Skip to content

Skip to table of contents

ਤੁਸੀਂ ਇੱਕਲੇ ਆਪਣੇ ਬੱਚੇ ਦੀ ਪਰਵਰਿਸ਼ ਕਰ ਸਕਦੇ ਹੋ!

ਤੁਸੀਂ ਇੱਕਲੇ ਆਪਣੇ ਬੱਚੇ ਦੀ ਪਰਵਰਿਸ਼ ਕਰ ਸਕਦੇ ਹੋ!

ਤੁਸੀਂ ਇੱਕਲੇ ਆਪਣੇ ਬੱਚੇ ਦੀ ਪਰਵਰਿਸ਼ ਕਰ ਸਕਦੇ ਹੋ!

ਕਿਹਾ ਗਿਆ ਹੈ ਕਿ ਉਨ੍ਹਾਂ ਘਰਾਂ ਦੀ ਤੁਲਨਾ, ਜਿੱਥੇ ਦੋਵੇਂ ਮਾਂ-ਬਾਪ ਰਹਿੰਦੇ ਹਨ, ਉਸ ਜਾਨਵਰ ਨਾਲ ਕੀਤੀ ਜਾ ਸਕਦੀ ਹੈ ਜਿਸ ਦੀ ਹੋਂਦ ਖ਼ਤਰੇ ਵਿਚ ਹੈ। ਇਸ ਬਾਰੇ ਸੋਚੋ: ਸਿਰਫ਼ ਅਮਰੀਕਾ ਵਿਚ 1 ਕਰੋੜ 30 ਲੱਖ ਤੋਂ ਜ਼ਿਆਦਾ ਇਕੱਲੇ ਮਾਂ-ਬਾਪ ਹਨ ਅਤੇ ਇਨ੍ਹਾਂ ਵਿੱਚੋਂ ਜ਼ਿਆਦਾਤਰ ਇਕੱਲੀਆਂ ਮਾਵਾਂ ਹਨ। ਰਿਸਰਚ ਤੋਂ ਪਤਾ ਚੱਲਦਾ ਹੈ ਕਿ ਅਮਰੀਕਾ ਵਿਚ ਰਹਿਣ ਵਾਲੇ ਤਕਰੀਬਨ ਅੱਧੇ ਕੁ ਬੱਚੇ ਕਿਸੇ-ਨ-ਕਿਸੇ ਸਮੇਂ ਸਿਰਫ਼ ਆਪਣੀ ਮਾਂ ਜਾਂ ਆਪਣੇ ਬਾਪ ਨਾਲ ਰਹਿਣਗੇ।

ਜੇ ਤੁਸੀਂ ਇਕੱਲੇ ਆਪਣੇ ਬੱਚਿਆਂ ਦੀ ਪਰਵਰਿਸ਼ ਕਰ ਰਹੇ ਹੋ, ਤਾਂ ਯਕੀਨ ਕਰੋ ਕਿ ਤੁਸੀਂ ਕਾਮਯਾਬ ਹੋ ਸਕਦੇ ਹੋ। ਅਗਲੇ ਕੁਝ ਸੁਝਾਅ ਲਾਗੂ ਕਰਨ ਦੀ ਕੋਸ਼ਿਸ਼ ਕਰੋ।

ਸਹੀ ਨਜ਼ਰੀਆ ਰੱਖੋ। ਬਾਈਬਲ ਕਹਿੰਦੀ ਹੈ ਕਿ “ਗਰੀਬ ਦਾ ਜੀਵਨ ਇਕ ਸੰਘਰਸ਼ ਹੁੰਦਾ ਹੈ, ਪਰ ਖੁਸ਼ ਮਨ ਮਨੁੱਖ ਹਮੇਸ਼ਾ ਮਜ਼ੇ ਕਰਦਾ ਹੈ।” (ਕਹਾਉਤਾਂ 15:15, CL) ਤੁਸੀਂ ਸ਼ਾਇਦ ਸੋਚੋ ਕਿ ਤੁਹਾਡੀ ਜ਼ਿੰਦਗੀ ਵਿਚ ਤਾਂ ਕੋਈ ਮਜ਼ਾ ਨਹੀਂ। ਪਰ ਇਸ ਆਇਤ ਤੋਂ ਪਤਾ ਲੱਗਦਾ ਹੈ ਕਿ ਤੁਹਾਡੇ ਹਾਲਾਤ ਜੋ ਵੀ ਹੋਣ ਤੁਸੀਂ ਫਿਰ ਵੀ ਖ਼ੁਸ਼ ਰਹਿ ਸਕਦੇ ਹੋ। (ਕਹਾਉਤਾਂ 17:22) ਇਸ ਤਰ੍ਹਾਂ ਸੋਚਣ ਦਾ ਕੋਈ ਫ਼ਾਇਦਾ ਨਹੀਂ ਕਿ ਤੁਹਾਡੇ ਬੱਚਿਆਂ ਲਈ ਕੋਈ ਉਮੀਦ ਨਹੀਂ ਜਾਂ ਤੁਹਾਡਾ ਘਰ ਹਮੇਸ਼ਾ ਲਈ ਟੁੱਟ ਗਿਆ ਹੈ। ਜੇ ਤੁਸੀਂ ਇਸ ਤਰ੍ਹਾਂ ਸੋਚੋਗੇ, ਤਾਂ ਤੁਸੀਂ ਨਾ ਸਿਰਫ਼ ਨਿਰਾਸ਼ ਹੋਵੋਗੇ, ਪਰ ਮਾਂ ਜਾਂ ਬਾਪ ਵਜੋਂ ਤੁਹਾਡੇ ਲਈ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਵੀ ਮੁਸ਼ਕਲ ਹੋ ਜਾਣਗੀਆਂ।—ਕਹਾਉਤਾਂ 24:10.

ਸੁਝਾਅ: ਤੁਸੀਂ ਆਪਣੇ ਹਾਲਾਤਾਂ ਬਾਰੇ ਜੋ ਵੀ ਮਾੜਾ ਕਹਿੰਦੇ ਹੋ ਉਸ ਨੂੰ ਲਿਖ ਲਓ। ਫਿਰ ਉਸ ਦੀ ਥਾਂ ਕੋਈ ਚੰਗੀ ਗੱਲ ਲਿਖੋ। ਮਿਸਾਲ ਲਈ, ਜੇ ਤੁਸੀਂ ਲਿਖਿਆ ਹੋਵੇ, “ਮੇਰੇ ਲਈ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਮੁਸ਼ਕਲ ਹਨ,” ਤਾਂ ਇਸ ਦੀ ਥਾਂ ਤੁਸੀਂ ਲਿਖ ਸਕਦੇ ਹੋ, “ਮੈਂ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਸਕਦਾ ਹਾਂ ਅਤੇ ਮੈਨੂੰ ਮਦਦ ਮਿਲ ਸਕਦੀ ਹੈ।”ਫ਼ਿਲਿੱਪੀਆਂ 4:13.

ਬਜਟ ਬਣਾਓ। ਇਕੱਲੇ ਪਿਤਾਵਾਂ ਲਈ ਅਤੇ ਖ਼ਾਸਕਰ ਇਕੱਲੀਆਂ ਮਾਵਾਂ ਲਈ ਪੈਸਿਆਂ ਦੀ ਮੁਸ਼ਕਲ ਖੜ੍ਹੀ ਹੋ ਸਕਦੀ ਹੈ। ਫਿਰ ਵੀ ਜੇ ਤੁਸੀਂ ਬਜਟ ਬਣਾਉਣਾ ਸਿੱਖੋ, ਤਾਂ ਤੁਹਾਡੀ ਮਦਦ ਹੋ ਸਕਦੀ ਹੈ। ਬਾਈਬਲ ਕਹਿੰਦੀ ਹੈ ਕਿ “ਸਿਆਣਾ ਤਾਂ ਬਿਪਤਾ ਨੂੰ ਵੇਖ ਕੇ ਲੁਕ ਜਾਂਦਾ ਹੈ।” (ਕਹਾਉਤਾਂ 22:3) ਪੈਸਿਆਂ ਦੀ ਕੋਈ ਵੀ “ਬਿਪਤਾ” ਤੋਂ ਬਚਣ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਸੋਚ-ਸਮਝ ਕੇ ਪੈਸੇ ਖ਼ਰਚੋ।

ਸੁਝਾਅ: ਬਜਟ ਬਣਾ ਕੇ ਇਸ ਨੂੰ ਲਿਖੋ। ਇਕ ਮਹੀਨੇ ਲਈ ਲਿਖੋ ਕਿ ਤੁਸੀਂ ਕਿੱਥੇ ਪੈਸੇ ਖ਼ਰਚ ਰਹੇ ਹੋ। ਇਸ ਵੱਲ ਧਿਆਨ ਦਿਓ ਕਿ ਤੁਹਾਡਾ ਪੈਸਾ ਕਿੱਥੇ ਜਾ ਰਿਹਾ ਹੈ। ਕੀ ਤੁਸੀਂ ਉਧਾਰ ਤੇ ਜ਼ਿਆਦਾ ਚੀਜ਼ਾਂ ਖ਼ਰੀਦਦੇ ਹੋ? ਕੀ ਤੁਸੀਂ ਆਪਣੇ ਬੱਚਿਆਂ ਲਈ ਇਸ ਲਈ ਚੀਜ਼ਾਂ ਖ਼ਰੀਦਦੇ ਹੋ ਕਿਉਂਕਿ ਦੋਵੇਂ ਮਾਪਿਆਂ ਦੀ ਬਜਾਇ ਸਿਰਫ਼ ਇਕ ਜਣਾ ਹੈ? ਜੇ ਤੁਹਾਡੇ ਬੱਚੇ ਥੋੜ੍ਹੇ ਵੱਡੇ ਹਨ, ਤਾਂ ਕਿਉਂ ਨਾ ਉਨ੍ਹਾਂ ਨਾਲ ਬੈਠ ਕੇ ਪੈਸੇ ਬਚਾਉਣ ਦੇ ਤਰੀਕਿਆਂ ਬਾਰੇ ਗੱਲ ਕਰੋ? ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਨੂੰ ਵੀ ਫ਼ਾਇਦਾ ਹੋਵੇਗਾ। ਸ਼ਾਇਦ ਉਨ੍ਹਾਂ ਕੋਲ ਵਧੀਆ ਸੁਝਾਅ ਹੋਣ!

ਤਲਾਕ ਤੋਂ ਬਾਅਦ ਵੀ ਸ਼ਾਂਤੀ ਬਣਾਈ ਰੱਖੋ। ਜੇ ਤੁਹਾਨੂੰ ਦੋਹਾਂ ਨੂੰ ਬੱਚੇ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਮਿਲੀ ਹੈ, ਤਾਂ ਆਪਣੇ ਸਾਥੀ ਬਾਰੇ ਬੁਰਾ-ਭਲਾ ਕਹਿਣ ਤੋਂ ਬਚੋ ਕਿਉਂਕਿ ਇਸ ਦਾ ਕੋਈ ਫ਼ਾਇਦਾ ਨਹੀਂ। ਅਤੇ ਨਾ ਹੀ ਤੁਹਾਨੂੰ ਆਪਣੇ ਬੱਚੇ ਨੂੰ ਆਪਣੇ ਸਾਥੀ ਦਾ ਭੇਤ ਕੱਢਣ ਲਈ ਵਰਤਣਾ ਚਾਹੀਦਾ ਹੈ। * ਬਿਹਤਰ ਹੋਵੇਗਾ ਜੇ ਤੁਸੀਂ ਤਾੜਨਾ ਦੇਣ ਜਾਂ ਆਪਣੇ ਬੱਚੇ ਦੀ ਭਲਾਈ ਦੇ ਸੰਬੰਧ ਵਿਚ ਹੋਰ ਕਿਸੇ ਵੀ ਚੀਜ਼ ਬਾਰੇ ਆਪਣੇ ਸਾਥੀ ਨਾਲ ਮਿਲ ਕੇ ਗੱਲ ਕਰੋ। ਇਸ ਬਾਰੇ ਬਾਈਬਲ ਕਹਿੰਦੀ ਹੈ ਕਿ “ਜੇ ਹੋ ਸੱਕੇ ਤਾਂ ਆਪਣੀ ਵਾਹ ਲੱਗਦਿਆਂ ਸਾਰੇ ਮਨੁੱਖਾਂ ਦੇ ਨਾਲ ਮੇਲ ਰੱਖੋ।”—ਰੋਮੀਆਂ 12:18.

ਸੁਝਾਅ: ਅਗਲੀ ਵਾਰ ਜਦ ਤੁਹਾਡਾ ਕੋਈ ਝਗੜਾ ਹੋ ਜਾਵੇ, ਤਾਂ ਆਪਣੇ ਸਾਥੀ ਨਾਲ ਉਸ ਤਰ੍ਹਾਂ ਪੇਸ਼ ਆਓ ਜਿਵੇਂ ਤੁਸੀਂ ਕੰਮ ਤੇ ਕਿਸੇ ਸਾਥੀ ਨਾਲ ਪੇਸ਼ ਆਉਂਦੇ ਹੋ। ਕੰਮ ਤੇ ਤੁਸੀਂ ਸਾਰਿਆਂ ਨਾਲ ਬਣਾਈ ਰੱਖਣ ਦੀ ਕੋਸ਼ਿਸ਼ ਕਰਦੇ ਹੋ, ਉਨ੍ਹਾਂ ਨਾਲ ਵੀ ਜਿਨ੍ਹਾਂ ਨੂੰ ਤੁਸੀਂ ਬਹੁਤਾ ਪਸੰਦ ਨਹੀਂ ਕਰਦੇ। ਭਾਵੇਂ ਕਿ ਤਲਾਕ ਲੈਣ ਤੋਂ ਬਾਅਦ ਤੁਸੀਂ ਹਮੇਸ਼ਾ ਇਕ-ਦੂਜੇ ਨਾਲ ਸਹਿਮਤ ਨਹੀਂ ਹੋਵੋਗੇ, ਪਰ ਜ਼ਰੂਰੀ ਨਹੀਂ ਕਿ ਹਰ ਨਿੱਕੀ-ਨਿੱਕੀ ਗੱਲ ’ਤੇ ਤੁਸੀਂ ਭੜਕ ਉੱਠੋ।ਲੂਕਾ 12:58.

ਚੰਗੀ ਮਿਸਾਲ ਬਣੋ। ਆਪਣੇ ਆਪ ਨੂੰ ਪੁੱਛੋ: ‘ਮੈਂ ਆਪਣੇ ਬੱਚੇ ਵਿਚ ਕਿਹੋ ਜਿਹਾ ਰਵੱਈਆ ਦੇਖਣਾ ਅਤੇ ਉਸ ਦੇ ਮਨ ਵਿਚ ਕਿਹੋ ਜਿਹੀਆਂ ਕਦਰਾਂ-ਕੀਮਤਾਂ ਬਿਠਾਉਣੀਆਂ ਚਾਹੁੰਦਾ ਹਾਂ? ਕੀ ਮੈਂ ਵੀ ਅਜਿਹਾ ਰਵੱਈਆ ਰੱਖਦਾ ਹਾਂ ਅਤੇ ਆਪਣੀ ਜ਼ਿੰਦਗੀ ਵਿਚ ਅਜਿਹੀਆਂ ਕਦਰਾਂ-ਕੀਮਤਾਂ ਅਪਣਾਉਂਦਾ ਹਾਂ?’ ਮਿਸਾਲ ਲਈ, ਕੀ ਤੁਸੀਂ ਤਲਾਕ ਲੈਣ ਤੋਂ ਬਾਅਦ ਵੀ ਆਮ ਕਰਕੇ ਖ਼ੁਸ਼ ਰਹਿੰਦੇ ਹੋ? ਜਾਂ ਕੀ ਤੁਹਾਨੂੰ ਕਾਲੇ ਬੱਦਲਾਂ ਦੀ ਸਿਵਾਇ ਹੋਰ ਕੁਝ ਨਹੀਂ ਦਿੱਸਦਾ? ਕੀ ਤੁਸੀਂ ਆਪਣੇ ਸਾਥੀ ਨਾਲ ਹਮੇਸ਼ਾ ਗੁੱਸੇ ਵਿਚ ਰਹਿੰਦੇ ਹੋ? ਜਾਂ ਕੀ ਤੁਸੀਂ ਬੇਇਨਸਾਫ਼ੀਆਂ ਦੇ ਬਾਵਜੂਦ ਵੀ ਹਿੰਮਤ ਹਾਰਨ ਤੋਂ ਇਨਕਾਰ ਕਰਦੇ ਹੋ? (ਕਹਾਉਤਾਂ 15:18) ਇਹ ਸੱਚ ਹੈ ਕਿ ਅਜਿਹੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਸੌਖਾ ਨਹੀਂ ਹੈ। ਪਰ ਜੇ ਤੁਸੀਂ ਚੰਗੀ ਮਿਸਾਲ ਬਣੋਗੇ, ਤਾਂ ਤੁਹਾਡੇ ਬੱਚੇ ਵੀ ਸ਼ਾਇਦ ਤੁਹਾਡੀ ਨਕਲ ਕਰ ਕੇ ਤੁਹਾਡਾ ਰਵੱਈਆ ਅਪਣਾਉਣ।

ਸੁਝਾਅ: ਜਦ ਤੁਹਾਡੇ ਬੱਚੇ ਵੱਡੇ ਹੋਣਗੇ, ਤਾਂ ਤੁਸੀਂ ਉਨ੍ਹਾਂ ਵਿਚ ਕਿਹੜੇ ਗੁਣ ਦੇਖਣਾ ਚਾਹੁੰਦੇ ਹੋ? ਤਿੰਨ ਗੁਣ ਲਿਖੋ। * ਹਰ ਗੁਣ ਦੇ ਨਾਲ ਲਿਖੋ ਕਿ ਤੁਸੀਂ ਆਪਣੇ ਬੱਚੇ ਲਈ ਚੰਗੀ ਮਿਸਾਲ ਬਣ ਕੇ ਉਸ ਵਿਚ ਇਹ ਗੁਣ ਪੈਦਾ ਕਰਨ ਦੀ ਮਦਦ ਕਿਵੇਂ ਕਰ ਸਕਦੇ ਹੋ।

ਆਪਣਾ ਖ਼ਿਆਲ ਰੱਖੋ। ਜ਼ਿੰਦਗੀ ਵਿਚ ਬਿਜ਼ੀ ਰਹਿਣ ਕਰਕੇ ਤੁਸੀਂ ਸ਼ਾਇਦ ਆਪਣੀ ਸਿਹਤ ਦਾ ਖ਼ਿਆਲ ਨਾ ਰੱਖੋ। ਪਰ ਇਸ ਫੰਦੇ ਵਿਚ ਨਾ ਪਵੋ! ਇਸ ਦੇ ਨਾਲ-ਨਾਲ ਇਹ ਵੀ ਜ਼ਰੂਰੀ ਹੈ ਕਿ ਤੁਸੀਂ ਪਰਮੇਸ਼ੁਰ ਨਾਲ ਆਪਣੇ ਰਿਸ਼ਤੇ ਨੂੰ ਮਜ਼ਬੂਤ ਰੱਖੋ। ਯਾਦ ਰੱਖੋ ਕਿ ਪੈਟਰੋਲ ਤੋਂ ਬਿਨਾਂ ਗੱਡੀ ਚੱਲ ਨਹੀਂ ਸਕਦੀ। ਇਸੇ ਤਰ੍ਹਾਂ ਤੁਹਾਨੂੰ ਵੀ ਜ਼ਿੰਦਗੀ ਦਾ ਸਫ਼ਰ ਕਰਨ ਲਈ ਆਪਣੀ ਸਿਹਤ ਦਾ ਖ਼ਿਆਲ ਰੱਖਣ ਦੀ ਲੋੜ ਹੈ।

ਇਸ ਦੇ ਨਾਲ-ਨਾਲ “ਇੱਕ ਹੱਸਣ ਦਾ ਵੇਲਾ” ਅਤੇ “ਇੱਕ ਨੱਚਣ ਦਾ ਵੇਲਾ ਹੈ।” (ਉਪਦੇਸ਼ਕ ਦੀ ਪੋਥੀ 3:4) ਮਨੋਰੰਜਨ ਲਈ ਸਮਾਂ ਕੱਢਣਾ ਜ਼ਰੂਰੀ ਹੈ। ਇਸ ਤਰ੍ਹਾਂ ਤੁਹਾਨੂੰ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਤਾਜ਼ਗੀ ਅਤੇ ਤਾਕਤ ਮਿਲੇਗੀ।

ਸੁਝਾਅ: ਹੋਰਨਾਂ ਮਾਪਿਆਂ ਨਾਲ ਵੀ ਗੱਲ ਕਰੋ ਜਿਨ੍ਹਾਂ ਦਾ ਤਲਾਕ ਹੋਇਆ ਹੈ ਅਤੇ ਜੋ ਹੁਣ ਇਕੱਲੇ ਆਪਣੇ ਬੱਚਿਆਂ ਦੀ ਦੇਖ-ਭਾਲ ਕਰ ਰਹੇ ਹਨ। ਉਨ੍ਹਾਂ ਨੂੰ ਪੁੱਛੋ ਕਿ ਉਹ ਆਪਣਾ ਖ਼ਿਆਲ ਕਿਵੇਂ ਰੱਖਦੇ ਹਨ। ਜ਼ਿੰਮੇਵਾਰੀਆਂ ਨਿਭਾਉਣ ਦੇ ਨਾਲ-ਨਾਲ ਕੀ ਤੁਸੀਂ ਹਰ ਹਫ਼ਤੇ ਅਜਿਹਾ ਕੁਝ ਕਰ ਸਕਦੇ ਹੋ ਜੋ ਤੁਹਾਨੂੰ ਚੰਗਾ ਲੱਗਦਾ ਹੈ? (ਫ਼ਿਲਿੱਪੀਆਂ 1:10) ਲਿਖੋ ਕਿ ਤੁਸੀਂ ਕੀ ਕਰਨਾ ਪਸੰਦ ਕਰੋਗੇ ਅਤੇ ਤੁਸੀਂ ਇਹ ਕਿਸ ਸਮੇਂ ਕਰ ਸਕਦੇ ਹੋ। (g09 10)

[ਫੁਟਨੋਟ]

^ ਪੈਰਾ 8 ਹੋਰ ਜਾਣਕਾਰੀ ਲਈ ਇਸ ਰਸਾਲੇ ਦੇ ਸਫ਼ੇ 18-21 ’ਤੇ “ਟੁੱਟਾ ਘਰ—ਨੌਜਵਾਨਾਂ ਉੱਤੇ ਤਲਾਕ ਦਾ ਅਸਰ” ਨਾਂ ਦਾ ਲੇਖ ਦੇਖੋ।

^ ਪੈਰਾ 11 ਮਿਸਾਲ ਲਈ, ਤੁਸੀਂ ਆਪਣੇ ਬੱਚੇ ਵਿਚ ਆਦਰ, ਸਮਝਦਾਰੀ ਅਤੇ ਮਾਫ਼ੀ ਵਰਗੇ ਗੁਣ ਪੈਦਾ ਕਰਨ ਦੀ ਮਦਦ ਕਰ ਸਕਦੇ ਹੋ। ਇਨ੍ਹਾਂ ਦਾ ਜ਼ਿਕਰ ਇਸ ਰਸਾਲੇ ਦੇ 6-8 ਸਫ਼ਿਆਂ ’ਤੇ ਕੀਤਾ ਗਿਆ ਹੈ।