“ਕਦੀ-ਕਦੀ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਮੈਂ ਸੁਪਨਾ ਲੈ ਰਹੀ ਹਾਂ!”
“ਕਦੀ-ਕਦੀ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਮੈਂ ਸੁਪਨਾ ਲੈ ਰਹੀ ਹਾਂ!”
ਲੂਰਦੇਸ ਆਪਣੇ ਮੂੰਹ ਤੇ ਆਪਣਾ ਕੰਬਦਾ ਹੱਥ ਰੱਖ ਕੇ ਖਿੜਕੀ ਵਿੱਚੋਂ ਬਾਹਰ ਦੇਖਦੀ ਹੈ। ਉਹ ਇਕ ਅਜਿਹੀ ਲਾਤੀਨੀ-ਅਮਰੀਕੀ ਔਰਤ ਹੈ ਜਿਸ ਨੇ 20 ਤੋਂ ਜ਼ਿਆਦਾ ਸਾਲ ਆਪਣੇ ਪਤੀ, ਆਲਫ਼ਰੇਦੋ ਦੇ ਹੱਥੋਂ ਜ਼ੁਲਮ ਸਹੇ ਹਨ। ਫਿਰ ਉਸ ਦੇ ਪਤੀ ਨੂੰ ਬਦਲਣ ਦਾ ਕਾਰਨ ਮਿਲਿਆ। ਪਰ ਲੂਰਦੇਸ ਲਈ ਅਜੇ ਵੀ ਉਸ ਸਮੇਂ ਦੀ ਦੁੱਖ-ਤਕਲੀਫ਼ ਬਾਰੇ ਗੱਲ ਕਰਨੀ ਮੁਸ਼ਕਲ ਹੈ।
ਉਹ ਧੀਮੀ ਜਿਹੀ ਆਵਾਜ਼ ਵਿਚ ਦੱਸਣਾ ਸ਼ੁਰੂ ਕਰਦੀ ਹੈ: “ਸਾਡੇ ਵਿਆਹ ਨੂੰ ਅਜੇ ਦੋ ਹਫ਼ਤੇ ਹੀ ਹੋਏ ਸਨ ਜਦੋਂ ਮਾਰ-ਕੁਟਾਈ ਸ਼ੁਰੂ ਹੋ ਗਈ। ਇਕ ਵਾਰ ਉਸ ਨੇ ਮੇਰੇ ਦੋ ਦੰਦ ਭੰਨ ਸੁੱਟੇ। ਇਕ ਹੋਰ ਵਾਰ ਮੈਂ ਮੁੱਕੇ ਤੋਂ ਬਚਣ ਲਈ ਇਕ ਪਾਸੇ ਹੋ ਗਈ ਅਤੇ ਉਸ ਦੇ ਹੱਥ ਨੇ ਅਲਮਾਰੀ ਤੋੜ ਸੁੱਟੀ। ਪਰ ਮੁੱਕੀਆਂ ਨਾਲੋਂ ਲਫ਼ਜ਼ਾਂ ਦੀ ਜ਼ਿਆਦਾ ਸੱਟ ਲੱਗਦੀ ਹੈ। ਉਸ ਨੇ ਮੈਨੂੰ ‘ਨਿਕੰਮੀ’ ਸੱਦਿਆ ਅਤੇ ਮੇਰੇ ਨਾਲ ਇਸ ਤਰ੍ਹਾਂ ਦਾ ਸਲੂਕ ਕੀਤਾ ਜਿਵੇਂ ਕਿਤੇ ਮੈਨੂੰ ਕੋਈ ਅਕਲ ਹੈ ਹੀ ਨਹੀਂ ਸੀ। ਮੈਂ ਕਈ ਵਾਰ ਘਰੋਂ ਨਿਕਲਣ ਬਾਰੇ ਸੋਚਿਆ ਪਰ ਮੈਂ ਤਿੰਨਾਂ ਬੱਚਿਆਂ ਨੂੰ ਲੈ ਕੇ ਕਿੱਥੇ ਜਾਂਦੀ?”
ਆਲਫ਼ਰੇਦੋ ਪਿਆਰ ਨਾਲ ਲੂਰਦੇਸ ਦੇ ਮੋਢੇ ਤੇ ਹੱਥ ਰੱਖ ਕੇ ਕਹਿੰਦਾ ਹੈ: “ਮੈਂ ਇਕ ਵੱਡਾ ਡਾਕਟਰ ਹਾਂ ਅਤੇ ਜਦੋਂ ਪੁਲਸ ਨੇ ਮੈਨੂੰ ਅਦਾਲਤ ਵਿਚ ਬੁਲਾ ਕੇ ਸਰਕਾਰੀ ਆਦੇਸ਼ ਦਿੱਤਾ ਕਿ ਮੈਂ ਮਾਰ-ਕੁੱਟ ਬੰਦ ਕਰਾਂ ਤਾਂ ਮੇਰਾ ਵੱਡਾ ਅਪਮਾਨ ਹੋਇਆ। ਮੈਂ ਬਦਲਣ ਦੀ ਤਾਂ ਬਹੁਤ ਕੋਸ਼ਿਸ਼ ਕੀਤੀ ਪਰ ਥੋੜ੍ਹੇ ਜਿਹੇ ਸਮੇਂ ਵਿਚ ਮੈਂ ਫਿਰ ਤੋਂ ਉਸੇ ਤਰ੍ਹਾਂ ਦਾ ਸਲੂਕ ਕਰਨ ਲੱਗ ਪਿਆ।”
ਫਿਰ ਹਾਲਾਤ ਕਿਸ ਤਰ੍ਹਾਂ ਬਦਲੇ? ਲੂਰਦੇਸ ਹੁਣ ਥੋੜ੍ਹੀ ਜਿਹੀ ਮੁਸਕਰਾ ਕੇ ਦੱਸਦੀ ਹੈ ਕਿ “ਸਾਡੇ ਲਾਗੇ ਦੀ ਇਕ ਦੁਕਾਨਦਾਰਨ ਯਹੋਵਾਹ ਦੀ ਗਵਾਹ ਹੈ। ਉਸ ਨੇ ਕਿਹਾ ਕਿ ਉਹ ਬਾਈਬਲ ਸਮਝਣ ਵਿਚ ਮੇਰੀ ਮਦਦ ਕਰੇਗੀ। ਮੈਂ ਜਾਣਿਆ ਕਿ ਯਹੋਵਾਹ ਪਰਮੇਸ਼ੁਰ ਔਰਤਾਂ ਦੀ ਕਦਰ ਕਰਦਾ ਹੈ। ਭਾਵੇਂ ਪਹਿਲਾਂ-ਪਹਿਲਾਂ ਆਲਫ਼ਰੇਦੋ ਬੜਾ ਗੁੱਸੇ ਹੋਇਆ, ਪਰ ਮੈਂ ਯਹੋਵਾਹ ਦੇ ਗਵਾਹਾਂ ਦੀਆਂ ਮੀਟਿੰਗਾਂ ਵਿਚ ਜਾਣਾ ਸ਼ੁਰੂ ਕਰ ਦਿੱਤਾ। ਮੇਰੇ ਲਈ ਇਹ ਨਵੀਂ ਗੱਲ ਸੀ ਕਿ ਮੈਂ ਕਿੰਗਡਮ ਹਾਲ ਵਿਚ ਦੂਸਰਿਆਂ ਨਾਲ ਥੋੜ੍ਹਾ ਜਿਹਾ ਸਮਾਂ ਗੁਜ਼ਾਰਾਂ। ਮੈਂ ਇਹ ਜਾਣ ਕੇ ਬੜੀ ਹੈਰਾਨ ਹੋਈ ਕਿ ਮੇਰੇ ਆਪਣੇ ਵਿਸ਼ਵਾਸ ਵੀ ਹੋ ਸਕਦੇ ਸਨ ਅਤੇ ਕਿ ਮੈਂ ਉਨ੍ਹਾਂ ਬਾਰੇ ਖੁਲ੍ਹ ਕੇ ਗੱਲ ਕਰ ਸਕਦੀ ਸੀ ਅਤੇ ਦੂਸਰਿਆਂ ਨੂੰ ਵੀ ਸਿਖਾ ਸਕਦੀ ਸੀ। ਮੈਨੂੰ ਅਹਿਸਾਸ ਹੋਣ ਲੱਗਾ ਕਿ ਮੈਂ ਪਰਮੇਸ਼ੁਰ ਦੀ ਨਜ਼ਰ ਵਿਚ ਕੁਝ ਹਾਂ। ਇਸ ਤੋਂ ਮੈਨੂੰ ਹਿੰਮਤ ਮਿਲੀ।
“ਫਿਰ ਉਹ ਦਿਨ ਆਇਆ ਜੋ ਮੈਂ ਕਦੀ ਨਹੀਂ ਭੁੱਲਾਂਗੀ। ਆਲਫ਼ਰੇਦੋ ਅਜੇ ਵੀ ਹਰ ਐਤਵਾਰ ਕੈਥੋਲਿਕ ਚਰਚ ਵਿਚ ਜਾਂਦਾ ਹੁੰਦਾ ਸੀ ਅਤੇ ਉਹ ਇਤਰਾਜ਼ ਕਰ ਰਿਹਾ ਸੀ ਕਿ ਮੈਂ ਯਹੋਵਾਹ ਦੇ ਗਵਾਹਾਂ ਨਾਲ ਕਿਉਂ ਰਲੀ ਹਾਂ। ਇਸ ਲਈ ਮੈਂ ਬੜੇ ਸ਼ਾਂਤ ਤਰੀਕੇ ਵਿਚ ਉਸ ਨਾਲ ਅੱਖ ਮਿਲਾ ਕੇ ਪੂਰੇ ਭਰੋਸੇ ਨਾਲ ਉਸ ਨੂੰ ਕਿਹਾ: ‘ਆਲਫ਼ਰੇਦੋ ਤੇਰੇ ਮੇਰੇ ਖ਼ਿਆਲ ਬਿਲਕੁਲ ਅਲੱਗ ਹਨ।’ ਉਸ ਨੇ ਮੈਨੂੰ ਮਾਰਿਆ ਨਹੀਂ! ਇਸ ਤੋਂ ਥੋੜ੍ਹੀ ਦੇਰ ਬਾਅਦ ਮੈਂ ਬਪਤਿਸਮਾ ਲੈ ਲਿਆ ਅਤੇ ਹੁਣ ਪੰਜ ਸਾਲ ਹੋ ਚੁੱਕੇ ਹਨ ਅਤੇ ਉਸ ਨੇ ਮੈਨੂੰ ਦੁਬਾਰਾ ਕਦੇ ਨਹੀਂ ਮਾਰਿਆ।”
ਪਰ ਅਜੇ ਹੋਰ ਬਹੁਤ ਕੁਝ ਬਦਲਣ ਵਾਲਾ ਸੀ। ਆਲਫ਼ਰੇਦੋ ਦੱਸਦਾ ਹੈ: “ਲੂਰਦੇਸ ਦੇ ਬਪਤਿਸਮੇ ਤੋਂ ਲਗਭਗ ਤਿੰਨ ਸਾਲ ਬਾਅਦ ਕੰਮ ਤੇ ਮੇਰੇ ਇਕ ਸਾਥੀ ਨੇ ਮੈਨੂੰ ਆਪਣੇ ਘਰ ਬੁਲਾਇਆ। ਉਹ ਵੀ ਯਹੋਵਾਹ ਦਾ ਗਵਾਹ ਸੀ ਅਤੇ ਉਸ ਨੇ ਬਾਈਬਲ ਵਿੱਚੋਂ ਮੈਨੂੰ ਬਹੁਤ ਹੀ ਦਿਲਚਸਪ ਗੱਲਾਂ ਸਮਝਾਈਆਂ। ਮੈਂ ਆਪਣੀ ਪਤਨੀ ਨੂੰ ਦੱਸਣ ਤੋਂ ਬਗੈਰ ਉਸ ਬੰਦੇ ਨਾਲ ਬਾਈਬਲ ਦੀ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ। ਕੁਝ ਹੀ ਸਮੇਂ ਵਿਚ ਮੈਂ ਲੂਰਦੇਸ ਨਾਲ ਮੀਟਿੰਗਾਂ ਵਿਚ ਜਾਣਾ ਸ਼ੁਰੂ ਕਰ ਦਿੱਤਾ। ਮੈਂ ਪਰਿਵਾਰਕ ਜੀਵਨ ਬਾਰੇ ਕਈ ਭਾਸ਼ਣ ਸੁਣੇ ਜਿਨ੍ਹਾਂ ਕਰਕੇ ਮੈਂ ਅਕਸਰ ਸ਼ਰਮਿੰਦਾ ਹੋਇਆ।”
ਕਲੀਸਿਯਾ ਦੇ ਮੈਂਬਰਾਂ ਨੂੰ, ਖ਼ਾਸ ਕਰਕੇ ਮਰਦਾਂ ਨੂੰ ਝਾੜੂ ਫੇਰਦੇ ਦੇਖ ਕੇ ਆਲਫ਼ਰੇਦੋ ਉੱਤੇ ਵੱਡਾ ਪ੍ਰਭਾਵ ਪਿਆ। ਜਦੋਂ ਉਹ ਉਨ੍ਹਾਂ ਦੇ ਘਰਾਂ ਵਿਚ ਗਿਆ ਤਾਂ ਉਸ ਨੇ ਪਤੀਆਂ ਨੂੰ ਭਾਂਡੇ ਧੋਣ ਵਿਚ ਆਪਣੀਆਂ ਪਤਨੀਆਂ ਦੀ ਮਦਦ ਕਰਦੇ ਦੇਖਿਆ। ਇਨ੍ਹਾਂ ਛੋਟੀਆਂ-ਛੋਟੀਆਂ ਗੱਲਾਂ ਨੇ ਆਲਫ਼ਰੇਦੋ ਨੂੰ ਸਿਖਾਇਆ ਕਿ ਸੱਚਾ ਪਿਆਰ ਕਿਸ ਤਰ੍ਹਾਂ ਕੀਤਾ ਜਾਂਦਾ ਹੈ।
ਕੁਝ ਹੀ ਸਮੇਂ ਬਾਅਦ ਆਲਫ਼ਰੇਦੋ ਨੇ ਵੀ ਬਪਤਿਸਮਾ ਲੈ ਲਿਆ ਅਤੇ ਹੁਣ ਉਹ ਦੋਵੇਂ ਪਤੀ-ਪਤਨੀ ਆਪਣਾ ਪੂਰਾ ਸਮਾਂ ਪਰਮੇਸ਼ੁਰ ਦੀ ਸੇਵਾ ਕਰਨ ਵਿਚ ਗੁਜ਼ਾਰਦੇ ਹਨ। ਲੂਰਦੇਸ ਕਹਿੰਦੀ ਹੈ: “ਹੁਣ ਰੋਟੀ ਖਾਣ ਤੋਂ ਬਾਅਦ ਉਹ ਅਕਸਰ ਮੇਜ਼ ਤੋਂ ਭਾਂਡੇ ਚੁੱਕਣ ਵਿਚ ਮੇਰੀ ਮਦਦ ਕਰਦਾ ਹੈ ਅਤੇ ਸਵੇਰ ਨੂੰ ਬਿਸਤਰਾ ਸੁਆਰਦਾ ਹੈ। ਉਹ ਮੇਰੀ ਤਾਰੀਫ਼ ਵੀ ਕਰਦਾ ਹੈ ਕਿ ਮੈਂ ਸੁਆਦੀ ਦਾਲ-ਰੋਟੀ ਪਕਾਈ ਹੈ। ਉਹ ਮੈਨੂੰ ਆਪਣੀ ਪਸੰਦ ਜ਼ਾਹਰ ਕਰਨ ਦਿੰਦਾ ਹੈ ਜਿਵੇਂ ਕਿ ਮੈਂ ਕਿਹੋ ਜਿਹਾ ਸੰਗੀਤ ਸੁਣਨਾ ਹੈ ਜਾਂ ਘਰ ਲਈ ਅਸੀਂ ਕੀ ਖ਼ਰੀਦਣਾ ਹੈ। ਪਹਿਲਾਂ ਆਲਫ਼ਰੇਦੋ ਅਜਿਹਾ ਕੁਝ ਨਹੀਂ ਕਰਦਾ ਸੀ! ਕੁਝ ਹੀ ਸਮੇਂ ਪਹਿਲਾਂ ਉਸ ਨੇ ਮੈਨੂੰ ਪਹਿਲੀ ਵਾਰ ਤੋਹਫ਼ੇ ਵਜੋਂ ਫੁੱਲ ਖ਼ਰੀਦ ਕੇ ਦਿੱਤੇ। ਕਦੀ-ਕਦੀ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਮੈਂ ਸੁਪਨਾ ਲੈ ਰਹੀ ਹਾਂ!”
[ਸਫ਼ਾ 10 ਉੱਤੇ ਤਸਵੀਰ]
“ਮੈਂ ਜਾਣ ਗਈ ਕਿ ਪਰਮੇਸ਼ੁਰ ਦੀ ਨਜ਼ਰ ਵਿਚ ਮੈਂ ਕੁਝ ਸੀ ਅਤੇ ਇਸ ਤੋਂ ਮੈਨੂੰ ਹਿੰਮਤ ਮਿਲੀ”
[ਸਫ਼ਾ 10 ਉੱਤੇ ਤਸਵੀਰ]
ਆਲਫ਼ਰੇਦੋ ਉੱਤੇ ਵੱਡਾ ਪ੍ਰਭਾਵ ਪਿਆ ਜਦ ਉਸ ਨੇ ਕਲੀਸਿਯਾ ਦੇ ਮੈਂਬਰਾਂ ਨੂੰ, ਖ਼ਾਸ ਕਰਕੇ ਮਰਦਾਂ ਨੂੰ ਮੀਟਿੰਗ ਤੋਂ ਬਾਅਦ ਝਾੜੂ ਫੇਰਦੇ ਦੇਖਿਆ
[ਸਫ਼ਾ 10 ਉੱਤੇ ਤਸਵੀਰ]
ਉਸ ਨੇ ਪਤੀਆਂ ਨੂੰ ਭਾਂਡੇ ਧੋਣ ਵਿਚ ਆਪਣੀਆਂ ਪਤਨੀਆਂ ਦਾ ਹੱਥ ਵਟਾਉਂਦੇ ਦੇਖਿਆ
[ਸਫ਼ਾ 10 ਉੱਤੇ ਤਸਵੀਰ]
“ਕੁਝ ਦਿਨ ਪਹਿਲਾਂ ਉਸ ਨੇ ਪਹਿਲੀ ਵਾਰ ਮੈਨੂੰ ਤੋਹਫ਼ੇ ਵਜੋਂ ਫੁੱਲ ਖ਼ਰੀਦ ਕੇ ਦਿੱਤੇ ਸਨ”