ਬੱਚਿਆਂ ਦੀਆਂ ਲੋੜਾਂ ਤੇ ਚਾਹਤਾਂ
ਬੱਚਿਆਂ ਦੀਆਂ ਲੋੜਾਂ ਤੇ ਚਾਹਤਾਂ
ਇਹ ਬਹੁਤ ਜ਼ਰੂਰੀ ਹੈ ਕਿ ਬੱਚੇ ਦੇ ਜਨਮ ਤੋਂ ਹੀ ਉਸ ਨਾਲ ਲਾਡ-ਪਿਆਰ ਕੀਤਾ ਜਾਵੇ, ਉਸ ਨੂੰ ਪਲੋਸਿਆ ਅਤੇ ਚੁੰਮਿਆ ਜਾਵੇ। ਕੁਝ ਡਾਕਟਰ ਮੰਨਦੇ ਹਨ ਕਿ ਜਨਮ ਤੋਂ ਬਾਅਦ ਬੱਚੇ ਲਈ ਪਹਿਲੇ 12 ਘੰਟੇ ਬਹੁਤ ਹੀ ਅਹਿਮ ਹੁੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਮਾਂ ਅਤੇ ਬੱਚੇ ਨੂੰ ਉਸ ਵੇਲੇ “ਨਾ ਤਾਂ ਸੌਣ ਦੀ ਲੋੜ ਹੁੰਦੀ ਹੈ ਅਤੇ ਨਾ ਹੀ ਖ਼ੁਰਾਕ ਦੀ, ਉਨ੍ਹਾਂ ਨੂੰ ਸਿਰਫ਼ ਇਕ-ਦੂਜੇ ਦੀ ਲੋੜ ਹੁੰਦੀ ਹੈ। ਇਹ ਬਹੁਤ ਹੀ ਜ਼ਰੂਰੀ ਹੈ ਕਿ ਮਾਂ ਆਪਣੇ ਬੱਚੇ ਨੂੰ ਕਲਾਵੇ ਵਿਚ ਲੈ ਕੇ ਲਾਡ ਕਰੇ ਅਤੇ ਮਾਂ ਤੇ ਬੱਚਾ ਦੋਵੇਂ ਇਕ-ਦੂਜੇ ਨਾਲ ਗੱਲਾਂ ਕਰਨ ਤੇ ਇਕ-ਦੂਜੇ ਨੂੰ ਸੁਣਨ।” *
ਇਹ ਕੁਦਰਤੀ ਗੱਲ ਹੈ ਕਿ ਮਾਪੇ ਆਪਣੇ ਬੱਚਿਆਂ ਨੂੰ ਚੁੱਕ ਕੇ ਉਨ੍ਹਾਂ ਨਾਲ ਲਾਡ-ਪਿਆਰ ਕਰਦੇ ਹਨ। ਇਸ ਨਾਲ ਬੱਚੇ ਦਾ ਆਪਣੇ ਮਾਪਿਆਂ ਨਾਲ ਮੋਹ ਵਧਦਾ ਹੈ। ਜਦੋਂ ਉਹ ਉਸ ਨਾਲ ਹੱਸਦੇ-ਖੇਡਦੇ ਹਨ, ਤਾਂ ਬੱਚੇ ਨੂੰ ਬਹੁਤ ਚੰਗਾ ਲੱਗਦਾ ਹੈ। ਉਨ੍ਹਾਂ ਵਿਚ ਪਿਆਰ ਦਾ ਇਹ ਬੰਧਨ ਇੰਨਾ ਗਹਿਰਾ ਹੋ ਜਾਂਦਾ ਹੈ ਕਿ ਮਾਪੇ ਬੱਚੇ ਲਈ ਰਾਤ-ਦਿਨ ਕੁਝ ਵੀ ਕਰਨ ਲਈ ਤਿਆਰ ਹੁੰਦੇ ਹਨ।
ਦੂਸਰੇ ਪਾਸੇ ਜੇਕਰ ਮਾਪੇ ਬੱਚੇ ਦੀ ਪਿਆਰ ਨਾਲ ਦੇਖ-ਭਾਲ ਨਾ ਕਰਨ, ਤਾਂ ਉਹ ਇਕ ਕੋਮਲ ਫੁੱਲ ਦੀ ਤਰ੍ਹਾਂ ਕੁਮਲਾ ਕੇ ਮਰ ਸਕਦਾ ਹੈ। ਇਸ ਲਈ, ਕੁਝ ਡਾਕਟਰ ਮੰਨਦੇ ਹਨ ਕਿ ਬੱਚੇ ਦੇ ਜਨਮ ਤੋਂ ਤੁਰੰਤ ਬਾਅਦ ਹੀ ਉਸ ਨੂੰ ਮਾਂ ਦੀ ਗੋਦ ਵਿਚ ਫੜਾਉਣਾ ਚਾਹੀਦਾ ਹੈ। ਉਹ ਇਹ ਸੁਝਾਅ ਪੇਸ਼ ਕਰਦੇ ਹਨ ਕਿ ਪਹਿਲੇ ਘੰਟੇ ਦੇ ਅੰਦਰ-ਅੰਦਰ ਮਾਂ ਦਾ ਬੱਚੇ ਨਾਲ ਹੋਣਾ ਬਹੁਤ ਜ਼ਰੂਰੀ ਹੈ।
ਭਾਵੇਂ ਕਿ ਇਸ ਗੱਲ ਤੇ ਬਹੁਤ ਜ਼ੋਰ ਦਿੱਤਾ ਜਾਂਦਾ ਹੈ ਕਿ ਮਾਂ ਨੂੰ ਆਪਣੇ ਬੱਚੇ ਨਾਲ ਮੋਹ ਪਾਉਣਾ ਚਾਹੀਦਾ ਹੈ, ਫਿਰ ਵੀ ਕੁਝ ਹਸਪਤਾਲਾਂ ਵਿਚ ਬੱਚੇ ਦੇ ਜਨਮ ਤੋਂ ਤੁਰੰਤ ਬਾਅਦ
ਬੱਚੇ ਨੂੰ ਮਾਂ ਦੇ ਨਾਲ ਰੱਖਣਾ ਮੁਸ਼ਕਲ ਜਾਂ ਨਾਮੁਮਕਿਨ ਹੋ ਸਕਦਾ ਹੈ। ਅਕਸਰ ਨਵਜੰਮੇ ਬੱਚੇ ਨੂੰ ਉਸ ਦੀ ਮਾਂ ਤੋਂ ਜੁਦਾ ਰੱਖਿਆ ਜਾਂਦਾ ਹੈ ਤਾਂਕਿ ਬੱਚੇ ਨੂੰ ਮਾਂ ਤੋਂ ਇਨਫ਼ੈਕਸ਼ਨ ਨਾ ਹੋ ਜਾਵੇ। ਪਰ ਇਸ ਗੱਲ ਦੇ ਸਬੂਤ ਮਿਲੇ ਹਨ ਕਿ ਬੱਚਿਆਂ ਨੂੰ ਜਾਨਲੇਵਾ ਇਨਫ਼ੈਕਸ਼ਨ ਹੋਣ ਦੀ ਸੰਭਾਵਨਾ ਘੱਟ ਸਕਦੀ ਹੈ ਜੇਕਰ ਉਨ੍ਹਾਂ ਨੂੰ ਮਾਵਾਂ ਕੋਲ ਛੱਡਿਆ ਜਾਵੇ। ਇਸ ਲਈ ਹੁਣ ਜ਼ਿਆਦਾ ਤੋਂ ਜ਼ਿਆਦਾ ਹਸਪਤਾਲ ਮਾਂ ਅਤੇ ਨਵਜੰਮੇ ਬੱਚੇ ਨੂੰ ਇਕੱਠੇ ਰੱਖਣ ਦੀ ਇਜਾਜ਼ਤ ਦਿੰਦੇ ਹਨ।ਬੱਚੇ ਨਾਲ ਗਹਿਰਾ ਸੰਬੰਧ ਜੋੜਨ ਬਾਰੇ ਚਿੰਤਾ
ਕੁਝ ਮਾਵਾਂ ਨੂੰ ਬੱਚੇ ਨੂੰ ਪਹਿਲੀ ਵਾਰ ਦੇਖ ਕੇ ਇੰਨਾ ਚਾਹ ਨਹੀਂ ਹੁੰਦਾ। ਇਸ ਲਈ ਉਨ੍ਹਾਂ ਨੂੰ ਚਿੰਤਾ ਹੁੰਦੀ ਹੈ ਕਿ ਸ਼ਾਇਦ ਉਹ ਆਪਣੇ ਬੱਚੇ ਨਾਲ ਗੂੜ੍ਹਾ ਸੰਬੰਧ ਨਹੀਂ ਜੋੜ ਸਕਣਗੀਆਂ। ਇਹ ਸੱਚ ਹੈ ਕਿ ਹਰ ਮਾਂ ਦਾ ਆਪਣੇ ਬੱਚੇ ਨੂੰ ਪਹਿਲੀ ਵਾਰ ਦੇਖਦੇ ਹੀ ਉਸ ਨਾਲ ਪਿਆਰ ਨਹੀਂ ਹੋ ਜਾਂਦਾ। ਪਰ ਇਸ ਬਾਰੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ।
ਭਾਵੇਂ ਕਿ ਪਹਿਲਾਂ-ਪਹਿਲਾਂ ਬੱਚੇ ਲਈ ਮਮਤਾ ਨਾ ਜਾਗੇ, ਫਿਰ ਵੀ ਬਾਅਦ ਵਿਚ ਮਾਂ ਦਾ ਬੱਚੇ ਨਾਲ ਸੰਬੰਧ ਗਹਿਰਾ ਬਣ ਸਕਦਾ ਹੈ। ਇਕ ਮਾਂ ਦਾ ਕਹਿਣਾ ਹੈ: “ਇੱਦਾਂ ਕਹਿਣਾ ਸਹੀ ਨਹੀਂ ਹੈ ਕਿ ਜਨਮ ਵੇਲੇ ਇਸ ਤਰ੍ਹਾਂ ਜਾਂ ਉਸ ਤਰ੍ਹਾਂ ਹੋਣ ਕਰਕੇ ਬੱਚੇ ਨਾਲ ਸਾਡਾ ਮੋਹ ਪਵੇਗਾ ਜਾਂ ਨਹੀਂ।” ਖ਼ੈਰ, ਜੇ ਤੁਸੀਂ ਗਰਭਵਤੀ ਹੋ ਅਤੇ ਤੁਹਾਨੂੰ ਕਿਸੇ ਗੱਲ ਦੀ ਚਿੰਤਾ ਲੱਗੀ ਹੈ, ਤਾਂ ਚੰਗਾ ਹੋਵੇਗਾ ਜੇਕਰ ਤੁਸੀਂ ਆਪਣੇ ਡਾਕਟਰ ਜਾਂ ਦਾਈ ਨਾਲ ਪਹਿਲਾਂ ਹੀ ਇਸ ਬਾਰੇ ਗੱਲਬਾਤ ਕਰ ਲਓ। ਤੁਸੀਂ ਡਾਕਟਰ ਨੂੰ ਸਾਫ਼-ਸਾਫ਼ ਦੱਸ ਸਕਦੇ ਹੋ ਕਿ ਜਨਮ ਤੋਂ ਬਾਅਦ ਤੁਸੀਂ ਆਪਣੇ ਬੱਚੇ ਨਾਲ ਕਦੋਂ ਅਤੇ ਕਿੰਨਾ ਸਮਾਂ ਬਿਤਾਉਣਾ ਚਾਹੁੰਦੇ ਹੋ।
“ਮੇਰੇ ਨਾਲ ਗੱਲਾਂ ਕਰੋ!”
ਇੱਦਾਂ ਲੱਗਦਾ ਹੈ ਕਿ ਬਚਪਨ ਵਿਚ ਇਕ ਨਿਸ਼ਚਿਤ ਸਮੇਂ ਦੌਰਾਨ ਬੱਚਿਆਂ ਦੇ ਦਿਮਾਗ਼ ਜ਼ਿਆਦਾ ਚੁਸਤ ਹੁੰਦੇ ਹਨ। ਪਰ ਇਹ ਸਮਾਂ ਲੰਘ ਜਾਣ ਤੇ ਦਿਮਾਗ਼ ਪਹਿਲਾਂ ਵਾਂਗ ਫੁਰਤੀ ਨਾਲ ਕਿਸੇ ਚੀਜ਼ ਬਾਰੇ ਨਹੀਂ ਸਿੱਖਦਾ। ਮਿਸਾਲ ਲਈ, ਬੱਚਾ ਆਸਾਨੀ ਨਾਲ ਇਕ ਜਾਂ ਇਕ ਤੋਂ ਵੱਧ ਭਾਸ਼ਾਵਾਂ ਸਿੱਖ ਸਕਦਾ ਹੈ। ਪਰ ਪੰਜ ਸਾਲ ਦੀ ਉਮਰ ਤੋਂ ਬਾਅਦ ਬੱਚੇ ਦਾ ਦਿਮਾਗ਼ ਭਾਸ਼ਾ ਸਿੱਖਣ ਵਿਚ ਇੰਨਾ ਤੇਜ਼ ਨਹੀਂ ਰਹਿੰਦਾ।
ਜਦੋਂ ਬੱਚਾ 12 ਤੋਂ 14 ਸਾਲਾਂ ਦਾ ਹੋ ਜਾਂਦਾ ਹੈ, ਤਾਂ ਭਾਸ਼ਾ ਸਿੱਖਣੀ ਉਸ ਲਈ ਬਹੁਤ ਔਖੀ ਹੋ ਜਾਂਦੀ ਹੈ। ਬੱਚਿਆਂ ਦੇ ਇਕ ਡਾਕਟਰ ਅਨੁਸਾਰ ਇਸ ਉਮਰ ਤੇ “ਦਿਮਾਗ਼ ਦਾ ਜੋ ਭਾਗ ਭਾਸ਼ਾ ਸਿੱਖਣ ਵਿਚ ਬੱਚੇ ਦੀ ਮਦਦ ਕਰਦਾ ਹੈ ਉਹ ਪਹਿਲਾਂ ਜਿੰਨਾ ਤੇਜ਼ ਨਹੀਂ ਰਹਿੰਦਾ।” ਇਸ ਲਈ ਕਿਹਾ ਜਾ ਸਕਦਾ ਹੈ ਕਿ ਭਾਸ਼ਾ ਸਿੱਖਣ ਲਈ ਬੱਚੇ ਦੀ ਜ਼ਿੰਦਗੀ ਦੇ ਪਹਿਲੇ ਕੁਝ ਸਾਲ ਬਹੁਤ ਹੀ ਅਹਿਮ ਹਨ!
ਬੱਚਿਆਂ ਦੇ ਵਿਕਾਸ ਲਈ ਉਨ੍ਹਾਂ ਦਾ ਬੋਲਣਾ ਸਿੱਖਣਾ ਬਹੁਤ ਹੀ ਜ਼ਰੂਰੀ ਹੈ। ਪਰ ਉਹ ਬੋਲਣਾ ਕਿੱਦਾਂ ਸਿੱਖਦੇ ਹਨ? ਖ਼ਾਸ ਤੌਰ ਤੇ ਉਹ ਆਪਣੇ ਮਾਤਾ-ਪਿਤਾ ਨਾਲ ਗੱਲਾਂ ਕਰ ਕੇ ਸਿੱਖਦੇ ਹਨ। ਮੈਸੇਚਿਉਸੇਟਸ ਇੰਸਟੀਚਿਊਟ ਆਫ਼ ਤਕਨਾਲੋਜੀ ਦੇ ਬੈਰੀ ਆਰੋਨਸ ਦਾ ਕਹਿਣਾ ਹੈ ਕਿ ‘ਬੱਚਾ ਆਪਣੀ ਮਾਂ ਦੀ ਆਵਾਜ਼ ਦੀ ਨਕਲ ਕਰਦਾ ਹੈ।’ ਧਿਆਨ ਦੇਣ ਵਾਲੀ ਗੱਲ ਹੈ ਕਿ ਬੱਚੇ ਹਰ ਆਵਾਜ਼ ਦੀ ਨਕਲ ਨਹੀਂ ਕਰਦੇ। ਆਰੋਨਸ ਅੱਗੇ ਕਹਿੰਦਾ ਹੈ ਕਿ ਜਦੋਂ ਮਾਂ ਬੱਚੇ ਦਾ ਝੂਲਾ ਹਿਲਾ-ਹਿਲਾ ਕੇ ਉਸ ਨੂੰ ਲੋਰੀ ਸੁਣਾਉਂਦੀ ਹੈ, ਤਾਂ ਬੱਚਾ “ਸਿਰਫ਼ ਮਾਂ ਦੀ ਆਵਾਜ਼ ਦੀ ਨਕਲ ਕਰਦਾ ਹੈ, ਝੂਲੇ ਦੀ ਚੀਂ-ਚੀਂ ਦੀ ਨਹੀਂ।” ਜੀ ਹਾਂ, ਛੋਟੇ ਬੱਚੇ ਮਨੁੱਖੀ ਆਵਾਜ਼ ਸੁਣ ਕੇ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ।
ਵੱਖੋ-ਵੱਖਰੇ ਸਭਿਆਚਾਰਾਂ ਵਿਚ ਮਾਪੇ ਆਮ ਕਰਕੇ ਆਪਣੇ ਬੱਚਿਆਂ ਨਾਲ ਤੋਤਲੀ ਜ਼ਬਾਨ ਵਿਚ ਗੱਲਾਂ ਕਰਦੇ ਹਨ। ਜਦੋਂ ਮਾਪੇ ਪਿਆਰ ਨਾਲ ਗੱਲ ਕਰਦੇ ਹਨ, ਉਦੋਂ ਬੱਚੇ ਦੇ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ। ਮੰਨਿਆ ਜਾਂਦਾ ਹੈ ਕਿ ਇਸ ਤਰ੍ਹਾਂ ਬੱਚਾ ਜਲਦੀ ਹੀ ਸ਼ਬਦਾਂ ਦਾ ਸੰਬੰਧ ਚੀਜ਼ਾਂ ਨਾਲ ਜੋੜਨਾ ਸਿੱਖ ਲੈਂਦਾ ਹੈ। ਕਈ ਵਾਰ ਬੱਚਾ ਮਾਂ ਵੱਲ ਇਸ ਤਰ੍ਹਾਂ ਦੇਖਦਾ ਹੈ ਜਿੱਦਾਂ ਉਹ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹੋਵੇ ਕਿ “ਮੇਰੇ ਨਾਲ ਗੱਲਾਂ ਕਰੋ!”
“ਮੇਰੇ ਵੱਲ ਦੇਖੋ!”
ਮੰਨਿਆ ਜਾਂਦਾ ਹੈ ਕਿ ਪਹਿਲੇ ਸਾਲ ਵਿਚ ਬੱਚਾ ਉਸ ਇਨਸਾਨ ਨਾਲ ਗੂੜ੍ਹਾ ਰਿਸ਼ਤਾ ਜੋੜ ਲੈਂਦਾ ਹੈ ਜੋ ਉਸ ਦੀ ਦੇਖ-ਭਾਲ ਕਰਦਾ ਹੈ। ਆਮ ਤੌਰ ਤੇ ਇਹ ਦੇਖ-ਭਾਲ ਕਰਨ ਵਾਲੀ ਉਸ ਦੀ ਮਾਂ ਹੁੰਦੀ ਹੈ। ਜੇਕਰ ਬੱਚੇ ਦਾ ਮਾਂ ਨਾਲ ਗੂੜ੍ਹਾ ਰਿਸ਼ਤਾ ਹੋਵੇ, ਤਾਂ ਉਸ ਦਾ ਦੂਸਰਿਆਂ ਨਾਲ ਵੀ ਚੰਗਾ ਸੰਬੰਧ ਹੁੰਦਾ ਹੈ। ਦੂਜੇ ਪਾਸੇ, ਜਿਨ੍ਹਾਂ ਬੱਚਿਆਂ ਦਾ ਆਪਣੇ ਮਾਪਿਆਂ ਨਾਲ ਗਹਿਰਾ ਸੰਬੰਧ ਨਹੀਂ ਹੁੰਦਾ, ਉਨ੍ਹਾਂ ਨੂੰ ਅਕਸਰ ਦੂਸਰਿਆਂ ਨਾਲ ਰਿਸ਼ਤੇ ਜੋੜਨ ਵਿਚ ਮੁਸ਼ਕਲ ਆਉਂਦੀ ਹੈ।
ਮੰਨਿਆ ਜਾਂਦਾ ਹੈ ਕਿ ਤਿੰਨ ਸਾਲ ਦੀ ਉਮਰ ਤੋਂ ਪਹਿਲਾਂ ਮਾਂ ਨੂੰ ਬੱਚੇ ਨਾਲ ਆਪਣਾ ਗਹਿਰਾ ਸੰਬੰਧ ਜੋੜ ਲੈਣਾ ਚਾਹੀਦਾ ਹੈ।ਉਦੋਂ ਕੀ ਹੋ ਸਕਦਾ ਹੈ ਜੇਕਰ ਇਨ੍ਹਾਂ ਅਹਿਮ ਸਾਲਾਂ ਦੌਰਾਨ ਬੱਚੇ ਦੀ ਚੰਗੀ ਤਰ੍ਹਾਂ ਪਰਵਰਿਸ਼ ਨਹੀਂ ਕੀਤੀ ਜਾਂਦੀ ਜਦੋਂ ਉਸ ਦਾ ਦਿਮਾਗ਼ ਜ਼ਿਆਦਾ ਤੇਜ਼ ਹੁੰਦਾ ਹੈ? ਮਾਰਥਾ ਫੈਰਲ ਐਰਿਕਸਨ ਨਾਮਕ ਬੱਚਿਆਂ ਦੀ ਇਕ ਮਾਹਰ ਨੇ 267 ਮਾਵਾਂ ਅਤੇ ਉਨ੍ਹਾਂ ਦੇ ਬੱਚਿਆਂ ਦਾ 20 ਸਾਲਾਂ ਤਕ ਅਧਿਐਨ ਕੀਤਾ ਅਤੇ ਇਹ ਕਿਹਾ: “ਜੇਕਰ ਬੱਚਿਆਂ ਦੀ ਪਿਆਰ ਨਾਲ ਦੇਖ-ਭਾਲ ਨਾ ਕੀਤੀ ਜਾਵੇ, ਤਾਂ ਹੌਲੀ-ਹੌਲੀ ਬੱਚਾ ਹੌਸਲਾ ਹਾਰ ਦੇਵੇਗਾ ਅਤੇ ਉਹ ਦੂਸਰਿਆਂ ਲੋਕਾਂ ਅਤੇ ਕੰਮਾਂ ਵਿਚ ਇੰਨੀ ਦਿਲਚਸਪੀ ਨਹੀਂ ਲਵੇਗਾ।”
ਟੈਕਸਸ ਵਿਚ ਬੱਚਿਆਂ ਦੇ ਹਸਪਤਾਲ ਦੇ ਇਕ ਡਾਕਟਰ ਨੇ ਇਹ ਸਮਝਾਇਆ ਕਿ ਜੇ ਪਿਆਰ ਨਾਲ ਬੱਚਿਆਂ ਦੀ ਦੇਖ-ਭਾਲ ਨਾ ਕੀਤੀ ਜਾਵੇ, ਤਾਂ ਇਸ ਦਾ ਉਨ੍ਹਾਂ ਉੱਤੇ ਕੀ ਅਸਰ ਪੈ ਸਕਦਾ ਹੈ। ਉਸ ਨੇ ਕਿਹਾ: “ਜੇਕਰ ਤੁਸੀਂ ਮੈਨੂੰ ਇਕ 6 ਮਹੀਨੇ ਦਾ ਬੱਚਾ ਦੇ ਕੇ ਕਹੋ ਕਿ ਤੂੰ ਜਾਂ ਤਾਂ ਇਸ ਦੀਆਂ ਸਾਰੀਆਂ ਹੱਡੀਆਂ ਤੋੜ ਦੇ ਜਾਂ 2 ਮਹੀਨਿਆਂ ਤਕ ਇਸ ਨਾਲ ਲਾਡ-ਪਿਆਰ ਨਾ ਕਰ, ਤਾਂ ਮੈਂ ਕਹਾਂਗਾ ਕਿ ਚੰਗਾ ਰਹੇਗਾ ਜੇਕਰ ਉਸ ਦੀਆਂ ਸਾਰੀਆਂ ਹੱਡੀਆਂ ਤੋੜੀਆਂ ਜਾਣ।” ਇਸ ਡਾਕਟਰ ਨੇ ਇਸ ਤਰ੍ਹਾਂ ਕਿਉਂ ਕਿਹਾ? ਉਹ ਦੱਸਦਾ ਹੈ: “ਹੱਡੀਆਂ ਜੁੜ ਸਕਦੀਆਂ ਹਨ, ਪਰ ਜੇ ਦੋ ਮਹੀਨਿਆਂ ਲਈ ਬੱਚੇ ਨਾਲ ਲਾਡ-ਪਿਆਰ ਨਾ ਕੀਤਾ ਜਾਵੇ, ਤਾਂ ਇਸ ਦਾ ਉਸ ਉੱਤੇ ਹਮੇਸ਼ਾ ਲਈ ਬੁਰਾ ਅਸਰ ਪਵੇਗਾ।” ਭਾਵੇਂ ਕਿ ਇਸ ਡਾਕਟਰ ਦੀ ਗੱਲ ਨਾਲ ਸਾਰੇ ਸਹਿਮਤ ਨਹੀਂ ਹਨ, ਫਿਰ ਵੀ ਵਿਗਿਆਨਕ ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਛੋਟੇ ਬੱਚਿਆਂ ਦੇ ਵਿਕਾਸ ਲਈ ਉਨ੍ਹਾਂ ਦੇ ਨਾਲ ਲਾਡ-ਪਿਆਰ ਕਰਨਾ ਬਹੁਤ ਹੀ ਜ਼ਰੂਰੀ ਹੈ।
ਬੱਚਿਆਂ ਬਾਰੇ ਇਕ ਕਿਤਾਬ ਕਹਿੰਦੀ ਹੈ: ‘ਛੋਟੇ ਬੱਚੇ ਚਾਹੁੰਦੇ ਹਨ ਕਿ ਅਸੀਂ ਉਨ੍ਹਾਂ ਨਾਲ ਪਿਆਰ ਕਰੀਏ ਤੇ ਉਹ ਆਪ ਵੀ ਪਿਆਰ ਕਰਨਾ ਜਾਣਦੇ ਹਨ।’ ਜਦੋਂ ਬੱਚਾ ਰੋਂਦਾ ਹੈ, ਤਾਂ ਮਾਨੋ ਉਹ ਆਪਣੇ ਮਾਪਿਆਂ ਨੂੰ ਇਹ ਕਹਿੰਦਾ ਹੈ ਕਿ “ਮੇਰੇ ਵੱਲ ਦੇਖੋ!” ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਮਾਪੇ ਬੱਚੇ ਨਾਲ ਲਾਡ-ਪਿਆਰ ਕਰਨ। ਇਸ ਤਰ੍ਹਾਂ ਕਰਨ ਨਾਲ ਬੱਚੇ ਨੂੰ ਅਹਿਸਾਸ ਹੁੰਦਾ ਹੈ ਕਿ ਮਾਂ-ਬਾਪ ਉਸ ਦੇ ਇਸ਼ਾਰੇ ਸਮਝ ਰਹੇ ਹਨ। ਇਸ ਤਰ੍ਹਾਂ, ਉਹ ਸਿੱਖ ਰਿਹਾ ਹੁੰਦਾ ਹੈ ਕਿ ਦੂਸਰਿਆਂ ਨਾਲ ਕਿਸ ਤਰ੍ਹਾਂ ਸੰਬੰਧ ਜੋੜਿਆ ਜਾਂਦਾ ਹੈ।
‘ਕੀ ਇਸ ਤਰ੍ਹਾਂ ਬੱਚਾ ਵਿਗੜ ਤਾਂ ਨਹੀਂ ਜਾਵੇਗਾ?’
ਤੁਸੀਂ ਸ਼ਾਇਦ ਕਹੋ: ‘ਜੇਕਰ ਮੈਂ ਬੱਚੇ ਦੇ ਰੋਣ ਤੇ ਹਰ ਵੇਲੇ ਉਸ ਨੂੰ ਚੁੱਕਾਂ ਜਾਂ ਲਾਡ-ਪਿਆਰ ਕਰਾਂ, ਤਾਂ ਕੀ ਉਹ ਇਸ ਤਰ੍ਹਾਂ ਵਿਗੜੇਗਾ ਨਹੀਂ?’ ਸ਼ਾਇਦ ਵਿਗੜ ਵੀ ਸਕਦਾ ਹੈ। ਇਸ ਬਾਰੇ ਲੋਕਾਂ ਦੇ ਵੱਖੋ-ਵੱਖਰੇ ਵਿਚਾਰ ਹਨ। ਖ਼ੈਰ, ਮਾਪਿਆਂ ਨੂੰ ਯਾਦ ਰੱਖਣ ਦੀ ਲੋੜ ਹੈ ਕਿ ਹਰ ਬੱਚਾ ਵੱਖੋ-ਵੱਖਰੇ ਤਰੀਕੇ ਨਾਲ ਆਪਣੀਆਂ ਜ਼ਰੂਰਤਾਂ ਜ਼ਾਹਰ ਕਰਦਾ ਹੈ, ਇਸ ਲਈ ਉਨ੍ਹਾਂ ਨੂੰ ਉਹ ਕੁਝ ਕਰਨਾ ਚਾਹੀਦਾ ਹੈ ਜੋ ਉਨ੍ਹਾਂ ਦੇ ਬੱਚੇ ਲਈ ਠੀਕ ਰਹੇ। ਪਰ ਹਾਲ ਦੇ ਕੁਝ ਅਧਿਐਨਾਂ ਤੋਂ ਪਤਾ ਲੱਗਾ ਹੈ ਕਿ ਜਦੋਂ ਨਵਜੰਮਿਆ ਬੱਚਾ ਭੁੱਖਾ ਹੁੰਦਾ ਹੈ ਜਾਂ ਉਸ ਨੂੰ ਕੋਈ ਹੋਰ ਪਰੇਸ਼ਾਨੀ ਹੁੰਦੀ ਹੈ, ਤਾਂ ਉਸ ਦੇ ਸਰੀਰ ਵਿਚ ਤਣਾਅ ਦੇ ਹਾਰਮੋਨਜ਼ ਪੈਦਾ ਹੁੰਦੇ ਹਨ। ਉਹ ਰੋ ਕੇ ਮਾਪਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਉਸ ਨੂੰ ਕੀ ਪਰੇਸ਼ਾਨੀ ਹੈ। ਕਿਹਾ ਜਾਂਦਾ ਹੈ ਕਿ ਜਦੋਂ ਮਾਪੇ ਬੱਚੇ ਦੀ ਲੋੜ ਪੂਰੀ ਕਰਦੇ ਹਨ, ਤਾਂ ਇਸ ਨਾਲ ਬੱਚੇ ਦੇ ਦਿਮਾਗ਼ ਵਿਚ ਅਜਿਹੇ ਸੰਕੇਤ ਜਾਂਦੇ ਹਨ ਜਿਨ੍ਹਾਂ ਦੁਆਰਾ ਬੱਚਾ ਆਪਣੇ ਆਪ ਨੂੰ ਸ਼ਾਂਤ ਕਰਨਾ ਸਿੱਖਦਾ ਹੈ। ਡਾਕਟਰ ਮੈਗਨ ਗੁਨਾਰ ਦਾ ਕਹਿਣਾ ਹੈ ਕਿ ਜਿਨ੍ਹਾਂ ਬੱਚਿਆਂ ਦੀ ਪਿਆਰ ਨਾਲ ਦੇਖ-ਭਾਲ ਕੀਤੀ ਜਾਂਦੀ ਹੈ ਉਨ੍ਹਾਂ ਵਿਚ ਅਜਿਹੇ ਤਣਾਅ ਦੇ ਹਾਰਮੋਨਜ਼ ਘੱਟ ਹੀ ਪੈਦਾ ਹੁੰਦੇ ਹਨ। ਜਦੋਂ ਅਜਿਹੇ ਬੱਚੇ ਪਰੇਸ਼ਾਨ ਹੋ ਕੇ ਰੋਣ ਵੀ ਲੱਗਦੇ ਹਨ, ਤਾਂ ਅਕਸਰ ਉਹ ਬਹੁਤ ਹੀ ਜਲਦੀ ਚੁੱਪ ਵੀ ਹੋ ਜਾਂਦੇ ਹਨ।
ਮਾਰਥਾ ਫੈਰਲ ਐਰਿਕਸਨ ਦਾ ਕਹਿਣਾ ਹੈ: “ਜਿਨ੍ਹਾਂ ਰੋਂਦੇ ਬੱਚਿਆਂ ਨੂੰ ਲਾਡ-ਪਿਆਰ ਨਾਲ ਜਲਦੀ ਚੁੱਪ ਕਰਾਇਆ ਜਾਂਦਾ ਹੈ, ਖ਼ਾਸ ਕਰਕੇ ਪਹਿਲੇ 6-8 ਮਹੀਨਿਆਂ ਵਿਚ, ਉਹ ਬੱਚੇ ਉਨ੍ਹਾਂ ਬੱਚਿਆਂ ਨਾਲੋਂ ਘੱਟ ਰੋਂਦੇ ਹਨ ਜਿਨ੍ਹਾਂ ਨੂੰ ਚੁੱਪ ਨਹੀਂ ਕਰਾਇਆ ਜਾਂਦਾ।”
ਜਦੋਂ ਬੱਚਾ ਰੋਂਦਾ ਹੈ, ਤਾਂ ਤੁਹਾਨੂੰ ਵੱਖੋ-ਵੱਖਰੇ ਤਰੀਕਿਆਂ ਨਾਲ ਉਨ੍ਹਾਂ ਨੂੰ ਚੁੱਪ ਕਰਾਉਣਾ ਚਾਹੀਦਾ ਹੈ। ਮਿਸਾਲ ਲਈ, ਜੇਕਰ ਤੁਸੀਂ ਹਰ ਵੇਲੇ ਉਸ ਨੂੰ ਚੁੱਕ ਕੇ ਜਾਂ ਦੁੱਧ ਪਿਲਾ ਕੇ ਚੁੱਪ ਕਰਾਉਣ ਦੀ ਕੋਸ਼ਿਸ਼ ਕਰੋਗੇ, ਤਾਂ ਉਹ ਜ਼ਰੂਰ ਵਿਗੜ ਜਾਵੇਗਾ। ਚੰਗਾ ਰਹੇਗਾ ਜੇਕਰ ਤੁਸੀਂ ਰੋਂਦੇ ਬੱਚੇ ਨੂੰ ਕਦੇ-ਕਦੇ ਪਿਆਰ ਨਾਲ ਕਹੋ, ‘ਬਸ, ਬਸ ਮੇਰਾ ਪੁੱਤ ਨਾ ਰੋ, ਨਾ ਰੋ,’ ਤਾਂ ਸ਼ਾਇਦ ਉਸ ਨੂੰ ਤੁਹਾਡੀ ਮਿੱਠੀ ਆਵਾਜ਼ ਸੁਣ ਕੇ ਹੀ ਸਕੂਨ ਮਿਲ ਜਾਵੇ ਅਤੇ ਉਹ ਚੁੱਪ ਹੋ ਜਾਵੇ। ਜਾਂ ਤੁਸੀਂ ਹੱਥ ਨਾਲ ਬੱਚੇ ਦੀ ਪਿੱਠ ਜਾਂ ਢਿੱਡ ਨੂੰ ਥਾਪੜ ਕੇ ਉਸ ਨੂੰ ਚੁੱਪ ਕਰਾ ਸਕਦੇ ਹੋ।ਪੂਰਬੀ ਦੇਸ਼ਾਂ ਵਿਚ ਇਕ ਕਹਾਵਤ ਹੈ ਕਿ “ਬੱਚਿਆਂ ਦਾ ਤਾਂ ਕੰਮ ਹੀ ਰੋਣਾ ਹੈ।” ਵੈਸੇ, ਜੇ ਬੱਚਾ ਨਾ ਰੋਏ, ਤਾਂ ਉਹ ਆਪਣੀਆਂ ਜ਼ਰੂਰਤਾਂ ਨੂੰ ਹੋਰ ਕਿੱਦਾਂ ਜ਼ਾਹਰ ਕਰ ਸਕਦਾ ਹੈ? ਤੁਹਾਨੂੰ ਕਿੱਦਾਂ ਲੱਗੇਗਾ ਜੇਕਰ ਕਿਸੇ ਚੀਜ਼ ਨੂੰ ਮੰਗਣ ਤੇ ਹਰ ਵੇਲੇ ਤੁਹਾਨੂੰ ਅਣਡਿੱਠ ਕੀਤਾ ਜਾਵੇ? ਇਸ ਲਈ, ਜ਼ਰਾ ਸੋਚੋ ਕਿ ਇਕ ਬੇਬੱਸ ਬੱਚੇ ਨੂੰ ਕਿੱਦਾਂ ਲੱਗਦਾ ਹੋਵੇਗਾ ਜੇਕਰ ਉਸ ਦੀ ਦੇਖ-ਭਾਲ ਕਰਨ ਵਾਲਾ ਉਸ ਦੀ ਬਾਤ ਤਕ ਨਾ ਪੁੱਛੇ? ਪਰ ਉਸ ਦੀ ਦੇਖ-ਭਾਲ ਕਿਸ ਨੂੰ ਕਰਨੀ ਚਾਹੀਦੀ ਹੈ?
ਬੱਚੇ ਦੀ ਦੇਖ-ਭਾਲ ਕਿਸ ਨੂੰ ਕਰਨੀ ਚਾਹੀਦੀ ਹੈ?
ਹਾਲ ਹੀ ਵਿਚ ਅਮਰੀਕਾ ਵਿਚ ਲੋਕਾਂ ਦੀ ਗਿਣਤੀ ਕਰਨ ਦੁਆਰਾ ਪਤਾ ਲੱਗਾ ਕਿ ਜਨਮ ਤੋਂ 8-9 ਸਾਲਾਂ ਦੀ ਉਮਰ ਤਕ ਦੇ 54 ਪ੍ਰਤਿਸ਼ਤ ਬੱਚਿਆਂ ਦੀ ਦੇਖ-ਭਾਲ ਉਨ੍ਹਾਂ ਦੇ ਪਰਿਵਾਰਾਂ ਤੋਂ ਇਲਾਵਾ ਕਿਸੇ-ਨ-ਕਿਸੇ ਤਰੀਕੇ ਨਾਲ ਦੂਜੇ ਲੋਕ ਵੀ ਕਰ ਰਹੇ ਹਨ। ਇਹ ਸੱਚ ਹੈ ਕਿ ਬਹੁਤ ਸਾਰੇ ਪਰਿਵਾਰਾਂ ਵਿਚ ਗੁਜ਼ਾਰਾ ਤੋਰਨ ਲਈ ਦੋਨਾਂ ਮਾਪਿਆਂ ਨੂੰ ਕੰਮ ਕਰਨਾ ਪੈਂਦਾ ਹੈ। ਬਹੁਤ ਸਾਰੀਆਂ ਮਾਵਾਂ ਬੱਚੇ ਦੇ ਜਨਮ ਤੋਂ ਬਾਅਦ ਉਸ ਦੀ ਦੇਖ-ਭਾਲ ਕਰਨ ਲਈ ਕੁਝ ਹਫ਼ਤਿਆਂ ਜਾਂ ਮਹੀਨਿਆਂ ਲਈ ਕੰਮ ਤੋਂ ਛੁੱਟੀ ਲੈ ਲੈਂਦੀਆਂ ਹਨ। ਪਰ ਉਨ੍ਹਾਂ ਦੇ ਕੰਮ ਤੇ ਵਾਪਸ ਜਾਣ ਤੋਂ ਬਾਅਦ ਕੌਣ ਬੱਚੇ ਦੀ ਦੇਖ-ਭਾਲ ਕਰੇਗਾ?
ਮਾਪਿਆਂ ਨੂੰ ਇਹ ਨਹੀਂ ਕਿਹਾ ਜਾ ਸਕਦਾ ਕਿ ਉਨ੍ਹਾਂ ਨੂੰ ਇਸ ਵੇਲੇ ਕੀ ਕਰਨਾ ਤੇ ਕੀ ਨਹੀਂ ਕਰਨਾ ਚਾਹੀਦਾ। ਪਰ ਫਿਰ ਵੀ ਚੰਗਾ ਹੋਵੇਗਾ ਜੇਕਰ ਅਸੀਂ ਇਹ ਗੱਲ ਯਾਦ ਰੱਖੀਏ ਕਿ ਇਸ ਛੋਟੀ ਉਮਰ ਵਿਚ ਬੱਚੇ ਬਹੁਤ ਹੀ ਨਾਜ਼ੁਕ ਸਥਿਤੀ ਵਿਚ ਹੁੰਦੇ ਹਨ ਅਤੇ ਉਨ੍ਹਾਂ ਦਾ ਚੰਗੀ ਤਰ੍ਹਾਂ ਧਿਆਨ ਰੱਖਣ ਦੀ ਲੋੜ ਹੈ। ਦੋਵੇਂ ਤੀਵੀਂ-ਆਦਮੀ ਨੂੰ ਬੈਠ ਕੇ ਇਸ ਬਾਰੇ ਚੰਗੀ ਤਰ੍ਹਾਂ ਸੋਚ ਵਿਚਾਰ ਕਰ ਕੇ ਫ਼ੈਸਲਾ ਕਰਨਾ ਚਾਹੀਦਾ ਹੈ।
ਬੱਚਿਆਂ ਦੇ ਵਿਕਾਸ ਸੰਬੰਧੀ ਅਮਰੀਕੀ ਅਕੈਡਮੀ ਦਾ ਡਾਕਟਰ ਜੋਸਫ਼ ਜ਼ਾਂਗਾ ਦਾ ਕਹਿਣਾ ਹੈ: “ਇਹ ਗੱਲ ਹੁਣ ਸਾਫ਼-ਸਾਫ਼ ਨਜ਼ਰ ਆ ਰਹੀ ਹੈ ਕਿ ਬੱਚਿਆਂ ਦੀ ਪਰਵਰਿਸ਼ ਕਰਨ ਵਾਲੇ ਸਭ ਤੋਂ ਵਧੀਆ ਇੰਤਜ਼ਾਮ ਵੀ ਮਾਪਿਆਂ ਦੀ ਜਗ੍ਹਾ ਨਹੀਂ ਲੈ ਸਕਦੇ। ਬੱਚਿਆਂ ਨੂੰ ਮਾਪਿਆਂ ਦੇ ਲਾਡ-ਪਿਆਰ ਦੀ ਬਹੁਤ ਜ਼ਰੂਰਤ ਹੈ।” ਕੁਝ ਮਾਹਰਾਂ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਬਾਲਵਾੜੀ ਵਿਚ ਬੱਚਿਆਂ ਦੀ ਦੇਖ-ਭਾਲ ਕਰਨ ਵਾਲੇ ਉਨ੍ਹਾਂ ਨਾਲ ਇੰਨਾ ਲਾਡ-ਪਿਆਰ ਨਹੀਂ ਕਰਦੇ ਜਿੰਨਾ ਉਨ੍ਹਾਂ ਨੂੰ ਕਰਨਾ ਚਾਹੀਦਾ ਹੈ।
ਕੁਝ ਮਾਵਾਂ ਨੇ ਆਪਣੇ ਬੱਚੇ ਦੀਆਂ ਜ਼ਰੂਰਤਾਂ ਜਾਣਦੇ ਹੋਏ ਕੰਮ ਛੱਡਣ ਦਾ ਫ਼ੈਸਲਾ ਕੀਤਾ ਹੈ ਕਿਉਂਕਿ ਉਹ ਨਹੀਂ ਚਾਹੁੰਦੀਆਂ ਕਿ ਕੋਈ ਓਪਰਾ ਉਨ੍ਹਾਂ ਦੇ ਬੱਚੇ ਦੀ ਪਰਵਰਿਸ਼ ਕਰੇ। ਇਕ ਔਰਤ ਨੇ ਕਿਹਾ: “ਮੈਂ ਪੂਰੇ ਵਿਸ਼ਵਾਸ ਨਾਲ ਕਹਿ ਸਕਦੀ ਹਾਂ ਕਿ ਜੋ ਖ਼ੁਸ਼ੀ ਮੈਨੂੰ ਆਪਣੇ ਬੱਚਿਆਂ ਦੀ ਪਰਵਰਿਸ਼ ਕਰਨ ਤੋਂ ਮਿਲੀ ਹੈ ਉਹ ਹੋਰ ਕਿਸੇ ਵੀ ਕੰਮ ਕਰਨ ਤੋਂ ਨਹੀਂ ਮਿਲ ਸਕਦੀ।” ਪਰ ਕਈ ਵਾਰ ਪੈਸੇ ਦੀਆਂ ਤੰਗੀਆਂ ਕਾਰਨ ਮਾਵਾਂ ਘਰ ਰਹਿ ਕੇ ਆਪ ਬੱਚਿਆਂ ਦੀ ਦੇਖ-ਭਾਲ ਨਹੀਂ ਕਰ ਸਕਦੀਆਂ, ਉਨ੍ਹਾਂ ਨੂੰ ਨੌਕਰੀ ਕਰਨੀ ਹੀ ਪੈਂਦੀ ਹੈ। ਨਤੀਜੇ ਵਜੋਂ ਉਨ੍ਹਾਂ ਨੂੰ ਬੱਚਿਆਂ ਨੂੰ ਬਾਲਵਾੜੀ ਵਿਚ ਛੱਡਣਾ ਪੈਂਦਾ ਹੈ। ਪਰ ਜਦੋਂ ਮਾਪੇ ਇਕੱਠੇ ਘਰ ਹੁੰਦੇ ਹਨ, ਤਾਂ ਉਹ ਬੱਚਿਆਂ ਨਾਲ ਰੱਜ ਕੇ ਲਾਡ-ਪਿਆਰ ਕਰਦੇ ਹਨ। ਇਸੇ ਤਰ੍ਹਾਂ ਜਿਨ੍ਹਾਂ ਪਰਿਵਾਰਾਂ ਵਿਚ ਸਿਰਫ਼ ਮਾਂ ਜਾਂ ਬਾਪ ਹੋਵੇ ਅਤੇ ਉਨ੍ਹਾਂ ਨੂੰ ਕੰਮ ਤੇ ਜਾਣਾ ਪੈਂਦਾ ਹੈ, ਉਹ ਵੀ ਬੱਚਿਆਂ ਦੀ ਪਰਵਰਿਸ਼ ਕਰਨ ਵਿਚ ਬੜੀ ਜੱਦੋ-ਜਹਿਦ ਕਰਦੇ ਹਨ ਅਤੇ ਇਸ ਦੇ ਉਨ੍ਹਾਂ ਨੂੰ ਵਧੀਆ ਨਤੀਜੇ ਮਿਲਦੇ ਹਨ।
ਬੱਚੇ ਦੇ ਜਨਮ ਤੇ ਮਾਪਿਆਂ ਨੂੰ ਬਹੁਤ ਚਾਹ ਹੁੰਦਾ ਹੈ, ਖ਼ੁਸ਼ੀ ਦੇ ਮਾਰੇ ਉਨ੍ਹਾਂ ਦੇ ਪੈਰ ਜ਼ਮੀਨ ਤੇ ਨਹੀਂ ਲੱਗਦੇ। ਪਰ ਬੱਚਿਆਂ ਦੀ ਪਰਵਰਿਸ਼ ਕਰਨ ਵਿਚ ਬਹੁਤ ਸਾਰੀਆਂ ਚੁਣੌਤੀਆਂ ਦਾ ਵੀ ਸਾਮ੍ਹਣਾ ਕਰਨਾ ਪੈਂਦਾ ਹੈ। ਤਾਂ ਫਿਰ ਤੁਸੀਂ ਇਸ ਕੰਮ ਵਿਚ ਕਿੱਦਾਂ ਸਫ਼ਲ ਹੋ ਸਕਦੇ ਹੋ? (g03 12/22)
[ਫੁਟਨੋਟ]
^ ਪੈਰਾ 2 ਇਨ੍ਹਾਂ ਲੇਖਾਂ ਵਿਚ ਜਾਗਰੂਕ ਬਣੋ! ਦੇ ਲੇਖਕਾਂ ਨੇ ਬੱਚਿਆਂ ਦੀ ਦੇਖ-ਭਾਲ ਕਰਨ ਵਾਲੇ ਅਨੇਕ ਮਾਹਰਾਂ ਦੇ ਵਿਚਾਰ ਪੇਸ਼ ਕੀਤੇ ਹਨ। ਇਨ੍ਹਾਂ ਮਾਹਰਾਂ ਦੇ ਵਿਚਾਰ ਮਾਪਿਆਂ ਲਈ ਬਹੁਤ ਲਾਭਦਾਇਕ ਸਾਬਤ ਹੋ ਸਕਦੇ ਹਨ। ਪਰ ਸਾਨੂੰ ਯਾਦ ਰੱਖਣ ਦੀ ਲੋੜ ਹੈ ਕਿ ਸਮੇਂ ਦੇ ਬੀਤਣ ਨਾਲ ਅਜਿਹੇ ਵਿਚਾਰ ਬਦਲ ਸਕਦੇ ਹਨ। ਪਰ ਬਾਈਬਲ ਦੇ ਮਿਆਰ ਕਦੇ ਨਹੀਂ ਬਦਲਦੇ ਇਸ ਲਈ ਜਾਗਰੂਕ ਬਣੋ! ਰਸਾਲਾ ਹਮੇਸ਼ਾ ਬਾਈਬਲ ਦਾ ਪੱਖ ਲੈਂਦਾ ਹੈ।
[ਸਫ਼ੇ 6 ਉੱਤੇ ਡੱਬੀ/ਤਸਵੀਰ]
ਖ਼ਾਮੋਸ਼ ਬੱਚੇ
ਜਪਾਨ ਦੇ ਕੁਝ ਡਾਕਟਰਾਂ ਦਾ ਕਹਿਣਾ ਹੈ ਕਿ ਹੁਣ ਉਨ੍ਹਾਂ ਬੱਚਿਆਂ ਦੀ ਗਿਣਤੀ ਵੱਧ ਰਹੀ ਹੈ ਜੋ ਨਾ ਤਾਂ ਰੋਂਦੇ ਹਨ ਅਤੇ ਨਾ ਹੀ ਹੱਸਦੇ। ਇਕ ਡਾਕਟਰ ਅਜਿਹੇ ਬੱਚਿਆਂ ਨੂੰ ‘ਖ਼ਾਮੋਸ਼ ਬੱਚੇ’ ਕਹਿੰਦਾ ਹੈ। ਪਰ ਸਵਾਲ ਇਹ ਹੈ ਕਿ ਬੱਚੇ ਆਪਣੀਆਂ ਭਾਵਨਾਵਾਂ ਜ਼ਾਹਰ ਕਰਨ ਤੋਂ ਕਿਉਂ ਹਟ ਜਾਂਦੇ ਹਨ? ਕੁਝ ਡਾਕਟਰ ਮੰਨਦੇ ਹਨ ਕਿ ਇਹ ਇਸ ਲਈ ਹੁੰਦਾ ਹੈ ਕਿਉਂਕਿ ਬੱਚਿਆਂ ਨੂੰ ਮਾਪਿਆਂ ਦਾ ਪਿਆਰ ਨਹੀਂ ਮਿਲਦਾ। ਕਿਹਾ ਜਾ ਸਕਦਾ ਹੈ ਕਿ ਉਨ੍ਹਾਂ ਦੀ ਮੁਸਕਾਨ ਲੁੱਟ ਲਈ ਜਾਂਦੀ ਹੈ। ਇਕ ਕਿਤਾਬ ਦੱਸਦੀ ਹੈ ਕਿ ਜਦੋਂ ਬੱਚੇ ਨੂੰ ਹਰ ਵੇਲੇ ਅਣਡਿੱਠ ਕੀਤਾ ਜਾਂਦਾ ਹੈ, ਤਾਂ ਉਹ ਆਖ਼ਰਕਾਰ ਹੌਸਲਾ ਹਾਰ ਕੇ ਖ਼ਾਮੋਸ਼ ਹੋ ਜਾਂਦਾ ਹੈ।
ਟੈਕਸਸ ਵਿਚ ਬੱਚਿਆਂ ਦੇ ਹਸਪਤਾਲ ਦੇ ਇਕ ਡਾਕਟਰ ਦਾ ਕਹਿਣਾ ਹੈ ਕਿ ਜੇਕਰ ਬੱਚੇ ਨੂੰ ਸਹੀ ਸਮੇਂ ਤੇ ਉਤੇਜਨਾ ਨਾ ਦਿੱਤੀ ਜਾਵੇ, ਤਾਂ ਉਸ ਦੇ ਦਿਮਾਗ਼ ਦਾ ਜਿਹੜਾ ਭਾਗ ਉਸ ਨੂੰ ਇਕ ਹਮਦਰਦ ਇਨਸਾਨ ਬਣਾਉਂਦਾ ਹੈ, ਉਹ ਭਾਗ ਸ਼ਾਇਦ ਵਧੇ-ਫੁੱਲੇ ਨਾ। ਜਿਨ੍ਹਾਂ ਬੱਚਿਆਂ ਨਾਲ ਜ਼ਰਾ ਵੀ ਲਾਡ-ਪਿਆਰ ਨਹੀਂ ਕੀਤਾ ਜਾਂਦਾ, ਉਹ ਬੱਚੇ ਸ਼ਾਇਦ ਕਦੇ ਵੀ ਦੂਸਰਿਆਂ ਨਾਲ ਹਮਦਰਦੀ ਨਾ ਕਰ ਸਕਣ। ਇਹ ਡਾਕਟਰ ਮੰਨਦਾ ਹੈ ਕਿ ਅਜਿਹੇ ਮਾਹੌਲ ਦਾ ਬੱਚੇ ਦੇ ਵਿਕਾਸ ਉੱਤੇ ਗਹਿਰਾ ਅਸਰ ਪੈਂਦਾ ਹੈ, ਇਸੇ ਲਈ ਕਈ ਬੱਚੇ ਵੱਡੇ ਹੋ ਕੇ ਸ਼ਾਇਦ ਨਸ਼ੇ ਕਰਨ ਲੱਗ ਪੈਣ ਜਾਂ ਹਿੰਸਕ ਬਣ ਜਾਣ।
[ਸਫ਼ੇ 7 ਉੱਤੇ ਤਸਵੀਰ]
ਬੱਚੇ ਨਾਲ ਲਾਡ-ਪਿਆਰ ਤੇ ਗੱਲਾਂ ਕਰਨ ਨਾਲ ਮਾਪਿਆਂ ਦਾ ਉਸ ਨਾਲ ਸੰਬੰਧ ਗਹਿਰਾ ਹੁੰਦਾ ਹੈ