ਸਮੁੰਦਰੀ ਹਾਦਸੇ ਨੇ ਜ਼ਮੀਨ ਉੱਤੇ ਤਬਾਹੀ ਮਚਾਈ
ਸਮੁੰਦਰੀ ਹਾਦਸੇ ਨੇ ਜ਼ਮੀਨ ਉੱਤੇ ਤਬਾਹੀ ਮਚਾਈ
ਸਪੇਨ ਵਿਚ ਜਾਗਰੂਕ ਬਣੋ! ਦੇ ਲੇਖਕ ਦੁਆਰਾ
ਪਿਛਲੇ ਸਾਲ 13 ਨਵੰਬਰ ਨੂੰ ਪ੍ਰੈਸਟੀਜ ਨਾਂ ਦੇ ਤੇਲਵਾਹਕ ਜਹਾਜ਼ ਵਿੱਚੋਂ ਤੇਲ ਚੋਣ ਲੱਗ ਪਿਆ। ਜਹਾਜ਼ ਨੂੰ ਬਚਾਉਣ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਛੇ ਦਿਨਾਂ ਪਿੱਛੋਂ ਸਪੇਨ ਦੇ ਤਟ ਤੋਂ ਲਗਭਗ 130 ਮੀਲ ਦੂਰ, ਜਹਾਜ਼ ਦੇ ਦੋ ਹਿੱਸੇ ਹੋ ਗਏ ਅਤੇ ਡੁੱਬ ਗਿਆ। ਲਗਭਗ 20,000 ਟਨ ਤੇਲ ਲੀਕ ਹੋ ਗਿਆ। ਵਾਤਾਵਰਣ ਲਈ ਅਤੇ ਮਾਲੀ ਤੌਰ ਤੇ ਇਹ ਇਕ ਵੱਡੀ ਬਿਪਤਾ ਸਾਬਤ ਹੋਈ।
ਡੁੱਬੇ ਜਹਾਜ਼ ਵਿਚ ਹਾਲੇ ਵੀ ਕੁਝ 50,000 ਟਨ ਨਾਲੋਂ ਜ਼ਿਆਦਾ ਤੇਲ ਸੀ ਅਤੇ ਹਰ ਰੋਜ਼ 125 ਟਨ ਤੇਲ ਚੋਂਦਾ ਰਿਹਾ। ਪਾਣੀ ਵਿਚ ਤੇਲ ਦੀਆਂ ਨਵੀਆਂ ਤਹਿਆਂ ਬਣਦੀਆਂ ਰਹੀਆਂ ਅਤੇ ਸਪੇਨ ਦੇ ਤਟ ਵੱਲ ਹੌਲੀ-ਹੌਲੀ ਵਹਿੰਦੀਆਂ ਗਈਆਂ। ਜ਼ਹਿਰੀਲਾ ਅਤੇ ਗਾੜ੍ਹਾ ਹੋਣ ਕਰਕੇ ਤੇਲ ਨੇ ਵਾਤਾਵਰਣ ਦਾ ਖ਼ਾਸ ਕਰਕੇ ਨੁਕਸਾਨ ਕੀਤਾ।
ਤੇਲ ਦੀ ਜ਼ਹਿਰੀਲੀ ਬਦਬੂ ਨੇ ਕਈਆਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਜੋ ਸਮੁੰਦਰ ਦੇ ਕਿਨਾਰਿਆਂ ਦੀ ਸਫ਼ਾਈ ਕਰਨ ਵਿਚ ਜੁਟੇ ਹੋਏ ਸਨ। ਇਸ ਤੋਂ ਇਲਾਵਾ, ਤੇਲ ਲੁੱਕ ਬਣ ਕੇ ਚਿਊਇੰਗ-ਗਮ ਦੀ ਤਰ੍ਹਾਂ ਪੱਥਰਾਂ ਉੱਤੇ ਚਿਪਕ ਗਿਆ। ਮੀਸ਼ੈਲ ਗਿਰਿਨ, ਜੋ ਪਾਣੀ ਵਿਚ ਹੁੰਦੇ ਹਾਦਸਿਆਂ ਦੀ ਖੋਜ ਕਰਨ ਵਾਲੀ ਇਕ ਸੰਸਥਾ ਦਾ ਡਾਇਰੈਕਟਰ ਹੈ, ਨੇ ਕਿਹਾ: “ਤੇਲ ਦੁਆਰਾ ਆਈ ਇਹ ਇਤਿਹਾਸ ਦੀ ਇਕ ਸਭ ਤੋਂ ਵੱਡੀ ਬਿਪਤਾ ਹੈ।”—(Centre of Documentation, Research and Experimentation on Accidental Water Pollution)
ਦਲੇਰ ਕੋਸ਼ਿਸ਼ਾਂ
ਕਈ ਹਫ਼ਤਿਆਂ ਤਕ ਸੈਂਕੜੇ ਮਛਿਆਰਿਆਂ ਨੇ ਆਪਣੇ ਜਹਾਜ਼ਾਂ ਵਿਚ ਜਾ ਕੇ ਪਾਣੀ ਦੀ ਸਫ਼ਾਈ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਤੇਲ ਉਨ੍ਹਾਂ ਦੇ ਕੰਮ-ਧੰਦੇ ਦਾ ਨੁਕਸਾਨ ਕਰ ਰਿਹਾ ਸੀ। ਇਹ ਮੱਛੀਆਂ ਫੜਨ ਲਈ ਦੁਨੀਆਂ ਦਾ ਇਕ ਸਭ ਤੋਂ ਵੱਡਾ ਮੱਛੀ ਉਤਪਾਦਕ ਇਲਾਕਾ ਹੈ। ਇਸ ਲਈ ਮਛਿਆਰਿਆਂ ਨੇ ਬੜੀ ਮਿਹਨਤ ਨਾਲ ਤੇਲ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਤਾਂਕਿ ਤੇਲ ਕਿਨਾਰਿਆਂ ਤਕ ਨਾ ਪਹੁੰਚੇ ਅਤੇ ਉਸ ਇਲਾਕੇ ਦਾ ਜ਼ਿਆਦਾ ਨੁਕਸਾਨ ਨਾ ਕਰੇ। ਕਈਆਂ ਨੇ ਆਪਣੇ ਹੱਥਾਂ ਨਾਲ ਪਾਣੀ ਵਿੱਚੋਂ ਕੱਚੇ ਤੇਲ ਦੇ ਡਲ਼ੇ ਚੁੱਕੇ। ਐਨਟੋਨਿਓ ਨਾਂ ਦੇ ਇਕ ਮਛਿਆਰੇ ਨੇ ਕਿਹਾ: “ਤੇਲ ਇਕੱਠਾ ਕਰਨ ਵਿਚ ਮਿਹਨਤ ਕਰ-ਕਰ ਕੇ ਸਾਡੇ ਲੱਕ ਟੁੱਟ ਗਏ, ਪਰ ਸਾਡੇ ਵਿੱਚੋਂ ਜਿਨ੍ਹਾਂ ਦੇ ਛੋਟੇ ਜਹਾਜ਼ ਸਨ ਉਨ੍ਹਾਂ ਕੋਲ ਹੋਰ ਕੋਈ ਚਾਰਾ ਵੀ ਨਹੀਂ ਸੀ।”
ਜਦੋਂ ਮਛਿਆਰੇ ਸਮੁੰਦਰ ਦੇ ਪਾਣੀ ਦੀ ਸਫ਼ਾਈ ਕਰ ਰਹੇ ਸਨ, ਤਾਂ ਸਪੇਨ ਦੇ ਕਈ ਥਾਵਾਂ ਤੋਂ ਲੱਖਾਂ ਹੀ ਲੋਕ ਸਮੁੰਦਰੀ ਕਿਨਾਰਿਆਂ ਨੂੰ ਸਾਫ਼ ਕਰਨ ਵਿਚ ਉਨ੍ਹਾਂ ਦਾ ਹੱਥ ਵਟਾਉਣ ਆਏ। ਇੱਦਾਂ ਲੱਗਦਾ ਸੀ ਜਿਵੇਂ
ਉਹ ਬਾਇਓਲਾਜੀਕਲ ਲੜਾਈ ਲੜ ਰਹੇ ਹੋਣ ਕਿਉਂਕਿ ਉਨ੍ਹਾਂ ਨੇ ਸਫ਼ੈਦ ਕੱਪੜੇ ਅਤੇ ਮਾਸਕ ਪਹਿਨੇ ਹੋਏ ਸਨ। ਪਰ ਉਨ੍ਹਾਂ ਦਾ ਕੰਮ ਸੀ ਬੜੀ ਮੁਸ਼ਕਲ ਨਾਲ ਤੇਲ ਨੂੰ ਬਾਲਟੀਆਂ ਵਿਚ ਇਕੱਠਾ ਕਰ ਕੇ ਉੱਥੋਂ ਹਟਾਉਣਾ। ਮਛਿਆਰਿਆਂ ਦੀ ਤਰ੍ਹਾਂ ਕਈਆਂ ਨੇ ਤੇਲ ਸਾਫ਼ ਕਰਨ ਲਈ ਨੰਗੇ ਹੱਥੀਂ ਕੰਮ ਕੀਤਾ।ਵੱਡਾ ਨੁਕਸਾਨ
ਰਫਾਏਲ ਮੁਸੋ ਗਲਿਸ਼ਾ ਵਿਚ ਕੋਰਕੂਬੀਓਨ ਦਾ ਮੇਅਰ ਹੈ ਯਾਨੀ ਉਹ ਇਲਾਕਾ ਜਿੱਥੋਂ ਦੇ ਸਮੁੰਦਰੀ ਕਿਨਾਰੇ ਦੀ ਤੇਲ ਨਾਲ ਤਬਾਹੀ ਹੋਈ ਸੀ। ਉਸ ਨੇ ਕਿਹਾ: “ਜਦੋਂ ਮੈਂ ਮੂਕੀਆ ਨਗਰ ਦੀ ਬੰਦਰਗਾਹ ਨਾਲ ਤੇਲ ਦੀਆਂ ਕਾਲੀਆਂ ਲਹਿਰਾਂ ਟਕਰਾਉਂਦੀਆਂ ਦੇਖੀਆਂ, ਤਾਂ ਮੈਨੂੰ ਬਹੁਤ ਹੀ ਦੁੱਖ ਹੋਇਆ। ਇਸ ਹਾਦਸੇ ਕਾਰਨ ਸਾਡੇ ਨਗਰ ਦੇ ਲੋਕਾਂ ਦੇ ਕੰਮ-ਧੰਦੇ ਦਾ ਬੜਾ ਨੁਕਸਾਨ ਹੋਇਆ ਹੈ।”
ਅਫ਼ਸੋਸ ਦੀ ਗੱਲ ਹੈ ਕਿ ਤੇਲ ਦੀਆਂ ਤਹਿਆਂ ਦਾ ਸਪੇਨ ਦੇ ਕੁਝ ਖੂਬਸੂਰਤ ਟਾਪੂਆਂ (Atlantic Islands) ਉੱਤੇ ਕਾਫ਼ੀ ਵੱਡਾ ਅਸਰ ਪਿਆ। ਗਲਿਸ਼ਾ ਦੇ ਤਟ ਦੇ ਨੇੜੇ ਇਨ੍ਹਾਂ ਪੰਜ ਟਾਪੂਆਂ ਨੂੰ ਨੈਸ਼ਨਲ ਪਾਰਕ ਵਜੋਂ ਪ੍ਰਸਿੱਧੀ ਮਿਲੀ ਹੋਈ ਸੀ। ਇਨ੍ਹਾਂ ਵਿਚ ਸਮੁੰਦਰੀ ਪੰਛੀਆਂ ਦੇ ਵੱਡੇ-ਵੱਡੇ ਆਲ੍ਹਣੇ ਸਨ ਅਤੇ ਆਲੇ-ਦੁਆਲੇ ਦੇ ਪਾਣੀਆਂ ਵਿਚ ਬਹੁਤ ਸਾਰੇ ਸਮੁੰਦਰੀ ਜੀਵ-ਜੰਤੂ ਵੀ ਮੌਜੂਦ ਸਨ।
ਦਸੰਬਰ ਦੇ ਸ਼ੁਰੂ ਤਕ ਪਾਰਕ ਦਾ 95 ਪ੍ਰਤਿਸ਼ਤ ਕਿਨਾਰਾ ਤੇਲ ਨਾਲ ਮਲੀਨ ਹੋ ਚੁੱਕਾ ਸੀ। ਪੰਛੀ-ਵਿਗਿਆਨੀਆਂ ਦੇ ਅੰਦਾਜ਼ੇ ਅਨੁਸਾਰ ਲਗਭਗ 1,00,000 ਪੰਛੀਆਂ ਉੱਤੇ ਅਸਰ ਪਵੇਗਾ। ਇਹ ਵੀ ਦੇਖਿਆ ਗਿਆ ਸੀ ਕਿ ਪਾਣੀ ਹੇਠ ਸਮੁੰਦਰ ਦੇ ਤਲ ਉੱਤੇ ਤੇਲ ਦੇ ਵੱਡੇ-ਵੱਡੇ ਡਲ਼ੇ ਸਨ ਜੋ ਸਮੁੰਦਰੀ ਵਾਤਾਵਰਣ ਦਾ ਨੁਕਸਾਨ ਕਰ ਰਹੇ ਸਨ।
ਜੇਈ ਹੋਲਕੰਮ, ਜਿਸ ਨੇ ਪੰਛੀਆਂ ਨੂੰ ਬਚਾਉਣ ਦਾ ਬੰਦੋਬਸਤ ਕੀਤਾ, ਨੇ ਕਿਹਾ: “ਇਸ ਸਥਿਤੀ ਵਿਚ ਆਮ ਤੌਰ ਤੇ ਪੰਛੀ ਡੁੱਬਣ ਜਾਂ ਠੰਢ ਕਰਕੇ ਮਰ ਜਾਂਦੇ ਹਨ। ਤੇਲ ਉਨ੍ਹਾਂ ਦੇ ਖੰਭਾਂ ਉੱਤੇ ਜੰਮ ਜਾਂਦਾ ਹੈ ਜਿਸ ਕਰਕੇ ਉਨ੍ਹਾਂ ਦੇ ਖੰਭ ਨਾ ਪਾਣੀ ਨੂੰ ਰੋਕ ਸਕਦੇ ਅਤੇ ਨਾ ਹੀ ਉਨ੍ਹਾਂ ਨੂੰ ਗਰਮ ਰੱਖ ਸਕਦੇ ਹਨ। ਇਸ ਤੋਂ ਇਲਾਵਾ, ਤੇਲ ਦੇ ਭਾਰ ਕਰਕੇ ਉਹ ਪਾਣੀ ਵਿਚ ਡੁੱਬ ਜਾਂਦੇ ਹਨ ਜਿੱਦਾਂ ਗਿੱਲੇ ਕੱਪੜੇ ਕਿਸੇ ਤੈਰਾਕ ਨੂੰ ਪਾਣੀ ਹੇਠਾਂ ਖਿੱਚ ਲੈਂਦੇ ਹਨ। . . . ਭਾਵੇਂ ਕਿ ਅਸੀਂ ਸਿਰਫ਼ ਕੁਝ ਹੀ ਪੰਛੀਆਂ ਨੂੰ ਬਚਾ ਸਕੇ, ਪਰ ਇਸ ਨਾਲ ਸਾਨੂੰ ਬਹੁਤ ਤਸੱਲੀ ਮਿਲੀ।”
“ਇਹ ਹਾਦਸਾ ਹੋ ਕੇ ਹੀ ਰਹਿਣਾ ਸੀ”
ਦੁਨੀਆਂ ਊਰਜਾ ਵਾਸਤੇ ਤੇਲ ਉੱਤੇ ਨਿਰਭਰ ਕਰਦੀ ਹੈ, ਪਰ ਤੇਲ ਢੋਣ ਦਾ ਖ਼ਰਚਾ ਘਟਾਉਣ ਲਈ ਤੇਲ ਨੂੰ ਅਕਸਰ ਪੁਰਾਣੇ ਜਹਾਜ਼ਾਂ ਵਿਚ ਲਿਜਾਇਆ ਜਾਂਦਾ ਹੈ ਜਿਨ੍ਹਾਂ ਦੀ ਚੰਗੀ ਤਰ੍ਹਾਂ ਦੇਖ-ਭਾਲ ਨਹੀਂ ਕੀਤੀ ਹੁੰਦੀ। ਇਸ ਕਰਕੇ ਨਿਊਯਾਰਕ ਟਾਈਮਜ਼ ਅਖ਼ਬਾਰ ਨੇ ਕਿਹਾ ਕਿ “ਕਿਸੇ-ਨ-ਕਿਸੇ ਸਮੇਂ ਇਹ ਹਾਦਸਾ ਹੋ ਕੇ ਹੀ ਰਹਿਣਾ ਸੀ।”
ਪਿਛਲੇ 26 ਸਾਲਾਂ ਦੌਰਾਨ ਪ੍ਰੈਸਟੀਜ ਤੀਜਾ ਜਹਾਜ਼ ਹੈ ਜੋ ਗਲਿਸ਼ਾ ਦੇ ਤਟ ਲਾਗੇ ਡੁੱਬਿਆ ਹੈ। ਲਗਭਗ ਦਸ ਸਾਲ ਪਹਿਲਾਂ ਏਜੀਅਨ ਸੀ ਨਾਂ ਦਾ ਜਹਾਜ਼ ਉੱਤਰੀ ਗਲਿਸ਼ਾ ਵਿਚ ਲਾ ਕਾਰੁਨੀਆ ਸੂਬੇ ਦੇ ਨੇੜੇ ਡੁੱਬਿਆ। ਉਸ ਵਿੱਚੋਂ 40,000 ਟਨ ਕੱਚਾ ਤੇਲ ਡੁੱਲਿਆ ਅਤੇ ਅਜੇ ਤਕ ਵੀ ਸਮੁੰਦਰੀ ਕਿਨਾਰਿਆਂ ਦੇ ਕੁਝ ਹਿੱਸੇ ਪੂਰੀ ਤਰ੍ਹਾਂ ਸਾਫ਼ ਨਹੀਂ ਹਨ। ਇਸ ਤੋਂ ਪਹਿਲਾਂ 1976 ਵਿਚ ਉਰਕੀਓਲਾ ਨਾਂ ਦਾ ਜਹਾਜ਼ ਵੀ ਉਸੇ ਥਾਂ ਡੁੱਬਿਆ ਜਿਸ ਦੇ ਨਤੀਜੇ ਵਜੋਂ ਸਮੁੰਦਰ ਵਿਚ ਫੈਲੇ 1,00,000 ਟਨ ਤੇਲ ਨੇ ਕਾਫ਼ੀ ਨੁਕਸਾਨ ਕੀਤਾ।
ਪ੍ਰੈਸਟੀਜ ਦੇ ਹਾਦਸੇ ਕਰਕੇ ਯੂਰਪੀ ਸੰਘ ਨੇ ਫ਼ੈਸਲਾ ਕੀਤਾ ਹੈ ਕਿ ਤੇਲ ਢੋਣ ਵਾਲੇ ਉਨ੍ਹਾਂ ਸਾਰਿਆਂ ਜਹਾਜ਼ਾਂ ਤੇ ਪਾਬੰਦੀ ਲਗਾਈ ਜਾਵੇ ਜਿਨ੍ਹਾਂ ਦੇ ਦੋਹਰੀ ਤਹਿ ਵਾਲੇ ਢਾਂਚੇ (double hull) ਨਹੀਂ ਹਨ। ਪਰ ਸਮੇਂ ਦੇ ਬੀਤਣ ਨਾਲ ਹੀ ਪਤਾ ਲੱਗੇਗਾ ਕਿ ਇਹ ਕਦਮ ਚੁੱਕਣ ਨਾਲ ਯੂਰਪੀ ਦੇਸ਼ਾਂ ਦੇ ਤਟਾਂ ਦੀ ਕਿੰਨੀ ਕੁ ਰੱਖਿਆ ਹੋਵੇਗੀ।
ਇਹ ਗੱਲ ਜ਼ਾਹਰ ਹੈ ਕਿ ਦੁਨੀਆਂ ਦੀਆਂ ਸਰਕਾਰਾਂ ਮਲੀਨਤਾ ਨੂੰ ਖ਼ਤਮ ਨਹੀਂ ਕਰ ਸਕਦੀਆਂ, ਚਾਹੇ ਇਹ ਤੇਲ ਦੇ ਹਾਦਸਿਆਂ ਕਰਕੇ, ਜ਼ਹਿਰੀਲੇ ਪਦਾਰਥਾਂ ਕਰਕੇ ਜਾਂ ਵਾਤਾਵਰਣ ਦੇ ਪ੍ਰਦੂਸ਼ਣ ਕਰਕੇ ਪੈਦਾ ਹੁੰਦੀ ਹੈ। ਪਰ, ਮਸੀਹੀ ਉਸ ਸਮੇਂ ਦੀ ਉਡੀਕ ਵਿਚ ਹਨ ਜਦੋਂ ਪਰਮੇਸ਼ੁਰ ਦੀ ਸਰਕਾਰ ਇਸ ਧਰਤੀ ਨੂੰ ਫਿਰਦੌਸ ਵਿਚ ਬਦਲੇਗੀ ਯਾਨੀ ਇਕ ਸਾਫ਼ ਤੇ ਸੁੰਦਰ ਧਰਤੀ ਜਿਸ ਦਾ ਕਦੀ ਵੀ ਨੁਕਸਾਨ ਨਹੀਂ ਕੀਤਾ ਜਾਵੇਗਾ।—ਯਸਾਯਾਹ 11:1, 9; ਪਰਕਾਸ਼ ਦੀ ਪੋਥੀ 11:18. (g03 8/22)
[ਸਫ਼ੇ 26, 27 ਉੱਤੇ ਤਸਵੀਰ]
ਪ੍ਰੈਸਟੀਜ ਦੇ ਨਾਲ-ਨਾਲ 50,000 ਟਨ ਤੇਲ ਵੀ ਡੁੱਬ ਗਿਆ
[ਕ੍ਰੈਡਿਟ ਲਾਈਨ]
AFP PHOTO/DOUANE FRANCAISE