ਮੈਂ ਇੰਨੀ ਚਿੰਤਾ ਕਰਨ ਤੋਂ ਕਿਵੇਂ ਹਟ ਸਕਦੀ ਹਾਂ?
ਨੌਜਵਾਨ ਪੁੱਛਦੇ ਹਨ
ਮੈਂ ਇੰਨੀ ਚਿੰਤਾ ਕਰਨ ਤੋਂ ਕਿਵੇਂ ਹਟ ਸਕਦੀ ਹਾਂ?
“ਨੌਜਵਾਨ ਹੋਰ ਸਾਰੀਆਂ ਗੱਲਾਂ ਨਾਲੋਂ ਜ਼ਿਆਦਾ ਭਵਿੱਖ ਬਾਰੇ ਚਿੰਤਾ ਕਰਦੇ ਹਨ। ਤੁਸੀਂ ਆਪਣੇ ਬਾਰੇ ਚਿੰਤਾ ਕਰਦੇ ਹੋ। ਕੀ ਮੈਨੂੰ ਘਰ ਛੱਡ ਕੇ ਜਾਣਾ ਚਾਹੀਦਾ ਹੈ? ਕੀ ਮੈਨੂੰ ਸਕੂਲੇ ਜਾਣਾ ਚਾਹੀਦਾ ਹੈ? ਕੀ ਮੈਨੂੰ ਪਾਇਨੀਅਰ ਸੇਵਾ ਕਰਨੀ ਚਾਹੀਦੀ ਹੈ? ਕੀ ਮੈਨੂੰ ਵਿਆਹ ਕਰਵਾਉਣਾ ਚਾਹੀਦਾ ਹੈ? ਤੁਹਾਨੂੰ ਇੰਨੇ ਫ਼ੈਸਲੇ ਕਰਨੇ ਪੈਂਦੇ ਹਨ ਕਿ ਤੁਸੀਂ ਘਬਰਾ ਜਾਂਦੇ ਹੋ।”—20 ਸਾਲਾਂ ਦਾ ਸ਼ੈਨ।
ਕੀ ਤੁਸੀਂ ਵੀ ਚਿੰਤਾ ਕਰਦੇ ਹੋ? ਕਈ ਨੌਜਵਾਨ ਵੱਖਰੇ-ਵੱਖਰੇ ਕਾਰਨਾਂ ਕਰਕੇ ਚਿੰਤਾ ਕਰਦੇ ਹਨ। ਇਕ ਸਮਾਚਾਰ-ਪੱਤਰ, ਜੋ ਮਾਪਿਆਂ ਨੂੰ ਸਲਾਹ ਦੇਣ ਵਾਸਤੇ ਛਾਪਿਆ ਗਿਆ ਸੀ, ਨੇ ਇਹ ਰਿਪੋਰਟ ਦਿੱਤੀ ਕਿ “ਕੁਝ ਹੀ ਸਮੇਂ ਪਹਿਲਾਂ ਸੰਸਾਰ ਦਿਆਂ 41 ਦੇਸ਼ਾਂ ਵਿਚ 15 ਤੋਂ 18 ਸਾਲਾਂ ਦੀ ਉਮਰ ਦੇ ਨੌਜਵਾਨਾਂ ਦੇ ਸਰਵੇਖਣ ਤੋਂ ਪਤਾ ਲੱਗਾ ਕਿ ਚੰਗੀ ਨੌਕਰੀ ਭਾਲਣੀ ਉਨ੍ਹਾਂ ਦੀ ਸਭ ਤੋਂ ਵੱਡੀ ਚਿੰਤਾ ਸੀ।” ਦੂਸਰੀ ਵੱਡੀ ਚਿੰਤਾ ਉਨ੍ਹਾਂ ਦੇ ਮਾਪਿਆਂ ਦੀ ਸਿਹਤ ਦੀ ਸੀ। ਬਹੁਤ ਨੌਜਵਾਨ ਆਪਣੇ ਕਿਸੇ ਪਿਆਰੇ ਦੀ ਮੌਤ ਹੋਣ ਤੋਂ ਵੀ ਡਰਦੇ ਹਨ।
ਅਮਰੀਕਾ ਵਿਚ ਇਕ ਸਿੱਖਿਆ ਵਿਭਾਗ ਦੇ ਸਰਵੇਖਣ ਤੋਂ ਪਤਾ ਲੱਗਾ ਕਿ ਅਮਰੀਕਾ ਦੇ ਨੌਜਵਾਨਾਂ ਉੱਤੇ “ਪੜ੍ਹਾਈ ਵਿਚ ਚੰਗੇ ਨੰਬਰ ਹਾਸਲ ਕਰਨ ਦਾ ਬਹੁਤ ਹੀ ਦਬਾਅ ਹੈ।” ਇਹ ਉਨ੍ਹਾਂ ਲਈ ਇਕ ਵੱਡੀ ਚਿੰਤਾ ਦਾ ਕਾਰਨ ਹੈ। ਇਸੇ ਸਰਵੇਖਣ ਤੋਂ ਜ਼ਾਹਰ ਹੁੰਦਾ ਹੈ ਕਿ ਬਹੁਤ ਸਾਰੇ ਜਵਾਨ ਲੋਕ ਸ਼ੈਨ ਵਾਂਗ ਮਹਿਸੂਸ ਕਰਦੇ ਹਨ (ਜਿਸ ਦਾ ਸ਼ੁਰੂ ਵਿਚ ਜ਼ਿਕਰ ਕੀਤਾ ਗਿਆ ਸੀ)। ਐਸ਼ਲੀ ਨਾਂ ਦੀ ਇਕ ਲੜਕੀ ਕਹਿੰਦੀ ਹੈ: “ਮੈਂ ਆਪਣੇ ਭਵਿੱਖ ਬਾਰੇ ਫ਼ਿਕਰ ਕਰਦੀ ਹਾਂ।”
ਦੂਸਰੇ ਜਵਾਨ ਲੋਕ ਆਪਣੀ ਸਲਾਮਤੀ ਬਾਰੇ ਫ਼ਿਕਰ ਕਰਦੇ ਹਨ। ਸਾਲ 1996 ਦੇ ਇਕ ਸਰਵੇਖਣ ਅਨੁਸਾਰ, ਅਮਰੀਕਾ ਵਿਚ ਲਗਭਗ 50 ਫੀ ਸਦੀ ਨੌਜਵਾਨ ਮਹਿਸੂਸ ਕਰਦੇ ਸਨ ਕਿ ਉਨ੍ਹਾਂ ਦੇ ਸਕੂਲ ਵਿਚ ਹਿੰਸਾ ਵੱਧ ਰਹੀ ਸੀ। ਅੱਸੀ ਲੱਖ ਨੌਜਵਾਨਾਂ ਨੇ (37 ਫੀ ਸਦੀ) ਦੱਸਿਆ ਹੈ ਕਿ ਉਹ ਕਿਸੇ-ਨ-ਕਿਸੇ ਨੂੰ ਜਾਣਦੇ ਸਨ ਜਿਸ ਨੂੰ ਗੋਲੀ ਮਾਰੀ ਗਈ ਸੀ!
ਪਰ ਹਰ ਚਿੰਤਾ ਇੰਨੀ ਭਿਆਨਕ ਨਹੀਂ ਹੁੰਦੀ। ਅਨੇਕ ਨੌਜਵਾਨਾਂ ਨੂੰ ਹਾਣੀਆਂ ਨਾਲ ਆਪਣੇ ਮੇਲ-ਜੋਲ ਬਾਰੇ ਚਿੰਤਾ ਹੁੰਦੀ ਹੈ। ਇੰਟਰਨੈੱਟ ਤੇ ਇਕ ਮੈਗਜ਼ੀਨ ਵਿਚ ਮਾਪਿਆਂ ਨੂੰ ਇਹ ਦੱਸਿਆ ਗਿਆ ਸੀ: “ਜਵਾਨ ਲੋਕ ਇਹ ਚਿੰਤਾ ਜ਼ਰੂਰ ਕਰਦੇ ਹਨ ਕਿ ਉਨ੍ਹਾਂ ਦਾ ਬੁਆਏ-ਫ੍ਰੈਂਡ ਜਾਂ ਗਰਲ-ਫ੍ਰੈਂਡ ਹੋਵੇ, ਪਰ ਇਸ ਤੋਂ ਵੀ ਵੱਡੀ ਚਿੰਤਾ ਇਹ ਹੁੰਦੀ ਹੈ ਕਿ ਉਨ੍ਹਾਂ ਦਾ ਕੋਈ ਤਾਂ ਦੋਸਤ-ਮਿੱਤਰ ਹੋਵੇ।” ਮੇਗਨ ਨਾਂ ਦੀ ਲੜਕੀ ਫ਼ਿਕਰ ਕਰਦੀ ਹੈ ਕਿ “ਮੈਂ ਫ਼ੈਸ਼ਨਦਾਰ ਕਿਸ ਤਰ੍ਹਾਂ ਹੋ ਸਕਦੀ ਹਾਂ? ਮੈਨੂੰ ਕੁਝ ਸਹੇਲੀਆਂ ਦੀ ਲੋੜ ਹੈ।” ਇਸੇ ਤਰ੍ਹਾਂ 15 ਸਾਲਾਂ ਦਾ ਇਕ ਮਸੀਹੀ ਭਰਾ ਜਿਸ ਦਾ ਨਾਂ ਨਾਟਾਨੇਲ ਹੈ, ਦੱਸਦਾ ਹੈ: “ਸਕੂਲੇ ਬੱਚੇ ਫ਼ੈਸ਼ਨ ਬਾਰੇ ਚਿੰਤਾ ਕਰਦੇ ਹਨ। ਉਹ ਇਸ ਬਾਰੇ ਫ਼ਿਕਰ ਕਰਦੇ ਹਨ ਕਿ ਹੋਰਨਾਂ ਨੂੰ ਉਨ੍ਹਾਂ ਦੀ ਚਾਲ-ਢਾਲ, ਬੋਲੀ, ਅਤੇ ਦਿੱਖ ਕਿਵੇਂ ਲੱਗਦੀ ਹੈ। ਉਹ ਡਰਦੇ ਹਨ ਕਿ ਕਿੱਤੇ ਉਨ੍ਹਾਂ ਦਾ ਮਜ਼ਾਕ ਨਾ ਉਡਾਇਆ ਜਾਵੇਗਾ।”
ਮੁਸ਼ਕਲਾਂ ਜੀਵਨ ਦਾ ਹਿੱਸਾ ਹਨ
ਕਿੰਨਾ ਚੰਗਾ ਹੁੰਦਾ ਜੇਕਰ ਜੀਵਨ ਵਿਚ ਸਾਨੂੰ ਚਿੰਤਾ ਕਰਨ ਦੀ ਲੋੜ ਨਾ ਹੁੰਦੀ। ਪਰ ਬਾਈਬਲ ਕਹਿੰਦੀ ਹੈ: “ਆਦਮੀ ਜੋ ਤੀਵੀਂ ਤੋਂ ਜੰਮਦਾ ਹੈ ਥੋੜਿਆਂ ਦਿਨਾਂ ਦਾ ਹੈ ਅਤੇ ਬਿਪਤਾ ਨਾਲ ਭਰਿਆ ਹੋਇਆ ਹੈ।” (ਅੱਯੂਬ 14:1) ਜੀ ਹਾਂ, ਮੁਸ਼ਕਲਾਂ ਅਤੇ ਉਨ੍ਹਾਂ ਕਾਰਨ ਚਿੰਤਾਵਾਂ ਸਾਡੇ ਜੀਵਨ ਵਿਚ ਆਉਣੀਆਂ ਹੀ ਆਉਣੀਆਂ ਹਨ। ਪਰ ਜੇ ਤੁਸੀਂ ਚਿੰਤਾਵਾਂ ਅਤੇ ਬੇਚੈਨੀ ਨੂੰ ਆਪਣੀ ਸੋਚਣੀ ਉੱਤੇ ਦਬਾਅ ਪਾਉਣ ਦੇਵੋਗੇ ਤਾਂ ਤੁਹਾਡੀ ਸਿਹਤ ਉੱਤੇ ਬੁਰਾ ਅਸਰ ਪੈ ਸਕਦਾ ਹੈ। ਬਾਈਬਲ ਚੇਤਾਵਨੀ ਦਿੰਦੀ ਹੈ: “ਮਨੁੱਖ ਦੇ ਦਿਲ ਵਿੱਚ ਚਿੰਤਾ ਉਹ ਨੂੰ ਝੁਕਾ ਦਿੰਦੀ ਹੈ।”—ਕਹਾਉਤਾਂ 12:25.
ਤੁਸੀਂ ਆਪਣੇ ਚਾਲ-ਚੱਲਣ ਉੱਤੇ ਧਿਆਨ ਰੱਖ ਕੇ ਫਜ਼ੂਲ ਗੱਲਾਂ ਬਾਰੇ ਚਿੰਤਾ ਕਰਨ ਤੋਂ ਬਚ ਸਕਦੇ ਹੋ। ਸੋਲਾਂ ਸਾਲਾਂ ਦੀ ਆਨਾ ਕਹਿੰਦੀ ਹੈ: “ਮੇਰੀ ਕਲਾਸ ਵਿਚ ਕਈ ਲੜਕੀਆਂ ਡਰਦੀਆਂ ਹਨ ਕਿ ਕਿਤੇ ਉਹ ਗਰਭਵਤੀ ਨਾ ਹੋ ਜਾਣ ਜਾਂ ਉਨ੍ਹਾਂ ਨੂੰ ਕੋਈ ਲਿੰਗੀ ਰੋਗ ਨਾ ਲੱਗ ਜਾਵੇ।” ਪਰ ਬਾਈਬਲ ਦੇ ਨੈਤਿਕ ਮਿਆਰਾਂ ਤੇ ਚੱਲ ਕੇ ਤੁਸੀਂ ਅਜਿਹੀਆਂ ਚਿੰਤਾਵਾਂ ਤੋਂ ਬਚ ਸਕਦੇ ਹੋ। (ਗਲਾਤੀਆਂ 6:7) ਫਿਰ ਵੀ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਇੰਨਾ ਆਸਾਨ ਨਹੀਂ ਹੋਵੇਗਾ। ਤਾਂ ਫਿਰ ਤੁਸੀਂ ਇੰਨੀ ਚਿੰਤਾ ਕਰਨ ਤੋਂ ਕਿਵੇਂ ਹਟ ਸਕਦੇ ਹੋ?
“ਸਿਰਫ਼ ਜ਼ਰੂਰੀ ਗੱਲਾਂ ਬਾਰੇ ਚਿੰਤਾ ਕਰੋ”
ਕਈ ਲੋਕ ਇੰਨੀ ਚਿੰਤਾ ਕਰਦੇ ਹਨ ਕਿ ਉਹ ਕੁਝ ਕਰਨ ਦੇ ਯੋਗ ਨਹੀਂ ਰਹਿੰਦੇ। ਪਰ ਨੌਜਵਾਨਾਂ ਨੂੰ ਇਕ ਰਸਾਲੇ ਵਿਚ ਇਹ ਸਲਾਹ ਦਿੱਤੀ ਗਈ ਸੀ ਕਿ “ਸਿਰਫ਼ ਜ਼ਰੂਰੀ ਗੱਲਾਂ ਬਾਰੇ ਚਿੰਤਾ ਕਰੋ,” ਉਹ ਗੱਲਾਂ ਜਿਨ੍ਹਾਂ ਬਾਰੇ ਤੁਸੀਂ ਕੁਝ ਕਰ ਸਕਦੇ ਹੋ! ਇਸ ਤਰ੍ਹਾਂ ਕਰਨ ਲਈ ਬਾਈਬਲ ਤੁਹਾਨੂੰ ਕਈ ਸਿਧਾਂਤ ਦਿੰਦੀ ਹੈ। ਕਹਾਉਤਾਂ 21:5 ਵੱਲ ਧਿਆਨ ਦਿਓ: “ਮਿਹਨਤੀ ਮਨੁੱਖ ਦੀਆਂ ਯੋਜਨਾਵਾਂ ਸਫਲ ਹੁੰਦੀਆਂ ਹਨ।” (ਪਵਿੱਤਰ ਬਾਈਬਲ ਨਵਾਂ ਅਨੁਵਾਦ) ਮਿਸਾਲ ਲਈ, ਸ਼ਾਇਦ ਤੁਸੀਂ ਕਲੀਸਿਯਾ ਦੇ ਕੁਝ ਭੈਣਾਂ-ਭਰਾਵਾਂ ਨੂੰ ਆਪਣੇ ਘਰ ਬੁਲਾਉਣਾ ਚਾਹੁੰਦੇ ਹੋ। ਜੇਕਰ ਤੁਸੀਂ ਚੰਗੀ ਤਿਆਰੀ ਕਰੋਗੇ ਤਾਂ ਤੁਸੀਂ ਫ਼ਜ਼ੂਲ ਚਿੰਤਾ ਤੋਂ ਬਚੋਗੇ। ਆਪਣੇ ਆਪ ਤੋਂ ਪੁੱਛੋ, ‘ਮੈਂ ਕਿਹਨੂੰ ਬੁਲਾਵਾਂ? ਉਨ੍ਹਾਂ ਨੂੰ ਕਿੰਨੇ ਵਜੇ ਬੁਲਾਉਣਾ ਹੈ? ਉਹ ਕਿੰਨੇ ਚਿਰ ਲਈ ਰਹਿਣਗੇ? ਖਾਣ-ਪੀਣ ਲਈ ਕਿੰਨਾ ਕੁ ਸਮਾਨ ਚਾਹੀਦਾ ਹੈ? ਕਿਹੜੀਆਂ ਖੇਡਾਂ ਖੇਡੀਆਂ ਜਾ ਸਕਦੀਆਂ ਹਨ ਜੋ ਸਾਰਿਆਂ ਨੂੰ ਪਸੰਦ ਆਉਣਗੀਆਂ?’ ਸਾਰਾ ਕੁਝ ਚੰਗੀ ਤਰ੍ਹਾਂ ਸੋਚ-ਸਮਝ ਕੇ ਕਰਨ ਨਾਲ ਤੁਹਾਡੀ ਪਾਰਟੀ ਬਿਲਕੁਲ ਠੀਕ-ਠਾਕ ਹੋਵੇਗੀ।
ਪਰ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਦੀ ਤਿਆਰੀ ਕਰਨ ਵਿਚ ਚਿੰਤਾ ਪੈਦਾ ਕਰ ਸਕਦੇ ਹੋ। ਯਿਸੂ ਮਸੀਹ ਨੇ ਇਕ ਔਰਤ ਨੂੰ ਇਹ ਸਲਾਹ ਦਿੱਤੀ ਸੀ, ਜਿਸ ਨੇ ਆਪਣਿਆਂ ਪਰਾਹੁਣਿਆਂ ਦੀ ਦੇਖ-ਭਾਲ ਕਰਨ ਵਿਚ ਜ਼ਰੂਰਤ ਤੋਂ ਜ਼ਿਆਦਾ ਜਾਨ ਮਾਰੀ ਸੀ: ‘ਸਿਰਫ਼ ਇੱਕ ਚੀਜ਼ ਦੀ ਲੋੜ ਹੈ।’ (ਲੂਕਾ 10:42) ਤਾਂ ਫਿਰ ਤੁਸੀਂ ਆਪਣੇ ਆਪ ਤੋਂ ਪੁੱਛ ਸਕਦੇ ਹੋ, ‘ਇਸ ਮੌਕੇ ਨੂੰ ਕਾਮਯਾਬ ਬਣਾਉਣ ਲਈ ਕਿਸ ਗੱਲ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੈ?’ ਜ਼ਿਆਦਾ ਕੰਮ ਵਧਾਉਣ ਦੀ ਬਜਾਇ ਇਕ ਛੋਟੀ ਜਿਹੀ ਪਾਰਟੀ ਰੱਖਣ ਨਾਲ ਤੁਸੀਂ ਆਪਣੀ ਚਿੰਤਾ ਨੂੰ ਘੱਟ ਕਰੋਗੇ।
ਸਕੂਲ ਵਿਚ ਤੁਹਾਡੀ ਸਲਾਮਤੀ ਵੀ ਚਿੰਤਾ ਦਾ ਕਾਰਨ ਬਣ ਸਕਦੀ ਹੈ। ਤੁਸੀਂ ਸ਼ਾਇਦ ਆਪਣੀ ਸਥਿਤੀ ਬਦਲਣ ਲਈ ਕੁਝ ਨਾ ਕਰ ਸਕੋ। ਪਰ ਤੁਸੀਂ ਆਪਣੀ ਰੱਖਿਆ ਕਰਨ ਲਈ ਕਦਮ ਜ਼ਰੂਰ ਚੁੱਕ ਸਕਦੇ ਹੋ। ਕਹਾਉਤਾਂ 22:3 ਦੱਸਦਾ ਹੈ ਕਿ “ਸਿਆਣਾ ਤਾਂ ਬਿਪਤਾ ਨੂੰ ਵੇਖ ਕੇ ਲੁਕ ਜਾਂਦਾ ਹੈ।” ਖ਼ਤਰਨਾਕ ਥਾਵਾਂ ਤੋਂ ਦੂਰ ਰਹਿਣ ਨਾਲ ਤੁਸੀਂ ਆਪਣੇ ਆਪ ਨੂੰ ਮੁਸੀਬਤ ਤੋਂ ਬਚਾ ਸਕਦੇ ਹੋ। ਤੁਹਾਨੂੰ ਸਿਰਫ਼ ਇਕਾਂਤ ਥਾਵਾਂ ਤੋਂ ਹੀ ਦੂਰ ਨਹੀਂ ਰਹਿਣਾ ਚਾਹੀਦਾ ਪਰ ਉਨ੍ਹਾਂ ਥਾਵਾਂ ਤੋਂ ਵੀ ਦੂਰ ਰਹਿਣਾ ਚਾਹੀਦਾ ਹੈ ਜਿੱਥੇ ਕੋਈ ਨਿਗਰਾਨੀ ਨਾ ਹੋਣ ਕਰਕੇ ਸ਼ਰਾਰਤੀ ਬੱਚੇ ਆਮ ਤੌਰ ਤੇ ਇਕੱਠੇ ਹੁੰਦੇ ਹਨ।
ਸਕੂਲ ਦਾ ਕੰਮ ਵੀ ਫ਼ਿਕਰ ਦਾ ਕਾਰਨ ਬਣ ਸਕਦਾ ਹੈ। ਹੋ ਸਕਦਾ ਹੈ ਕਿ ਤੁਹਾਡੇ ਕੋਲ ਸਕੂਲ ਦਾ ਬਹੁਤ ਹੀ ਕੰਮ ਹੋਵੇ ਅਤੇ ਤੁਹਾਨੂੰ ਸਭ ਕੁਝ ਸਮੇਂ ਸਿਰ ਪੂਰਾ ਕਰਨ ਦੀ ਚਿੰਤਾ ਲੱਗੀ ਹੋਵੇ। ਫ਼ਿਲਿੱਪੀਆਂ 1:10 ਵਿਚ ਪਾਇਆ ਗਿਆ ਸਿਧਾਂਤ ਤੁਹਾਡੀ ਮਦਦ ਕਰ ਸਕਦਾ ਹੈ ਕਿ ‘ਜ਼ਿਆਦਾ ਮਹੱਤਵਪੂਰਣ ਗੱਲਾਂ ਵੱਲ ਧਿਆਨ ਦੇਵੋ।’ (ਨਿ ਵ) ਜੀ ਹਾਂ, ਸਭ ਤੋਂ ਜ਼ਰੂਰੀ ਕੰਮ ਪਹਿਲਾਂ ਕਰਨ ਦੀ ਆਦਤ ਪਾਓ! ਆਪਣੇ ਸਕੂਲ ਦੇ ਕੰਮ ਵਿੱਚੋਂ ਜਿਸ ਕੰਮ ਨੂੰ ਪਹਿਲਾਂ ਪੇਸ਼ ਕਰਨ ਦੀ ਲੋੜ ਹੈ ਉਸ ਨੂੰ ਪਹਿਲਾਂ ਪੂਰਾ ਕਰੋ, ਅਤੇ ਇਸ ਤੋਂ ਬਾਅਦ ਦੂਸਰਾ ਅਤੇ ਤੀਸਰਾ। ਫਿਰ ਤੁਸੀਂ ਦੇਖੋਗੇ ਕਿ ਤੁਹਾਡਾ ਕੰਮ ਹੌਲੀ-ਹੌਲੀ ਹੁੰਦਾ ਜਾਵੇਗਾ ਅਤੇ ਤੁਹਾਡੀ ਪਰੇਸ਼ਾਨੀ ਘੱਟਦੀ ਜਾਵੇਗਾ।
ਸਲਾਹ ਭਾਲੋ
ਜਦੋਂ ਏਰਨ ਜਵਾਨ ਸੀ ਉਸ ਨੂੰ ਆਪਣੇ ਆਖ਼ਰੀ ਇਮਤਿਹਾਨ ਪਾਸ ਕਰਨ ਦੀ ਇੰਨੀ ਚਿੰਤਾ ਸੀ ਕਿ ਉਸ ਦੀ ਛਾਤੀ ਵਿਚ ਬਹੁਤ ਹੀ ਦਰਦ ਹੋਣ ਲੱਗ ਪਿਆ। ਉਹ ਯਾਦ ਕਰਦਾ ਹੈ: “ਮੈਂ ਆਪਣੇ ਮਾਪਿਆਂ ਨਾਲ ਗੱਲ ਕੀਤੀ, ਅਤੇ ਉਨ੍ਹਾਂ ਨੇ ਮੈਨੂੰ ਡਾਕਟਰ ਕੋਲ ਘੱਲਿਆ। ਡਾਕਟਰ ਨੂੰ ਇਕਦਮ ਪਤਾ ਲੱਗ ਗਿਆ ਕਿ ਮੈਨੂੰ ਆਪਣੇ ਦਿਲ ਬਾਰੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਸੀ। ਉਸ ਨੇ ਮੈਨੂੰ ਸਮਝਾਇਆ ਕਿ ਪਰੇਸ਼ਾਨੀ ਦੇ ਕਾਰਨ ਸਿਹਤ ਉੱਤੇ ਬੁਰਾ ਅਸਰ ਪੈ ਸਕਦਾ ਹੈ। ਬਾਅਦ ਵਿਚ ਮੇਰੇ ਮਾਪਿਆਂ ਨੇ ਵੀ ਮੈਨੂੰ ਸਮਝਾਇਆ ਕਿ ਇਮਤਿਹਾਨਾਂ ਦੀ ਤਿਆਰੀ ਕਰਨ ਵਿਚ ਮੈਂ ਜੋ ਕਰ ਸਕਦਾ ਸੀ ਉਹ ਕਰ ਚੁੱਕਾ ਸੀ, ਤਾਂ ਹੁਣ ਮੈਨੂੰ ਆਪਣੀ ਸਿਹਤ ਦਾ ਖ਼ਿਆਲ ਰੱਖਣ ਦੀ ਜ਼ਰੂਰਤ ਸੀ। ਇਸ ਨਾਲ ਮੇਰੀ ਪਰੇਸ਼ਾਨੀ ਹੌਲੀ-ਹੌਲੀ ਦੂਰ ਹੋਈ ਅਤੇ ਦਰਦ ਘਟਣ ਲੱਗਾ, ਅਤੇ ਮੈਨੂੰ ਇਮਤਿਹਾਨਾਂ ਵਿਚ ਵੀ ਚੰਗੇ ਨੰਬਰ ਮਿਲੇ।
ਕਹਾਉਤਾਂ 12:25 ਦਾ ਪਹਿਲਾਂ ਵੀ ਜ਼ਿਕਰ ਕੀਤਾ ਗਿਆ ਸੀ, ਪਰ ਪੂਰੀ ਆਇਤ ਇਹ ਕਹਿੰਦੀ ਹੈ: “ਮਨੁੱਖ ਦੇ ਦਿਲ ਵਿੱਚ ਚਿੰਤਾ ਉਹ ਨੂੰ ਝੁਕਾ ਦਿੰਦੀ ਹੈ, ਪਰ ਚੰਗਾ ਬਚਨ ਉਹ ਨੂੰ ਅਨੰਦ ਕਰ ਦਿੰਦਾ ਹੈ।” ਤੁਹਾਨੂੰ ‘ਚੰਗੇ ਬਚਨ’ ਤੋਂ ਹੌਸਲਾ ਸਿਰਫ਼ ਉਦੋਂ ਹੀ ਮਿਲ ਸਕਦਾ ਹੈ ਜਦੋਂ ਤੁਸੀਂ ਆਪਣੀ “ਚਿੰਤਾ” ਬਾਰੇ ਕਿਸੇ ਨੂੰ ਦੱਸਦੇ ਹੋ!
ਜੇਕਰ ਤੁਹਾਨੂੰ ਕਿਸੇ ਵੀ ਗੱਲ ਦੀ ਚਿੰਤਾ ਹੋਵੇ, ਤਾਂ ਕਿਉਂ ਨਾ ਕਿਸੇ ਦੇ ਨਾਲ ਗੱਲ ਕਰੋ।ਪਹਿਲਾਂ ਤੁਸੀਂ ਸ਼ਾਇਦ ਆਪਣੇ ਮਾਪਿਆਂ ਨਾਲ ਗੱਲ ਕਰਨੀ ਚਾਹੋ; ਉਹ ਸ਼ਾਇਦ ਤੁਹਾਨੂੰ ਕੋਈ ਚੰਗੀ ਸਲਾਹ ਦੇਣ। ਮਸੀਹੀ ਕਲੀਸਿਯਾ ਵਿਚ ਰੂਹਾਨੀ ਤੌਰ ਤੇ ਸਿਆਣੇ ਭੈਣ-ਭਰਾ ਵੀ ਤੁਹਾਡੀ ਮਦਦ ਕਰ ਸਕਦੇ ਹਨ। ਪੰਦਰਾਂ ਸਾਲਾਂ ਦੀ ਜਨੈਲ ਦੱਸਦੀ ਹੈ: “ਮੈਨੂੰ ਵੱਡੇ ਸਕੂਲ ਜਾਣ ਦਾ ਬਹੁਤ ਹੀ ਫ਼ਿਕਰ ਸੀ। ਮੈਨੂੰ ਚਿੰਤਾ ਸੀ ਕਿ ਮੈਂ ਡ੍ਰੱਗਜ਼, ਸੈਕਸ, ਅਤੇ ਹਿੰਸਾ ਦਾ ਸਾਮ੍ਹਣਾ ਕਿਵੇਂ ਕਰਾਂਗੀ? ਫਿਰ ਮੈਂ ਕਲੀਸਿਯਾ ਦੇ ਇਕ ਬਜ਼ੁਰਗ ਨਾਲ ਗੱਲ ਕੀਤੀ। ਉਸ ਨੇ ਮੈਨੂੰ ਕਾਫ਼ੀ ਚੰਗੀ ਸਲਾਹ ਦਿੱਤੀ। ਅਤੇ ਇਸ ਤੋਂ ਬਾਅਦ ਮੇਰੀ ਪਰੇਸ਼ਾਨੀ ਘੱਟ ਗਈ ਕਿਉਂਕਿ ਮੈਨੂੰ ਹੁਣ ਪਤਾ ਸੀ ਕਿ ਮੈਂ ਇਸ ਸਥਿਤੀ ਦਾ ਸਾਮ੍ਹਣਾ ਕਰ ਸਕਦੀ ਸੀ।”
ਕੰਮ ਵਿਚ ਢਿੱਲ-ਮੱਠ ਨਾ ਕਰੋ
ਕਈ ਵਾਰ ਸਾਨੂੰ ਅਜਿਹਾ ਕੋਈ ਕੰਮ ਹੁੰਦਾ ਹੈ ਜਿਸ ਨੂੰ ਅਸੀਂ ਟਾਲਦੇ ਰਹਿੰਦੇ ਹਾਂ, ਕਿਉਂਕਿ ਅਸੀਂ ਉਹ ਕੰਮ ਕਰਨਾ ਨਹੀਂ ਚਾਹੁੰਦੇ। ਮਿਸਾਲ ਲਈ, 19 ਸਾਲਾਂ ਦੀ ਸ਼ਵੋਨ ਅਤੇ ਇਕ ਮਸੀਹੀ ਭਰਾ ਦੇ ਆਪਸ ਵਿਚ ਅਣਬਣ ਹੋਈ। ਉਹ ਜਾਣਦੀ ਸੀ ਕਿ ਉਸ ਨੂੰ ਭਰਾ ਦੇ ਨਾਲ ਗੱਲ ਕਰਨੀ ਚਾਹੀਦੀ ਸੀ, ਪਰ ਉਹ ਢਿੱਲ-ਮੱਠ ਕਰ ਰਹੀ ਸੀ। ਉਸ ਦੱਸਦੀ ਹੈ ਕਿ “ਜਿੰਨਾ ਜ਼ਿਆਦਾ ਚਿਰ ਮੈਂ ਗੱਲ ਟਾਲਦੀ ਸੀ ਉੱਨਾ ਹੀ ਜ਼ਿਆਦਾ ਮੈਂ ਪਰੇਸ਼ਾਨ ਹੁੰਦੀ ਰਹੀ।” ਫਿਰ ਸ਼ਵੋਨ ਨੇ ਮੱਤੀ 5:23, 24 ਵਿਚ ਯਿਸੂ ਦੇ ਸ਼ਬਦ ਯਾਦ ਕੀਤੇ, ਜਿੱਥੇ ਮਸੀਹੀਆਂ ਨੂੰ ਆਪਸ ਵਿਚ ਅਣਬਣ ਜਲਦੀ ਸੁਲਝਾਉਣ ਦੀ ਸਲਾਹ ਦਿੱਤੀ ਗਈ ਹੈ। ਸ਼ਵੋਨ ਦੱਸਦੀ ਹੈ ਕਿ “ਜਦੋਂ ਮੈਂ ਅਖ਼ੀਰ ਵਿਚ ਉਸ ਭਰਾ ਨਾਲ ਗੱਲ ਕੀਤੀ, ਤਾਂ ਮੇਰੀ ਪਰੇਸ਼ਾਨੀ ਦੂਰ ਹੋ ਗਈ।”
ਕੀ ਤੁਸੀਂ ਵੀ ਕਿਸੇ ਕੰਮ ਨੂੰ ਟਾਲ ਰਹੇ ਹੋ—ਕੋਈ ਅਜਿਹਾ ਕੰਮ ਜੋ ਤੁਸੀਂ ਕਰਨਾ ਨਹੀਂ ਚਾਹੁੰਦੇ ਜਿਵੇਂ ਕਿ ਕਿਸੇ ਨਾਲ ਸੁਲ੍ਹਾ ਕਰਨ ਲਈ ਕਦਮ ਚੁੱਕਣਾ? ਤਾਂ ਫਿਰ ਤੁਹਾਨੂੰ ਮਾਮਲਾ ਸੁਲਝਾਉਣ ਲਈ ਜਲਦੀ ਕਦਮ ਚੁੱਕਣੇ ਚਾਹੀਦੇ ਹਨ, ਅਤੇ ਇਸ ਨਾਲ ਤੁਹਾਡੀ ਚਿੰਤਾ ਘੱਟ ਜਾਵੇਗੀ।
ਗੰਭੀਰ ਮਾਮਲੇ
ਹਰ ਮਾਮਲਾ ਇੰਨੀ ਆਸਾਨੀ ਨਾਲ ਨਹੀਂ ਸੁਲਝਾਇਆ ਜਾਂਦਾ। ਆਬਦੂਰ ਨਾਂ ਦੇ ਇਕ ਗੱਭਰੂ ਦੀ ਉਦਾਹਰਣ ਵੱਲ ਧਿਆਨ ਦਿਓ। ਉਸ ਦੀ ਮਾਂ ਨੂੰ ਕੈਂਸਰ ਹੈ, ਅਤੇ ਉਸ ਨੂੰ ਨੌਕਰੀ ਕਰ ਕੇ ਆਪਣੀ ਮਾਂ ਅਤੇ ਛੋਟੇ ਭਰਾ ਦੀ ਦੇਖ-ਭਾਲ ਕਰਨੀ ਪੈਂਦੀ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਆਬਦੂਰ ਨੂੰ ਆਪਣੀ ਮਾਂ ਦੀ ਹਾਲਤ ਬਾਰੇ ਬਹੁਤ ਹੀ ਚਿੰਤਾ ਹੈ। ਪਰ ਉਹ ਕਹਿੰਦਾ ਹੈ: “ਮੈਂ ਯਿਸੂ ਦਿਆਂ ਸ਼ਬਦਾਂ ਨੂੰ ਮਨ ਵਿਚ ਰੱਖਦਾ ਹਾਂ ਕਿ ‘ਤੁਹਾਡੇ ਵਿੱਚੋਂ ਉਹ ਕਿਹੜਾ ਹੈ ਜਿਹੜਾ ਚਿੰਤਾ ਕਰ ਕੇ ਆਪਣੀ ਉਮਰ ਨੂੰ ਇੱਕ ਪਲ ਵਧਾ ਸੱਕਦਾ ਹੈ?’ ਫ਼ਿਕਰ ਨਾਲ ਪਾਗਲ ਹੋਣ ਦੀ ਬਜਾਇ, ਮੈਂ ਸੋਚ-ਸਮਝ ਕੇ ਉਹ ਕਰਨ ਦੀ ਕੋਸ਼ਿਸ਼ ਕਰਦਾ ਹਾਂ ਜਿਸ ਦਾ ਸਭ ਤੋਂ ਵਧੀਆ ਨਤੀਜਾ ਹੋਵੇਗਾ।”—ਮੱਤੀ 6:27.
ਸੰਕਟ ਦੇ ਸਮੇਂ ਵਿਚ ਸ਼ਾਂਤ ਰਹਿਣਾ ਸੌਖਾ ਨਹੀਂ ਹੈ। ਕਈ ਤਾਂ ਇੰਨੇ ਘਬਰਾ ਜਾਂਦੇ ਹਨ ਕਿ ਉਹ ਆਪਣੀ ਸਿਹਤ ਦਾ ਜ਼ਰਾ ਵੀ ਖ਼ਿਆਲ ਨਹੀਂ ਰੱਖਦੇ, ਕਦੀ-ਕਦੀ ਉਹ ਖਾਣਾ ਵੀ ਬੰਦ ਕਰ ਦਿੰਦੇ ਹਨ। ਪਰ, ਤਣਾਅ ਦਾ ਸਾਮ੍ਹਣਾ ਕਰਨ ਵਿਚ ਆਪਣੇ ਨੌਜਵਾਨ ਬੱਚੇ ਦੀ ਮਦਦ ਕਰਨੀ ਨਾਮਕ ਅੰਗ੍ਰੇਜ਼ੀ ਪੁਸਤਕ ਇਹ ਚੇਤਾਵਨੀ ਦਿੰਦੀ ਹੈ ਕਿ ਜਦੋਂ ਤੁਸੀਂ ਆਪਣੇ ਸਰੀਰ ਨੂੰ ਸਹੀ ਖ਼ੁਰਾਕ ਨਹੀਂ ਦਿੰਦੇ, ਤਾਂ ਤੁਸੀਂ “ਤਣਾਅ ਦਾ ਸਾਮ੍ਹਣਾ ਕਰਨ ਦੇ ਯੋਗ ਨਹੀਂ ਹੋਵੋਗੇ ਅਤੇ ਤੁਹਾਡੀ ਸਿਹਤ ਜ਼ਿਆਦਾ ਖ਼ਰਾਬ ਹੋ ਸਕਦੀ ਹੈ।” ਇਸ ਲਈ ਚੰਗੀ ਤਰ੍ਹਾਂ ਖਾਣ-ਪੀਣ ਅਤੇ ਆਰਾਮ ਕਰਨ ਦੁਆਰਾ ਆਪਣੀ ਸਿਹਤ ਦੀ ਦੇਖ-ਭਾਲ ਕਰੋ।
ਤੁਹਾਨੂੰ ਸਭ ਤੋਂ ਜ਼ਿਆਦਾ ਆਰਾਮ ਬਾਈਬਲ ਦੀ ਇਸ ਸਲਾਹ ਉੱਤੇ ਚੱਲਣ ਨਾਲ ਮਿਲੇਗਾ: “ਆਪਣਾ ਭਾਰ ਯਹੋਵਾਹ ਉੱਤੇ ਸੁੱਟ, ਅਤੇ ਉਹ ਤੈਨੂੰ ਸੰਭਾਲੇਗਾ, ਓਹ ਧਰਮੀ ਨੂੰ ਕਦੇ ਡੋਲਣ ਨਾ ਦੇਵੇਗਾ।” (ਜ਼ਬੂਰ 55:22) ਸ਼ੈਨ, ਜਿਸ ਦਾ ਸ਼ੁਰੂ ਵਿਚ ਜ਼ਿਕਰ ਕੀਤਾ ਗਿਆ ਸੀ, ਆਪਣੇ ਭਵਿੱਖ ਬਾਰੇ ਚਿੰਤਾ ਕਰ ਰਿਹਾ ਸੀ। ਉਹ ਯਾਦ ਕਰਦਾ ਹੈ ਕਿ “ਮੈਂ ਪਰਮੇਸ਼ੁਰ ਦੇ ਬਚਨ ਅਤੇ ਉਸ ਦੇ ਮਕਸਦ ਵੱਲ ਜ਼ਿਆਦਾ ਧਿਆਨ ਦੇਣ ਲੱਗਾ।” ਜਲਦੀ ਉਸ ਨੂੰ ਪਤਾ ਲੱਗਾ ਕਿ ਉਸ ਦਾ ਭਵਿੱਖ ਤਾਂ ਹੀ ਖ਼ੁਸ਼ੀ-ਭਰਿਆ ਹੋਵੇਗਾ ਜੇ ਉਹ ਆਪਣਾ ਜੀਵਨ ਪਰਮੇਸ਼ੁਰ ਦੀ ਸੇਵਾ ਵਿਚ ਲਾਵੇਗਾ। (ਪਰਕਾਸ਼ ਦੀ ਪੋਥੀ 4:11) ਉਹ ਦੱਸਦਾ ਹੈ ਕਿ “ਮੈਂ ਆਪਣੇ ਬਾਰੇ ਚਿੰਤਾ ਕਰਨ ਤੋਂ ਹਟ ਗਿਆ ਕਿਉਂਕਿ ਹੁਣ ਮੈਂ ਜ਼ਿਆਦਾ ਜ਼ਰੂਰੀ ਗੱਲਾਂ ਬਾਰੇ ਸੋਚ ਰਿਹਾ ਸੀ।”
ਜਦੋਂ ਤੁਸੀਂ ਬੇਹੱਦ ਚਿੰਤਾ ਕਰਨ ਲੱਗਦੇ ਹੋ, ਤਾਂ ਆਪਣੀ ਮੁਸ਼ਕਲ ਦਾ ਸਾਮ੍ਹਣਾ ਕਰਨ ਵਿਚ ਕੋਈ ਰਾਹ ਭਾਲੋ। ਕਿਸੇ ਸਿਆਣੇ ਦੀ ਸਲਾਹ ਪੁੱਛੋ। ਅਤੇ ਸਭ ਤੋਂ ਵੱਧ, ਆਪਣੀਆਂ ਚਿੰਤਾਵਾਂ ਬਾਰੇ ਯਹੋਵਾਹ ਨਾਲ ਗੱਲ ਕਰੋ “ਕਿਉਂ ਜੋ ਉਹ ਨੂੰ ਤੁਹਾਡਾ ਫ਼ਿਕਰ ਹੈ।” (1 ਪਤਰਸ 5:7) ਹੋ ਸਕਦਾ ਹੈ ਕਿ ਉਸ ਦੀ ਮਦਦ ਨਾਲ ਤੁਹਾਡੀ ਚਿੰਤਾ ਘੱਟ ਜਾਵੇਗੀ।
[ਸਫ਼ਾ 14 ਉੱਤੇ ਤਸਵੀਰ]
ਆਪਣੀਆਂ ਚਿੰਤਾਵਾਂ ਬਾਰੇ ਆਪਣੇ ਮਾਪਿਆਂ ਨਾਲ ਗੱਲ ਕਰੋ
[ਸਫ਼ਾ 15 ਉੱਤੇ ਤਸਵੀਰ]
ਜਿੰਨਾ ਜਲਦੀ ਤੁਸੀਂ ਮੁਸ਼ਕਲਾਂ ਸੁਲਝਾਓਗੇ, ਉੱਨੀ ਜਲਦੀ ਤੁਹਾਡੀ ਚਿੰਤਾ ਖ਼ਤਮ ਹੋ ਜਾਵੇਗੀ