ਪਰਮੇਸ਼ੁਰ ਦਾ ਅਗੰਮ ਵਾਕ-ਭਵਿੱਖ ਲਈ ਉਮੀਦ ਦਿੰਦਾ ਹੈ
ਪਰਮੇਸ਼ੁਰ ਦਾ ਅਗੰਮ ਵਾਕ-ਭਵਿੱਖ ਲਈ ਉਮੀਦ ਦਿੰਦਾ ਹੈ
ਪਰਮੇਸ਼ੁਰ ਦੇ ਬਚਨ, ਅਰਥਾਤ, ਪਵਿੱਤਰ ਬਾਈਬਲ ਦੇ ਕਾਰਨ, ਸੱਚੇ ਮਸੀਹੀ ਪੂਰੀ ਉਮੀਦ ਅਤੇ ਭਰੋਸੇ ਨਾਲ ਭਵਿੱਖ ਵੱਲ ਦੇਖਦੇ ਹਨ। ਯਹੋਵਾਹ ਪਰਮੇਸ਼ੁਰ ਨਾਲ ਆਪਣੇ ਗੂੜ੍ਹੇ ਰਿਸ਼ਤੇ ਕਰਕੇ ਉਹ ਆਉਣ ਵਾਲੇ ਸਮਿਆਂ ਬਾਰੇ ਉਮੀਦਵਾਰ ਹਨ। ਜਿਵੇਂ “ਪਰਮੇਸ਼ੁਰ ਦਾ ਅਗੰਮ ਵਾਕ” ਮਹਾਂ-ਸੰਮੇਲਨਾਂ ਦੇ ਪਹਿਲੇ ਭਾਸ਼ਣ ਵਿਚ ਸਮਝਾਇਆ ਗਿਆ ਸੀ, ਯਹੋਵਾਹ ਦੇ ਗਵਾਹ ਬਹੁਤ ਸਾਲਾਂ ਤੋਂ ਬਾਈਬਲ ਦੀ ਭਵਿੱਖਬਾਣੀ ਦਾ ਡੂੰਘਾ ਅਧਿਐਨ ਕਰਦੇ ਆਏ ਹਨ। ਸੋ ਇਨ੍ਹਾਂ ਮਹਾਂ-ਸੰਮੇਲਨਾਂ ਤੇ ਯਹੋਵਾਹ ਆਪਣੇ ਲੋਕਾਂ ਨੂੰ ਕੀ ਸਮਝਾਉਣ ਵਾਲਾ ਸੀ? ਸਾਰਿਆਂ ਨੇ ਆਪਣੀਆਂ ਬਾਈਬਲਾਂ ਨਾਲ ਲਿਆਂਦੀਆਂ ਹੋਈਆਂ ਸਨ ਅਤੇ ਉਹ ਇਸ ਦਾ ਜਵਾਬ ਜਾਣਨ ਲਈ ਉਤਾਵਲੇ ਸਨ। ਮਹਾਂ-ਸੰਮੇਲਨ ਦਾ ਹਰ ਰੋਜ਼ ਦਾ ਵਿਸ਼ਾ ਹੇਠਾਂ ਮੋਟੇ ਅੱਖਰਾਂ ਵਿਚ ਦਿਖਾਇਆ ਗਿਆ ਹੈ।
ਪਹਿਲਾ ਦਿਨ: ਪਰਮੇਸ਼ੁਰ ਦੇ ਬਚਨ ਦੇ ਚਾਨਣ ਵਿਚ ਚੱਲਣਾ
“ਪਰਮੇਸ਼ੁਰ ਦੇ ਬਚਨ ਨੇ ਸਾਡੀ ਅਗਵਾਈ ਕੀਤੀ ਹੈ” ਭਾਸ਼ਣ ਦੁਆਰਾ ਸਮਝਾਇਆ ਗਿਆ ਕਿ ਯਹੋਵਾਹ ਦੇ ਲੋਕ ਅਜਿਹੇ ਆਦਮੀ ਦੀ ਤਰ੍ਹਾਂ ਹਨ ਜਿਹੜਾ ਰਾਤ ਦੇ ਹਨੇਰੇ ਵਿਚ ਆਪਣਾ ਸਫ਼ਰ ਸ਼ੁਰੂ ਕਰਦਾ ਹੈ। ਜਿੱਦਾਂ-ਜਿੱਦਾਂ ਸੂਰਜ ਚੜ੍ਹਦਾ ਹੈ ਉਹ ਚੀਜ਼ਾਂ ਨੂੰ ਧੁੰਦਲਾ-ਧੁੰਦਲਾ ਦੇਖਦਾ ਹੈ, ਪਰ ਜਦੋਂ ਸੂਰਜ ਸਿਰੇ ਚੜ੍ਹ ਜਾਂਦਾ ਹੈ, ਤਾਂ ਉਸ ਨੂੰ ਹਰ ਚੀਜ਼ ਸਾਫ਼-ਸਾਫ਼ ਦਿਖਾਈ ਦਿੰਦੀ ਹੈ। ਜਿਵੇਂ ਕਹਾਉਤਾਂ 4:18 ਵਿਚ ਪਹਿਲਾਂ ਦੱਸਿਆ ਗਿਆ ਹੈ, ਯਹੋਵਾਹ ਦੇ ਲੋਕ ਪਰਮੇਸ਼ੁਰ ਦੇ ਅਗੰਮ ਵਾਕ ਦੇ ਚਾਨਣ ਤੋਂ ਆਪਣਾ ਰਾਹ ਸਾਫ਼-ਸਾਫ਼ ਦੇਖ ਸਕਦੇ ਹਨ। ਉਹ ਰੂਹਾਨੀ ਹਨੇਰੇ ਵਿਚ ਨਹੀਂ ਭਟਕ ਰਹੇ ਹਨ।
“ਪਰਮੇਸ਼ੁਰ ਦੇ ਅਗੰਮ ਵਾਕ ਵੱਲ ਧਿਆਨ ਦਿਓ” ਮੂਲ-ਭਾਵ ਭਾਸ਼ਣ ਦੁਆਰਾ ਸੁਣਨ ਵਾਲਿਆਂ ਨੂੰ ਯਾਦ ਦਿਲਾਇਆ ਗਿਆ ਕਿ ਯਹੋਵਾਹ ਵਿਚ ਉਮੀਦ ਰੱਖਣ ਵਾਲੇ ਉਹ ਨਿਰਾਸ਼ਾ ਨਹੀਂ ਮਹਿਸੂਸ ਕਰਦੇ ਜੋ ਝੂਠੇ ਮਸੀਹਾਂ ਅਤੇ ਝੂਠੇ ਨਬੀਆਂ ਮਗਰ ਲੱਗਣ ਵਾਲੇ ਮਹਿਸੂਸ ਕਰਦੇ ਹਨ। ਇਸ ਦੇ ਬਿਲਕੁਲ ਉਲਟ, ਸੱਚਾ ਮਸੀਹਾ, ਅਰਥਾਤ, ਯਿਸੂ ਮਸੀਹ ਦੀ ਨੇਕਨਾਮੀ ਬੇਮਿਸਾਲ ਹੈ! ਉਦਾਹਰਣ ਲਈ, ਯਿਸੂ ਦੇ ਚਮਤਕਾਰੀ ਰੂਪਾਂਤਰਣ ਨੇ ਉਸ ਨੂੰ ਪਰਮੇਸ਼ੁਰ ਦੇ ਰਾਜ ਵਿਚ ਇਕ ਸਿੰਘਾਸਣ ਤੇ ਬੈਠੇ ਰਾਜੇ ਵਜੋਂ ਦਿਖਾਇਆ। ਸੰਨ 1914 ਵਿਚ ਰਾਜ ਸੱਤਾ ਪ੍ਰਾਪਤ ਕਰਨ ਤੋਂ ਬਾਅਦ, ਯਿਸੂ ਉਹ “ਦਿਨ ਦਾ ਤਾਰਾ” ਵੀ ਹੈ ਜਿਸ ਦਾ ਜ਼ਿਕਰ 2 ਪਤਰਸ 1:19 ਵਿਚ ਪਾਇਆ ਜਾਂਦਾ ਹੈ। ਭਾਸ਼ਣਕਾਰ ਨੇ ਦੱਸਿਆ ਕਿ “ਮਸੀਹਾਈ ਦਿਨ ਦੇ ਤਾਰੇ ਵਜੋਂ ਉਹ ਸਾਰੀ ਆਗਿਆਕਾਰ ਮਨੁੱਖਜਾਤੀ ਲਈ ਸ਼ੁਰੂ ਹੋਣ ਵਾਲੇ ਨਵੇਂ ਦਿਨ ਜਾਂ ਨਵੇਂ ਯੁਗ ਦਾ ਸੰਦੇਸ਼ ਦਿੰਦਾ ਹੈ।”
ਦੁਪਹਿਰ ਦੇ ਪ੍ਰੋਗ੍ਰਾਮ ਨੂੰ ਸ਼ੁਰੂ ਕਰਦਿਆਂ, “ਜੋਤਾਂ ਵਾਂਗ ਚਮਕਣਾ” ਭਾਸ਼ਣ ਦੁਆਰਾ ਅਫ਼ਸੀਆਂ 5:8 ਉੱਤੇ ਜ਼ੋਰ ਦਿੱਤਾ ਗਿਆ ਸੀ। ਇੱਥੇ ਪੌਲੁਸ ਰਸੂਲ ਸਾਨੂੰ ‘ਚਾਨਣ ਦੇ ਪੁਤ੍ਰਾਂ ਵਾਂਙੁ ਚੱਲਣ’ ਦੀ ਸਲਾਹ ਦਿੰਦਾ ਹੈ। ਮਸੀਹੀ ਦੂਸਰਿਆਂ ਨੂੰ ਪਰਮੇਸ਼ੁਰ ਦੇ ਬਚਨ ਬਾਰੇ ਦੱਸਣ ਦੁਆਰਾ ਹੀ ਨਹੀਂ ਪਰ ਯਿਸੂ ਦੀ ਮਿਸਾਲ ਅਨੁਸਾਰ ਚੱਲਣ ਦੁਆਰਾ ਵੀ ਜੋਤਾਂ ਵਾਂਗ ਚਮਕਦੇ ਹਨ।
ਇਸ ਪ੍ਰਕਾਰ ਦੀ ਜੋਤ ਬਣਨ ਲਈ ਸਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ “ਪਰਮੇਸ਼ੁਰ ਦੇ ਬਚਨ ਨੂੰ ਪੜ੍ਹਨ ਵਿਚ ਆਨੰਦ ਪ੍ਰਾਪਤ ਕਰੋ।” ਇਹ ਵਿਸ਼ਾ ਤਿੰਨ ਭਾਸ਼ਣ-ਲੜੀਆਂ ਵਿਚ ਸੁਣਾਇਆ ਗਿਆ ਸੀ। ਅਬਰਾਹਾਮ ਲਿੰਕਨ ਦਾ ਇਹ ਹਵਾਲਾ ਦੇਣ ਤੋਂ ਬਾਅਦ ਕਿ ਬਾਈਬਲ ‘ਪਰਮੇਸ਼ੁਰ ਵੱਲੋਂ ਮਨੁੱਖਾਂ ਨੂੰ ਦਿੱਤਾ ਗਿਆ ਸਭ ਤੋਂ ਵਧੀਆ ਤੋਹਫ਼ਾ ਹੈ,’ ਪਹਿਲੇ ਭਾਸ਼ਣਕਾਰ ਨੇ ਹਾਜ਼ਰੀਨ ਨੂੰ ਉਨ੍ਹਾਂ ਦੀਆਂ ਪੜ੍ਹਨ ਦੀਆਂ ਆਦਤਾਂ ਬਾਰੇ ਪੁੱਛਿਆ ਕਿ ਕੀ ਉਹ ਦਿਖਾਉਂਦੀਆਂ ਹਨ ਕਿ ਉਹ ਯਹੋਵਾਹ ਦੇ ਬਚਨ ਦੀ ਕਦਰ ਕਰਦੇ ਹਨ। ਸੁਣਨ ਵਾਲਿਆਂ ਨੂੰ ਹੌਸਲਾ ਦਿੱਤਾ ਗਿਆ ਕਿ ਉਹ ਬਾਈਬਲ ਚੰਗੀ ਤਰ੍ਹਾਂ ਪੜ੍ਹਨ, ਉਸ ਦੀਆਂ ਕਹਾਣੀਆਂ ਦੀ ਮਨ ਵਿਚ ਕਲਪਨਾ ਕਰਨ ਅਤੇ ਨਵਿਆਂ ਨੁਕਤਿਆਂ ਨੂੰ ਪੁਰਾਣਿਆਂ ਨੁਕਤਿਆਂ ਨਾਲ ਜੋੜਨ।
ਭਾਸ਼ਣ-ਲੜੀ ਦੇ ਅਗਲੇ ਹਿੱਸੇ ਨੇ ਜ਼ੋਰ ਦਿੱਤਾ ਕਿ ਜੇਕਰ ਅਸੀਂ “ਅੰਨ” ਹਜ਼ਮ ਕਰਨਾ ਹੈ, ਤਾਂ ਸਾਨੂੰ ਸਿਰਫ਼ ਪੜ੍ਹਨ ਦੀ ਹੀ ਨਹੀਂ, ਸਗੋਂ ਡੂੰਘਾ ਅਧਿਐਨ ਕਰਨ ਦੀ ਵੀ ਜ਼ਰੂਰਤ ਹੈ। (ਇਬਰਾਨੀਆਂ 5:13, 14) ਭਾਸ਼ਣਕਾਰ ਨੇ ਕਿਹਾ ਕਿ ਅਧਿਐਨ ਕਰਨਾ ਖ਼ਾਸ ਤੌਰ ਤੇ ਲਾਭਦਾਇਕ ਹੁੰਦਾ ਹੈ ਜੇਕਰ ਅਸੀਂ ਇਸਰਾਏਲੀ ਜਾਜਕ ਅਜ਼ਰਾ ਵਾਂਗ ਪਹਿਲਾਂ ‘ਆਪਣਾ ਮਨ ਲਾਵਾਂਗੇ।’ (ਅਜ਼ਰਾ 7:10) ਪਰ ਅਧਿਐਨ ਇੰਨਾ ਜ਼ਰੂਰੀ ਕਿਉਂ ਹੈ? ਕਿਉਂਕਿ ਇਹ ਯਹੋਵਾਹ ਨਾਲ ਸਾਡੇ ਰਿਸ਼ਤੇ ਉੱਤੇ ਬਹੁਤ ਅਸਰ ਪਾਉਂਦਾ ਹੈ। ਇਸ ਕਰਕੇ, ਬਾਈਬਲ ਦਾ ਅਧਿਐਨ ਇਕ ਵਧੀਆ ਅਤੇ ਆਨੰਦਮਈ ਅਨੁਭਵ ਹੋਣਾ ਚਾਹੀਦਾ ਹੈ, ਅਤੇ ਇਸ ਨੂੰ ਸਾਨੂੰ ਤਾਜ਼ਗੀ ਦੇਣੀ ਚਾਹੀਦੀ ਹੈ, ਭਾਵੇਂ ਕਿ ਸਾਨੂੰ ਮਨ ਲਾਉਣ ਵਿਚ ਕਾਫ਼ੀ ਜਤਨ ਕਰਨਾ ਪੈਂਦਾ ਹੈ। ਪਰ ਲਾਭਦਾਇਕ ਅਧਿਐਨ ਲਈ ਅਸੀਂ ਕਿਵੇਂ ਸਮਾਂ ਕੱਢ ਸਕਦੇ ਹਾਂ? ਭਾਸ਼ਣ-ਲੜੀ ਦੇ ਅਖ਼ੀਰਲੇ ਭਰਾ ਨੇ ਕਿਹਾ ਕਿ ਸਾਨੂੰ ਘੱਟ ਜ਼ਰੂਰੀ ਕੰਮ ਇਕ ਪਾਸੇ ਰੱਖ ਕੇ ‘ਆਪਣੇ ਲਈ ਸਮੇਂ ਨੂੰ ਖ਼ਰੀਦਣਾ’ ਚਾਹੀਦਾ ਹੈ। (ਅਫ਼ਸੀਆਂ 5:16, ਨਿ ਵ) ਜੀ ਹਾਂ, ਸਮਾਂ ਕੱਢਣ ਦੀ ਕੁੰਜੀ ਹੈ ਆਪਣੇ ਸਮੇਂ ਦੀ ਵਧੀਆ ਵਰਤੋ ਕਰਨੀ।
“ਪਰਮੇਸ਼ੁਰ ਹੁੱਸੇ ਹੋਏ ਨੂੰ ਬਲ ਦਿੰਦਾ ਹੈ” ਭਾਸ਼ਣ ਵਿਚ ਸਵੀਕਾਰ ਕੀਤਾ ਗਿਆ ਸੀ ਕਿ ਅੱਜ-ਕੱਲ੍ਹ ਬਹੁਤ ਹੀ ਲੋਕ ਹੁੱਸੇ ਹੋਏ, ਯਾਨੀ ਥੱਕੇ ਹੋਏ ਹਨ। ਸਾਨੂੰ ਯਹੋਵਾਹ ਉੱਤੇ ਨਿਰਭਰ ਕਰਨਾ ਚਾਹੀਦਾ ਹੈ ਜੋ ਕਿ “ਹੁੱਸੇ ਹੋਏ ਨੂੰ ਬਲ ਦਿੰਦਾ ਹੈ” ਤਾਂਕਿ ਮਸੀਹੀ ਸੇਵਕਾਈ ਕਰਨ ਲਈ ਸਾਡੇ ਕੋਲ “ਮਹਾਂ-ਸ਼ਕਤੀ” ਹੋਵੇ। (ਯਸਾਯਾਹ 40:29; 2 ਕੁਰਿੰਥੀਆਂ 4:7, ਪਵਿੱਤਰ ਬਾਈਬਲ ਨਵਾਂ ਅਨੁਵਾਦ) ਪਰਮੇਸ਼ੁਰ ਦਾ ਬਚਨ, ਪ੍ਰਾਰਥਨਾ, ਮਸੀਹੀ ਕਲੀਸਿਯਾ, ਸੇਵਕਾਈ ਵਿਚ ਬਾਕਾਇਦਾ ਹਿੱਸਾ, ਮਸੀਹੀ ਬਜ਼ੁਰਗ ਅਤੇ ਦੂਸਰਿਆਂ ਦੀਆਂ ਵਫ਼ਾਦਾਰ ਮਿਸਾਲਾਂ ਸਾਨੂੰ ਮਜ਼ਬੂਤ ਕਰਨ ਵਾਲੀਆਂ ਕੁਝ ਚੀਜ਼ਾਂ ਹਨ। “ਸਮੇਂ ਦੇ ਕਰਕੇ ਉਪਦੇਸ਼ਕ ਬਣੋ” ਵਿਸ਼ੇ ਨੇ ਮਸੀਹੀਆਂ ਨੂੰ ਉਪਦੇਸ਼ਕ ਨਾਲੇ ਪ੍ਰਚਾਰਕ ਬਣਨ ਉੱਤੇ ਜ਼ੋਰ ਦਿੱਤਾ। ਭਰਾ ਨੇ “ਸਿੱਖਿਆ” ਦੇਣ ਦੀ ਕਲਾ ਵਧਾਉਣ ਵਿਚ ਮਿਹਨਤ ਕਰਨ ਲਈ ਵੀ ਹੌਸਲਾ ਦਿੱਤਾ।—2 ਤਿਮੋਥਿਉਸ 4:2.
“ਪਰਮੇਸ਼ੁਰ ਨਾਲ ਲੜਨ ਵਾਲੇ ਨਹੀਂ ਜਿੱਤਣਗੇ,” ਦਿਨ ਦਾ ਆਖ਼ਰੀ ਭਾਸ਼ਣ ਸੀ। ਉਸ ਵਿਚ ਉਨ੍ਹਾਂ ਲੋਕਾਂ ਦੇ ਗ਼ਲਤ ਜਤਨਾਂ ਬਾਰੇ ਦੱਸਿਆ ਗਿਆ ਜਿਨ੍ਹਾਂ ਨੇ ਹਾਲ ਹੀ ਵਿਚ ਕੁਝ ਦੇਸ਼ਾਂ ਵਿਚ ਯਹੋਵਾਹ ਦੇ ਗਵਾਹਾਂ ਨੂੰ ਖ਼ਤਰਨਾਕ ਪੰਥ ਸੱਦਿਆ ਹੈ। ਪਰ ਸਾਨੂੰ ਡਰਨ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਯਸਾਯਾਹ 54:17 ਕਹਿੰਦਾ ਹੈ ਕਿ “ਹਰ ਹਥਿਆਰ ਜੋ ਤੇਰੇ ਵਿਰੁੱਧ ਬਣਾਇਆ ਜਾਵੇ ਨਿਕੰਮਾ ਹੋਵੇਗਾ, ਹਰ ਜੀਭ ਨੂੰ ਜੋ ਤੇਰੇ ਵਿਰੁੱਧ ਨਿਆਉਂ ਲਈ ਉੱਠੇ, ਤੂੰ ਦੋਸ਼ੀ ਠਹਿਰਾਵੇਂਗੀ,—ਏਹ ਯਹੋਵਾਹ ਦੇ ਦਾਸਾਂ ਦਾ ਅਧਿਕਾਰ ਹੈ, ਅਤੇ ਉਨ੍ਹਾਂ ਦਾ ਧਰਮ ਮੈਥੋਂ ਹੈ, ਯਹੋਵਾਹ ਦਾ ਵਾਕ ਹੈ।”
ਦੂਜਾ ਦਿਨ: ਭਵਿੱਖ-ਸੂਚਕ ਸ਼ਾਸਤਰ ਦੁਆਰਾ ਪ੍ਰਗਟ ਕੀਤੀਆਂ ਗੱਲਾਂ
ਦਿਨ ਲਈ ਬਾਈਬਲ ਦੇ ਹਵਾਲੇ ਦੀ ਚਰਚਾ ਕਰਨ ਤੋਂ ਬਾਅਦ, ਭੈਣਾਂ-ਭਰਾਵਾਂ ਨੇ ਮਹਾਂ-ਸੰਮੇਲਨ ਦੀ ਦੂਜੀ ਭਾਸ਼ਣ-ਲੜੀ ਦਾ
ਆਨੰਦ ਮਾਣਿਆ ਜਿਸ ਦਾ ਵਿਸ਼ਾ ਸੀ “ਚਾਨਣ-ਵਾਹਕਾਂ ਦੇ ਤੌਰ ਤੇ ਯਹੋਵਾਹ ਦੀ ਮਹਿਮਾ ਕਰਨੀ।” ਪਹਿਲੇ ਭਾਸ਼ਣ ਨੇ ਦਿਖਾਇਆ ਕਿ ਇਕ ਮਸੀਹੀ ਦਾ ਟੀਚਾ ਹੈ ਹਰ ਥਾਂ ਪ੍ਰਚਾਰ ਕਰ ਕੇ ਯਹੋਵਾਹ ਦੀ ਮਹਿਮਾ ਕਰਨੀ। ਅਗਲੇ ਹਿੱਸੇ ਨੇ ਦਿਲਚਸਪੀ ਦਿਖਾਉਣ ਵਾਲਿਆਂ ਨੂੰ ਪਰਮੇਸ਼ੁਰ ਦੀ ਸੰਸਥਾ ਵੱਲ ਨਿਰਦੇਸ਼ਿਤ ਕਰਨ ਬਾਰੇ ਦੱਸਿਆ। ਕਿਵੇਂ? ਬਾਈਬਲ ਦੇ ਹਰੇਕ ਅਧਿਐਨ ਤੋਂ ਪੰਜ-ਦੱਸ ਮਿੰਟ ਪਹਿਲਾਂ ਜਾਂ ਬਾਅਦ ਇਹ ਸਮਝਾਉਣ ਦੁਆਰਾ ਕਿ ਪਰਮੇਸ਼ੁਰ ਦੀ ਸੰਸਥਾ ਕਿਸ ਤਰ੍ਹਾਂ ਕੰਮ ਕਰਦੀ ਹੈ। ਇਸ ਭਾਸ਼ਣ ਦੀ ਤੀਜੀ ਲੜੀ ਨੇ ਚੰਗਿਆਂ ਕੰਮਾਂ-ਕਾਰਾਂ ਦੁਆਰਾ ਪਰਮੇਸ਼ੁਰ ਦੀ ਮਹਿਮਾ ਕਰਨ ਦੀ ਜ਼ਰੂਰਤ ਉੱਤੇ ਜ਼ੋਰ ਦਿੱਤਾ।“ਯਹੋਵਾਹ ਦੀਆਂ ਸਾਖੀਆਂ ਨਾਲ ਵੱਡੀ ਪ੍ਰੀਤ ਰੱਖੋ” ਭਾਸ਼ਣ ਨੇ ਜ਼ਬੂਰਾਂ ਦੀ ਪੋਥੀ 119 ਦੀਆਂ ਚੋਣਵੀਆਂ ਆਇਤਾਂ ਦਾ ਜ਼ਿਕਰ ਕੀਤਾ। ਸਾਨੂੰ ਸਾਖੀਆਂ, ਜਾਂ ਯਾਦ-ਦਹਾਨੀਆਂ, ਦੀ ਲੋੜ ਹੈ ਕਿਉਂ ਜੋ ਅਸੀਂ ਸਾਰੇ ਭੁੱਲਣਹਾਰ ਹਾਂ। ਫਿਰ ਇਹ ਕਿੰਨਾ ਜ਼ਰੂਰੀ ਹੈ ਕਿ ਅਸੀਂ ਯਹੋਵਾਹ ਦੀਆਂ ਸਾਖੀਆਂ ਜਾਂ ਯਾਦ-ਦਹਾਨੀਆਂ ਲਈ ਪ੍ਰੀਤ ਵਧਾਈਏ, ਠੀਕ ਜਿਵੇਂ ਜ਼ਬੂਰਾਂ ਦੇ ਲਿਖਾਰੀ ਨੇ ਕੀਤਾ ਸੀ!
ਫਿਰ ਇਕ ਖ਼ਾਸ ਭਾਸ਼ਣ ਦਿੱਤਾ ਗਿਆ ਸੀ—ਬਪਤਿਸਮੇ ਦਾ ਭਾਸ਼ਣ, ਜਿਸ ਦਾ ਵਿਸ਼ਾ ਸੀ “ਅਗੰਮ ਵਾਕ ਵੱਲ ਧਿਆਨ ਦੇਣਾ ਬਪਤਿਸਮੇ ਵੱਲ ਲੈ ਜਾਂਦਾ ਹੈ।” ਬਪਤਿਸਮੇ ਦੇ ਉਮੀਦਵਾਰਾਂ ਨੂੰ ਯਾਦ ਦਿਲਾਇਆ ਗਿਆ ਸੀ ਕਿ ਉਹ ਮਸੀਹ ਦੀ ਰੀਸ ਸਿਰਫ਼ ਬਪਤਿਸਮਾ ਲੈ ਕੇ ਹੀ ਨਹੀਂ ਪਰ ਉਸ ਦਿਆਂ ਕਦਮਾਂ ਤੇ ਚੱਲ ਕੇ ਕਰਦੇ ਹਨ। (1 ਪਤਰਸ 2:21) ਯੂਹੰਨਾ 10:16 ਦੀ ਪੂਰਤੀ ਵਿਚ ਹਿੱਸਾ ਲੈਣਾ ਇਨ੍ਹਾਂ ਨਵੇਂ ਭੈਣਾਂ-ਭਰਾਵਾਂ ਲਈ ਕਿੰਨਾ ਵੱਡਾ ਸਨਮਾਨ ਹੈ! ਇੱਥੇ ਯਿਸੂ ਨੇ ਪਹਿਲਾਂ ਹੀ ਦੱਸਿਆ ਸੀ ਕਿ ਉਹ ਆਪਣੇ ਮਸਹ ਕੀਤੇ ਹੋਏ ਚੇਲਿਆਂ ਦੇ ਨਾਲ-ਨਾਲ ਸੇਵਾ ਕਰਨ ਲਈ ‘ਹੋਰ ਭੇਡਾਂ’ ਵੀ ਇਕੱਠੀਆਂ ਕਰੇਗਾ।
ਦੁਪਹਿਰ ਦਾ ਪ੍ਰੋਗ੍ਰਾਮ ਸ਼ੁਰੂ ਕਰਨ ਵਾਲੇ ਭਾਸ਼ਣ “ਸੁਣੋ ਭਈ ਪਵਿੱਤਰ ਸ਼ਕਤੀ ਕੀ ਆਖਦੀ ਹੈ” ਨੇ ਦਿਖਾਇਆ ਕਿ ਯਹੋਵਾਹ ਦੀ ਸ਼ਕਤੀ ਸਾਡੇ ਨਾਲ ਬਾਈਬਲ ਰਾਹੀਂ, “ਮਾਤਬਰ ਅਤੇ ਬੁੱਧਵਾਨ ਨੌਕਰ” ਰਾਹੀਂ, ਅਤੇ ਬਾਈਬਲ ਦੁਆਰਾ ਟ੍ਰੇਨ ਕੀਤੀ ਸਾਡੀ ਜ਼ਮੀਰ ਰਾਹੀਂ ਬੋਲਦੀ ਹੈ। (ਮੱਤੀ 24:45) ਇਸ ਲਈ ਮਸੀਹੀਆਂ ਨੂੰ ਸਵਰਗ ਤੋਂ ਇਕ ਅਸਲੀ ਆਵਾਜ਼ ਸੁਣਨ ਦੀ ਜ਼ਰੂਰਤ ਨਹੀਂ ਹੈ ਤਾਂਕਿ ਉਹ ਜਾਣਨ ਕਿ ਪਰਮੇਸ਼ੁਰ ਨੂੰ ਕਿਵੇਂ ਖ਼ੁਸ਼ ਕਰੀਦਾ ਹੈ। “ਉਸ ਸਿੱਖਿਆ ਲਈ ਦ੍ਰਿੜ੍ਹ ਰਹੋ ਜੋ ਭਗਤੀ ਦੇ ਅਨੁਸਾਰ ਹੈ” ਦੀ ਅਗਲੀ ਚਰਚਾ ਨੇ ਮਸੀਹੀਆਂ ਨੂੰ ਇਸ ਸੰਸਾਰ ਦੇ ਭ੍ਰਿਸ਼ਟ ਵਿਚਾਰਾਂ ਤੋਂ ਬੱਚ ਕੇ ਰਹਿਣ ਲਈ ਸਾਵਧਾਨ ਕੀਤਾ। ਧਰਮ-ਤਿਆਗੀ ਅਤੇ ਸ਼ਤਾਨ ਦੇ ਹੋਰ ਏਜੰਟ ਅਜਿਹੀ ਖ਼ਤਰਨਾਕ ਜਾਣਕਾਰੀ ਫੈਲਾਉਂਦੇ ਹਨ। ਅਸਲ ਵਿਚ ਬੇਕਾਬੂ ਜਿਗਿਆਸਾ ਦੁਆਰਾ ਸਾਡੇ ਉੱਤੇ ਨੁਕਸਾਨਦੇਹ ਅਸਰ ਪੈ ਸਕਦਾ ਹੈ। ਇਸ ਨਾਲੋਂ ਬਾਈਬਲ ਨਾਲੇ ਪਹਿਰਾਬੁਰਜ ਅਤੇ ਜਾਗਰੂਕ ਬਣੋ! ਵਿਚ ਪੇਸ਼ ਕੀਤੇ ਗਏ ਲੇਖਾਂ ਨੂੰ ਪੜ੍ਹਨਾ ਜ਼ਿਆਦਾ ਬਿਹਤਰ ਹੈ!
ਅਗਲੇ ਭਾਸ਼ਣ “ਖਰੀਆਂ ਗੱਲਾਂ ਦੇ ਨਮੂਨੇ ਨੂੰ ਫੜੀ ਰੱਖੋ” ਨੇ ਬਾਈਬਲ ਦੀ ਸੱਚਾਈ, ਜਾਂ “ਨਮੂਨੇ,” ਨਾਲ ਚੰਗੀ ਤਰ੍ਹਾਂ ਜਾਣਕਾਰ ਹੋਣ ਉੱਤੇ ਜ਼ੋਰ ਦਿੱਤਾ। (2 ਤਿਮੋਥਿਉਸ 1:13) ਇਸ ਨਮੂਨੇ ਨੂੰ ਫੜੀ ਰੱਖਣਾ ਸਿਰਫ਼ ਈਸ਼ਵਰੀ ਭਗਤੀ ਦੀ ਹੀ ਕੁੰਜੀ ਨਹੀਂ ਹੈ, ਪਰ ਉਨ੍ਹਾਂ ਗੱਲਾਂ ਦੀ ਵੀ ਪਛਾਣ ਕਰਨ ਦੀ ਕੁੰਜੀ ਹੈ ਜੋ ਸੱਚਾਈ ਅਨੁਸਾਰ ਨਹੀਂ ਹਨ।
ਜੇ ਯਹੋਵਾਹ ਸਾਨੂੰ ਮਨਭਾਉਂਦਾ ਵਿਚਾਰਦਾ, ਤਾਂ ਇਹ ਸਾਡੇ ਲਈ ਕਿੱਡਾ ਵੱਡਾ ਸਨਮਾਨ ਹੋਵੇ! ਹੱਜਈ ਦੀ ਭਵਿੱਖਬਾਣੀ ਉੱਤੇ ਆਧਾਰਿਤ, “ਯਹੋਵਾਹ ਦਾ ਭਵਨ ‘ਮਨਭਾਉਂਦੀਆਂ ਵਸਤਾਂ’ ਨਾਲ ਭਰ ਰਿਹਾ ਹੈ” ਭਾਸ਼ਣ ਨੇ ਸਾਰਿਆਂ ਦੀ ਨਿਹਚਾ ਵਧਾਈ ਕਿਉਂਕਿ ਉਸ ਨੇ ਸੁਣਨ ਵਾਲਿਆਂ ਨੂੰ ਹੌਸਲਾ ਦਿੱਤਾ ਕਿ “ਵੱਡੀ ਭੀੜ” ਦਾ ਹਰੇਕ ਮੈਂਬਰ ਯਹੋਵਾਹ ਨੂੰ ਸੱਚ-ਮੁੱਚ ਹੀ ਮਨਭਾਉਂਦਾ ਹੈ। (ਪਰਕਾਸ਼ ਦੀ ਪੋਥੀ 7:9) ਇਸ ਲਈ ‘ਵੱਡੇ ਕਸ਼ਟ’ ਦੌਰਾਨ ਕੌਮਾਂ ਨੂੰ ‘ਹਿਲਾਉਣ’ ਦੇ ਸਮੇਂ, ਯਹੋਵਾਹ ਉਨ੍ਹਾਂ ਨੂੰ ਬਚਾਵੇਗਾ। (ਹੱਜਈ 2:7, 21, 22; ਮੱਤੀ 24:21) ਪਰ ਭਾਸ਼ਣ ਵਿਚ ਸਮਝਾਇਆ ਗਿਆ ਸੀ ਕਿ ਇਸ ਸਮੇਂ ਦੌਰਾਨ ਯਹੋਵਾਹ ਦੇ ਲੋਕਾਂ ਨੂੰ ਰੂਹਾਨੀ ਤੌਰ ਤੇ ਸਾਵਧਾਨ ਰਹਿਣਾ ਚਾਹੀਦਾ ਹੈ, ਠੀਕ ਜਿਸ ਤਰ੍ਹਾਂ “ਭਵਿੱਖ-ਸੂਚਕ ਸ਼ਾਸਤਰਵਚਨ ਸਾਨੂੰ ਜਾਗਦੇ ਰਹਿਣ ਦੀ ਚੇਤਾਵਨੀ ਦਿੰਦੇ ਹਨ।” ਭਾਸ਼ਣਕਾਰ ਨੇ ਯਿਸੂ ਦੇ ਸ਼ਬਦਾਂ ਦਾ ਹਵਾਲਾ ਦਿੱਤਾ ਕਿ “ਜਾਗਦੇ ਰਹੋ ਕਿਉਂਕਿ ਤੁਸੀਂ ਨਹੀਂ ਜਾਣਦੇ ਜੋ ਤੁਹਾਡਾ ਪ੍ਰਭੁ ਕਿਹੜੇ ਦਿਨ ਆਉਂਦਾ ਹੈ।” (ਮੱਤੀ 24:42) ਅਸੀਂ ਰੂਹਾਨੀ ਤੌਰ ਤੇ ਕਿਸ ਤਰ੍ਹਾਂ ਚੌਕਸ ਰਹਿ ਸਕਦੇ ਹਾਂ? ਯਹੋਵਾਹ ਦੀ ਸੇਵਾ ਵਿਚ ਰੁੱਝੇ ਰਹਿ ਕੇ, ਲਗਾਤਾਰ ਪ੍ਰਾਰਥਨਾ ਕਰ ਕੇ, ਅਤੇ ਯਹੋਵਾਹ ਦੇ ਵੱਡੇ ਦਿਨ ਦੀ ਉਮੀਦ ਰੱਖ ਕੇ ਅਸੀਂ ਚੌਕਸ ਰਹਿ ਸਕਦੇ ਹਾਂ।
ਦਿਨ ਦਾ ਆਖ਼ਰੀ ਭਾਸ਼ਣ ਸੀ “ਅੰਤ ਦੇ ਸਮੇਂ ਵਿਚ ਅਗੰਮ ਵਾਕ।” ਇਹ ਭਾਸ਼ਣ ਬਹੁਤ ਸਾਲਾਂ ਲਈ ਯਾਦ ਰਹੇਗਾ। ਕਿਉਂ? ਕਿਉਂਕਿ ਭਾਸ਼ਣਕਾਰ ਨੇ ਦਾਨੀਏਲ ਦੀ ਭਵਿੱਖਬਾਣੀ ਵੱਲ ਧਿਆਨ ਦਿਓ! ਨਾਂ ਦੀ ਇਕ ਨਵੀਂ ਪੁਸਤਕ ਰਿਲੀਸ ਕੀਤੀ। ਭਾਸ਼ਣਕਾਰ ਨੇ ਕਿਹਾ ਕਿ “ਇਹ ਸੁੰਦਰ ਤਸਵੀਰਾਂ ਨਾਲ ਭਰੀ ਪੁਸਤਕ ਜਿਸ ਦੇ 320 ਸਫ਼ੇ ਹਨ, ਦਾਨੀਏਲ ਦੀ ਪੋਥੀ ਦੇ ਹਰ ਹਿੱਸੇ ਬਾਰੇ ਚਰਚਾ ਕਰਦੀ ਹੈ।” ਨਿਹਚਾ ਵਧਾਉਣ ਲਈ ਇਹ ਕਿੰਨਾ ਵੱਡਾ ਸਬੂਤ ਹੈ ਕਿ ਯਹੋਵਾਹ ਆਪਣੇ ਅਗੰਮ ਵਾਕ ਉੱਤੇ ਰੋਸ਼ਨੀ ਪਾ ਰਿਹਾ ਹੈ!
ਤੀਸਰਾ ਦਿਨ: ਪਰਮੇਸ਼ੁਰ ਦਾ ਅਗੰਮ ਵਾਕ ਕਦੀ ਨਹੀਂ ਅਸਫ਼ਲ ਹੁੰਦਾ
ਮਹਾਂ-ਸੰਮੇਲਨ ਦਾ ਆਖ਼ਰੀ ਦਿਨ “ਠਹਿਰਾਏ ਹੋਏ ਸਮੇਂ ਲਈ ਅਗੰਮ ਵਾਕ” ਭਾਸ਼ਣ-ਲੜੀ ਨਾਲ ਸ਼ੁਰੂ ਹੋਇਆ। ਇਸ ਦੇ ਤਿੰਨ ਹਿੱਸਿਆਂ ਵਿਚ ਹਬੱਕੂਕ ਨਬੀ ਦੀਆਂ ਯਹੋਵਾਹ ਵੱਲੋਂ ਤਿੰਨ ਸਜ਼ਾਵਾਂ
ਦੇ ਐਲਾਨਾਂ ਬਾਰੇ ਚਰਚਾ ਕੀਤੀ ਗਈ ਸੀ। ਪਹਿਲੀ ਸਜ਼ਾ ਵਿਗੜੇ ਹੋਏ ਯਹੂਦਾਹ ਦੇ ਖ਼ਿਲਾਫ਼ ਸੀ, ਅਤੇ ਦੂਜੀ ਸਜ਼ਾ ਅਤਿਆਚਾਰਪੂਰਣ ਬਾਬਲ ਖ਼ਿਲਾਫ਼ ਸੀ। ਅਖ਼ੀਰਲੀ ਸਜ਼ਾ ਜੋ ਹਾਲੇ ਪੂਰੀ ਨਹੀਂ ਹੋਈ, ਬਹੁਤ ਜਲਦੀ ਸਾਰੇ ਦੁਸ਼ਟ ਲੋਕਾਂ ਉੱਤੇ ਲਾਗੂ ਹੋਣੀ ਹੈ। ਆਰਮਾਗੇਡਨ ਦਾ ਜ਼ਿਕਰ ਕਰਦਿਆਂ, ਭਾਸ਼ਣ-ਲੜੀ ਦੇ ਅਖ਼ੀਰਲੇ ਭਰਾ ਨੇ ਆਪਣੇ ਸੁਣਨ ਵਾਲਿਆਂ ਵਿਚ ਈਸ਼ਵਰੀ ਭੈ ਪੈਦਾ ਕੀਤਾ ਜਦੋਂ ਉਸ ਨੇ ਕਿਹਾ ਕਿ “ਮੱਚ-ਮੁੱਚ ਹੀ, ਇਹ ਹੌਲਨਾਕ ਹੋਵੇਗਾ ਜਦੋਂ ਯਹੋਵਾਹ ਆਪਣੀ ਵੱਡੀ ਤਾਕਤ ਦਾ ਪੂਰਾ ਬਲ ਦਿਖਾਵੇਗਾ।”ਮਹਾਂ-ਸੰਮੇਲਨ ਦੇ ਪ੍ਰਭਾਵਸ਼ਾਲੀ ਬਾਈਬਲ ਡਰਾਮੇ ਦਾ ਨਾਂ ਸੀ “ਆਪਣੀ ਰੂਹਾਨੀ ਵਿਰਾਸਤ ਦੀ ਕਦਰ ਕਰੋ।” ਇਸ ਪੇਸ਼ਕਾਰੀ ਨੇ ਸਾਨੂੰ ਆਪਣੀ ਜ਼ਮੀਰ ਜਾਂਚਣ ਲਈ ਪ੍ਰੇਰਿਆ ਕਿ ਰੂਹਾਨੀ ਮਾਮਲਿਆਂ ਵਿਚ ਸਾਡਾ ਰਵੱਈਆ ਯਾਕੂਬ ਵਰਗਾ ਹੈ ਜਾਂ ਏਸਾਓ ਵਰਗਾ। ਏਸਾਓ ਨੂੰ ਆਪਣੀ ਰੂਹਾਨੀ ਵਿਰਾਸਤ ਨਾਲ ਇੰਨੀ ਘਿਰਣਾ ਸੀ ਕਿ ਉਹ ਯਾਕੂਬ ਨੂੰ ਦਿੱਤੀ ਗਈ ਜਿਸ ਨੇ ਉਸ ਦੀ ਬਹੁਤ ਕਦਰ ਕੀਤੀ। ਮਹਾਂ-ਸੰਮੇਲਨਾਂ ਤੇ ਹਾਜ਼ਰ ਭੈਣਾਂ-ਭਰਾਵਾਂ ਨੂੰ ਪੁੱਛਿਆ ਗਿਆ ਸੀ ਕਿ ‘ਯਹੋਵਾਹ ਨੇ ਸਾਨੂੰ ਕਿਹੜੀ ਰੂਹਾਨੀ ਵਿਰਾਸਤ ਦਿੱਤੀ ਹੈ?’ ਭਾਸ਼ਣਕਾਰ ਨੇ ਜਵਾਬ ਦਿੱਤਾ: “ਆਪਣੇ ਬਚਨ ਬਾਈਬਲ ਵਿੱਚੋਂ ਸੱਚਾਈ; ਸਦੀਪਕ ਜੀਵਨ ਦੀ ਉਮੀਦ; ਅਤੇ ਖ਼ੁਸ਼ੀ ਖ਼ਬਰੀ ਦੇ ਪ੍ਰਚਾਰਕਾਂ ਵਜੋਂ ਉਸ ਦੀ ਪ੍ਰਤਿਨਿਧਤਾ ਕਰਨ ਦਾ ਸਨਮਾਨ।”
ਅਗਲਾ ਭਾਸ਼ਣ ਸੀ “ਸਾਡੀ ਅਨਮੋਲ ਵਿਰਾਸਤ ਦੀ ਤੁਹਾਨੂੰ ਕਿੰਨੀ ਕਦਰ ਹੈ?” ਅਸੀਂ ਆਪਣੀ ਰੂਹਾਨੀ ਵਿਰਾਸਤ ਪ੍ਰਤੀ ਸਹੀ ਰਵੱਈਆ ਦਿਖਾਉਂਦੇ ਹਾਂ ਜਦੋਂ ਅਸੀਂ ਨਿੱਜੀ ਅਤੇ ਭੌਤਿਕ ਚੀਜ਼ਾਂ ਨਾਲੋਂ ਯਹੋਵਾਹ ਦੀ ਸੇਵਾ ਅਤੇ ਰੂਹਾਨੀ ਸਨਮਾਨਾਂ ਨੂੰ ਪਹਿਲਾ ਦਰਜਾ ਦਿੰਦੇ ਹਾਂ। ਇਸ ਤਰ੍ਹਾਂ ਅਸੀਂ ਜੀਵਨ ਦੇ ਹਰ ਕਦਮ ਤੇ ਯਹੋਵਾਹ ਨਾਲ ਆਪਣੇ ਰਿਸ਼ਤੇ ਬਾਰੇ ਸੋਚਦੇ ਹਾਂ। ਇਹ ਆਦਮ, ਏਸਾਓ, ਅਤੇ ਬੇਵਫ਼ਾ ਇਸਰਾਏਲੀ ਲੋਕਾਂ ਦੀ ਚਾਲ ਤੋਂ ਕਿੰਨਾ ਉਲਟ ਹੈ!
“ਜਿਵੇਂ ਪਹਿਲਾਂ ਦੱਸਿਆ ਗਿਆ ਸਭ ਕੁਝ ਨਵਾਂ ਬਣਾਉਣਾ” ਨਾਂ ਦੇ ਪਬਲਿਕ ਭਾਸ਼ਣ ਵਿਚ “ਨਵੇਂ ਅਕਾਸ਼” ਅਤੇ “ਨਵੀਂ ਧਰਤੀ” ਬਾਰੇ ਚਾਰ ਮੁੱਖ ਭਵਿੱਖਬਾਣੀਆਂ ਦੀ ਚਰਚਾ ਕੀਤੀ ਗਈ। (ਯਸਾਯਾਹ 65:17-25; 66:22-24; 2 ਪਤਰਸ 3:13; ਪਰਕਾਸ਼ ਦੀ ਪੋਥੀ 21:1, 3-5) ਸਪੱਸ਼ਟ ਤੌਰ ਤੇ, ਯਹੋਵਾਹ ਆਪਣੇ ਮੁੜ ਕੇ ਬਹਾਲ ਕੀਤੇ ਗਏ ਲੋਕਾਂ ਉੱਤੇ 537 ਸਾ.ਯੁ.ਪੂ. ਵਿਚ ਪੂਰੀਆਂ ਹੋਣ ਵਾਲੀਆਂ ਭਵਿੱਖਬਾਣੀਆਂ ਬਾਰੇ ਹੀ ਨਹੀਂ, ਪਰ ਉਹ ਇਨ੍ਹਾਂ ਦੀ ਵੱਡੀ ਪੂਰਤੀ ਬਾਰੇ ਵੀ ਸੋਚਦਾ ਸੀ। ਜੀ ਹਾਂ, ਉਸ ਦੇ ਮਨ ਵਿਚ ਰਾਜ ਸਰਕਾਰ (“ਨਵੇਂ ਅਕਾਸ਼”) ਸੀ ਅਤੇ ਧਰਤੀ ਉੱਤੇ ਉਸ ਦੀ ਪਰਜਾ (“ਨਵੀਂ ਧਰਤੀ”) ਸੀ, ਜੋ ਇਸ ਵਿਸ਼ਵ ਵਿਆਪੀ ਫਿਰਦੌਸ ਵਿਚ ਵਸੇਗੀ।
“ਸਾਡੀਆਂ ਉਮੀਦਾਂ, ਜਿਉਂ-ਜਿਉਂ ਪਰਮੇਸ਼ੁਰ ਦਾ ਬਚਨ ਸਾਡੀ ਅਗਵਾਈ ਕਰਦਾ ਹੈ” ਦੇ ਹੌਸਲਾ ਵਧਾਉਣ ਵਾਲੇ ਭਾਸ਼ਣ ਨਾਲ ਮਹਾਂ-ਸੰਮੇਲਨ ਸਮਾਪਤ ਹੋਇਆ। ਇਸ ਨੇ ਸਾਰਿਆਂ ਨੂੰ ਯਾਦ ਦਿਲਾਇਆ ਕਿ ਰਾਜ ਦੇ ਪ੍ਰਚਾਰ ਦਾ ਕੰਮ ਪੂਰਾ ਕਰਨ ਲਈ ਬਾਕੀ ਰਹਿੰਦਾ ‘ਸਮਾ ਘਟ ਹੈ।’ (1 ਕੁਰਿੰਥੀਆਂ 7:29) ਜੀ ਹਾਂ, ਅਸੀਂ ਉਸ ਘੜੀ ਤੇ ਪਹੁੰਚ ਗਏ ਹਾਂ ਜਦੋਂ ਸ਼ਤਾਨ ਅਤੇ ਉਸ ਦੀ ਸਾਰੀ ਦੁਸ਼ਟ ਵਿਵਸਥਾ ਦੇ ਵਿਰੁੱਧ ਯਹੋਵਾਹ ਦਾ ਹੁਕਮ ਪੂਰਾ ਹੋਵੇਗਾ। ਸਾਡਾ ਮਨੋਭਾਵ ਵੀ ਜ਼ਬੂਰਾਂ ਦੇ ਲਿਖਾਰੀ ਵਰਗਾ ਹੋਵੇ ਜਿਸ ਨੇ ਗੀਤ ਵਿਚ ਕਿਹਾ ਕਿ “ਸਾਡਾ ਜੀ ਯਹੋਵਾਹ ਦੀ ਉਡੀਕ ਕਰਦਾ ਹੈ, ਉਹੋ ਸਾਡਾ ਸਹਾਇਕ ਅਤੇ ਸਾਡੀ ਢਾਲ ਹੈ।” (ਜ਼ਬੂਰ 33:20) ਉਨ੍ਹਾਂ ਸਾਮ੍ਹਣੇ ਕਿੰਨਾ ਸ਼ਾਨਦਾਰ ਭਵਿੱਖ ਹੈ ਜੋ ਪਰਮੇਸ਼ੁਰ ਦੇ ਅਗੰਮ ਵਾਕ ਉੱਤੇ ਆਪਣੀਆਂ ਉਮੀਦਾਂ ਰੱਖਦੇ ਹਨ!
[ਸਫ਼ੇ 7 ਉੱਤੇ ਤਸਵੀਰ]
ਇਕ ਉਤੇਜਕ ਡਰਾਮੇ ਨੇ ਯਹੋਵਾਹ ਦੇ ਸੇਵਕਾਂ ਦੀ ਰੂਹਾਨੀ ਵਿਰਾਸਤ ਲਈ ਕਦਰ ਵਧਾਈ
[ਸਫ਼ੇ 7 ਉੱਤੇ ਤਸਵੀਰ]
ਪਰਮੇਸ਼ੁਰ ਦੇ ਅਗੰਮ ਵਾਕ ਵੱਲ ਧਿਆਨ ਦੇਣ ਵਾਲਿਆਂ ਅਨੇਕਾਂ ਨੇ ਬਪਤਿਸਮਾ ਲਿਆ