Skip to content

Skip to table of contents

ਆਪਣੇ ਨਿਆਣਿਆਂ ਨੂੰ ਪੜ੍ਹ ਕੇ ਸੁਣਾਉਣ ਦੇ ਫ਼ਾਇਦੇ

ਆਪਣੇ ਨਿਆਣਿਆਂ ਨੂੰ ਪੜ੍ਹ ਕੇ ਸੁਣਾਉਣ ਦੇ ਫ਼ਾਇਦੇ

ਆਪਣੇ ਨਿਆਣਿਆਂ ਨੂੰ ਪੜ੍ਹ ਕੇ ਸੁਣਾਉਣ ਦੇ ਫ਼ਾਇਦੇ

“ਉਹ ਆਪਣੀ ਘਸੀ ਹੋਈ, . . . ਚਾਕਲੇਟ ਨਾਲ ਲਿੱਬੜੀ ਹੋਈ ਪੁਸਤਕ ਲੈ ਕੇ ਮੇਰੇ ਕੋਲ ਆਈ ਅਤੇ ਮਲਕ ਦੇਣੀ ਮੇਰੀ ਗੋਦੀ ਵਿਚ ਬੈਠ ਗਈ। ਉਹ ਕਹਿ ਰਹੀ ਸੀ ਕਿ ‘ਡੈਡੀ ਜੀ ਮੈਨੂੰ ਕੁਝ ਪੜ੍ਹ ਕੇ ਸੁਣਾਓ।’”​—ਡਾ. ਕਲਿਫ਼ਰਡ ਸ਼ਿਮਲਜ਼, ਪ੍ਰੋਫ਼ੈਸਰ ਆਫ਼ ਏੱਡਯੁਕੇਸ਼ਨ।

ਨਿਆਣੇ ਬਹੁਤ ਹੀ ਜਲਦੀ ਸਿੱਖਿਆ ਪ੍ਰਾਪਤ ਕਰਦੇ ਹਨ! ਰਿਸਰਚ ਤੋਂ ਪਤਾ ਚੱਲਦਾ ਹੈ ਕਿ ਤਿੰਨ ਸਾਲ ਤੋਂ ਛੋਟੇ ਨਿਆਣਿਆਂ ਦੇ ਦਿਮਾਗ਼ ਬੜੀ ਤੇਜ਼ੀ ਨਾਲ ਵਧਦੇ ਹਨ। ਜੇ ਮਾਪੇ ਆਪਣੇ ਨਿਆਣਿਆਂ ਨਾਲ ਪੜ੍ਹਨ, ਗੀਤ ਗਾਉਣ, ਲਾਡ-ਪਿਆਰ ਕਰਨ, ਤਾਂ ਇਹ ਉਨ੍ਹਾਂ ਦੇ ਵਧਣ-ਫੁੱਲਣ ਉੱਤੇ ਕਾਫ਼ੀ ਅਸਰ ਪਾ ਸਕਦਾ ਹੈ। ਪਰ ਇਕ ਰਿਸਰਚ ਰਿਪੋਰਟ ਅਨੁਸਾਰ ਉਨ੍ਹਾਂ ਮਾਪਿਆਂ ਵਿੱਚੋਂ ਜਿਨ੍ਹਾਂ ਦੇ ਬੱਚੇ ਦੋ ਤੋਂ ਅੱਠ ਸਾਲਾਂ ਦੇ ਦਰਮਿਆਨ ਹਨ, ਸਿਰਫ਼ ਅੱਧੇ ਹੀ ਆਪਣੇ ਨਿਆਣਿਆਂ ਨਾਲ ਬੈਠ ਕੇ ਪੜ੍ਹਦੇ ਹਨ। ਤੁਸੀਂ ਸ਼ਾਇਦ ਇਹ ਪੁੱਛ ਸਕਦੇ ਹੋ ਕਿ ‘ਕੀ ਆਪਣੇ ਬੱਚਿਆਂ ਨੂੰ ਪੜ੍ਹ ਕੇ ਸੁਣਾਉਣ ਦਾ ਕੋਈ ਫ਼ਾਇਦਾ ਹੈ?’

ਪੜ੍ਹਨ ਲਈ ਪ੍ਰੇਮ ਪੈਦਾ ਕਰਨਾ

ਤਜਰਬੇਕਾਰ ਬੰਦਿਆਂ ਅਨੁਸਾਰ ਇਸ ਦਾ ਜ਼ਰੂਰ ਫ਼ਾਇਦਾ ਹੈ। ‘ਜੇ ਮਾਪੇ ਚਾਹੁੰਦੇ ਹਨ ਕਿ ਉਨ੍ਹਾਂ ਦੇ ਨਿਆਣੇ ਚੰਗੀ ਤਰ੍ਹਾਂ ਪੜ੍ਹ ਸਕਣ ਤਾਂ ਇਹ ਜ਼ਰੂਰੀ ਹੈ ਕਿ ਉਹ ਉਨ੍ਹਾਂ ਨਾਲ ਬੈਠ ਕੇ ਉੱਚੀ ਆਵਾਜ਼ ਵਿਚ ਪੜ੍ਹਿਆ ਕਰਨ। ਇਹ ਖ਼ਾਸ ਕਰਕੇ ਜ਼ਰੂਰੀ ਹੈ ਕਿ ਇਹ ਉਨ੍ਹਾਂ ਨੂੰ ਸਕੂਲ ਜਾਣ ਤੋਂ ਪਹਿਲਾਂ ਹੀ ਸ਼ੁਰੂ ਕਰ ਦੇਣਾ ਚਾਹੀਦਾ ਹੈ,’ ਪੜ੍ਹ ਸਕਣ ਵਾਲੀ ਕੌਮ ਬਣੋ ਨਾਮਕ ਇਕ ਰਿਪੋਰਟ ਦੱਸਦੀ ਹੈ।

ਕਿਤਾਬਾਂ ਵਿੱਚੋਂ ਪੜ੍ਹੀਆਂ ਜਾਂਦੀਆਂ ਕਹਾਣੀਆਂ ਸੁਣਦੇ ਸਮੇਂ ਬੱਚੇ ਛੋਟੀ ਉਮਰ ਤੇ ਇਹ ਪਛਾਣ ਲੈਂਦੇ ਹਨ ਕਿ ਪੜ੍ਹੇ ਗਏ ਸ਼ਬਦ ਬੋਲੇ ਗਏ ਸ਼ਬਦਾਂ ਨਾਲ ਮਿਲਦੇ-ਜੁਲਦੇ ਹਨ। ਉਹ ਕਿਤਾਬਾਂ ਵਿਚ ਪਾਈ ਜਾਂਦੀ ਭਾਸ਼ਾ ਵੀ ਸਿੱਖਦੇ ਹਨ। ਉੱਚੀ ਆਵਾਜ਼ ਵਿਚ ਪੜ੍ਹਨ ਬਾਰੇ ਇਕ ਪੁਸਤਕ ਇਹ ਕਹਿੰਦੀ ਹੈ ਕਿ ‘ਜਦੋਂ ਵੀ ਅਸੀਂ ਬੱਚਿਆਂ ਨੂੰ ਕੁਝ ਪੜ੍ਹ ਕੇ ਸੁਣਾਉਂਦੇ ਹਾਂ, ਅਸੀਂ ਉਨ੍ਹਾਂ ਨੂੰ ਇਹ ਸਿਖਾਉਂਦੇ ਹਾਂ ਕਿ ਪੜ੍ਹਨ ਤੋਂ ਆਨੰਦ ਮਿਲਦਾ ਹੈ। ਅਸੀਂ ਉਨ੍ਹਾਂ ਦੇ ਦਿਮਾਗ਼ਾਂ ਵਿਚ ਇਹ ਗੱਲ ਭਰਦੇ ਹਾਂ ਕਿ ਕਿਤਾਬਾਂ ਅਤੇ ਖ਼ੁਸ਼ੀ ਵਿਚ ਸੰਬੰਧ ਹੈ।’ ਉਹ ਮਾਪੇ ਜੋ ਆਪਣੇ ਬੱਚਿਆਂ ਵਿਚ ਕਿਤਾਬਾਂ ਲਈ ਐਸਾ ਪ੍ਰੇਮ ਪੈਦਾ ਕਰਦੇ ਹਨ ਉਨ੍ਹਾਂ ਨੂੰ ਜੀਵਨ ਭਰ ਦਾ ਤੋਹਫ਼ਾ ਦਿੰਦੇ ਹਨ।

ਆਪਣੀ ਦੁਨੀਆਂ ਨੂੰ ਸਮਝਣ ਵਿਚ ਉਨ੍ਹਾਂ ਦੀ ਮਦਦ ਕਰੋ

ਆਪਣੇ ਬੱਚਿਆਂ ਨੂੰ ਕਹਾਣੀਆਂ ਪੜ੍ਹ ਕੇ ਸੁਣਾਉਣ ਵਾਲੇ ਮਾਪੇ ਉਨ੍ਹਾਂ ਨੂੰ ਇਕ ਕੀਮਤੀ ਤੋਹਫ਼ਾ ਦਿੰਦੇ ਹਨ, ਅਰਥਾਤ, ਲੋਕਾਂ, ਥਾਵਾਂ, ਅਤੇ ਦੂਸਰੀਆਂ ਚੀਜ਼ਾਂ ਬਾਰੇ ਗਿਆਨ। ਕਿਤਾਬਾਂ ਦਿਆਂ ਸਫ਼ਿਆਂ ਦੁਆਰਾ ਉਹ ਦੁਨੀਆਂ ਦਾ ਸਸਤਾ “ਸੈਰ-ਸਪਾਟਾ” ਕਰ ਸਕਦੇ ਹਨ। ਦੋ-ਸਾਲਾ ਐਂਥਨੀ ਬਾਰੇ ਜ਼ਰਾ ਗੌਰ ਕਰੋ ਜਿਸ ਦੀ ਮਾਂ ਨੇ ਉਸ ਨੂੰ ਜਨਮ ਤੋਂ ਹੀ ਪੜ੍ਹ ਕੇ ਕਹਾਣੀਆਂ ਸੁਣਾਈਆਂ। ਉਸ ਨੇ ਦੱਸਿਆ ਕਿ “ਜਦੋਂ ਅਸੀਂ ਪਹਿਲੀ ਵਾਰ ਉਸ ਨੂੰ ਜਾਨਵਰ-ਘਰ ਲੈ ਕੇ ਗਏ ਇਹ ਉਸ ਲਈ ਕੋਈ ਨਵੀਂ ਗੱਲ ਨਹੀਂ ਸੀ।” ਨਵੀਂ ਗੱਲ ਨਹੀਂ ਸੀ? ਇਹ ਸੱਚ ਸੀ ਕਿਉਂਕਿ ਉਹ ਪਹਿਲਾਂ ਹੀ ਪੁਸਤਕਾਂ ਰਾਹੀਂ ਜ਼ੈਬਰਾ, ਸ਼ੇਰ, ਜਰਾਫ ਵਰਗੇ ਜਾਨਵਰ ਦੇਖ ਚੁੱਕਾ ਸੀ। ਹੁਣ ਉਹ ਉਨ੍ਹਾਂ ਨੂੰ ਜੀਉਂਦੇ-ਜਾਗਦੇ ਦੇਖ ਰਿਹਾ ਸੀ।

ਉਹ ਦੀ ਮਾਂ ਨੇ ਅੱਗੇ ਦੱਸਿਆ ਕਿ “ਪੁਸਤਕਾਂ ਦੇ ਰਾਹੀਂ ਆਪਣੇ ਜੀਵਨ ਦੇ ਪਹਿਲੇ ਦੋ ਸਾਲਾਂ ਦੌਰਾਨ ਐਂਥਨੀ ਅਨੇਕ ਲੋਕਾਂ ਅਤੇ ਪਸ਼ੂਆਂ ਨੂੰ ਮਿਲਿਆ ਅਤੇ ਉਸ ਨੂੰ ਕਈ ਚੀਜ਼ਾਂ ਅਤੇ ਖ਼ਿਆਲਾਂ ਬਾਰੇ ਪਤਾ ਲੱਗ ਗਿਆ।” ਇਹ ਸੱਚ ਹੈ ਕਿ ਜੇ ਤੁਸੀਂ ਛੋਟੇ ਨਿਆਣਿਆਂ ਲਈ ਉੱਚੀ ਆਵਾਜ਼ ਵਿਚ ਪੜ੍ਹੋਗੇ ਤਾਂ ਉਹ ਆਪਣੀ ਆਸ-ਪਾਸ ਦੀ ਦੁਨੀਆਂ ਬਾਰੇ ਕਾਫ਼ੀ ਸਮਝ ਸਕਦੇ ਹਨ।

ਗੂੜ੍ਹੇ ਰਿਸ਼ਤੇ ਸਥਾਪਿਤ ਕਰਨੇ

ਛੋਟੀ ਉਮਰ ਵਿਚ ਹੀ ਨਿਆਣੇ ਅਜਿਹੇ ਰਵੱਈਏ ਪੈਦਾ ਕਰ ਲੈਂਦੇ ਹਨ ਜੋ ਆਉਣ ਵਾਲੇ ਸਮੇਂ ਵਿਚ ਉਨ੍ਹਾਂ ਦੇ ਜੀਵਨ ਉੱਤੇ ਕਾਫ਼ੀ ਅਸਰ ਪਾਉਂਦੇ ਹਨ। ਇਸ ਕਰਕੇ ਸ਼ੁਰੂ ਵਿਚ ਹੀ ਮਾਪਿਆਂ ਨੂੰ ਬੱਚਿਆਂ ਨਾਲ ਅਜਿਹਾ ਰਿਸ਼ਤਾ ਜੋੜਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿਸ ਵਿਚ ਆਪਸੀ ਭਰੋਸਾ, ਇੱਜ਼ਤ, ਅਤੇ ਸਮਝਦਾਰੀ ਹੋਵੇ। ਅਜਿਹਾ ਮਾਹੌਲ ਪੈਦਾ ਕਰਨ ਵਿਚ ਮਾਪਿਆਂ ਲਈ ਬਹੁਤ ਜ਼ਰੂਰੀ ਹੈ ਕਿ ਉਹ ਆਪਣੇ ਬੱਚਿਆਂ ਲਈ ਉੱਚੀ ਆਵਾਜ਼ ਵਿਚ ਪੜ੍ਹਨ।

ਜਦੋਂ ਮਾਪੇ ਆਪਣੇ ਬੱਚਿਆਂ ਨੂੰ ਆਪਣੀਆਂ ਬਾਂਹਾਂ ਵਿਚ ਲੈ ਕੇ ਉਨ੍ਹਾਂ ਨੂੰ ਕਹਾਣੀਆਂ ਪੜ੍ਹਦੇ ਹਨ ਤਾਂ ਉਹ ਸਾਫ਼-ਸਾਫ਼ ਕਹਿ ਰਹੇ ਹੁੰਦੇ ਹਨ ਕਿ “ਤੂੰ ਮੈਨੂੰ ਬਹੁਤ ਲਾਡਲਾ ਹੈਂ।” ਕੈਨੇਡਾ ਵਿਚ ਰਹਿੰਦੀ ਫੀਭੀ ਨਾਂ ਦੀ ਇਕ ਮਾਂ ਨੇ ਆਪਣੇ ਅੱਠ ਸਾਲ ਦੇ ਮੁੰਡੇ ਨੂੰ ਉੱਚੀ ਆਵਾਜ਼ ਵਿਚ ਪੜ੍ਹ ਕੇ ਸੁਣਾਉਣ ਦੇ ਫ਼ਾਇਦਿਆਂ ਬਾਰੇ ਦੱਸਿਆ: “ਮੇਰੇ ਪਤੀ ਦੇ ਅਤੇ ਮੇਰੇ ਖ਼ਿਆਲ ਵਿਚ ਇਸੇ ਕਾਰਨ ਹੀ ਨੇਥਨ ਸਾਡੇ ਨਾਲ ਇੰਨਾ ਪਿਆਰ ਕਰਦਾ ਹੈ। ਉਹ ਸਾਡੇ ਨਾਲ ਹਰੇਕ ਗੱਲ ਕਰ ਲੈਂਦਾ ਹੈ ਅਤੇ ਸਾਨੂੰ ਅਕਸਰ ਦੱਸ ਦਿੰਦਾ ਹੈ ਕਿ ਉਹ ਕਿਵੇਂ ਮਹਿਸੂਸ ਕਰਦਾ ਹੈ। ਇਸੇ ਕਰਕੇ ਸਾਡੇ ਆਪਸ ਵਿਚ ਬਹੁਤ ਗਹਿਰਾ ਰਿਸ਼ਤਾ ਹੈ।”

ਸਿੰਡੀ ਨੇ ਆਪਣੀ ਕੁੜੀ ਨੂੰ ਇਕ ਕੁ ਸਾਲ ਦੀ ਉਮਰ ਤੋਂ ਹੀ ਉੱਚੀ ਆਵਾਜ਼ ਵਿਚ ਪੜ੍ਹ ਕੇ ਸੁਣਾਉਣ ਦੀ ਆਦਤ ਪਾਈ, ਮਤਲਬ ਜਦੋਂ ਤੋਂ ਉਹ ਇਕ-ਦੋ ਮਿੰਟਾਂ ਲਈ ਹੀ ਧਿਆਨ ਲਾ ਸਕਦੀ ਸੀ। ਕੀ ਉਸ ਨੇ ਇਸ ਮਿਹਨਤ ਦਾ ਕੋਈ ਫ਼ਾਇਦਾ ਦੇਖਿਆ? ਸਿੰਡੀ ਨੇ ਦੱਸਿਆ ਕਿ “ਇਕੱਠੇ ਬੈਠ ਕੇ ਪੜ੍ਹਨ ਵਾਲੇ ਸ਼ਾਂਤ ਮਾਹੌਲ ਦੇ ਕਾਰਨ, ਐਬੀਗੇਲ ਸਾਡੇ ਨਾਲ ਗੱਲਾਂ ਕਰਨ ਤੋਂ ਅਤੇ ਸਕੂਲ ਵਿਚ ਕਿਸੇ ਸਹੇਲੀ ਨਾਲ ਝਗੜੇ ਬਾਰੇ ਗੱਲ ਕਰਨ ਤੋਂ ਨਹੀਂ ਝਿਜਕਦੀ। ਕਿਹੜਾ ਮਾਪਾ ਇਹ ਨਹੀਂ ਚਾਹੁੰਦਾ ਕਿ ਉਸ ਦਾ ਬੱਚਾ ਦਿਲ ਖੋਲ੍ਹ ਕੇ ਉਸ ਨਾਲ ਗੱਲ ਕਰੇ?” ਇਹ ਗੱਲ ਸੱਚ ਹੈ ਕਿ ਇਕੱਠੇ ਬੈਠ ਕੇ ਪੜ੍ਹਨ ਨਾਲ ਮਾਪਿਆਂ ਅਤੇ ਬੱਚਿਆਂ ਵਿਚ ਗੂੜ੍ਹਾ ਰਿਸ਼ਤਾ ਕਾਇਮ ਹੁੰਦਾ ਹੈ।

ਬੱਚਿਆਂ ਵਿਚ ਚੰਗੀਆਂ ਆਦਤਾਂ ਪੈਦਾ ਕਰਨੀਆਂ

ਮਜ਼ਬੂਤ ਪਰਿਵਾਰ ਬਣਾਉਣ ਲਈ ਤਿੰਨ ਕਦਮ ਨਾਂ ਦੀ ਇਕ ਅੰਗ੍ਰੇਜ਼ੀ ਪੁਸਤਕ ਅਨੁਸਾਰ ‘ਸਾਡੇ ਨਿਆਣੇ ਅੱਜ-ਕੱਲ੍ਹ ਟੈਲੀਵਿਯਨ ਵਗੈਰਾ ਤੋਂ ਇੰਨੀਆਂ ਨਿਕੰਮੀਆਂ ਗੱਲਾਂ ਸਿੱਖਦੇ ਹਨ ਕਿ ਨਾ ਉਨ੍ਹਾਂ ਦੀਆਂ ਕੋਈ ਕਦਰਾਂ-ਕੀਮਤਾਂ ਰਹਿੰਦੀਆਂ ਹਨ ਅਤੇ ਨਾ ਹੀ ਉਹ ਜ਼ਿੰਦਗੀ ਨੂੰ ਸਹੀ ਨਜ਼ਰੀਏ ਤੋਂ ਦੇਖਦੇ ਹਨ। ਉਨ੍ਹਾਂ ਨੂੰ ਹੁਣ ਕੁਝ ਦਿਮਾਗ਼ੀ ਖ਼ੁਰਾਕ, ਸਹੀ ਸੋਚ-ਵਿਚਾਰ, ਕੁਝ ਅਕਲ, ਕਿਸੇ ਅੱਛੇ ਪ੍ਰਭਾਵ ਦੀ ਜ਼ਰੂਰਤ ਹੈ।’ ਮਾਪੇ ਹੀ ਇਹ ਵਧੀਆ ਚੀਜ਼ਾਂ ਅਤੇ ਚੰਗਾ ਪ੍ਰਭਾਵ ਦੇਣ ਦੇ ਯੋਗ ਹਨ।

ਕਿਤਾਬਾਂ ਵਿਚ ਪਾਏ ਜਾਣ ਵਾਲੇ ਤਰ੍ਹਾਂ-ਤਰ੍ਹਾਂ ਦੇ ਵਾਕ ਨਿਆਣਿਆਂ ਦੀ ਬੋਲੀ ਅਤੇ ਲਿਖਾਈ ਤੇ ਚੰਗਾ ਅਸਰ ਪਾ ਸਕਦੇ। ਿਨੱਕੇ ਨਿਆਣਿਆਂ ਨੂੰ ਕਿਤਾਬਾਂ ਦੀ ਜ਼ਰੂਰਤ ਹੈ (ਅੰਗ੍ਰੇਜ਼ੀ) ਕਿਤਾਬ ਦੀ ਲੇਖਕਾ ਡੌਰਥੀ ਬਟਲਰ ਨੇ ਕਿਹਾ ਕਿ ‘ਇਕ ਬੰਦੇ ਦੇ ਖ਼ਿਆਲ ਉੱਨੇ ਹੀ ਵਧੀਆ ਹੋਣਗੇ ਜਿੰਨੀ ਉਸ ਦੀ ਭਾਸ਼ਾ ਵਧੀਆ ਹੈ। ਸੱਚ-ਮੁੱਚ, ਗਿਆਨ ਅਤੇ ਬੁੱਧ ਦੋਹਾਂ ਲਈ ਭਾਸ਼ਾ ਬੇਹੱਦ ਜ਼ਰੂਰੀ ਹੈ।’ ਦੂਸਰਿਆਂ ਨਾਲ ਚੰਗੇ ਰਿਸ਼ਤੇ ਕਾਇਮ ਰੱਖਣ ਲਈ ਅੱਛੀ ਤਰ੍ਹਾਂ ਗੱਲ-ਬਾਤ ਕਰਨੀ ਸਿੱਖਣੀ ਬਹੁਤ ਜ਼ਰੂਰੀ ਹੈ।

ਵਧੀਆ ਕਿਤਾਬਾਂ ਤੋਂ ਪੜ੍ਹਨ ਨਾਲ ਵਧੀਆ ਕਦਰਾਂ-ਕੀਮਤਾਂ ਵੀ ਮਜ਼ਬੂਤ ਬਣਾਈਆਂ ਜਾ ਸਕਦੀਆਂ ਹਨ। ਜਿਹੜੇ ਮਾਪੇ ਆਪਣੇ ਬੱਚਿਆਂ ਨਾਲ ਪੜ੍ਹ ਕੇ ਉਨ੍ਹਾਂ ਨੂੰ ਗੱਲਾਂ ਸਮਝਾਉਂਦੇ ਹਨ ਉਹ ਉਨ੍ਹਾਂ ਨੂੰ ਮੁਸ਼ਕਲਾਂ ਹੱਲ ਕਰਨ ਦੀ ਯੋਗਤਾ ਸਿਖਾਉਂਦੇ ਹਨ। ਜਿਉਂ-ਜਿਉਂ ਸਿੰਡੀ ਆਪਣੀ ਕੁੜੀ ਐਬੀਗੇਲ ਲਈ ਪੜ੍ਹੀ ਗਈ, ਉਹ ਧਿਆਨ ਨਾਲ ਦੇਖੀ ਗਈ ਕਿ ਕਹਾਣੀਆਂ ਦਾ ਉਸ ਉੱਤੇ ਕੀ ਅਸਰ ਪੈਂਦਾ ਸੀ। ‘ਮਾਪਿਆਂ ਵਜੋਂ, ਅਸੀਂ ਉਸ ਦੀ ਦੇ ਸੁਭਾਅ ਵਿਚ ਬੁਰੇ ਲੱਛਣ ਦੇਖ ਸਕਦੇ ਹਾਂ ਅਤੇ ਪਹਿਲਾਂ ਤੋਂ ਹੀ ਉਨ੍ਹਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰ ਸਕਦੇ ਹਾਂ।’ ਅਸਲ ਵਿਚ ਆਪਣੇ ਨਿਆਣਿਆਂ ਲਈ ਉੱਚੀ ਆਵਾਜ਼ ਵਿਚ ਪੜ੍ਹਨਾ ਉਨ੍ਹਾਂ ਦੇ ਦਿਲ ਅਤੇ ਦਿਮਾਗ਼ ਉੱਤੇ ਅਸਰ ਪਾ ਸਕਦਾ ਹੈ।

ਪੜ੍ਹਨਾ ਮਜ਼ੇਦਾਰ ਬਣਾਓ

ਨਿਆਣਿਆਂ ਨਾਲ ਪੜ੍ਹਨ ਦੇ ਸਮੇਂ ਆਰਾਮਦਾਇਕ ਅਤੇ ਮਜ਼ੇਦਾਰ ਮਾਹੌਲ ਪੈਦਾ ਕਰੋ ਜਿਸ ਵਿਚ ਉਹ ਕੋਈ ਵੀ ‘ਦਬਾਅ’ ਨਾ ਮਹਿਸੂਸ ਕਰਨ। ਸਮਝਦਾਰ ਮਾਪਿਆਂ ਨੂੰ ਇਹ ਵੀ ਪਤਾ ਹੁੰਦਾ ਹੈ ਕਿ ਕਦੋਂ ਰੁਕ ਜਾਣਾ ਚਾਹੀਦਾ ਹੈ। ਲੀਨਾ ਨੇ ਦੱਸਿਆ ਕਿ ‘ਐਂਡਰੂ ਜਿਸ ਦੀ ਉਮਰ ਦੋ ਸਾਲ ਦੀ ਹੈ, ਕਦੇ-ਕਦੇ ਇੰਨਾ ਥੱਕਿਆ ਹੁੰਦਾ ਹੈ ਕਿ ਉਹ ਬਹੁਤ ਚਿਰ ਲਈ ਆਰਾਮ ਨਾਲ ਨਹੀਂ ਬਹਿੰਦਾ। ਅਸੀਂ ਉਸ ਦਾ ਮੂਡ ਦੇਖ ਕੇ ਉੱਨਾ ਹੀ ਪੜ੍ਹਦੇ ਹਾਂ। ਅਸੀਂ ਇਹ ਨਹੀਂ ਚਾਹੁੰਦੇ ਹਾਂ ਕਿ ਐਂਡਰੂ ਪੜ੍ਹਨ ਤੋਂ ਨਫ਼ਰਤ ਕਰੇ ਇਸ ਕਰਕੇ ਅਸੀਂ ਉਹ ਨੂੰ ਜ਼ਿਆਦਾ ਦੇਰ ਲਈ ਨਹੀਂ ਬਿਠਾਉਂਦੇ ਤਾਂ ਕਿ ਉਹ ਤੰਗ ਨਾ ਆ ਜਾਵੇ।’

ਇਹ ਨਾ ਸੋਚੋ ਕਿ ਪੜ੍ਹਨ ਵਿਚ ਸਿਰਫ਼ ਪੜ੍ਹ ਸਕਣਾ ਹੀ ਸ਼ਾਮਲ ਹੈ। ਇਹ ਵੀ ਜਾਣਨਾ ਚਾਹੀਦਾ ਹੈ ਕਿ ਤਸਵੀਰਾਂ ਵਾਲੀ ਕਿਤਾਬ ਦਾ ਨਵਾਂ ਸਫ਼ਾ ਕਦੋਂ ਪਲਟਿਆ ਜਾਣਾ ਚਾਹੀਦਾ ਹੈ ਤਾਂ ਕਿ ਨਿਆਣੇ ਵਿਚ ਉਤੇਜਨਾ ਪੈਦਾ ਕੀਤੀ ਜਾਂਦੀ ਹੈ। ਪਾਠ ਦੇ ਹਿਸਾਬ ਪੜ੍ਹੋ। ਕਹਾਣੀ ਮਜ਼ੇਦਾਰ ਬਣਾਈ ਜਾ ਸਕਦੀ ਹੈ ਜੇ ਆਵਾਜ਼ ਉੱਚੀ-ਨੀਵੀਂ ਕੀਤੀ ਜਾਵੇ ਅਤੇ ਖ਼ਾਸ ਸ਼ਬਦਾਂ ਉੱਤੇ ਜ਼ੋਰ ਪਾਇਆ ਜਾਵੇ। ਤੁਹਾਡੀ ਮਿੱਠੀ ਆਵਾਜ਼ ਨਿਆਣੇ ਦਾ ਭਰੋਸਾ ਵਧਾ ਸਕਦੀ ਹੈ।

ਜਦੋਂ ਨਿਆਣਾ ਆਪ ਹਿੱਸਾ ਲੈ ਸਕੇ ਤਾਂ ਸਭ ਤੋਂ ਜ਼ਿਆਦਾ ਫ਼ਾਇਦਾ ਹੁੰਦਾ ਹੈ। ਰੁਕ-ਰੁਕ ਕੇ ਐਸੇ ਸਵਾਲ ਪੁੱਛੋ ਕਿ ਨਿਆਣੇ ਨੂੰ ਸੋਚ ਕਿ ਜਵਾਬ ਦੇਣੇ ਪੈਣ। ਉਸ ਦੇ ਹੀ ਜਵਾਬਾਂ ਨੂੰ ਵਰਤਦਿਆਂ ਇਕ-ਦੋ ਹੋਰ ਸਲਾਹਾਂ ਪੇਸ਼ ਕਰੋ।

ਕਿਤਾਬਾਂ ਧਿਆਨ ਨਾਲ ਚੁਣੋ

ਚੰਗੀਆਂ-ਚੰਗੀਆਂ ਕਿਤਾਬਾਂ ਚੁਣਨੀਆਂ ਸਭ ਤੋਂ ਜ਼ਰੂਰੀ ਗੱਲ ਹੈ। ਇਸ ਤਰ੍ਹਾਂ ਕਰਨ ਲਈ ਸ਼ਾਇਦ ਕੁਝ ਮਿਹਨਤ ਵੀ ਕਰਨੀ ਪਵੇ। ਚੰਗੀ ਤਰ੍ਹਾਂ ਕਿਤਾਬਾਂ ਦੀ ਜਾਂਚ ਕਰੋ ਅਤੇ ਉਹੀ ਵਰਤੋ ਜਿਨ੍ਹਾਂ ਵਿਚ ਫ਼ਾਇਦੇਮੰਦ ਸਬਕ ਸਿਖਾਉਣ ਵਾਲੀਆਂ ਕਹਾਣੀਆਂ ਹੋਣ ਜਾਂ ਸਿਖਿਆਦਾਇਕ ਸੰਦੇਸ਼ ਹੋਵੇ। ਜਿਲਦ, ਤਸਵੀਰਾਂ, ਅਤੇ ਕਿਤਾਬ ਦੀ ਸਟਾਈਲ ਉੱਤੇ ਧਿਆਨ ਦਿਓ। ਉਹ ਕਿਤਾਬਾਂ ਚੁਣੋ ਜੋ ਮਾਪੇ ਅਤੇ ਨਿਆਣੇ ਦੋਹਾਂ ਲਈ ਦਿਲਚਸਪ ਹੋਣ। ਨਿਆਣੇ ਅਕਸਰ ਇੱਕੋ ਹੀ ਕਹਾਣੀ ਵਾਰ-ਵਾਰ ਸੁਣਨੀ ਪਸੰਦ ਕਰਦੇ ਹਨ।

ਸੰਸਾਰ ਭਰ ਵਿਚ ਮਾਪਿਆਂ ਨੇ ਬਾਈਬਲ ਕਹਾਣੀਆਂ ਦੀ ਮੇਰੀ ਕਿਤਾਬ ਬਹੁਤ ਪਸੰਦ ਕੀਤੀ ਹੈ। * ਇਹ ਕਿਤਾਬ ਮਾਪਿਆਂ ਵਾਸਤੇ ਆਪਣੇ ਬੱਚਿਆਂ ਨਾਲ ਪੜ੍ਹਨ ਲਈ ਡੀਜ਼ਾਈਨ ਕੀਤੀ ਗਈ ਸੀ। ਇਹ ਸਿਰਫ਼ ਬੱਚਿਆਂ ਨੂੰ ਅੱਛੇ ਪਾਠਕ ਬਣਨ ਵਿਚ ਹੀ ਨਹੀਂ ਮਦਦ ਕਰਦੀ ਪਰ ਇਹ ਬਾਈਬਲ ਵਿਚ ਵੀ ਉਨ੍ਹਾਂ ਦੀ ਦਿਲਚਸਪੀ ਵਧਾ ਸਕਦੀ ਹੈ।

ਉਹ ਮਾਪੇ ਜੋ ਆਪਣੇ ਬੱਚਿਆਂ ਨਾਲ ਬੈਠ ਕੇ ਉੱਚੀ ਆਵਾਜ਼ ਵਿਚ ਪੜ੍ਹਦੇ ਹਨ ਉਨ੍ਹਾਂ ਨੂੰ ਪੜ੍ਹਨ ਦੀਆਂ ਚੰਗੀਆਂ ਆਦਤਾਂ ਸਿਖਾ ਸਕਦੇ ਹਨ। ਇਸ ਦਾ ਉਨ੍ਹਾਂ ਉੱਤੇ ਜੀਵਨ ਭਰ ਫ਼ਾਇਦਾ ਹੋ ਸਕਦਾ ਹੈ। ਜੋਐਨ ਨੇ ਦੱਸਿਆ ਕਿ ‘ਜੈਨੀਫ਼ਰ ਨੇ ਸਕੂਲ ਜਾਣ ਤੋਂ ਪਹਿਲਾਂ ਸਿਰਫ਼ ਲਿਖਣਾ-ਪੜ੍ਹਨਾ ਹੀ ਨਹੀਂ ਸਿੱਖਿਆ, ਪਰ ਉਸ ਨੂੰ ਪੜ੍ਹਨਾ ਬਹੁਤ ਪਸੰਦ ਵੀ ਸੀ; ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਸਾਡੇ ਮਹਾਨ ਸ੍ਰਿਸ਼ਟੀਕਰਤਾ ਯਹੋਵਾਹ ਨਾਲ ਬਹੁਤ ਪ੍ਰੇਮ ਕਰਦੀ ਹੈ। ਜੈਨੀਫ਼ਰ ਨੇ ਉਸ ਦੇ ਲਿਖੇ ਸ਼ਬਦ, ਅਰਥਾਤ ਬਾਈਬਲ ਉੱਤੇ ਭਰੋਸਾ ਕਰਨਾ ਸਿੱਖਿਆ ਹੈ ਅਤੇ ਉਹ ਆਪਣੇ ਫ਼ੈਸਲੇ ਇਸ ਤੋਂ ਹੀ ਬਣਾਉਂਦੀ ਹੈ।’ ਅਸਲ ਵਿਚ ਸਿਖਾਈਆਂ ਗਈਆਂ ਗੱਲਾਂ ਨਾਲੋਂ ਉਹ ਚੀਜ਼ ਜ਼ਿਆਦਾ ਮਹੱਤਵਪੂਰਣ ਹੋ ਸਕਦੀ ਹੈ ਜਿਸ ਨਾਲ ਤੁਸੀਂ ਆਪਣੇ ਨਿਆਣੇ ਦਾ ਪਿਆਰ ਵਧਾਉਂਦੇ ਹੋ।

[ਫੁਟਨੋਟ]

^ ਪੈਰਾ 24 ਯਹੋਵਾਹ ਦੇ ਗਵਾਹਾਂ ਦੁਆਰਾ ਪ੍ਰਕਾਸ਼ਿਤ।

[ਸਫ਼ਾ 12 ਉੱਤੇ ਡੱਬੀ/ਤਸਵੀਰ]

ਆਪਣੇ ਨਿਆਣੇ ਨਾਲ ਪੜ੍ਹਨ ਲਈ ਕੁਝ ਨੁਕਤੇ

• ਨੱਨ੍ਹੀ ਉਮਰ ਤੋਂ ਹੀ ਸ਼ੁਰੂ ਕਰੋ।

• ਪੜ੍ਹਨ ਤੋਂ ਪਹਿਲਾਂ ਨਿਆਣੇ ਨੂੰ ਸ਼ਾਂਤੀ ਨਾਲ ਬੈਠਣ ਦਿਓ।

• ਉਹ ਕਹਾਣੀਆਂ ਪੜ੍ਹੋ ਜੋ ਤੁਹਾਨੂੰ ਦੋਹਾਂ ਨੂੰ ਪਸੰਦ ਹਨ।

• ਜਿੰਨੀ ਵਾਰ ਹੋ ਸਕੇ ਪੜ੍ਹੇ, ਪਰ ਦਿਲੋਂ ਪੜ੍ਹੋ

• ਸਵਾਲ ਪੁੱਛ ਕੇ ਨਿਆਣੇ ਨੂੰ ਪੜ੍ਹਾਈ ਵਿਚ ਹਿੱਸਾ ਲੈਣ ਦਿਓ।

[ਸਫ਼ਾ 11 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

Photograph taken at the Wildlife Conservation Society’s Bronx Zoo