ਮੁੰਬਈ ਧਮਾਕਿਆਂ ਦੇ ਚਸ਼ਮਦੀਦ ਗਵਾਹ
ਮੁੰਬਈ ਧਮਾਕਿਆਂ ਦੇ ਚਸ਼ਮਦੀਦ ਗਵਾਹ
ਭਾਰਤ ਵਿਚ ਜਾਗਰੂਕ ਬਣੋ! ਦੇ ਲੇਖਕ ਦੁਆਰਾ
ਮੁੰਬਈ ਸ਼ਹਿਰ ਦੀ ਵਸੋਂ 1 ਕਰੋੜ 80 ਲੱਖ ਤੋਂ ਵੀ ਜ਼ਿਆਦਾ ਹੈ। ਹਰ ਦਿਨ 60-70 ਲੱਖ ਲੋਕ ਕੰਮ ਤੇ ਜਾਣ, ਸਕੂਲ-ਕਾਲਜ ਜਾਣ, ਖ਼ਰੀਦਾਰੀ ਕਰਨ ਜਾਂ ਸੈਰ-ਸਪਾਟੇ ਦੀਆਂ ਥਾਵਾਂ ਤੇ ਜਾਣ ਲਈ ਲੋਕਲ ਟ੍ਰੇਨਾਂ ਵਿਚ ਸਫ਼ਰ ਕਰਦੇ ਹਨ। ਇਹ ਤੇਜ਼ ਰਫ਼ਤਾਰ ਟ੍ਰੇਨਾਂ ਮੁੰਬਈ ਸ਼ਹਿਰ ਅਤੇ ਇਸ ਦੇ ਉਪਨਗਰਾਂ ਵਿਚਕਾਰ ਆਵਾਜਾਈ ਦੇ ਮੁੱਖ ਸਾਧਨ ਹਨ। ਹਰ ਨੌਂ ਡੱਬਿਆਂ ਵਾਲੀ ਟ੍ਰੇਨ 1,710 ਵਿਅਕਤੀਆਂ ਲਈ ਬਣਾਈ ਗਈ ਹੈ। ਪਰ ਸਵੇਰੇ ਅਤੇ ਸ਼ਾਮ ਦੇ ਸਮੇਂ ਹਰ ਟ੍ਰੇਨ ਵਿਚ ਲਗਭਗ 5,000 ਲੋਕ ਸਫ਼ਰ ਕਰਦੇ ਹਨ! 11 ਜੁਲਾਈ 2006 ਦੇ ਦਿਨ ਅੱਤਵਾਦੀਆਂ ਨੇ ਇਹੋ ਜਿਹੀ ਇਕ ਸ਼ਾਮ ਨੂੰ ਤੁੰਨ-ਤੁੰਨ ਕੇ ਭਰੀਆਂ ਲੋਕਲ ਟ੍ਰੇਨਾਂ ਨੂੰ ਆਪਣਾ ਨਿਸ਼ਾਨਾ ਬਣਾਇਆ। 15 ਮਿੰਟਾਂ ਦੇ ਅੰਦਰ-ਅੰਦਰ ਵੱਖ-ਵੱਖ ਟ੍ਰੇਨਾਂ ਵਿਚ ਸੱਤ ਬੰਬ ਧਮਾਕੇ ਹੋਏ ਜਿਨ੍ਹਾਂ ਵਿਚ 200 ਤੋਂ ਜ਼ਿਆਦਾ ਲੋਕ ਮਾਰੇ ਗਏ ਅਤੇ 800 ਤੋਂ ਜ਼ਿਆਦਾ ਲੋਕ ਫੱਟੜ ਹੋ ਗਏ।
ਮੁੰਬਈ ਅਤੇ ਇਸ ਦੇ ਉਪਨਗਰਾਂ ਵਿਚ ਯਹੋਵਾਹ ਦੇ ਗਵਾਹਾਂ ਦੀਆਂ 22 ਕਲੀਸਿਯਾਵਾਂ ਹਨ। ਇਨ੍ਹਾਂ ਕਲੀਸਿਯਾਵਾਂ ਦੇ ਬਹੁਤ ਸਾਰੇ ਮੈਂਬਰ ਰੋਜ਼ ਲੋਕਲ ਟ੍ਰੇਨਾਂ ਵਿਚ ਸਫ਼ਰ ਕਰਦੇ ਹਨ। ਅੱਤਵਾਦੀ ਹਮਲਿਆਂ ਦੇ ਦਿਨ ਵੀ ਕਈ ਯਹੋਵਾਹ ਦੇ ਗਵਾਹ ਉਨ੍ਹਾਂ ਟ੍ਰੇਨਾਂ ਵਿਚ ਸਨ ਜਿਨ੍ਹਾਂ ਵਿਚ ਬੰਬ ਧਮਾਕੇ ਹੋਏ ਸਨ। ਭਾਵੇਂ ਧਮਾਕਿਆਂ ਕਰਕੇ ਕਈ ਯਹੋਵਾਹ ਦੇ ਗਵਾਹ ਜ਼ਖ਼ਮੀ ਹੋਏ, ਪਰ ਖ਼ੁਸ਼ੀ ਦੀ ਗੱਲ ਹੈ ਕਿ ਕਿਸੇ ਦੀ ਜਾਨ ਨਹੀਂ ਗਈ। ਅਨੀਤਾ ਨਾਂ ਦੀ ਭੈਣ ਕੰਮ ਤੋਂ ਵਾਪਸ ਘਰ ਜਾ ਰਹੀ ਸੀ। ਟ੍ਰੇਨ ਖਚਾਖਚ ਭਰੀ ਹੋਣ ਕਰਕੇ ਉਹ ਫਸਟ-ਕਲਾਸ ਕੰਪਾਰਟਮੈਂਟ ਦੇ ਦਰਵਾਜ਼ੇ ਕੋਲ ਹੀ ਖੜ੍ਹ ਗਈ ਤਾਂਕਿ ਸਟੇਸ਼ਨ ਆਉਣ ਤੇ ਉਹ ਆਰਾਮ ਨਾਲ ਉੱਤਰ ਸਕੇ। ਅਚਾਨਕ ਚੱਲਦੀ ਟ੍ਰੇਨ ਵਿਚ ਜ਼ਬਰਦਸਤ ਧਮਾਕਾ ਹੋਇਆ ਅਤੇ ਪੂਰਾ ਡੱਬਾ ਕਾਲੇ ਧੂੰਏ ਨਾਲ ਭਰ ਗਿਆ। ਉਸ ਨੇ ਜਦੋਂ ਬਾਹਰ ਝੁਕ ਕੇ ਸੱਜੇ ਪਾਸੇ ਦੇਖਿਆ, ਤਾਂ ਉਹ ਦੰਗ ਰਹਿ ਗਈ। ਅਗਲੇ ਡੱਬੇ ਦਾ ਇਕ ਪਾਸਾ ਪਾਟ ਕੇ 45 ਡਿਗਰੀ ਕੋਣ ਤੇ ਟੇਢਾ ਲਟਕ ਰਿਹਾ ਸੀ। ਉਸ ਪਾੜ ਵਿੱਚੋਂ ਲੋਕਾਂ ਦੀਆਂ ਲੋਥਾਂ ਅਤੇ ਅੰਗ ਉੱਡ-ਉੱਡ ਕੇ ਪਟੜੀ ਤੇ ਡਿੱਗ ਰਹੇ ਸਨ। ਭਾਵੇਂ ਕਿ ਟ੍ਰੇਨ ਕੁਝ ਹੀ ਸਕਿੰਟਾਂ ਵਿਚ ਰੁਕ ਗਈ, ਪਰ ਅਨੀਤਾ ਨੂੰ ਲੱਗਾ ਜਿਵੇਂ ਸਦੀਆਂ ਬੀਤ ਗਈਆਂ ਹੋਣ। ਅਨੀਤਾ ਹੋਰ ਸਵਾਰੀਆਂ ਸਮੇਤ ਟ੍ਰੇਨ ਤੋਂ ਛੇਤੀ-ਛੇਤੀ ਉੱਤਰੀ ਅਤੇ ਭੱਜ ਕੇ ਟ੍ਰੇਨ ਤੋਂ ਦੂਰ ਚਲੀ ਗਈ। ਇਸ ਤੋਂ ਪਹਿਲਾਂ ਕਿ ਪੂਰੇ ਸ਼ਹਿਰ ਦੀਆਂ ਫ਼ੋਨ ਲਾਈਨਾਂ ਜਾਮ ਹੋ ਜਾਂਦੀਆਂ, ਅਨੀਤਾ ਆਪਣੇ ਮੋਬਾਈਲ ਫ਼ੋਨ ਉੱਤੇ ਆਪਣੇ ਪਤੀ
ਜੌਨ ਨਾਲ ਗੱਲ ਕਰਨ ਵਿਚ ਸਫ਼ਲ ਹੋ ਗਈ। ਹੁਣ ਤਕ ਤਾਂ ਉਸ ਨੇ ਆਪਣੇ ਆਪ ਨੂੰ ਸੰਭਾਲੀ ਰੱਖਿਆ ਸੀ, ਪਰ ਜੌਨ ਦੀ ਆਵਾਜ਼ ਸੁਣਦਿਆਂ ਹੀ ਹੰਝੂਆਂ ਦਾ ਬੰਨ੍ਹ ਟੁੱਟ ਪਿਆ ਅਤੇ ਉਹ ਫੁੱਟ-ਫੁੱਟ ਕੇ ਰੋਣ ਲੱਗ ਪਈ। ਉਸ ਨੇ ਜੌਨ ਨੂੰ ਸਾਰੀ ਵਾਰਦਾਤ ਸੁਣਾਈ ਅਤੇ ਉਸ ਨੂੰ ਉੱਥੋਂ ਲੈ ਜਾਣ ਲਈ ਕਿਹਾ। ਕੁਝ ਹੀ ਮਿੰਟਾਂ ਬਾਅਦ ਤੇਜ਼ ਮੀਂਹ ਪੈਣ ਲੱਗ ਪਿਆ। ਮੀਂਹ ਵਿਚ ਜ਼ਿਆਦਾਤਰ ਸੁਰਾਗ ਰੁੜ ਗਏ ਜੋ ਅੱਤਵਾਦੀਆਂ ਦਾ ਪਤਾ ਲਗਾਉਣ ਵਿਚ ਪੁਲਸ ਲਈ ਮਦਦਗਾਰ ਸਾਬਤ ਹੁੰਦੇ।ਕਲੌਡੀਅਸ ਨਾਂ ਦੇ ਇਕ ਹੋਰ ਯਹੋਵਾਹ ਦੇ ਗਵਾਹ ਨੇ ਉਸ ਸ਼ਾਮ ਦਫ਼ਤਰ ਤੋਂ ਛੇਤੀ ਛੁੱਟੀ ਲੈ ਲਈ ਸੀ। ਉਸ ਨੇ ਚਰਚਗੇਟ ਸਟੇਸ਼ਨ ਤੋਂ 5:18 ਦੀ ਗੱਡੀ ਫੜੀ। ਫਸਟ-ਕਲਾਸ ਡੱਬੇ ਵਿਚ ਚੜ੍ਹ ਕੇ ਉਸ ਨੇ ਖਾਲੀ ਸੀਟ ਲੱਭਣ ਲਈ ਇੱਧਰ-ਉੱਧਰ ਦੇਖਿਆ। ਉਸ ਨੇ ਬਾਯੰਦਰ ਸਟੇਸ਼ਨ ਤੇ ਉਤਰਨਾ ਸੀ ਜੋ ਘੰਟਾ ਦੂਰ ਸੀ। ਸੀਟ ਲੱਭਦਿਆਂ ਉਸ ਨੂੰ ਇਕ ਹੋਰ ਕਲੀਸਿਯਾ ਦਾ ਯਹੋਵਾਹ ਦਾ ਗਵਾਹ ਜੋਸਫ਼ ਨਜ਼ਰ ਆਇਆ ਤੇ ਉਹ ਉਸ ਦੇ ਲਾਗੇ ਹੀ ਖਾਲੀ ਸੀਟ ਤੇ ਬੈਠ ਗਿਆ। ਦੋਵੇਂ ਆਪਸ ਵਿਚ ਗੱਲੀਂ ਜੁੱਟ ਗਏ ਤੇ ਸਮਾਂ ਛੇਤੀ ਹੀ ਲੰਘ ਗਿਆ। ਫਿਰ ਪੂਰਾ ਦਿਨ ਕੰਮ ਕਰ ਕੇ ਥੱਕੇ ਜੋਸਫ਼ ਦੀ ਅੱਖ ਲੱਗ ਗਈ। ਟ੍ਰੇਨ ਵਿਚ ਬਹੁਤ ਭੀੜ ਸੀ। ਸੋ ਬਾਯੰਦਰ ਸਟੇਸ਼ਨ ਤੋਂ ਪਹਿਲਾਂ ਦੇ ਇਕ ਸਟੇਸ਼ਨ ਤੇ ਕਲੌਡੀਅਸ ਉੱਠ ਕੇ ਦਰਵਾਜ਼ੇ ਕੋਲ ਚਲਾ ਗਿਆ। ਇੰਨੇ ਵਿਚ ਜੋਸਫ਼ ਦੀ ਨੀਂਦ ਖੁੱਲ੍ਹ ਗਈ ਅਤੇ ਉਹ ਕਲੌਡੀਅਸ ਨੂੰ ਬਾਏ ਕਹਿਣ ਲਈ ਪਿੱਛੇ ਨੂੰ ਝੁੱਕਿਆ। ਉਸ ਨਾਲ ਗੱਲ ਕਰਨ ਲਈ ਕਲੌਡੀਅਸ ਸੀਟ ਦੀ ਰੇਲਿੰਗ ਫੜ ਕੇ ਅੱਗੇ ਨੂੰ ਝੁੱਕਿਆ। ਉਸੇ ਵੇਲੇ ਅਚਾਨਕ ਵੱਡਾ ਧਮਾਕਾ ਹੋਇਆ। ਪੂਰਾ ਡੱਬਾ ਬੁਰੀ ਤਰ੍ਹਾਂ ਹਿੱਲ ਗਿਆ ਅਤੇ ਕਾਲੇ ਧੂੰਏ ਨਾਲ ਭਰ ਗਿਆ। ਜ਼ੋਰਦਾਰ ਧਮਾਕੇ ਨੇ ਕਲੌਡੀਅਸ ਨੂੰ ਸੀਟਾਂ ਵਿਚਕਾਰ ਸੁੱਟ ਦਿੱਤਾ। ਉਸ ਨੂੰ ਆਪਣੇ ਕੰਨਾਂ ਵਿਚ ਗੂੰਜ ਤੋਂ ਇਲਾਵਾ ਹੋਰ ਕੁਝ ਨਹੀਂ ਸੁਣਾਈ ਦੇ ਰਿਹਾ ਸੀ। ਜਿਸ ਥਾਂ ਉਹ ਪਹਿਲਾਂ ਖਲੋਤਾ ਸੀ, ਉੱਥੇ ਵੱਡਾ ਸਾਰਾ ਪਾੜ ਸੀ। ਸ਼ਾਇਦ ਜੋਸਫ਼ ਨਾਲ ਗੱਲ ਕਰਨ ਲਈ ਝੁੱਕਣ ਕਰਕੇ ਹੀ ਉਸ ਦੀ ਜਾਨ ਬਚ ਗਈ ਕਿਉਂਕਿ ਉਸ ਨਾਲ ਖਲੋਤੇ ਲੋਕ ਜਾਂ ਤਾਂ ਟ੍ਰੇਨ ਤੋਂ ਬਾਹਰ ਡਿੱਗ ਗਏ ਸਨ ਜਾਂ ਫ਼ਰਸ਼ ਤੇ ਮਰੇ ਪਏ ਸਨ। ਉਸ ਮੰਗਲਵਾਰ ਨੂੰ ਟ੍ਰੇਨਾਂ ਵਿਚ ਹੋਏ ਸੱਤ ਧਮਾਕਿਆਂ ਵਿੱਚੋਂ ਇਹ ਪੰਜਵਾਂ ਧਮਾਕਾ ਸੀ ਜਿਸ ਵਿੱਚੋਂ ਕਲੌਡੀਅਸ ਬਚ ਨਿਕਲਿਆ ਸੀ।
ਕਲੌਡੀਅਸ ਨੂੰ ਹਸਪਤਾਲ ਪਹੁੰਚਾਇਆ ਗਿਆ। ਉਸ ਦੇ ਕੱਪੜੇ ਖ਼ੂਨ ਨਾਲ ਲਥਪਥ ਸਨ। ਪਰ ਇਹ ਉਸ ਦਾ ਖ਼ੂਨ ਨਹੀਂ ਸੀ, ਸਗੋਂ ਹੋਰਨਾਂ ਜ਼ਖ਼ਮੀ ਜਾਂ ਮਾਰੇ ਗਏ ਲੋਕਾਂ ਦਾ ਖ਼ੂਨ ਸੀ। ਕਲੌਡੀਅਸ ਨੂੰ ਜ਼ਿਆਦਾ ਚੋਟਾਂ ਨਹੀਂ ਲੱਗੀਆਂ। ਉਸ ਦੇ ਕੰਨ ਦਾ ਪਰਦਾ ਫੱਟ ਗਿਆ ਸੀ, ਇਕ ਹੱਥ ਸੜ ਗਿਆ ਸੀ ਅਤੇ ਸਿਰ ਦੇ ਵਾਲ ਝੁਲਸ ਗਏ ਸਨ। ਹਸਪਤਾਲ ਵਿਚ ਉਸ ਨੂੰ ਜੋਸਫ਼ ਅਤੇ ਉਸ ਦੀ ਪਤਨੀ ਐਂਜਲਾ ਮਿਲੇ। ਐਂਜਲਾ ਨੂੰ ਬਿਲਕੁਲ ਸੱਟ ਨਹੀਂ ਲੱਗੀ ਸੀ ਕਿਉਂਕਿ ਧਮਾਕੇ ਸਮੇਂ ਉਹ ਟ੍ਰੇਨ ਵਿਚ ਨਾਲ ਦੇ ਲੇਡੀਜ਼ ਕੰਪਾਰਟਮੈਂਟ ਵਿਚ ਸੀ। ਜੋਸਫ਼ ਦੀ ਸੱਜੀ ਅੱਖ ਤੇ ਸੱਟ ਲੱਗੀ ਸੀ ਅਤੇ ਉਸ ਦਾ ਵੀ ਕੰਨ ਦਾ ਪਰਦਾ ਫੱਟ ਗਿਆ ਸੀ। ਇਨ੍ਹਾਂ ਤਿੰਨਾਂ ਨੇ ਯਹੋਵਾਹ ਦਾ ਧੰਨਵਾਦ ਕੀਤਾ ਕਿ ਉਹ ਸਹੀ-ਸਲਾਮਤ ਸਨ। ਧਮਾਕੇ ਤੋਂ ਬਾਅਦ ਜਦੋਂ ਕਲੌਡੀਅਸ ਨੇ ਹੋਸ਼ ਸੰਭਾਲੀ, ਤਾਂ ਉਸ ਦੇ ਮਨ ਵਿਚ ਪਹਿਲਾ ਵਿਚਾਰ ਇਹੋ ਆਇਆ, ‘ਵਾਕਈ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ। ਪੈਸੇ ਮਗਰ ਭੱਜਣਾ ਕਿੰਨਾ ਫ਼ਜ਼ੂਲ ਹੈ ਜਦ ਕਿ ਪਲ-ਭਰ ਵਿਚ ਹੀ ਜੀਵਨ ਜੋਤ ਬੁੱਝ ਸਕਦੀ ਹੈ!’ ਉਹ ਖ਼ੁਸ਼ ਸੀ ਕਿ ਉਸ ਨੇ ਆਪਣੇ ਪਰਮੇਸ਼ੁਰ ਯਹੋਵਾਹ ਦੀ ਸੇਵਾ ਨੂੰ ਹਮੇਸ਼ਾ ਜ਼ਿੰਦਗੀ ਵਿਚ ਪਹਿਲੀ ਥਾਂ ਦਿੱਤੀ ਹੈ।
ਕੁਝ ਹੀ ਮਹੀਨਿਆਂ ਦੇ ਅੰਦਰ-ਅੰਦਰ ਮੁੰਬਈ ਸ਼ਹਿਰ ਦੇ ਲੋਕਾਂ ਨੇ ਹੜ੍ਹਾਂ, ਦੰਗਿਆਂ ਅਤੇ ਫਿਰ ਬੰਬ ਧਮਾਕਿਆਂ ਦੀ ਮਾਰ ਸਹੀ। ਫਿਰ ਵੀ ਮੁੰਬਈ ਦੇ 1,700 ਤੋਂ ਜ਼ਿਆਦਾ ਯਹੋਵਾਹ ਦੇ ਗਵਾਹਾਂ ਦਾ ਜੋਸ਼ ਬਰਕਰਾਰ ਹੈ। ਉਹ ਪਰਮੇਸ਼ੁਰ ਦੇ ਨਵੇਂ ਸੰਸਾਰ ਬਾਰੇ ਬਾਕਾਇਦਾ ਪ੍ਰਚਾਰ ਕਰਦੇ ਹਨ, ਅਜਿਹਾ ਸੰਸਾਰ ਜਿਸ ਵਿਚ ਅੱਤਵਾਦੀ ਹਮਲੇ ਨਹੀਂ ਹੋਣਗੇ।—ਪਰਕਾਸ਼ ਦੀ ਪੋਥੀ 21:1-4. (g 6/07)
[ਸਫ਼ਾ 23 ਉੱਤੇ ਸੁਰਖੀ]
ਜਿਸ ਥਾਂ ਉਹ ਪਹਿਲਾਂ ਖਲੋਤਾ ਸੀ, ਉੱਥੇ ਵੱਡਾ ਸਾਰਾ ਪਾੜ ਸੀ
[ਸਫ਼ਾ 23 ਉੱਤੇ ਤਸਵੀਰ]
ਅਨੀਤਾ
[ਸਫ਼ਾ 23 ਉੱਤੇ ਤਸਵੀਰ]
ਕਲੌਡੀਅਸ
[ਸਫ਼ਾ 23 ਉੱਤੇ ਤਸਵੀਰ]
ਜੋਸਫ਼ ਤੇ ਐਂਜਲਾ
[ਸਫ਼ਾ 22 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
Sebastian D’Souza/AFP/Getty Images