ਸੁਝਾਅ 5–ਖ਼ੁਦ ਨੂੰ ਤੇ ਆਪਣੇ ਪਰਿਵਾਰ ਨੂੰ ਸਿਖਾਓ
“ਹਰ ਸਿਆਣਾ ਪੁਰਸ਼ ਬੁੱਧ ਨਾਲ ਕੰਮ ਕਰਦਾ ਹੈ।” (ਕਹਾਉਤਾਂ 13:16) ਸਿਹਤ ਸੰਬੰਧੀ ਜਾਣਕਾਰੀ ਰੱਖਣ ਨਾਲ ਤੁਸੀਂ ਆਪਣੇ ਅਤੇ ਆਪਣੇ ਪਰਿਵਾਰ ਦੀ ਸਿਹਤ ਨੂੰ ਵਧੀਆ ਬਣਾਉਣ ਲਈ ਤਬਦੀਲੀਆਂ ਕਰ ਸਕਦੇ ਹੋ।
ਜਾਣਕਾਰੀ ਲੈਂਦੇ ਰਹੋ। ਬਹੁਤ ਸਾਰੇ ਇਲਾਕਿਆਂ ਵਿਚ ਸਰਕਾਰੀ ਅਤੇ ਗ਼ੈਰ-ਸਰਕਾਰੀ ਸੰਸਥਾਵਾਂ ਸਿਹਤ ਬਾਰੇ ਸਿੱਖਿਆ ਦਿੰਦੀਆਂ ਹਨ ਤੇ ਕਾਫ਼ੀ ਮਾਤਰਾ ਵਿਚ ਸਾਹਿੱਤ ਵੀ ਦਿੰਦੀਆਂ ਹਨ। ਇਨ੍ਹਾਂ ਇੰਤਜ਼ਾਮਾਂ ਦਾ ਫ਼ਾਇਦਾ ਲਓ, ਸਿੱਖੋ ਕਿ ਕਿਨ੍ਹਾਂ ਤਰੀਕਿਆਂ ਨਾਲ ਤੁਸੀਂ ਆਪਣੀ ਸਿਹਤ ਵਿਚ ਸੁਧਾਰ ਕਰ ਸਕਦੇ ਹੋ ਅਤੇ ਖ਼ਤਰੇ ਵਿਚ ਪੈਣ ਤੋਂ ਬਚ ਸਕਦੇ ਹੋ। ਉਨ੍ਹਾਂ ਦੀ ਸਲਾਹ ਨੂੰ ਲਾਗੂ ਕਰੋ।
ਤੁਹਾਡੀਆਂ ਚੰਗੀਆਂ ਆਦਤਾਂ ਦਾ ਤੁਹਾਡੇ ਬੱਚਿਆਂ ਉੱਤੇ ਅਤੇ ਅਗਾਂਹ ਉਨ੍ਹਾਂ ਦੇ ਬੱਚਿਆਂ ’ਤੇ ਚੰਗਾ ਅਸਰ ਪੈ ਸਕਦਾ ਹੈ। ਜਦ ਮਾਪੇ ਸਹੀ ਖ਼ੁਰਾਕ ਖਾਣ ਵਿਚ, ਸਫ਼ਾਈ ਰੱਖਣ ਵਿਚ, ਕਸਰਤ ਕਰਨ ਵਿਚ, ਬੀਮਾਰੀਆਂ ਤੋਂ ਪਰਹੇਜ਼ ਕਰਨ ਵਿਚ ਅਤੇ ਪੂਰੀ ਨੀਂਦ ਲੈਣ ਵਿਚ ਮਿਸਾਲ ਕਾਇਮ ਕਰਦੇ ਹਨ, ਤਾਂ ਉਨ੍ਹਾਂ ਦੇ ਬੱਚਿਆਂ ਨੂੰ ਫ਼ਾਇਦਾ ਹੁੰਦਾ ਹੈ।—ਕਹਾਉਤਾਂ 22:6.
ਹੋਰ ਕਿਸ ਗੱਲ ਦੀ ਲੋੜ ਹੈ? ਸਿਹਤਮੰਦ ਰਹਿਣ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਸਲਾਹ ਨੂੰ ਹਮੇਸ਼ਾ ਲਾਗੂ ਕਰਦੇ ਰਹੋ। ਪੁਰਾਣੀਆਂ ਆਦਤਾਂ ਨੂੰ ਬਦਲਣਾ ਮੁਸ਼ਕਲ ਹੋ ਸਕਦਾ ਹੈ ਅਤੇ ਛੋਟੀਆਂ-ਛੋਟੀਆਂ ਤਬਦੀਲੀਆਂ ਕਰਨ ਲਈ ਵੀ ਹਿੰਮਤ ਦੀ ਲੋੜ ਪੈ ਸਕਦੀ ਹੈ। ਸ਼ਾਇਦ ਗੰਭੀਰ ਬੀਮਾਰੀ ਅਤੇ ਮੌਤ ਦਾ ਡਰ ਹੋਣ ਕਰਕੇ ਵੀ ਕੋਈ ਆਪਣੀ ਬੁਰੀ ਆਦਤ ਨਾ ਛੱਡੇ। ਪਰ ਕਿਹੜੀ ਗੱਲ ਬਦਲਣ ਵਿਚ ਉਸ ਦੀ ਮਦਦ ਕਰ ਸਕਦੀ ਹੈ? ਸਾਰਿਆਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਜ਼ਿੰਦਗੀ ਦਾ ਇਕ ਮਕਸਦ ਹੈ।
ਪਤੀ-ਪਤਨੀ ਨੂੰ ਇਕ-ਦੂਜੇ ਦੀ ਮਦਦ ਕਰਨ ਲਈ ਸਿਹਤਮੰਦ ਰਹਿਣ ਦੀ ਲੋੜ ਹੈ। ਮਾਪਿਆਂ ਨੂੰ ਵੀ ਸਿਹਤਮੰਦ ਰਹਿਣ ਦੀ ਲੋੜ ਹੈ ਤਾਂਕਿ ਉਹ ਆਪਣੇ ਬੱਚਿਆਂ ਦੀ ਸਹੀ ਪਰਵਰਿਸ਼ ਕਰ ਸਕਣ। ਕਈਆਂ ਨੂੰ ਆਪਣੇ ਬਿਰਧ ਰਿਸ਼ਤੇਦਾਰਾਂ ਦੀ ਦੇਖ-ਭਾਲ ਕਰਨ ਦੀ ਲੋੜ ਪੈਂਦੀ ਹੈ। ਸਾਡੇ ਵਿੱਚੋਂ ਕੋਈ ਵੀ ਆਪਣੀ ਮਾੜੀ ਸਿਹਤ ਕਰਕੇ ਸਮਾਜ ’ਤੇ ਬੋਝ ਨਹੀਂ ਬਣਨਾ ਚਾਹੁੰਦਾ ਕਿਉਂਕਿ ਅਸੀਂ ਦੂਜਿਆਂ ਨੂੰ ਪਿਆਰ ਕਰਦੇ ਹਾਂ ਅਤੇ ਉਨ੍ਹਾਂ ਦਾ ਭਲਾ ਚਾਹੁੰਦੇ ਹਾਂ।
ਸਿਹਤਮੰਦ ਰਹਿਣ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਅਸੀਂ ਆਪਣੇ ਕਰਤਾਰ ਨੂੰ ਪਿਆਰ ਕਰਦੇ ਹਾਂ ਅਤੇ ਉਸ ਵੱਲੋਂ ਦਿੱਤੀ ਜ਼ਿੰਦਗੀ ਦੀ ਕਦਰ ਕਰਦੇ ਹਾਂ। (ਜ਼ਬੂਰਾਂ ਦੀ ਪੋਥੀ 36:9) ਜੇ ਅਸੀਂ ਤੰਦਰੁਸਤ ਰਹਾਂਗੇ, ਤਾਂ ਅਸੀਂ ਰੱਬ ਦੀ ਸੇਵਾ ਹੋਰ ਜ਼ਿਆਦਾ ਕਰ ਸਕਾਂਗੇ। ਆਪਣੀ ਸਿਹਤ ਦਾ ਖ਼ਿਆਲ ਰੱਖਣ ਦਾ ਇਸ ਤੋਂ ਵੱਡਾ ਹੋਰ ਕੋਈ ਕਾਰਨ ਹੋ ਹੀ ਨਹੀਂ ਸਕਦਾ! (g11-E 03)
ਸਿਹਤਮੰਦ ਰਹਿਣ ਦੇ ਫ਼ਾਇਦਿਆਂ ਦਾ ਮਜ਼ਾ ਲਓ