ਆਪਣੀ ਨੌਕਰੀ ਦੀ ਜਗ੍ਹਾ ਨੂੰ ਸੁਰੱਖਿਅਤ ਬਣਾਓ
ਆਪਣੀ ਨੌਕਰੀ ਦੀ ਜਗ੍ਹਾ ਨੂੰ ਸੁਰੱਖਿਅਤ ਬਣਾਓ
ਨੌਕਰੀ-ਸੰਬੰਧੀ ਸਿਹਤ-ਸਫ਼ਾਈ ਦੇ ਨਿਯਮਾਂ ਬਾਵਜੂਦ ਲੋਕਾਂ ਨੂੰ ਕੰਮ ਤੇ ਹਾਲੇ ਵੀ ਸੱਟਾਂ ਲੱਗਦੀਆਂ ਹਨ ਅਤੇ ਕਦੀ-ਕਦੀ ਜਾਨਾਂ ਵੀ ਜਾਂਦੀਆਂ ਹਨ। ਇਹ ਗੱਲ ਸਪੱਸ਼ਟ ਹੈ ਕਿ ਨੌਕਰੀਆਂ ਤੇ ਸੁਰੱਖਿਆ ਬਾਰੇ ਸਿਰਫ਼ ਕਾਨੂੰਨ ਬਣਾਉਣੇ ਹੀ ਕਾਫ਼ੀ ਨਹੀਂ ਹੈ। ਮਾਲਕਾਂ ਅਤੇ ਕਾਮਿਆਂ ਨੂੰ ਆਪਣੀ ਅਤੇ ਦੂਸਰਿਆਂ ਦੀ ਸੁਰੱਖਿਆ ਲਈ ਕੁਝ ਹੱਦ ਤਕ ਆਪ ਜ਼ਿੰਮੇਵਾਰੀ ਚੁੱਕਣ ਦੀ ਲੋੜ ਹੈ।
ਇਸ ਲਈ, ਹਰੇਕ ਕਾਮੇ ਨੂੰ ਸਮਝਦਾਰੀ ਨਾਲ ਆਪਣੀ ਨੌਕਰੀ ਤੇ ਆਲੇ-ਦੁਆਲੇ ਦੀ ਜਗ੍ਹਾ ਅਤੇ ਕੰਮ ਕਰਨ ਦੀਆਂ ਆਪਣੀਆਂ ਆਦਤਾਂ ਵੱਲ ਚੰਗੀ ਤਰ੍ਹਾਂ ਧਿਆਨ ਦੇਣਾ ਚਾਹੀਦਾ ਹੈ। ਮਿਸਾਲ ਲਈ, ਕੀ ਤੁਸੀਂ ਆਪਣੀ ਨੌਕਰੀ ਤੇ ਸੱਚ-ਮੁੱਚ ਸੁਰੱਖਿਅਤ ਹੋ ਕੇ ਕੰਮ ਕਰ ਸਕਦੇ ਹੋ? ਕੀ ਤੁਹਾਡੀ ਨੌਕਰੀ ਤੇ ਜ਼ਹਿਰੀਲੇ ਪਦਾਰਥ ਇਸਤੇਮਾਲ ਕੀਤੇ ਜਾਂਦੇ ਹਨ? ਜੇਕਰ ਹਾਂ, ਤਾਂ ਕੀ ਉਨ੍ਹਾਂ ਚੀਜ਼ਾਂ ਤੋਂ ਤੁਹਾਡੀ ਰੱਖਿਆ ਦੇ ਇੰਤਜ਼ਾਮ
ਹਨ? ਕੀ ਤੁਸੀਂ ਹਮੇਸ਼ਾ ਦਬਾਅ ਹੇਠਾਂ ਕੰਮ ਕਰਦੇ ਹੋ? ਕੰਮ ਤੇ ਤੁਸੀਂ ਜਿੰਨੀ ਦਿਹਾੜੀ ਲਾਉਂਦੇ ਹੋ ਕੀ ਇਹ ਕਾਨੂੰਨ ਦੁਆਰਾ ਸਥਾਪਿਤ ਕੀਤੀਆਂ ਸੀਮਾਵਾਂ ਦੀ ਉਲੰਘਣਾ ਕਰਦਾ ਹੈ?ਅਜਿਹੇ ਸਵਾਲਾਂ ਦੇ ਜਵਾਬ ਦਿਖਾਉਣਗੇ ਕਿ ਤੁਸੀਂ ਆਪਣੀ ਨੌਕਰੀ ਤੇ ਸੱਚ-ਮੁੱਚ ਕਿੰਨੇ ਕੁ ਸੁਰੱਖਿਅਤ ਹੋ।
ਖ਼ਤਰਿਆਂ ਬਾਰੇ ਖ਼ਬਰਦਾਰ ਰਹੋ
ਹੱਦੋਂ ਵੱਧ ਕੰਮ ਕਰਦੇ ਰਹਿਣਾ ਬਹੁਤ ਖ਼ਤਰਨਾਕ ਹੋ ਸਕਦਾ ਹੈ। ਇਕ ਸਰਵੇਖਣ ਵਿਚ ਨੌਕਰੀਆਂ ਦੀਆਂ 37,200 ਥਾਵਾਂ ਅਤੇ 36 ਲੱਖ ਕਾਮਿਆਂ ਦੀ ਜਾਂਚ ਕੀਤੀ ਗਈ ਸੀ। ਉਸ ਦੇ ਨਤੀਜਿਆਂ ਤੇ ਗੌਰ ਕਰਨ ਤੋਂ ਬਾਅਦ, ਆਸਟ੍ਰੇਲੀਆ ਦੀ ਕਰਟਿਨ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਲੌਸਨ ਸੇਵਰੀ ਅਤੇ ਇਕ ਹੋਰ ਖੋਜਕਾਰ ਨੇ ਆਪਣੀ ਰਿਸਰਚ ਬਾਰੇ ਇਕ ਲੇਖ ਛਾਪਿਆ ਜਿਸ ਦਾ ਵਿਸ਼ਾ ਸੀ “ਲੰਬੇ ਘੰਟਿਆਂ ਲਈ ਕੰਮ ਕਰਨਾ: ਕੀ ਇਹ ਖ਼ਤਰਨਾਕ ਹੈ ਅਤੇ ਕੀ ਲੋਕ ਇਸ ਤਰ੍ਹਾਂ ਕਰਨ ਲਈ ਰਾਜ਼ੀ ਹਨ?” ਦੋਹਾਂ ਸਵਾਲਾਂ ਦਾ ਜਵਾਬ “ਹਾਂ” ਸੀ।
ਦਰਅਸਲ, ਥੱਕੇ ਹੋਏ ਕਾਮੇ ਘੱਟ ਕੰਮ ਅਤੇ ਜ਼ਿਆਦਾ ਗ਼ਲਤੀਆਂ ਕਰਦੇ ਹਨ। ਆਸਟ੍ਰੇਲੀਆ ਦੇ ਅਖ਼ਬਾਰ ਦ ਸਨ-ਹੈਰਲਡ ਦੀ ਰਿਪੋਰਟ ਵਿਚ ਪ੍ਰੋਫ਼ੈਸਰ ਸੇਵਰੀ ਨੇ ਕਿਹਾ: “ਕਈ ਕੰਪਨੀਆਂ ਨੇ ਹੱਦੋਂ ਵੱਧ ਕੰਮ ਕਰਨ ਨੂੰ ਸਿਰਫ਼ ਮਨਜ਼ੂਰ ਹੀ ਨਹੀਂ ਕੀਤਾ ਸਗੋਂ ਅਜਿਹਿਆਂ ਲੋਕਾਂ ਨੂੰ ਹੀ ਭਾਲਦੀਆਂ ਹਨ ਅਤੇ ਇਨਾਮ ਦਿੰਦੀਆਂ ਹਨ ਜਿਨ੍ਹਾਂ ਨੂੰ ਉਹ ਕੰਮ ਦੇ ਅਮਲੀ ਬਣਾ ਸਕਣ।” ਇਸ ਦੇ ਨਤੀਜੇ ਬਹੁਤ ਹੀ ਭੈੜੇ ਹੋ ਸਕਦੇ ਹਨ। ਇਹ ਸਮੱਸਿਆ ਸ਼ਾਇਦ ਟ੍ਰਾਂਸਪੋਰਟ ਦੇ ਕਾਰੋਬਾਰ ਵਿਚ ਸਭ ਤੋਂ ਜ਼ਿਆਦਾ ਦੇਖੀ ਜਾਂਦੀ ਹੈ। ਡ੍ਰਾਈਵਰਾਂ ਨੂੰ ਆਰਾਮ ਕੀਤੇ ਬਗੈਰ ਬਹੁਤ ਘੰਟਿਆਂ ਲਈ ਸਫ਼ਰ ਕਰਨ ਲਈ ਕਿਹਾ ਜਾਂਦਾ ਹੈ ਜਾਂ ਮਜਬੂਰ ਵੀ ਕੀਤਾ ਜਾਂਦਾ ਹੈ। ਇਸ ਤਰ੍ਹਾਂ ਕਰਨਾ ਕੁਝ ਦੇਸ਼ਾਂ ਵਿਚ ਗ਼ੈਰ-ਕਾਨੂੰਨੀ ਹੈ।
ਨੌਕਰੀਆਂ ਤੇ ਬੁਰੀਆਂ ਆਦਤਾਂ ਵੀ ਹੋਰ ਖ਼ਤਰਾ ਪੇਸ਼ ਕਰਦੀਆਂ ਹਨ, ਜਿਵੇਂ ਕਿ ਆਲੇ-ਦੁਆਲੇ ਖਿਲਾਰਾ ਪਾ ਕੇ ਰੱਖਣਾ ਜਾਂ ਸਫ਼ਾਈ ਨਹੀਂ ਰੱਖਣੀ। ਜਦੋਂ ਸੰਦ ਫ਼ਰਸ਼ ਤੇ ਹੀ ਛੱਡੇ ਜਾਂਦੇ ਹਨ ਜਾਂ ਬਿਜਲੀ ਦੀਆਂ ਤਾਰਾਂ ਨੰਗੀਆਂ ਛੱਡੀਆਂ ਜਾਂਦੀਆਂ ਹਨ ਤਾਂ ਅਕਸਰ ਹਾਦਸੇ ਹੋ ਜਾਂਦੇ ਹਨ। ਕਈ ਵਾਰ ਇਨ੍ਹਾਂ ਹਾਦਸਿਆਂ ਕਾਰਨ ਕਾਮਿਆਂ ਦੀ ਜਾਨ ਵੀ ਜਾਂਦੀ ਹੈ। ਬਿਜਲੀ ਦੇ ਸੰਦਾਂ ਅਤੇ ਮਸ਼ੀਨਾਂ ਨੂੰ ਵਰਤਣ ਵੇਲੇ ਸੁਰੱਖਿਆ ਦੇ ਨਿਯਮਾਂ ਨੂੰ ਅਣਡਿੱਠ ਕਰਨ ਕਾਰਨ ਵੀ ਖ਼ਤਰੇ ਪੇਸ਼ ਹਨ। ਜੇ ਡੁੱਲ੍ਹੀਆਂ ਹੋਈਆਂ ਚੀਜ਼ਾਂ, ਖ਼ਾਸ ਕਰਕੇ ਜ਼ਹਿਰੀਲੀਆਂ ਚੀਜ਼ਾਂ ਸਾਫ਼ ਨਹੀਂ ਕੀਤੀਆਂ ਜਾਂਦੀਆਂ ਤਾਂ ਇਹ ਵੀ ਸੱਟਾਂ ਅਤੇ ਮੌਤ ਦਾ ਕਾਰਨ ਬਣ ਸਕਦੀਆਂ ਹਨ। ਕਈ ਸੱਟਾਂ ਤੇਲ ਜਾਂ ਗਿੱਲੇ ਫ਼ਰਸ਼ ਤੇ ਪੈਰ ਫਿਸਲਣ ਕਰਕੇ ਲੱਗਦੀਆਂ ਹਨ। ਤਾਂ ਫਿਰ ਅਸੀਂ ਕਹਿ ਸਕਦੇ ਹਾਂ ਕਿ ਨੌਕਰੀ ਤੇ ਸੁਰੱਖਿਅਤ ਰਹਿਣ ਦਾ ਮੁੱਖ ਨਿਯਮ ਹੈ ਕੰਮ ਦੀ ਜਗ੍ਹਾ ਸਾਫ਼-ਸੁਥਰੀ ਰੱਖਣੀ।
ਲੇਕਿਨ ਕਈ ਲੋਕ ਸੁਰੱਖਿਆ ਦੇ ਨਿਯਮਾਂ ਦੀ ਕੋਈ ਪਰਵਾਹ ਨਹੀਂ ਕਰਦੇ। ਮੰਥਲੀ ਲੇਬਰ ਰਿਵਿਊ ਰਸਾਲੇ ਨੇ ਕਿਹਾ: “ਕੰਮ ਦੇ ਦਬਾਅ ਕਰਕੇ ਲੋਕ ਸ਼ਾਇਦ ਇਹ ਸੋਚਣ ਲੱਗ ਪੈਂਦੇ ਹਨ ਕਿ ਕੰਮ ਦੀਆਂ ਮੰਗਾਂ ਪੂਰੀਆਂ ਕਰਨ ਲਈ ਸੁਖਾਲੇ ਤਰੀਕੇ ਲੱਭ ਕੇ ਛੇਤੀ-ਛੇਤੀ ਕੰਮ ਕਰਨਾ ਜ਼ਿਆਦਾ ਜ਼ਰੂਰੀ ਹੈ।” ਇਸ ਲਈ ਕੁਝ ਲੋਕ ਸ਼ਾਇਦ ਸੁਰੱਖਿਆ ਦੇ ਨਿਯਮਾਂ ਬਾਰੇ ਇਸ ਤਰ੍ਹਾਂ ਸੋਚਣ ਕਿ ‘ਜਦ ਮੈਂ ਇਸ ਨੂੰ ਅੱਗੇ ਤੋੜਿਆ
ਸੀ ਤਾਂ ਮੈਨੂੰ ਉਦੋਂ ਤਾਂ ਕੋਈ ਨੁਕਸ ਨਹੀਂ ਪਹੁੰਚਿਆ।’ ਇਸ ਗੱਲ ਵੱਲ ਧਿਆਨ ਦਿੰਦੇ ਹੋਏ, ਫੈਕਟਰੀ ਦੇ ਇਕ ਤਜਰਬੇਕਾਰ ਮੈਨੇਜਰ ਨੇ ਕਿਹਾ: “ਜੇ ਤੁਸੀਂ ਸੁਰੱਖਿਆ ਦੇ ਨਿਯਮਾਂ ਨੂੰ ਤੋੜ ਕੇ ਵੀ ਨੁਕਸਾਨ ਤੋਂ ਬਚ ਜਾਂਦੇ ਹੋ, ਤਾਂ ਇਹ ਤੁਹਾਡੇ ਲਈ ਬੁਰੀ ਗੱਲ ਹੈ!” ਪਰ ਕਿਉਂ? ਕਿਉਂਕਿ ਇਸ ਕਾਰਨ ਇਨਸਾਨ ਆਪਣੇ ਆਪ ਉੱਤੇ ਜ਼ਿਆਦਾ ਭਰੋਸਾ ਕਰਨ ਲੱਗ ਪੈਂਦਾ ਹੈ ਅਤੇ ਲਾਪਰਵਾਹ ਹੋ ਜਾਂਦਾ ਹੈ, ਜਿਸ ਦੇ ਨਤੀਜੇ ਵਜੋਂ ਜ਼ਿਆਦਾ ਹਾਦਸੇ ਹੁੰਦੇ ਹਨ।ਸਾਲ 1986 ਵਿਚ ਯੂਕਰੇਨ ਵਿਖੇ ਚਰਨੋਬਲ ਦੇ ਨਿਊਕਲੀ-ਘਰ ਵਿਚ ਹੋਏ ਹਾਦਸੇ ਨੂੰ ਅਕਸਰ “ਸੰਸਾਰ ਦਾ ਸਭ ਤੋਂ ਬੁਰਾ ਨਿਊਕਲੀ ਹਾਦਸਾ” ਸੱਦਿਆ ਜਾਂਦਾ ਹੈ। ਪਰ ਇਹ ਹਾਦਸਾ ਕਿਉਂ ਹੋਇਆ ਸੀ? ਇਸ ਹਾਦਸੇ ਬਾਰੇ ਰਿਪੋਰਟ ਵਿਚ “ਕੰਮ ਵਿਚ ਲਾਪਰਵਾਹੀ” ਅਤੇ “ਸੁਰੱਖਿਆ ਦੇ ਨਿਯਮਾਂ ਨੂੰ ਲਗਾਤਾਰ ਤੋੜਨ” ਦਾ ਜ਼ਿਕਰ ਹੈ।
ਦੋਵੇਂ ਮਾਲਕ ਅਤੇ ਕਾਮੇ ਪਹਿਲਾਂ ਤੋਂ ਹੀ ਨੁਕਸਾਨ ਪਹੁੰਚਾਉਣ ਵਾਲੀਆਂ ਗੱਲਾਂ ਵੱਲ ਧਿਆਨ ਦੇ ਸਕਦੇ ਹਨ। ਬਾਈਬਲ ਦੀ ਇਕ ਅਕਲਮੰਦੀ ਵਾਲੀ ਕਹਾਵਤ ਕਹਿੰਦੀ ਹੈ: “ਸਿਆਣਾ ਤਾਂ ਬਿਪਤਾ ਨੂੰ ਵੇਖ ਕੇ ਲੁਕ ਜਾਂਦਾ ਹੈ।” (ਕਹਾਉਤਾਂ 22:3) ਜੀ ਹਾਂ, ਸਿਆਣਾ ਜਾਂ ਬੁੱਧੀਮਾਨ ਇਨਸਾਨ ਦੇਖ ਲੈਂਦਾ ਹੈ ਕਿ ਕਿਹੜੀਆਂ ਚੀਜ਼ਾਂ ਖ਼ਤਰਨਾਕ ਹੋ ਸਕਦੀਆਂ ਹਨ ਅਤੇ ਉਹ ਆਪਣੇ ਆਪ ਨੂੰ ਅਤੇ ਦੂਸਰਿਆਂ ਨੂੰ ਸੁਰੱਖਿਅਤ ਰੱਖਣ ਦੇ ਤਰੀਕੇ ਭਾਲਦਾ ਹੈ।
ਜਦੋਂ ਮਾਲਕ ਇਸ ਤਰ੍ਹਾਂ ਕਰਦੇ ਹਨ ਤਾਂ ਉਹ ਅਤੇ ਉਨ੍ਹਾਂ ਦੇ ਨਾਲ-ਨਾਲ ਉਨ੍ਹਾਂ ਦੇ ਕਾਮਿਆਂ ਨੂੰ ਵੀ ਫ਼ਾਇਦਾ ਹੁੰਦਾ ਹੈ। ਮਿਸਾਲ ਲਈ, ਇਕ ਕੰਪਨੀ ਨੇ ਆਪਣੇ ਦਫ਼ਤਰਾਂ ਵਿਚ ਅਜਿਹੀਆਂ ਤਬਦੀਲੀਆਂ ਕੀਤੀਆਂ ਕਿ ਉਨ੍ਹਾਂ ਦੇ ਕਾਮੇ ਬੀਮਾਰ ਨਾ ਹੋਣ। ਉਨ੍ਹਾਂ ਨੇ ਦੇਖਿਆ ਕੇ ਬਹੁਤ ਹੀ ਜਲਦੀ ਕੰਮ ਚੰਗੀ ਤਰ੍ਹਾਂ ਚੱਲਣ ਲੱਗ ਪਿਆ ਅਤੇ ਕਾਮੇ ਅੱਗੇ ਨਾਲੋਂ ਜ਼ਿਆਦਾ ਖ਼ੁਸ਼ ਸਨ। ਇਹ ਵੀ ਦੇਖਿਆ ਗਿਆ ਕਿ ਅੱਗੇ ਨਾਲੋਂ ਘੱਟ ਲੋਕ ਬੀਮਾਰ ਹੁੰਦੇ ਸਨ। ਇਸ ਤਰ੍ਹਾਂ ਦੂਸਰਿਆਂ ਦੀ ਸਿਹਤ ਦਾ ਖ਼ਿਆਲ ਰੱਖਣ ਦੁਆਰਾ ਨੌਕਰੀ ਤੇ ਮਾਹੌਲ ਮਾਲਕ ਅਤੇ ਕਾਮਿਆਂ ਦੋਹਾਂ ਲਈ ਬਿਹਤਰ ਹੁੰਦਾ ਹੈ ਅਤੇ ਜਿਵੇਂ ਇਸ ਮਿਸਾਲ ਵਿਚ ਦੇਖਿਆ ਗਿਆ ਕੰਪਨੀ ਨੇ ਪੈਸੇ ਵੀ ਬਚਾਏ।
ਜਿਵੇਂ ਪਹਿਲੇ ਲੇਖ ਵਿਚ ਦੇਖਿਆ ਗਿਆ ਸੀ ਨੌਕਰੀਆਂ ਤੇ ਵੀ ਹਿੰਸਾ ਫੈਲ ਚੁੱਕੀ ਹੈ। ਤੁਸੀਂ ਆਪਣਾ ਬਚਾਅ ਕਿਵੇਂ ਕਰ ਸਕਦੇ ਹੋ?
ਅਸੀਂ ਕਿਹੜੇ ਕਦਮ ਚੁੱਕ ਸਕਦੇ ਹਾਂ
ਹਾਵਰਡ ਬਿਜ਼ਨਿਸ ਰਿਵਿਊ ਦੀ ਇਹ ਗੰਭੀਰ ਸਲਾਹ ਹੈ: “ਨੌਕਰੀ ਤੇ ਹਿੰਸਾ ਨੂੰ ਰੋਕਣ ਲਈ ਇਸ ਗੱਲ ਬਾਰੇ ਖ਼ਬਰਦਾਰ ਰਹੋ ਕਿ ਜਿਹੜੇ ਲੋਕ ਗੁੱਸੇ ਵਿਚ ਆ ਕੇ ਦੂਸਰਿਆਂ ਉੱਤੇ ਛੋਟੇ-ਛੋਟੇ ਹਮਲੇ ਕਰਦੇ ਹਨ ਉਹ ਅਕਸਰ ਬਾਅਦ ਵਿਚ ਵੱਡੇ ਹਮਲੇ ਕਰਨ ਲੱਗ ਪੈਂਦੇ ਹਨ।” ਅਤੇ ਇਸ ਤਰ੍ਹਾਂ ਦੇਖਿਆ ਵੀ ਗਿਆ ਹੈ ਕਿ ਇਕ ਵਿਅਕਤੀ ਜੋ ਸ਼ਾਇਦ ਪਹਿਲਾਂ-ਪਹਿਲਾਂ ਛੋਟੀਆਂ ਗੱਲਾਂ ਵਿਚ ਕਿਸੇ ਨੂੰ ਤੰਗ ਕਰਦਾ ਹੈ ਉਹ ਸ਼ਾਇਦ ਬਾਅਦ ਵਿਚ ਦੂਸਰਿਆਂ ਨਾਲ ਸਖ਼ਤ ਸਲੂਕ ਵੀ ਵਰਤਣ ਲੱਗ ਪੈਂਦਾ ਹੈ ਜਿਸ ਕਾਰਨ ਮਾਮਲਾ ਬਹੁਤ ਗੰਭੀਰ ਬਣ ਜਾਂਦਾ ਹੈ।
ਇਕ ਔਰਤ ਸ਼ਾਇਦ ਆਪਣੀ ਨੌਕਰੀ ਤੇ ਆਪਣੇ ਸਾਥੀਆਂ ਦਾ ਧਿਆਨ ਆਪਣੇ ਵੱਲ ਨਾ ਖਿੱਚਣਾ ਚਾਹੇ, ਲੇਕਿਨ ਜੇ ਉਸ ਦਾ ਪਹਿਰਾਵਾ, ਬੋਲੀ, ਅਤੇ ਆਚਰਣ ਚੰਗਾ ਨਾ ਹੋਵੇ ਤਾਂ ਦੂਸਰੇ ਲੋਕ ਸ਼ਾਇਦ ਇਹ ਸੋਚਣ ਲੱਗ ਪੈਣ ਕਿ ਉਸ ਦਾ ਚਾਲ-ਚੱਲਣ ਖ਼ਰਾਬ ਹੈ। ਹਾਲ ਹੀ ਦੇ ਸਮੇਂ ਵਿਚ ਕਈਆਂ ਔਰਤਾਂ ਨੇ ਆਪਣੇ ਚਾਲ-ਚੱਲਣ ਕਰਕੇ ਆਪਣੇ ਵੱਲ ਅਣਚਾਹਿਆ ਧਿਆਨ ਖਿੱਚਿਆ ਹੈ ਅਤੇ ਕਦੀ-ਕਦੀ ਇਸ ਦੇ ਬਹੁਤ ਬੁਰੇ ਨਤੀਜੇ ਨਿਕਲੇ ਹਨ, ਜਿਵੇਂ ਕਿ ਉਨ੍ਹਾਂ ਦਾ ਲੁਕ-ਛਿਪ ਕੇ ਪਿੱਛਾ ਕਰਨਾ, ਬਲਾਤਕਾਰ ਕਰਨਾ, ਜਾਂ ਕਤਲ ਵੀ ਕਰਨਾ। ਤਾਂ ਫਿਰ ਇਸ ਵੱਲ ਧਿਆਨ ਦਿਓ ਕਿ ਤੁਹਾਡਾ ਪਹਿਰਾਵਾ ਅਤੇ ਚਾਲ-ਚੱਲਣ ਦੂਸਰਿਆਂ ਉੱਤੇ ਕਿਸ ਤਰ੍ਹਾਂ ਦਾ ਪ੍ਰਭਾਵ ਪਾ ਰਿਹਾ ਹੈ। ਬਾਈਬਲ ਦੀ ਸਲਾਹ ਤੇ ਚੱਲੋ: ‘ਆਪਣੇ ਆਪ ਨੂੰ ਲਾਜ ਅਤੇ ਸੰਜਮ ਸਹਿਤ ਅਤੇ ਸੁਹਾਉਣੀ ਪੁਸ਼ਾਕੀ ਨਾਲ ਸੁਆਰਿਓ।’—1 ਤਿਮੋਥਿਉਸ 2:9.
ਮੰਥਲੀ ਲੇਬਰ ਰਿਵਿਊ ਨੇ ਇਕ ਹੋਰ ਹਾਲਾਤ ਬਾਰੇ ਦੱਸਿਆ ਜੋ ਸ਼ਾਇਦ ਖ਼ਤਰੇ-ਭਰੀ ਹੋ ਸਕਦੀ ਹੈ: “ਉਨ੍ਹਾਂ ਕਾਮਿਆਂ ਬਾਰੇ ਚਿੰਤਾ ਹੁੰਦੀ ਹੈ ਜੋ ਰਾਤ ਨੂੰ ਇਕੱਲੇ ਕਿਸੇ ਅਲੱਗ ਜਗ੍ਹਾ ਵਿਚ ਕੰਮ ਕਰਦੇ ਹਨ।” ਤਾਂ ਫਿਰ ਧਿਆਨ ਦਿਓ: ਕੀ ਹਿੰਸਾ ਦੇ ਅਜਿਹੇ ਖ਼ਤਰੇ ਨੂੰ ਮੁੱਲ ਲੈਣਾ ਅਕਲਮੰਦੀ ਦੀ ਗੱਲ ਹੈ, ਜੋ ਅਕਸਰ ਇਕੱਲੇ ਕੰਮ ਕਰਨ ਤੋਂ ਅਤੇ ਖ਼ਾਸ ਕਰਕੇ ਰਾਤ ਨੂੰ ਦੇਰ ਤਕ ਕੰਮ ਕਰਨ ਤੋਂ ਪੈਦਾ ਹੋ ਸਕਦਾ ਹੈ? ਕੀ ਪੈਸਿਆਂ ਖ਼ਾਤਰ ਇਹ ਖ਼ਤਰਾ ਮੁੱਲ ਲੈਣ ਦਾ ਫ਼ਾਇਦਾ ਹੈ?
ਇਸ ਵੱਲ ਵੀ ਧਿਆਨ ਦੇਣਾ ਜ਼ਰੂਰੀ ਹੈ ਕਿ ਅਸੀਂ ਕੰਮ ਤੇ ਉਨ੍ਹਾਂ ਲੋਕਾਂ ਨਾਲ ਕਿਵੇਂ ਪੇਸ਼ ਆਉਂਦੇ ਹਾਂ ਜੋ ਸਾਨੂੰ ਚਿੜਾਉਂਦੇ ਅਤੇ ਸਾਡਾ ਵਿਰੋਧ ਕਰਦੇ ਹਨ। ਅਜਿਹੇ ਹਾਲਾਤ ਦੇ ਖ਼ਤਰਨਾਕ ਬਣਨ ਤੋਂ ਪਹਿਲਾਂ ਕੀ ਕੀਤਾ ਜਾ ਸਕਦਾ ਹੈ? ਬਾਈਬਲ ਦੀ ਇਕ ਕਹਾਵਤ ਸਲਾਹ ਦਿੰਦੀ ਹੈ ਕਿ “ਨਰਮ ਜਵਾਬ ਗੁੱਸੇ ਨੂੰ ਠੰਡਾ ਕਰ ਦਿੰਦਾ ਹੈ, ਪਰ ਕਠੋਰ ਬੋਲ ਕ੍ਰੋਧ ਨੂੰ ਭੜਕਾਉਂਦਾ ਹੈ।” (ਕਹਾਉਤਾਂ 15:1) ਜੀ ਹਾਂ, ਪਿਆਰ ਅਤੇ ਇੱਜ਼ਤ ਨਾਲ ਗੱਲਬਾਤ ਕਰਨ ਦੁਆਰਾ ਤੁਸੀਂ ਤਣਾਅ ਨੂੰ ਘਟਾਉਣ ਲਈ ਬਹੁਤ ਕੁਝ ਕਰ ਸਕਦੇ ਹੋ ਅਤੇ ਲੜਾਈ-ਝਗੜੇ ਤੋਂ ਬਚ ਸਕਦੇ ਹੋ।
ਅੱਜ-ਕੱਲ੍ਹ ਨੌਕਰੀਆਂ ਤੇ ਦਬਾਅ-ਭਰੇ ਮਾਹੌਲ ਵਿਚ ਇਕ ਦੂਸਰੇ ਨੂੰ ਚਿੜਾਉਣਾ ਅਤੇ ਵਿਰੋਧ ਕਰਨਾ ਆਮ ਹੈ। ਭਾਵੇਂ ਕਿ ਸਾਨੂੰ ਸ਼ਾਇਦ ਇਸ ਤਰ੍ਹਾਂ ਲੱਗੇ ਕਿ ਸਾਡੇ ਉੱਤੇ ਹਮਲੇ ਕੀਤੇ ਜਾ ਰਹੇ ਹਨ, ਹੋ ਸਕਦਾ ਹੈ ਕਿ ਹਮਲਾਵਰ ਸਿਰਫ਼ ਆਪਣੇ ਦਬਾਅ ਦੇ ਬੋਝ ਨੂੰ ਅਤੇ ਆਪਣੀ ਨਿਰਾਸ਼ਾ ਨੂੰ ਪ੍ਰਗਟ ਕਰ ਰਿਹਾ ਹੈ। ਹੋ ਸਕਦਾ ਹੈ ਕਿ ਅਸੀਂ ਗ਼ਲਤ ਸਮੇਂ ਤੇ ਉਨ੍ਹਾਂ ਦੇ ਸਾਮ੍ਹਣੇ ਆ ਗਏ ਅਤੇ ਉਨ੍ਹਾਂ ਨੇ ਆਪਣਾ ਸਾਰਾ ਗੁੱਸਾ ਸਾਡੇ ਉੱਤੇ ਕੱਢ ਦਿੱਤਾ ਹੋਵੇ। ਇਸ ਲਈ ਸਾਡਾ ਜਵਾਬ ਬਹੁਤ ਹੀ ਮਹੱਤਵਪੂਰਣ ਹੈ। ਇਹ ਜਾਂ ਤਾਂ ਸਮੱਸਿਆ ਨੂੰ ਵਧਾ ਸਕਦਾ ਹੈ ਜਾਂ ਘਟਾ ਸਕਦਾ ਹੈ।
ਲੇਕਿਨ, ਉਦੋਂ ਕੀ ਜਦੋਂ ਸਾਡੇ ਵਿਚਾਰਾਂ ਵਿਚ ਸੱਚ-ਮੁੱਚ ਫ਼ਰਕ ਹੋਵੇ। ਨੌਕਰੀਆਂ ਤੇ ਲੜਾਈ-ਝਗੜੇ ਸੁਲਝਾਉਣੇ (ਅੰਗ੍ਰੇਜ਼ੀ) ਨਾਂ ਦੀ ਕਿਤਾਬ ਇਹ ਚੰਗੀ ਸਲਾਹ ਦਿੰਦੀ ਹੈ: “ਜਦੋਂ ਕਿਸੇ ਨਾਲ ਸਾਡਾ ਝਗੜਾ ਹੁੰਦਾ ਹੈ, . . . ਤਾਂ ਅਸੀਂ ਘੱਟ ਹੀ ਆਪਣੇ ਡੂੰਘੇ ਵਿਚਾਰਾਂ ਅਤੇ ਜਜ਼ਬਾਤਾਂ ਬਾਰੇ ਸੱਚੇ ਦਿਲੋਂ ਅਤੇ ਸਾਫ਼-ਸਾਫ਼ ਗੱਲਬਾਤ ਕਰਦੇ ਹਾਂ।” ਇਸ ਦਾ ਕਾਰਨ ਕੀ ਹੋ ਸਕਦਾ ਹੈ? ਇਹ ਕਿਤਾਬ ਅੱਗੇ ਕਹਿੰਦੀ ਹੈ: “ਸਾਡੇ ਲੜਾਈ-ਝਗੜੇ ਸਾਨੂੰ ਉਲਝਣ ਵਿਚ ਪਾ ਕੇ ਸਾਡੇ ਤੇ ਅਜਿਹਾ ਜਾਦੂ ਕਰਦੇ ਹਨ ਕਿ ਅਸੀਂ ਇਹ ਵਿਸ਼ਵਾਸ ਕਰਨ ਲੱਗ
ਪੈਂਦੇ ਹਾਂ ਕਿ ਲੜਾਈ ਕਰਨ ਤੋਂ ਬਗੈਰ ਇਹ ਸਮੱਸਿਆ ਹੱਲ ਨਹੀਂ ਹੋਵੇਗੀ।”ਤਾਂ ਫਿਰ, ਇਸ ਦਾ ਹੱਲ ਕੀ ਹੈ? ਦੂਸਰਿਆਂ ਦੀ ਗੱਲ ਸੁਣੋ! ਉੱਪਰ ਦੱਸੀ ਗਈ ਕਿਤਾਬ ਕਹਿੰਦੀ ਹੈ: “ਸੱਚੇ ਦਿਲੋਂ ਉਨ੍ਹਾਂ ਲੋਕਾਂ ਦੀ ਗੱਲ ਸੁਣ ਕੇ ਜਿਨ੍ਹਾਂ ਨਾਲ ਸਾਡੀ ਅਣਬਣ ਹੈ, . . . ਅਸੀਂ ਝਗੜੇ ਨੂੰ ਜਾਰੀ ਰੱਖਣ ਦੀ ਇੱਛਾ ਮਿਟਾ ਸਕਦੇ ਹਾਂ ਅਤੇ ਸਮੱਸਿਆ ਨੂੰ ਸੁਲਝਾ ਸਕਦੇ ਹਾਂ।” ਅਣਬਣਾਂ ਅਤੇ ਗ਼ਲਤ-ਫ਼ਹਿਮੀਆਂ ਨੂੰ ਵੱਡੇ ਲੜਾਈ-ਝਗੜੇ ਬਣਨ ਤੋਂ ਰੋਕਣ ਲਈ ਇਹ ਸਲਾਹ ਬਹੁਤ ਹੀ ਚੰਗੀ ਹੈ।
ਤਾਂ ਫਿਰ, ਬੁੱਧੀਮਤਾ ਨਾਲ ਨੌਕਰੀਆਂ ਤੇ ਸੁਰੱਖਿਆ ਦੇ ਮਾਮਲੇ ਵਿਚ ਸਮਝਦਾਰੀ ਵਰਤੋ। ਇਸ ਵਿਚ ਧਿਆਨ ਨਾਲ ਸੁਰੱਖਿਆ ਦੇ ਨਿਯਮਾਂ ਅਨੁਸਾਰ ਚੱਲਣਾ ਸ਼ਾਮਲ ਹੈ। ਇਸ ਤਰ੍ਹਾਂ ਕਰ ਕੇ ਤੁਸੀਂ ਆਪਣੀ ਨੌਕਰੀ ਤੇ ਸਹੀ-ਸਲਾਮਤ ਰਹਿ ਸਕੋਗੇ।
ਇਹ ਵੀ ਕਿਹਾ ਜਾ ਸਕਦਾ ਹੈ ਕਿ ਨੌਕਰੀ ਦੀ ਸਾਡੀ ਚੋਣ ਅਤੇ ਸੁਰੱਖਿਆ ਪ੍ਰਤੀ ਸਾਡਾ ਰਵੱਈਆ, ਇਸ ਉੱਤੇ ਨਿਰਭਰ ਕਰਦਾ ਹੈ ਕਿ ਅਸੀਂ ਜ਼ਿੰਦਗੀ, ਕੰਮ, ਅਤੇ ਦਿਲ ਬਹਿਲਾਵੇ ਬਾਰੇ ਕੀ ਸੋਚਦੇ ਹਾਂ। ਇਨ੍ਹਾਂ ਗੱਲਾਂ ਬਾਰੇ ਚੰਗੇ ਫ਼ੈਸਲੇ ਕਰਨ ਵਿਚ ਅਗਲਾ ਲੇਖ ਸਾਡੀ ਮਦਦ ਕਰੇਗਾ।
[ਸਫ਼ਾ 5 ਉੱਤੇ ਤਸਵੀਰ]
ਡੁੱਲ੍ਹੀਆਂ ਹੋਈਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰੋ
[ਸਫ਼ਾ 7 ਉੱਤੇ ਤਸਵੀਰ]
ਨਰਮ ਜਵਾਬ ਤਣਾਅ-ਭਰੇ ਹਾਲਾਤਾਂ ਨੂੰ ਸ਼ਾਂਤ ਕਰ ਸਕਦਾ ਹੈ