Skip to content

Skip to table of contents

ਜਾਦੂ-ਟੂਣਿਆਂ ਬਾਰੇ ਤੁਸੀਂ ਕੀ ਜਾਣਦੇ ਹੋ?

ਜਾਦੂ-ਟੂਣਿਆਂ ਬਾਰੇ ਤੁਸੀਂ ਕੀ ਜਾਣਦੇ ਹੋ?

ਜਾਦੂ-ਟੂਣਿਆਂ ਬਾਰੇ ਤੁਸੀਂ ਕੀ ਜਾਣਦੇ ਹੋ?

ਜਾਦੂ-ਟੂਣਾ! ਇਸ ਸ਼ਬਦ ਨੂੰ ਸੁਣਦੇ ਹੀ ਤੁਹਾਡੇ ਦਿਮਾਗ਼ ਵਿਚ ਕੀ ਆਉਂਦਾ ਹੈ?

ਬਹੁਤ ਸਾਰੇ ਲੋਕਾਂ ਲਈ ਜਾਦੂ-ਟੂਣੇ ਸਿਰਫ਼ ਵਹਿਮ-ਭਰਮ ਅਤੇ ਮਨ-ਘੜਤ ਗੱਲਾਂ ਹੀ ਹਨ, ਇਸ ਲਈ ਇਨ੍ਹਾਂ ਨੂੰ ਸੰਜੀਦਗੀ ਨਾਲ ਨਹੀਂ ਲੈਣਾ ਚਾਹੀਦਾ। ਉਨ੍ਹਾਂ ਲਈ ਜਾਦੂ-ਟੂਣੇ ਸਿਰਫ਼ ਖ਼ਿਆਲਾਂ ਦੀ ਦੁਨੀਆਂ ਵਿਚ ਹੀ ਹੁੰਦੇ ਹਨ ਜਿਸ ਵਿਚ ਕੰਨ-ਟੋਪੇ ਵਾਲਾ ਕਾਲਾ ਚੋਗਾ ਪਾਈ ਇਕ ਬੁੱਢੀ ਜਾਦੂਗਰਨੀ ਉਬਲਦੀ ਦੇਗ਼ ਵਿਚ ਚਾਮਚੜਿੱਕਾਂ ਦੇ ਖੰਭ ਪਾ ਕੇ ਜਾਦੂਮਈ ਘੋਲ਼ ਤਿਆਰ ਕਰਦੀ ਹੈ, ਲੋਕਾਂ ਨੂੰ ਡੱਡੂਆਂ ਵਿਚ ਬਦਲ ਦਿੰਦੀ ਹੈ ਤੇ ਰਾਤ ਨੂੰ ਝਾੜੂ ਦੇ ਮੁੱਠੇ ਉੱਤੇ ਬਹਿ ਕੇ ਆਸਮਾਨ ਵਿਚ ਉੱਡਦੀ ਹੋਈ ਖੀ-ਖੀ ਕਰ ਕੇ ਹੱਸਦੀ ਹੈ।

ਪਰ ਕਈ ਲੋਕਾਂ ਲਈ ਜਾਦੂ-ਟੂਣੇ ਕੋਈ ਮਜ਼ਾਕ ਦੀ ਗੱਲ ਨਹੀਂ ਹੈ। ਕੁਝ ਖੋਜਕਾਰ ਕਹਿੰਦੇ ਹਨ ਕਿ ਦੁਨੀਆਂ ਦੀ ਅੱਧੀ ਤੋਂ ਵੀ ਜ਼ਿਆਦਾ ਆਬਾਦੀ ਮੰਨਦੀ ਹੈ ਕਿ ਜਾਦੂਗਰਨੀਆਂ ਅਸਲੀ ਹੁੰਦੀਆਂ ਹਨ ਤੇ ਇਹ ਦੂਜਿਆਂ ਦੀਆਂ ਜ਼ਿੰਦਗੀਆਂ ਤੇ ਅਸਰ ਪਾ ਸਕਦੀਆਂ ਹਨ। ਕਰੋੜਾਂ ਹੀ ਲੋਕ ਇਹ ਮੰਨਦੇ ਹਨ ਕਿ ਜਾਦੂ-ਟੂਣੇ ਬਹੁਤ ਮਾੜੇ ਤੇ ਖ਼ਤਰਨਾਕ ਹੁੰਦੇ ਹਨ, ਜਿਨ੍ਹਾਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ। ਉਦਾਹਰਣ ਲਈ, ਅਫ਼ਰੀਕੀ ਧਰਮ ਤੇ ਲਿਖੀ ਇਕ ਕਿਤਾਬ ਕਹਿੰਦੀ ਹੈ: “ਅਫ਼ਰੀਕੀ ਲੋਕ ਜੰਤਰ-ਮੰਤਰ ਅਤੇ ਜਾਦੂ-ਟੂਣਿਆਂ ਦੀ ਤਾਕਤ ਅਤੇ ਇਸ ਦੇ ਖ਼ਤਰਿਆਂ ਵਿਚ ਬਹੁਤ ਜ਼ਿਆਦਾ ਵਿਸ਼ਵਾਸ ਕਰਦੇ ਹਨ . . . ਜਾਦੂਗਰਨੀਆਂ ਅਤੇ ਜਾਦੂ-ਟੂਣੇ ਕਰਨ ਵਾਲੇ ਲੋਕਾਂ ਨੂੰ ਸਮਾਜ ਵਿਚ ਬੜੀ ਨਫ਼ਰਤ ਭਰੀ ਨਜ਼ਰ ਨਾਲ ਦੇਖਿਆ ਜਾਂਦਾ ਹੈ। ਅੱਜ ਵੀ ਕਈ ਥਾਵਾਂ ਤੇ ਕਈ ਮੌਕਿਆਂ ਤੇ ਲੋਕਾਂ ਨੇ ਇਨ੍ਹਾਂ ਨੂੰ ਕੁੱਟ-ਕੁੱਟ ਕੇ ਜਾਨੋਂ ਮਾਰ ਦਿੱਤਾ ਹੈ।”

ਪਰ ਪੱਛਮੀ ਦੇਸ਼ਾਂ ਵਿਚ ਜਾਦੂ-ਟੂਣਿਆਂ ਪ੍ਰਤੀ ਲੋਕਾਂ ਦਾ ਨਜ਼ਰੀਆ ਬਦਲ ਗਿਆ ਹੈ। ਕਿਤਾਬਾਂ, ਟੈਲੀਵਿਯਨ ਅਤੇ ਫ਼ਿਲਮਾਂ ਨੇ ਇਨ੍ਹਾਂ ਪ੍ਰਤੀ ਲੋਕਾਂ ਦਾ ਡਰ ਕਾਫ਼ੀ ਹੱਦ ਤਕ ਘਟਾ ਦਿੱਤਾ ਹੈ। ਦਿਲਪਰਚਾਵੇ ਦਾ ਇਕ ਵਿਸ਼ਲੇਸ਼ਕ ਡੇਵਿਡ ਡੇਵਿਸ ਕਹਿੰਦਾ ਹੈ: “ਹੁਣ ਅਚਾਨਕ ਜਾਦੂਗਰਨੀਆਂ ਸੋਹਣੀਆਂ-ਮਨਮੋਹਣੀਆਂ ਕੁੜੀਆਂ ਦੇ ਰੂਪ ਵਿਚ ਦਿਖਾਈਆਂ ਜਾਣ ਲੱਗੀਆਂ ਹਨ। ਹਾਲੀਵੁੱਡ ਨੇ ਲੋਕਾਂ ਦੀਆਂ ਰੁਚੀਆਂ ਨੂੰ ਬਹੁਤ ਚੰਗੀ ਤਰ੍ਹਾਂ ਪਛਾਣ ਲਿਆ ਹੈ। . . . ਜਾਦੂਗਰਨੀਆਂ ਦੀਆਂ ਸ਼ਕਲਾਂ ਸੋਹਣੀਆਂ-ਮਨਮੋਹਣੀਆਂ ਕੁੜੀਆਂ ਵਰਗੀਆਂ ਦਿਖਾ ਕੇ ਹੁਣ ਉਹ ਆਦਮੀਆਂ ਦੇ ਨਾਲ-ਨਾਲ ਤੀਵੀਆਂ ਅਤੇ ਿਨੱਕੇ ਨਿਆਣਿਆਂ ਨੂੰ ਵੀ ਖ਼ੁਸ਼ ਕਰ ਸਕਦੇ ਹਨ।” ਹਾਲੀਵੁੱਡ ਜਾਣਦਾ ਹੈ ਕਿ ਲੋਕਾਂ ਦੀਆਂ ਰੁਚੀਆਂ ਦੇਖ ਕੇ ਪੈਸਾ ਕਿਵੇਂ ਕਮਾਉਣਾ ਹੈ।

ਕੁਝ ਕਹਿੰਦੇ ਹਨ ਕਿ ਜਾਦੂ-ਟੂਣੇ ਅਮਰੀਕਾ ਵਿਚ ਇਕ ਵੱਡੀ ਅਧਿਆਤਮਿਕ ਲਹਿਰ ਬਣਦੀ ਜਾ ਰਹੀ ਹੈ। ਕਈ ਵਿਕਸਿਤ ਦੇਸ਼ਾਂ ਵਿਚ ਕਾਫ਼ੀ ਸਾਰੇ ਲੋਕ ਨਾਰੀਵਾਦੀ ਅੰਦੋਲਨਾਂ ਅਤੇ ਮੌਜੂਦਾ ਧਰਮਾਂ ਤੋਂ ਨਿਰਾਸ਼ ਹੋ ਕੇ ਅਧਿਆਤਮਿਕ ਸੰਤੁਸ਼ਟੀ ਪ੍ਰਾਪਤ ਕਰਨ ਲਈ ਜਾਦੂ-ਟੂਣਿਆਂ ਦੀਆਂ ਕਈ ਕਿਸਮਾਂ ਵਿਚ ਸ਼ਰਨ ਲੈਣ ਲੱਗ ਪਏ ਹਨ। ਅਸਲ ਵਿਚ, ਇਸ ਦੀਆਂ ਇੰਨੀਆਂ ਸਾਰੀਆਂ ਕਿਸਮਾਂ ਹਨ ਕਿ “ਜਾਦੂਗਰ” ਜਾਂ “ਜਾਦੂਗਰਨੀ” ਸ਼ਬਦ ਤੇ ਵੀ ਲੋਕਾਂ ਦੀ ਰਾਇ ਆਪਸ ਵਿਚ ਮੇਲ ਨਹੀਂ ਖਾਂਦੀ। ਪਰ, ਆਪਣੇ-ਆਪ ਨੂੰ ਜਾਦੂਗਰ ਜਾਂ ਜਾਦੂਗਰਨੀਆਂ ਕਹਾਉਣ ਵਾਲਿਆਂ ਦਾ ਸੰਬੰਧ ਅੰਗ੍ਰੇਜ਼ੀ ਦੇ ਸ਼ਬਦ “ਵਿਕਾ” ਨਾਲ ਜੋੜਿਆ ਜਾਂਦਾ ਹੈ ਜਿਸ ਨੂੰ ਇਕ ਸ਼ਬਦ-ਕੋਸ਼ ਇੰਜ ਬਿਆਨ ਕਰਦਾ ਹੈ: “ਕੁਦਰਤ ਦੀ ਪੂਜਾ ਕਰਨ ਵਾਲਾ ਇਕ ਗ਼ੈਰ-ਈਸਾਈ ਧਰਮ, ਜਿਸ ਦੀ ਸ਼ੁਰੂਆਤ ਮਸੀਹ-ਪੂਰਵ ਪੱਛਮੀ ਯੂਰਪ ਵਿਚ ਹੋਈ ਸੀ ਜੋ ਅੱਜ 20ਵੀਂ ਸਦੀ ਵਿਚ ਫਿਰ ਤੋਂ ਮਸ਼ਹੂਰ ਹੋ ਰਿਹਾ ਹੈ।” * ਨਤੀਜੇ ਵਜੋਂ, ਬਹੁਤ ਸਾਰੇ ਜਾਦੂਗਰ ਤੇ ਜਾਦੂਗਰਨੀਆਂ ਆਪਣੇ ਆਪ ਨੂੰ ਗ਼ੈਰ-ਈਸਾਈ ਜਾਂ ਨਵ ਗ਼ੈਰ-ਈਸਾਈ ਵੀ ਕਹਾਉਂਦੇ ਹਨ।

ਪੂਰੇ ਇਤਿਹਾਸ ਵਿਚ, ਜਾਦੂਗਰਨੀਆਂ ਨਾਲ ਨਫ਼ਰਤ ਕੀਤੀ ਜਾਂਦੀ ਰਹੀ ਹੈ, ਉਨ੍ਹਾਂ ਤੇ ਜ਼ੁਲਮ ਕੀਤੇ ਜਾਂਦੇ ਰਹੇ ਹਨ, ਉਨ੍ਹਾਂ ਨੂੰ ਸਤਾਇਆ ਜਾਂਦਾ ਰਿਹਾ ਹੈ, ਇੱਥੋਂ ਤਕ ਕਿ ਉਨ੍ਹਾਂ ਦੇ ਕਤਲ ਵੀ ਕੀਤੇ ਜਾਂਦੇ ਰਹੇ ਹਨ। ਇਸ ਲਈ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਅੱਜ ਦੇ ਦਿਨਾਂ ਵਿਚ ਜਾਦੂ-ਟੂਣੇ ਕਰਨ ਵਾਲੇ ਆਪਣੇ ਅਕਸ ਨੂੰ ਸੁਧਾਰਨਾ ਚਾਹੁੰਦੇ ਹਨ। ਇਕ ਸਰਵੇਖਣ ਦੌਰਾਨ ਦਰਜਨਾਂ ਹੀ ਜਾਦੂਗਰਨੀਆਂ ਨੂੰ ਕਿਹਾ ਗਿਆ ਕਿ ਉਹ ਜਨਤਾ ਨੂੰ ਆਪਣੇ ਬਾਰੇ ਕਿਹੜਾ ਜ਼ਰੂਰੀ ਸੰਦੇਸ਼ ਦੇਣਾ ਚਾਹੁੰਦੀਆਂ ਹਨ। ਖੋਜਕਾਰ ਮਾਰਗੋ ਐਡਲਰ ਮੁਤਾਬਕ ਸਾਰੇ ਜਾਦੂਗਰਾਂ ਤੇ ਜਾਦੂਗਰਨੀਆਂ ਦੇ ਜਵਾਬ ਦਾ ਸਾਰ ਇਹ ਸੀ: “ਅਸੀਂ ਬੁਰੇ ਨਹੀਂ ਹਾਂ। ਅਸੀਂ ਸ਼ਤਾਨ ਦੀ ਭਗਤੀ ਨਹੀਂ ਕਰਦੇ। ਅਸੀਂ ਇਨਸਾਨਾਂ ਨੂੰ ਨਹੀਂ ਭਰਮਾਉਂਦੇ ਤੇ ਨਾ ਹੀ ਅਸੀਂ ਲੋਕਾਂ ਨੂੰ ਕੋਈ ਨੁਕਸਾਨ ਪਹੁੰਚਾਉਂਦੇ ਹਾਂ। ਅਸੀਂ ਖ਼ਤਰਨਾਕ ਨਹੀਂ ਹਾਂ। ਅਸੀਂ ਵੀ ਤੁਹਾਡੇ ਵਰਗੇ ਆਮ ਇਨਸਾਨ ਹੀ ਹਾਂ। ਸਾਡੇ ਵੀ ਪਰਿਵਾਰ ਹਨ, ਨੌਕਰੀਆਂ ਹਨ, ਉਮੀਦਾਂ ਤੇ ਸੁਪਨੇ ਹਨ। ਸਾਡਾ ਕੋਈ ਪੰਥ ਨਹੀਂ ਹੈ। ਅਸੀਂ ਦੁਨੀਆਂ ਵਿਚ ਅਨੋਖੇ ਨਹੀਂ ਹਾਂ। . . . ਤੁਹਾਨੂੰ ਸਾਡੇ ਕੋਲੋਂ ਡਰਨ ਦੀ ਲੋੜ ਨਹੀਂ ਹੈ। . . . ਤੁਸੀਂ ਸਾਡੇ ਬਾਰੇ ਜਿੱਦਾਂ ਸੋਚਦੇ ਹੋ ਅਸੀਂ ਉੱਦਾਂ ਦੇ ਨਹੀਂ, ਸਗੋਂ ਤੁਹਾਡੇ ਹੀ ਵਰਗੇ ਹਾਂ।”

ਹੁਣ ਕਾਫ਼ੀ ਲੋਕਾਂ ਨੇ ਉਨ੍ਹਾਂ ਬਾਰੇ ਆਪਣੀ ਰਾਇ ਬਦਲ ਲਈ ਹੈ। ਪਰ ਕੀ ਇਸ ਦਾ ਇਹ ਮਤਲਬ ਹੈ ਕਿ ਜਾਦੂ-ਟੂਣਿਆਂ ਵਿਚ ਕੋਈ ਖ਼ਤਰਾ ਨਹੀਂ? ਆਓ ਆਪਾਂ ਇਸ ਸਵਾਲ ਦੀ ਚਰਚਾ ਅਗਲੇ ਲੇਖ ਵਿਚ ਕਰੀਏ।

[ਫੁਟਨੋਟ]

^ ਪੈਰਾ 6 ਜਾਦੂਗਰੀ ਲਈ ਅੰਗ੍ਰੇਜ਼ੀ ਸ਼ਬਦ “witchcraft” ਪੁਰਾਣੀ ਅੰਗ੍ਰੇਜ਼ੀ ਭਾਸ਼ਾ ਦੇ ਸ਼ਬਦ “wicce” ਯਾਨੀ ਕਿ ਜਾਦੂਗਰਨੀ ਅਤੇ “wicca” ਯਾਨੀ ਕਿ ਜਾਦੂਗਰ ਤੋਂ ਆਉਂਦਾ ਹੈ।