ਕਾਰਬਨ ਮੋਨਾਕਸਾਈਡ—ਚੁੱਪ-ਚੁਪੀਤਾ ਕਾਤਲ
ਕਾਰਬਨ ਮੋਨਾਕਸਾਈਡ—ਚੁੱਪ-ਚੁਪੀਤਾ ਕਾਤਲ
ਬਰਤਾਨੀਆ ਵਿਚ ਜਾਗਰੂਕ ਬਣੋ! ਦੇ ਲੇਖਕ ਦੁਆਰਾ
ਬਰਤਾਨੀਆ ਵਿਚ ਹਰੇਕ ਸਾਲ ਲਗਭਗ 50 ਲੋਕ ਕਾਰਬਨ ਮੋਨਾਕਸਾਈਡ ਦੇ ਜ਼ਹਿਰੀਲੇ ਗੈਸ ਦੁਆਰਾ ਮਾਰੇ ਜਾਂਦੇ ਹਨ ਜੋ ਕਿ ਖ਼ਰਾਬ ਹੀਟਰਾਂ ਤੋਂ ਨਿਕਲਦਾ ਹੈ। ਲੰਡਨ ਵਿਚ ਖ਼ਤਰਿਆਂ ਬਾਰੇ ਜਾਣੂ ਕਰਾਉਣ ਵਾਲੀ ਇਕ ਸੰਸਥਾ ਨੇ ਰਿਪੋਰਟ ਕੀਤਾ ਕਿ “ਐਸਬੈਸਟਸ ਦੇ ਖ਼ਤਰੇ ਤੋਂ ਬਾਅਦ, ਨੌਕਰੀ ਦੀ ਜਗ੍ਹਾ ਜਾਂ ਘਰ ਵਿਚ ਕਾਰਬਨ ਮੋਨਾਕਸਾਈਡ ਜ਼ਹਿਰ ਭਰਨ ਦਾ ਸਭ ਤੋਂ ਵੱਡਾ ਕਾਰਨ ਹੈ।” ਪਰ ਕਾਰਬਨ ਮੋਨਾਕਸਾਈਡ ਹੈ ਕੀ?
ਕਾਰਬਨ ਮੋਨਾਕਸਾਈਡ ਇਕ ਕਿਸਮ ਦਾ ਗੈਸ ਹੈ। ਇਹ ਉਦੋਂ ਬਣਦਾ ਹੈ ਜਦੋਂ ਕੋਲਿਆਂ, ਜਾਂ ਧਰਤੀ ਵਿੱਚੋਂ ਕੱਢਿਆ ਬਾਲਣ, ਖ਼ਾਸ ਕਰਕੇ ਗੈਸ ਨੂੰ ਚੰਗੀ ਤਰ੍ਹਾਂ ਨਹੀਂ ਜਾਲਿਆ ਜਾਂਦਾ ਹੈ, ਜਿਵੇਂ ਕਿ ਇਕ ਕਾਰ ਦੇ ਇੰਜਣ ਵਿਚ ਜਾਂ ਹੀਟਰਾਂ ਵਿਚ। ਇਸ ਗੈਸ ਦਾ ਨਾ ਕੋਈ ਰੰਗ, ਨਾ ਕੋਈ ਮਹਿਕ, ਅਤੇ ਨਾ ਕੋਈ ਸੁਆਦ ਹੈ। ਤਾਂ ਫਿਰ ਇਹ ਕਿਸ ਤਰ੍ਹਾਂ ਕਿਸੇ ਦੀ ਜਾਨ ਲੈਂਦਾ ਹੈ?
ਲਹੂ ਵਿਚਲੇ ਲਾਲ ਸੈੱਲ ਸਰੀਰ ਦੇ ਅੰਦਰ ਜ਼ਰੂਰੀ ਆਕਸੀਜਨ ਫੈਲਾਉਂਦੇ ਹਨ। ਕਾਰਬਨ ਮੋਨਾਕਸਾਈਡ ਇਸ ਲਈ ਖ਼ਤਰਨਾਕ ਹੈ ਕਿਉਂਕਿ ਲਾਲ ਸੈੱਲ ਆਕਸੀਜਨ ਦੀ ਬਜਾਇ ਪਹਿਲਾਂ ਇਸ ਨੂੰ ਗ੍ਰਹਿਣ ਕਰਦੇ ਹਨ। ਕਾਰਬਨ ਮੋਨਾਕਸਾਈਡ ਜ਼ਹਿਰੀਲਾ ਬਣ ਜਾਂਦਾ ਹੈ ਕਿਉਂਕਿ ਸਰੀਰ ਵਿਚ ਘੱਟ ਆਕਸੀਜਨ ਫੈਲਦਾ ਹੈ। ਜੇਕਰ ਲੰਮੇ ਸਮੇਂ ਦੌਰਾਨ ਥੋੜ੍ਹਾ ਜਿਹਾ ਕਾਰਬਨ ਮੋਨਾਕਸਾਈਡ ਸਰੀਰ ਵਿਚ ਫੈਲਦਾ ਰਹੇ ਤਾਂ ਇਸ ਨਾਲ ਦਿਮਾਗ਼ ਦਾ ਲਾਇਲਾਜ ਨੁਕਸਾਨ ਹੋ ਸਕਦਾ ਹੈ। ਇਸ ਦੇ ਲੱਛਣ ਹਨ, ਸਿਰਦਰਦ, ਸੁਸਤੀ, ਕਮਜ਼ੋਰੀ, ਚੱਕਰ ਆਉਣੇ, ਢਿੱਡ ਵਿਚ ਕਚਿਆਹਣ, ਅਤੇ ਬੇਹੋਸ਼ੀ। ਜੇ ਹਾਲਤ ਜ਼ਿਆਦਾ ਖ਼ਰਾਬ ਹੋਵੇ ਤਾਂ ਦਿਲ ਦੀ ਧੜਕਣ ਘੱਟ ਸਕਦੀ ਹੈ, ਕੋਮਾ ਹੋ ਸਕਦਾ, ਅਤੇ ਸਾਹ ਬੰਦ ਹੋ ਸਕਦਾ ਹੈ। ਜੇ ਕੋਈ ਜਣਾ ਇਕਦਮ ਬੀਮਾਰ ਹੋ ਜਾਵੇ ਤਾਂ ਜਲਦੀ ਹੀ ਆਕਸੀਜਨ ਅਤੇ ਸਾਹ ਦੇਣਾ ਜ਼ਰੂਰੀ ਹੈ, ਨਹੀਂ ਤਾਂ ਦਿਮਾਗ਼ ਨੂੰ ਘੱਟ ਆਕਸੀਜਨ ਪਹੁੰਚਣ ਕਰਕੇ ਮੌਤ ਹੋ ਸਕਦੀ ਹੈ।
ਕਾਰਬਨ ਮੋਨਾਕਸਾਈਡ ਦੇ ਖ਼ਤਰਿਆਂ ਨੂੰ ਘਟਾਉਣ ਲਈ ਕੀ ਕੀਤਾ ਜਾ ਸਕਦਾ ਹੈ? ਸਾਰਿਆਂ ਹੀਟਰਾਂ ਵਰਗੀਆਂ ਚੀਜ਼ਾਂ ਨੂੰ ਕਿਸੇ ਕਾਰੀਗਰ ਕੋਲੋਂ ਫਿਟ ਕਰਾਓ ਅਤੇ ਇਨ੍ਹਾਂ ਨੂੰ ਬਾਕਾਇਦਾ ਚੈੱਕ ਕਰਾਓ। ਜੇ ਗੈਸ ਦੀ ਲਾਟ ਨੀਲੀ ਹੋਣ ਦੀ ਬਜਾਇ ਪੀਲੀ ਹੈ ਤਾਂ ਮੰਨ ਲਓ ਕਿ ਗੈਸ ਚੰਗੀ ਤਰ੍ਹਾਂ ਨਹੀਂ ਜਲ ਰਿਹਾ ਅਤੇ ਇਸ ਤੋਂ ਸ਼ਾਇਦ ਕਾਰਬਨ ਮੋਨਾਕਸਾਈਡ ਨਿਕਲਦਾ ਹੋਵੇ। ਅੱਜ-ਕੱਲ੍ਹ ਘਰ ਵਿਚ ਲਗਾਉਣ ਲਈ ਕਾਰਬਨ ਮੋਨਾਕਸਾਈਡ ਦਾ ਖ਼ਤਰਾ ਦੱਸਣ ਵਾਲੇ ਕਈ ਤਰ੍ਹਾਂ ਦੇ ਅਲਾਰਮ ਮਿਲ ਸਕਦੇ ਹਨ। ਉਨ੍ਹਾਂ ਹੀਟਰਾਂ ਅਤੇ ਹੋਰ ਸਾਧਨਾਂ ਨੂੰ ਇਸਤੇਮਾਲ ਕਰਦੇ ਹੋਏ ਜਿਨ੍ਹਾਂ ਤੋਂ ਕਾਰਬਨ ਮੋਨਾਕਸਾਈਡ ਨਿਕਲ ਸਕਦਾ ਹੈ, ਇਹ ਨਾ ਸੋਚੋ ਕੇ ਕੋਈ ਖ਼ਤਰਾ ਨਹੀਂ ਹੋ ਸਕਦਾ।
[ਸਫ਼ਾ 31 ਉੱਤੇ ਤਸਵੀਰ]
ਅਸਾਧਾਰਣ ਲਾਟ
[ਸਫ਼ਾ 31 ਉੱਤੇ ਤਸਵੀਰ]
ਸਾਧਾਰਣ ਲਾਟ
[ਸਫ਼ਾ 31 ਉੱਤੇ ਤਸਵੀਰ]
ਕਾਰਬਨ ਮੋਨਾਕਸਾਈਡ ਦਾ ਖ਼ਤਰਾ ਦੱਸਣ ਵਾਲੇ ਕਈ ਤਰ੍ਹਾਂ ਦੇ ਅਲਾਰਮ ਮਿਲ ਸਕਦੇ ਹਨ