ਮੈਂ ਬੇਹੋਸ਼ ਕਿਉਂ ਹੋ ਜਾਂਦਾ ਹਾਂ?
ਮੈਂ ਬੇਹੋਸ਼ ਕਿਉਂ ਹੋ ਜਾਂਦਾ ਹਾਂ?
ਡਾਕਟਰ ਮੇਰੀਆਂ ਅੱਖਾਂ ਵਿਚ ਪ੍ਰੈਸ਼ਰ ਚੈੱਕ ਕਰਨਾ ਚਾਹੁੰਦਾ ਸੀ। ਪ੍ਰੈਸ਼ਰ ਚੈੱਕ ਕਰਨ ਲਈ ਉਸ ਨੇ ਮੇਰੇ ਡੇਲਿਆਂ ਨੂੰ ਔਜ਼ਾਰ ਦੇ ਨਾਲ ਛੋਹਣਾ ਸੀ। ਜਿਸ ਗੱਲ ਦਾ ਮੈਨੂੰ ਡਰ ਸੀ, ਉਹੋ ਹੋਇਆ। ਮੈਂ ਬੇਹੋਸ਼ ਹੋ ਗਿਆ। ਮੇਰੇ ਨਾਲ ਹਮੇਸ਼ਾ ਹੀ ਇੱਦਾਂ ਹੁੰਦਾ। ਉਦੋਂ ਵੀ ਮੈਂ ਬੇਹੋਸ਼ ਹੋ ਜਾਂਦਾ ਹਾਂ ਜਦੋਂ ਨਰਸ ਸਰਿੰਜ ਨਾਲ ਮੇਰਾ ਖ਼ੂਨ ਕੱਢਦੀ ਹੈ। ਕਈ ਵਾਰ ਤਾਂ ਸੱਟਾਂ ਬਾਰੇ ਗੱਲ ਕਰਦਿਆਂ ਹੀ ਮੈਂ ਬੇਹੋਸ਼ ਹੋ ਜਾਂਦਾ ਹਾਂ।
ਇਕ ਕੈਨੇਡੀਆਈ ਰਿਪੋਰਟ ਮੁਤਾਬਕ ਤਿੰਨ ਪ੍ਰਤਿਸ਼ਤ ਲੋਕ ਅਕਸਰ ਉੱਪਰ ਦੱਸੀਆਂ ਸਥਿਤੀਆਂ ਵਿਚ ਬੇਹੋਸ਼ ਹੋ ਜਾਂਦੇ ਹਨ। ਜੇ ਤੁਹਾਡੇ ਨਾਲ ਇਸ ਤਰ੍ਹਾਂ ਹੁੰਦਾ ਹੈ, ਤਾਂ ਤੁਸੀਂ ਬੇਹੋਸ਼ ਨਾ ਹੋਣ ਦੀਆਂ ਲੱਖ ਕੋਸ਼ਿਸ਼ਾਂ ਕੀਤੀਆਂ ਹੋਣੀਆਂ। ਪਬਲਿਕ ਵਿਚ ਬੇਹੋਸ਼ ਹੋਣ ਦੀ ਬਜਾਇ ਤੁਸੀਂ ਭੱਜ ਕੇ ਬਾਥਰੂਮ ਜਾਣ ਦੀ ਕੋਸ਼ਿਸ਼ ਕੀਤੀ ਹੋਣੀ। ਪਰ ਇਸ ਤਰ੍ਹਾਂ ਕਰਨਾ ਖ਼ਤਰਨਾਕ ਹੋ ਸਕਦਾ ਹੈ। ਤੁਸੀਂ ਬਾਥਰੂਮ ਜਾਂਦਿਆਂ ਰਾਹ ਵਿਚ ਅਚਾਨਕ ਬੇਹੋਸ਼ ਹੋ ਕੇ ਡਿੱਗ ਸਕਦੇ ਹੋ ਤੇ ਤੁਹਾਡੇ ਸੱਟ-ਚੋਟ ਲੱਗ ਸਕਦੀ ਹੈ। ਮੈਂ ਵੀ ਕਈ ਵਾਰ ਬੇਹੋਸ਼ ਹੋਇਆ, ਇਸ ਲਈ ਹਾਰ ਕੇ ਮੈਂ ਇਹ ਜਾਣਨ ਦਾ ਫ਼ੈਸਲਾ ਕੀਤਾ ਕਿ ਆਖ਼ਰ ਮੈਂ ਬੇਹੋਸ਼ ਹੁੰਦਾ ਕਿਉਂ ਹਾਂ।
ਡਾਕਟਰਾਂ ਨਾਲ ਗੱਲਬਾਤ ਕਰ ਕੇ ਤੇ ਕਿਤਾਬਾਂ ਪੜ੍ਹ ਕੇ ਮੈਨੂੰ ਪਤਾ ਲੱਗਿਆ ਕਿ ਇਸ ਬੀਮਾਰੀ ਨੂੰ ਵੈਸੋਵੇਗਲ ਰਿਐਕਸ਼ਨ * ਕਹਿੰਦੇ ਹਨ। ਇਹ ਸਾਡੇ ਸਰੀਰ ਵਿਚ ਲਹੂ ਦੇ ਵਹਾਅ ਨੂੰ ਕੰਟ੍ਰੋਲ ਕਰਨ ਵਾਲੀ ਪ੍ਰਣਾਲੀ ਦਾ ਵਿਗਾੜ ਮੰਨਿਆ ਜਾਂਦਾ ਹੈ। ਇਹ ਪ੍ਰਣਾਲੀ ਉੱਠਣ-ਬੈਠਣ ਤੇ ਤੁਰਨ-ਫਿਰਨ ਵੇਲੇ ਲਹੂ ਦੇ ਵਹਾਅ ਨੂੰ ਕੰਟ੍ਰੋਲ ਕਰਦੀ ਹੈ।
ਖ਼ੂਨ ਦੇਖਣ ਜਾਂ ਅੱਖਾਂ ਦੀ ਜਾਂਚ ਕਰਾਉਣ ਵਰਗੀਆਂ ਸਥਿਤੀਆਂ ਵਿਚ ਤੁਹਾਡੀ ਤੰਤੂ ਪ੍ਰਣਾਲੀ ਗੜਬੜਾ ਜਾਂਦੀ ਹੈ। ਭਾਵੇਂ ਤੁਸੀਂ ਬੈਠੇ ਜਾਂ ਖੜ੍ਹੇ ਹੁੰਦੇ ਹੋ, ਪਰ ਇਹ ਉਸੇ ਤਰ੍ਹਾਂ ਕੰਮ ਕਰਨ ਲੱਗ ਪੈਂਦੀ ਹੈ ਜਿੱਦਾਂ ਇਹ ਤੁਹਾਡੇ ਲੰਮੇ ਪਏ ਹੋਣ ਦੀ ਸਥਿਤੀ ਵਿਚ ਕੰਮ ਕਰਦੀ ਹੈ। ਪਹਿਲਾਂ, ਤੁਹਾਡਾ ਦਿਲ ਡਰ ਨਾਲ ਤੇਜ਼-ਤੇਜ਼ ਧੜਕਣਾ ਸ਼ੁਰੂ ਕਰ ਦਿੰਦਾ ਹੈ। ਫਿਰ ਨਬਜ਼ ਦੀ ਰਫ਼ਤਾਰ ਬਹੁਤ ਘੱਟ ਜਾਂਦੀ ਹੈ ਤੇ ਲੱਤਾਂ ਵਿਚ ਰੱਤ-ਨਾੜਾਂ ਫੁੱਲ ਜਾਂਦੀਆਂ ਹਨ। ਇਸ ਕਰਕੇ ਖ਼ੂਨ ਦਾ ਵਹਾਅ ਲੱਤਾਂ ਵੱਲ ਜ਼ਿਆਦਾ ਹੁੰਦਾ ਹੈ ਤੇ ਸਿਰ ਵੱਲ ਘੱਟ। ਇਸ ਨਾਲ ਸਿਰ ਵਿਚ ਆਕਸੀਜਨ ਨਹੀਂ ਪਹੁੰਚਦੀ ਤੇ ਤੁਸੀਂ ਬੇਹੋਸ਼ ਹੋ ਜਾਂਦੇ ਹਾਂ। ਪਰ ਕੀ ਤੁਸੀਂ ਬੇਹੋਸ਼ ਹੋਣ ਤੋਂ ਬਚਣ ਲਈ ਕੁਝ ਕਰ ਸਕਦੇ ਹੋ?
ਜਦੋਂ ਸਰਿੰਜ ਨਾਲ ਤੁਹਾਡਾ ਖ਼ੂਨ ਕੱਢਿਆ ਜਾਂਦਾ ਹੈ, ਉਸ ਵੇਲੇ ਤੁਸੀਂ ਕਿਸੇ ਹੋਰ ਪਾਸੇ ਦੇਖੋ ਜਾਂ ਲੇਟ ਜਾਓ। ਜਿਵੇਂ ਉੱਪਰ ਦੱਸਿਆ ਹੈ, ਵੈਸੋਵੇਗਲ ਰਿਐਕਸ਼ਨ ਹੋਣ ਤੋਂ ਪਹਿਲਾਂ ਤੁਹਾਨੂੰ ਪਤਾ ਲੱਗ ਜਾਵੇਗਾ। ਇਸ ਲਈ ਬੇਹੋਸ਼ ਹੋਣ ਤੋਂ ਪਹਿਲਾਂ ਤੁਹਾਡੇ ਕੋਲ ਕੁਝ ਕਰਨ ਦਾ ਸਮਾਂ ਹੁੰਦਾ ਹੈ। ਬਹੁਤ ਸਾਰੇ ਡਾਕਟਰ ਸਲਾਹ ਦਿੰਦੇ ਹਨ ਕਿ ਤੁਸੀਂ ਲੇਟ ਜਾਓ ਜਾਂ ਆਪਣੀਆਂ ਲੱਤਾਂ ਉੱਪਰ ਚੁੱਕ ਕੇ ਕੁਰਸੀ ਜਾਂ ਕੰਧ ਤੇ ਟਿਕਾ ਲਓ। ਇਸ ਨਾਲ ਲਹੂ ਤੁਹਾਡੀਆਂ ਲੱਤਾਂ ਵਿਚ ਨਹੀਂ ਜਾਵੇਗਾ ਤੇ ਤੁਸੀਂ ਬੇਹੋਸ਼ ਨਹੀਂ ਹੋਵੋਗੇ। ਕੁਝ ਮਿੰਟਾਂ ਬਾਅਦ ਤੁਸੀਂ ਠੀਕ ਹੋ ਜਾਓਗੇ।
ਮੈਨੂੰ ਇਸ ਜਾਣਕਾਰੀ ਤੋਂ ਬਹੁਤ ਫ਼ਾਇਦਾ ਹੋਇਆ ਹੈ। ਇਸ ਜਾਣਕਾਰੀ ਦੀ ਮਦਦ ਨਾਲ ਤੁਹਾਨੂੰ ਵੀ ਪਤਾ ਲੱਗ ਸਕਦਾ ਹੈ ਕਿ ਤੁਸੀਂ ਕਦੋਂ ਬੇਹੋਸ਼ ਹੋਣ ਵਾਲੇ ਹੋ। ਫਿਰ ਤੁਸੀਂ ਤੁਰੰਤ ਕੁਝ ਕਰ ਕੇ ਬੇਹੋਸ਼ ਹੋਣ ਤੋਂ ਬਚ ਸਕੋਗੇ।—ਇਕ ਮਰੀਜ਼ ਤੋਂ ਧੰਨਵਾਦ ਸਹਿਤ। (g 4/07)
[ਫੁਟਨੋਟ]
^ ਪੈਰਾ 4 ਵੇਗਸ ਤੰਤੂ ਦੁਆਰਾ ਰੱਤ-ਨਾੜਾਂ ਉੱਤੇ ਪਾਏ ਅਸਰ ਨੂੰ “ਵੈਸੋਵੇਗਲ” ਕਹਿੰਦੇ ਹਨ। ਲਾਤੀਨੀ ਭਾਸ਼ਾ ਵਿਚ ਵੇਗਸ ਸ਼ਬਦ ਦਾ ਮਤਲਬ ਹੈ “ਭ੍ਰਮਣ।”
[ਸਫ਼ਾ 14 ਉੱਤੇ ਸੁਰਖੀ]
ਡਾਕਟਰੀ ਜਾਂਚ ਕਰਾਉਣ ਵੇਲੇ ਲੇਟ ਜਾਣਾ ਚੰਗਾ ਹੁੰਦਾ ਹੈ