ਨੌਜਵਾਨ ਪੁੱਛਦੇ ਹਨ
ਮੀਟਿੰਗਾਂ ਤੇ ਕਿਉਂ ਜਾਈਏ?
ਕੀ ਤੁਸੀਂ ਮੀਟਿੰਗਾਂ ਜਾਣਾ ਪਸੰਦ ਕਰਦੇ ਹੋ?
ਹਾਂ → ਇਸ ਤਰ੍ਹਾਂ ਕਰਦੇ ਰਹੋ
ਨਹੀਂ → ਇਸ ਬਾਰੇ ਤੁਸੀਂ ਕੀ ਕਰ ਸਕਦੇ ਹੋ?
ਬਾਈਬਲ ਮਸੀਹੀਆਂ ਨੂੰ ਭਗਤੀ ਲਈ ਇਕੱਠੇ ਹੋਣ ਦਾ ਹੁਕਮ ਦਿੰਦੀ ਹੈ। (ਇਬਰਾਨੀਆਂ 10:25) ਪਰ ਫਿਰ ਕੀ ਜੇ ਤੁਹਾਨੂੰ ਮੀਟਿੰਗਾਂ ਵਿਚ ਮਜ਼ਾ ਨਹੀਂ ਆਉਂਦਾ? ਉਦੋਂ ਕੀ ਜੇ ਤੁਸੀਂ ਮੀਟਿੰਗ ਵਿਚ ਬੈਠਿਆਂ ਇਨ੍ਹਾਂ ਖ਼ਿਆਲਾਂ ਵਿਚ ਡੁੱਬ ਜਾਓ ਕਿ ਤੁਸੀਂ ਕੀ ਕਰ ਸਕਦੇ ਜੇ ਤੁਸੀਂ ਕਿਤੇ ਹੋਰ ਹੁੰਦੇ? ਹੇਠਾਂ ਦਿੱਤੇ ਸੁਝਾਵਾਂ ਵਿੱਚੋਂ ਇਕ-ਦੋ ਗੱਲਾਂ ਲਾਗੂ ਕਰ ਕੇ ਸੁਧਾਰ ਕਰਨ ਦੀ ਕੋਸ਼ਿਸ਼ ਕਰੋ।
1. ਲਗਾਤਾਰ ਜਾਓ
ਮੁੱਖ ਹਵਾਲਾ: “ਇਕ-ਦੂਜੇ ਨਾਲ ਇਕੱਠੇ ਹੋਣਾ ਨਾ ਛੱਡੀਏ, ਜਿਵੇਂ ਕਈਆਂ ਦੀ ਆਦਤ ਹੈ।”—ਇਬਰਾਨੀਆਂ 10:25.
ਜੇ ਤੁਸੀਂ ਮੀਟਿੰਗਾਂ ਤੇ ਜਾਣਾ ਪਸੰਦ ਨਹੀਂ ਕਰਦੇ, ਤਾਂ ਲਗਾਤਾਰ ਜਾਣ ਦਾ ਤੁਹਾਨੂੰ ਕੀ ਫ਼ਾਇਦਾ ਹੈ? ਸਿੱਧੀ ਗੱਲ ਹੈ ਕਿ ਮੀਟਿੰਗਾਂ ਤੇ ਜਾਣ ਨਾਲ ਹੀ ਤੁਸੀਂ ਇਨ੍ਹਾਂ ਨੂੰ ਪਸੰਦ ਕਰਨਾ ਸਿੱਖੋਗੇ! ਇਸ ਮਿਸਾਲ ’ਤੇ ਗੌਰ ਕਰੋ: ਤੁਸੀਂ ਕਿਸੇ ਖੇਡ ਦੇ ਵਧੀਆ ਖਿਡਾਰੀ ਕਿਵੇਂ ਬਣ ਸਕੋਗੇ ਜਾਂ ਉਸ ਖੇਡ ਦਾ ਜ਼ਿਆਦਾ ਆਨੰਦ ਕਿਵੇਂ ਮਾਣ ਸਕੋਗੇ ਜੇ ਤੁਸੀਂ ਕਦੇ-ਕਦੇ ਹੀ ਪ੍ਰੈਕਟਿਸ ਕਰਨ ਜਾਂਦੇ ਹੋ? ਇਹੀ ਗੱਲ ਮੀਟਿੰਗਾਂ ਤੇ ਵੀ ਲਾਗੂ ਹੁੰਦੀ ਹੈ। ਜਿੰਨਾ ਜ਼ਿਆਦਾ ਤੁਸੀਂ ਜਾਂਦੇ ਹੋ, ਉੱਨੀ ਜ਼ਿਆਦਾ ਪਰਮੇਸ਼ੁਰ ਦੀ ਭਗਤੀ ਕਰਨ ਦੀ ਤੁਹਾਡੀ ਇੱਛਾ ਵਧੇਗੀ। ਫਿਰ ਤੁਸੀਂ ਲਗਾਤਾਰ ਮੀਟਿੰਗਾਂ ਤੇ ਜਾਣਾ ਚਾਹੋਗੇ!—ਮੱਤੀ 5:3.
ਸੁਝਾਅ: ਹਰ ਮੀਟਿੰਗ ਤੋਂ ਬਾਅਦ ਘੱਟੋ-ਘੱਟ ਇਕ ਭਾਸ਼ਣਕਾਰ ਨੂੰ ਦੱਸੋ ਕਿ ਉਸ ਦੀ ਟਾਕ ਵਿੱਚੋਂ ਤੁਹਾਨੂੰ ਕਿਹੜੀ ਗੱਲ ਵਧੀਆ ਲੱਗੀ। ਫਿਰ ਡਾਇਰੀ ਵਿਚ ਲਿਖੋ ਕਿ ਮੀਟਿੰਗ ਤੋਂ ਤੁਹਾਨੂੰ ਕੀ ਫ਼ਾਇਦਾ ਹੋਇਆ। ਮੀਟਿੰਗਾਂ ਵਿਚ ਜ਼ਿਆਦਾਤਰ ਜਾਣਕਾਰੀ ਪ੍ਰਚਾਰ ਬਾਰੇ ਹੁੰਦੀ ਹੈ, ਇਸ ਲਈ ਤੁਸੀਂ ਆਪਣੇ ਵਿਸ਼ਵਾਸਾਂ ਬਾਰੇ ਦੂਜਿਆਂ ਨੂੰ ਹੋਰ ਵਧੀਆ ਤਰੀਕੇ ਨਾਲ ਦੱਸਣ ਦਾ ਟੀਚਾ ਰੱਖੋ। ਇਸ ਨਾਲ ਮੀਟਿੰਗਾਂ ਵਿਚ ਦੱਸੀ ਜਾਣਕਾਰੀ ਦਾ ਤੁਹਾਨੂੰ ਖ਼ੁਦ ਨੂੰ ਫ਼ਾਇਦਾ ਹੋਵੇਗਾ।
“ਛੋਟੇ ਹੁੰਦਿਆਂ ਤੋਂ ਮੈਨੂੰ ਸਿਖਾਇਆ ਗਿਆ ਸੀ ਕਿ ਮੀਟਿੰਗਾਂ ਤੇ ਜਾਣਾ ਜ਼ਰੂਰੀ ਹੈ। ਮੈਂ ਛੋਟੀ ਹੁੰਦੀ ਨੇ ਵੀ ਮੀਟਿੰਗ ਮਿੱਸ ਕਰਨ ਬਾਰੇ ਕਦੇ ਨਹੀਂ ਸੋਚਿਆ। ਹੁਣ ਵੀ ਮੈਂ ਇਸੇ ਤਰ੍ਹਾਂ ਸੋਚਦੀ ਹਾਂ।”—ਕੈਲਸੀ।
ਮੁੱਖ ਗੱਲ: ਜਿਹੜੇ ਲਗਾਤਾਰ ਮੀਟਿੰਗਾਂ ਤੇ ਜਾਂਦੇ ਹਨ, ਉਨ੍ਹਾਂ ਨੂੰ ਮੀਟਿੰਗਾਂ ਜ਼ਿਆਦਾ ਮਜ਼ੇਦਾਰ ਲੱਗਦੀਆਂ ਹਨ ਅਤੇ ਜ਼ਿਆਦਾ ਫ਼ਾਇਦਾ ਹੁੰਦਾ ਹੈ!
2. ਧਿਆਨ ਨਾਲ ਸੁਣੋ
ਮੁੱਖ ਹਵਾਲਾ: “ਧਿਆਨ ਨਾਲ ਸੁਣੋ।”—ਲੂਕਾ 8:18.
ਖੋਜਕਾਰਾਂ ਦੇ ਮੁਤਾਬਕ ਅਸੀਂ ਦਿਨ ਦੌਰਾਨ ਜੋ ਸੁਣਦੇ ਹਾਂ, ਦਿਨ ਪੂਰਾ ਹੋਣ ਤੇ ਉਸ ਵਿੱਚੋਂ 60% ਭੁੱਲ ਜਾਂਦੇ ਹਾਂ। ਜੇ ਤੁਹਾਡੇ ਪੈਸੇ ਇੰਨੀ ਜਲਦੀ ਖ਼ਤਮ ਹੋ ਜਾਣ, ਤਾਂ ਕੀ ਤੁਸੀਂ ਉਨ੍ਹਾਂ ਨੂੰ ਬਚਾਉਣ ਲਈ ਕੁਝ ਨਹੀਂ ਕਰੋਗੇ?
ਸੁਝਾਅ: ਆਪਣੇ ਮਾਪਿਆਂ ਨਾਲ ਕਿੰਗਡਮ ਹਾਲ ਵਿਚ ਮੋਹਰਲੀਆਂ ਸੀਟਾਂ ’ਤੇ ਬੈਠੋ ਜਿੱਥੇ ਤੁਹਾਡਾ ਧਿਆਨ ਭੰਗ ਹੋਣ ਦੀ ਘੱਟ ਸੰਭਾਵਨਾ ਹੈ। ਨੋਟ ਲਿਖੋ। ਸਾਰਿਆਂ ਦੇ ਸਿੱਖਣ ਦੇ ਵੱਖੋ-ਵੱਖਰੇ ਤਰੀਕੇ ਹਨ, ਪਰ ਜੇ ਤੁਸੀਂ ਨੋਟ ਲਿਖੋ, ਤਾਂ ਤੁਸੀਂ ਭਾਸ਼ਣਕਾਰ ਦੀ ਗੱਲ ਧਿਆਨ ਨਾਲ ਸੁਣ ਸਕੋਗੇ ਅਤੇ ਬਾਅਦ ਵਿਚ ਤੁਸੀਂ ਇਨ੍ਹਾਂ ਨੋਟਸ ਨੂੰ ਦੁਬਾਰਾ ਦੇਖ ਸਕਦੇ ਹੋ।
“ਮੀਟਿੰਗਾਂ ਵਿਚ ਧਿਆਨ ਨਾਲ ਸੁਣਨਾ ਮੈਨੂੰ ਪਹਿਲਾਂ ਮੁਸ਼ਕਲ ਲੱਗਦਾ ਸੀ, ਪਰ ਹੁਣ ਇਸ ਤਰ੍ਹਾਂ ਨਹੀਂ ਹੈ। ਮੈਂ ਇਹ ਗੱਲ ਧਿਆਨ ਵਿਚ ਰੱਖਣ ਦੀ ਕੋਸ਼ਿਸ਼ ਕਰਦੀ ਹਾਂ ਕਿ ਮੈਂ ਮੀਟਿੰਗਾਂ ਤੇ ਕਿਉਂ ਜਾਂਦੀ ਹਾਂ। ਇਹ ਚਰਚ ਜਾਣ ਵਾਂਗ ਕੋਈ ਰੀਤ ਨਹੀਂ ਹੈ। ਮੈਂ ਮੀਟਿੰਗਾਂ ਤੇ ਪਰਮੇਸ਼ੁਰ ਦੀ ਭਗਤੀ ਕਰਨ ਅਤੇ ਕੁਝ ਸਿੱਖਣ ਜਾਂਦੀ ਹਾਂ ਜੋ ਮੈਂ ਆਪਣੀ ਜ਼ਿੰਦਗੀ ਵਿਚ ਲਾਗੂ ਕਰ ਸਕਦੀ ਹਾਂ।”—ਕੈਥਲੀਨ।
ਮੁੱਖ ਗੱਲ: ਮੀਟਿੰਗਾਂ ਤੇ ਜਾ ਕੇ ਜੇ ਅਸੀਂ ਧਿਆਨ ਨਾਲ ਨਾ ਸੁਣੀਏ, ਤਾਂ ਇਹ ਦਾਅਵਤ ਵਿਚ ਜਾ ਕੇ ਕੁਝ ਨਾ ਖਾਣ ਦੇ ਬਰਾਬਰ ਹੈ।
3. ਹਿੱਸਾ ਲਓ
ਮੁੱਖ ਹਵਾਲਾ: “ਜਿਸ ਤਰ੍ਹਾਂ ਲੋਹਾ, ਲੋਹੇ ਨੂੰ ਤੇਜ ਕਰਦਾ ਹੈ, ਉਸੇ ਤਰ੍ਹਾਂ ਮਨੁੱਖ, ਮਨੁੱਖ ਨੂੰ ਸਿਖਾ ਸਕਦਾ ਹੈ।”—ਕਹਾਉਤਾਂ 27:17, CL.
ਨੌਜਵਾਨ ਵਜੋਂ ਤੁਸੀਂ ਮੀਟਿੰਗਾਂ ਵਿਚ ਅਹਿਮ ਭੂਮਿਕਾ ਨਿਭਾਉਂਦੇ ਹੋ। ਇਹ ਕਦੇ ਨਾ ਸੋਚੋ ਕਿ ਮੀਟਿੰਗਾਂ ਵਿਚ ਤੁਹਾਡੇ ਆਉਣ ਦਾ ਅਤੇ ਸਵਾਲ-ਜਵਾਬ ਦੇ ਭਾਗ ਵਿਚ ਤੁਹਾਡੀਆਂ ਟਿੱਪਣੀਆਂ ਜਾਂ ਭੈਣਾਂ-ਭਰਾਵਾਂ ਨਾਲ ਸੰਗਤ ਕਰਨ ਦਾ ਕਿਸੇ ਨੂੰ ਇੰਨਾ ਫ਼ਾਇਦਾ ਨਹੀਂ ਹੁੰਦਾ।
ਸੁਝਾਅ: ਸਵਾਲ-ਜਵਾਬ ਦੇ ਭਾਗ ਵਿਚ ਘੱਟੋ-ਘੱਟ ਇਕ ਟਿੱਪਣੀ ਕਰਨ ਦਾ ਟੀਚਾ ਰੱਖੋ। ਹਾਲ ਦੀ ਸਫ਼ਾਈ ਕਰਨ ਜਾਂ ਮੀਟਿੰਗਾਂ ਤੋਂ ਪਹਿਲਾਂ, ਦੌਰਾਨ ਜਾਂ ਬਾਅਦ ਵਿਚ ਕੋਈ ਹੋਰ ਕੰਮ ਕਰਨ ਵਿਚ ਮਦਦ ਕਰੋ। ਕਿਸੇ ਅਜਿਹੇ ਭਰਾ ਜਾਂ ਭੈਣ ਨਾਲ ਗੱਲ ਕਰੋ ਜਿਸ ਨਾਲ ਤੁਹਾਨੂੰ ਗੱਲ ਕਰਨ ਦਾ ਆਮ ਤੌਰ ਤੇ ਮੌਕਾ ਨਹੀਂ ਮਿਲਦਾ।
“ਜਦੋਂ ਮੈਂ 14-15 ਸਾਲਾਂ ਦਾ ਸੀ, ਤਾਂ ਮੈਂ ਮੀਟਿੰਗਾਂ ਵਿਚ ਮਾਈਕ੍ਰੋਫ਼ੋਨ ਦੀ ਡਿਊਟੀ ਨਿਭਾਉਂਦਾ ਸੀ ਤੇ ਪਲੇਟਫਾਰਮ ਤਿਆਰ ਕਰਦਾ ਸੀ। ਇਨ੍ਹਾਂ ਜ਼ਿੰਮੇਵਾਰੀਆਂ ਕਰਕੇ ਮੈਨੂੰ ਲੱਗਦਾ ਸੀ ਕਿ ਭੈਣਾਂ-ਭਰਾਵਾਂ ਨੂੰ ਮੇਰੀ ਜ਼ਰੂਰਤ ਹੈ ਅਤੇ ਇਸ ਤੋਂ ਮੈਨੂੰ ਮੀਟਿੰਗਾਂ ਤੇ ਆਉਣ ਅਤੇ ਸਮੇਂ-ਸਿਰ ਪਹੁੰਚਣ ਦੀ ਪ੍ਰੇਰਣਾ ਮਿਲਦੀ ਸੀ। ਇਸ ਕਾਰਨ ਮੈਨੂੰ ਪਰਮੇਸ਼ੁਰੀ ਗੱਲਾਂ ਵਿਚ ਜ਼ਿਆਦਾ ਰੁਚੀ ਰੱਖਣ ਵਿਚ ਮਦਦ ਮਿਲੀ।”—ਮਾਈਲਜ਼।
ਮੁੱਖ ਗੱਲ: ਮੀਟਿੰਗਾਂ ਵਿਚ ਬੈਠਣ ਦੀ ਬਜਾਇ ਕੁਝ ਕਰੋ! ਮੀਟਿੰਗਾਂ ਵਿਚ ਹਿੱਸਾ ਲੈਣ ਨਾਲ ਤੁਹਾਨੂੰ ਜ਼ਿਆਦਾ ਫ਼ਾਇਦਾ ਹੋਵੇਗਾ ਜਿਵੇਂ ਖੇਡ ਖੇਡਣ ਨਾਲ ਜ਼ਿਆਦਾ ਮਜ਼ਾ ਆਉਂਦਾ ਹੈ ਨਾ ਕਿ ਸਿਰਫ਼ ਦੇਖਣ ਨਾਲ। (g12-E 04)
“ਨੌਜਵਾਨ ਪੁੱਛਦੇ ਹਨ” ਲੇਖਾਂ ਦੀ ਲੜੀ ਦੇ ਹੋਰ ਲੇਖ ਇਸ ਵੈੱਬ-ਸਾਈਟ ’ਤੇ ਦਿੱਤੇ ਗਏ ਹਨ: www.watchtower.org/ype
[ਸਫ਼ਾ 27 ਉੱਤੇ ਡੱਬੀ/ਤਸਵੀਰਾਂ]
ਤੁਹਾਨੂੰ ਸੱਦਾ ਦਿੱਤਾ ਜਾਂਦਾ ਹੈ!
ਕੀ ਤੁਸੀਂ
● ਪਰਮੇਸ਼ੁਰ ਬਾਰੇ ਸੱਚਾਈ ਸਿੱਖਣੀ ਚਾਹੁੰਦੇ ਹੋ?
● ਬਿਹਤਰ ਇਨਸਾਨ ਬਣਨਾ ਚਾਹੁੰਦੇ ਹੋ?
● ਸਭ ਤੋਂ ਵਧੀਆ ਦੋਸਤ ਬਣਾਉਣੇ ਚਾਹੁੰਦੇ ਹੋ?
ਯਹੋਵਾਹ ਦੇ ਗਵਾਹਾਂ ਦੀਆਂ ਮੀਟਿੰਗਾਂ ਤੇ ਆ ਕੇ ਤੁਸੀਂ ਇਹ ਗੱਲਾਂ ਅਤੇ ਹੋਰ ਬਹੁਤ ਕੁਝ ਸਿੱਖ ਸਕਦੇ ਹੋ! ਯਹੋਵਾਹ ਦੇ ਗਵਾਹ ਹਫ਼ਤੇ ਵਿਚ ਦੋ ਵਾਰ ਆਪਣੇ ਕਿੰਗਡਮ ਹਾਲਾਂ ਵਿਚ ਭਗਤੀ ਕਰਨ ਲਈ ਇਕੱਠੇ ਹੁੰਦੇ ਹਨ। ਉੱਥੇ ਪੈਸੇ ਨਹੀਂ ਮੰਗੇ ਜਾਂਦੇ ਅਤੇ ਸਾਰਿਆਂ ਦਾ ਹਮੇਸ਼ਾ ਨਿੱਘਾ ਸੁਆਗਤ ਕੀਤਾ ਜਾਂਦਾ ਹੈ।
ਇਸ ਮੌਕੇ ਨੂੰ ਹੱਥੋਂ ਨਾ ਗੁਆਓ! ਕਿੰਗਡਮ ਹਾਲ ਕਿਸੇ ਚਰਚ ਵਰਗਾ ਨਹੀਂ ਹੈ। ਯਹੋਵਾਹ ਦੇ ਗਵਾਹਾਂ ਦੀਆਂ ਮੀਟਿੰਗਾਂ ਵਿਚ ਬਾਈਬਲ ਦੀ ਸਿੱਖਿਆ ਉੱਤੇ ਜ਼ੋਰ ਦਿੱਤਾ ਜਾਂਦਾ ਹੈ। ਪਰਮੇਸ਼ੁਰ ਦੇ ਬਚਨ ਵਿੱਚੋਂ ਤੁਸੀਂ ਸਿੱਖੋਗੇ ਕਿ ਜ਼ਿੰਦਗੀ ਜੀਉਣ ਦਾ ਸਭ ਤੋਂ ਵਧੀਆ ਤਰੀਕਾ ਕਿਹੜਾ ਹੈ!—ਬਿਵਸਥਾ ਸਾਰ 31:12; ਯਸਾਯਾਹ 48:17.
ਸਾਈ—ਜਦ ਮੈਂ ਪਹਿਲੀ ਵਾਰ ਕਿੰਗਡਮ ਹਾਲ ਵਿਚ ਗਿਆ, ਤਾਂ ਮੈਂ ਹੈਰਾਨ ਹੋਇਆ ਕਿ ਉੱਥੇ ਕੋਈ ਮੂਰਤੀਆਂ ਨਹੀਂ ਸਨ, ਕਿਸੇ ਨੇ ਪਾਦਰੀ ਵਰਗੇ ਕੱਪੜੇ ਨਹੀਂ ਪਹਿਨੇ ਸਨ ਅਤੇ ਨਾ ਹੀ ਕਿਸੇ ਨੇ ਮੈਨੂੰ ਪੈਸੇ ਦਾਨ ਕਰਨ ਲਈ ਕਿਹਾ। ਸਾਰਿਆਂ ਨੇ ਮੇਰਾ ਸੁਆਗਤ ਕੀਤਾ ਅਤੇ ਮੈਨੂੰ ਕੋਈ ਡਰ ਨਹੀਂ ਲੱਗਾ। ਮੀਟਿੰਗ ਵਿਚ ਜੋ ਦੱਸਿਆ ਗਿਆ ਸੀ, ਉਸ ਨੂੰ ਮੈਂ ਸਮਝ ਸਕਿਆ ਅਤੇ ਇਹ ਵਧੀਆ ਗੱਲਾਂ ਸਨ। ਇਹ ਉਹ ਸੱਚਾਈ ਸੀ ਜਿਸ ਦੀ ਮੈਂ ਭਾਲ ਕਰ ਰਿਹਾ ਸੀ!
ਡੇਆਨੀਰਾ—ਮੈਂ 14 ਸਾਲਾਂ ਦੀ ਸੀ ਜਦੋਂ ਮੈਂ ਪਹਿਲੀ ਵਾਰ ਯਹੋਵਾਹ ਦੇ ਗਵਾਹਾਂ ਦੀ ਮੀਟਿੰਗ ਤੇ ਗਈ। ਪਹੁੰਚਦਿਆਂ ਹੀ ਸਾਰਿਆਂ ਨੇ ਮੇਰਾ ਸੁਆਗਤ ਕੀਤਾ। ਮੈਨੂੰ ਦੇਖ ਕੇ ਉਹ ਬਹੁਤ ਖ਼ੁਸ਼ ਸਨ ਅਤੇ ਉਨ੍ਹਾਂ ਨੇ ਦਿਲੋਂ ਮੇਰੇ ਵਿਚ ਦਿਲਚਸਪੀ ਲਈ। ਇਸ ਵਧੀਆ ਤਜਰਬੇ ਕਰਕੇ ਮੈਂ ਦੁਬਾਰਾ ਜਾਣ ਤੋਂ ਹਿਚਕਿਚਾਈ ਨਹੀਂ!
[ਸਫ਼ਾ 28 ਉੱਤੇ ਡੱਬੀ/ਤਸਵੀਰਾਂ]
ਦੇਖੋ ਕਿ ਅਗਲੀ ਮੀਟਿੰਗ ਵਿਚ ਕਿਹੜੀ ਜਾਣਕਾਰੀ ਪੇਸ਼ ਕੀਤੀ ਜਾਵੇਗੀ। ਪ੍ਰੋਗ੍ਰਾਮ ਦਾ ਇਕ ਭਾਸ਼ਣ ਚੁਣੋ ਜਿਸ ਵਿਚ ਤੁਹਾਨੂੰ ਦਿਲਚਸਪੀ ਹੈ ਅਤੇ . . .
ਕੱਟੋ ਅਤੇ ਕਾਪੀ ਕਰੋ
ਮੀਟਿੰਗ ਜਾਣ ਤੋਂ ਪਹਿਲਾਂ ਹੇਠਲੀਆਂ ਡੱਬੀਆਂ ਭਰੋ।
ਭਾਸ਼ਣ ਦਾ ਵਿਸ਼ਾ:
․․․․․
⇩
ਮੈਂ ਇਸ ਵਿਸ਼ੇ ਬਾਰੇ ਕੀ ਜਾਣਨਾ ਚਾਹੁੰਦਾ ਹਾਂ:
․․․․․
ਭਾਸ਼ਣ ਸੁਣਨ ਤੋਂ ਬਾਅਦ ਹੇਠਲੀਆਂ ਡੱਬੀਆਂ ਭਰੋ।
ਮੈਂ ਕੀ ਸਿੱਖਿਆ:
․․․․․
⇩
ਮੈਂ ਭਾਸ਼ਣਕਾਰ ਨੂੰ ਕਿਹੜੀ ਗੱਲ ਦੱਸਾਂ ਜੋ ਉਸ ਦੇ ਭਾਸ਼ਣ ਵਿੱਚੋਂ ਮੈਨੂੰ ਚੰਗੀ ਲੱਗੀ:
․․․․․