Skip to content

Skip to table of contents

ਕੀ ਗੱਜ-ਵੱਜ ਕੇ ਵਿਆਹ ਕਰਾਉਣਾ ਜ਼ਰੂਰੀ ਹੈ?

ਕੀ ਗੱਜ-ਵੱਜ ਕੇ ਵਿਆਹ ਕਰਾਉਣਾ ਜ਼ਰੂਰੀ ਹੈ?

ਨੌਜਵਾਨ ਪੁੱਛਦੇ ਹਨ . . .

ਕੀ ਗੱਜ-ਵੱਜ ਕੇ ਵਿਆਹ ਕਰਾਉਣਾ ਜ਼ਰੂਰੀ ਹੈ?

“ਮੇਰੀ ਮੰਗੇਤਰ ਸਿੰਡੀ ਨੇ ਮੈਨੂੰ ਕਿਹਾ ਕਿ ਕਿਉਂ ਨਾ ਆਪਾਂ ਆਪਣੇ ਰਿਸ਼ਤੇਦਾਰਾਂ ਜਾਂ ਦੋਸਤ-ਮਿੱਤਰਾਂ ਨੂੰ ਦੱਸੇ ਬਿਨਾਂ ਚੁੱਪ-ਚਾਪ ਵਿਆਹ ਕਰਵਾ ਲਈਏ? ਗੱਲ-ਬਾਤ ਕਰਨ ਤੋਂ ਬਾਅਦ ਅਸੀਂ ਦੋਵਾਂ ਨੇ ਸੋਚਿਆ ਕਿ ਇਸ ਤਰ੍ਹਾਂ ਕਰਨ ਨਾਲ ਸਾਨੂੰ ਜ਼ਿਆਦਾ ਭੱਜ-ਦੌੜ ਨਹੀਂ ਕਰਨੀ ਪਵੇਗੀ ਤੇ ਚਿੰਤਾ ਘੱਟ ਹੋਣ ਦੇ ਨਾਲ-ਨਾਲ ਸਾਡਾ ਸਮਾਂ ਵੀ ਬਚੇਗਾ।”—ਐਲਨ। *

ਜੇ ਤੁਹਾਡੀ ਵਿਆਹ ਕਰਾਉਣ ਦੀ ਉਮਰ ਹੈ ਤੇ ਤੁਹਾਡੀ ਵਿਆਹ ਬਾਰੇ ਕਿਸੇ ਨਾਲ ਗੱਲ ਚੱਲ ਰਹੀ ਹੈ, ਤਾਂ ਤੁਸੀਂ ਵੀ ਸ਼ਾਇਦ ਕਿਸੇ ਨੂੰ ਬੁਲਾਏ ਬਿਨਾਂ ਵਿਆਹ ਕਰਾਉਣ ਬਾਰੇ ਸੋਚਿਆ ਹੋਵੇ। ਕਈ ਸ਼ਾਇਦ ਘਰੋਂ ਭੱਜ ਕੇ ਆਪਣੇ ਮਾਂ-ਬਾਪ ਨੂੰ ਦੱਸੇ ਬਿਨਾਂ ਚੋਰੀ-ਚੋਰੀ ਵਿਆਹ ਕਰਵਾਉਣਾ ਚਾਹੁਣ। ਇਸ ਤਰ੍ਹਾਂ ਦੇ ਫ਼ੈਸਲੇ ਕਰਨ ਤੋਂ ਪਹਿਲਾਂ ਤੁਹਾਨੂੰ ਕਿਹੜੇ ਅਸੂਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ?

ਕੀ ਰਸਮਾਂ ਨਿਭਾਉਣੀਆਂ ਜ਼ਰੂਰੀ ਹਨ?

ਵਿਆਹ ਤਾਂ ਹਰ ਸਭਿਆਚਾਰ ਵਿਚ ਹੁੰਦੇ ਹਨ, ਪਰ ਵਿਆਹ ਸੰਬੰਧੀ ਵੱਖ-ਵੱਖ ਲੋਕਾਂ ਦੇ ਰਸਮ-ਰਿਵਾਜ ਆਪੋ-ਆਪਣੇ ਹੁੰਦੇ ਹਨ। ਵਿਆਹ ਕਰਾਉਣ ਦੇ ਸੰਬੰਧ ਵਿਚ ਮਸੀਹੀ ਜੋੜਿਆਂ ਦੀ ਮੁੱਖ ਚਿੰਤਾ ਲੋਕਾਂ ਨੂੰ ਖ਼ੁਸ਼ ਕਰਨਾ ਨਹੀਂ ਹੋਣੀ ਚਾਹੀਦੀ। (ਰੋਮੀਆਂ 12:2) ਸਗੋਂ ਉਨ੍ਹਾਂ ਦੀ ਮੁੱਖ ਚਿੰਤਾ ਇਹ ਹੋਣੀ ਚਾਹੀਦੀ ਹੈ ਕਿ ਉਹ ਇੱਦਾਂ ਦਾ ਕੁਝ ਨਾ ਕਰਨ ਜਿਸ ਨਾਲ ਯਹੋਵਾਹ ਪਰਮੇਸ਼ੁਰ ਦੀ ਬਦਨਾਮੀ ਹੋਵੇ।—1 ਕੁਰਿੰਥੀਆਂ 10:31.

ਵਿਆਹ ਇਕ ਆਦਰਯੋਗ ਬੰਧਨ ਹੈ ਤੇ ਘੱਟ ਹੀ ਲੋਕ ਇਸ ਰਿਸ਼ਤੇ ਨੂੰ ਲੁਕੋ ਕੇ ਰੱਖਣਾ ਚਾਹੁਣਗੇ। ਕਈ ਪੱਛਮੀ ਦੇਸ਼ਾਂ ਵਿਚ ਯਹੋਵਾਹ ਦੇ ਗਵਾਹ ਆਮ ਤੌਰ ਤੇ ਕਿੰਗਡਮ ਹਾਲ ਵਿਚ ਵਿਆਹ ਕਰਾਉਂਦੇ ਹਨ। * ਵਿਆਹ ਦੀ ਖ਼ੁਸ਼ੀ ਵਿਚ ਇਕ ਪਾਰਟੀ ਵੀ ਕੀਤੀ ਜਾ ਸਕਦੀ ਹੈ ਜਿਸ ਵਿਚ ਜੋੜਾ ਆਪਣੇ ਪਰਿਵਾਰਾਂ ਤੇ ਦੋਸਤ-ਮਿੱਤਰਾਂ ਨੂੰ ਖਾਣੇ ਅਤੇ ਕੁਝ ਹਲਕੇ-ਫੁਲਕੇ ਮਨੋਰੰਜਨ ਵਾਸਤੇ ਸੱਦਦਾ ਹੈ। ਇਹੋ ਜਿਹੇ ਮੌਕਿਆਂ ਤੇ ਧੂਮ-ਧੜੱਕਾ ਕਰਨ ਦੀ ਲੋੜ ਨਹੀਂ ਹੈ। ਸਾਰੇ ਜਾਣਦੇ ਹਨ ਕਿ ਵਿਆਹ ਅਤੇ ਰਸੈਪਸ਼ਨ ਦੇ ਇੰਤਜ਼ਾਮ ਕਰਨ ਵਿਚ ਕਿੰਨੀ ਮਿਹਨਤ ਲੱਗਦੀ ਹੈ ਤੇ ਖ਼ਰਚਾ ਹੁੰਦਾ ਹੈ। ਮਿਸਾਲ ਲਈ, ਅਮਰੀਕਾ ਵਿਚ ਅਕਸਰ ਵਿਆਹਾਂ ਤੇ ਹਜ਼ਾਰਾਂ ਹੀ ਡਾਲਰਾਂ ਦਾ ਖ਼ਰਚਾ ਹੁੰਦਾ ਹੈ।

ਕੁਝ ਜੋੜੇ ਤਣਾਅ ਤੇ ਖ਼ਰਚ ਘਟਾਉਣ ਲਈ ਸੌਖਾ ਰਾਹ ਚੁਣਦੇ ਹਨ। ਸਿੰਡੀ ਨੇ ਕਿਹਾ: “ਅਸੀਂ ਆਪਣੇ ਮਾਪਿਆਂ ਨੂੰ ਦੱਸਿਆ ਕਿ ਅਸੀਂ ਆਪਣੇ ਵਿਆਹ ਤੇ ਬਹੁਤ ਸਾਰੇ ਲੋਕ ਨਹੀਂ ਬੁਲਾਉਣਾ ਚਾਹੁੰਦੇ ਕਿਉਂਕਿ ਅਸੀਂ ਸਾਦੇ ਢੰਗ ਨਾਲ ਵਿਆਹ ਕਰਾਉਣਾ ਚਾਹੁੰਦੇ ਹਾਂ ਤੇ ਜ਼ਿਆਦਾ ਖ਼ਰਚਾ ਨਹੀਂ ਕਰਨਾ ਚਾਹੁੰਦੇ। ਮੇਰੇ ਮਾਪਿਆਂ ਨੇ ਸਾਨੂੰ ਪੂਰਾ ਯਕੀਨ ਦਿਲਾਇਆ ਕਿ ਉਹ ਸਾਡੇ ਨਾਲ ਸਹਿਮਤ ਸਨ ਤੇ ਕਿਸੇ ਗੱਲ ਤੋਂ ਨਾਰਾਜ਼ ਨਹੀਂ ਹੋਣਗੇ। ਉਹ ਸਾਡਾ ਸਾਥ ਦੇਣ ਲਈ ਤਿਆਰ ਸਨ।” ਲੇਕਿਨ ਜਦੋਂ ਸਿੰਡੀ ਦੇ ਮੰਗੇਤਰ ਐਲਨ ਨੇ ਆਪਣੇ ਮਾਪਿਆਂ ਨੂੰ ਵਿਆਹ ਕਰਨ ਦੇ ਇਸ ਸਾਦੇ ਢੰਗ ਬਾਰੇ ਦੱਸਿਆ, ਤਾਂ ਉਹ ਬਹੁਤ ਪਰੇਸ਼ਾਨ ਹੋ ਗਏ। ਐਲਨ ਨੇ ਦੱਸਿਆ: “ਉਨ੍ਹਾਂ ਸੋਚਿਆ ਕਿ ਅਸੀਂ ਇਹ ਫ਼ੈਸਲਾ ਉਨ੍ਹਾਂ ਨਾਲ ਕਿਸੇ ਗੱਲ ਤੋਂ ਨਾਰਾਜ਼ ਹੋਣ ਕਰਕੇ ਕੀਤਾ ਸੀ। ਪਰ ਅਜਿਹੀ ਕੋਈ ਗੱਲ ਨਹੀਂ ਸੀ।”

ਜੇ ਤੁਸੀਂ ਵੀ ਸਾਧਾਰਣ ਢੰਗ ਨਾਲ ਵਿਆਹ ਕਰਾਉਣਾ ਚਾਹੁੰਦੇ ਹੋ, ਤਾਂ ਹੋ ਸਕਦਾ ਕਿ ਤੁਹਾਡੇ ਮਾਪੇ ਵੀ ਇਸ ਗੱਲ ਤੋਂ ਖ਼ੁਸ਼ ਨਹੀਂ ਹੋਣਗੇ ਕਿਉਂਕਿ ਉਹ ਸ਼ਾਇਦ ਧੂਮ-ਧਾਮ ਨਾਲ ਤੁਹਾਡਾ ਵਿਆਹ ਕਰਨਾ ਚਾਹੁੰਦੇ ਹਨ। ਪਰ ਉਦੋਂ ਕੀ ਜਦੋਂ ਤੁਹਾਡਾ ਪਰਿਵਾਰ ਚਾਹੁੰਦਾ ਹੀ ਨਹੀਂ ਕਿ ਤੁਸੀਂ ਵਿਆਹ ਕਰਾਓ? ਕੀ ਉਨ੍ਹਾਂ ਨੂੰ ਦੱਸੇ ਬਿਨਾਂ ਵਿਆਹ ਕਰਾਉਣਾ ਸਹੀ ਫ਼ੈਸਲਾ ਹੋਵੇਗਾ?

ਪਰਿਵਾਰ ਦੇ ਜਜ਼ਬਾਤਾਂ ਨੂੰ ਧਿਆਨ ਵਿਚ ਰੱਖੋ

ਹੋ ਸਕਦਾ ਹੈ ਕਿ ਤੁਹਾਡੇ ਮਾਪੇ ਇਸ ਲਈ ਇਤਰਾਜ਼ ਕਰ ਰਹੇ ਹਨ ਕਿਉਂਕਿ ਉਨ੍ਹਾਂ ਦੇ ਅਨੁਸਾਰ ਵਿਆਹ ਕਰਾਉਣ ਦੀ ਅਜੇ ਤੁਹਾਡੀ ਉਮਰ ਨਹੀਂ ਹੋਈ। ਉਨ੍ਹਾਂ ਨੂੰ ਚਿੰਤਾ ਹੈ ਕਿ ਹੋਰ ਵੱਡੇ ਹੋਣ ਤੇ ਤੁਹਾਡੀ ਪਸੰਦ ਤੇ ਨਾਪਸੰਦ ਬਦਲ ਜਾਵੇਗੀ ਤੇ ਸ਼ਾਇਦ ਤੁਸੀਂ ਬਾਅਦ ਵਿਚ ਆਪਣੇ ਜੀਵਨ-ਸਾਥੀ ਦੀ ਚੋਣ ਉੱਤੇ ਪਛਤਾਓਗੇ। ਦੂਸਰੇ ਪਾਸੇ, ਸ਼ਾਇਦ ਉਨ੍ਹਾਂ ਨੂੰ ਤੁਹਾਡੀ ਉਮਰ ਤੇ ਨਹੀਂ, ਪਰ ਤੁਹਾਡੇ ਹੋਣ ਵਾਲੇ ਸਾਥੀ ਤੇ ਇਤਰਾਜ਼ ਹੋਵੇ ਕਿਉਂਕਿ ਉਨ੍ਹਾਂ ਨੂੰ ਉਸ ਵਿਚ ਕੁਝ ਕਮੀਆਂ ਨਜ਼ਰ ਆਈਆਂ ਹਨ। ਜਾਂ ਉਹ ਤੁਹਾਨੂੰ ਇਸ ਲਈ ਰੋਕ ਰਹੇ ਹੋਣ ਕਿਉਂਕਿ ਤੁਹਾਡਾ ਚੁਣਿਆ ਸਾਥੀ ਕਿਸੇ ਹੋਰ ਧਰਮ ਦਾ ਹੈ।

ਜੇ ਤੁਹਾਡੇ ਮਾਪੇ ਸੱਚੇ ਮਸੀਹੀ ਹਨ, ਤਾਂ ਬਾਈਬਲ ਦੇ ਹਿਸਾਬ ਨਾਲ ਉਨ੍ਹਾਂ ਲਈ ਤੁਹਾਡਾ ਫ਼ਿਕਰ ਕਰਨਾ ਜਾਇਜ਼ ਹੈ। ਇਹ ਮੁਨਾਸਬ ਹੈ ਕਿ ਉਹ ਆਪਣੇ ਮਨ ਵਿਚ ਆਏ ਕਿਸੇ ਵੀ ਸ਼ੱਕ ਨੂੰ ਦੂਰ ਕਰਨ ਲਈ ਤੁਹਾਡੇ ਨਾਲ ਗੱਲ ਕਰਨ। ਅਸਲ ਵਿਚ ਜੇ ਉਹ ਕੁਝ ਨਾ ਕਹਿਣ, ਤਾਂ ਯਹੋਵਾਹ ਉਨ੍ਹਾਂ ਨੂੰ ਲਾਪਰਵਾਹ ਤੇ ਨਿਰਮੋਹੇ ਸਮਝੇਗਾ। ਜੇ ਤੁਸੀਂ ਉਨ੍ਹਾਂ ਦੇ ਵਿਚਾਰਾਂ ਨੂੰ ਧਿਆਨ ਨਾਲ ਸੁਣੋਗੇ, ਤਾਂ ਇਸ ਵਿਚ ਤੁਹਾਡਾ ਹੀ ਭਲਾ ਹੋਵੇਗਾ।—ਕਹਾਉਤਾਂ 13:1, 24.

ਮਿਸਾਲ ਲਈ, ਜਦੋਂ ਤੁਸੀਂ ਕੱਪੜੇ-ਲੀੜੇ ਖ਼ਰੀਦਦੇ ਹੋ, ਤਾਂ ਤੁਸੀਂ ਕਿਸੇ ਦੀ ਰਾਇ ਪੁੱਛਦੇ ਹੋ ਕਿ ਇਹ ਤੁਹਾਨੂੰ ਸੱਜਦੇ ਹਨ ਜਾਂ ਨਹੀਂ। ਭਾਵੇਂ ਉਹ ਤੁਹਾਡੀ ਚੋਣ ਨਾਲ ਨਾ ਵੀ ਸਹਿਮਤ ਹੋਵੇ, ਫਿਰ ਵੀ ਤੁਸੀਂ ਆਪਣੇ ਜਿਗਰੀ ਦੋਸਤ ਤੋਂ ਜ਼ਰੂਰ ਉਮੀਦ ਰੱਖੋਗੇ ਕਿ ਉਹ ਤੁਹਾਨੂੰ ਸੱਚ-ਸੱਚ ਦੱਸੇ ਕਿ ਕੱਪੜਾ ਕਿਸ ਤਰ੍ਹਾਂ ਦਾ ਲੱਗਦਾ ਹੈ। ਤੁਸੀਂ ਉਸ ਦੀ ਰਾਇ ਦੀ ਕਦਰ ਕਰਦੇ ਹੋ ਕਿਉਂਕਿ ਤੁਸੀਂ ਫ਼ਜ਼ੂਲ-ਖ਼ਰਚੀ ਨਹੀਂ ਕਰਨੀ ਚਾਹੁੰਦੇ। ਤਾਂ ਫਿਰ ਜੀਵਨ-ਸਾਥੀ ਚੁਣਨ ਵੇਲੇ ਕੀ ਤੁਹਾਨੂੰ ਆਪਣੇ ਪਰਿਵਾਰ ਦੀ ਰਾਇ ਕਿਤੇ ਜ਼ਿਆਦਾ ਧਿਆਨ ਨਾਲ ਨਹੀਂ ਸੁਣਨੀ ਚਾਹੀਦੀ? ਕੱਪੜੇ-ਲੀੜੇ ਤਾਂ ਬਦਲੇ ਜਾਂ ਸੁੱਟੇ ਜਾ ਸਕਦੇ ਹਨ, ਪਰ ਜੀਵਨ-ਸਾਥੀ ਨਾਲ ਇਸ ਤਰ੍ਹਾਂ ਨਹੀਂ ਕੀਤਾ ਜਾ ਸਕਦਾ। ਯਹੋਵਾਹ ਤੁਹਾਡੇ ਤੋਂ ਉਮੀਦ ਰੱਖਦਾ ਹੈ ਕਿ ਤੁਸੀਂ ਦੋਵੇਂ ਜ਼ਿੰਦਗੀ ਭਰ ਇਕ-ਦੂਜੇ ਦਾ ਸਾਥ ਨਿਭਾਓ। (ਮੱਤੀ 19:5, 6) ਜੇ ਤੁਸੀਂ ਮਿਲਦੀ-ਜੁਲਦੀ ਸ਼ਖ਼ਸੀਅਤ ਅਤੇ ਦਿਲੋਂ ਯਹੋਵਾਹ ਦੀ ਸੇਵਾ ਕਰਨ ਵਾਲਾ ਸਾਥੀ ਨਹੀਂ ਚੁਣਦੇ, ਤਾਂ ਇਸ ਦੇ ਨਤੀਜੇ ਘਟੀਆ ਕੱਪੜੇ ਦੀ ਚੋਣ ਕਰਨ ਨਾਲੋਂ ਕਿਤੇ ਹੀ ਜ਼ਿਆਦਾ ਬੁਰੇ ਹੋ ਸਕਦੇ ਹਨ। (ਉਤਪਤ 2:18; ਕਹਾਉਤਾਂ 21:9) ਹੋਰ ਤਾਂ ਹੋਰ, ਤੁਸੀਂ ਸੱਚੀ ਖ਼ੁਸ਼ੀ ਪਾਉਣ ਦਾ ਮੌਕਾ ਵੀ ਹੱਥੋਂ ਗੁਆ ਦਿਓਗੇ।—ਕਹਾਉਤਾਂ 5:18; 18:22.

ਮੰਨਿਆ ਕਿ ਕਈ ਮਾਪੇ ਆਪਣੀ ਔਲਾਦ ਉੱਤੇ ਕੰਟ੍ਰੋਲ ਰੱਖਣਾ ਚਾਹੁੰਦੇ ਹਨ ਜਿਸ ਕਰਕੇ ਉਹ ਆਪ ਫ਼ੈਸਲਾ ਕਰਨਾ ਚਾਹੁੰਦੇ ਹਨ ਕਿ ਤੁਹਾਨੂੰ ਕਿਸ ਨਾਲ ਵਿਆਹ ਕਰਾਉਣਾ ਚਾਹੀਦਾ ਤੇ ਕਿਸ ਨਾਲ ਨਹੀਂ। ਪਰ ਇਹ ਸੋਚਣ ਦੀ ਬਜਾਇ ਕਿ ਤੁਹਾਡੇ ਮਾਪੇ ਆਪਣੇ ਹੀ ਫ਼ਾਇਦੇ ਬਾਰੇ ਸੋਚ ਰਹੇ ਹਨ ਜਿਸ ਕਰਕੇ ਤੁਸੀਂ ਆਪਣੀ ਮਰਜ਼ੀ ਨਾਲ ਵਿਆਹ ਕਰਵਾ ਲਵੋਗੇ, ਕਿਉਂ ਨਾ ਉਨ੍ਹਾਂ ਦੇ ਇਤਰਾਜ਼ ਦੀ ਵਜ੍ਹਾ ਉੱਤੇ ਧਿਆਨ ਨਾਲ ਗੌਰ ਕਰੋ?

ਸਾਵਧਾਨੀ ਵਰਤਣ ਦੀ ਲੋੜ

ਇਹ ਗੱਲ ਸੱਚ ਹੈ ਕਿ ਜਿਉਂ-ਜਿਉਂ ਤੁਸੀਂ ਸਿਆਣੇ ਹੁੰਦੇ ਜਾਓਗੇ, ਤਿਉਂ-ਤਿਉਂ ਤੁਹਾਡੀ ਪਸੰਦ ਤੇ ਨਾਪਸੰਦ ਬਦਲਦੀ ਜਾਵੇਗੀ। ਪੌਲੁਸ ਨੇ ਲਿਖਿਆ: “ਜਦ ਮੈਂ ਨਿਆਣਾ ਸਾਂ ਤਦ ਨਿਆਣੇ ਵਾਂਙੁ ਬੋਲਦਾ, ਨਿਆਣੇ ਵਾਂਙੁ ਸਮਝਦਾ ਅਤੇ ਨਿਆਣੇ ਵਾਂਙੁ ਜਾਚਦਾ ਸਾਂ। ਹੁਣ ਮੈਂ ਸਿਆਣਾ ਜੋ ਹੋਇਆ ਤਾਂ ਮੈਂ ਨਿਆਣਪੁਣੇ ਦੀਆਂ ਗੱਲਾਂ ਛੱਡ ਦਿੱਤੀਆਂ ਹਨ।” (1 ਕੁਰਿੰਥੀਆਂ 13:11) ਇਸੇ ਤਰ੍ਹਾਂ, ਹੋ ਸਕਦਾ ਕਿ ਜੋ ਗੁਣ ਤੁਹਾਨੂੰ ਅੱਲੜ੍ਹ ਉਮਰ ਦੇ ਹੁੰਦਿਆਂ ਦੂਸਰਿਆਂ ਵਿਚ ਚੰਗੇ ਲੱਗਦੇ ਹਨ, ਉਹ ਵੱਡੇ ਹੋ ਕੇ ਤੁਹਾਨੂੰ ਚੰਗੇ ਨਾ ਲੱਗਣ। ਇਸ ਕਰਕੇ ਬਾਈਬਲ ਸਲਾਹ ਦਿੰਦੀ ਹੈ ਕਿ ਤੁਸੀਂ ਉਦੋਂ ਤਕ ਉਡੀਕ ਕਰੋ ਜਦ ਤੁਸੀਂ ‘ਜੁਆਨੀ ਦੀ ਉਮਰੋਂ ਲੰਘ ਗਏ ਹੋਵੋਂ,’ ਯਾਨੀ ਉਸ ਉਮਰ ਵਿਚ ਵਿਆਹੁਤਾ-ਸਾਥੀ ਚੁਣਨ ਦਾ ਵੱਡਾ ਕਦਮ ਨਾ ਚੁੱਕੋ ਜਦ ਤੁਹਾਡੀਆਂ ਕਾਮ-ਇੱਛਾਵਾਂ ਜ਼ਬਰਦਸਤ ਹੁੰਦੀਆਂ ਹਨ।—1 ਕੁਰਿੰਥੀਆਂ 7:36.

ਪਰ ਉਦੋਂ ਕੀ ਜਦ ਤੁਹਾਡੇ ਮਾਪੇ ਤੁਹਾਡੇ ਚੁਣੇ ਹੋਏ ਸਾਥੀ ਵਿਚ ਕਮੀਆਂ ਦੇਖਦੇ ਹਨ? ਯਾਦ ਰੱਖੋ ਕਿ ਤੁਹਾਡੇ ਮਾਪਿਆਂ ਨੂੰ ਭਲੇ-ਬੁਰੇ ਦੀ ਜ਼ਿਆਦਾ ਪਛਾਣ ਹੈ ਕਿਉਂਕਿ ਉਨ੍ਹਾਂ ਨੂੰ ਜ਼ਿੰਦਗੀ ਦਾ ਜ਼ਿਆਦਾ ਤਜਰਬਾ ਹੈ। (ਇਬਰਾਨੀਆਂ 5:14) ਇਸ ਲਈ ਉਹ ਤੁਹਾਡੇ ਸਾਥੀ ਵਿਚ ਅਜਿਹੀਆਂ ਵੱਡੀਆਂ ਕਮੀਆਂ ਦੇਖ ਸਕਦੇ ਹਨ ਜੋ ਤੁਹਾਨੂੰ ਸ਼ਾਇਦ ਨਜ਼ਰ ਨਾ ਆਉਂਦੀਆਂ ਹੋਣ। ਬੁੱਧਵਾਨ ਸੁਲੇਮਾਨ ਨੇ ਇਹ ਅਸੂਲ ਦੱਸਿਆ ਸੀ: “ਅਦਾਲਤ ਵਿਚ ਪਹਿਲਾਂ ਬੋਲਨ ਵਾਲਾ ਹਮੇਸ਼ਾਂ ਸੱਚਾ ਲੱਗਦਾ ਹੈ, ਪਰ ਕੇਵਲ ਉਸ ਸਮੇਂ ਤਕ ਜਦੋਂ ਤਕ ਉਸ ਦਾ ਵਿਰੋਧੀ ਆ ਕੇ ਉਸ ਤੋਂ ਪ੍ਰਸ਼ਨ ਨਹੀਂ ਪੁੱਛਦਾ।” (ਕਹਾਉਤਾਂ 18:17, ਪਵਿੱਤਰ ਬਾਈਬਲ ਨਵਾਂ ਅਨੁਵਾਦ) ਇਸੇ ਤਰ੍ਹਾਂ ਤੁਹਾਡੇ ਪ੍ਰੇਮੀ ਜਾਂ ਪ੍ਰੇਮਿਕਾ ਨੇ ਤੁਹਾਨੂੰ ਸ਼ਾਇਦ ਯਕੀਨ ਦਿਲਾਇਆ ਹੋਵੇਗਾ ਕਿ ਉਸ ਤੋਂ ਸਿਵਾਇ ਤੁਹਾਡੇ ਲਈ ਇਸ ਧਰਤੀ ਤੇ ਕੋਈ ਬਿਹਤਰ ਜੀਵਨ-ਸਾਥੀ ਨਹੀਂ ਹੈ। ਪਰ ਤੁਹਾਡੇ ਮਾਪਿਆਂ ਦੇ ‘ਉਸ ਤੋਂ ਪ੍ਰਸ਼ਨ ਪੁੱਛਣ’ ਤੋਂ ਬਾਅਦ ਉਹ ਤੁਹਾਨੂੰ ਕੁਝ ਗੱਲਾਂ ਦੱਸ ਸਕਦੇ ਹਨ ਜਿਨ੍ਹਾਂ ਤੇ ਤੁਹਾਨੂੰ ਗੌਰ ਕਰਨਾ ਚਾਹੀਦਾ ਹੈ।

ਮਿਸਾਲ ਲਈ, ਉਹ ਤੁਹਾਨੂੰ ਸ਼ਾਇਦ ਯਾਦ ਦਿਲਾਉਣ ਕਿ ਬਾਈਬਲ “ਕੇਵਲ ਪ੍ਰਭੁ ਵਿੱਚ” ਹੀ ਵਿਆਹ ਕਰਾਉਣ ਦੀ ਸਲਾਹ ਦਿੰਦੀ ਹੈ। (1 ਕੁਰਿੰਥੀਆਂ 7:39) ਤੁਸੀਂ ਸ਼ਾਇਦ ਕਹੋ ਕਿ ਫਲਾਨੇ-ਫਲਾਨੇ ਨੇ ਵੀ ਤਾਂ ਦੂਸਰੇ ਧਰਮ ਦੇ ਵਿਅਕਤੀ ਨਾਲ ਵਿਆਹ ਕਰਾਇਆ ਸੀ, ਪਰ ਹੁਣ ਉਹ ਦੋਵੇਂ ਇਕੱਠੇ ਮਿਲ ਕੇ ਯਹੋਵਾਹ ਦੀ ਸੇਵਾ ਕਰ ਰਹੇ ਹਨ। ਹਾਂ ਸ਼ਾਇਦ ਇਹ ਸੱਚ ਹੋਵੇ, ਪਰ ਅਸਲ ਵਿਚ ਇਸ ਤਰ੍ਹਾਂ ਬਹੁਤ ਘੱਟ ਹੀ ਹੁੰਦਾ ਹੈ। ਜੇ ਤੁਸੀਂ ਕਿਸੇ ਹੋਰ ਧਰਮ ਦੇ ਵਿਅਕਤੀ ਨਾਲ ਵਿਆਹ ਕਰਾਓਗੇ, ਤਾਂ ਤੁਸੀਂ ਸਿਰਫ਼ ਯਹੋਵਾਹ ਦੇ ਅਸੂਲਾਂ ਨੂੰ ਹੀ ਨਹੀਂ ਤੋੜ ਰਹੇ ਹੋਵੋਗੇ, ਸਗੋਂ ਹੋ ਸਕਦਾ ਹੈ ਕਿ ਤੁਹਾਡਾ ਜੀਵਨ-ਸਾਥੀ ਤੁਹਾਡੀ ਨਿਹਚਾ ਨੂੰ ਵੀ ਕਮਜ਼ੋਰ ਕਰ ਦੇਵੇਗਾ।—2 ਕੁਰਿੰਥੀਆਂ 6:14. *

ਵਿਆਹ ਕਰਾਉਣ ਦਾ ਗ਼ਲਤ ਕਾਰਨ

ਕਈ ਨੌਜਵਾਨ ਘਰੋਂ ਭੱਜ ਕੇ ਵਿਆਹ ਕਰਾ ਲੈਂਦੇ ਹਨ ਕਿਉਂਕਿ ਉਨ੍ਹਾਂ ਨੇ ਵਿਭਚਾਰ ਕੀਤਾ ਹੈ ਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਵਿਆਹ ਕਰਾਉਣ ਨਾਲ ਉਨ੍ਹਾਂ ਦੀ ਜ਼ਮੀਰ ਉਨ੍ਹਾਂ ਨੂੰ ਨਹੀਂ ਕੋਸੇਗੀ। ਜਾਂ ਉਹ ਆਪਣੇ ਪਾਪ ਨੂੰ ਢਕਣ ਲਈ ਯਾਨੀ ਅਣਚਾਹਿਆ ਗਰਭ ਠਹਿਰ ਜਾਣ ਕਰਕੇ ਵਿਆਹ ਕਰਾਉਣ ਦਾ ਫ਼ੈਸਲਾ ਕਰਦੇ ਹਨ।

ਜੇ ਤੁਸੀਂ ਪਾਪ ਢਕਣ ਲਈ ਵਿਆਹ ਕਰਾਉਂਦੇ ਹੋ, ਤਾਂ ਤੁਸੀਂ ਇਹ ਦੂਸਰੀ ਗ਼ਲਤੀ ਕਰ ਰਹੇ ਹੋ। “ਜਿਹੜਾ ਆਪਣੇ ਅਪਰਾਧਾਂ ਨੂੰ ਲੁਕੋ ਲੈਂਦਾ ਹੈ ਉਹ ਸਫ਼ਲ ਨਹੀਂ ਹੁੰਦਾ, ਪਰ ਜੋ ਓਹਨਾਂ ਨੂੰ ਮੰਨ ਕੇ ਛੱਡ ਦਿੰਦਾ ਹੈ ਉਹ ਦੇ ਉੱਤੇ ਰਹਮ ਕੀਤਾ ਜਾਵੇਗਾ।” (ਕਹਾਉਤਾਂ 28:13) ਸੁਲੇਮਾਨ ਦੇ ਮਾਪਿਆਂ ਯਾਨੀ ਦਾਊਦ ਤੇ ਬਥ-ਸ਼ਬਾ ਨੇ ਵਿਭਚਾਰ ਕੀਤਾ ਸੀ ਜਿਸ ਨੂੰ ਉਨ੍ਹਾਂ ਨੇ ਲੁਕਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਲੁਕੋ ਨਾ ਸਕੇ। (2 ਸਮੂਏਲ 11:2–12:25) ਆਪਣਾ ਪਾਪ ਲੁਕਾਉਣ ਦੀ ਬਜਾਇ, ਆਪਣੇ ਮਾਪਿਆਂ ਤੇ ਕਲੀਸਿਯਾ ਦੇ ਬਜ਼ੁਰਗਾਂ ਨਾਲ ਇਸ ਬਾਰੇ ਗੱਲ ਕਰੋ। ਉਨ੍ਹਾਂ ਨਾਲ ਗੱਲ ਕਰਨ ਲਈ ਤੁਹਾਨੂੰ ਹਿੰਮਤ ਦੀ ਲੋੜ ਪਵੇਗੀ, ਪਰ ਯਾਦ ਰੱਖੋ ਕਿ ਜੇ ਤੁਸੀਂ ਦਿਲੋਂ ਪਛਤਾਵਾ ਕਰਦੇ ਹੋ, ਤਾਂ ਯਹੋਵਾਹ ਤੁਹਾਨੂੰ ਜ਼ਰੂਰ ਮਾਫ਼ ਕਰੇਗਾ। (ਯਸਾਯਾਹ 1:18) ਜਦੋਂ ਤੁਹਾਡੀ ਜ਼ਮੀਰ ਸ਼ੁੱਧ ਹੋ ਜਾਵੇਗੀ, ਉਦੋਂ ਤੁਸੀਂ ਸੋਚ-ਸਮਝ ਕੇ ਵਿਆਹ ਬਾਰੇ ਸਹੀ ਫ਼ੈਸਲਾ ਕਰ ਸਕੋਗੇ।

ਬਾਅਦ ਵਿਚ ਪਛਤਾਉਣ ਤੋਂ ਬਚੋ

ਆਪਣੇ ਵਿਆਹ ਬਾਰੇ ਸੋਚਦਿਆਂ ਐਲਨ ਨੇ ਕਿਹਾ: “ਮੈਂ ਤੇ ਮੇਰੀ ਪਤਨੀ ਨੇ ਸਾਦੇ ਢੰਗ ਨਾਲ ਵਿਆਹ ਕਰਾਉਣ ਦਾ ਫ਼ੈਸਲਾ ਕੀਤਾ ਸੀ। ਇਸ ਤਰ੍ਹਾਂ ਕਰਨ ਨਾਲ ਸਾਨੂੰ ਆਪਣੇ ਵਿਆਹ ਬਾਰੇ ਜ਼ਿਆਦਾ ਚਿੰਤਾ ਨਹੀਂ ਕਰਨੀ ਪਈ। ਪਰ ਫਿਰ ਵੀ ਮੈਨੂੰ ਇਕ ਗੱਲ ਦਾ ਪਛਤਾਵਾ ਹੈ ਕਿ ਮੈਂ ਆਪਣੇ ਪਰਿਵਾਰ ਨੂੰ ਚੰਗੀ ਤਰ੍ਹਾਂ ਨਹੀਂ ਸਮਝਾ ਸਕਿਆ ਕਿ ਅਸੀਂ ਇਹ ਫ਼ੈਸਲਾ ਕਿਉਂ ਕੀਤਾ ਸੀ।”

ਅਸਲ ਵਿਚ ਵਿਆਹ ਆਮ ਰੀਤੀ-ਰਿਵਾਜਾਂ ਅਨੁਸਾਰ ਕਰਾਉਣਾ ਜਾਂ ਨਾ ਕਰਾਉਣਾ ਹਰ ਜੋੜੇ ਦਾ ਨਿੱਜੀ ਮਾਮਲਾ ਹੈ। ਪਰ ਵਿਆਹ ਬਾਰੇ ਫ਼ੈਸਲਾ ਕਰਦੇ ਸਮੇਂ ਕਾਹਲੀ ਨਹੀਂ ਕਰਨੀ ਚਾਹੀਦੀ, ਸਗੋਂ ਆਪਣੇ ਪਰਿਵਾਰ ਨਾਲ ਬੈਠ ਕੇ ਇਸ ਬਾਰੇ ਗੱਲਬਾਤ ਕਰਨੀ ਚਾਹੀਦੀ ਹੈ ਅਤੇ ‘ਵੇਖ ਭਾਲ ਕੇ ਚੱਲਣਾ’ ਯਾਨੀ ਫ਼ੈਸਲਾ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਬਾਅਦ ਵਿਚ ਕਿਸੇ ਗੱਲ ਕਰਕੇ ਪਛਤਾਉਣਾ ਨਹੀਂ ਪਵੇਗਾ।—ਕਹਾਉਤਾਂ 14:15. (g05 11/22)

[ਫੁਟਨੋਟ]

^ ਪੈਰਾ 3 ਨਾਂ ਬਦਲ ਦਿੱਤੇ ਗਏ ਹਨ।

^ ਪੈਰਾ 7 ਇਨ੍ਹਾਂ ਇਮਾਰਤਾਂ ਵਿਚ ਪਰਮੇਸ਼ੁਰ ਦੀ ਭਗਤੀ ਕੀਤੀ ਜਾਂਦੀ ਹੈ ਤੇ ਇੱਥੇ ਯਹੋਵਾਹ ਦੇ ਗਵਾਹ ਸ਼ਿਸ਼ਟਾਚਾਰ ਨਾਲ ਵਿਆਹ ਵੀ ਕਰਦੇ ਹਨ। ਇੱਥੇ ਵਿਆਹ ਦੀ ਰਸਮ ਬਹੁਤ ਸਿੱਧੀ-ਸਾਦੀ ਹੁੰਦੀ ਹੈ। ਇਕ ਛੋਟਾ ਜਿਹਾ ਭਾਸ਼ਣ ਦਿੱਤਾ ਜਾਂਦਾ ਹੈ ਜਿਸ ਵਿਚ ਸੁਖੀ ਵਿਆਹੁਤਾ ਜੀਵਨ ਸੰਬੰਧੀ ਬਾਈਬਲ ਦੇ ਕੁਝ ਅਸੂਲ ਦੱਸੇ ਜਾਂਦੇ ਹਨ। ਕਿੰਗਡਮ ਹਾਲ ਵਿਚ ਵਿਆਹ ਕਰਾਉਣ ਲਈ ਕੋਈ ਪੈਸਾ ਨਹੀਂ ਦੇਣਾ ਪੈਂਦਾ।

^ ਪੈਰਾ 18 ਇਸ ਵਿਸ਼ੇ ਉੱਤੇ ਹੋਰ ਜਾਣਕਾਰੀ ਲਈ 1 ਜੁਲਾਈ 2004 ਦੇ ਪਹਿਰਾਬੁਰਜ ਦੇ ਸਫ਼ੇ 30-1 ਅਤੇ 1 ਨਵੰਬਰ 1989 ਦੇ ਪਹਿਰਾਬੁਰਜ (ਅੰਗ੍ਰੇਜ਼ੀ) ਦੇ ਸਫ਼ੇ 18-22 ਦੇਖੋ।

[ਸਫ਼ਾ 27 ਉੱਤੇ ਤਸਵੀਰ]

ਵਿਆਹ ਕਰਾਉਣ ਦਾ ਫ਼ੈਸਲਾ ਕਰਦੇ ਸਮੇਂ ਆਪਣੇ ਪਰਿਵਾਰ ਨਾਲ ਇਸ ਬਾਰੇ ਗੱਲਬਾਤ ਕਰੋ