ਬਾਈਬਲ ਕੀ ਕਹਿੰਦੀ ਹੈ
ਦੂਜਿਆਂ ਦੀ ਤਾਰੀਫ਼ ਕਿਉਂ ਕਰੀਏ?
ਕਈ ਲੋਕਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਜਤਨਾਂ ਵੱਲ ਕੋਈ ਧਿਆਨ ਨਹੀਂ ਦਿੰਦਾ। ਮਿਸਾਲ ਲਈ, ਕਾਮੇ ਅਕਸਰ ਇਹ ਸ਼ਿਕਾਇਤ ਕਰਦੇ ਹਨ ਕਿ ਉਨ੍ਹਾਂ ਦੇ ਮਾਲਕ ਉਨ੍ਹਾਂ ਦੀ ਸ਼ਲਾਘਾ ਨਹੀਂ ਕਰਦੇ। ਬਹੁਤ ਸਾਰੇ ਵਿਆਹੇ ਜੋੜੇ ਕਹਿੰਦੇ ਹਨ ਕਿ ਉਨ੍ਹਾਂ ਦੇ ਸਾਥੀ ਉਨ੍ਹਾਂ ਦੀ ਕਦਰ ਨਹੀਂ ਕਰਦੇ। ਅਤੇ ਕੁਝ ਬੱਚੇ ਸੋਚਦੇ ਹਨ ਕਿ ਉਹ ਆਪਣੇ ਮਾਪਿਆਂ ਦੀਆਂ ਉਮੀਦਾਂ ’ਤੇ ਕਦੇ ਪੂਰੇ ਨਹੀਂ ਉੱਤਰਨਗੇ। ਇਸ ਵਿਚ ਕੋਈ ਸ਼ੱਕ ਨਹੀਂ ਕਿ ਜੇ ਅਸੀਂ ਸਮੇਂ-ਸਮੇਂ ਤੇ ਦੂਸਰਿਆਂ ਦੀ ਤਾਰੀਫ਼ ਕਰੀਏ, ਤਾਂ ਉਹ ਇਸ ਤਰ੍ਹਾਂ ਮਹਿਸੂਸ ਨਹੀਂ ਕਰਨਗੇ।
ਅੱਜ ਦੁਨੀਆਂ ਵਿਚ ਬਹੁਤ ਘੱਟ ਲੋਕ ਦੂਸਰਿਆਂ ਦੀ ਦਿਲੋਂ ਤਾਰੀਫ਼ ਕਰਦੇ ਹਨ। ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿਉਂਕਿ ਬਾਈਬਲ ਵਿਚ ਪਹਿਲਾਂ ਹੀ ਦੱਸਿਆ ਸੀ ਕਿ ‘ਆਖ਼ਰੀ ਦਿਨ ਖ਼ਾਸ ਤੌਰ ਤੇ ਮੁਸੀਬਤਾਂ ਨਾਲ ਭਰੇ ਹੋਣਗੇ ਅਤੇ ਇਨ੍ਹਾਂ ਦਾ ਸਾਮ੍ਹਣਾ ਕਰਨਾ ਬਹੁਤ ਮੁਸ਼ਕਲ ਹੋਵੇਗਾ। ਕਿਉਂਕਿ ਲੋਕ ਸੁਆਰਥੀ, ਨਾਸ਼ੁਕਰੇ ਅਤੇ ਵਿਸ਼ਵਾਸਘਾਤੀ’ ਹੋਣਗੇ।—2 ਤਿਮੋਥਿਉਸ 3:1, 2.
ਕੀ ਤੁਹਾਡੀ ਕਦੇ ਕਿਸੇ ਨੇ ਦਿਲੋਂ ਸ਼ਲਾਘਾ ਕੀਤੀ ਹੈ? ਤਾਂ ਫਿਰ ਤੁਸੀਂ ਸਮਝ ਸਕਦੇ ਹੋ ਕਿ ਕਿਸੇ ਦੀ ਸ਼ਲਾਘਾ ਕਰਨ ਨਾਲ ਉਸ ਦਾ ਹੌਸਲਾ ਕਿੰਨਾ ਵਧ ਸਕਦਾ ਹੈ ਅਤੇ ਉਸ ਨੂੰ ਕਿੰਨੀ ਖ਼ੁਸ਼ੀ ਮਿਲ ਸਕਦੀ ਹੈ। ਬਾਈਬਲ ਕਹਿੰਦੀ ਹੈ: “ਜਿਹੜਾ ਬਚਨ ਵੇਲੇ ਸਿਰ ਕਹੀਦਾ ਹੈ ਉਹ ਕਿਹਾ ਚੰਗਾ ਲੱਗਦਾ ਹੈ!” (ਕਹਾਉਤਾਂ 15:23) ਦੂਸਰਿਆਂ ਨਾਲ ਪਿਆਰ ਨਾਲ ਪੇਸ਼ ਆਉਣ ਵਿਚ ਬਾਈਬਲ ਸਾਡੀ ਮਦਦ ਕਰ ਸਕਦੀ ਹੈ।
ਦੂਜਿਆਂ ਦੀਆਂ ਖੂਬੀਆਂ ਦੇਖੋ
ਪਰਮੇਸ਼ੁਰ ਸਾਡੇ ਵਿਚ ਗਹਿਰੀ ਦਿਲਚਸਪੀ ਰੱਖਦਾ ਹੈ, ਇਸ ਲਈ ਉਹ ਸਾਡੇ ਚੰਗੇ ਗੁਣਾਂ ਅਤੇ ਕੰਮਾਂ ਵੱਲ ਧਿਆਨ ਦਿੰਦਾ ਹੈ ਅਤੇ ਉਨ੍ਹਾਂ ਦੀ ਕਦਰ ਵੀ ਕਰਦਾ ਹੈ। ਬਾਈਬਲ ਸਾਨੂੰ ਭਰੋਸਾ ਦਿਵਾਉਂਦੀ ਹੈ: “ਯਹੋਵਾਹ ਦੀਆਂ ਅੱਖਾਂ ਤਾਂ ਸਾਰੀ ਧਰਤੀ ਉੱਤੇ ਫਿਰਦੀਆਂ ਹਨ ਤਾਂ ਜੋ ਉਹ ਉਨ੍ਹਾਂ ਦੀ ਸਹਾਇਤਾ ਲਈ ਜਿਨ੍ਹਾਂ ਦਾ ਦਿਲ ਉਸ ਉੱਤੇ ਪੂਰਨ ਨਿਹਚਾ ਰੱਖਦਾ ਹੈ ਆਪਣੇ ਆਪ ਨੂੰ ਸਮਰਥ ਵਿਖਾਵੇ।” (2 ਇਤਹਾਸ 16:9) ਜਦੋਂ ਅਸੀਂ ਪਰਮੇਸ਼ੁਰ ਦੇ ਹੁਕਮਾਂ ਨੂੰ ਮੰਨ ਕੇ ਉਸ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਾਂ, ਤਾਂ ਉਹ ਕਦੇ ਸਾਨੂੰ ਨਜ਼ਰਅੰਦਾਜ਼ ਨਹੀਂ ਕਰੇਗਾ।
ਯਹੋਵਾਹ ਪਰਮੇਸ਼ੁਰ ਸਾਡੇ ਵਿਚ ਕਮੀਆਂ-ਕਮਜ਼ੋਰੀਆਂ ਲੱਭਣ ਦੀ ਕੋਸ਼ਿਸ਼ ਨਹੀਂ ਕਰਦਾ। ਜੇ ਉਹ ਇਸ ਤਰ੍ਹਾਂ ਕਰਦਾ, ਤਾਂ ਸਾਡੇ ਵਿੱਚੋਂ ਕੋਈ ਵੀ ਉਸ ਦੇ ਸਾਮ੍ਹਣੇ ਨਿਰਦੋਸ਼ ਨਾ ਖੜ੍ਹ ਸਕਦਾ। (ਜ਼ਬੂਰਾਂ ਦੀ ਪੋਥੀ 130:3) ਇਸ ਦੀ ਬਜਾਇ, ਯਹੋਵਾਹ ਇਕ ਖਾਣਾਂ ਖੋਦਣ ਵਾਲੇ ਇਨਸਾਨ ਵਰਗਾ ਹੈ ਜੋ ਧੀਰਜ ਨਾਲ ਪੱਥਰਾਂ ਦੇ ਢੇਰ ਵਿੱਚੋਂ ਕੀਮਤੀ ਹੀਰਿਆਂ ਦੀ ਤਲਾਸ਼ ਕਰਦਾ ਹੈ। ਜਦੋਂ ਖੋਦਣ ਵਾਲੇ ਨੂੰ ਇਕ ਹੀਰਾ ਮਿਲ ਜਾਂਦਾ ਹੈ, ਤਾਂ ਉਹ ਬੜਾ ਖ਼ੁਸ਼ ਹੁੰਦਾ ਹੈ। ਇਹ ਅਣਘੜ ਹੀਰਾ ਪਹਿਲਾਂ-ਪਹਿਲਾਂ ਕੀਮਤੀ ਨਜ਼ਰ ਨਹੀਂ ਆਉਂਦਾ, ਪਰ ਖੋਦਣ ਵਾਲਾ ਇਸ ਦੀ ਕੀਮਤ ਪਛਾਣ ਸਕਦਾ ਹੈ। ਇਸੇ ਤਰ੍ਹਾਂ ਪਰਮੇਸ਼ੁਰ ਸਾਡੇ ਦਿਲ ਦੀ ਜਾਂਚ ਕਰਦਾ ਹੈ। ਉਹ ਸਾਡੀਆਂ ਗ਼ਲਤੀਆਂ ਨਹੀਂ, ਸਗੋਂ ਸਾਡੇ ਵਿਚ ਚੰਗੇ ਗੁਣਾਂ ਦੀ ਭਾਲ ਕਰਦਾ ਹੈ। ਜਦੋਂ ਉਹ ਸਾਡੇ ਵਿਚ ਚੰਗੇ ਗੁਣ ਦੇਖਦਾ ਹੈ, ਤਾਂ ਉਸ ਨੂੰ ਬਹੁਤ ਖ਼ੁਸ਼ੀ ਹੁੰਦੀ ਹੈ। ਯਹੋਵਾਹ ਜਾਣਦਾ ਹੈ ਕਿ ਜੇ ਅਸੀਂ ਆਪਣੇ ਗੁਣਾਂ ਨੂੰ ਨਿਖਾਰਦੇ ਰਹੀਏ, ਤਾਂ ਅਸੀਂ ਉਸ ਦੇ ਵਫ਼ਾਦਾਰ ਸੇਵਕ ਬਣ ਸਕਦੇ ਹਾਂ ਅਤੇ ਇਸ ਤਰ੍ਹਾਂ ਅਸੀਂ ਉਸ ਦੀਆਂ ਨਜ਼ਰਾਂ ਵਿਚ ਬਹੁਮੁੱਲੇ ਹੋਵਾਂਗੇ।
ਅਸੀਂ ਪਰਮੇਸ਼ੁਰ ਦੀ ਮਿਸਾਲ ਤੋਂ ਵਧੀਆ ਸਬਕ ਸਿੱਖ ਸਕਦੇ ਹਾਂ। ਦੂਸਰਿਆਂ ਵੱਲ ਦੇਖ ਕੇ ਸ਼ਾਇਦ ਅਸੀਂ ਮੱਲੋ-ਮੱਲੀ ਉਨ੍ਹਾਂ ਦੀਆਂ ਕਮੀਆਂ-ਕਮਜ਼ੋਰੀਆਂ ਵੱਲ ਧਿਆਨ ਦੇਣ ਲੱਗ ਪਈਏ। ਪਰ ਜੇ ਅਸੀਂ ਦੂਸਰਿਆਂ ਨੂੰ ਯਹੋਵਾਹ ਦੇ ਨਜ਼ਰੀਏ ਤੋਂ ਦੇਖੀਏ, ਤਾਂ ਅਸੀਂ ਉਨ੍ਹਾਂ ਦੀਆਂ ਖੂਬੀਆਂ ਦੇਖਣ ਦੀ ਕੋਸ਼ਿਸ਼ ਕਰਾਂਗੇ। (ਜ਼ਬੂਰਾਂ ਦੀ ਪੋਥੀ 103:8-11, 17, 18) ਜਦੋਂ ਅਸੀਂ ਉਨ੍ਹਾਂ ਦੀਆਂ ਖੂਬੀਆਂ ਦੇਖਦੇ ਹਾਂ, ਤਾਂ ਅਸੀਂ ਉਨ੍ਹਾਂ ਦੀ ਤਾਰੀਫ਼ ਕਰ ਸਕਦੇ ਹਾਂ। ਇਸ ਦਾ ਨਤੀਜਾ ਕੀ ਹੋਵੇਗਾ? ਸਾਡੇ ਲਫ਼ਜ਼ਾਂ ਤੋਂ ਉਨ੍ਹਾਂ ਨੂੰ ਤਾਜ਼ਗੀ ਮਿਲੇਗੀ ਅਤੇ ਉਹ ਸ਼ਾਇਦ ਸਹੀ ਕੰਮ ਕਰਨ ਲਈ ਹੋਰ ਵੀ ਜਤਨ ਕਰਨ! ਇਸ ਦੇ ਨਾਲ-ਨਾਲ ਸਾਨੂੰ ਉਹ ਖ਼ੁਸ਼ੀ ਮਿਲੇਗੀ ਜੋ ਦੂਜਿਆਂ ਨੂੰ ਕੁਝ ਦੇਣ ਨਾਲ ਮਿਲਦੀ ਹੈ।—ਰਸੂਲਾਂ ਦੇ ਕੰਮ 20:35.
ਨੇਕ ਕੰਮਾਂ ਦੀ ਸ਼ਲਾਘਾ ਕਰੋ
ਯਿਸੂ ਅਕਸਰ ਦੂਜਿਆਂ ਦੇ ਨੇਕ ਕੰਮਾਂ ਨੂੰ ਦੇਖ ਕੇ ਉਨ੍ਹਾਂ ਦੀ ਸ਼ਲਾਘਾ ਕਰਦਾ ਸੀ। ਇਕ ਵਾਰ ਜਦੋਂ ਇਕ ਬੀਮਾਰ ਔਰਤ ਨੇ ਠੀਕ ਹੋਣ ਲਈ ਡਰਦਿਆਂ-ਡਰਦਿਆਂ ਯਿਸੂ ਦੇ ਕੱਪੜੇ ਨੂੰ ਛੂਹਿਆ, ਤਾਂ ਯਿਸੂ ਨੇ ਉਸ ਦੀ ਤਾਰੀਫ਼ ਕਰਦਿਆਂ ਕਿਹਾ: “ਧੀਏ, ਤੂੰ ਆਪਣੀ ਨਿਹਚਾ ਕਰਕੇ ਚੰਗੀ ਹੋਈ ਹੈਂ।”—ਮਰਕੁਸ 5:34.
ਇਕ ਹੋਰ ਸਮੇਂ ਤੇ ਜਦ ਯਿਸੂ ਯਰੂਸ਼ਲਮ ਦੇ ਮੰਦਰ ਵਿਚ ਸਿੱਖਿਆ ਦੇ ਰਿਹਾ ਸੀ, ਤਾਂ ਉਸ ਨੇ ਬਹੁਤ ਸਾਰੇ ਅਮੀਰ ਲੋਕਾਂ ਨੂੰ ਦਾਨ-ਪੇਟੀਆਂ ਵਿਚ ਪੈਸੇ ਪਾਉਂਦੇ ਦੇਖਿਆ। ਫਿਰ ਉਸ ਨੇ ਇਕ ਗ਼ਰੀਬ ਵਿਧਵਾ ਨੂੰ “ਦੋ ਸਿੱਕੇ ਪਾਉਂਦਿਆਂ ਦੇਖਿਆ ਜਿਨ੍ਹਾਂ ਦੀ ਕੀਮਤ ਬਹੁਤ ਹੀ ਥੋੜ੍ਹੀ ਸੀ।” ਦੂਜਿਆਂ ਨੇ ਉਸ ਨਾਲੋਂ ਜ਼ਿਆਦਾ ਪੈਸੇ ਲੂਕਾ 21:1-4.
ਦਾਨ ਕੀਤੇ ਸਨ, ਪਰ ਯਿਸੂ ਨੇ ਸਾਰਿਆਂ ਦੇ ਸਾਮ੍ਹਣੇ ਉਸ ਵਿਧਵਾ ਦੇ ਦਿਲੋਂ ਕੀਤੇ ਗਏ ਦਾਨ ਦੀ ਤਾਰੀਫ਼ ਕਰਦਿਆਂ ਕਿਹਾ: “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ: ਭਾਵੇਂ ਇਹ ਵਿਧਵਾ ਗ਼ਰੀਬ ਹੈ, ਫਿਰ ਵੀ ਇਸ ਨੇ ਬਾਕੀ ਸਾਰਿਆਂ ਨਾਲੋਂ ਜ਼ਿਆਦਾ ਪੈਸੇ ਪਾਏ। ਕਿਉਂਕਿ ਉਨ੍ਹਾਂ ਨੇ ਆਪਣੇ ਵਾਧੂ ਪੈਸਿਆਂ ਵਿੱਚੋਂ ਕੁਝ ਪੈਸਾ ਪਾਇਆ, ਪਰ ਇਸ ਤੀਵੀਂ ਕੋਲ ਆਪਣੇ ਗੁਜ਼ਾਰੇ ਲਈ ਜੋ ਵੀ ਸੀ, ਉਸ ਨੇ ਉਹ ਸਾਰੇ ਦਾ ਸਾਰਾ ਦਾਨ-ਪੇਟੀ ਵਿਚ ਪਾ ਦਿੱਤਾ।”—ਅਸੀਂ ਯਿਸੂ ਦੀ ਰੀਸ ਕਿਵੇਂ ਕਰ ਸਕਦੇ ਹਾਂ? ਬਾਈਬਲ ਕਹਿੰਦੀ ਹੈ: “ਜੇ ਤੇਰੇ ਹੱਥ ਵੱਸ ਹੋਵੇ, ਤਾਂ ਜਿਨ੍ਹਾਂ ਦਾ ਹੱਕ ਹੈ ਉਨ੍ਹਾਂ ਦਾ ਭਲਾ ਕਰਨੋਂ ਨਾ ਰੁਕੀਂ।”—ਕਹਾਉਤਾਂ 3:27.
ਤਾਰੀਫ਼ ਦੀ ਤਾਕਤ
ਅੱਜ ਦੀ ਨਾਸ਼ੁਕਰੀ ਦੁਨੀਆਂ ਵਿਚ ਅਸੀਂ ਸਾਰੇ ਚਾਹੁੰਦੇ ਹਾਂ ਕਿ ਸਾਡੀ ਕਦਰ ਕੀਤੀ ਜਾਵੇ ਅਤੇ ਸਾਡੇ ਨਾਲ ਪਿਆਰ ਕੀਤਾ ਜਾਵੇ। ਜਦੋਂ ਅਸੀਂ ਦੂਜਿਆਂ ਦੀ ਦਿਲੋਂ ਤਾਰੀਫ਼ ਕਰਦੇ ਹਾਂ, ਤਾਂ ਅਸੀਂ ਉਨ੍ਹਾਂ ਦਾ ਹੌਸਲਾ ਵਧਾਉਂਦੇ ਹਾਂ ਅਤੇ ਉਨ੍ਹਾਂ ਨੂੰ ਹੱਲਾਸ਼ੇਰੀ ਦਿੰਦੇ ਹਾਂ। ਸਾਡੇ ਵੱਲੋਂ ਦਿਲੋਂ ਕੀਤੀ ਗਈ ਸ਼ਲਾਘਾ ਤੋਂ ਉਨ੍ਹਾਂ ਨੂੰ ਸਹੀ ਕੰਮ ਕਰਦੇ ਰਹਿਣ ਦੀ ਪ੍ਰੇਰਣਾ ਮਿਲਦੀ ਹੈ।—ਕਹਾਉਤਾਂ 31:28, 29.
ਬਾਈਬਲ ਸਾਰੇ ਮਸੀਹੀਆਂ ਨੂੰ ਤਾਕੀਦ ਕਰਦੀ ਹੈ: “ਆਓ ਆਪਾਂ ਇਕ-ਦੂਜੇ ਦਾ ਧਿਆਨ ਰੱਖੀਏ ਅਤੇ ਇਕ-ਦੂਜੇ ਨੂੰ ਪਿਆਰ ਤੇ ਚੰਗੇ ਕੰਮ ਕਰਨ ਦੀ ਹੱਲਾਸ਼ੇਰੀ ਦੇਈਏ।” (ਇਬਰਾਨੀਆਂ 10:24) ਜੇ ਸਾਰੇ ਲੋਕ ਦੂਜਿਆਂ ਵਿਚ ਦਿਲਚਸਪੀ ਲੈਣ, ਉਨ੍ਹਾਂ ਦੇ ਚੰਗੇ ਗੁਣ ਦੇਖਣ ਅਤੇ ਉਨ੍ਹਾਂ ਦੇ ਚੰਗੇ ਕੰਮਾਂ ਦੀ ਸ਼ਲਾਘਾ ਕਰਨ, ਤਾਂ ਦੁਨੀਆਂ ਦਾ ਰੁਖ ਹੀ ਬਦਲ ਜਾਵੇਗਾ। ਵਾਕਈ, ਤਾਰੀਫ਼ ਵਿਚ ਕਿੰਨੀ ਤਾਕਤ ਹੈ! (g12-E 04)
ਕੀ ਤੁਸੀਂ ਕਦੇ ਸੋਚਿਆ ਹੈ?
● ਸਾਨੂੰ ਦੂਜਿਆਂ ਦੇ ਚੰਗੇ ਕੰਮਾਂ ਦੀ ਤਾਰੀਫ਼ ਕਿਉਂ ਕਰਨੀ ਚਾਹੀਦੀ ਹੈ?—ਕਹਾਉਤਾਂ 15:23.
● ਜਦ ਯਹੋਵਾਹ ਸਾਡੀ ਜਾਂਚ ਕਰਦਾ ਹੈ, ਤਾਂ ਉਹ ਕਿਸ ਚੀਜ਼ ਦੀ ਭਾਲ ਕਰਦਾ ਹੈ?—2 ਇਤਹਾਸ 16:9.
● ਸਾਨੂੰ ਦੂਜਿਆਂ ਦੀ ਸ਼ਲਾਘਾ ਕਦੋਂ ਕਰਨੀ ਚਾਹੀਦੀ ਹੈ?—ਕਹਾਉਤਾਂ 3:27.
[ਸਫ਼ਾ 21 ਉੱਤੇ ਤਸਵੀਰ]
ਕੀ ਤੁਸੀਂ ਦੂਜਿਆਂ ਦੇ ਚੰਗੇ ਕੰਮਾਂ ਨੂੰ ਦੇਖ ਕੇ ਉਨ੍ਹਾਂ ਦੀ ਸ਼ਲਾਘਾ ਕਰਦੇ ਹੋ?