Skip to content

Skip to table of contents

ਕੀ ਕੋਈ ਭਰੋਸੇ ਦੇ ਲਾਇਕ ਹੈ?

ਕੀ ਕੋਈ ਭਰੋਸੇ ਦੇ ਲਾਇਕ ਹੈ?

ਕੀ ਕੋਈ ਭਰੋਸੇ ਦੇ ਲਾਇਕ ਹੈ?

ਇਕ ਡਾਕਟਰ ਨੂੰ ਦਰਦ ਦੇ ਇਲਾਜ ਦਾ ਮੋਢੀ ਸਮਝਿਆ ਜਾਂਦਾ ਸੀ। ਫਿਰ ਵੀ 1996 ਤੋਂ ਲੈ ਕੇ ਇਸ ਉੱਘੇ ਡਾਕਟਰ ਨੇ ਗ਼ਲਤ ਰਿਪੋਰਟਾਂ ਲਿਖੀਆਂ ਜਿਨ੍ਹਾਂ ਨੂੰ ਮਸ਼ਹੂਰ ਮੈਡੀਕਲ ਰਸਾਲੇ ਵਿਚ ਛਾਪਿਆ ਗਿਆ।

ਡਾਕਟਰ ਸਟੀਵਨ ਸ਼ੇਫਰ ਕਹਿੰਦਾ ਹੈ ਕਿ “ਮੈਨੂੰ ਸਮਝ ਨਹੀਂ ਆਉਂਦੀ ਕਿ ਇਕ ਇਨਸਾਨ ਅਜਿਹਾ ਕੰਮ ਕਿੱਦਾਂ ਕਰ ਸਕਦਾ ਹੈ।”

ਇਕ ਇੱਜ਼ਤਦਾਰ ਤੇ ਪੇਸ਼ਾਵਰ ਵਿਅਕਤੀ ਕਿਉਂ ਕਿਸੇ ਹੋਰ ਇਨਸਾਨ ਨੂੰ ਧੋਖਾ ਦੇਵੇਗਾ? ਆਓ ਆਪਾਂ ਚਾਰ ਕਾਰਨਾਂ ’ਤੇ ਗੌਰ ਕਰੀਏ।

ਲਾਲਚ। ਅਮਰੀਕਾ ਦੀ ਇਕ ਅਖ਼ਬਾਰ ਦੀ ਇਕ ਰਿਪੋਰਟ ਵਿਚ ਦ ਨਿਊ ਇੰਗਲੈਂਡ ਜਰਨਲ ਆਫ ਮੈਡੀਸਿਨ ਦਾ ਸਾਬਕਾ ਐਡੀਟਰ ਡਾ. ਜਰੋਮ ਕਸਿਰੇਰ ਲਿਖਦਾ ਹੈ: “ਜਦ ਖੋਜਕਾਰਾਂ ਨੂੰ ਦਵਾਈਆਂ ਬਣਾਉਣ ਵਾਲੀਆਂ ਵੱਡੀਆਂ-ਵੱਡੀਆਂ ਕੰਪਨੀਆਂ ਤੋਂ ਮੋਟੀ-ਮੋਟੀ ਤਨਖ਼ਾਹ ਮਿਲਦੀ ਹੈ, ਤਾਂ ਉਹ ਕੰਪਨੀ ਦੇ ਫ਼ਾਇਦੇ ਲਈ ਹੀ ਚੰਗੀ ਰਿਪੋਰਟ ਲਿਖਣਗੇ।”

ਹਰ ਕੀਮਤ ’ਤੇ ਕਾਮਯਾਬੀ। ਮੰਨਿਆ ਜਾਂਦਾ ਹੈ ਕਿ ਜਰਮਨੀ ਵਿਚ ਸਾਇੰਸ ਦੇ ਵਿਦਿਆਰਥੀ ਹਜ਼ਾਰਾਂ ਹੀ ਯੂਰੋ ਦੀ ਰਿਸ਼ਵਤ ਦੇ ਕੇ ਡਾਕਟਰ ਦੀ ਡਿਗਰੀ ਹਾਸਲ ਕਰਦੇ ਹਨ ਜੋ ਉਸ ਦੇਸ਼ ਵਿਚ ਬੜੇ ਮਾਣ ਦੀ ਗੱਲ ਸਮਝੀ ਜਾਂਦੀ ਹੈ। ਨਿਊ ਯਾਰਕ ਟਾਈਮਜ਼ ਅਖ਼ਬਾਰ ਨੇ ਪਤਾ ਲਗਾਇਆ ਹੈ ਕਿ ਜਿਨ੍ਹਾਂ ਵਿਦਿਆਰਥੀਆਂ ਨੇ ਬੇਈਮਾਨੀ ਨਾਲ ਇਸ ਤਰ੍ਹਾਂ ਕੀਤਾ ਹੈ, ਉਨ੍ਹਾਂ ਦਾ ਕਹਿਣਾ ਹੈ ਕਿ ਇਕ ਕਾਮਯਾਬ ਵਿਅਕਤੀ ਬਣਨ ਤੋਂ ਬਾਅਦ ਉਹ “ਈਮਾਨਦਾਰੀ ਦੇ ਰਾਹ ਉੱਤੇ ਚੱਲਣਗੇ।”

ਚੰਗੀ ਮਿਸਾਲ ਕਾਇਮ ਕਰਨ ਵਾਲਿਆਂ ਦੀ ਕਮੀ। ਹਾਈ ਸਕੂਲ ਵਿਦਿਆਰਥੀਆਂ ਬਾਰੇ ਇਕ ਪ੍ਰੋਫ਼ੈਸਰ ਨੇ ਨਿਊ ਯਾਰਕ ਟਾਈਮਜ਼ ਅਖ਼ਬਾਰ ਵਿਚ ਕਿਹਾ: “ਸ਼ਾਇਦ ਅਸੀਂ ਕਹੀਏ ਕਿ ਉਹ ਸਹੀ ਰਾਹ ਤੋਂ ਭਟਕ ਗਏ ਹਨ। . . . ਪਰ ਇਹ ਕਹਿਣਾ ਜ਼ਿਆਦਾ ਸਹੀ ਹੋਵੇਗਾ ਕਿ ਸ਼ੁਰੂ ਤੋਂ ਹੀ ਟੀਚਰਾਂ, ਸਲਾਹਕਾਰਾਂ ਤੇ ਸਮਾਜ ਨੇ ਉਨ੍ਹਾਂ ਨੂੰ ਸਹੀ ਰਾਹ ਕਦੇ ਦਿਖਾਇਆ ਹੀ ਨਹੀਂ।”

ਕਹਿਣੀ ਤੇ ਕਰਨੀ ਵਿਚ ਫ਼ਰਕ। 30,000 ਵਿਦਿਆਰਥੀਆਂ ਦੇ ਇਕ ਅਧਿਐਨ ਵਿਚ 98 ਫੀ ਸਦੀ ਵਿਦਿਆਰਥੀਆਂ ਨੇ ਕਿਹਾ ਕਿ ਰਿਸ਼ਤਿਆਂ ਵਿਚ ਈਮਾਨਦਾਰੀ ਹੋਣੀ ਬੜੀ ਜ਼ਰੂਰੀ ਹੈ। ਪਰ 10 ਵਿੱਚੋਂ 8 ਨੇ ਕਬੂਲ ਕੀਤਾ ਕਿ ਉਨ੍ਹਾਂ ਨੇ ਆਪਣੇ ਮਾਪਿਆਂ ਨੂੰ ਝੂਠ ਬੋਲਿਆ ਤੇ 64 ਫੀ ਸਦੀ ਨੇ ਕਿਹਾ ਕਿ ਉਨ੍ਹਾਂ ਨੇ ਪਿੱਛਲੇ ਸਾਲ ਦੇ ਇਮਤਿਹਾਨਾਂ ਵਿਚ ਨਕਲ ਮਾਰੀ ਸੀ।

ਸਭ ਤੋਂ ਵਧੀਆ ਅਸੂਲ

ਜਿਵੇਂ ਇਸ ਸਫ਼ੇ ਉੱਤੇ ਡੱਬੀ ਵਿਚ ਸਮਝਾਇਆ ਗਿਆ ਹੈ, ਲੱਗਦਾ ਹੈ ਕਿ ਇਨਸਾਨਾਂ ਨੂੰ ਦੂਸਰਿਆਂ ਉੱਤੇ ਭਰੋਸਾ ਕਰਨ ਲਈ ਬਣਾਇਆ ਗਿਆ ਹੈ। ਫਿਰ ਵੀ ਬਾਈਬਲ ਠੀਕ ਹੀ ਕਹਿੰਦੀ ਹੈ ਕਿ “ਆਦਮੀ ਦੇ ਮਨ ਦੀ ਭਾਵਨਾ ਉਸ ਦੀ ਜਵਾਨੀ ਤੋਂ ਬੁਰੀ ਹੀ ਹੈ।” (ਉਤਪਤ 8:21) ਤੁਸੀਂ ਇਸ ਭਾਵਨਾ ਉੱਤੇ ਕਾਬੂ ਪਾ ਕੇ ਬੇਈਮਾਨੀ ਦੇ ਫੰਦੇ ਤੋਂ ਕਿਵੇਂ ਬਚ ਸਕਦੇ ਹੋ? ਹੇਠਾਂ ਦਿੱਤੇ ਬਾਈਬਲ ਦੇ ਅਸੂਲ ਤੁਹਾਡੀ ਮਦਦ ਕਰ ਸਕਦੇ ਹਨ:

“ਜਦ ਤੇਰਾ ਗੁਆਂਢੀ ਨਿਚਿੰਤ ਤੇਰੇ ਕੋਲ ਵੱਸਦਾ ਹੈ, ਤਾਂ ਉਹ ਦੀ ਬੁਰਿਆਈ ਦੀ ਜੁਗਤ ਨਾ ਕਰ।”—ਕਹਾਉਤਾਂ 3:29.

ਜੇ ਅਸੀਂ ਆਪਣੇ ਗੁਆਂਢੀ ਨਾਲ ਪਿਆਰ ਕਰਾਂਗੇ, ਤਾਂ ਅਸੀਂ ਉਸ ਦਾ ਭਲਾ ਕਰਾਂਗੇ ਨਾ ਕਿ ਉਸ ਨਾਲ ਬੇਈਮਾਨੀ। ਇਸ ਅਸੂਲ ’ਤੇ ਚੱਲ ਕੇ ਕਈ ਤਰ੍ਹਾਂ ਦੀਆਂ ਬੁਰਾਈਆਂ ਖ਼ਤਮ ਕੀਤੀਆਂ ਜਾ ਸਕਦੀਆਂ ਹਨ। ਮਿਸਾਲ ਲਈ, ਲੋਕ ਲਾਲਚ ਕਾਰਨ ਦੂਸਰਿਆਂ ਨੂੰ ਲੁੱਟਣਗੇ ਨਹੀਂ ਤੇ ਨਾ ਹੀ ਨਕਲੀ ਦਵਾਈਆਂ ਵੇਚਣਗੇ, ਜਿਵੇਂ ਅਸੀਂ ਪਹਿਲੇ ਲੇਖ ਵਿਚ ਦੇਖਿਆ ਸੀ।

“ਸਤ ਹਮੇਸ਼ਾ ਰਹਿੰਦਾ ਹੈ, ਪਰ ਝੂਠ ਕੇਵਲ ਥੋੜ੍ਹੇ ਸਮੇਂ ਤਕ ਰਹਿੰਦਾ ਹੈ।”—ਕਹਾਉਤਾਂ 12:19, “CL.

ਅੱਜ-ਕੱਲ੍ਹ ਕਈ ਲੋਕ ਮੰਨਦੇ ਹਨ ਕਿ ਈਮਾਨਦਾਰ ਲੋਕ ਆਪਣਾ ਨੁਕਸਾਨ ਕਰਦੇ ਹਨ। ਪਰ ਖ਼ੁਦ ਨੂੰ ਪੁੱਛੋ, ‘ਤੁਹਾਨੂੰ ਕਿਹੜੀ ਚੀਜ਼ ਪਿਆਰੀ ਹੈ—ਰਾਤੋ-ਰਾਤ ਅਮੀਰ ਬਣਨਾ ਜਾਂ ਆਪਣੀ ਇੱਜ਼ਤ? ਇਕ ਵਿਦਿਆਰਥੀ ਨਕਲ ਮਾਰ ਕੇ ਦੂਸਰਿਆਂ ਨੂੰ ਧੋਖਾ ਤਾਂ ਦੇ ਸਕਦਾ ਹੈ, ਪਰ ਨੌਕਰੀ ਮਿਲਣ ਤੋਂ ਬਾਅਦ ਉਹ ਕੀ ਕਰੇਗਾ?

“ਧਰਮੀ ਜਿਹੜਾ ਸਚਿਆਈ ਨਾਲ ਚੱਲਦਾ ਹੈ,—ਉਹ ਦੇ ਮਗਰੋਂ ਉਹ ਦੇ ਪੁੱਤ੍ਰ ਧੰਨ ਹੁੰਦੇ ਹਨ!”—ਕਹਾਉਤਾਂ 20:7.

ਮਾਪਿਓ “ਸਚਿਆਈ” ਦੀ ਜ਼ਿੰਦਗੀ ਜੀਓ ਤਾਂਕਿ ਤੁਹਾਡੇ ਬੱਚੇ ਤੁਹਾਡੀ ਮਿਸਾਲ ’ਤੇ ਚੱਲ ਸਕਣ। ਆਪਣੇ ਬੱਚਿਆਂ ਨੂੰ ਸਿਖਾਓ ਕਿ ਇਕ ਨੇਕ ਜ਼ਿੰਦਗੀ ਜੀਣ ਦੇ ਕੀ ਫ਼ਾਇਦੇ ਹਨ। ਜਦੋਂ ਬੱਚੇ ਆਪਣੇ ਮਾਪਿਆਂ ਨੂੰ ਸੱਚਾਈ ਦੇ ਰਾਹ ’ਤੇ ਚੱਲਦੇ ਦੇਖਦੇ ਹਨ, ਤਾਂ ਉਹ ਵੀ ਈਮਾਨਦਾਰ ਬਣਨਾ ਸਿੱਖਣਗੇ।—ਕਹਾਉਤਾਂ 22:6.

ਤੁਹਾਨੂੰ ਕੀ ਲੱਗਦਾ ਹੈ ਕਿ ਉੱਪਰ ਦਿੱਤੇ ਬਾਈਬਲ ਦੇ ਅਸੂਲ ਵਾਕਈ ਸਾਡੇ ਫ਼ਾਇਦੇ ਲਈ ਹਨ? ਕੀ ਦੁਨੀਆਂ ਵਿਚ ਅੱਜ ਵੀ ਈਮਾਨਦਾਰ ਤੇ ਭਰੋਸੇਯੋਗ ਲੋਕ ਮਿਲ ਸਕਦੇ ਹਨ? (g10-E 10)

[ਸਫ਼ਾ 4 ਉੱਤੇ ਸੁਰਖੀ]

ਲ ਫਿਗਾਰੋ ਅਖ਼ਬਾਰ ਮੁਤਾਬਕ ਫ੍ਰਾਂਸ ਵਿਚ ਰਹਿਣ ਵਾਲੇ ਜ਼ਿਆਦਾਤਰ ਲੋਕ “ਸੋਚਦੇ ਹਨ ਕਿ ਦੁਨੀਆਂ ਦੀਆਂ ਵੱਡੀਆਂ- ਵੱਡੀਆਂ ਹਸਤੀਆਂ ਜਿਵੇਂ ਕਿ ਸਿਆਸਤਦਾਨ, ਵਪਾਰੀ ਅਤੇ ਸਮਾਜ ਸੇਵਕ ਈਮਾਨਦਾਰ ਨਹੀਂ ਹਨ। ਉਹ ਮੰਨਦੇ ਹਨ ਕਿ ਜੇ ਇਹ ਲੋਕ ਈਮਾਨਦਾਰ ਨਹੀਂ ਹਨ, ਤਾਂ ਫਿਰ ਉਨ੍ਹਾਂ ਨੂੰ ਵੀ ਈਮਾਨਦਾਰ ਬਣਨ ਦੀ ਕੋਈ ਲੋੜ ਨਹੀਂ।”

[ਸਫ਼ਾ 5 ਉੱਤੇ ਡੱਬੀ]

ਭਰੋਸਾ ਕਰਨਾ ਇਨਸਾਨੀਅਤ ਦੀ ਇਕ ਨਿਸ਼ਾਨੀ

ਫ੍ਰੈਂਕਫਰਟ ਦੀ ਇਕ ਯੂਨੀਵਰਸਿਟੀ ਵਿਚ ਬਿਜ਼ਨਿਸ ਐਡਮਨਿਸਟ੍ਰੇਸ਼ਨ ਦਾ ਇਕ ਪ੍ਰੋਫ਼ੈਸਰ ਇਸ ਸਿੱਟੇ ’ਤੇ ਪਹੁੰਚਿਆ ਕਿ “ਅਸੀਂ ਸਾਰੇ ਇਨਸਾਨ ਚਾਹੁੰਦੇ ਹਾਂ ਕਿ ਲੋਕ ਸਾਡੇ ’ਤੇ ਭਰੋਸਾ ਕਰਨ ਤੇ ਅਸੀਂ ਉਨ੍ਹਾਂ ’ਤੇ।” ਉਸ ਨੇ ਪਤਾ ਲਾਇਆ ਕਿ ਜਦ ਦੋ ਇਨਸਾਨ ਆਪਸ ਵਿਚ ਮਿਲਦੇ-ਜੁਲਦੇ ਹਨ, ਤਾਂ ਉਨ੍ਹਾਂ ਦੇ ਸਰੀਰ ਵਿੱਚੋਂ ਇਕ ਆਕਸਿਟੋਸਿੰਨ ਨਾਂ ਦਾ ਹਾਰਮੋਨ ਨਿਕਲਦਾ ਹੈ। ਇਹ ਹਾਰਮੋਨ ਸਾਨੂੰ ਦੂਜਿਆਂ ਉੱਤੇ ਭਰੋਸਾ ਕਰਨ ਲਈ ਉਕਸਾਉਂਦਾ ਹੈ। ਹਰ ਇਨਸਾਨ ਚਾਹੁੰਦਾ ਹੈ ਕਿ ਉਹ ਦੂਜਿਆਂ ’ਤੇ ਭਰੋਸਾ ਰੱਖੇ ਜਾਂ ਲੋਕ ਉਸ ’ਤੇ ਭਰੋਸਾ ਕਰਨ। “ਜਦੋਂ ਅਸੀਂ ਕਿਸੇ ’ਤੇ ਭਰੋਸਾ ਨਹੀਂ ਕਰਦੇ ਅਤੇ ਨਾ ਕੋਈ ਸਾਡੇ ’ਤੇ ਭਰੋਸਾ ਕਰਦਾ ਹੈ, ਤਾਂ ਇਸ ਦਾ ਮਤਲਬ ਸਾਡੀ ਅੰਦਰਲੀ ਇਨਸਾਨੀਅਤ ਮਰ ਚੁੱਕੀ ਹੈ।”