Skip to content

Skip to table of contents

ਮੁੱਖ ਪੰਨੇ ਤੋਂ

ਅਸਲੀ ਕਾਮਯਾਬੀ ਕੀ ਹੁੰਦੀ ਹੈ?

ਅਸਲੀ ਕਾਮਯਾਬੀ ਕੀ ਹੁੰਦੀ ਹੈ?

ਜੇ ਤੁਸੀਂ ਕਿਸੇ ਕੰਮ ਵਿਚ ਨਾਕਾਮਯਾਬ ਹੁੰਦੇ ਹੋ, ਤਾਂ ਤੁਸੀਂ ਕੀ ਕਰ ਸਕਦੇ ਹੋ? ਤੁਸੀਂ ਆਪਣੀਆਂ ਗ਼ਲਤੀਆਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰ ਸਕਦੇ ਹੋ। ਘੱਟੋ-ਘੱਟ ਤੁਸੀਂ ਆਪਣੀਆਂ ਗ਼ਲਤੀਆਂ ਤੋਂ ਸਿੱਖ ਕੇ ਅਗਲੀ ਵਾਰ ਧਿਆਨ ਨਾਲ ਕੰਮ ਕਰ ਸਕਦੇ ਹੋ।

ਪਰ ਨਾਕਾਮਯਾਬੀ ਤੋਂ ਵੀ ਜ਼ਿਆਦਾ ਬੁਰੀ ਗੱਲ ਕਿਹੜੀ ਹੋ ਸਕਦੀ ਹੈ? ਇਸ ਗ਼ਲਤਫ਼ਹਿਮੀ ਦਾ ਸ਼ਿਕਾਰ ਹੋਣਾ ਕਿ ਤੁਸੀਂ ਕਾਮਯਾਬ ਹੋ। ਤੁਹਾਨੂੰ ਸ਼ਾਇਦ ਲੱਗੇ ਕਿ ਤੁਸੀਂ ਜ਼ਿੰਦਗੀ ਵਿਚ ਤਰੱਕੀ ਦੀਆਂ ਪੌੜੀਆਂ ਚੜ੍ਹ ਰਹੇ ਹੋ, ਜਦ ਕਿ ਤੁਸੀਂ ਥੱਲੇ ਹੀ ਥੱਲੇ ਜਾ ਰਹੇ ਹੋ। ਜਦੋਂ ਤਕ ਤੁਹਾਨੂੰ ਅਹਿਸਾਸ ਹੁੰਦਾ ਹੈ ਕਿ ਤੁਹਾਨੂੰ ਖ਼ੁਦ ਨੂੰ ਬਦਲਣ ਦੀ ਲੋੜ ਹੈ, ਤਦ ਤਕ ਸ਼ਾਇਦ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ।

ਜ਼ਰਾ ਇਕ ਮਿਸਾਲ ’ਤੇ ਗੌਰ ਕਰੋ। ਇਕ ਵਾਰ ਯਿਸੂ ਨੇ ਕਿਹਾ ਸੀ: “ਕੀ ਫ਼ਾਇਦਾ ਜੇ ਇਨਸਾਨ ਸਾਰੀ ਦੁਨੀਆਂ ਨੂੰ ਖੱਟ ਲਵੇ, ਪਰ ਆਪਣੀ ਜਾਨ ਗੁਆ ਬੈਠੇ?” (ਮੱਤੀ 16:26) ਇਹ ਗੱਲ ਉਨ੍ਹਾਂ ਉੱਤੇ ਬਿਲਕੁਲ ਢੁਕਦੀ ਹੈ ਜੋ ਹਰ ਪਲ ਧਨ-ਦੌਲਤ ਕਮਾਉਣ ਅਤੇ ਐਵੇਂ ਚੀਜ਼ਾਂ ਇਕੱਠੀਆਂ ਕਰਨ ਵਿਚ ਲੱਗੇ ਰਹਿੰਦੇ ਹਨ। ਅਜਿਹੇ ਲੋਕਾਂ ਨੂੰ ਕਾਮਯਾਬ ਹੋਣ ਦੀ ਵੱਡੀ ਗ਼ਲਤਫ਼ਹਿਮੀ ਹੁੰਦੀ ਹੈ। ਕੈਰੀਅਰ ਬਾਰੇ ਇਕ ਸਲਾਹਕਾਰ ਟੌਮ ਡੈਨਹਮ ਲਿਖਦਾ ਹੈ: “ਹਰ ਵੇਲੇ ਪ੍ਰਮੋਸ਼ਨ ਲੈਣ, ਹੋਰ ਪੈਸੇ ਕਮਾਉਣ ਜਾਂ ਹੋਰ ਚੀਜ਼ਾਂ ਇਕੱਠੀਆਂ ਕਰਨ ਬਾਰੇ ਸੋਚੀ ਜਾਣ ਨਾਲ ਮਨ ਨੂੰ ਕਦੇ ਸੰਤੁਸ਼ਟੀ ਨਹੀਂ ਮਿਲਦੀ। ਜੇ ਤੁਹਾਡੀ ਨਜ਼ਰ ਵਿਚ ਬਹੁਤ ਸਾਰਾ ਪੈਸਾ ਹੋਣਾ ਹੀ ਕਾਮਯਾਬੀ ਦੀ ਨਿਸ਼ਾਨੀ ਹੈ, ਤਾਂ ਇਹ ਸੋਚਣਾ ਮੂਰਖਤਾਈ ਹੈ ਅਤੇ ਸਮੇਂ ਦੇ ਬੀਤਣ ਨਾਲ ਤੁਹਾਡੇ ਹੱਥ ਨਿਰਾਸ਼ਾ ਹੀ ਲੱਗੇਗੀ।”

ਅੱਜ ਬਹੁਤ ਸਾਰੇ ਲੋਕ ਇਸ ਗੱਲ ਨਾਲ ਸਹਿਮਤ ਹੋਣਗੇ। ਅਮਰੀਕਾ ਵਿਚ ਇਕ ਸਰਵੇ ਦੌਰਾਨ ਲੋਕਾਂ ਨੂੰ ਪੁੱਛਿਆ ਗਿਆ ਕਿ ਕਿਹੜੀਆਂ ਚੀਜ਼ਾਂ ਕਾਮਯਾਬ ਹੋਣ ਵਿਚ ਮਦਦ ਦਿੰਦੀਆਂ ਹਨ। ਹੈਰਾਨੀ ਦੀ ਗੱਲ ਹੈ ਕਿ ਲੋਕਾਂ ਦੇ ਜਵਾਬਾਂ ਦੇ ਆਧਾਰ ’ਤੇ ਜੋ ਲਿਸਟ ਬਣਾਈ ਗਈ, ਉਸ ਵਿਚ 22 ਚੀਜ਼ਾਂ ਵਿੱਚੋਂ “ਬਹੁਤ ਸਾਰਾ ਪੈਸਾ ਹੋਣਾ” 20ਵੇਂ ਨੰਬਰ ’ਤੇ ਆਇਆ। ਲੋਕਾਂ ਨੇ ਚੰਗੀ ਸਿਹਤ, ਚੰਗੇ ਰਿਸ਼ਤੇ-ਨਾਤਿਆਂ ਅਤੇ ਆਪਣੀ ਮਨਪਸੰਦ ਨੌਕਰੀ ਵਰਗੀਆਂ ਚੀਜ਼ਾਂ ਨੂੰ ਪਹਿਲ ਦਿੱਤੀ।

ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਬਹੁਤ ਸਾਰੇ ਲੋਕ ਦੇਖ ਸਕਦੇ ਹਨ ਕਿ ਸਹੀ ਮਾਅਨਿਆਂ ਵਿਚ ਕੌਣ ਕਾਮਯਾਬ ਹੈ ਅਤੇ ਕੌਣ ਨਹੀਂ। ਪਰ ਸਫ਼ਲਤਾ ਬਾਰੇ ਸਹੀ ਨਜ਼ਰੀਏ ਮੁਤਾਬਕ ਫ਼ੈਸਲੇ ਕਰਨੇ ਔਖੇ ਹੁੰਦੇ ਹਨ।