ਭੇਦ-ਭਾਵ ਦੇ ਵੰਨ-ਸੁਵੰਨੇ ਰੂਪ
ਭੇਦ-ਭਾਵ ਦੇ ਵੰਨ-ਸੁਵੰਨੇ ਰੂਪ
“ਭੇਦ-ਭਾਵ ਨੂੰ ਦਰਵਾਜ਼ਿਓਂ ਕੱਢੋ, ਤਾਂ ਉਹ ਬਾਰੀ ਥਾਣੀ ਅੰਦਰ ਆ ਵੜੇਗਾ।”—ਪ੍ਰਸ਼ੀਆ ਦਾ ਪਾਤਸ਼ਾਹ ਫਰੈਡਰਿਕ ਮਹਾਨ।
ਰਾਜੇਸ਼ ਭਾਰਤ ਵਿਚ ਪਾਲੀਅੜ ਪਿੰਡ ਦਾ ਵਾਸੀ ਹੈ। ਹੋਰ ਅਛੂਤ ਲੋਕਾਂ ਵਾਂਗ ਉਸ ਨੂੰ ਵੀ 15 ਮਿੰਟ ਪੈਦਲ ਤੁਰ ਕੇ ਘਰੋਂ ਦੂਰ ਪਾਣੀ ਭਰਨ ਲਈ ਜਾਣਾ ਪੈਂਦਾ ਹੈ। ਕਿਉਂ? ਰਾਜੇਸ਼ ਇਸ ਦਾ ਕਾਰਨ ਦੱਸਦਾ ਹੈ: “ਸਾਨੂੰ ਪਿੰਡ ਦੀਆਂ ਟੂਟੀਆਂ ਤੋਂ ਪਾਣੀ ਭਰਨ ਦੀ ਮਨਾਹੀ ਹੈ ਕਿਉਂਕਿ ਇਹ ਉੱਚੀਆਂ ਜਾਤਾਂ ਦੇ ਲੋਕਾਂ ਲਈ ਹਨ।” ਜਦੋਂ ਰਾਜੇਸ਼ ਸਕੂਲ ਵਿਚ ਪੜ੍ਹਦਾ ਸੀ, ਤਾਂ ਉਹ ਤੇ ਉਸ ਦੇ ਦੋਸਤ ਦੂਸਰੇ ਬੱਚਿਆਂ ਦੇ ਫੁੱਟਬਾਲ ਨੂੰ ਹੱਥ ਵੀ ਨਹੀਂ ਲਾ ਸਕਦੇ ਸਨ। “ਅਸੀਂ ਪੱਥਰਾਂ ਨੂੰ ਹੀ ਫੁੱਟਬਾਲ ਸਮਝ ਕੇ ਖੇਡ ਲੈਂਦੇ ਸਾਂ,” ਉਹ ਕਹਿੰਦਾ ਹੈ।
ਏਸ਼ੀਆ ਤੋਂ ਆ ਕੇ ਯੂਰਪ ਵਿਚ ਵਸੀ ਮੁਟਿਆਰ ਕ੍ਰਿਸਟੀਨਾ ਕਹਿੰਦੀ ਹੈ: ‘ਮੈਨੂੰ ਲੱਗਦਾ ਹੈ ਕਿ ਲੋਕ ਮੈਨੂੰ ਨਫ਼ਰਤ ਭਰੀਆਂ ਨਜ਼ਰਾਂ ਨਾਲ ਦੇਖਦੇ ਹਨ। ਮੈਨੂੰ ਸਮਝ ਨਹੀਂ ਆਉਂਦੀ ਕਿ ਉਹ ਇੱਦਾਂ ਕਿਉਂ ਕਰਦੇ ਹਨ। ਉਨ੍ਹਾਂ ਦੇ ਇਸ ਵਤੀਰੇ ਕਾਰਨ ਮੈਨੂੰ ਬਹੁਤ ਠੇਸ ਪਹੁੰਚਦੀ ਹੈ। ਇਸ ਲਈ ਮੈਂ ਲੋਕਾਂ ਤੋਂ ਦੂਰ-ਦੂਰ ਰਹਿਣ ਦੀ ਕੋਸ਼ਿਸ਼ ਕਰਦੀ ਹਾਂ। ਫਿਰ ਵੀ ਮੈਨੂੰ ਇਸ ਪਰੇਸ਼ਾਨੀ ਤੋਂ ਰਾਹਤ ਨਹੀਂ ਮਿਲਦੀ।’
“ਸੋਲਾਂ ਸਾਲ ਦੀ ਉਮਰ ਵਿਚ ਪਹਿਲੀ ਵਾਰ ਮੈਂ ਜਾਤੀ ਭੇਦ-ਭਾਵ ਦਾ ਸਾਮ੍ਹਣਾ ਕੀਤਾ,” ਪੱਛਮੀ ਅਫ਼ਰੀਕਾ ਦਾ ਸਟੈਨਲੀ ਕਹਿੰਦਾ ਹੈ। “ਜੋ ਲੋਕ ਮੈਨੂੰ ਜਾਣਦੇ ਤਕ ਨਹੀਂ ਸਨ, ਉਨ੍ਹਾਂ ਨੇ ਮੈਨੂੰ ਸ਼ਹਿਰ ਛੱਡ ਜਾਣ ਲਈ ਕਿਹਾ। ਮੇਰੇ ਕਬੀਲੇ ਦੇ ਕਈ ਲੋਕਾਂ ਦੇ ਘਰ ਸਾੜ ਕੇ ਸੁਆਹ ਕਰ ਦਿੱਤੇ ਗਏ। ਮੇਰੇ ਪਿਤਾ ਜੀ ਦੇ ਬੈਂਕ ਖਾਤੇ ਨੂੰ ਸੀਲ ਕਰ ਦਿੱਤਾ ਗਿਆ। ਇਹ ਸਭ ਕੁਝ ਦੇਖ ਕੇ ਮੈਨੂੰ ਉਸ ਕਬੀਲੇ ਨਾਲ ਨਫ਼ਰਤ ਹੋ ਗਈ ਜੋ ਸਾਡੇ ਉੱਤੇ ਇਹ ਅਤਿਆਚਾਰ ਕਰ ਰਿਹਾ ਸੀ।”
ਰਾਜੇਸ਼, ਕ੍ਰਿਸਟੀਨਾ ਅਤੇ ਸਟੈਨਲੀ ਵਾਂਗ ਬਹੁਤ ਸਾਰੇ ਲੋਕ ਛੂਤ-ਛਾਤ ਤੇ ਭੇਦ-ਭਾਵ ਦੇ ਸ਼ਿਕਾਰ ਹੁੰਦੇ ਹਨ। ਯੂਨੈਸਕੋ (ਸੰਯੁਕਤ ਰਾਸ਼ਟਰ ਸੰਘ ਦਾ ਸਿੱਖਿਅਕ, ਵਿਗਿਆਨਕ ਤੇ ਸਭਿਆਚਾਰਕ ਸੰਗਠਨ) ਦੇ ਡਾਇਰੈਕਟਰ ਜਨਰਲ ਕੋਈਚੀਰੋ ਮਾਤਸੁਊਰਾ ਦੱਸਦਾ ਹੈ: ‘ਅੱਜ ਵੀ ਕਰੋੜਾਂ ਲੋਕ ਜਾਤ-ਪਾਤ, ਛੂਤ-ਛਾਤ ਅਤੇ ਕੌਮੀ ਤੇ ਸਮਾਜਕ ਵਿਤਕਰੇ ਦੇ ਸ਼ਿਕਾਰ ਹੁੰਦੇ ਹਨ। ਲੋਕਾਂ ਦੀ ਅਗਿਆਨਤਾ ਤੇ ਮੂੜ੍ਹਪੁਣਾ ਇਨ੍ਹਾਂ ਅਪਮਾਨਜਨਕ ਕੁਰੀਤੀਆਂ ਨੂੰ ਹੱਲਾਸ਼ੇਰੀ ਦਿੰਦੇ ਹਨ। ਜਾਤੀ ਭੇਦ-ਭਾਵ ਨੇ ਕਈ ਦੇਸ਼ਾਂ ਵਿਚ ਘਰੇਲੂ ਯੁੱਧ ਭੜਕਾਏ ਹਨ ਅਤੇ ਲੋਕਾਂ ਨੂੰ ਗਹਿਰੇ ਜ਼ਖ਼ਮ ਦਿੱਤੇ ਹਨ।”
ਜੇ ਤੁਸੀਂ ਕਦੀ ਭੇਦ-ਭਾਵ ਦੇ ਸ਼ਿਕਾਰ ਨਹੀਂ ਹੋਏ, ਤਾਂ ਤੁਸੀਂ ਸ਼ਾਇਦ ਇਸ ਦੇ ਸ਼ਿਕਾਰ ਦੂਜੇ ਲੋਕਾਂ ਦੇ ਦੁੱਖ ਨੂੰ ਨਾ ਸਮਝ ਸਕੋ। ਪੱਖਪਾਤ ਦਾ ਮੁਕਾਬਲਾ (ਅੰਗ੍ਰੇਜ਼ੀ) ਕਿਤਾਬ ਦੱਸਦੀ ਹੈ ਕਿ “ਕੁਝ ਲੋਕ ਜਾਤੀ ਭੇਦ-ਭਾਵ ਨੂੰ ਚੁੱਪ-ਚਾਪ ਸਹਿ ਲੈਂਦੇ ਹਨ। ਕਈ ਲੋਕ ਇੱਟ ਦਾ ਜਵਾਬ ਪੱਥਰ ਨਾਲ ਦਿੰਦੇ ਹਨ।” ਆਓ ਆਪਾਂ ਦੇਖੀਏ ਕਿ ਭੇਦ-ਭਾਵ ਕਰਨ ਨਾਲ ਕੀ-ਕੀ ਨੁਕਸਾਨ ਹੋ ਸਕਦੇ ਹਨ?
ਜੇ ਤੁਸੀਂ ਘੱਟ ਗਿਣਤੀ ਵਾਲੇ ਸਮੂਹ ਦੇ ਹੋ, ਤਾਂ ਤੁਸੀਂ ਸ਼ਾਇਦ ਅਨੁਭਵ ਕੀਤਾ ਹੋਣਾ ਕਿ ਲੋਕ ਤੁਹਾਡੇ ਤੋਂ ਦੂਰ-ਦੂਰ ਰਹਿੰਦੇ ਹਨ, ਤੁਹਾਨੂੰ ਘਿਰਣਾ ਦੀ ਨਜ਼ਰ ਨਾਲ ਦੇਖਦੇ ਹਨ ਜਾਂ ਤੁਹਾਡੇ ਸਭਿਆਚਾਰ ਬਾਰੇ ਚੁਭਵੀਆਂ ਗੱਲਾਂ ਕਰਦੇ ਹਨ। ਚੰਗੀ ਨੌਕਰੀ ਤੁਹਾਡੇ ਹੱਥ ਨਹੀਂ ਲੱਗਦੀ, ਸਿਵਾਇ ਉਹ ਕੰਮ ਜਿਸ ਨੂੰ ਕਰਨ ਤੋਂ ਬਾਕੀ ਲੋਕ
ਕਤਰਾਉਂਦੇ ਹਨ। ਸ਼ਾਇਦ ਤੁਹਾਨੂੰ ਚੰਗਾ ਘਰ ਲੱਭਣ ਵਿਚ ਵੀ ਮੁਸ਼ਕਲਾਂ ਆਉਣ। ਸਕੂਲ ਵਿਚ ਤੁਹਾਡੇ ਬੱਚੇ ਨਾਲ ਵਿਤਕਰਾ ਕੀਤਾ ਜਾਂਦਾ ਹੈ ਅਤੇ ਕੋਈ ਉਨ੍ਹਾਂ ਨਾਲ ਦੋਸਤੀ ਨਹੀਂ ਕਰਨੀ ਚਾਹੁੰਦਾ।ਪਰ ਭੇਦ-ਭਾਵ ਉਦੋਂ ਭਿਆਨਕ ਰੂਪ ਧਾਰ ਲੈਂਦਾ ਹੈ ਜਦੋਂ ਲੋਕ ਹਿੰਸਾ ਜਾਂ ਕਤਲਾਮ ਤੇ ਉਤਰ ਆਉਂਦੇ ਹਨ। ਇਤਿਹਾਸ ਦੇ ਪੰਨੇ ਇਹੋ ਜਿਹੀਆਂ ਭਿਆਨਕ ਵਾਰਦਾਤਾਂ ਨਾਲ ਭਰੇ ਪਏ ਹਨ ਜਦੋਂ ਨਸਲੀ ਭੇਦ-ਭਾਵ ਜਾਂ ਛੂਤ-ਛਾਤ ਕਰਕੇ ਵੱਡੇ ਪੈਮਾਨੇ ਤੇ ਲੋਕਾਂ ਦਾ ਖ਼ੂਨ ਵਹਾਇਆ ਗਿਆ ਸੀ।
ਸਦੀਆਂ ਤੋਂ ਭੇਦ-ਭਾਵ ਦਾ ਬੋਲਬਾਲਾ
ਪਹਿਲੀ ਸਦੀ ਵਿਚ ਮਸੀਹੀ ਲੋਕ ਭੇਦ-ਭਾਵ ਦੇ ਮੁੱਖ ਸ਼ਿਕਾਰ ਸਨ। ਉਦਾਹਰਣ ਲਈ, ਯਿਸੂ ਦੀ ਮੌਤ ਤੋਂ ਕੁਝ ਹੀ ਸਮੇਂ ਬਾਅਦ ਉਨ੍ਹਾਂ ਨੂੰ ਘੋਰ ਅਤਿਆਚਾਰ ਸਹਿਣੇ ਪਏ। (ਰਸੂਲਾਂ ਦੇ ਕਰਤੱਬ 8:3; 9:1, 2; 26:10, 11) ਦੋ ਸਦੀਆਂ ਬਾਅਦ ਫਿਰ ਤੋਂ ਮਸੀਹੀਆਂ ਉੱਤੇ ਭਿਆਨਕ ਜ਼ੁਲਮ ਢਾਹੇ ਗਏ। ਤੀਜੀ ਸਦੀ ਦੇ ਲੇਖਕ ਟਰਟੂਲੀਅਨ ਨੇ ਲਿਖਿਆ ਸੀ: “ਜਦੋਂ ਵੀ ਕੋਈ . . . ਬਵਾ ਆਉਂਦੀ, ਤਾਂ ਤੁਰੰਤ ਇਹੀ ਸ਼ੋਰ ਮੱਚ ਜਾਂਦਾ ਸੀ ਕਿ ‘ਮਸੀਹੀਆਂ ਨੂੰ ਸ਼ੇਰਾਂ ਦੇ ਘੁਰੇ ਵਿਚ ਸੁੱਟ ਦਿਓ!’” ਕਹਿਣ ਦਾ ਮਤਲਬ ਸੀ ਕਿ ਬਵਾ ਲਈ ਮਸੀਹੀ ਜ਼ਿੰਮੇਵਾਰ ਸਨ, ਇਸ ਲਈ ਉਨ੍ਹਾਂ ਨੂੰ ਮਾਰ-ਮੁਕਾਇਆ ਜਾਵੇ।
ਪਰ 11ਵੀਂ ਸਦੀ ਤੋਂ ਚਰਚ ਨੇ ਧਰਮ ਯੁੱਧ (ਕਰੂਸੇਡ) ਲੜਨੇ ਸ਼ੁਰੂ ਕਰ ਦਿੱਤੇ ਤੇ ਯੂਰਪ ਦੇ ਲੋਕ ਯਹੂਦੀਆਂ ਦੇ ਦੁਸ਼ਮਣ ਬਣ ਗਏ। ਜਦੋਂ ਬਿਊਬੋਨਿਕ ਪਲੇਗ ਨੇ ਸਾਰੇ ਯੂਰਪ ਵਿਚ ਕਹਿਰ ਢਾਹ ਕੇ ਕੁਝ ਹੀ ਸਾਲਾਂ ਵਿਚ ਯੂਰਪ ਦੀ ਇਕ-ਚੌਥਾਈ ਜਨ-ਸੰਖਿਆ ਨੂੰ ਮਾਰ-ਮੁਕਾਇਆ, ਤਾਂ ਲੋਕਾਂ ਨੇ ਯਹੂਦੀਆਂ ਨੂੰ ਹੀ ਇਸ ਦਾ ਜ਼ਿੰਮੇਵਾਰ ਠਹਿਰਾਇਆ ਕਿਉਂਕਿ ਉਨ੍ਹਾਂ ਨੂੰ ਪਹਿਲਾਂ ਹੀ ਯਹੂਦੀਆਂ ਤੋਂ ਘਿਣ ਸੀ। ਜਨੈਟ ਫੈਰਲ ਆਪਣੀ ਕਿਤਾਬ ਅਦਿੱਖ ਵੈਰੀ (ਅੰਗ੍ਰੇਜ਼ੀ) ਵਿਚ ਲਿਖਦੀ ਹੈ: “ਪਲੇਗ ਲਈ ਯਹੂਦੀਆਂ ਨੂੰ ਜ਼ਿੰਮੇਵਾਰ ਠਹਿਰਾ ਕੇ ਯੂਰਪ ਦੇ ਲੋਕਾਂ ਨੂੰ ਉਨ੍ਹਾਂ ਨਾਲ ਨਫ਼ਰਤ ਕਰਨ ਦਾ ਵਧੀਆ ਬਹਾਨਾ ਮਿਲ ਗਿਆ ਸੀ।”
ਅਖ਼ੀਰ ਵਿਚ ਲੋਕਾਂ ਨੇ ਫਰਾਂਸ ਦੇ ਦੱਖਣ ਵਿਚ ਰਹਿ ਰਹੇ ਇਕ ਯਹੂਦੀ ਆਦਮੀ ਨੂੰ ਤਸੀਹੇ ਦੇ-ਦੇ ਕੇ ਉਸ ਤੋਂ “ਇਕਬਾਲ” ਕਰਵਾ ਲਿਆ ਕਿ ਯਹੂਦੀਆਂ ਨੇ ਹੀ ਪਾਣੀ ਦੇ ਸੋਮਿਆਂ ਵਿਚ ਜ਼ਹਿਰ ਰਲਾ ਕੇ ਇਹ ਪਲੇਗ ਫੈਲਾਈ ਸੀ। ਉਸ ਨੂੰ ਇਹ ਕਹਿਣ ਲਈ ਭਾਵੇਂ ਮਜਬੂਰ ਕੀਤਾ ਗਿਆ ਸੀ, ਪਰ ਉਸ ਦੀ ਗੱਲ ਜੰਗਲ ਦੀ ਅੱਗ ਵਾਂਗ ਹਰ ਜਗ੍ਹਾ ਫੈਲ ਗਈ। ਥੋੜ੍ਹੇ ਹੀ ਸਮੇਂ ਵਿਚ ਸਪੇਨ, ਫਰਾਂਸ ਤੇ ਜਰਮਨੀ ਵਿਚ ਯਹੂਦੀਆਂ ਦੀ ਪੂਰੀ ਬਰਾਦਰੀ ਦਾ ਖ਼ਾਤਮਾ ਕਰ ਦਿੱਤਾ ਗਿਆ। ਕਿਸੇ ਨੇ ਪਲੇਗ ਦੇ ਅਸਲੀ ਦੋਸ਼ੀਆਂ ਯਾਨੀ ਚੂਹਿਆਂ ਵੱਲ ਧਿਆਨ ਨਾ ਦਿੱਤਾ। ਨਾ ਹੀ ਉਨ੍ਹਾਂ ਨੇ ਦੇਖਿਆ ਕਿ ਹੋਰਨਾਂ ਲੋਕਾਂ ਵਾਂਗ ਯਹੂਦੀ ਵੀ ਪਲੇਗ ਤੋਂ ਬਚੇ ਹੋਏ ਨਹੀਂ ਸਨ!
ਜਦੋਂ ਜਾਤੀ ਭੇਦ-ਭਾਵ ਦੀ ਚੰਗਿਆੜੀ ਭੜਕ ਉੱਠਦੀ ਹੈ, ਤਾਂ ਇਹ ਸਦੀਆਂ ਤਕ ਧੁਖਦੀ ਰਹਿ ਸਕਦੀ ਹੈ। ਵੀਹਵੀਂ ਸਦੀ ਦੇ ਅੱਧ ਵਿਚ ਹਿਟਲਰ ਨੇ ਪਹਿਲੇ ਵਿਸ਼ਵ ਯੁੱਧ ਵਿਚ ਜਰਮਨੀ ਦੀ ਹਾਰ ਦਾ ਦੋਸ਼ ਯਹੂਦੀਆਂ ਦੇ ਸਿਰ ਲਾ ਕੇ ਲੋਕਾਂ ਨੂੰ ਯਹੂਦੀਆਂ ਦੇ ਖ਼ਿਲਾਫ਼ ਭੜਕਾਇਆ। ਆਉਸ਼ਵਿਟਸ ਤਸ਼ੱਦਤ ਕੈਂਪ ਦੇ ਨਾਜ਼ੀ ਕਮਾਂਡਰ ਨੇ ਦੂਜੇ ਵਿਸ਼ਵ ਯੁੱਧ ਦੇ ਖ਼ਤਮ ਹੋਣ ਮਗਰੋਂ ਕਬੂਲ ਕੀਤਾ: “ਫ਼ੌਜ ਵਿਚ ਰਹਿੰਦਿਆਂ ਸਾਡੇ ਵਿਚ ਇਹੋ ਗੱਲ ਕੁੱਟ-ਕੁੱਟ ਕੇ ਭਰੀ ਜਾਂਦੀ ਸੀ ਕਿ ਅਸੀਂ ਹਰ ਕੀਮਤ ਤੇ ਜਰਮਨੀ ਨੂੰ ਯਹੂਦੀਆਂ ਤੋਂ ਸੁਰੱਖਿਅਤ ਰੱਖਣਾ ਸੀ।” ‘ਜਰਮਨੀ ਨੂੰ ਸੁਰੱਖਿਅਤ ਰੱਖਣ’ ਲਈ ਇਸ ਕਮਾਂਡਰ ਨੇ ਆਪਣੀ ਨਿਗਰਾਨੀ ਹੇਠ ਲਗਭਗ 20,00,000 ਲੋਕਾਂ (ਜ਼ਿਆਦਾਤਰ ਯਹੂਦੀਆਂ) ਨੂੰ ਮੌਤ ਦੇ ਘਾਟ ਉਤਾਰਿਆ।
ਪਰ ਅਫ਼ਸੋਸ ਦੀ ਗੱਲ ਤਾਂ ਇਹ ਹੈ ਕਿ ਕਈ ਦਹਾਕੇ ਬੀਤ ਜਾਣ ਦੇ ਬਾਵਜੂਦ ਵੀ ਅਜਿਹੇ ਅਤਿਆਚਾਰ ਖ਼ਤਮ ਨਹੀਂ ਹੋਏ ਹਨ। ਮਿਸਾਲ ਲਈ, ਸਾਲ 1994 ਵਿਚ ਪੂਰਬੀ ਅਫ਼ਰੀਕਾ ਦੇ ਟੂਟਸੀ ਤੇ ਹੁਟੂ ਕਬੀਲਿਆਂ ਵਿਚ ਨਫ਼ਰਤ ਦੀ ਅੱਗ ਭੜਕਣ ਕਰਕੇ ਘੱਟੋ-ਘੱਟ ਪੰਜ ਲੱਖ ਲੋਕ ਮਾਰੇ ਗਏ। ਟਾਈਮ ਰਸਾਲੇ ਵਿਚ ਛਪੀ ਰਿਪੋਰਟ ਮੁਤਾਬਕ, ‘ਕੋਈ ਵੀ ਥਾਂ ਸੁਰੱਖਿਅਤ ਨਹੀਂ ਸੀ। ਕਈ ਲੋਕਾਂ ਨੇ ਗਿਰਜਿਆਂ ਵਿਚ ਪਨਾਹ ਲਈ, ਪਰ ਉੱਥੇ ਵੀ ਖ਼ੂਨ ਦੀਆਂ ਨਦੀਆਂ ਵਹਾ ਦਿੱਤੀਆਂ ਗਈਆਂ। ਲੋਕ ਖ਼ੂਨ ਦੇ ਪਿਆਸੇ ਸਨ। ਨਫ਼ਰਤ ਵਿਚ ਪਾਗਲ ਹੋ ਕੇ ਉਨ੍ਹਾਂ ਨੇ ਆਪਣੇ ਹੱਥੀਂ ਲੋਕਾਂ ਨੂੰ ਕੱਟਿਆ-ਵੱਢਿਆ। ਇਸ ਭਿਆਨਕ ਕਤਲਾਮ ਤੋਂ ਬਚਣ ਵਾਲੇ ਲੋਕਾਂ ਦੇ ਦਿਲਾਂ-ਦਿਮਾਗ਼ਾਂ ਨੂੰ ਇੰਨਾ ਡੂੰਘਾ ਸਦਮਾ ਪਹੁੰਚਿਆ ਕਿ ਉਹ ਅੰਦਰੋਂ ਪੂਰੀ ਤਰ੍ਹਾਂ ਸੁੰਨ ਹੋ ਗਏ।’ ਖੂੰਖਾਰ ਲੋਕਾਂ ਨੇ ਤਾਂ ਛੋਟੇ-ਛੋਟੇ ਬੱਚਿਆਂ ਨੂੰ ਵੀ ਨਹੀਂ ਬਖ਼ਸ਼ਿਆ। ਇਕ ਨਾਗਰਿਕ ਦਾ ਕਹਿਣਾ ਸੀ: “ਰਵਾਂਡਾ ਛੋਟਾ ਜਿਹਾ ਦੇਸ਼ ਹੈ, ਪਰ ਲੋਕਾਂ ਦੇ ਦਿਲਾਂ ਵਿਚ ਦੁਨੀਆਂ-ਜਹਾਨ ਦੀ ਨਫ਼ਰਤ ਭਰੀ ਪਈ ਹੈ।”
ਸਾਬਕਾ ਯੂਗੋਸਲਾਵੀਆ ਦੀ ਵੰਡ ਵੇਲੇ ਹੋਈਆਂ ਲੜਾਈਆਂ ਵਿਚ 2,00,000 ਤੋਂ ਜ਼ਿਆਦਾ ਲੋਕਾਂ ਦੀਆਂ ਜਾਨਾਂ ਗਈਆਂ। ਸਾਲਾਂ ਤੋਂ ਇਕੱਠੇ ਰਹਿ ਰਹੇ ਗੁਆਂਢੀ ਇਕ-ਦੂਸਰੇ ਦੇ ਖ਼ੂਨ ਦੇ ਪਿਆਸੇ ਹੋ ਗਏ। ਹਜ਼ਾਰਾਂ ਔਰਤਾਂ ਨੂੰ ਬੇਪਤ ਕੀਤਾ ਗਿਆ ਅਤੇ “ਨਸਲੀ ਸ਼ੁੱਧੀਕਰਣ” ਦੀ ਜ਼ਾਲਮ ਨੀਤੀ ਤਹਿਤ ਲੱਖਾਂ ਲੋਕਾਂ ਨੂੰ ਘਰੋਂ ਬੇਘਰ ਕੀਤਾ ਗਿਆ।
ਹਾਲਾਂਕਿ ਭੇਦ-ਭਾਵ ਦਾ ਨਤੀਜਾ ਹਮੇਸ਼ਾ ਖ਼ੂਨ-ਖ਼ਰਾਬਾ ਨਹੀਂ ਹੁੰਦਾ, ਪਰ ਇਹ ਲੋਕਾਂ ਵਿਚ ਫੁੱਟ ਅਤੇ ਨਫ਼ਰਤ ਜ਼ਰੂਰ ਪੈਦਾ ਕਰ ਦਿੰਦਾ ਹੈ। ਯੂਨੈਸਕੋ ਦੀ ਹਾਲ ਹੀ ਵਿਚ ਛਪੀ ਰਿਪੋਰਟ ਮੁਤਾਬਕ, ਭਾਵੇਂ ਕਿ ਦੇਸ਼ਾਂ ਵਿਚ ਚੰਗੇ ਆਪਸੀ ਸੰਬੰਧ ਪੈਦਾ ਹੋ ਰਹੇ ਹਨ, ਪਰ ਫਿਰ ਵੀ ਕੌਮਪਰਸਤੀ ਅਤੇ ਨਸਲੀ ਪੱਖਪਾਤ ਦੀ ਭਾਵਨਾ “ਦੁਨੀਆਂ ਦੇ ਹਰ ਹਿੱਸੇ ਵਿਚ ਤੇਜ਼ੀ ਨਾਲ ਫੈਲਦੀ ਜਾ ਰਹੀ ਹੈ।”
ਕੀ ਭੇਦ-ਭਾਵ ਨੂੰ ਕਦੇ ਖ਼ਤਮ ਕੀਤਾ ਜਾ ਸਕਦਾ ਹੈ? ਇਸ ਸਵਾਲ ਦਾ ਜਵਾਬ ਪਾਉਣ ਲਈ ਸਾਨੂੰ ਪਹਿਲਾਂ ਇਹ ਜਾਣਨ ਦੀ ਲੋੜ ਹੈ ਕਿ ਲੋਕਾਂ ਦੇ ਦਿਲਾਂ-ਦਿਮਾਗ਼ਾਂ ਵਿਚ ਭੇਦ-ਭਾਵ ਤੇ ਛੂਤ-ਛਾਤ ਦੀ ਭਾਵਨਾ ਕਿੱਦਾਂ ਜੜ੍ਹ ਫੜਦੀ ਹੈ। (g04 9/08)
[ਸਫ਼ੇ 5 ਉੱਤੇ ਡੱਬੀ]
ਭੇਦ-ਭਾਵ ਦੇ ਲੱਛਣ
ਗੌਰਡਨ ਡਬਲਯੂ. ਆਲਪੌਰਟ ਨੇ ਆਪਣੀ ਕਿਤਾਬ ਭੇਦ-ਭਾਵ ਦੇ ਰੂਪ (ਅੰਗ੍ਰੇਜ਼ੀ) ਵਿਚ ਭੇਦ-ਭਾਵ ਦੀਆਂ ਪੰਜ ਨਿਸ਼ਾਨੀਆਂ ਦੱਸੀਆਂ। ਪੱਖਪਾਤੀ ਵਿਅਕਤੀ ਅਕਸਰ ਇਨ੍ਹਾਂ ਵਿੱਚੋਂ ਇਕ ਜਾਂ ਇਕ ਤੋਂ ਜ਼ਿਆਦਾ ਕੰਮ ਕਰਦਾ ਹੈ।
1. ਚੁਭਵੀਆਂ ਗੱਲਾਂ ਕਹਿਣੀਆਂ। ਪੱਖਪਾਤੀ ਵਿਅਕਤੀ ਉਸ ਨਸਲ ਦੇ ਲੋਕਾਂ ਬਾਰੇ ਬੁਰਾ-ਭਲਾ ਕਹਿੰਦਾ ਹੈ ਜਿਸ ਨਾਲ ਉਸ ਨੂੰ ਨਫ਼ਰਤ ਹੁੰਦੀ ਹੈ।
2. ਕਿਨਾਰਾ ਕਰਨਾ। ਉਹ ਉਸ ਨਸਲ ਦੇ ਲੋਕਾਂ ਤੋਂ ਦੂਰ ਰਹਿੰਦਾ ਹੈ।
3. ਫ਼ਰਕ ਕਰਨਾ। ਉਹ ਉਸ ਨਸਲ ਦੇ ਲੋਕਾਂ ਨੂੰ ਨੌਕਰੀ, ਰਿਹਾਇਸ਼ ਜਾਂ ਸਮਾਜਕ ਅਧਿਕਾਰਾਂ ਤੋਂ ਵਾਂਝਾ ਰੱਖਦਾ ਹੈ।
4. ਹਮਲਾ ਕਰਨਾ। ਉਹ ਉਸ ਨਸਲ ਦੇ ਲੋਕਾਂ ਨੂੰ ਡਰਾਉਣ-ਧਮਕਾਉਣ ਲਈ ਮਾਰਦਾ-ਕੁੱਟਦਾ ਹੈ।
5. ਕਤਲ ਕਰਨਾ। ਉਹ ਉਨ੍ਹਾਂ ਦੀ ਹੋਂਦ ਮਿਟਾ ਦੇਣ ਦੀਆਂ ਮੁਹਿੰਮਾਂ ਵਿਚ ਹਿੱਸਾ ਲੈਂਦਾ ਹੈ।
[ਸਫ਼ੇ 4 ਉੱਤੇ ਤਸਵੀਰ]
ਤਨਜ਼ਾਨੀਆ ਵਿਚ ਬੈਨੌਕੋ ਸ਼ਰਨਾਰਥੀ ਕੈਂਪ, 11 ਮਈ 1994
ਪਾਣੀ ਭਰਨ ਲਈ ਪੀਪੀਆਂ ਕੋਲ ਬੈਠੀ ਇਕ ਤੀਵੀਂ। ਤਿੰਨ ਲੱਖ ਤੋਂ ਜ਼ਿਆਦਾ ਲੋਕਾਂ ਨੇ ਤਨਜ਼ਾਨੀਆ ਵਿਚ ਸ਼ਰਨ ਲਈ ਸੀ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਰਵਾਂਡਾ ਦੇ ਹੁਟੂ ਲੋਕ ਸਨ
[ਕ੍ਰੈਡਿਟ ਲਾਈਨ]
Photo by Paula Bronstein/Liaison