ਸੁਝਾਅ 4–ਸਹੀ ਕਦਮ ਚੁੱਕੋ
“ਸਿਆਣਾ ਤਾਂ ਬਿਪਤਾ ਨੂੰ ਵੇਖ ਕੇ ਲੁਕ ਜਾਂਦਾ ਹੈ।” (ਕਹਾਉਤਾਂ 22:3) ਆਪਣੀ ਸਿਹਤ ਦਾ ਖ਼ਿਆਲ ਰੱਖਣ ਲਈ ਕੁਝ ਕਦਮ ਚੁੱਕ ਕੇ ਅਸੀਂ ਬੀਮਾਰੀਆਂ ਤੋਂ ਬਚ ਸਕਦੇ ਹਾਂ ਤੇ ਨਾਲ ਦੀ ਨਾਲ ਅਸੀਂ ਆਪਣੇ ਪੈਸੇ ਤੇ ਸਮੇਂ ਦੀ ਬੱਚਤ ਕਰ ਸਕਦੇ ਹਾਂ।
ਆਪਣੀ ਸਫ਼ਾਈ ਰੱਖੋ। ਅਮਰੀਕਾ ਵਿਚ ਰੋਗ ਨਿਯੰਤ੍ਰਣ ਅਤੇ ਰੋਕਥਾਮ ਕੇਂਦਰ ਰਿਪੋਰਟ ਦਿੰਦਾ ਹੈ: “ਸਾਬਣ ਨਾਲ ਹੱਥ ਧੋਣ ਨਾਲ ਤੁਸੀਂ ਇਨਫ਼ੈਕਸ਼ਨ ਤੋਂ ਬਚ ਸਕਦੇ ਹੋ ਤੇ ਤੰਦਰੁਸਤ ਰਹਿ ਸਕਦੇ ਹੋ।” ਕਿਹਾ ਜਾਂਦਾ ਹੈ ਕਿ ਬਿਨਾਂ ਧੋਤੇ ਹੱਥਾਂ ਨਾਲ 80% ਇਨਫ਼ੈਕਸ਼ਨ ਫੈਲਦੀ ਹੈ। ਇਸ ਲਈ ਦਿਨ ਵਿਚ ਕਈ ਵਾਰ ਹੱਥ ਧੋਣੇ ਚਾਹੀਦੇ ਹਨ ਖ਼ਾਸ ਕਰਕੇ ਖਾਣ ਤੋਂ ਪਹਿਲਾਂ, ਖਾਣਾ ਪਕਾਉਣ ਤੋਂ ਪਹਿਲਾਂ ਤੇ ਜ਼ਖ਼ਮ ’ਤੇ ਹੱਥ ਲਾਉਣ ਤੇ ਪੱਟੀ ਬੰਨ੍ਹਣ ਤੋਂ ਪਹਿਲਾਂ। ਇਸ ਦੇ ਨਾਲ-ਨਾਲ ਜਾਨਵਰਾਂ ਨੂੰ ਹੱਥ ਲਾਉਣ, ਟਾਇਲਟ ਜਾਣ ਜਾਂ ਬੱਚੇ ਦੀ ਨਾਪੀ ਬਦਲਣ ਤੋਂ ਬਾਅਦ ਵੀ ਹੱਥ ਧੋਣੇ ਚਾਹੀਦੇ ਹਨ।
ਹੋਰ ਕਿਸੇ ਚੀਜ਼ ਨਾਲੋਂ ਸਾਬਣ ਅਤੇ ਪਾਣੀ ਨਾਲ ਹੱਥ ਧੋਣੇ ਬਿਹਤਰ ਹਨ। ਜੇ ਮਾਪੇ ਆਪਣੇ ਬੱਚਿਆਂ ਨੂੰ ਹੱਥ ਧੋਣ ਦੀ ਆਦਤ ਪਾਉਣ, ਤਾਂ ਉਨ੍ਹਾਂ ਦੀ ਸਿਹਤ ਚੰਗੀ ਰਹੇਗੀ। ਉਨ੍ਹਾਂ ਨੂੰ ਇਹ ਵੀ ਸਿਖਾਉਣਾ ਚਾਹੀਦਾ ਹੈ ਕਿ ਉਹ ਮੂੰਹ ਅਤੇ ਅੱਖਾਂ ’ਤੇ ਹੱਥ ਨਾ ਲਾਇਆ ਕਰਨ। ਹਰ ਰੋਜ਼ ਨਹਾਉਣ, ਆਪਣੇ ਕੱਪੜਿਆਂ ਅਤੇ ਚਾਦਰਾਂ ਨੂੰ ਸਾਫ਼ ਰੱਖਣ ਨਾਲ ਸਿਹਤ ਚੰਗੀ ਰਹਿੰਦੀ ਹੈ।
ਛੂਤ ਦੇ ਰੋਗਾਂ ਤੋਂ ਬਚੋ। ਜਿਸ ਕਿਸੇ ਨੂੰ ਜ਼ੁਕਾਮ ਜਾਂ ਫਲੂ ਹੈ ਉਸ ਤੋਂ ਦੂਰ ਰਹਿਣਾ ਚਾਹੀਦਾ ਹੈ ਤੇ ਉਸ ਦੀ ਜੂਠ ਨਹੀਂ ਖਾਣੀ ਚਾਹੀਦੀ ਹੈ। ਕਿਸੇ ਦੇ ਥੁੱਕ ਅਤੇ ਵਗਦੇ ਨੱਕ ਤੋਂ ਉਸ ਦੀ ਬੀਮਾਰੀ ਤੁਹਾਨੂੰ ਲੱਗ ਸਕਦੀ ਹੈ। ਹੈਪਾਟਾਇਟਿਸ ਬੀ ਅਤੇ ਸੀ ਅਤੇ ਐੱਚ. ਆਈ. ਵੀ./ਏਡਜ਼ ਵਰਗੀਆਂ ਬੀਮਾਰੀਆਂ ਜਿਨਸੀ ਸੰਬੰਧ ਬਣਾਉਣ, ਦੂਸਰਿਆਂ ਦੀਆਂ ਟੀਕਾ ਲਾਉਣ ਵਾਲੀਆਂ ਸੂਈਆਂ ਵਰਤਣ ਅਤੇ ਖ਼ੂਨ ਚੜ੍ਹਾਉਣ ਨਾਲ ਫੈਲਦੀਆਂ ਹਨ। ਕੁਝ ਇਨਫ਼ੈਕਸ਼ਨਾਂ ਤੋਂ ਬਚਣ ਲਈ ਟੀਕੇ ਲਗਵਾਏ ਜਾ ਸਕਦੇ ਹਨ, ਪਰ ਸਿਆਣੇ ਵਿਅਕਤੀ ਨੂੰ ਇਨਫ਼ੈਕਸ਼ਨ ਤੋਂ ਬਚਣ ਲਈ ਪਰਹੇਜ਼ ਕਰਨਾ ਚਾਹੀਦਾ ਹੈ ਖ਼ਾਸਕਰ ਉਦੋਂ ਜਦੋਂ ਉਹ ਐਸੇ ਵਿਅਕਤੀ ਨਾਲ ਹੈ ਜਿਸ ਤੋਂ ਉਸ ਨੂੰ ਬੀਮਾਰੀ ਲੱਗ ਸਕਦੀ ਹੈ। ਕੀੜੇ-ਮਕੌੜਿਆਂ ਦੇ ਲੜਨ ਤੋਂ ਆਪਣੇ ਆਪ ਨੂੰ ਬਚਾ ਕੇ ਰੱਖੋ। ਮੱਛਰਦਾਨੀ ਜਾਂ ਹੋਰ ਮੱਛਰ ਭਜਾਉਣ ਵਾਲੀਆਂ ਦਵਾਈਆਂ ਲਾਉਣ ਤੋਂ ਬਗੈਰ ਨਾ ਬਾਹਰ ਬੈਠੋ ਤੇ ਨਾ ਹੀ ਸੌਂਵੋ। ਇਹ ਖ਼ਾਸ ਕਰਕੇ ਬੱਚਿਆਂ ਲਈ ਕਰਨਾ ਜ਼ਰੂਰੀ ਹੈ। *
ਆਪਣਾ ਘਰ ਸਾਫ਼-ਸੁਥਰਾ ਰੱਖੋ। ਆਪਣੇ ਘਰ ਨੂੰ ਅੰਦਰੋਂ-ਬਾਹਰੋਂ ਸਾਫ਼-ਸੁਥਰਾ ਰੱਖਣ ਲਈ ਮਿਹਨਤ ਕਰੋ। ਕਿਸੇ ਜਗ੍ਹਾ ਪਾਣੀ ਖੜ੍ਹਾ ਨਾ ਰਹਿਣ ਦਿਓ ਜਿਸ ਵਿਚ ਮੱਛਰ ਪਲ ਸਕਦੇ ਹਨ। ਕੂੜਾ, ਗੰਦ-ਮੰਦ ਅਤੇ ਨੰਗਾ ਪਿਆ ਖਾਣਾ ਕੀੜੇ-ਮਕੌੜਿਆਂ ਅਤੇ ਚੂਹਿਆਂ ਵਰਗੇ ਅਨੇਕਾਂ ਜਾਨਵਰਾਂ ਨੂੰ ਆਪਣੇ ਵੱਲ ਖਿੱਚਦਾ ਹੈ ਜੋ ਬੀਮਾਰੀਆਂ ਫੈਲਾਉਂਦੇ ਹਨ। ਜੇ ਟਾਇਲਟ ਨਹੀਂ ਹੈ, ਤਾਂ ਖੇਤਾਂ ਵਿਚ ਜਾਣ ਦੀ ਬਜਾਇ ਇਕ ਸਾਦਾ ਜਿਹਾ ਪਖਾਨਾ ਬਣਾ ਲਓ। ਮੱਖੀਆਂ ਨੂੰ ਹਟਾਉਣ ਲਈ ਇਸ ਨੂੰ ਢੱਕ ਕੇ ਰੱਖੋ ਕਿਉਂਕਿ ਇਨ੍ਹਾਂ ਤੋਂ ਅੱਖਾਂ ਦੀ ਇਨਫ਼ੈਕਸ਼ਨ ਹੋ ਸਕਦੀ ਹੈ ਤੇ ਹੋਰ ਰੋਗ ਫੈਲਦੇ ਹਨ।
ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣ ਤੋਂ ਬਚੋ। ਕੰਮ ਕਰਦੇ ਵੇਲੇ, ਸਾਈਕਲ, ਮੋਟਰ-ਸਾਈਕਲ ਜਾਂ ਕਾਰ ਚਲਾਉਂਦੇ ਵੇਲੇ ਉਨ੍ਹਾਂ ਨਿਯਮਾਂ ਦੀ ਪਾਲਣਾ ਕਰੋ ਜੋ ਤੁਹਾਡੀ ਸੁਰੱਖਿਆ ਲਈ ਹਨ। ਜੇ ਤੁਹਾਡੀ ਕਾਰ ਜਾਂ ਸਾਈਕਲ ਨੂੰ ਅਜਿਹਾ ਕੁਝ ਹੋਇਆ ਹੈ ਜਿਸ ਨਾਲ ਤੁਹਾਡੀ ਜਾਨ ਖ਼ਤਰੇ ਵਿਚ ਪੈ ਸਕਦੀ ਹੈ, ਤਾਂ ਇਸ ਨੂੰ ਨਾ ਚਲਾਓ। ਆਪਣੀ ਸੁਰੱਖਿਆ ਲਈ ਸਹੀ ਕੱਪੜੇ ਪਾਓ ਅਤੇ ਹੋਰ ਚੀਜ਼ਾਂ ਨੂੰ ਵਰਤੋ ਜਿਵੇਂ ਕਿ ਸੇਫ਼ਟੀ ਐਨਕਾਂ, ਹੈਲਮਟ ਅਤੇ ਬੰਦ ਜੁੱਤੀ ਵਗੈਰਾ। ਇਸ ਦੇ ਨਾਲ-ਨਾਲ ਕਾਰ ਵਿਚ ਬੈਠ ਕੇ ਸੀਟ ਬੈਲਟ ਲਾਇਆ ਕਰੋ। ਧੁੱਪ ਵਿਚ ਜਾਣ ਤੋਂ ਪਰਹੇਜ਼ ਕਰੋ ਜਿਸ ਨਾਲ ਕੈਂਸਰ ਹੋ ਸਕਦਾ ਹੈ। ਧੁੱਪ ਦੀਆਂ ਕਿਰਨਾਂ ਨਾਲ ਝੁਰੜੀਆਂ ਪੈ ਜਾਂਦੀਆਂ ਹਨ। ਸਿਗਰਟ ਪੀਣੀ ਬੰਦ ਕਰੋ। ਜੇ ਤੁਸੀਂ ਸਿਗਰਟ ਪੀਣੀ ਬੰਦ ਕਰ ਦਿਓ, ਤਾਂ ਦਿਲ ਦੀਆਂ ਬੀਮਾਰੀਆਂ, ਫੇਫੜਿਆਂ ਦਾ ਕੈਂਸਰ ਤੇ ਸਟ੍ਰੋਕ ਹੋਣ ਦਾ ਖ਼ਤਰਾ ਘੱਟ ਜਾਂਦਾ ਹੈ। * (g11-E 03)
^ ਪੈਰਾ 5 ਜੁਲਾਈ-ਸਤੰਬਰ 2003 ਦੇ ਜਾਗਰੂਕ ਬਣੋ! ਵਿਚ “ਜਦ ਕੀੜੇ-ਮਕੌੜੇ ਰੋਗ ਫੈਲਾਉਂਦੇ ਹਨ” ਲੇਖਾਂ ਦੀ ਲੜੀ ਦੇਖੋ।
^ ਪੈਰਾ 7 ਅਕਤੂਬਰ-ਦਸੰਬਰ 2010 ਦੇ ਜਾਗਰੂਕ ਬਣੋ! ਵਿਚ “ਸਿਗਰਟ ਪੀਣੀ ਛੱਡੋ—ਮੁਸ਼ਕਲਾਂ ਲਈ ਤਿਆਰ ਰਹੋ” ਅਤੇ “ਸਿਗਰਟ ਪੀਣੀ ਛੱਡੋ—ਤੁਸੀਂ ਜਿੱਤ ਸਕਦੇ ਹੋ!” ਨਾਂ ਦੇ ਲੇਖ ਦੇਖੋ।