ਸਾਡੇ ਪਾਠਕਾਂ ਵੱਲੋਂ
ਸਾਡੇ ਪਾਠਕਾਂ ਵੱਲੋਂ
ਅਸ਼ਲੀਲ ਤਸਵੀਰਾਂ “ਅਸ਼ਲੀਲ ਤਸਵੀਰਾਂ—ਸਮਾਜ ਲਈ ਨੁਕਸਾਨਦੇਹ?” (ਅਕਤੂਬਰ-ਦਸੰਬਰ 2003) ਨਾਂ ਦੀ ਲੇਖ-ਲੜੀ ਲਈ ਤੁਹਾਡਾ ਬਹੁਤ ਧੰਨਵਾਦ। ਇਸ ਵਧੀਆ ਸਲਾਹ ਦੀ ਮੈਨੂੰ ਸਖ਼ਤ ਜ਼ਰੂਰਤ ਸੀ। ਮਸੀਹੀ ਬਣਨ ਤੋਂ ਪਹਿਲਾਂ ਮੈਨੂੰ ਕਾਫ਼ੀ ਸਮੇਂ ਤੋਂ ਅਸ਼ਲੀਲ ਤਸਵੀਰਾਂ ਦੇਖਣ ਦੀ ਆਦਤ ਸੀ। ਇਨ੍ਹਾਂ ਲੇਖਾਂ ਦੁਆਰਾ ਮੇਰੀਆਂ ਅੱਖਾਂ ਸੱਚ-ਮੁੱਚ ਖੁੱਲ੍ਹ ਗਈਆਂ। ਮੈਨੂੰ ਹੁਣ ਪਤਾ ਲੱਗ ਗਿਆ ਹੈ ਕਿ ਅਜਿਹੀ ਸਾਮੱਗਰੀ ਨਾਲ ਸਾਡਾ ਕਿੰਨਾ ਨੁਕਸਾਨ ਹੋ ਸਕਦਾ ਹੈ ਤੇ ਮੈਂ ਇਸ ਦੇ ਜ਼ਬਰਦਸਤ ਪ੍ਰਭਾਵ ਤੋਂ ਛੁਟਕਾਰਾ ਕਿੱਦਾਂ ਪਾ ਸਕਦਾ ਹਾਂ।
ਈ. ਪੀ., ਅਮਰੀਕਾ (g04 3/22)
ਸਾਡੇ ਵਿਆਹ ਨੂੰ 22 ਸਾਲ ਹੋ ਗਏ ਸਨ ਅਤੇ ਅਸੀਂ ਬਹੁਤ ਹੀ ਸੁਖੀ ਸਾਂ। ਪਰ ਦੋ ਸਾਲ ਪਹਿਲਾਂ ਮੇਰੇ ਪਤੀ ਪੋਰਨੋਗ੍ਰਾਫੀ ਦਾ ਸ਼ਿਕਾਰ ਬਣ ਗਏ ਜਿਸ ਦੇ ਨਤੀਜੇ ਵਜੋਂ ਕੁਝ ਸਮੇਂ ਬਾਅਦ ਸਾਡਾ ਤਲਾਕ ਹੋ ਗਿਆ। ਉਸ ਦੀ ਇਸ ਬੁਰੀ ਆਦਤ ਨੇ ਉਸ ਦੇ ਨੇਕ ਤੇ ਨਰਮ ਸੁਭਾਅ ਨੂੰ ਵਹਿਸ਼ੀ ਸੁਭਾਅ ਵਿਚ ਬਦਲ ਦਿੱਤਾ। ਉਹ ਝੂਠ ਵੀ ਬੋਲਣ ਲੱਗ ਪਏ। ਮੈਂ ਸੋਚਦੀ ਸੀ ਕਿ ਪੋਰਨੋਗ੍ਰਾਫੀ ਕਾਰਨ ਸਿਰਫ਼ ਮੈਂ ਹੀ ਦੁਖੀ ਸੀ, ਪਰ ਹੁਣ ਮੈਨੂੰ ਪਤਾ ਲੱਗਾ ਕਿ ਇਸ ਗੰਦੀ ਆਦਤ ਨੇ ਬਹੁਤ ਸਾਰੇ ਲੋਕਾਂ ਨੂੰ ਦੁਖੀ ਕੀਤਾ ਹੋਇਆ ਹੈ। ਇਨ੍ਹਾਂ ਵਧੀਆ ਲੇਖਾਂ ਲਈ ਤੁਹਾਡਾ ਬਹੁਤ ਧੰਨਵਾਦ।
ਐੱਲ. ਟੀ., ਅਮਰੀਕਾ (g04 3/22)
ਬਾਈਬਲ ਦੀ ਪੜ੍ਹਾਈ ਕਰਨ ਤੋਂ ਪਹਿਲਾਂ ਮੈਨੂੰ ਦਸ ਸਾਲਾਂ ਤੋਂ ਪੋਰਨੋਗ੍ਰਾਫੀ ਦੀ ਲਤ ਲੱਗੀ ਹੋਈ ਸੀ। ਅਸ਼ਲੀਲਤਾ ਦੇ ਹਿਮਾਇਤੀ ਜੋ ਮਰਜ਼ੀ ਕਹਿਣ, ਪਰ ਮੈਂ ਜਾਣਦਾ ਹਾਂ ਕਿ ਇਸ ਵਿਚ ਕੋਈ ਚੰਗੀ ਗੱਲ ਨਹੀਂ। ਯਹੋਵਾਹ ਦਾ ਗਵਾਹ ਬਣਨ ਤੋਂ ਪਹਿਲਾਂ ਮੈਂ ਤਕਰੀਬਨ ਹਰ ਨਸ਼ੇ ਦਾ ਆਦੀ ਸੀ। ਪਰ ਇਨ੍ਹਾਂ ਸਾਰਿਆਂ ਨਸ਼ਿਆਂ ਵਿੱਚੋਂ ਪੋਰਨੋਗ੍ਰਾਫੀ ਤੋਂ ਛੁਟਕਾਰਾ ਪਾਉਣਾ ਸਭ ਤੋਂ ਮੁਸ਼ਕਲ ਸੀ। ਉਮੀਦ ਹੈ ਕਿ ਤੁਸੀਂ ਅਜਿਹੇ ਲੇਖ ਛਾਪਦੇ ਰਹੋਗੇ।
ਜੇ. ਏ., ਅਮਰੀਕਾ (g04 3/22)
ਸ਼ੱਕਰ ਰੋਗ “ਸ਼ੱਕਰ ਰੋਗ ਅਤੇ ਤੁਹਾਡੀ ਜ਼ਿੰਦਗੀ” (ਜਨਵਰੀ-ਮਾਰਚ 2004) ਨਾਂ ਦੀ ਲੇਖ-ਲੜੀ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਮੈਨੂੰ ਟਾਈਪ 1 ਡਾਈਬੀਟੀਜ਼ ਹੋਏ ਨੂੰ 12 ਸਾਲ ਹੋ ਚੁੱਕੇ ਹਨ ਅਤੇ ਮੈਨੂੰ ਕਈ ਵਾਰ ਇਨਸੁਲਿਨ ਦੇ ਟੀਕੇ ਲਗਵਾਉਣੇ ਪੈਂਦੇ ਹਨ। ਮੇਰੀ ਪਤਨੀ ਮੈਨੂੰ ਬਹੁਤ ਸਹਾਰਾ ਦਿੰਦੀ ਹੈ। ਅਸੀਂ ਦੋਨੋਂ ਇਸ ਰੋਗ ਬਾਰੇ ਸਿੱਖਦੇ ਹੀ ਰਹਿੰਦੇ ਹਾਂ ਅਤੇ ਡਾਕਟਰ ਨੂੰ ਵੀ ਇਕੱਠੇ ਮਿਲਣ ਜਾਂਦੇ ਹਾਂ। ਮੈਂ ਹਮੇਸ਼ਾ ਖ਼ੁਸ਼ ਰਹਿਣ ਦੀ ਕੋਸ਼ਿਸ਼ ਕਰਦਾ ਹਾਂ। ਇਕ ਸਫ਼ਰੀ ਨਿਗਾਹਬਾਨ ਹੋਣ ਦੇ ਨਾਤੇ ਮੈਂ ਦੇਖਿਆ ਹੈ ਕਿ ਬਹੁਤ ਸਾਰੇ ਭੈਣ-ਭਰਾ ਬੀਮਾਰਾਂ ਦੀ ਹਾਲਤ ਸਮਝਣ ਦੀ ਕੋਸ਼ਿਸ਼ ਕਰਦੇ ਹਨ। ਉਹ ਉਨ੍ਹਾਂ ਨਾਲ ਧੀਰਜ ਤੇ ਪਿਆਰ ਨਾਲ ਪੇਸ਼ ਆ ਕੇ ਜ਼ਿੰਦਗੀ ਦੀਆਂ ਚੁਣੌਤੀਆਂ ਦਾ ਸਾਮ੍ਹਣਾ ਕਰਨ ਵਿਚ ਉਨ੍ਹਾਂ ਦੀ ਮਦਦ ਕਰਦੇ ਹਨ। ਅਜਿਹਾ ਰਵੱਈਆ ਦੇਖ ਕੇ ਮੈਨੂੰ ਕਲੀਸਿਯਾਵਾਂ ਦੀ ਸੇਵਾ ਕਰਦੇ ਰਹਿਣ ਵਿਚ ਬਹੁਤ ਹੌਸਲਾ ਮਿਲਦਾ ਹੈ। ਇਸ ਲੇਖ-ਲੜੀ ਤੋਂ ਮੈਨੂੰ ਬਹੁਤ ਮਦਦ ਮਿਲੀ। ਤੁਹਾਡਾ ਬਹੁਤ ਧੰਨਵਾਦ।
ਡਬਲਯੂ. ਬੀ., ਪੋਲੈਂਡ (g04 3/08)
ਮੈਨੂੰ ਸ਼ੱਕਰ ਰੋਗ ਲੱਗੇ ਨੂੰ 28 ਸਾਲ ਹੋ ਗਏ ਹਨ। ਮੇਰੇ ਪਰਿਵਾਰ ਦੇ 10 ਜੀਅ ਇਸ ਰੋਗ ਤੋਂ ਪੀੜਿਤ ਹਨ। ਤੁਹਾਡੀ ਲੇਖ-ਲੜੀ ਤੋਂ ਮੈਨੂੰ ਇਸ ਰੋਗ ਬਾਰੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ। ਇਨ੍ਹਾਂ ਲੇਖਾਂ ਦੁਆਰਾ ਸਾਡੇ ਸਿਰਜਣਹਾਰ ਦਾ ਪਿਆਰ ਜ਼ਾਹਰ ਹੁੰਦਾ ਹੈ ਜਿਸ ਗੱਲ ਦਾ ਜ਼ਿਕਰ ਦੁਨਿਆਵੀ ਕਿਤਾਬਾਂ ਵਿਚ ਨਹੀਂ ਕੀਤਾ ਜਾਂਦਾ। ਮੈਂ ਨਹੀਂ ਸੀ ਚਾਹੁੰਦਾ ਕਿ ਮੈਂ ਆਪਣੇ ਪਰਿਵਾਰ ਤੇ ਜ਼ਿਆਦਾ ਬੋਝ ਬਣਾਂ, ਇਸ ਲਈ ਮੈਂ ਦੂਸਰਿਆਂ ਤੋਂ ਆਪਣੀ ਬੀਮਾਰੀ ਲੁਕੋ ਕੇ ਰੱਖਣ ਦੀ ਕੋਸ਼ਿਸ਼ ਕਰਦਾ ਰਿਹਾ। ਦੂਸਰਿਆਂ ਦੀ ਦੇਖ-ਭਾਲ ਕਰਨ ਵਿਚ ਮੈਨੂੰ ਬਹੁਤ ਖ਼ੁਸ਼ੀ ਮਿਲਦੀ ਹੈ। ਪਰ ਇਸ ਲੇਖ ਤੋਂ ਮੈਨੂੰ ਅਹਿਸਾਸ ਹੋਇਆ ਕਿ ਦੂਸਰਿਆਂ ਦੀ ਚੰਗੀ ਤਰ੍ਹਾਂ ਦੇਖ-ਭਾਲ ਕਰਨ ਲਈ ਮੈਨੂੰ ਆਪਣੀ ਦੇਖ-ਭਾਲ ਵੀ ਕਰਨ ਦੀ ਲੋੜ ਹੈ।
ਐੱਲ. ਪੀ., ਫਰਾਂਸ (g04 3/08)
ਨੌਜਵਾਨ ਪੁੱਛਦੇ ਹਨ ਮੈਂ 16 ਸਾਲਾਂ ਦੀ ਹਾਂ ਅਤੇ ਵੱਡੇ ਸਕੂਲ ਦੀ ਪਹਿਲੀ ਜਮਾਤ ਵਿਚ ਪੜ੍ਹਦੀ ਹਾਂ। ਮੈਂ ਨਵੀਆਂ-ਨਵੀਆਂ ਚੁਣੌਤੀਆਂ ਅਤੇ ਦਬਾਵਾਂ ਦਾ ਸਾਮ੍ਹਣਾ ਕਰ ਰਹੀ ਹਾਂ। ਮੈਨੂੰ ਖ਼ਾਸ ਕਰਕੇ ਹਾਨੀਆਂ ਤੋਂ ਦਬਾਅ ਪੈਂਦਾ ਹੈ। “ਨੌਜਵਾਨ ਪੁੱਛਦੇ ਹਨ” ਲੇਖਾਂ ਤੋਂ ਮੈਨੂੰ ਬਾਈਬਲ ਦੀ ਪੜ੍ਹਾਈ ਕਰਨ ਦੀ ਅਹਿਮੀਅਤ ਬਾਰੇ ਵਧੀਆ ਸਲਾਹ ਮਿਲੀ ਹੈ। ਤੁਹਾਡਾ ਬਹੁਤ ਧੰਨਵਾਦ ਕਿ ਤੁਸੀਂ ਮੇਰੇ ਵਰਗੇ ਨੌਜਵਾਨਾਂ ਦੀ ਇੰਨੀ ਮਦਦ ਕਰਦੇ ਹੋ!
ਐੱਸ. ਆਰ, ਅਮਰੀਕਾ (g04 1/22)