ਧਰਤੀ—ਕੀ ਇਹ ਸਿਰਫ਼ ਇਮਤਿਹਾਨ ਲੈਣ ਦੀ ਥਾਂ ਹੈ?
ਧਰਤੀ—ਕੀ ਇਹ ਸਿਰਫ਼ ਇਮਤਿਹਾਨ ਲੈਣ ਦੀ ਥਾਂ ਹੈ?
ਕਿੰਨੀ ਰਾਹਤ ਮਿਲੀ! ਉਹ ਪਾਸ ਹੋ ਗਈ। ਉਸ ਨੇ ਆਪਣੇ ਇਮਤਿਹਾਨਾਂ ਲਈ ਦੋ ਹਫ਼ਤੇ ਸਖ਼ਤ ਮਿਹਨਤ ਕੀਤੀ ਤੇ ਅਖ਼ੀਰ ਚੰਗੇ ਨੰਬਰਾਂ ਨਾਲ ਪਾਸ ਹੋ ਗਈ। ਹੁਣ ਉਸ ਨੂੰ ਉਹ ਨੌਕਰੀ ਮਿਲ ਸਕਦੀ ਸੀ ਜਿਸ ਦੀ ਉਹ ਹਮੇਸ਼ਾ ਖ਼ਾਹਸ਼ ਰੱਖਦੀ ਸੀ।
ਬਹੁਤ ਸਾਰੇ ਲੋਕ ਧਰਤੀ ਉਤਲੇ ਜੀਵਨ ਬਾਰੇ ਵੀ ਇਸੇ ਤਰ੍ਹਾਂ ਹੀ ਸੋਚਦੇ ਹਨ। ਉਹ ਇਸ ਜੀਵਨ ਨੂੰ ਇਕ ਇਮਤਿਹਾਨ ਸਮਝਦੇ ਹਨ ਜਿਸ ਵਿੱਚੋਂ ਸਾਰਿਆਂ ਨੂੰ ਗੁਜ਼ਰਨਾ ਹੀ ਪੈਂਦਾ ਹੈ। ਜਿਹੜੇ ਇਸ ਇਮਤਿਹਾਨ ਨੂੰ “ਪਾਸ” ਕਰ ਲੈਂਦੇ ਹਨ, ਉਨ੍ਹਾਂ ਨੂੰ ਮਰਨ ਤੋਂ ਬਾਅਦ ਸਵਰਗ ਵਿਚ ਇਕ ਵਧੀਆ ਜ਼ਿੰਦਗੀ ਮਿਲਦੀ ਹੈ। ਪਰ ਕਿੰਨੇ ਦੁੱਖ ਦੀ ਗੱਲ ਹੋਵੇਗੀ ਜੇ ਇਨਸਾਨ ਨੂੰ ਅੱਜ ਦੀ ਜ਼ਿੰਦਗੀ ਤੋਂ ਬਿਹਤਰ ਹੋਰ ਕੋਈ ਜ਼ਿੰਦਗੀ ਨਾ ਮਿਲੇ! ਬਾਈਬਲ ਦਾ ਇਕ ਕਿਰਦਾਰ ਅੱਯੂਬ ਤੰਦਰੁਸਤ ਅਤੇ ਅਮੀਰ ਆਦਮੀ ਸੀ, ਪਰ ਉਸ ਨੇ ਕਿਹਾ: “ਆਦਮੀ ਜੋ ਤੀਵੀਂ ਤੋਂ ਜੰਮਦਾ ਹੈ ਥੋੜਿਆਂ ਦਿਨਾਂ ਦਾ ਹੈ ਅਤੇ ਬਿਪਤਾ ਨਾਲ ਭਰਿਆ ਹੋਇਆ ਹੈ।”—ਅੱਯੂਬ 14:1.
ਲੋਕਾਂ ਦੇ ਸੋਚ-ਵਿਚਾਰ ਬਾਰੇ ਨਿਊ ਕੈਥੋਲਿਕ ਐਨਸਾਈਕਲੋਪੀਡੀਆ ਕਹਿੰਦਾ ਹੈ: “ਇਨਸਾਨਾਂ ਨੂੰ ਸਵਰਗੀ ਜੀਵਨ ਦੇਣਾ ਹੀ ਪਰਮੇਸ਼ੁਰ ਦਾ ਇਰਾਦਾ ਹੈ। . . . ਇਨਸਾਨ ਤਾਂ ਹੀ ਖ਼ੁਸ਼ ਰਹਿ ਸਕਦਾ ਹੈ ਜੇ ਉਸ ਨੂੰ ਸਵਰਗ ਵਿਚ ਜੀਵਨ ਮਿਲੇ।” ਸੰਯੁਕਤ ਰਾਜ ਅਮਰੀਕਾ ਵਿਚ ਚਰਚ ਆਫ਼ ਕ੍ਰਾਈਸਟ ਨੇ ਇਕ ਸਰਵੇਖਣ ਕੀਤਾ ਜਿਸ ਮੁਤਾਬਕ ਤਕਰੀਬਨ 87 ਪ੍ਰਤਿਸ਼ਤ ਲੋਕ ਭਰੋਸਾ ਰੱਖਦੇ ਹਨ ਕਿ ਉਹ ਮਰਨ ਤੋਂ ਬਾਅਦ ਸਵਰਗ ਜਾਣਗੇ।
ਦੂਜੇ ਧਰਮਾਂ ਦੇ ਲੋਕ ਵੀ ਮਰਨ ਤੋਂ ਬਾਅਦ ਕਿਸੇ ਹੋਰ ਥਾਂ ਤੇ ਵਧੀਆ ਜੀਵਨ ਮਿਲਣ ਦੀ ਉਮੀਦ ਰੱਖਦੇ ਹਨ। ਮਿਸਾਲ ਵਜੋਂ, ਮੁਸਲਮਾਨ ਜੱਨਤ ਜਾਣ ਦੀ ਉਮੀਦ ਰੱਖਦੇ ਹਨ। ਚੀਨ ਅਤੇ ਜਪਾਨ ਵਿਚ ਬੁੱਧ ਧਰਮ ਦੇ ਪਿਓਰ ਲੈਂਡ (Pure Land) ਦੇ ਪੰਥੀ ਮੰਨਦੇ ਹਨ ਕਿ ਜੇ “ਅਮਿਟ ਆਭਾ,” ਯਾਨੀ ਅਸੀਮ ਰੌਸ਼ਨੀ ਰੱਖਣ ਵਾਲੇ ਬੁੱਧ ਦਾ ਨਾਂ ਲਗਾਤਾਰ ਜੱਪੀਏ, ਤਾਂ ਪਿਓਰ ਲੈਂਡ ਜਾਂ ਪੱਛਮੀ ਫਿਰਦੌਸ ਵਿਚ ਦੂਜਾ ਜਨਮ ਮਿਲੇਗਾ ਜਿੱਥੇ ਉਨ੍ਹਾਂ ਨੂੰ ਸੰਪੂਰਣ ਖ਼ੁਸ਼ੀ ਮਿਲੇਗੀ।
ਦਿਲਚਸਪੀ ਦੀ ਗੱਲ ਹੈ ਕਿ ਦੁਨੀਆਂ ਵਿਚ ਸਭ ਤੋਂ ਜ਼ਿਆਦਾ ਤਰਜਮਾ ਕਰ ਕੇ ਵੰਡੀ ਗਈ ਕਿਤਾਬ ਬਾਈਬਲ ਵਿਚ ਇਹ ਕਿਤੇ ਵੀ ਨਹੀਂ ਲਿਖਿਆ ਹੈ ਕਿ ਧਰਤੀ ਸਵਰਗ ਨੂੰ ਜਾਣ ਦਾ ਇਕ ਜ਼ਰੀਆ ਹੈ। ਮਿਸਾਲ ਵਜੋਂ ਇਹ ਕਹਿੰਦੀ ਹੈ: “ਧਰਮੀ ਧਰਤੀ ਦੇ ਵਾਰਸ ਹੋਣਗੇ, ਅਤੇ ਸਦਾ ਉਸ ਉੱਤੇ ਵੱਸਣਗੇ।” (ਜ਼ਬੂਰ 37:29) ਬਾਈਬਲ ਵਿਚ ਯਿਸੂ ਦਾ ਇਹ ਵੀ ਮਸ਼ਹੂਰ ਕਥਨ ਮਿਲਦਾ ਹੈ: “ਧੰਨ ਓਹ ਜਿਹੜੇ ਹਲੀਮ ਹਨ ਕਿਉਂ ਜੋ ਓਹ ਧਰਤੀ ਦੇ ਵਾਰਸ ਹੋਣਗੇ।”—ਮੱਤੀ 5:5.
ਲੋਕ ਆਮ ਕਹਿੰਦੇ ਹਨ ਕਿ ਧਰਤੀ ਉੱਤੇ ਸਾਡਾ ਜੀਵਨ ਥੋੜ੍ਹੇ ਸਮੇਂ ਦਾ ਹੈ ਜਿਸ ਦਾ ਮਤਲਬ ਹੈ ਕਿ ਮੌਤ ਹੀ ਸਵਰਗ ਵਿਚ ਖ਼ੁਸ਼ਹਾਲ ਜੀਵਨ ਪਾਉਣ ਦਾ ਇੱਕੋ-ਇਕ ਰਸਤਾ ਹੈ। ਜੇ ਸੱਚ-ਮੁੱਚ ਇਸੇ ਤਰ੍ਹਾਂ ਹੈ, ਤਾਂ ਮਰਨਾ ਚੰਗੀ ਗੱਲ ਹੈ। ਪਰ ਕੀ ਲੋਕ ਮੌਤ ਨੂੰ ਇਕ ਬਰਕਤ ਸਮਝਦੇ ਹਨ ਜਾਂ ਕੀ ਉਹ ਇਸ ਜੀਵਨ ਨੂੰ ਲੰਬਾ ਕਰਨ ਦੀ ਕੋਸ਼ਿਸ਼ ਕਰਦੇ ਹਨ? ਇਨਸਾਨੀ ਤਜਰਬਾ ਦਿਖਾਉਂਦਾ ਹੈ ਕਿ ਚੰਗੀ ਸਿਹਤ ਅਤੇ ਸੁਰੱਖਿਆ ਦਾ ਆਨੰਦ ਮਾਣਨ ਵਾਲੇ ਲੋਕ ਮਰਨਾ ਨਹੀਂ ਚਾਹੁੰਦੇ।
ਫਿਰ ਵੀ, ਕਿਉਂਕਿ ਧਰਤੀ ਉੱਤਲਾ ਜੀਵਨ ਬੁਰਾਈ ਤੇ ਦੁੱਖਾਂ-ਤਕਲੀਫ਼ਾਂ ਨਾਲ ਭਰਿਆ ਹੋਇਆ ਹੈ, ਇਸ ਲਈ ਬਹੁਤ ਸਾਰੇ ਲੋਕ ਮੰਨਦੇ ਹਨ ਕਿ ਸਵਰਗ ਹੀ ਇਕ ਅਜਿਹੀ ਥਾਂ ਹੈ ਜਿੱਥੇ ਸੱਚੀ ਸ਼ਾਂਤੀ ਅਤੇ ਖ਼ੁਸ਼ੀ ਮਿਲ ਸਕਦੀ ਹੈ। ਪਰ ਕੀ ਸਵਰਗ ਵਿਚ ਸਿਰਫ਼ ਸ਼ਾਂਤੀ ਹੀ ਸ਼ਾਂਤੀ ਹੈ ਜਿੱਥੇ ਕੋਈ ਬੁਰਾਈ ਨਹੀਂ ਅਤੇ ਧਰਤੀ ਉੱਤੇ ਜਿਹੜੇ ਕੰਮ ਹੁੰਦੇ ਹਨ, ਉਹ ਉੱਥੇ ਨਹੀਂ ਹੁੰਦੇ? ਨਾਲੇ ਕੀ ਇਨਸਾਨ ਮਰਨ ਤੋਂ ਬਾਅਦ ਸਿਰਫ਼ ਸਵਰਗ ਵਿਚ ਹੀ ਜਾਂਦਾ ਹੈ? ਤੁਸੀਂ ਬਾਈਬਲ ਵਿੱਚੋਂ ਇਨ੍ਹਾਂ ਸਵਾਲਾਂ ਦਾ ਜਵਾਬ ਪਾ ਕੇ ਹੈਰਾਨ ਹੋਵੋਗੇ। ਇਸ ਬਾਰੇ ਕਿਰਪਾ ਕਰ ਕੇ ਅਗਲਾ ਲੇਖ ਪੜ੍ਹੋ।