ਬੇਰਹਿਮ ਤੇ ਨਿਰਮੋਹ ਦੁਨੀਆਂ ਵਿਚ ਜਨਮ!
ਬੇਰਹਿਮ ਤੇ ਨਿਰਮੋਹ ਦੁਨੀਆਂ ਵਿਚ ਜਨਮ!
ਬੱਚਾ ਜਿਸ ਦੁਨੀਆਂ ਵਿਚ ਜਨਮ ਲੈਂਦਾ ਹੈ ਉਹ ਬੜੀ ਬੇਰਹਿਮ ਅਤੇ ਨਿਰਮੋਹ ਹੋ ਚੁੱਕੀ ਹੈ। ਹਾਲਾਂਕਿ ਬੱਚਾ ਬੋਲ ਕੇ ਨਹੀਂ ਦੱਸ ਸਕਦਾ ਕਿ ਉਹ ਇਸ ਦੁਨੀਆਂ ਬਾਰੇ ਕੀ ਸੋਚਦਾ ਹੈ, ਪਰ ਫਿਰ ਵੀ ਕੁਝ ਵਿਗਿਆਨੀ ਮੰਨਦੇ ਹਨ ਕਿ ਅਣਜੰਮੇ ਬੱਚੇ ਨੂੰ ਵੀ ਪਤਾ ਹੁੰਦਾ ਹੈ ਕਿ ਉਸ ਦੇ ਆਲੇ-ਦੁਆਲੇ ਕੀ ਹੋ ਰਿਹਾ ਹੈ।
ਅਣਜੰਮੇ ਬੱਚੇ ਦੇ ਜੀਵਨ ਬਾਰੇ ਇਕ ਕਿਤਾਬ ਕਹਿੰਦੀ ਹੈ: “ਅਣਜੰਮਿਆ ਬੱਚਾ ਇਕ ਜੀਉਂਦਾ-ਜਾਗਦਾ ਇਨਸਾਨ ਹੈ ਜਿਸ ਨੂੰ ਪਤਾ ਹੁੰਦਾ ਹੈ ਕਿ ਉਸ ਦੇ ਆਲੇ-ਦੁਆਲੇ ਕੀ ਹੋ ਰਿਹਾ ਹੈ। ਗਰਭ ਵਿਚ ਛੇ ਮਹੀਨਿਆਂ ਦਾ ਹੋਣ ਤੇ (ਸ਼ਾਇਦ ਇਸ ਤੋਂ ਪਹਿਲਾਂ ਵੀ) ਉਹ ਪੇਟ ਵਿਚ ਹਿਲ-ਜੁਲ ਕੇ ਕੁਝ ਹੱਦ ਤਕ ਆਪਣੇ ਜਜ਼ਬਾਤ ਜ਼ਾਹਰ ਕਰਦਾ ਹੈ।” ਜਨਮ ਦਾ ਵੇਲਾ ਮਾਂ-ਬੱਚੇ ਲਈ ਮੁਸ਼ਕਲ ਸਮਾਂ ਹੁੰਦਾ ਹੈ। ਭਾਵੇਂ ਕਿ ਬੱਚੇ ਨੂੰ ਇਸ ਬਾਰੇ ਖ਼ੁਦ ਯਾਦ ਨਾ ਰਹੇ, ਪਰ ਕੁਝ ਵਿਗਿਆਨੀ ਅੰਦਾਜ਼ੇ ਨਾਲ ਕਹਿੰਦੇ ਹਨ ਕਿ ਸ਼ਾਇਦ ਬੱਚਿਆਂ ਉੱਤੇ ਇਸ ਦਾ ਬਾਅਦ ਵਿਚ ਅਸਰ ਪੈਂਦਾ ਹੈ।
ਜਨਮ ਤੋਂ ਬਾਅਦ ਬੱਚੇ ਨੂੰ ਕਈ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਹੁਣ ਉਸ ਨੂੰ ਆਪਣੇ ਆਪ ਮਾਂ ਤੋਂ ਆਕਸੀਜਨ ਅਤੇ ਖ਼ੁਰਾਕ ਨਹੀਂ ਮਿਲਦੀ। ਜ਼ਿੰਦਾ ਰਹਿਣ ਲਈ ਜ਼ਰੂਰੀ ਹੈ ਕਿ ਉਹ ਸਾਹ ਲੈਣਾ ਅਤੇ ਖ਼ੁਰਾਕ ਲੈਣੀ ਹੁਣ ਆਪ ਸਿੱਖੇ। ਇਹ ਵੀ ਜ਼ਰੂਰੀ ਹੈ ਕਿ ਖ਼ੁਰਾਕ ਲੈਣ ਵਿਚ ਉਸ ਦੀ ਕੋਈ ਮਦਦ ਕਰੇ ਤੇ ਉਸ ਦੀਆਂ ਹੋਰ ਸਰੀਰਕ ਲੋੜਾਂ ਪੂਰੀਆਂ ਕਰੇ।
ਨਵਜੰਮੇ ਬੱਚੇ ਨੂੰ ਮਾਨਸਿਕ, ਭਾਵਾਤਮਕ ਅਤੇ ਰੂਹਾਨੀ ਤੌਰ ਤੇ ਵੀ ਵਧਣ-ਫੁੱਲਣ ਦੀ ਲੋੜ ਹੈ। ਇਸ ਦੇ ਲਈ ਉਨ੍ਹਾਂ ਨੂੰ ਕਿਸੇ ਦੀ ਮਦਦ ਦੀ ਲੋੜ ਹੈ। ਤਾਂ ਫਿਰ ਕੌਣ ਉਸ ਦੀ ਮਦਦ ਕਰ ਸਕਦਾ ਹੈ? ਬੱਚੇ ਲਈ ਮਾਪਿਆਂ ਨੂੰ ਕੀ-ਕੀ ਕਰਨ ਦੀ ਲੋੜ ਹੈ? ਇਹ ਲੋੜਾਂ ਉਹ ਕਿੱਦਾਂ ਪੂਰੀਆਂ ਕਰ ਸਕਦੇ ਹਨ? ਇਨ੍ਹਾਂ ਸਵਾਲਾਂ ਦੇ ਜਵਾਬ ਅਗਲੇ ਲੇਖਾਂ ਵਿਚ ਦਿੱਤੇ ਜਾਣਗੇ। (g03 12/22)