੱਚ ਡਿੱਗਣਗੇ।” (ਮੱਤੀ 15:14) ਇਸ ਤੋਂ ਇਲਾਵਾ, ਲੋਕ ਵੀ ਆਪਣੇ ਆਪ ਨੂੰ ਧਰਮ ਦੇ ਮਾਮਲੇ ਵਿਚ ਧੋਖਾ ਦਿੰਦੇ ਹਨ। ਕਹਾਉਤਾਂ 14:12 ਕਹਿੰਦਾ ਹੈ: “ਅਜਿਹਾ ਰਾਹ ਵੀ ਹੈ ਜੋ ਮਨੁੱਖ ਨੂੰ ਸਿੱਧਾ ਜਾਪਦਾ ਹੈ, ਪਰ ਉਹ ਦੇ ਅੰਤ ਵਿੱਚ ਮੌਤ ਦੇ ਰਾਹ ਹਨ।”
ਯਿਸੂ ਦੇ ਦਿਨਾਂ ਦੀ ਤਰ੍ਹਾਂ ਅੱਜ ਵੀ ਬਹੁਤ ਸਾਰੇ ਲੋਕ ਧਾਰਮਿਕ ਮਾਮਲਿਆਂ ਵਿਚ ਧੋਖਾ ਖਾਂਦੇ ਹਨ ਜਿਸ ਤੋਂ ਸਾਨੂੰ ਹੈਰਾਨ ਨਹੀਂ ਹੋਣਾ ਚਾਹੀਦਾ! ਪੌਲੁਸ ਰਸੂਲ ਨੇ ਕਿਹਾ ਸੀ ਕਿ ਸ਼ਤਾਨ “ਨੇ ਬੇਪਰਤੀਤਿਆਂ ਦੀਆਂ ਬੁੱਧਾਂ ਅੰਨ੍ਹੀਆਂ ਕਰ ਦਿੱਤੀਆਂ ਮਤੇ ਮਸੀਹ ਜੋ ਪਰਮੇਸ਼ੁਰ ਦਾ ਸਰੂਪ ਹੈ ਉਹ ਦੇ ਤੇਜ ਦੀ ਖੁਸ਼ ਖਬਰੀ ਦਾ ਚਾਨਣ ਉਨ੍ਹਾਂ ਉੱਤੇ ਪਰਕਾਸ਼ ਹੋਵੇ।”—2 ਕੁਰਿੰਥੀਆਂ 4:4.
ਜੇ ਸਾਨੂੰ ਠੱਗ ਠੱਗਦਾ ਹੈ, ਤਾਂ ਅਸੀਂ ਆਪਣੇ ਪੈਸਿਆਂ ਤੋਂ ਹੱਥ ਧੋ ਬੈਠਦੇ ਹਾਂ। ਜੇ ਨੇਤਾ ਸਾਨੂੰ ਧੋਖਾ ਦਿੰਦਾ ਹੈ, ਤਾਂ ਅਸੀਂ ਸ਼ਾਇਦ ਕੁਝ ਹੱਦ ਤਕ ਆਪਣੀ ਆਜ਼ਾਦੀ ਤੋਂ ਵਾਂਝੇ ਹੋ ਜਾਂਦੇ ਹਾਂ। ਪਰ ਜੇ ਅਸੀਂ ਸ਼ਤਾਨ ਦੇ ਧੋਖੇ ਵਿਚ ਆ ਕੇ ਯਿਸੂ ਮਸੀਹ ਬਾਰੇ ਸੱਚਾਈ ਨੂੰ ਠੁਕਰਾ ਦਿੰਦੇ ਹਾਂ, ਤਾਂ ਅਸੀਂ ਸਦਾ ਦੀ ਜ਼ਿੰਦਗੀ ਤੋਂ ਹੱਥ ਧੋ ਬੈਠਾਂਗੇ! ਇਸ ਲਈ ਧੋਖਾ ਖਾਣ ਤੋਂ ਬਚੋ। ਧਾਰਮਿਕ ਸੱਚਾਈ ਦੇ ਸੱਚੇ ਸੋਮੇ ਬਾਈਬਲ ਦਾ ਗਿਆਨ ਲੈਣ ਲਈ ਆਪਣੇ ਦਿਲਾਂ-ਦਿਮਾਗ਼ਾਂ ਨੂੰ ਖੋਲ੍ਹੋ। ਇਸ ਤਰ੍ਹਾਂ ਨਾ ਕਰਨ ਤੇ ਸਾਡਾ ਬਹੁਤ ਵੱਡਾ ਨੁਕਸਾਨ ਹੋਵੇਗਾ।—ਯੂਹੰਨਾ 17:3.