ਕੀ ਅਸੀਂ ਆਪਣੇ ਸਰੀਰ ਨੂੰ ਕਸ਼ਟ ਦੇ ਕੇ ਪਰਮੇਸ਼ੁਰ ਦੇ ਨੇੜੇ ਜਾ ਸਕਦੇ ਹਾਂ?
ਬਾਈਬਲ ਕੀ ਕਹਿੰਦੀ ਹੈ
ਕੀ ਅਸੀਂ ਆਪਣੇ ਸਰੀਰ ਨੂੰ ਕਸ਼ਟ ਦੇ ਕੇ ਪਰਮੇਸ਼ੁਰ ਦੇ ਨੇੜੇ ਜਾ ਸਕਦੇ ਹਾਂ?
ਕਈ ਲੋਕ ਆਪਣੇ ਆਪ ਨੂੰ ਕਸ਼ਟ ਦੇਣ ਬਾਰੇ ਸੋਚ ਹੀ ਨਹੀਂ ਸਕਦੇ। ਫਿਰ ਵੀ ਜਿਹੜੇ ਲੋਕ ਆਪਣੇ ਆਪ ਨੂੰ ਕੋਰੜੇ ਮਾਰਦੇ ਹਨ, ਵਰਤ ਰੱਖਦੇ ਹਨ ਅਤੇ ਕਿਸੇ ਜਾਨਵਰ ਦੇ ਵਾਲਾਂ ਦੀ ਬਣੀ ਹੋਈ ਚੁਭਵੀਂ ਕੁੜਤੀ ਪਾਉਂਦੇ ਹਨ, ਉਨ੍ਹਾਂ ਨੂੰ ਰੱਬ ਦੇ ਸੱਚੇ ਭਗਤ ਮੰਨਿਆ ਜਾਂਦਾ ਹੈ। ਇਹ ਸਿਰਫ਼ ਪੁਰਾਣੇ ਜ਼ਮਾਨੇ ਦੀਆਂ ਗੱਲਾਂ ਨਹੀਂ ਹਨ। ਹਾਲ ਹੀ ਦੀਆਂ ਖ਼ਬਰਾਂ ਵਿਚ ਰਿਪੋਰਟ ਕੀਤਾ ਗਿਆ ਹੈ ਕਿ ਕੁਝ ਮੰਨੇ-ਪ੍ਰਮੰਨੇ ਧਾਰਮਿਕ ਲੀਡਰਾਂ ਨੇ ਵੀ ਆਪਣੇ ਆਪ ਨੂੰ ਕੋਰੜੇ ਮਾਰੇ ਹਨ।
ਲੋਕ ਇਸ ਤਰ੍ਹਾਂ ਰੱਬ ਦੀ ਭਗਤੀ ਕਿਉਂ ਕਰਦੇ ਹਨ? ਈਸਾਈ ਸੰਸਥਾ ਦੇ ਇਕ ਬੁਲਾਰੇ ਨੇ ਕਿਹਾ, “ਆਪਣੇ ਸਰੀਰ ਨੂੰ ਜਾਣ-ਬੁੱਝ ਕੇ ਕਸ਼ਟ ਦੇਣਾ ਯਿਸੂ ਮਸੀਹ ਦੇ ਦੁੱਖਾਂ ਵਿਚ ਇਕ ਹੋਣ ਦਾ ਤਰੀਕਾ ਹੈ ਜੋ ਦੁੱਖ ਉਸ ਨੇ ਸਾਨੂੰ ਪਾਪ ਤੋਂ ਛੁਡਾਉਣ ਲਈ ਝੱਲੇ ਸਨ।” ਬਾਈਬਲ ਇਸ ਬਾਰੇ ਕੀ ਕਹਿੰਦੀ ਹੈ?
ਆਪਣੇ ਸਰੀਰ ਦੀ ਦੇਖ-ਭਾਲ ਕਰੋ
ਬਾਈਬਲ ਨਾ ਤਾਂ ਸਲਾਹ ਦਿੰਦੀ ਹੈ ਤੇ ਨਾ ਹੀ ਇਸ ਗੱਲ ਨਾਲ ਸਹਿਮਤ ਹੈ ਕਿ ਰੱਬ ਦੀ ਭਗਤੀ ਕਰਨ ਲਈ ਸਾਨੂੰ ਆਪਣੇ ਆਪ ਨੂੰ ਤਸੀਹੇ ਦੇਣੇ ਚਾਹੀਦੇ ਹਨ। ਇਸ ਦੇ ਉਲਟ ਬਾਈਬਲ ਦੱਸਦੀ ਹੈ ਕਿ ਸਾਨੂੰ ਆਪਣੇ ਸਰੀਰ ਦੀ ਦੇਖ-ਭਾਲ ਕਰਨੀ ਚਾਹੀਦੀ ਹੈ। ਧਿਆਨ ਦਿਓ ਕਿ ਪਤੀ-ਪਤਨੀ ਦੇ ਪਿਆਰ ਬਾਰੇ ਬਾਈਬਲ ਕੀ ਕਹਿੰਦੀ ਹੈ। ਬਾਈਬਲ ਸਲਾਹ ਦਿੰਦੀ ਹੈ ਕਿ “ਪਤੀਆਂ ਨੂੰ ਭੀ ਚਾਹੀਦਾ ਹੈ ਜੋ ਆਪਣੀਆਂ ਪਤਨੀਆਂ ਨਾਲ ਅਜਿਹਾ ਪ੍ਰੇਮ ਕਰਨ ਜਿਵੇਂ ਆਪਣੇ ਸਰੀਰਾਂ ਨਾਲ ਕਰਦੇ ਹਨ। . . . ਕਿਸੇ ਨੇ ਆਪਣੇ ਸਰੀਰ ਨਾਲ ਕਦੇ ਵੈਰ ਨਹੀਂ ਕੀਤਾ ਸਗੋਂ ਉਹ ਉਸ ਨੂੰ ਪਾਲਦਾ ਪਲੋਸਦਾ ਹੈ ਜਿਵੇਂ ਮਸੀਹ ਵੀ ਕਲੀਸਿਯਾ ਨੂੰ।”—ਅਫ਼ਸੀਆਂ 5:28, 29.
ਕੀ ਪਤੀਆਂ ਨੂੰ ਦਿੱਤੀ ਗਈ ਇਹ ਸਲਾਹ ਸਹੀ ਹੁੰਦੀ ਜੇ ਭਗਤੀ ਵੇਲੇ ਉਨ੍ਹਾਂ ਤੋਂ ਇਹ ਉਮੀਦ ਰੱਖੀ ਜਾਂਦੀ ਕਿ ਉਹ ਆਪਣੇ ਸਰੀਰ ਨੂੰ ਕਸ਼ਟ ਦੇਣ? ਬਾਈਬਲ ਤੋਂ ਸਾਫ਼-ਸਾਫ਼ ਪਤਾ ਲੱਗਦਾ ਹੈ ਕਿ ਸਾਨੂੰ ਆਪਣੇ ਸਰੀਰ ਦਾ ਪਾਲਣ-ਪੋਸ਼ਣ ਕਰਨਾ ਚਾਹੀਦਾ ਹੈ ਅਤੇ ਆਪਣੇ ਸਾਥੀ ਨੂੰ ਉੱਨਾ ਪਿਆਰ ਕਰਨਾ ਚਾਹੀਦਾ ਹੈ ਜਿੰਨਾ ਅਸੀਂ ਆਪਣੇ ਸਰੀਰ ਨੂੰ ਕਰਦੇ ਹਾਂ।
ਬਾਈਬਲ ਵਿਚ ਆਪਣੇ ਸਰੀਰ ਦੀ ਦੇਖ-ਭਾਲ ਕਰਨ ਬਾਰੇ ਕਾਫ਼ੀ ਸਲਾਹ ਦਿੱਤੀ ਗਈ ਹੈ। ਮਿਸਾਲ ਲਈ, ਬਾਈਬਲ ਕਸਰਤ ਕਰਨ ਦੇ ਫ਼ਾਇਦਿਆਂ ਬਾਰੇ ਦੱਸਦੀ ਹੈ। (1 ਤਿਮੋਥਿਉਸ 4:8) ਇਹ ਸਾਨੂੰ ਚੰਗੀ ਖ਼ੁਰਾਕ ਲੈਣ ਦੇ ਫ਼ਾਇਦੇ ਅਤੇ ਮਾੜੀ ਖ਼ੁਰਾਕ ਲੈਣ ਦੇ ਨੁਕਸਾਨ ਬਾਰੇ ਵੀ ਦੱਸਦੀ ਹੈ। (ਕਹਾਉਤਾਂ 23:20, 21; 1 ਤਿਮੋਥਿਉਸ 5:23) ਬਾਈਬਲ ਲੋਕਾਂ ਨੂੰ ਆਪਣੀ ਸਿਹਤ ਦਾ ਖ਼ਿਆਲ ਰੱਖਣ ਦੀ ਹੱਲਾਸ਼ੇਰੀ ਵੀ ਦਿੰਦੀ ਹੈ ਤਾਂਕਿ ਉਹ ਰੱਬ ਦੀ ਸੇਵਾ ਕਰਦੇ ਰਹਿਣ। (ਉਪਦੇਸ਼ਕ ਦੀ ਪੋਥੀ 9:4) ਜੇ ਬਾਈਬਲ ਸਾਨੂੰ ਆਪਣੀ ਸਿਹਤ ਦਾ ਖ਼ਿਆਲ ਰੱਖਣ ਲਈ ਕਹਿੰਦੀ ਹੈ, ਤਾਂ ਇਹ ਸਾਨੂੰ ਆਪਣੇ ਸਰੀਰ ਨੂੰ ਦੁੱਖ ਦੇਣ ਲਈ ਕਿਉਂ ਕਹੇਗੀ?—2 ਕੁਰਿੰਥੀਆਂ 7:1.
ਕਸ਼ਟ ਸਹਿਣ ਵਿਚ ਯਿਸੂ ਦੀ ਰੀਸ ਕਰੋ
ਫਿਰ ਵੀ ਕਈ ਸੰਸਥਾਵਾਂ ਗ਼ਲਤਫ਼ਹਿਮੀ ਨਾਲ ਯਿਸੂ ਤੇ ਉਸ ਦੇ ਚੇਲਿਆਂ ਦੇ ਦੁੱਖਾਂ ਵੱਲ ਜ਼ਿਆਦਾ ਧਿਆਨ ਦਿੰਦੀਆਂ ਹਨ ਤੇ ਕਹਿੰਦੀਆਂ ਹਨ ਕਿ ਸਾਨੂੰ ਵੀ ਆਪਣੇ ਆਪ ਨੂੰ ਤਸੀਹੇ ਦੇਣੇ ਚਾਹੀਦੇ ਹਨ। ਪਰ ਬਾਈਬਲ ਵਿਚ ਪਰਮੇਸ਼ੁਰ ਦੇ ਸੇਵਕਾਂ ਨੇ ਜੋ ਵੀ ਦੁੱਖ ਝੱਲੇ ਉਹ ਉਨ੍ਹਾਂ ਨੇ ਆਪਣੇ ਆਪ ਨੂੰ ਨਹੀਂ ਸੀ ਦਿੱਤੇ। ਬਾਈਬਲ ਦੇ ਲਿਖਾਰੀਆਂ ਨੇ ਇਸ ਲਈ ਯਿਸੂ ਦੇ ਦੁੱਖਾਂ ਬਾਰੇ ਗੱਲ ਕੀਤੀ ਤਾਂਕਿ ਮਸੀਹੀਆਂ ਨੂੰ ਜ਼ੁਲਮ ਤੇ ਕਸ਼ਟ ਸਹਿਣ ਦਾ ਹੌਸਲਾ ਮਿਲੇ ਨਾ ਕਿ ਉਹ ਆਪਣੇ ਆਪ ਨੂੰ ਦੁੱਖ ਦੇਣ। ਤਾਂ ਫਿਰ ਜਿਹੜੇ ਆਪਣੇ ਸਰੀਰ ਨੂੰ ਤਸੀਹੇ ਦਿੰਦੇ ਹਨ ਉਹ ਯਿਸੂ ਮਸੀਹ ਦੀ ਰੀਸ ਨਹੀਂ ਕਰ ਰਹੇ।
ਫ਼ਰਜ਼ ਕਰੋ ਕਿ ਗੁੱਸੇ ਵਿਚ ਆਈ ਲੋਕਾਂ ਦੀ ਭੀੜ ਤੁਹਾਡੇ ਕਿਸੇ ਦੋਸਤ ਨੂੰ ਗਾਲ੍ਹਾਂ ਕੱਢਦੀ ਤੇ ਮਾਰਦੀ-ਕੁੱਟਦੀ ਹੈ। ਤੁਸੀਂ ਦੇਖਦੇ ਹੋ ਕਿ ਤੁਹਾਡਾ ਦੋਸਤ ਚੁੱਪ-ਚਾਪ ਤੇ ਸ਼ਾਂਤ ਮਨ ਨਾਲ ਇਹ ਸਭ ਕੁਝ ਸਹਿੰਦਾ ਹੈ ਤੇ ਬਦਲੇ ਵਿਚ ਕੁਝ ਨਹੀਂ ਕਰਦਾ। ਜੇ ਤੁਸੀਂ ਆਪਣੇ ਦੋਸਤ ਦੀ ਰੀਸ ਕਰਨੀ ਚਾਹੋ, ਤਾਂ ਕੀ ਤੁਸੀਂ ਆਪਣੇ ਆਪ ਨੂੰ ਗਾਲ੍ਹਾਂ ਕੱਢਣ ਤੇ ਕੁੱਟਣ ਲੱਗ ਪਵੋਗੇ? ਬਿਲਕੁਲ ਨਹੀਂ! ਇਸ ਤਰ੍ਹਾਂ ਕਰਨ ਨਾਲ ਤੁਸੀਂ ਭੀੜ ਦੀ ਰੀਸ ਕਰਦੇ ਹੋਵੋਗੇ। ਇਸ ਦੇ ਉਲਟ ਜੇ ਤੁਹਾਡੇ ਉੱਤੇ ਹਮਲਾ ਕੀਤਾ ਜਾਵੇ, ਤਾਂ ਆਪਣੇ ਦੋਸਤ ਵਾਂਗ ਤੁਸੀਂ ਵੀ ਬਦਲਾ ਲੈਣ ਦੀ ਕੋਸ਼ਿਸ਼ ਨਹੀਂ ਕਰੋਗੇ।
ਇਹ ਗੱਲ ਸਾਫ਼ ਹੈ ਕਿ ਯਿਸੂ ਦੇ ਚੇਲਿਆਂ ਨੂੰ ਆਪਣੇ ਆਪ ਨੂੰ ਕਸ਼ਟ ਦੇਣ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਇਸ ਤਰ੍ਹਾਂ ਉਹ ਉਸ ਭੀੜ ਦੀ ਰੀਸ ਕਰਦੇ ਹੋਣਗੇ ਜਿਨ੍ਹਾਂ ਨੇ ਯਿਸੂ ਨੂੰ ਸਤਾਇਆ ਤੇ ਜਾਨੋਂ ਮਾਰ ਦਿੱਤਾ। (ਯੂਹੰਨਾ 5:18; 7:1, 25; 8:40; 11:53) ਇਸ ਦੀ ਬਜਾਇ ਜਦ ਉਨ੍ਹਾਂ ਉੱਤੇ ਕੋਈ ਜ਼ੁਲਮ ਢਾਹਿਆ ਜਾਂਦਾ ਹੈ, ਤਾਂ ਉਨ੍ਹਾਂ ਨੂੰ ਯਿਸੂ ਵਾਂਗ ਸ਼ਾਂਤੀ ਤੇ ਧੀਰਜ ਨਾਲ ਇਹ ਸਹਿ ਲੈਣਾ ਚਾਹੀਦਾ ਹੈ।—ਯੂਹੰਨਾ 15:20.
ਯਿਸੂ ਦੀਆਂ ਸਿੱਖਿਆਵਾਂ ਦੇ ਖ਼ਿਲਾਫ਼
ਪੁਰਾਣੇ ਸਮਿਆਂ ਵਿਚ ਵੀ ਯਹੂਦੀ ਲੋਕਾਂ ਨੂੰ ਦੱਸਿਆ ਗਿਆ ਸੀ ਕਿ ਉਹ ਆਪਣੇ ਸਰੀਰ ਦਾ ਨੁਕਸਾਨ ਨਾ ਕਰਨ। ਮਿਸਾਲ ਲਈ, ਯਹੂਦੀਆਂ ਨੂੰ ਹੁਕਮ ਦਿੱਤਾ ਗਿਆ ਸੀ ਕਿ ਉਹ ਆਲੇ-ਦੁਆਲੇ ਦੀਆਂ ਕੌਮਾਂ ਵਾਂਗ ਆਪਣੇ ਸਰੀਰ ਨੂੰ ਨਾ ਚੀਰਨ। (ਲੇਵੀਆਂ 19:28; ਬਿਵਸਥਾ ਸਾਰ 14:1) ਜੇ ਰੱਬ ਨਹੀਂ ਚਾਹੁੰਦਾ ਸੀ ਕਿ ਸਰੀਰ ਨੂੰ ਚੀਰਿਆ ਜਾਵੇ, ਤਾਂ ਉਹ ਇਹ ਵੀ ਨਹੀਂ ਚਾਹੇਗਾ ਕਿ ਇਸ ਨੂੰ ਕੋਰੜੇ ਮਾਰ-ਮਾਰ ਕੇ ਜ਼ਖ਼ਮੀ ਕੀਤਾ ਜਾਵੇ। ਸੋ ਬਾਈਬਲ ਸਾਫ਼-ਸਾਫ਼ ਦੱਸਦੀ ਹੈ ਕਿ ਆਪਣੇ ਸਰੀਰ ਨੂੰ ਜਾਣ-ਬੁੱਝ ਕੇ ਨੁਕਸਾਨ ਪਹੁੰਚਾਉਣਾ ਰੱਬ ਦੀਆਂ ਨਜ਼ਰਾਂ ਵਿਚ ਗ਼ਲਤ ਹੈ।
ਠੀਕ ਜਿਵੇਂ ਇਕ ਕਲਾਕਾਰ ਚਾਹੁੰਦਾ ਹੈ ਕਿ ਉਸ ਦੀ ਕਲਾ ਦੀ ਕਦਰ ਕੀਤੀ ਜਾਵੇ, ਉਵੇਂ ਹੀ ਸਾਡਾ ਕਰਤਾਰ ਯਹੋਵਾਹ ਪਰਮੇਸ਼ੁਰ ਚਾਹੁੰਦਾ ਹੈ ਕਿ ਅਸੀਂ ਆਪਣੇ ਸਰੀਰ ਦੀ ਕਦਰ ਕਰੀਏ ਜੋ ਉਸ ਨੇ ਬਣਾਇਆ ਹੈ। (ਜ਼ਬੂਰਾਂ ਦੀ ਪੋਥੀ 139:14-16) ਅਸਲ ਵਿਚ ਆਪਣੇ ਸਰੀਰ ਨੂੰ ਤਸੀਹੇ ਦੇ ਕੇ ਰੱਬ ਨਾਲ ਸਾਡਾ ਰਿਸ਼ਤਾ ਮਜ਼ਬੂਤ ਨਹੀਂ ਹੁੰਦਾ। ਇਸ ਦੀ ਬਜਾਇ ਉਸ ਨਾਲ ਸਾਡੇ ਰਿਸ਼ਤੇ ਵਿਚ ਵਿਗਾੜ ਪੈਂਦਾ ਹੈ ਅਤੇ ਇਸ ਤਰ੍ਹਾਂ ਕਰਨਾ ਯਿਸੂ ਦੀਆਂ ਸਿੱਖਿਆਵਾਂ ਦੇ ਖ਼ਿਲਾਫ਼ ਹੈ।
ਰੱਬ ਦੀ ਸ਼ਕਤੀ ਨਾਲ ਪੌਲੁਸ ਰਸੂਲ ਨੇ ਮਨੁੱਖਾਂ ਦੀਆਂ ਗ਼ਲਤ ਸਿੱਖਿਆਵਾਂ ਬਾਰੇ ਲਿਖਿਆ: “ਏਹ ਗੱਲਾਂ ਮਨ ਮਤੇ ਦੀ ਪੂਜਾ ਅਤੇ ਅਧੀਨਤਾਈ ਅਤੇ ਦੇਹੀ ਦੀ ਤਪੱਸਿਆ ਕਰਕੇ ਬੁੱਧ ਦੀਆਂ ਭਾਸਦੀਆਂ ਤਾਂ ਹਨ ਪਰ ਸਰੀਰ ਦੀਆਂ ਕਾਮਨਾਂ ਦੇ ਰੋਕਣ ਲਈ ਓਹ ਕਿਸੇ ਕੰਮ ਦੀਆਂ ਨਹੀਂ।” (ਕੁਲੁੱਸੀਆਂ 2:20-23) ਆਪਣੇ ਸਰੀਰ ਨੂੰ ਤਸੀਹੇ ਦੇਣ ਨਾਲ ਕੋਈ ਵੀ ਪਰਮੇਸ਼ੁਰ ਦੇ ਨੇੜੇ ਨਹੀਂ ਜਾ ਸਕਦਾ। ਰੱਬ ਦੀ ਭਗਤੀ ਕਰਨ ਲਈ ਉਸ ਦੇ ਹੁਕਮਾਂ ਨੂੰ ਮੰਨਣਾ ਆਸਾਨ ਹੈ ਤੇ ਇਹ ਹੁਕਮ ਸਾਡੇ ਫ਼ਾਇਦੇ ਲਈ ਹਨ।—ਮੱਤੀ 11:28-30. (g11-E 03)
ਕੀ ਤੁਸੀਂ ਕਦੇ ਸੋਚਿਆ ਹੈ?
● ਸਾਡੇ ਸਰੀਰ ਬਾਰੇ ਰੱਬ ਦਾ ਕੀ ਨਜ਼ਰੀਆ ਹੈ?—ਜ਼ਬੂਰਾਂ ਦੀ ਪੋਥੀ 139:13-16.
● ਕੀ ਆਪਣੇ ਸਰੀਰ ਨੂੰ ਤਸੀਹੇ ਦੇ ਕੇ ਅਸੀਂ ਆਪਣੀਆਂ ਗ਼ਲਤ ਇੱਛਾਵਾਂ ’ਤੇ ਕਾਬੂ ਪਾ ਸਕਦੇ ਹਾਂ?—ਕੁਲੁੱਸੀਆਂ 2:20-23.
● ਕੀ ਰੱਬ ਦੀ ਭਗਤੀ ਕਰਨੀ ਸਾਡੇ ਲਈ ਬੋਝ ਹੈ?—ਮੱਤੀ 11:28-30.
[ਸਫ਼ਾ 11 ਉੱਤੇ ਸੁਰਖੀ]
ਬਾਈਬਲ ਸਾਫ਼-ਸਾਫ਼ ਦੱਸਦੀ ਹੈ ਕਿ ਜਾਣ-ਬੁੱਝ ਕੇ ਆਪਣੇ ਸਰੀਰ ਨੂੰ ਕਿਸੇ ਵੀ ਤਰੀਕੇ ਨਾਲ ਨੁਕਸਾਨ ਪਹੁੰਚਾਉਣਾ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਗ਼ਲਤ ਹੈ
[ਸਫ਼ਾ 10 ਉੱਤੇ ਤਸਵੀਰ]
ਇਕ ਭਗਤ ਗੋਡਿਆਂ ਭਾਰ ਚਰਚ ਵੱਲ ਨੂੰ ਜਾਂਦਾ ਹੋਇਆ
[ਤਸਵੀਰ ਦੀ ਕ੍ਰੈਡਿਟ ਲਾਈਨ]
© 2010 photolibrary.com