ਹਥਿਆਰ ਬਣਾਉਣ ਤੋਂ ਲੈ ਕੇ ਜ਼ਿੰਦਗੀਆਂ ਬਚਾਉਣ ਤਕ ਦਾ ਸਫ਼ਰ
ਜੀਵਨੀ
ਹਥਿਆਰ ਬਣਾਉਣ ਤੋਂ ਲੈ ਕੇ ਜ਼ਿੰਦਗੀਆਂ ਬਚਾਉਣ ਤਕ ਦਾ ਸਫ਼ਰ
ਈਸੀਡੌਰਸ ਈਸਮਾਈਲੀਡਿਸ ਦੀ ਜ਼ਬਾਨੀ
ਗੋਡਿਆਂ ਭਾਰ ਸਿਰ ਨਿਵਾ ਕੇ ਪ੍ਰਾਰਥਨਾ ਕਰਦੇ ਸਮੇਂ ਮੇਰੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ। ਮੈਂ ਪ੍ਰਾਰਥਨਾ ਵਿਚ ਕਿਹਾ: “ਹੇ ਮੇਰੇ ਪਰਮੇਸ਼ੁਰ, ਮੇਰਾ ਜ਼ਮੀਰ ਕਹਿੰਦਾ ਹੈ ਕਿ ਮੈਨੂੰ ਹਥਿਆਰ ਬਣਾਉਣ ਦਾ ਕੰਮ ਨਹੀਂ ਕਰਨਾ ਚਾਹੀਦਾ। ਮੈਂ ਕੋਈ ਹੋਰ ਨੌਕਰੀ ਲੱਭਣ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ ਹਨ, ਪਰ ਇੰਨੀ ਨੱਠ-ਭਜਾਈ ਦੇ ਬਾਵਜੂਦ ਮੈਨੂੰ ਅਜੇ ਤਕ ਕੋਈ ਨੌਕਰੀ ਨਹੀਂ ਮਿਲੀ। ਪਰ, ਕੱਲ੍ਹ ਤਾਂ ਪੱਕਾ ਹੀ ਮੈਂ ਆਪਣੀ ਨੌਕਰੀ ਤੋਂ ਅਸਤੀਫ਼ਾ ਦੇ ਦੇਵਾਂਗਾ। ਹੇ ਯਹੋਵਾਹ, ਮੇਰੇ ਚਾਰੋਂ ਬੱਚਿਆਂ ਨੂੰ ਰੋਟੀ ਲਈ ਭੁੱਖੇ ਨਾ ਮਾਰੀਂ।” ਇਹ ਅਜਿਹੀ ਨੌਬਤ ਆਈ ਕਿਵੇਂ?
ਮੇਰਾ ਜਨਮ ਸੰਨ 1932 ਵਿਚ ਉੱਤਰੀ ਯੂਨਾਨ ਦੇ ਡਰਾਮਾ ਸ਼ਹਿਰ ਵਿਚ ਹੋਇਆ। ਸਾਡੀ ਜ਼ਿੰਦਗੀ ਬੜੀ ਅਮਨ-ਚੈਨ ਨਾਲ ਚੱਲ ਰਹੀ ਸੀ। ਮੇਰੇ ਪਿਤਾ ਜੀ ਦੀ ਖ਼ਾਹਸ਼ ਸੀ ਕਿ ਮੈਂ ਖੂਬ ਪੜ੍ਹ-ਲਿਖ ਕੇ ਇਕ ਵੱਡਾ ਆਦਮੀ ਬਣਾਂ। ਉਨ੍ਹਾਂ ਨੇ ਪੜ੍ਹਾਈ ਲਈ ਮੈਨੂੰ ਅਮਰੀਕਾ ਜਾਣ ਲਈ ਕਿਹਾ। ਦੂਜੇ ਵਿਸ਼ਵ ਯੁੱਧ ਦੌਰਾਨ, ਜਦੋਂ ਯੂਨਾਨ ਵਿਚ ਕਾਫ਼ੀ ਲੁੱਟ-ਮਾਰ ਮਚੀ ਤਾਂ ਯੂਨਾਨੀਆਂ ਦਾ ਇਹ ਨਾਰਾ ਬੜਾ ਮਸ਼ਹੂਰ ਸੀ: “ਤੁਸੀਂ ਸਾਡਾ ਸਭ ਕੁਝ ਲੁੱਟ ਸਕਦੇ ਹੋ, ਪਰ ਤੁਸੀਂ ਉਹ ਨਹੀਂ ਲੈ ਸਕਦੇ ਜੋ ਸਾਡੇ ਦਿਮਾਗ਼ਾਂ ਵਿਚ ਹੈ।” ਮੈਂ ਉਚੇਰੀ ਸਿੱਖਿਆ ਲੈਣ ਲਈ ਪੱਕਾ ਮਨ ਬਣਾ ਲਿਆ। ਮੈਂ ਕੁਝ ਅਜਿਹਾ ਹਾਸਲ ਕਰਨਾ ਚਾਹੁੰਦਾ ਸੀ ਜਿਸ ਨੂੰ ਕਦੇ ਵੀ ਕੋਈ ਲੁੱਟ ਨਾ ਸਕੇ।
ਮੈਂ ਛੋਟੀ ਉਮਰੇ ਹੀ ਗ੍ਰੀਕ ਆਰਥੋਡਾਕਸ ਚਰਚ ਵੱਲੋਂ ਚਲਾਏ ਜਾਂਦੇ ਵੱਖ-ਵੱਖ ਯੂਥ ਗਰੁੱਪਾਂ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ। ਉੱਥੇ ਸਾਨੂੰ ਖ਼ਤਰਨਾਕ ਪੰਥਾਂ ਤੋਂ, ਖ਼ਾਸ ਕਰਕੇ ਯਹੋਵਾਹ ਦੇ ਗਵਾਹਾਂ ਦੇ ਪੰਥ ਤੋਂ ਬਚ ਕੇ ਰਹਿਣ ਲਈ ਕਿਹਾ ਗਿਆ, ਕਿਉਂਕਿ ਉਦੋਂ ਇਹ ਸੋਚਿਆ ਜਾਂਦਾ ਸੀ ਕਿ ਇਸ ਪੰਥ ਦੇ ਲੋਕ ਮਸੀਹ-ਵਿਰੋਧੀ ਹਨ।
ਸੰਨ 1953 ਵਿਚ ਐਥਿਨਜ਼ ਦੇ ਇਕ ਤਕਨੀਕੀ ਸਕੂਲ ਤੋਂ ਸਿੱਖਿਆ ਲੈਣ ਤੋਂ ਬਾਅਦ, ਮੈਂ ਜਰਮਨੀ ਚਲਾ ਗਿਆ ਤਾਂਕਿ ਪੜ੍ਹਾਈ ਦੇ ਨਾਲ-ਨਾਲ ਮੈਂ ਨੌਕਰੀ ਵੀ ਕਰ ਸਕਾਂ। ਪਰ ਮੇਰੀਆਂ ਉਮੀਦਾਂ ਤੇ ਪਾਣੀ ਫਿਰ ਗਿਆ, ਇਸ ਲਈ ਮੈਂ ਕਈ ਹੋਰ ਦੇਸ਼ਾਂ ਵਿਚ ਗਿਆ। ਕੁਝ ਕੁ ਹਫ਼ਤਿਆਂ ਬਾਅਦ ਜਦੋਂ ਮੈਂ ਬੈਲਜੀਅਮ ਪਹੁੰਚਿਆ ਤਾਂ ਖ਼ਰਚਣ ਲਈ ਮੇਰੇ ਕੋਲ ਇਕ ਧੇਲਾ ਵੀ ਨਹੀਂ ਸੀ। ਮੈਨੂੰ ਅਜੇ ਵੀ ਚੰਗੀ ਤਰ੍ਹਾਂ ਚੇਤਾ ਹੈ ਕਿ ਮੈਂ ਚਰਚ ਵਿਚ ਜਾ ਕੇ ਫੁੱਟ-ਫੁੱਟ ਕੇ ਰੋਇਆ ਸੀ। ਮੈਂ ਇੰਨਾ ਰੋਇਆ ਸੀ ਕਿ ਮੇਰੇ ਹੁੰਝੂ ਕਿਰ-ਕਿਰ ਕੇ ਜ਼ਮੀਨ ਤੇ ਡਿੱਗ ਰਹੇ ਸਨ। ਮੈਂ ਪ੍ਰਾਰਥਨਾ ਕੀਤੀ ਕਿ ਜੇ ਪਰਮੇਸ਼ੁਰ ਮੇਰੀ ਅਮਰੀਕਾ
ਪਹੁੰਚਣ ਵਿਚ ਮਦਦ ਕਰੇ, ਤਾਂ ਮੈਂ ਵਾਅਦਾ ਕਰਦਾ ਹਾਂ ਕਿ ਮੈਂ ਧਨ-ਦੌਲਤ ਪਿੱਛੇ ਨਹੀਂ ਨੱਠਾਂਗਾਂ, ਸਗੋਂ ਆਪਣੀ ਪੜ੍ਹਾਈ ਪੂਰੀ ਕਰ ਕੇ ਇਕ ਚੰਗਾ ਮਸੀਹੀ ਅਤੇ ਇਕ ਚੰਗਾ ਸ਼ਹਿਰੀ ਬਣਾਂਗਾ। ਅਖ਼ੀਰ 1957 ਵਿਚ ਮੈਂ ਅਮਰੀਕਾ ਪਹੁੰਚ ਗਿਆ।ਅਮਰੀਕਾ ਵਿਚ ਨਵੀਂ ਜ਼ਿੰਦਗੀ ਦੀ ਸ਼ੁਰੂਆਤ
ਇੱਥੇ ਦੀ ਜ਼ਿੰਦਗੀ ਦੂਜੇ ਦੇਸ਼ਾਂ ਤੋਂ ਆਏ ਉਨ੍ਹਾਂ ਲੋਕਾਂ ਲਈ ਡਾਢੀ ਔਖੀ ਸੀ ਜਿਨ੍ਹਾਂ ਨੂੰ ਭਾਸ਼ਾ ਨਹੀਂ ਸੀ ਆਉਂਦੀ ਤੇ ਜਾਂ ਜਿਨ੍ਹਾਂ ਕੋਲ ਪੈਸੇ ਨਹੀਂ ਸਨ। ਮੈਂ ਇਕ ਰਾਤ ਵਿਚ ਦੋ-ਦੋ ਨੌਕਰੀਆਂ ਕਰਦਾ ਸੀ ਤੇ ਦਿਨ ਵੇਲੇ ਔਖਾ-ਸੌਖਾ ਸਕੂਲ ਜਾਂਦਾ ਹੁੰਦਾ ਸੀ। ਮੈਂ ਕਾਲਜ ਦੀ ਪੜ੍ਹਾਈ ਪੂਰੀ ਕਰ ਕੇ ਡਿਪਲੋਮਾ ਹਾਸਲ ਕੀਤਾ। ਫੇਰ ਮੈਂ ਲਾਸ ਏਂਜਲੀਜ਼ ਦੀ ਕੈਲੇਫ਼ੋਰਨੀਆ ਯੂਨੀਵਰਸਿਟੀ ਤੋਂ ਵਿਹਾਰਕ ਭੌਤਿਕ-ਵਿਗਿਆਨ ਵਿਚ ਸਾਇੰਸ (ਬੀ. ਐੱਸ. ਸੀ.) ਦੀ ਡਿਗਰੀ ਹਾਸਲ ਕੀਤੀ। ਬੇਸ਼ੱਕ ਕਈ ਸਾਲ ਮੈਂ ਬਹੁਤ ਔਖੇ ਕੱਟੇ, ਪਰ ਆਪਣੇ ਪਿਤਾ ਦੀ ਖ਼ਾਹਸ਼ ਪੂਰੀ ਕਰਨ ਲਈ ਮੈਂ ਕੁਝ ਵੀ ਸਹਿਣ ਨੂੰ ਤਿਆਰ ਸੀ।
ਇਸੇ ਦੌਰਾਨ, ਮੇਰੀ ਮੁਲਾਕਾਤ ਇਕਾਟਰੀਨੀ ਨਾਂ ਦੀ ਇਕ ਸੋਹਣੀ-ਸੁਣੱਖੀ ਮੁਟਿਆਰ ਨਾਲ ਹੋਈ। ਸਾਡਾ ਦੋਹਾਂ ਦਾ 1964 ਵਿਚ ਵਿਆਹ ਹੋ ਗਿਆ। ਸਾਡਾ ਪਹਿਲਾ ਮੁੰਡਾ ਤਿੰਨ ਸਾਲਾਂ ਬਾਅਦ ਪੈਦਾ ਹੋਇਆ ਅਤੇ ਚਾਰ ਸਾਲਾਂ ਦੇ ਅੰਦਰ-ਅੰਦਰ ਸਾਡੇ ਹੋਰ ਦੋ ਮੁੰਡੇ ਅਤੇ ਇਕ ਧੀ ਪੈਦਾ ਹੋਈ। ਪੜ੍ਹਾਈ ਕਰਨ ਦੇ ਨਾਲ-ਨਾਲ ਇੰਨੇ ਵੱਡੇ ਪਰਿਵਾਰ ਨੂੰ ਚਲਾਉਣਾ ਵਾਕਈ ਬੜਾ ਔਖਾ ਕੰਮ ਸੀ।
ਮੈਂ ਕੈਲੇਫ਼ੋਰਨੀਆ ਦੇ ਸਨੀਵੇਲ ਸ਼ਹਿਰ ਵਿਚਲੀ ਮਿਸਾਈਲ ਅਤੇ ਪੁਲਾੜ ਕੰਪਨੀ ਵਿਚ, ਯੂ. ਐੱਸ. ਦੀ ਹਵਾਈ ਸੈਨਾ ਲਈ ਕੰਮ ਕਰ ਰਿਹਾ ਸੀ। ਮੈਂ ਏਜੀਨਾ ਅਤੇ ਅਪੋਲੋ ਪ੍ਰੋਗ੍ਰਾਮਾਂ ਤੋਂ ਇਲਾਵਾ ਹੋਰ ਕਈ ਹਵਾਈ ਅਤੇ ਪੁਲਾੜ ਸੰਬੰਧੀ ਪ੍ਰਾਜੈਕਟਾਂ ਲਈ ਕੰਮ ਕੀਤਾ। ਅਪੋਲੋ 8 ਅਤੇ 11 ਮਿਸ਼ਨਾਂ ਵਿਚ ਸਹਿਯੋਗ ਦੇਣ ਲਈ ਮੈਨੂੰ ਮੈਡਲ ਵੀ ਮਿਲੇ। ਇਸ ਤੋਂ ਬਾਅਦ ਵੀ ਮੈਂ ਆਪਣੀ ਪੜ੍ਹਾਈ ਜਾਰੀ ਰੱਖੀ ਤੇ ਨਾਲੋ-ਨਾਲ ਮਿਲਟਰੀ ਪੁਲਾੜ ਪ੍ਰਾਜੈਕਟਾਂ ਵਿਚ ਜ਼ੋਰ-ਸ਼ੋਰ ਨਾਲ ਰੁੱਝ ਗਿਆ। ਹੁਣ ਤਕ ਮੈਂ ਸੋਚ ਰਿਹਾ ਸੀ ਕਿ ਮੈਨੂੰ ਦੁਨੀਆਂ ਦਾ ਸਭ ਕੁਝ ਮਿਲ ਗਿਆ—ਇਕ ਸੋਹਣੀ ਵਹੁਟੀ, ਚਾਰ ਨਿਆਣੇ, ਚੰਗੇ ਰੁਤਬੇ ਵਾਲੀ ਨੌਕਰੀ ਅਤੇ ਇਕ ਆਲੀਸ਼ਾਨ ਘਰ।
ਉਸ ਨੇ ਹਾਰ ਨਾ ਮੰਨੀ
ਨੌਕਰੀ ਵਾਲੀ ਥਾਂ ਤੇ ਸੰਨ 1967 ਵਿਚ ਮੇਰੀ ਮੁਲਾਕਾਤ ਜਿਮ ਨਾਂ ਦੇ ਆਦਮੀ ਨਾਲ ਹੋਈ। ਉਹ ਬੜਾ ਹਲੀਮ ਅਤੇ ਮਿਲਾਪੜੇ ਸੁਭਾਅ ਦਾ ਬੰਦਾ ਸੀ। ਉਸ ਦਾ ਚਿਹਰਾ ਹਮੇਸ਼ਾ ਖਿੜਿਆ ਰਹਿੰਦਾ ਸੀ। ਅਸੀਂ ਦੋਵੇਂ ਇਕੱਠੇ ਕਾਫ਼ੀ ਪੀਣ ਜਾਂਦੇ ਸਾਂ। ਕਾਫ਼ੀ ਪੀਂਦੇ-ਪੀਂਦੇ ਜਿਮ ਮੈਨੂੰ ਬਾਈਬਲ ਵਿੱਚੋਂ ਕੁਝ ਨਾ ਕੁਝ ਦੱਸਦਾ ਹੀ ਰਹਿੰਦਾ ਸੀ। ਉਸ ਨੇ ਮੈਨੂੰ ਦੱਸਿਆ ਕਿ ਉਹ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਸਟੱਡੀ ਕਰਦਾ ਹੈ।
ਮੈਨੂੰ ਇਹ ਸੁਣ ਕੇ ਬੜਾ ਧੱਕਾ ਲੱਗਾ ਕਿ ਜਿਮ ਇਸ ਖ਼ਤਰਨਾਕ ਧਾਰਮਿਕ ਪੰਥ ਦੇ ਲੋਕਾਂ ਨਾਲ ਮਿਲਦਾ-ਜੁਲਦਾ ਸੀ। ਮੈਂ ਸੋਚਣ ਲੱਗਾ ਕਿ ਇੰਨਾ ਚੰਗਾ ਇਨਸਾਨ ਇਸ ਮਸੀਹ-ਵਿਰੋਧੀ ਪੰਥ ਦੇ ਪਿੱਛੇ ਕਿਵੇਂ ਲੱਗ ਗਿਆ? ਪਰ ਇਸ ਦੇ ਬਾਵਜੂਦ ਮੈਂ ਜਿਮ ਨਾਲ ਬੋਲਚਾਲ ਬੰਦ ਨਾ ਕੀਤੀ। ਉਹ ਹਰ ਦਿਨ ਮੈਨੂੰ ਨਵੇਂ ਤੋਂ ਨਵਾਂ ਕੁਝ ਪੜ੍ਹਨ ਲਈ ਦਿੰਦਾ ਰਹਿੰਦਾ। ਇਕ ਦਿਨ ਉਹ ਮੇਰੇ ਦਫ਼ਤਰ ਵਿਚ ਆਇਆ ਤੇ ਕਹਿਣ ਲੱਗਾ: “ਈਸੀਡੌਰਸ, ਪਹਿਰਾਬੁਰਜ ਦੇ ਇਸ ਲੇਖ ਵਿਚ ਪਰਿਵਾਰਕ ਜ਼ਿੰਦਗੀ ਮਜ਼ਬੂਤ ਬਣਾਉਣ ਬਾਰੇ ਲਾਜਵਾਬ ਜਾਣਕਾਰੀ ਦਿੱਤੀ ਗਈ ਹੈ। ਇਸ ਰਸਾਲੇ ਨੂੰ ਘਰ ਲਿਜਾ ਕੇ ਆਪਣੀ ਵਹੁਟੀ ਨਾਲ ਪੜ੍ਹੀ।” ਮੈਂ ਕਿਹਾ ਕਿ ਮੈਂ ਇਸ ਨੂੰ ਜ਼ਰੂਰ ਪੜ੍ਹਾਂਗਾ, ਪਰ ਬਾਅਦ ਵਿਚ ਮੈਂ ਫਟਾਫਟ ਗੁਸਲਖ਼ਾਨੇ ਵਿਚ ਗਿਆ ਤੇ ਰਸਾਲੇ ਨੂੰ ਪਾੜ ਕੇ ਕੂੜੇਦਾਨ ਵਿਚ ਸੁੱਟ ਦਿੱਤਾ।
ਤਿੰਨ ਸਾਲਾਂ ਤਕ ਜਿਮ ਮੈਨੂੰ ਕਿਤਾਬਾਂ ਤੇ ਰਸਾਲੇ ਪੜ੍ਹਨ ਲਈ ਦਿੰਦਾ ਰਿਹਾ ਅਤੇ ਮੈਂ ਹਮੇਸ਼ਾ ਉਨ੍ਹਾਂ ਨੂੰ ਪੜ੍ਹਨ ਦੀ ਬਜਾਇ ਕੂੜੇਦਾਨ ਵਿਚ ਸੁੱਟਦਾ ਰਿਹਾ। ਹਾਲਾਂਕਿ ਮੈਂ ਯਹੋਵਾਹ ਦੇ ਗਵਾਹਾਂ ਦੇ ਸਖ਼ਤ ਖ਼ਿਲਾਫ਼ ਸੀ ਪਰ ਮੈਂ ਜਿਮ ਨਾਲ ਦੋਸਤੀ ਨਹੀਂ ਤੋੜਨੀ ਚਾਹੁੰਦਾ ਸੀ। ਇਸੇ ਲਈ ਮੈਂ ਸੋਚਿਆ ਕਿ ਦੋਸਤੀ ਕਾਇਮ ਰੱਖਣ ਦਾ ਵਧੀਆ ਤਰੀਕਾ ਇਹੀ ਹੈ ਕਿ ਜਿਮ ਜੋ ਵੀ ਕਹੇ ਉਸ ਨੂੰ ਇਕ ਕੰਨ ਤੋਂ ਸੁਣ ਕੇ ਦੂਜੇ ਕੰਨ ਤੋਂ ਫਟਾਫਟ ਬਾਹਰ ਕੱਢ ਦਿੱਤਾ ਜਾਵੇ।
ਪਰ, ਜਿਮ ਦੀਆਂ ਗੱਲਾਂ ਦਾ ਮੇਰੇ ਤੇ ਹੌਲੀ-ਹੌਲੀ ਅਸਰ ਹੋਣਾ ਸ਼ੁਰੂ ਹੋ ਗਿਆ। ਹੁਣ ਮੈਨੂੰ ਪਤਾ ਲੱਗ ਗਿਆ ਕਿ ਮੈਂ ਜਿਨ੍ਹਾਂ ਸਿੱਖਿਆਵਾਂ ਨੂੰ ਮੰਨਦਾ ਸੀ ਉਪਦੇਸ਼ਕ ਦੀ ਪੋਥੀ 9:10; ਹਿਜ਼ਕੀਏਲ 18:4; ਯੂਹੰਨਾ 20:17) ਪਰ, ਇਕ ਘਮੰਡੀ ਆਰਥੋਡਾਕਸ ਵਾਂਗ ਮੈਂ ਖੁੱਲ੍ਹਮ-ਖੁੱਲ੍ਹਾ ਇਹ ਨਹੀਂ ਮੰਨਣਾ ਚਾਹੁੰਦਾ ਸੀ ਕਿ ਜਿਮ ਦੀਆਂ ਗੱਲਾਂ ਸੱਚ ਹਨ। ਉਹ ਆਪਣੇ ਕੋਲੋਂ ਨਹੀਂ ਸਗੋਂ ਸਭ ਕੁਝ ਬਾਈਬਲ ਵਿੱਚੋਂ ਦੱਸਦਾ ਸੀ, ਇਸ ਲਈ ਅਖ਼ੀਰ ਮੈਨੂੰ ਯਕੀਨ ਹੋ ਗਿਆ ਕਿ ਉਹ ਦੀਆਂ ਗੱਲਾਂ ਵਿਚ ਦਮ ਸੀ ਅਤੇ ਬਾਈਬਲ ਦੇ ਸੁਨੇਹੇ ਤੋਂ ਮੈਨੂੰ ਲਾਭ ਮਿਲਣਾ ਸੀ।
ਉਹ ਬਾਈਬਲ ਮੁਤਾਬਕ ਠੀਕ ਨਹੀਂ ਸਨ। ਮਿਸਾਲ ਵਜੋਂ ਮੈਨੂੰ ਹੁਣ ਤਕ ਪਤਾ ਲੱਗ ਚੁੱਕਾ ਸੀ ਕਿ ਤ੍ਰਿਏਕ ਦੀ ਸਿੱਖਿਆ, ਨਰਕ ਦੀ ਅੱਗ ਅਤੇ ਆਤਮਾ ਦੀ ਅਮਰਤਾ ਦਾ ਸਿਧਾਂਤ ਬਾਈਬਲ ਵਿਚ ਕਿਤੇ ਵੀ ਨਹੀਂ ਹੈ। (ਹੌਲੀ-ਹੌਲੀ ਮੇਰੀ ਪਤਨੀ ਨੂੰ ਸ਼ੱਕ ਹੋਣ ਲੱਗ ਪਿਆ ਕਿ ਦਾਲ ਵਿਚ ਜ਼ਰੂਰ ਕੁਝ ਕਾਲਾ ਹੈ। ਉਸ ਨੇ ਮੇਰੇ ਕੋਲੋਂ ਪੁੱਛਿਆ ਕਿ ਕੀ ਮੇਰੀ ਜਿਮ ਨਾਲ ਬਾਈਬਲ ਬਾਰੇ ਕੋਈ ਗੱਲਬਾਤ ਹੋਈ ਹੈ। ਜਦੋਂ ਮੈਂ ਹਾਂ ਵਿਚ ਜਵਾਬ ਦਿੱਤਾ ਤਾਂ ਉਸ ਨੇ ਕਿਹਾ: “ਅਸੀਂ ਨਹੀਂ ਜਾਣਾ ਯਹੋਵਾਹ ਦੇ ਗਵਾਹਾਂ ਦੇ ਚਰਚ ਨੂੰ, ਚਲੋ ਅਸੀਂ ਕਿਸੇ ਹੋਰ ਚਰਚ ਵਿਚ ਚੱਲੀਏ।” ਪਰ, ਥੋੜ੍ਹੀ ਹੀ ਦੇਰ ਬਾਅਦ ਮੈਂ, ਮੇਰੀ ਪਤਨੀ ਅਤੇ ਮੇਰੇ ਬੱਚਿਆਂ ਨੇ ਯਹੋਵਾਹ ਦੇ ਗਵਾਹਾਂ ਦੀਆਂ ਸਭਾਵਾਂ ਵਿਚ ਜਾਣਾ ਸ਼ੁਰੂ ਕਰ ਦਿੱਤਾ।
ਇਕ ਔਖਾ ਫ਼ੈਸਲਾ
ਬਾਈਬਲ ਪੜ੍ਹਦਿਆਂ ਮੈਨੂੰ ਯਸਾਯਾਹ ਨਬੀ ਦੇ ਇਹ ਸ਼ਬਦ ਪਤਾ ਲੱਗੇ: “ਓਹ ਆਪਣੀਆਂ ਤਲਵਾਰਾਂ ਨੂੰ ਕੁੱਟ ਕੇ ਫਾਲੇ ਬਣਾਉਣਗੇ, ਅਤੇ ਆਪਣੇ ਬਰਛਿਆਂ ਨੂੰ ਦਾਤ। ਕੌਮ ਕੌਮ ਉੱਤੇ ਤਲਵਾਰ ਨਹੀਂ ਚੁੱਕੇਗੀ, ਅਤੇ ਓਹ ਫੇਰ ਕਦੀ ਵੀ ਲੜਾਈ ਨਾ ਸਿੱਖਣਗੇ।” (ਯਸਾਯਾਹ 2:4) ਮੈਂ ਆਪਣੇ ਆਪ ਨੂੰ ਪੁੱਛਿਆ: ‘ਸ਼ਾਂਤੀ ਪਸੰਦ ਤੇ ਪ੍ਰੇਮਮਈ ਪਰਮੇਸ਼ੁਰ ਦੀ ਸੇਵਾ ਕਰਨ ਵਾਲਾ ਇਕ ਸੇਵਕ ਮਾਰੂ ਹਥਿਆਰ ਕਿਵੇਂ ਬਣਾ ਸਕਦਾ ਹੈ? (ਜ਼ਬੂਰ 46:9) ਮੈਨੂੰ ਹੁਣ ਸਮਝ ਆ ਚੁੱਕੀ ਸੀ ਕਿ ਮੈਨੂੰ ਆਪਣੀ ਨੌਕਰੀ ਛੱਡਣੀ ਪੈਣੀ ਹੈ।
ਪਰ ਇਹ ਕੋਈ ਸੌਖਾ ਕੰਮ ਨਹੀਂ ਸੀ। ਮੇਰੀ ਬੜੇ ਉੱਚੇ ਰੁਤਬੇ ਵਾਲੀ ਨੌਕਰੀ ਸੀ। ਇਸ ਮੰਜ਼ਲ ਤਕ ਪਹੁੰਚਣ ਲਈ ਮੈਂ ਹੱਡ-ਤੋੜ ਮਿਹਨਤ, ਇੰਨੀ ਪੜ੍ਹਾਈ ਤੇ ਹੋਰ ਵੀ ਕਈ ਕੁਰਬਾਨੀਆਂ ਕੀਤੀਆਂ ਸਨ। ਕਾਮਯਾਬੀ ਦੀਆਂ ਇਨ੍ਹਾਂ ਬੁਲੰਦੀਆਂ ਤੇ ਪਹੁੰਚਣ ਤੋਂ ਬਾਅਦ ਇਹ ਸ਼ਾਨਦਾਰ ਨੌਕਰੀ ਛੱਡਣੀ ਕੋਈ ਸੌਖੀ ਗੱਲ ਨਹੀਂ ਸੀ। ਪਰ, ਯਹੋਵਾਹ ਲਈ ਗੂੜ੍ਹੇ ਪਿਆਰ ਤੇ ਉਸ ਦੀ ਇੱਛਾ ਪੂਰੀ ਕਰਨ ਦੇ ਸਦਕਾ, ਅਖ਼ੀਰ ਮੈਂ ਇਸ ਨੌਕਰੀ ਨੂੰ ਠੋਕਰ ਮਾਰ ਦਿੱਤੀ।—ਮੱਤੀ 7:21.
ਕੁਝ ਸਮੇਂ ਬਾਅਦ, ਮੈਨੂੰ ਵਾਸ਼ਿੰਗਟਨ ਦੇ ਸੀਐਟਲ ਸ਼ਹਿਰ ਵਿਖੇ ਇਕ ਕੰਪਨੀ ਵਿਚ ਨਵੀਂ ਨੌਕਰੀ ਮਿਲ ਗਈ। ਪਰ ਇਹ ਜਾਣ ਕੇ ਮੈਨੂੰ ਬੜਾ ਦੁੱਖ ਲੱਗਾ ਕਿ ਇਹ ਨਵੀਂ ਨੌਕਰੀ ਵੀ ਯਸਾਯਾਹ 2:4 ਦੇ ਮੁਤਾਬਕ ਨਹੀਂ ਹੈ। ਮੈਂ ਚੁਣਵੇਂ ਪ੍ਰਾਜੈਕਟਾਂ ਤੇ ਕੰਮ ਕਰਨ ਦੀ ਸੋਚੀ ਪਰ ਇਕ ਵਾਰ ਫੇਰ ਮੇਰੇ ਜ਼ਮੀਰ ਨੇ ਮੈਨੂੰ ਦੁਤਕਾਰਿਆ। ਮੈਂ ਸੋਚਣ ਤੇ ਮਜਬੂਰ ਹੋ ਗਿਆ ਕਿ ਜੇ ਮੈਂ ਆਪਣਾ ਜ਼ਮੀਰ ਸ਼ੁੱਧ ਰੱਖਣਾ ਚਾਹੁੰਦਾ ਹਾਂ, ਤਾਂ ਮੈਨੂੰ ਇਹ ਨੌਕਰੀ ਵੀ ਛੱਡਣੀ ਪਵੇਗੀ।—1 ਪਤਰਸ 3:21.
ਹੁਣ ਮੈਨੂੰ ਸਾਫ਼ ਨਜ਼ਰ ਆ ਗਿਆ ਸੀ ਕਿ ਸਾਨੂੰ ਵੱਡੀਆਂ-ਵੱਡੀਆਂ ਤਬਦੀਲੀਆਂ ਕਰਨੀਆਂ ਪੈਣੀਆਂ ਸੀ। ਕੁਝ ਹੀ ਮਹੀਨਿਆਂ ਵਿਚ ਅਸੀਂ ਆਪਣਾ ਜੀਉਣ ਦਾ ਤਰੀਕਾ ਬਦਲ ਲਿਆ। ਅਸੀਂ ਆਪਣੇ ਪਰਿਵਾਰ ਦੇ ਖ਼ਰਚੇ ਤਕਰੀਬਨ ਘਟਾ ਦਿੱਤੇ। ਅਸੀਂ ਆਪਣਾ ਆਲੀਸ਼ਾਨ ਘਰ ਵੇਚ ਕੇ ਡੈਨਵਰ, ਕੋਲਾਰਾਡੋ ਵਿਖੇ ਇਕ ਛੋਟਾ ਜਿਹਾ ਘਰ ਖ਼ਰੀਦ ਲਿਆ। ਇਨ੍ਹਾਂ ਸਭ ਤਬਦੀਲੀਆਂ ਤੋਂ ਬਾਅਦ, ਇਕ ਆਖ਼ਰੀ ਪਰ ਸਭ ਤੋਂ ਔਖਾ ਕੰਮ ਬਾਕੀ ਸੀ—ਨੌਕਰੀ ਛੱਡਣੀ। ਆਖ਼ਰ ਹੌਸਲਾ ਕਰ ਕੇ ਮੈਂ ਆਪਣਾ ਅਸਤੀਫ਼ਾ ਲਿਖ ਲਿਆ। ਮੈਂ ਉਸ ਵਿਚ ਲਿਖਿਆ ਕਿ ਮੇਰਾ ਜ਼ਮੀਰ ਇਹ ਨੌਕਰੀ ਕਰਨ ਦੀ ਇਜਾਜ਼ਤ ਨਹੀਂ ਦਿੰਦਾ। ਉਸ ਰਾਤ ਜਦੋਂ ਚਾਰੋਂ ਬੱਚੇ ਸੌਂ ਗਏ, ਤਾਂ ਮੈਂ ਤੇ ਮੇਰੀ ਪਤਨੀ ਨੇ ਗੋਡੇ ਨਿਵਾ ਕੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ। ਇਸੇ ਘਟਨਾ ਦਾ ਜ਼ਿਕਰ ਇਸ ਲੇਖ ਦੇ ਸ਼ੁਰੂ ਵਿਚ ਕੀਤਾ ਗਿਆ ਹੈ।
ਕੁਝ ਦਿਨਾਂ ਵਿਚ ਹੀ ਅਸੀਂ ਡੈਨਵਰ ਸ਼ਹਿਰ ਜਾ ਕੇ ਰਹਿਣ ਲੱਗੇ। ਦੋ ਹਫ਼ਤਿਆਂ ਬਾਅਦ ਮੇਰਾ ਤੇ ਮੇਰੀ ਪਤਨੀ ਦਾ ਬਪਤਿਸਮਾ ਹੋ ਮੱਤੀ 6:33.
ਗਿਆ। ਛੇ ਮਹੀਨਿਆਂ ਤਕ ਮੈਂ ਨੱਠ-ਭੱਜ ਕਰਦਾ ਰਿਹਾ ਪਰ ਮੈਨੂੰ ਕੋਈ ਨੌਕਰੀ ਨਾ ਲੱਭੀ। ਕੁਝ ਮਹੀਨਿਆਂ ਤਕ ਅਸੀਂ ਆਪਣੇ ਬੈਂਕ ਦੇ ਜਮ੍ਹਾ ਖਾਤੇ ਵਿੱਚੋਂ ਪੈਸੇ ਕਢਾ-ਕਢਾ ਕੇ ਖ਼ਰਚਾ ਚਲਾਉਂਦੇ ਰਹੇ। ਪਰ, ਸਤਵੇਂ ਮਹੀਨੇ ਸਾਡੇ ਖਾਤੇ ਵਿਚ ਘਰ ਦੀ ਮਹੀਨਾਵਾਰ ਕਿਸ਼ਤ ਦੇਣ ਨੂੰ ਵੀ ਪੂਰੇ ਪੈਸੇ ਨਾ ਰਹੇ। ਮੈਂ ਹੁਣ ਕਿਸੇ ਵੀ ਤਰ੍ਹਾਂ ਦੀ ਨੌਕਰੀ ਕਰਨ ਨੂੰ ਤਿਆਰ ਸੀ ਤੇ ਅਖ਼ੀਰ ਮੈਨੂੰ ਇੰਜੀਨੀਅਰੀ ਦੀ ਨੌਕਰੀ ਮਿਲ ਗਈ। ਬੇਸ਼ੱਕ ਇਸ ਨੌਕਰੀ ਦੀ ਤਨਖ਼ਾਹ ਪੁਰਾਣੀ ਨੌਕਰੀ ਨਾਲੋਂ ਬਿਲਕੁਲ ਅੱਧੀ ਸੀ, ਪਰ ਪ੍ਰਾਰਥਨਾ ਵਿਚ ਮੈਂ ਜਿੰਨਾ ਯਹੋਵਾਹ ਕੋਲੋਂ ਮੰਗਿਆ ਸੀ ਉਸ ਨਾਲੋਂ ਇਹ ਕਿਤੇ ਵੱਧ ਕੇ ਸੀ। ਮੈਂ ਕਿੰਨਾ ਖ਼ੁਸ਼ ਸੀ ਕਿ ਮੈਂ ਅਧਿਆਤਮਿਕ ਗੱਲਾਂ ਨੂੰ ਪਹਿਲ ਦਿੱਤੀ ਸੀ!—ਬੱਚਿਆਂ ਦੇ ਮਨਾਂ ਵਿਚ ਯਹੋਵਾਹ ਲਈ ਪਿਆਰ ਬਿਠਾਉਣਾ
ਇਸੇ ਦੌਰਾਨ ਮੈਂ ਅਤੇ ਈਕਾਟਰੀਨੀ ਨੇ ਬੱਚਿਆਂ ਦੀ ਪਰਵਰਿਸ਼ ਬਾਈਬਲ ਸਿਧਾਂਤਾਂ ਮੁਤਾਬਕ ਕਰਨ ਲਈ ਜੀ-ਜਾਨ ਨਾਲ ਮਿਹਨਤ ਕੀਤੀ। ਯਹੋਵਾਹ ਦੀ ਮਦਦ ਦੇ ਸਦਕਾ ਸਾਡੇ ਸਾਰੇ ਬੱਚੇ ਦ੍ਰਿੜ੍ਹ ਮਸੀਹੀ ਬਣੇ ਜਿਨ੍ਹਾਂ ਨੇ ਰਾਜ ਪ੍ਰਚਾਰ ਦੇ ਕੰਮਾਂ ਵਿਚ ਆਪਣੇ ਆਪ ਨੂੰ ਪੂਰੀ ਤਰ੍ਹਾਂ ਲਾ ਦਿੱਤਾ ਹੈ। ਸਾਡੇ ਤਿੰਨੋਂ ਮੁੰਡੇ ਕ੍ਰੀਸਟੌਸ, ਲਾਕੀਸ ਅਤੇ ਗ੍ਰੇਗੋਰੀ ਸੇਵਕਾਈ ਸਿਖਲਾਈ ਸਕੂਲ ਦੇ ਗ੍ਰੈਜੂਏਟ ਹਨ। ਹੁਣ ਉਹ ਵੱਖ-ਵੱਖ ਕਲੀਸਿਯਾਵਾਂ ਵਿਚ ਜਾ ਕੇ ਭਰਾਵਾਂ ਦੀ ਹੌਸਲਾ-ਅਫ਼ਜ਼ਾਈ ਕਰਦੇ ਹਨ। ਸਾਡੀ ਧੀ ਤੂਲਾ ਨਿਊ ਯਾਰਕ ਵਿਚ ਯਹੋਵਾਹ ਦੇ ਗਵਾਹਾਂ ਦੇ ਹੈੱਡ-ਕੁਆਰਟਰ ਵਿਚ ਸਵੈ-ਸੇਵਕ ਵਜੋਂ ਕੰਮ ਕਰਦੀ ਹੈ। ਸਾਨੂੰ ਇਹ ਦੇਖ ਕੇ ਬਹੁਤ ਖ਼ੁਸ਼ੀ ਹੁੰਦੀ ਹੈ ਕਿ ਸਾਡੇ ਨਿਆਣਿਆਂ ਨੇ ਸ਼ਾਨਦਾਰ ਨੌਕਰੀਆਂ ਦੇ ਪਿੱਛੇ ਨੱਠਣ ਦੀ ਬਜਾਇ ਯਹੋਵਾਹ ਦੀ ਸੇਵਾ ਕਰਨੀ ਸਭ ਤੋਂ ਉੱਤਮ ਸਮਝੀ।
ਬਹੁਤ ਸਾਰੇ ਲੋਕ ਸਾਨੂੰ ਪੁੱਛਦੇ ਹਨ ਕਿ ਬੱਚਿਆਂ ਦੀ ਇੰਨੀ ਵਧੀਆ ਪਰਵਰਿਸ਼ ਦਾ ਆਖ਼ਰ ਰਾਜ਼ ਕੀ ਹੈ। ਇਸ ਦੇ ਲਈ ਕੋਈ ਪੱਕਾ ਫ਼ਾਰਮੂਲਾ ਤਾਂ ਨਹੀਂ ਹੈ, ਅਸੀਂ ਬੱਸ ਉਨ੍ਹਾਂ ਦੇ ਦਿਲਾਂ ਵਿਚ ਬਚਪਨ ਤੋਂ ਹੀ ਯਹੋਵਾਹ ਅਤੇ ਗੁਆਂਢੀ ਲਈ ਪਿਆਰ ਬਿਠਾਉਣ ਦੀ ਪੁਰਜ਼ੋਰ ਕੋਸ਼ਿਸ਼ ਕੀਤੀ। (ਬਿਵਸਥਾ ਸਾਰ 6:6, 7; ਮੱਤੀ 22:37-39) ਸਾਡੇ ਬੱਚਿਆਂ ਨੇ ਇਹ ਸਿੱਖਿਆ ਹੈ ਕਿ ਜੇਕਰ ਅਸੀਂ ਯਹੋਵਾਹ ਲਈ ਹੱਥੋਂ ਕੁਝ ਨਹੀਂ ਕਰਦੇ ਤਦ ਤਕ ਅਸੀਂ ਇਹ ਨਹੀਂ ਕਹਿ ਸਕਦੇ ਕਿ ਅਸੀਂ ਉਸ ਨੂੰ ਪਿਆਰ ਕਰਦੇ ਹਾਂ।
ਹਫ਼ਤੇ ਵਿਚ ਇਕ ਵਾਰ ਅਸੀਂ ਪੂਰਾ ਪਰਿਵਾਰ ਮਿਲ ਕੇ ਪ੍ਰਚਾਰ ਲਈ ਜਾਂਦੇ ਹੁੰਦੇ ਸੀ। ਸੋਮਵਾਰ ਸ਼ਾਮ ਨੂੰ ਖਾਣੇ ਤੋਂ ਬਾਅਦ ਅਸੀਂ ਪੂਰਾ ਪਰਿਵਾਰ ਮਿਲ ਕੇ ਸਟੱਡੀ ਕਰਦੇ ਹੁੰਦੇ ਸੀ। ਪਰਿਵਾਰਕ ਸਟੱਡੀ ਤੋਂ ਇਲਾਵਾ, ਅਸੀਂ ਹਰੇਕ ਬੱਚੇ ਨਾਲ ਵੱਖਰੀ-ਵੱਖਰੀ ਬਾਈਬਲ ਸਟੱਡੀ ਕਰਦੇ ਸੀ। ਜਦੋਂ ਬੱਚੇ ਅਜੇ ਛੋਟੇ ਹੀ ਸਨ, ਤਾਂ ਉਦੋਂ ਅਸੀਂ ਹਫ਼ਤੇ ਵਿਚ ਥੋੜ੍ਹਾ-ਥੋੜ੍ਹਾ ਚਿਰ ਕਈ ਵਾਰੀ ਉਨ੍ਹਾਂ ਨੂੰ ਸਟੱਡੀ ਕਰਾਉਂਦੇ ਸਾਂ। ਪਰ ਜਿਉਂ-ਜਿਉਂ ਉਹ ਵੱਡੇ ਹੁੰਦੇ ਗਏ ਤਾਂ ਅਸੀਂ ਉਨ੍ਹਾਂ ਦੀ ਸਟੱਡੀ ਹਫ਼ਤਾਵਾਰ ਕਰ ਦਿੱਤੀ ਤੇ ਸਮਾਂ ਵੀ ਪਹਿਲਾਂ ਨਾਲੋਂ ਵਧਾ ਦਿੱਤਾ। ਸਟੱਡੀ ਦੌਰਾਨ ਸਾਡੇ ਬੱਚੇ ਦਿਲ ਖੋਲ੍ਹ ਕੇ ਆਪਣੀਆਂ ਮੁਸ਼ਕਲਾਂ ਸਾਡੇ ਨਾਲ ਸਾਂਝੀਆਂ ਕਰਦੇ ਸਨ।
ਸਾਡਾ ਪਰਿਵਾਰ ਉਤਸ਼ਾਹਜਨਕ ਦਿਲ-ਪਰਚਾਵੇ ਵਿਚ ਵੀ ਹਿੱਸਾ ਲੈਂਦਾ ਹੁੰਦਾ ਸੀ। ਅਸੀਂ ਸੰਗੀਤ ਦੇ ਵੱਖ-ਵੱਖ ਸਾਜ ਵਜਾਉਂਦੇ ਹੁੰਦੇ ਸਾਂ। ਹਰੇਕ ਬੱਚਾ ਆਪਣੀ-ਆਪਣੀ ਪਸੰਦ ਦੇ ਗੀਤਾਂ ਦੀਆਂ ਧੁਨਾਂ ਵਜਾਉਂਦਾ ਹੁੰਦਾ ਸੀ। ਸਿਨੱਚਰਵਾਰ ਤੇ ਐਤਵਾਰ ਨੂੰ ਅਸੀਂ ਕਈ ਦੂਜੇ ਪਰਿਵਾਰਾਂ ਨੂੰ ਵੀ ਆਪਣੇ ਘਰ ਬੁਲਾਉਂਦੇ ਹੁੰਦੇ ਸਾਂ। ਛੁੱਟੀਆਂ ਬਿਤਾਉਣ ਲਈ ਅਸੀਂ ਕਈ ਵਾਰ ਬਾਹਰ ਵੀ ਜਾਂਦੇ ਹੁੰਦੇ ਸਾਂ। ਇਕ ਵਾਰ ਅਸੀਂ ਦੋ ਹਫ਼ਤਿਆਂ ਲਈ ਕੋਲੋਰਾਡੋ ਦੇ ਪਹਾੜਾਂ ਦੀ ਸੈਰ ਕਰਨ ਗਏ। ਅਸੀਂ ਘੁੰਮਣ ਦੇ ਨਾਲ-ਨਾਲ ਉਸ ਇਲਾਕੇ ਦੀਆਂ ਕਲੀਸਿਯਾਵਾਂ ਨਾਲ ਮਿਲ ਕੇ ਪ੍ਰਚਾਰ ਵੀ ਕੀਤਾ। ਮਹਾਂ-ਸੰਮੇਲਨਾਂ ਦੇ
ਵੱਖ-ਵੱਖ ਵਿਭਾਗਾਂ ਵਿਚ ਅਤੇ ਕਿੰਗਡਮ ਹਾਲ ਦੀ ਉਸਾਰੀ ਦੇ ਕੰਮਾਂ ਵਿਚ ਵੀ ਬੱਚਿਆਂ ਨੇ ਹਿੱਸਾ ਪਾਇਆ। ਇਹ ਸਮੇਂ ਬੱਚਿਆਂ ਨੂੰ ਅਜੇ ਵੀ ਯਾਦ ਹਨ। ਇਕ ਵਾਰ ਅਸੀਂ ਬੱਚਿਆਂ ਨੂੰ ਲੈ ਕੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਯੂਨਾਨ ਗਏ। ਬੱਚੇ ਉੱਥੇ ਬਹੁਤ ਸਾਰੇ ਗਵਾਹਾਂ ਨੂੰ ਮਿਲੇ ਜਿਨ੍ਹਾਂ ਨੇ ਸੱਚਾਈ ਦੀ ਖ਼ਾਤਰ ਜੇਲ੍ਹਾਂ ਕੱਟੀਆਂ ਸਨ। ਇਸ ਦਾ ਬੱਚਿਆਂ ਤੇ ਬੜਾ ਡੂੰਘਾ ਅਸਰ ਪਿਆ ਤੇ ਉਨ੍ਹਾਂ ਨੇ ਪਰਤਾਵਿਆਂ ਦੇ ਬਾਵਜੂਦ ਸੱਚਾਈ ਲਈ ਦ੍ਰਿੜ੍ਹ ਅਤੇ ਨਿਡਰ ਰਹਿਣਾ ਸਿੱਖਿਆ।ਕਦੀ-ਕਦੀ ਬੱਚਿਆਂ ਨੇ ਬਦਤਮੀਜ਼ੀਆਂ ਵੀ ਕੀਤੀਆਂ ਅਤੇ ਗ਼ਲਤ ਦੋਸਤ-ਮਿੱਤਰਾਂ ਨਾਲ ਮੇਲ-ਜੋਲ ਵੀ ਰੱਖਿਆ। ਮਾਂ-ਬਾਪ ਹੋਣ ਦੇ ਨਾਤੇ, ਅਸੀਂ ਵੀ ਕਈ ਵਾਰ ਬੱਚਿਆਂ ਨਾਲ ਹੱਦੋਂ ਵੱਧ ਸਖ਼ਤੀ ਵੀ ਕੀਤੀ। ਪਰ ਬਾਈਬਲ ਵਿੱਚੋਂ “ਪ੍ਰਭੁ ਦੀ ਸਿੱਖਿਆ ਅਰ ਮੱਤ” ਲੈ ਕੇ ਅਸੀਂ ਹਰ ਮੁਸ਼ਕਲ ਦਾ ਹੱਲ ਲੱਭਣ ਵਿਚ ਕਾਮਯਾਬ ਹੋਏ।—ਅਫ਼ਸੀਆਂ 6:4; 2 ਤਿਮੋਥਿਉਸ 3:16, 17.
ਜ਼ਿੰਦਗੀ ਦਾ ਸਭ ਤੋਂ ਖ਼ੁਸ਼ੀ-ਭਰਿਆ ਸਮਾਂ
ਜਦੋਂ ਸਾਡੇ ਬੱਚੇ ਪੂਰਣ-ਕਾਲੀ ਸੇਵਾ ਕਰਨ ਲੱਗ ਪਏ, ਤਾਂ ਮੈਂ ਅਤੇ ਇਕਾਟਰੀਨੀ ਨੇ ਸੋਚਣਾ ਸ਼ੁਰੂ ਕਰ ਦਿੱਤਾ ਕਿ ਇਸ ਕੰਮ ਵਿਚ ਅਸੀਂ ਵੱਧ ਤੋਂ ਵੱਧ ਕਿਵੇਂ ਹਿੱਸਾ ਪਾ ਸਕਦੇ ਹਾਂ। ਸੰਨ 1994 ਵਿਚ ਮੈਂ ਸਮੇਂ ਤੋਂ ਪਹਿਲਾਂ ਹੀ ਰਿਟਾਇਰਮੈਂਟ ਲੈ ਲਈ ਤੇ ਅਸੀਂ ਦੋਹਾਂ ਨੇ ਨਿਯਮਿਤ ਪਾਇਨੀਅਰੀ ਸ਼ੁਰੂ ਕਰ ਦਿੱਤੀ। ਅਸੀਂ ਸ਼ਹਿਰ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਜਾ ਕੇ ਪ੍ਰਚਾਰ ਕਰਦੇ ਹਾਂ ਤੇ ਦਿਲਚਸਪੀ ਰੱਖਣ ਵਾਲਿਆਂ ਨੂੰ ਬਾਈਬਲ ਸਟੱਡੀ ਕਰਾਉਂਦੇ ਹਾਂ। ਮੈਂ ਉਨ੍ਹਾਂ ਦੀਆਂ ਮੁਸ਼ਕਲਾਂ ਸਮਝ ਸਕਦਾ ਸੀ ਕਿਉਂਕਿ ਮੈਂ ਵੀ ਉਨ੍ਹਾਂ ਵਾਂਗ ਇਕ ਵਿਦਿਆਰਥੀ ਰਹਿ ਚੁੱਕਾ ਸੀ। ਮੈਂ ਇਨ੍ਹਾਂ ਵਿਦਿਆਰਥੀਆਂ ਦੀ ਯਹੋਵਾਹ ਬਾਰੇ ਸਿੱਖਣ ਵਿਚ ਕਾਫ਼ੀ ਮਦਦ ਕਰ ਸਕਿਆ। ਇਥੋਪੀਆ, ਚਿਲੀ, ਚੀਨ, ਤੁਰਕੀ, ਥਾਈਲੈਂਡ, ਬੋਲੀਵੀਆ, ਬ੍ਰਾਜ਼ੀਲ, ਮਿਸਰ ਅਤੇ ਮੈਕਸੀਕੋ ਦੇ ਵੱਖੋ-ਵੱਖਰੇ ਦੇਸ਼ਾਂ ਦੇ ਵਿਦਿਆਰਥੀਆਂ ਦੀ ਮਦਦ ਕਰ ਕੇ ਸਾਨੂੰ ਕਿੰਨੀ ਖ਼ੁਸ਼ੀ ਹੋਈ ਹੈ! ਅਸੀਂ ਟੈਲੀਫ਼ੋਨ ਰਾਹੀਂ ਵੀ ਗਵਾਹੀ ਦਿੰਦੇ ਹਾਂ, ਖ਼ਾਸ ਤੌਰ ਤੇ ਉਨ੍ਹਾਂ ਨੂੰ ਜੋ ਮੇਰੀ ਮਾਤ ਭਾਸ਼ਾ ਬੋਲਦੇ ਹਨ।
ਭਾਵੇਂ ਮੇਰੇ ਵਿਚ ਕਈ ਕਮੀਆਂ ਹਨ ਜਿਵੇਂ ਮੈਂ ਕਾਫ਼ੀ ਬੁੱਢਾ ਹੋ ਗਿਆ ਹਾਂ, ਤੇ ਨਾਲੇ ਯੂਨਾਨੀ ਭਾਸ਼ਾ ਦਾ ਮੇਰਾ ਲਹਿਜ਼ਾ ਇੰਨਾ ਵਧੀਆ ਨਾ ਹੋਣ ਕਰਕੇ ਮੇਰੀ ਅੰਗ੍ਰੇਜ਼ੀ ਵੀ ਬਹੁਤੀ ਵਧੀਆ ਨਹੀਂ ਹੈ। ਫਿਰ ਵੀ ਮੈਂ ਯਸਾਯਾਹ ਵਾਂਗ ਯਹੋਵਾਹ ਦੀ ਸੇਵਾ ਲਈ ਹਮੇਸ਼ਾ ਤਿਆਰ ਰਹਿਣ ਦੀ ਕੋਸ਼ਿਸ਼ ਕੀਤੀ ਹੈ ਜਿਸ ਨੇ ਕਿਹਾ ਸੀ: “ਮੈਂ ਹਾਜ਼ਰ ਹਾਂ, ਮੈਨੂੰ ਘੱਲੋ।” (ਯਸਾਯਾਹ 6:8) ਸਾਨੂੰ ਖ਼ੁਸ਼ੀ ਹੈ ਕਿ ਅਸੀਂ ਯਹੋਵਾਹ ਨੂੰ ਸਮਰਪਣ ਹੋਣ ਵਿਚ ਘੱਟੋ-ਘੱਟ ਛੇ ਲੋਕਾਂ ਦੀ ਮਦਦ ਕੀਤੀ। ਸਾਡੀ ਜ਼ਿੰਦਗੀ ਦਾ ਇਹ ਸਭ ਤੋਂ ਖ਼ੁਸ਼ੀ-ਭਰਿਆ ਸਮਾਂ ਸੀ।
ਪਹਿਲਾਂ ਮੈਂ ਆਪਣੀ ਜ਼ਿੰਦਗੀ ਵਿਚ ਦੂਜਿਆਂ ਨੂੰ ਮਾਰਨ ਲਈ ਮਾਰੂ ਹਥਿਆਰ ਬਣਾਉਂਦਾ ਸੀ, ਪਰ ਯਹੋਵਾਹ ਦੀ ਕਿਰਪਾ ਨਾਲ ਮੈਨੂੰ ਸਹੀ ਰਾਹ ਦਿੱਸਿਆ। ਉਸੇ ਦੀ ਕਿਰਪਾ ਨਾਲ ਜਿਸ ਦੇ ਅਸੀਂ ਯੋਗ ਵੀ ਨਹੀਂ ਸਾਂ, ਮੇਰਾ ਪਰਿਵਾਰ ਉਸ ਦੇ ਸੇਵਕਾਂ ਵਜੋਂ ਅੱਜ ਤਕ ਲੋਕਾਂ ਨੂੰ ਉਸ ਦੇ ਆਉਣ ਵਾਲੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਂਦਾ ਹੈ। ਮੈਂ ਜ਼ਿੰਦਗੀ ਵਿਚ ਜਿੰਨੇ ਵੀ ਅਹਿਮ ਫ਼ੈਸਲੇ ਕੀਤੇ, ਉਨ੍ਹਾਂ ਬਾਰੇ ਜਦੋਂ ਮੈਂ ਹੁਣ ਸੋਚਦਾ ਹਾਂ ਤਾਂ ਮੈਨੂੰ ਮਲਾਕੀ 3:10 ਦੇ ਇਹ ਸ਼ਬਦ ਯਾਦ ਆਉਂਦੇ ਹਨ: “ਮੈਨੂੰ ਜ਼ਰਾ ਪਰਤਾਓ, ਸੈਨਾਂ ਦਾ ਯਹੋਵਾਹ ਆਖਦਾ ਹੈ, ਕੀ ਮੈਂ ਤੁਹਾਡੇ ਲਈ ਅਕਾਸ਼ ਦੀਆਂ ਖਿੜਕੀਆਂ ਖੋਲ੍ਹਦਾ ਹਾਂ ਕਿ ਨਹੀਂ ਭਈ ਤੁਹਾਡੇ ਲਈ ਬਰਕਤ ਵਰ੍ਹਾਵਾਂ ਏਥੋਂ ਤੀਕ ਕਿ ਉਹ ਦੇ ਲਈ ਥਾਂ ਨਾ ਹੋਵੇਗਾ!” ਸੱਚੀਂ ਅਸੀਂ ਉਸ ਕੋਲੋਂ ਜੋ ਵੀ ਮੰਗਿਆ ਉਸ ਨੇ ਦਿਲ ਖੋਲ੍ਹ ਕੇ ਸਾਨੂੰ ਦਿੱਤਾ!
[ਸਫ਼ੇ 27 ਉੱਤੇ ਡੱਬੀ/ਤਸਵੀਰ]
ਕ੍ਰਿਸਟੌਸ: ਯਹੋਵਾਹ ਲਈ ਪੂਰੀ ਜ਼ਿੰਦਗੀ ਵਫ਼ਾਦਾਰ ਰਹਿਣ ਅਤੇ ਮਾਪਿਆਂ ਵਜੋਂ ਆਪਣੀ ਜ਼ਿੰਮੇਵਾਰੀ ਨੂੰ ਸ਼ਾਨਦਾਰ ਤਰੀਕੇ ਨਾਲ ਨਿਭਾਉਣ ਲਈ ਮੈਂ ਆਪਣੇ ਮਾਪਿਆਂ ਦੀ ਹਮੇਸ਼ਾ ਕਦਰ ਕੀਤੀ ਹੈ। ਭਾਵੇਂ ਪ੍ਰਚਾਰ ਦਾ ਕੰਮ ਹੋਵੇ ਜਾਂ ਛੁੱਟੀਆਂ ਤੇ ਜਾਣਾ ਹੋਵੇ ਅਸੀਂ ਸਾਰੇ ਕੰਮ ਪੂਰੇ ਪਰਿਵਾਰ ਨੇ ਮਿਲ ਕੇ ਕੀਤੇ। ਜੇ ਸਾਡੇ ਮਾਪੇ ਚਾਹੁੰਦੇ ਤਾਂ ਉਹ ਬਹੁਤ ਕੁਝ ਕਰ ਸਕਦੇ ਸਨ, ਪਰ ਉਨ੍ਹਾਂ ਨੇ ਸਾਦੀ ਜ਼ਿੰਦਗੀ ਬਿਤਾ ਕੇ ਪ੍ਰਚਾਰ ਵੱਲ ਜ਼ਿਆਦਾ ਧਿਆਨ ਦਿੱਤਾ। ਅੱਜ ਮੇਰੀ ਸੱਚੀ ਖ਼ੁਸ਼ੀ ਦਾ ਰਾਜ਼ ਹੈ—ਯਹੋਵਾਹ ਦੀ ਸੇਵਾ ਵਿਚ ਹਮੇਸ਼ਾ ਲੱਗੇ ਰਹਿਣਾ।
[ਸਫ਼ੇ 27 ਉੱਤੇ ਡੱਬੀ/ਤਸਵੀਰ]
ਲਾਕੀਸ: ਮੇਰੇ ਪਿਤਾ ਜੀ ਦਿਖਾਵੇ ਤੋਂ ਸਖ਼ਤ ਨਫ਼ਰਤ ਕਰਦੇ ਹਨ। ਉਨ੍ਹਾਂ ਨੇ ਦੋਹਰੀ ਜ਼ਿੰਦਗੀ ਬਤੀਤ ਨਹੀਂ ਕੀਤੀ ਸਗੋਂ ਸਾਡੇ ਸਾਮ੍ਹਣੇ ਇਕ ਸੱਚੀ ਤੇ ਜੀਉਂਦੀ-ਜਾਗਦੀ ਮਿਸਾਲ ਰੱਖੀ। ਪਿਤਾ ਜੀ ਅਕਸਰ ਕਹਿੰਦੇ ਹੁੰਦੇ ਸਨ: “ਜਦੋਂ ਤੁਸੀਂ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਦੇ ਹੋ, ਤਾਂ ਤੁਸੀਂ ਪੂਰੀ ਤਰ੍ਹਾਂ ਯਹੋਵਾਹ ਦੇ ਹੋ ਜਾਂਦੇ ਹੋ। ਇਸ ਲਈ, ਯਹੋਵਾਹ ਲਈ ਕੁਝ ਵੀ ਕੁਰਬਾਨ ਕਰਨ ਨੂੰ ਤਿਆਰ ਰਹਿਣਾ ਚਾਹੀਦਾ ਹੈ। ਮਸੀਹੀ ਹੋਣ ਦਾ ਮਤਲਬ ਇਹੀ ਹੈ।” ਇਹ ਗੱਲ ਮੇਰੇ ਦਿਲ ਨੂੰ ਛੂਹ ਗਈ। ਇਸੇ ਸਦਕਾ ਪਿਤਾ ਜੀ ਦੇ ਨਕਸ਼ੇ-ਕਦਮ ਤੇ ਚੱਲ ਕੇ ਮੈਂ ਯਹੋਵਾਹ ਲਈ ਹਰ ਕੁਰਬਾਨੀ ਕਰਨ ਲਈ ਤਿਆਰ ਹੋਇਆ।
[ਸਫ਼ੇ 28 ਉੱਤੇ ਡੱਬੀ/ਤਸਵੀਰ]
ਗ੍ਰੇਗੋਰੀ: ਮੇਰੇ ਮਾਪਿਆਂ ਦੀ ਕਹਿਣੀ ਤੋਂ ਜ਼ਿਆਦਾ ਉਨ੍ਹਾਂ ਦੀ ਕਰਨੀ ਨੇ ਮੇਰੇ ਤੇ ਅਸਰ ਪਾਇਆ। ਉਨ੍ਹਾਂ ਦੇ ਚਿਹਰਿਆਂ ਤੋਂ ਜੋ ਖ਼ੁਸ਼ੀ ਡੁੱਲ੍ਹ-ਡੁੱਲ੍ਹ ਪੈਂਦੀ ਸੀ ਉਸ ਨੇ ਮੈਨੂੰ ਪ੍ਰਚਾਰ ਕੰਮ ਨੂੰ ਹੋਰ ਵੀ ਜੋਸ਼ੋ-ਖਰੋਸ਼ ਨਾਲ ਕਰਨ ਲਈ ਉਕਸਾਇਆ। ਉਨ੍ਹਾਂ ਦੀ ਮਿਸਾਲ ਸਦਕਾ ਮੈਂ ਪੂਰਣ-ਕਾਲੀ ਸੇਵਕਾਈ ਵਿਚ ਆਉਣ ਵਾਲੀਆਂ ਮੁਸ਼ਕਲਾਂ ਅਤੇ ਪਰੇਸ਼ਾਨੀਆਂ ਤੇ ਕਾਬੂ ਪਾ ਕੇ ਅਤੇ ਆਪਣੇ ਹਾਲਾਤਾਂ ਤੇ ਦੁਬਾਰਾ ਗੌਰ ਕਰਕੇ ਪੂਰਣ ਸੇਵਕਾਈ ਸ਼ੁਰੂ ਕਰ ਸਕਿਆ। ਯਹੋਵਾਹ ਦੀ ਸੇਵਾ ਦਿਲੋ-ਜਾਨ ਨਾਲ ਕਰ ਕੇ ਜੋ ਖ਼ੁਸ਼ੀ ਮਿਲਦੀ ਹੈ ਉਸ ਨੂੰ ਹਾਸਲ ਕਰਨ ਵਿਚ ਮੈਂ ਆਪਣੇ ਮਾਪਿਆਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ।
[ਸਫ਼ੇ 28 ਉੱਤੇ ਡੱਬੀ/ਤਸਵੀਰ]
ਤੂਲਾ: ਮੇਰੇ ਮਾਪਿਆਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਦੁਨੀਆਂ ਦੀ ਸਭ ਤੋਂ ਅਨਮੋਲ ਚੀਜ਼ ਹੈ—ਯਹੋਵਾਹ ਨਾਲ ਇਕ ਗੂੜ੍ਹਾ ਰਿਸ਼ਤਾ ਬਣਾਉਣਾ। ਜੇ ਅਸੀਂ ਉਸ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦੇਵਾਂਗੇ ਤਾਂ ਹੀ ਸਾਨੂੰ ਸੱਚੀ ਖ਼ੁਸ਼ੀ ਮਿਲ ਸਕਦੀ ਹੈ। ਯਹੋਵਾਹ ਨਾਲ ਇਕ ਅਸਲੀ ਪਿਤਾ ਵਰਗਾ ਰਿਸ਼ਤਾ ਬਣਾਉਣ ਵਿਚ ਉਨ੍ਹਾਂ ਨੇ ਸਾਡੀ ਬਹੁਤ ਮਦਦ ਕੀਤੀ। ਪਿਤਾ ਜੀ ਅਕਸਰ ਕਹਿੰਦੇ ਹੁੰਦੇ ਹਨ ਕਿ ਜੇ ਤੁਸੀਂ ਪੂਰਾ ਦਿਨ ਯਹੋਵਾਹ ਨੂੰ ਖ਼ੁਸ਼ ਕੀਤਾ, ਤਾਂ ਰਾਤ ਨੂੰ ਸੌਣ ਲੱਗਿਆ ਜੋ ਖ਼ੁਸ਼ੀ ਤੇ ਸੰਤੁਸ਼ਟੀ ਮਿਲਦੀ ਹੈ ਉਸ ਨੂੰ ਤੁਸੀਂ ਲਫ਼ਜ਼ਾਂ ਵਿਚ ਬਿਆਨ ਨਹੀਂ ਕਰ ਸਕਦੇ।
[ਸਫ਼ੇ 25 ਉੱਤੇ ਤਸਵੀਰ]
ਸੰਨ 1951 ਵਿਚ, ਯੂਨਾਨ ਵਿਚ ਜਦੋਂ ਮੈਂ ਸਿਪਾਹੀ ਸੀ
[ਸਫ਼ੇ 25 ਉੱਤੇ ਤਸਵੀਰ]
ਸੰਨ 1966 ਵਿਚ ਇਕਾਟਰੀਨੀ ਨਾਲ
[ਸਫ਼ੇ 26 ਉੱਤੇ ਤਸਵੀਰ]
ਸੰਨ 1996 ਵਿਚ ਮੇਰਾ ਪਰਿਵਾਰ, (ਖੱਬੇ ਤੋਂ ਸੱਜੇ, ਪਿੱਛੇ) ਗ੍ਰੇਗੋਰੀ, ਕ੍ਰਿਸਟੌਸ, ਤੂਲਾ, (ਸਾਮ੍ਹਣੇ) ਲਾਕੀਸ, ਇਕਾਟਰੀਨੀ ਅਤੇ ਮੈਂ ਆਪ