ਸੰਸਾਰ ਉੱਤੇ ਨਜ਼ਰ
ਸੰਸਾਰ ਉੱਤੇ ਨਜ਼ਰ
ਬਿਨਾਂ ਦਰਦ ਦਿਲ ਦਾ ਦੌਰਾ
ਲੋਕ ਇਹ ਜਾਣਦੇ ਹਨ ਕਿ ਦਿਲ ਦਾ ਦੌਰਾ ਆਮ ਕਰਕੇ ਛਾਤੀ ਵਿਚ ਦਬਾਅ ਅਤੇ ਦਰਦ ਹੋਣ ਨਾਲ ਸ਼ੁਰੂ ਹੁੰਦਾ ਹੈ। ਪਰ, ਟਾਈਮ ਰਸਾਲੇ ਦੇ ਅਨੁਸਾਰ, ਬਹੁਤ ਹੀ ਥੋੜ੍ਹੇ ਲੋਕ ਇਹ ਜਾਣਦੇ ਹਨ ਕਿ “ਤਿੰਨਾਂ ਵਿੱਚੋਂ ਇਕ ਮਰੀਜ਼ ਦਿਲ ਦਾ ਦੌਰਾ ਹੋਣ ਦੇ ਸਮੇਂ ਆਪਣੀ ਛਾਤੀ ਵਿਚ ਕੋਈ ਵੀ ਦਰਦ ਨਹੀਂ ਮਹਿਸੂਸ ਕਰੇਗਾ।” ਦ ਜਰਨਲ ਆਫ਼ ਦੀ ਅਮੈਰੀਕਨ ਮੈਡੀਕਲ ਐਸੋਸੀਏਸ਼ਨ ਵਿਚ ਛਾਪੀ ਗਈ ਇਕ ਰਿਪੋਰਟ ਨੇ ਕਿਹਾ ਕਿ “ਉਹ ਲੋਕ ਜਿਨ੍ਹਾਂ ਨੂੰ ਦਿਲ ਦਾ ਦੌਰਾ ਪੈ ਰਿਹਾ ਹੈ ਪਰ ਜੋ ਦਰਦ ਨਹੀਂ ਮਹਿਸੂਸ ਕਰਦੇ, ਹਸਪਤਾਲ ਜਾਣ ਵਿਚ ਲਗਭਗ ਦੋ ਘੰਟੇ ਦੇਰ ਕਰਦੇ ਹਨ।” ਪਰ, ਡਾਕਟਰੀ ਮਦਦ ਵਿਚ ਦੇਰ ਕਰਨੀ ਖ਼ਤਰਨਾਕ ਹੋ ਸਕਦੀ ਹੈ। ਫਿਰ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗੇਗਾ ਕਿ ਤੁਹਾਨੂੰ ਦਿਲ ਦਾ ਦੌਰਾ ਪੈ ਰਿਹਾ ਹੈ? ਟਾਈਮ ਵਿਚ ਅੱਗੇ ਦੱਸਿਆ ਗਿਆ ਕਿ “ਦੂਜੀ ਸਭ ਤੋਂ ਵੱਡੀ ਚੇਤਾਵਨੀ ਹੈ ਬਹੁਤ ਹੀ ਸਾਹ ਚੜ੍ਹਨਾ।” ਇਸ ਲੇਖ ਨੇ ਅੱਗੇ ਕਿਹਾ ਕਿ ਦਿਲ ਕੱਚਾ ਹੋਣਾ, ਬਹੁਤੀ ਗਰਮੀ ਆਉਣੀ, ਅਤੇ “‘ਦਿਲ ਦੀ ਜਲਣ’, ਖ਼ਾਸ ਕਰਕੇ ਉਦੋਂ ਜਦ ਤੁਸੀਂ ਤੁਰਦੇ-ਫਿਰਦੇ ਹੋ ਜਾਂ ਹੋਰ ਕੋਈ ਜ਼ੋਰਦਾਰ ਕੰਮ ਕਰਦੇ ਹੋ” ਹੋਰ ਨਿਸ਼ਾਨ ਹਨ।
ਸਮੁੰਦਰ ਵਿਚ ਕੂੜਾ
ਸਮੁੰਦਰ ਵਿਚ ਸੁੱਟੀ ਗਈ ਕੱਚ ਦੀ ਬੋਤਲ ਨੂੰ ਪੂਰੀ ਤਰ੍ਹਾਂ ਖੁਰਨ ਲਈ ਹਜ਼ਾਰ ਸਾਲ ਲੱਗਣਗੇ। ਟਿਸ਼ੂ ਪੇਪਰ ਨੂੰ ਖੁਰਨ ਲਈ ਤਿੰਨ ਮਹੀਨੇ ਲੱਗਣਗੇ, ਅਤੇ ਤੀਲਾਂ ਨੂੰ ਛੇ ਮਹੀਨੇ। ਸਿਗਰਟ ਦੇ ਬਚੇ-ਖੁਚੇ ਟੁਕੜੇ ਸਮੁੰਦਰ ਨੂੰ ਇਕ ਤੋਂ ਪੰਜ ਸਾਲਾਂ ਲਈ ਮਲੀਨ ਕਰਨਗੇ, ਪਲਾਸਟਿਕ ਬੈਗ 10 ਤੋਂ 20 ਸਾਲਾਂ ਲਈ, ਨਾਇਲੋਨ ਦੀਆਂ ਚੀਜ਼ਾਂ 30 ਤੋਂ 40 ਸਾਲਾਂ ਲਈ, ਲੋਹੇ ਦੇ ਡੱਬੇ 500 ਸਾਲਾਂ ਲਈ, ਅਤੇ ਪੋਲਿਸਟਾਈਰੀਨ 1,000 ਸਾਲਾਂ ਲਈ। ਇਹ ਸਿਰਫ਼ ਕੁਝ ਚੀਜ਼ਾਂ ਦੇ ਅੰਦਾਜ਼ੇ ਹਨ ਜੋ ਇਟਲੀ ਦੇ ਵਾਯੂਮੰਡਲ ਸੰਸਥਾ, ਲੈਗਾਮਬਿਅੰਟਾ ਨੇ ਜਮ੍ਹਾ ਕੀਤੇ ਹਨ। ਇਹ ਸੰਸਥਾ ਚਾਹੁੰਦੀ ਹੈ ਕਿ ਲੋਕ ਇਨ੍ਹਾਂ ਗੱਲਾਂ ਨੂੰ ਚੇਤੇ ਰੱਖਣ ਜਦ ਉਹ ਸਮੁੰਦਰ ਦੇ ਕਿਨਾਰੇ ਜਾਂਦੇ ਹਨ। ਕੋਰੀਏਰ ਡੇਲਾ ਸੇਰਾ ਅਖ਼ਬਾਰ ਪੁੱਛਦਾ ਹੈ ਕਿ “ਕੀ ਇਹ ਸਲਾਹ ਜ਼ਰੂਰੀ ਹੈ? ਬਿਲਕੁਲ, ਕਿਉਂਕਿ 1990 ਤੋਂ ਲੈ ਕੇ ਅੱਜ ਤਕ ਇਟਲੀ ਦੇ ਸਮੁੰਦਰਾਂ ਦੇ ਕੰਢਿਆਂ ਤੋਂ ਕੂੜੇ ਦੇ 605 ਟਨ ਵਲੰਟੀਅਰਾਂ ਦੁਆਰਾ ਇਕੱਠੇ ਕੀਤੇ ਗਏ ਹਨ।”
ਗਮ ਅਤੇ ਉਦਾਸੀ
ਸੱਤਰ ਤੋਂ ਉਨਾਸੀ ਸਾਲਾਂ ਦੇ ਲੋਕਾਂ ਦੀ ਇਕ ਸਰਵੇਖਣ ਕੀਤੀ ਗਈ ਸੀ ਜਿਨ੍ਹਾਂ ਦੇ ਵਿਆਹੁਤਾ ਸਾਥੀ ਮਰ ਚੁੱਕੇ ਸਨ। ਸਰਵੇਖਣ ਨੇ ਦਿਖਾਇਆ ਕਿ ਆਪਣੇ ਸਾਥੀ ਨੂੰ ਗੁਆਉਣ ਤੋਂ ਦੋ ਸਾਲ ਬਾਅਦ ਵੀ ਉਹ ਕਾਫ਼ੀ ਉਦਾਸੀ ਮਹਿਸੂਸ ਕਰਦੇ ਸਨ। ਸਰਵੇਖਣ ਵਿਚ ਹਿੱਸਾ ਲੈਣ ਵਾਲਿਆਂ ਨੂੰ ਛੇ ਵੱਖਰੇ ਸਮੂਹਾਂ ਵਿਚ ਵੰਡਿਆ ਗਿਆ। ਲੋਕਾਂ ਨੂੰ ਇਸ ਆਧਾਰ ਤੇ ਵੰਡਿਆ ਗਿਆ ਸੀ ਕਿ ਉਨ੍ਹਾਂ ਦੇ ਸਾਥੀ ਦੀ ਮੌਤ ਹੋਈ ਨੂੰ ਕਿੰਨਾ ਚਿਰ ਲੰਘਿਆ ਸੀ। ਇਨ੍ਹਾਂ ਲੋਕਾਂ ਦੀ ਉਦਾਸੀ ਦਾ ਅੰਦਾਜ਼ਾ ਲਗਾਉਣ ਲਈ ਉਨ੍ਹਾਂ ਦੀ ਇੰਟਰਵਿਊ ਲੈ ਕੇ ਉਨ੍ਹਾਂ ਤੋਂ ਸਵਾਲ ਪੁੱਛੇ ਗਏ। ਹਿੱਸੇਦਾਰਾਂ ਵਿੱਚੋਂ 38 ਫੀ ਸਦੀ ਮਰਦ ਅਤੇ 62 ਫੀ ਸਦੀ ਤੀਵੀਆਂ ਸਨ। ਇਸ ਸਟੱਡੀ ਤੋਂ ਪਤਾ ਲੱਗਾ ਕਿ ਹੁਣੇ-ਹੁਣੇ ਸਾਥੀ ਗੁਆਉਣ ਵਾਲਿਆਂ ਦੀ ਉਦਾਸੀ, ਵਿਆਹੇ ਵਿਅਕਤੀਆਂ ਨਾਲੋਂ ਨੌਂ ਗੁਣਾ ਜ਼ਿਆਦਾ ਸੀ।
ਝਗੜੇ ਅਤੇ ਵਿਆਹ
ਟਾਈਮ ਰਸਾਲੇ ਦੇ ਅਨੁਸਾਰ ਲਾਸ ਏਂਜਲੀਜ਼ ਦੀ ਕੈਲੇਫ਼ੋਰਨੀਆ ਦੀ ਯੂਨੀਵਰਸਿਟੀ ਦਾ ਐਂਡਰੂ ਕਰਿਸਟਨਸਨ ਨੇ ਇਕ ਨਵੀਂ ਸਟੱਡੀ ਤੋਂ ਪਾਇਆ ਕਿ “ਜਿਹੜੇ ਵਿਆਹੁਤਾ ਜੋੜੇ ਇਕ ਦੂਜੇ ਦੀਆਂ ਘੱਟ ਸ਼ਿਕਾਇਤਾਂ ਕਰਦੇ ਹਨ ਅਤੇ ਜੋ ਇਕ ਦੂਜੇ ਦੀਆਂ ਗ਼ਲਤੀਆਂ ਸਹਿ ਲੈਂਦੇ ਹਨ, ਉਹ ਵਿਆਹ ਵਿਚ ਜ਼ਿਆਦਾ ਕਾਮਯਾਬੀ ਪਾਉਂਦੇ ਹਨ।” ਇਸ ਦੇ ਉਲਟ ਝਗੜੇ ਸਿਰਫ਼ ਹੋਰ ਝਗੜੇ ਸ਼ੁਰੂ ਕਰਦੇ ਹਨ।
ਸਭ ਤੋਂ ਤੇਜ਼ੀ ਨਾਲ ਵੱਧ ਰਿਹਾ ਅਪਰਾਧਕ ਕਾਰੋਬਾਰ
ਇਨਸਾਨਾਂ ਦਾ ਨਾਜਾਇਜ਼ ਧੰਦਾ ਕਰਨਾ “ਸਭ ਤੋਂ ਤੇਜ਼ੀ ਨਾਲ ਵੱਧ ਰਿਹਾ ਕਾਰੋਬਾਰ ਹੈ।” ਇਹ ਗੱਲ ਸੰਯੁਕਤ ਰਾਸ਼ਟਰ-ਸੰਗ ਦਾ ਡ੍ਰੱਗਜ਼ ਅਤੇ ਜੁਰਮ ਨੂੰ ਮਿਟਾਉਣ ਵਾਲੇ ਦਫ਼ਤਰ ਦੇ ਡਾਇਰੈਕਟਰ ਜੈਨਰਲ ਪੀਣੋ ਓਰਲੋਕੀ ਨੇ ਕਹੀ ਸੀ। ਸ਼੍ਰੀ ਓਰਲੋਕੀ ਦੇ ਅਨੁਸਾਰ, ਅੰਦਾਜ਼ਾ ਲਗਾਇਆ ਗਿਆ ਹੈ ਕਿ ਕੁਝ 20 ਕਰੋੜ ਲੋਕ ਇਸ ਤਰ੍ਹਾਂ ਦਾ ਨਾਜਾਇਜ਼ ਧੰਦਾ ਕਰਨ ਵਾਲਿਆਂ ਦੇ ਕਾਬੂ ਵਿਚ ਹਨ। ਚਾਰ ਸੌ ਸਾਲਾਂ ਦੀ ਗ਼ੁਲਾਮੀ ਦੇ ਸਮੇਂ 1 ਕਰੋੜ, 15 ਲੱਖ ਅਫ਼ਰੀਕੀ ਲੋਕ ਆਪਣੇ ਦੇਸ਼ੋਂ ਬਾਹਰ ਭੇਜੇ ਗਏ ਸਨ। ਪਰ ਸਿਰਫ਼ ਪਿਛਲੇ ਦਸ ਕੁ ਸਾਲਾਂ ਵਿਚ 3 ਕਰੋੜ ਔਰਤਾਂ ਅਤੇ ਬੱਚੇ ਦੱਖਣ-ਪੂਰਬੀ ਏਸ਼ੀਆ ਦੇ ਵਿਚ-ਵਿਚ ਜਾਂ ਬਾਹਰ ਭੇਜੇ ਗਏ ਹਨ। ਕਈਆਂ ਨੂੰ ਜਾਂ ਤਾਂ ਕਾਰਖ਼ਾਨਿਆਂ ਵਿਚ ਮਜ਼ਦੂਰੀ ਕਰਨੀ ਪੈਂਦੀ ਹੈ ਜਾਂ ਫਿਰ ਉਨ੍ਹਾਂ ਨੂੰ ਲਿੰਗੀ ਕੰਮਾਂ ਲਈ ਵਰਤਿਆ ਜਾਂਦਾ ਹੈ। ਸ਼੍ਰੀ ਓਰਲੋਕੀ ਨੇ ਸੁਝਾਅ ਦਿੱਤਾ ਕਿ ਜਿਨ੍ਹਾਂ ਦੇਸ਼ਾਂ ਵਿਚ ਗ਼ੁਲਾਮੀ ਦੇ ਵਿਰੁੱਧ ਹੁਣ ਕਾਨੂੰਨ ਨਹੀਂ ਹਨ ਉਹ ਉਨ੍ਹਾਂ ਨੂੰ ਮੁੜ ਚਾਲੂ ਕਰਨ।
ਸਿਗਰਟ ਪੀਣ ਬਾਰੇ ਤਾਜ਼ੀ ਖ਼ਬਰ
ਵਰਲਡਵਾਚ ਇਸ਼ੂ ਅਲੇਰਟ ਦੀ ਇਕ ਰਿਪੋਰਟ ਦੇ ਅਨੁਸਾਰ “ਪਿਛਲੇ ਸੌ ਕੁ ਸਾਲਾਂ ਦੌਰਾਨ ਸਿਗਰਟ ਪੀਣ ਦੀ ਆਦਤ ਵਿਚ ਵਾਧਾ ਹੋਣ ਤੋਂ ਬਾਅਦ, ਲੋਕ ਹੁਣ ਇਸ ਆਦਤ ਨੂੰ ਛੱਡ ਰਹੇ ਹਨ।” ਸਾਲ 1990 ਤੋਂ ਲੈ ਕੇ 1999 ਤਕ, ਦੁਨੀਆਂ ਭਰ ਵਿਚ ਸਿਗਰਟ ਪੀਣ ਦੀ ਆਦਤ 11 ਫੀ ਸਦੀ ਘੱਟ ਗਈ ਸੀ। ਅਮਰੀਕਾ ਵਿਚ ਕੁਝ 20 ਸਾਲਾਂ ਲਈ ਲੋਕਾਂ ਦੀ ਸਿਗਰਟ ਪੀਣ ਦੀ ਆਦਤ ਘਟਦੀ ਆਈ ਹੈ, ਇਸ ਲਈ 1980 ਨਾਲੋਂ 1999 ਵਿਚ 42 ਫੀ ਸਦੀ ਘੱਟ ਸਿਗਰਟਾਂ ਪੀਤੀਆਂ ਗਈਆਂ। ਇਸੇ ਰਿਪੋਰਟ ਵਿਚ ਘਾਟੇ ਦੇ ਇਹ ਕਾਰਨ ਦੱਸੇ ਗਏ ਸਨ: ਸਿਗਰਟ ਪੀਣ ਦੇ ਖ਼ਿਲਾਫ਼ ਕੈਮਪੇਨ, ਸਿਗਰਟ ਪੀਣ ਦੇ ਖ਼ਤਰਿਆਂ ਬਾਰੇ ਜ਼ਿਆਦਾ ਜਾਣਕਾਰੀ, ਅਤੇ ਸਿਗਰਟਾਂ ਦੇ ਖ਼ਰਚੇ ਵਿਚ ਵਾਧਾ। ਇਸ ਦੇ ਨਾਲ-ਨਾਲ ਰਿਪੋਰਟ ਅੱਗੇ ਕਹਿੰਦੀ ਹੈ ਕਿ “ਸਿਗਰਟ ਪੀਣ ਵਾਲੇ ਵੀ ਘੱਟ ਸਿਗਰਟਾਂ ਪੀਂਦੇ ਹਨ। ਫਰਾਂਸ ਵਿਚ 1985 ਵਿਚ ਇਹ ਗਿਣਤੀ ਸਿਖਰ ਤੇ ਪਹੁੰਚੀ ਸੀ, ਪਰ ਹੁਣ ਇਹ ਗਿਣਤੀ 19 ਫੀ ਸਦੀ ਘੱਟ ਗਈ ਹੈ। ਚੀਨ ਵਿਚ 1990 ਤੋਂ 8 ਫੀ ਸਦੀ ਘਾਟਾ ਹੋਇਆ ਹੈ, ਅਤੇ ਜਪਾਨ ਵਿਚ 1992 ਤੋਂ 4 ਫੀ ਸਦੀ ਘਾਟਾ।”
ਖ਼ਤਰੇ ਵਿਚ ਭਾਸ਼ਾਵਾਂ
ਉੱਤਰੀ ਅਤੇ ਦੱਖਣੀ ਅਮਰੀਕਾ ਦੇ ਸਾਰੇ ਹਿੱਸਿਆਂ ਵਿੱਚੋਂ, ਦੇਸੀ ਭਾਸ਼ਾਵਾਂ ਬੋਲਣ ਦੀ ਸਭ ਤੋਂ ਵੱਡੀ ਗਿਣਤੀ ਮੈਕਸੀਕੋ ਵਿਚ ਹੈ। ਦੇਸੀ ਭਾਸ਼ਾਵਾਂ ਬੋਲਣ ਵਿਚ ਮੈਕਸੀਕੋ ਦੁਨੀਆਂ ਭਰ ਵਿਚ ਤੀਸਰੇ ਦਰਜੇ ਤੇ ਹੈ, ਪਹਿਲੇ ਦਰਜੇ ਤੇ ਭਾਰਤ ਅਤੇ ਦੂਜੇ ਤੇ ਚੀਨ ਹੈ। ਮੈਕਸੀਕੋ ਦਾ ਅੰਗ੍ਰੇਜ਼ੀ ਅਖ਼ਬਾਰ ਦ ਨਿਊਜ਼ ਨੇ ਰਿਪੋਰਟ ਕੀਤਾ ਕਿ ਇਹ ਭਾਸ਼ਾਵਾਂ ਹੌਲੀ-ਹੌਲੀ ਮਿਟ ਰਹੀਆਂ ਹਨ। ਰਾਫਾਏਲ ਟੋਵਰ ਈ ਡੇ ਟੇਰੇਸਾ, ਸਭਿਆਚਾਰ ਅਤੇ ਕਲਾ ਦੇ ਕੌਂਸਲ ਦਾ ਡਾਇਰੈਕਟਰ ਹੈ। ਉਸ ਨੇ ਸਮਝਾਇਆ ਕਿ 19ਵੀਂ ਸਦੀ ਦੇ ਅੰਤ ਵਿਚ ਮੈਕਸੀਕੋ ਵਿਚ ਲਗਭਗ 100 ਦੇਸੀ ਭਾਸ਼ਾਵਾਂ ਬੋਲੀਆਂ ਜਾਂਦੀਆਂ ਸਨ, ਪਰ ਹੁਣ ਇਨ੍ਹਾਂ ਵਿੱਚੋਂ ਸਿਰਫ਼ 62 ਰਹਿ ਗਈਆਂ ਹਨ। ਇਨ੍ਹਾਂ ਵਿੱਚੋਂ 16 ਭਾਸ਼ਾਵਾਂ 1,000 ਤੋਂ ਘੱਟ ਲੋਕਾਂ ਦੁਆਰਾ ਬੋਲੀਆਂ ਜਾਂਦੀਆਂ ਹਨ। ਚਿੰਤਾ ਦੀ ਇਕ ਗੱਲ ਇਹ ਹੈ ਕਿ ਜਦ ਇਹ ਭਾਸ਼ਾਵਾਂ ਪੂਰੀ ਤਰ੍ਹਾਂ ਮਿਟ ਜਾਣਗੀਆਂ, ਤਾਂ ਦੇਸੀ ਭਾਸ਼ਾਵਾਂ ਵਿਚ ਜੜ੍ਹੀ-ਬੂਟੀਆਂ ਦੇ ਨਾਂ ਵੀ ਮਿਟ ਜਾਣਗੇ। ਨਤੀਜੇ ਵਜੋਂ ਇਹ ਨਹੀਂ ਪੱਤਾ ਲੱਗੇਗਾ ਕਿ ਕਿਹੜੀ ਜੜ੍ਹੀ-ਬੂਟੀ ਦੇਸੀ ਇਲਾਜ ਵਿਚ ਵਰਤੀ ਜਾਂਦੀ ਹੈ।
ਕੀੜੇ ਮਾਰਨ ਲਈ ਪੈਸੇ
ਦ ਟਾਈਮਜ਼ ਆਫ਼ ਇੰਡੀਆ ਨੇ ਰਿਪੋਰਟ ਕੀਤਾ ਕਿ ਉੱਤਰ ਪ੍ਰਦੇਸ਼ ਦੇ ਜੰਗਲ ਵਿਭਾਗ ਨੇ ਕਿਸੇ ਖ਼ਾਸ ਕੀੜੇ ਨੂੰ ਮਾਰਨ ਦਾ ਕੰਮ ਸ਼ੁਰੂ ਕੀਤਾ ਹੈ। ਇਸ ਇਕ ਇੰਚ ਲੰਬੇ ਕੀੜੇ ਦਾ ਨਾਂ ਹੈ ਹੋਪਲੋ। ਇਸ ਨੂੰ ਮਾਰਿਆ ਜਾ ਰਿਹਾ ਹੈ ਕਿਉਂਕਿ ਇਹ ਸੈਲ ਨਾਂ ਦੇ ਲਗਭਗ 6,50,000 ਦਰਖ਼ਤਾਂ ਦਾ ਜੰਗਲ ਖ਼ਤਮ ਕਰ ਰਿਹਾ ਹੈ। ਕਿਉਂਕਿ ਇਨ੍ਹਾਂ ਕੀੜਿਆਂ ਦੀ ਗਿਣਤੀ ਹੁਣੇ-ਹੁਣੇ ਵਧੀ ਹੈ ਇਸ ਕਿਸਮ ਦੇ ਦਰਖ਼ਤ ਦਾ ਬਚਣਾ ਖ਼ਤਰੇ ਵਿਚ ਹੈ। ਇਹ ਕੀੜੇ ਦਰਖ਼ਤ ਦੇ ਛਿਲਕੇ ਅਤੇ ਟਾਹਣੀਆਂ ਵਿਚ ਵੜ ਜਾਂਦੇ ਹਨ ਜਿਸ ਕਰਕੇ ਦਰਖ਼ਤ ਸੁੱਖ ਕੇ ਮਰ ਜਾਂਦੇ ਹਨ। ਜੰਗਲ ਵਿਭਾਗ ਇਕ ਖ਼ਾਸ ਤਰੀਕੇ ਨਾਲ ਇਨ੍ਹਾਂ ਕੀੜਿਆਂ ਨੂੰ ਫੜ ਰਿਹਾ ਹੈ। ਸੈਲ ਦਰਖ਼ਤ ਦੇ ਛਿਲਕਾਂ ਦੇ ਟੁਕੜੇ ਉਸ ਇਲਾਕੇ ਵਿਚ ਖਿਲਾਰੇ ਜਾਂਦੇ ਹਨ ਜਿੱਥੇ ਇਹ ਕੀੜੇ ਹਨ। ਇਨ੍ਹਾਂ ਟੁਕੜਿਆਂ ਤੋਂ ਚੋਂਦਾ ਇਕ ਤਰ੍ਹਾਂ ਦਾ ਰੱਸ ਇਨ੍ਹਾਂ ਕੀੜਿਆਂ ਨੂੰ ਖਿੱਚ ਲਿਆਉਂਦਾ ਹੈ ਅਤੇ ਉਨ੍ਹਾਂ ਨੂੰ ਚੜ੍ਹ ਜਾਂਦਾ ਹੈ, ਅਤੇ ਇਸ ਤਰ੍ਹਾਂ ਕੀੜਿਆਂ ਨੂੰ ਫੜਨਾ ਸੌਖਾ ਬਣ ਜਾਂਦਾ ਹੈ। ਕੀੜਿਆਂ ਨੂੰ ਫੜਨ ਦਾ ਕੰਮ ਜੰਗਲ ਦੇ ਇਲਾਕੇ ਵਿਚ ਰਹਿਣ ਵਾਲੇ ਮੁੰਡਿਆਂ ਨੂੰ ਦਿੱਤਾ ਜਾਂਦਾ ਹੈ, ਅਤੇ ਹਰ ਕੀੜੇ ਲਈ ਉਨ੍ਹਾਂ ਨੂੰ 75 ਪੈਸੇ ਦਿੱਤੇ ਜਾਂਦੇ ਹਨ।
ਗੁੱਸਾ ਅਤੇ ਤੁਹਾਡਾ ਦਿਲ
ਗਲੋਬ ਐਂਡ ਮੇਲ ਅਖ਼ਬਾਰ ਵਿਚ ਇਕ ਰਿਪੋਰਟ ਨੇ ਕਿਹਾ ਕਿ “ਸ਼ਾਂਤ ਰਹਿਣ ਵਾਲਿਆਂ ਲੋਕਾਂ ਨਾਲੋਂ ਛੇਤੀ ਗੁੱਸੇ ਹੋਣ ਵਾਲਿਆਂ ਲੋਕਾਂ ਨੂੰ ਦਿਲ ਦਾ ਦੌਰਾ ਹੋਣਾ ਤਕਰੀਬਨ ਤਿੰਨ ਗੁਣਾ ਜ਼ਿਆਦਾ ਸੰਭਵ ਹੈ।” ਦਿਲ ਦੀ ਬੀਮਾਰੀ ਲੱਗਣ ਦੇ ਖ਼ਤਰੇ ਦੀ ਸਟੱਡੀ ਕਰਨ ਲਈ ਲਗਭਗ 13,000 ਲੋਕਾਂ ਨੇ ਛੇ ਸਾਲਾਂ ਲਈ ਇਕ ਸਰਵੇ ਵਿਚ ਹਿੱਸਾ ਲਿਆ। ਇਸ ਸਰਵੇ ਦੇ ਸ਼ੁਰੂ ਵਿਚ ਹਿੱਸਾ ਲੈਣ ਵਾਲਿਆਂ ਵਿੱਚੋਂ ਕਿਸੇ ਨੂੰ ਵੀ ਦਿਲ ਦੀ ਬੀਮਾਰੀ ਨਹੀਂ ਸੀ। ਹਰੇਕ ਨੂੰ ਕਈ ਸਵਾਲ ਪੁੱਛੇ ਗਏ ਸਨ ਅਤੇ ਇਸ ਤਰ੍ਹਾਂ ਪਤਾ ਲਗਾਇਆ ਗਿਆ ਕਿ ਇਨ੍ਹਾਂ ਲੋਕਾਂ ਦਾ ਗੁੱਸੇ ਹੋਣ ਦਾ ਦਰ ਕੀ ਸੀ—ਘੱਟ, ਦਰਮਿਆਨਾ, ਜਾਂ ਉੱਚ। ਛੇ ਸਾਲਾਂ ਦੇ ਸਮੇਂ ਵਿਚ ਇਨ੍ਹਾਂ ਲੋਕਾਂ ਵਿੱਚੋਂ 256 ਜਣਿਆਂ ਨੂੰ ਦਿਲ ਦਾ ਦੌਰਾ ਪਿਆ। ਇਸ ਸਟੱਡੀ ਨੇ ਦਿਖਾਇਆ ਕਿ ਜਿਨ੍ਹਾਂ ਲੋਕਾਂ ਦਾ ਦਰਮਿਆਨਾ ਦਰ ਸੀ ਉਨ੍ਹਾਂ ਨੂੰ ਦਿਲ ਦੀਆਂ ਬੀਮਾਰੀਆਂ ਲੱਗਣ ਦਾ 35 ਫੀ ਸਦੀ ਜ਼ਿਆਦਾ ਖ਼ਤਰਾ ਸੀ। ਉੱਤਰੀ ਕੈਰੋਲਾਇਨਾ ਦੀ ਯੂਨੀਵਰਸਿਟੀ ਤੋਂ ਇਹ ਸਟੱਡੀ ਕਰਨ ਵਾਲੀ ਡਾ. ਜੇਨਿਸ ਵਿਲੀਅਮਜ਼, ਨੇ ਕਿਹਾ: “ਗੁੱਸੇ ਹੋਣ ਨਾਲ ਸ਼ਾਇਦ ਦਿਲ ਦਾ ਦੌਰਾ ਪੈ ਸਕਦਾ ਹੈ, ਖ਼ਾਸ ਕਰਕੇ ਅੱਧਖੜ ਉਮਰ ਦੇ ਲੋਕਾਂ ਵਿਚ, ਭਾਵੇਂ ਕਿ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਠੀਕ ਹੋਵੇ।” ਇਸ ਲਈ ਖੋਜਕਾਰਾਂ ਦੀ ਸਲਾਹ ਹੈ ਕਿ ਛੇਤੀ ਗੁੱਸੇ ਹੋਣ ਵਾਲੇ ਲੋਕਾਂ ਨੂੰ ਆਪਣੇ ਗੁੱਸੇ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।