Skip to content

Skip to table of contents

ਸ੍ਰਿਸ਼ਟੀ ਦਾ ਮਹਾਨ ਮਕਸਦ

ਸ੍ਰਿਸ਼ਟੀ ਦਾ ਮਹਾਨ ਮਕਸਦ

ਸ੍ਰਿਸ਼ਟੀ ਦਾ ਮਹਾਨ ਮਕਸਦ

ਹਜ਼ਾਰਾਂ ਸਾਲਾਂ ਤੋਂ ਲੋਕ ਆਸਮਾਨ ਵੱਲ ਦੇਖ ਕੇ ਪੁੱਛਦੇ ਆਏ ਹਨ ਕਿ ‘ਇਸ ਸਭ ਦਾ ਮਕਸਦ ਕੀ ਹੈ?’ ਬਹੁਤ ਸਮਾਂ ਪਹਿਲਾਂ ਇਕ ਸੰਗੀਤਕਾਰ ਨੇ ਭਜਨ ਗਾ ਕੇ ਆਪਣੀ ਕਦਰ ਦਿਖਾਈ: “ਅਕਾਸ਼ ਪਰਮੇਸ਼ੁਰ ਦੀ ਮਹਿਮਾ ਦਾ ਵਰਨਣ ਕਰਦੇ ਹਨ, ਅਤੇ ਅੰਬਰ ਉਸ ਦੀ ਦਸਤਕਾਰੀ ਵਿਖਾਲਦਾ ਹੈ।”​—ਜ਼ਬੂਰ 19:1.

ਸਾਡੀ ਸੋਹਣੀ ਧਰਤੀ ਵੱਲ ਦੇਖ ਕੇ ਵੀ ਸਾਡੇ ਮੂੰਹੋਂ ਇਸ ਤਰ੍ਹਾਂ ਦੀ ਤਾਰੀਫ਼ ਨਿਕਲਦੀ ਹੈ। ਉਦਾਹਰਣ ਲਈ ਪੁਲਾੜ ਦੀ ਯਾਤਰਾ ਕਰਨ ਤੋਂ ਬਾਅਦ ਚਾਰਲਜ਼ ਡੂਕ ਨੇ ਕਿਹਾ: ‘ਆਕਾਸ਼ ਤੋਂ ਥੱਲੇ ਦੇਖਦੇ ਹੋਏ, ਸਾਡੀ ਧਰਤੀ ਸਭ ਤੋਂ ਸੁੰਦਰ ਚੀਜ਼ ਨਜ਼ਰ ਆਉਂਦੀ ਸੀ। ਕਾਲੇ ਪੁਲਾੜ ਵਿਚ ਇਸ ਦੀ ਜ਼ਮੀਨ ਦਾ ਰੰਗ, ਸਮੁੰਦਰ ਦਾ ਰੰਗ, ਅਤੇ ਬਦਲਾਂ ਦਾ ਰੰਗ ਦੇਖ ਕੇ ਰੱਬ ਯਾਦ ਆਉਂਦਾ ਸੀ।’

ਜਦੋਂ ਤੁਸੀਂ ਰਾਤ ਨੂੰ ਤਾਰਿਆਂ-ਭਰੇ ਆਸਮਾਨ ਵੱਲ ਦੇਖਦੇ ਹੋ, ਤਾਂ ਤੁਹਾਡੇ ਅੰਦਰੋਂ ਕੀ ਆਵਾਜ਼ ਨਿਕਲਦੀ ਹੈ? ਜਾਂ ਜਦੋਂ ਤੁਸੀਂ ਧਰਤੀ ਦੀ ਕੋਈ ਖੂਬਸੂਰਤ ਜਗ੍ਹਾ ਦੇਖਦੇ ਹੋ, ਤਾਂ ਤੁਸੀਂ ਕੀ ਸੋਚਦੇ ਹੋ? ਕੀ ਤੁਸੀਂ ਕਦੇ ਸੋਚਿਆ ਹੈ ਕਿ ਇਹ ਸਭ ਕੁਝ ਕਿਸ ਤਰ੍ਹਾਂ ਬਣਿਆ ਜਾਂ ਕਿਉਂ ਬਣਾਇਆ ਗਿਆ ਹੈ?

ਪਰਮੇਸ਼ੁਰ ਦਾ ਮਕਸਦ

ਯਹੋਵਾਹ ਪਰਮੇਸ਼ੁਰ ਨੇ ਅੱਯੂਬ ਨਾਂ ਦੇ ਬੰਦੇ ਨੂੰ ਪੁੱਛਿਆ ਸੀ ਕਿ “ਤੂੰ ਕਿੱਥੇ ਸੈਂ ਜਦ ਮੈਂ ਧਰਤੀ ਦੀ ਨੀਉਂ ਰੱਖੀ?” (ਅੱਯੂਬ 38:4) ਇਸ ਸਵਾਲ ਨੇ ਅੱਯੂਬ ਦਾ ਮਾਣ ਤੋੜਿਆ ਕਿਉਂ ਜੋ ਉਹ ਉਸ ਵੇਲੇ ਜ਼ਿੰਦਾ ਨਹੀਂ ਸੀ ਜਦੋਂ ਧਰਤੀ ਬਣਾਈ ਗਈ। ਪਰ ਅੱਯੂਬ ਦੇ ਸਮੇਂ ਤੋਂ ਬਹੁਤ ਚਿਰ ਪਹਿਲਾਂ, ਪਰਮੇਸ਼ੁਰ ਨੇ ਆਪਣੇ ਰੂਪ ਵਿਚ ਪੁੱਤਰ, ਯਾਨੀ ਦੂਤ ਬਣਾਏ ਸਨ। (ਜ਼ਬੂਰ 104:4, 5) ਇਸ ਲਈ ਪਰਮੇਸ਼ੁਰ ਨੇ ਅੱਯੂਬ ਨੂੰ ਅੱਗੇ ਧਰਤੀ ਬਾਰੇ ਇਹ ਸਵਾਲ ਪੁੱਛਿਆ: “ਕਾਹ ਦੇ ਉੱਤੇ ਉਹ ਦੀਆਂ ਟੇਕਾਂ ਰੱਖੀਆਂ ਗਈਆਂ, ਯਾ ਕਿਹ ਨੇ ਉਹ ਦੇ ਸਿਰੇ ਦਾ ਪੱਥਰ ਧਰਿਆ, ਜਦ ਸਵੇਰ ਦੇ ਤਾਰੇ ਮਿਲ ਕੇ ਜੈਕਾਰੇ ਗਜਾਉਂਦੇ ਸਨ, ਅਤੇ ਪਰਮੇਸ਼ੁਰ ਦੇ ਸਾਰੇ ਪੁੱਤ੍ਰ ਨਾਰੇ ਮਾਰਦੇ ਸਨ?”​—ਅੱਯੂਬ 38:6, 7.

ਧਰਤੀ ਦੀ ਸ਼ੁਰੂਆਤ ਦੇਖ ਕੇ ਦੂਤ ਇੰਨੇ ਖ਼ੁਸ਼ ਕਿਉਂ ਹੋਏ ਸਨ? ਕਿਉਂਕਿ ਉਹ ਜਾਣਦੇ ਸਨ ਕਿ ਪਰਮੇਸ਼ੁਰ ਦੀ ਸ੍ਰਿਸ਼ਟੀ ਵਿਚ ਧਰਤੀ ਇਕ ਖ਼ਾਸ ਚੀਜ਼ ਸੀ। ਸ਼ਾਇਦ ਪਰਮੇਸ਼ੁਰ ਨੇ ਉਨ੍ਹਾਂ ਨੂੰ ਧਰਤੀ ਦੇ ਸੰਬੰਧ ਵਿਚ ਆਪਣੇ ਮਕਸਦ ਦੀ ਕੋਈ ਝਲਕ ਦਿੱਤੀ ਹੋਵੇ। ਬਾਅਦ ਵਿਚ ਯਹੋਵਾਹ ਨੇ ਮਨੁੱਖਜਾਤੀ ਨੂੰ ਵੀ ਦੱਸਿਆ ਕਿ ‘ਉਹ ਨੇ ਧਰਤੀ ਨੂੰ ਬੇਡੌਲ ਨਹੀਂ ਉਤਪਤ ਕੀਤਾ, ਸਗੋਂ ਉਹ ਨੇ ਉਸ ਨੂੰ ਵੱਸਣ ਲਈ ਸਾਜਿਆ।’ ਜੀ ਹਾਂ, ਉਸ ਨੇ ਧਰਤੀ ਮਨੁੱਖਾਂ ਦੇ ਹਮੇਸ਼ਾ ਲਈ ਰਹਿਣ ਲਈ ਅਤੇ ਮਜ਼ਾ ਲੈਣ ਲਈ ਬਣਾਈ ਸੀ।​—ਯਸਾਯਾਹ 45:18.

ਪਹਿਲੇ ਆਦਮੀ ਅਤੇ ਔਰਤ ਨੂੰ ਰਚਣ ਤੋਂ ਬਾਅਦ ਯਹੋਵਾਹ ਨੇ ਉਨ੍ਹਾਂ ਨੂੰ ਧਰਤੀ ਦੇ ਸੰਬੰਧ ਵਿਚ ਆਪਣਾ ਮਕਸਦ ਇਸ ਤਰ੍ਹਾਂ ਦੱਸਿਆ: “ਫਲੋ ਅਰ ਵਧੋ ਅਰ ਧਰਤੀ ਨੂੰ ਭਰ ਦਿਓ ਅਤੇ ਉਹ ਨੂੰ ਆਪਣੇ ਵੱਸ ਵਿੱਚ ਕਰੋ ਅਤੇ ਸਮੁੰਦਰ ਦੀਆਂ ਮੱਛੀਆਂ ਉੱਤੇ ਅਰ ਅਕਾਸ਼ ਦਿਆਂ ਪੰਛੀਆਂ ਉੱਤੇ ਅਰ ਸਾਰੇ ਧਰਤੀ ਪੁਰ ਘਿੱਸਰਨ ਵਾਲਿਆਂ ਜੀਆਂ ਉੱਤੇ ਰਾਜ ਕਰੋ।” (ਉਤਪਤ 1:28) ਪਰਮੇਸ਼ੁਰ ਨੇ ਆਦਮੀ ਅਤੇ ਤੀਵੀਂ ਨੂੰ ਬੱਚੇ ਪੈਦਾ ਕਰਨ ਦੀ ਕਾਬਲੀਅਤ ਨਾਲ ਬਣਾਇਆ ਸੀ। ਪਰਮੇਸ਼ੁਰ ਦਾ ਮਕਸਦ ਸੀ ਕਿ ਸਾਰੀ ਧਰਤੀ ਅਜਿਹਿਆਂ ਇਨਸਾਨਾਂ ਨਾਲ ਭਰ ਜਾਵੇ ਜੋ ਆਪਣੇ ਸ੍ਰਿਸ਼ਟੀਕਰਤਾ ਦੇ ਸਰੂਪ ਵਿਚ ਹੋਣ ਕਰਕੇ ਚੰਗੇ ਗੁਣ ਦਿਖਾਉਣਗੇ।

ਇਹ ਗੱਲ ਸੱਚ ਹੈ ਕਿ ਲੋਕ ਅੱਜ ਸਾਰੀ ਧਰਤੀ ਉੱਤੇ ਰਹਿ ਰਹੇ ਹਨ, ਪਰ ਉਹ ਪਰਮੇਸ਼ੁਰ ਦੇ ਮਕਸਦ ਅਨੁਸਾਰ ਨਹੀਂ ਰਹਿ ਰਹੇ। ਲੋਕਾਂ ਦੀ ਹਾਲਤ ਬੁਰੀ ਹੈ, ਉਹ ਬੀਮਾਰ ਹਨ ਅਤੇ ਮਰ ਰਹੇ ਹਨ। ਉਹ ਨਾ ਤਾਂ ਧਰਤੀ ਦੀ ਅਤੇ ਨਾ ਹੀ ਉਸ ਉੱਤੇ ਰਹਿਣ ਵਾਲੇ ਜਾਨਵਰਾਂ ਦੀ ਚੰਗੀ ਤਰ੍ਹਾਂ ਦੇਖ-ਭਾਲ ਕਰ ਰਹੇ ਹਨ। ਯਹੋਵਾਹ ਨੇ ਇਨਸਾਨਾਂ ਨੂੰ ਕਿਸੇ ਵੀ ਨੁਕਸ ਤੋਂ ਬਿਨਾਂ ਬਣਾਇਆ ਸੀ। ਉਹ ਚਾਹੁੰਦਾ ਸੀ ਕਿ ਸਮੇਂ ਦੇ ਬੀਤਣ ਨਾਲ ਸਾਰੀ ਧਰਤੀ ਧਰਮੀ ਇਨਸਾਨਾਂ ਦੇ ਅਧੀਨ ਹੋਵੇਗੀ ਜੋ ਹਮੇਸ਼ਾ ਲਈ ਰਲ-ਮਿਲ ਕੇ ਇਸ ਫਿਰਦੌਸ ਵਰਗੀ ਧਰਤੀ ਉੱਤੇ ਵੱਸਣਗੇ।

ਅਸੀਂ ਕਿਉਂ ਭਰੋਸਾ ਰੱਖ ਸਕਦੇ ਹਾਂ ਕਿ ਇਹ ਮਕਸਦ ਪੂਰਾ ਹੋਵੇਗਾ? ਕਿਉਂਕਿ ਯਹੋਵਾਹ ਦਾ ਵਾਅਦਾ ਹੈ ਕਿ ਜੋ ਉਹ ਠਾਣਦਾ ਹੈ ਉਹ ‘ਪੂਰਾ ਕਰਦਾ ਹੈ।’ (ਯਸਾਯਾਹ 46:11; 55:11) ਉਸ ਦਾ ਬਚਨ ਸਾਨੂੰ ਭਰੋਸਾ ਦਿਲਾਉਂਦਾ ਹੈ ਕਿ “ਧਰਮੀ ਧਰਤੀ ਦੇ ਵਾਰਸ ਹੋਣਗੇ, ਅਤੇ ਸਦਾ ਉਸ ਉੱਤੇ ਵੱਸਣਗੇ।” (ਜ਼ਬੂਰ 37:29; ਪਰਕਾਸ਼ ਦੀ ਪੋਥੀ 21:3, 4) ਕਈਆਂ ਨੂੰ ਸ਼ਾਇਦ ਪਰਮੇਸ਼ੁਰ ਦੇ ਪੁੱਤਰ ਯਿਸੂ ਮਸੀਹ ਦੀ ਗੱਲ ਯਾਦ ਆਵੇ ਜਦੋਂ ਉਸ ਨੇ ਆਪਣੇ ਨਾਲ ਸੂਲੀ ਤੇ ਟੰਗੇ ਹੋਏ ਪਸ਼ਚਾਤਾਪੀ ਅਪਰਾਧੀ ਨੂੰ ਕਿਹਾ ਸੀ: ‘ਤੂੰ ਮੇਰੇ ਨਾਲ ਫਿਰਦੌਸ ਵਿਚ ਹੋਵੇਂਗਾ।’ (ਲੂਕਾ 23:43, ਨਿ ਵ) ਇਹ ਵਾਅਦਾ ਕਿਸ ਤਰ੍ਹਾਂ ਪੂਰਾ ਹੋਵੇਗਾ?

ਪਰਮੇਸ਼ੁਰ ਦਾ ਮਕਸਦ ਕਿਸ ਤਰ੍ਹਾਂ ਪੂਰਾ ਹੋਵੇਗਾ

ਪਰਮੇਸ਼ੁਰ ਦੇ ਰਾਜ ਲਈ ਬਹੁਤ ਚਿਰ ਤੋਂ ਪ੍ਰਾਰਥਨਾ ਕੀਤੀ ਜਾ ਰਹੀ ਹੈ। ਜਦੋਂ ਯਿਸੂ ਇਸ ਧਰਤੀ ਉੱਤੇ ਉਹ ਰਾਜ ਪੂਰੀ ਤਰ੍ਹਾਂ ਸਥਾਪਿਤ ਕਰੇਗਾ, ਤਾਂ ਉਹ ਅਪਰਾਧੀ ਧਰਤੀ ਉੱਤੇ ਜੀਉਣ ਲਈ ਮੌਤ ਤੋਂ ਜੀ ਉਠਾਇਆ ਜਾਵੇਗਾ। (ਜ਼ਬੂਰ 72:1, 5-8; ਮੱਤੀ 6:9, 10; ਯੂਹੰਨਾ 18:36, 37; ਰਸੂਲਾਂ ਦੇ ਕਰਤੱਬ 24:15) ਪਰ ਪਹਿਲਾਂ ਧਰਤੀ ਤੋਂ ਉਹ ਸਭ ਲੋਕ ਖ਼ਤਮ ਕੀਤੇ ਜਾਣਗੇ ਜੋ ਪਰਮੇਸ਼ੁਰ ਦੀ ਭਗਤੀ ਕਰਨ ਤੋਂ ਇਨਕਾਰ ਕਰਦੇ ਹਨ। ਫਿਰ ਉਨ੍ਹਾਂ ਲੋਕਾਂ ਨੂੰ ਜ਼ਿੰਦਾ ਕੀਤਾ ਜਾਵੇਗਾ ਜੋ ਮਰ ਗਏ ਹਨ। ਬਾਈਬਲ ਦਾ ਵਾਅਦਾ ਹੈ ਕਿ “ਅਕਾਸ਼ ਦਾ ਪਰਮੇਸ਼ੁਰ ਇੱਕ ਰਾਜ ਖੜਾ ਕਰੇਗਾ ਜਿਹੜਾ ਸਦਾ ਤੀਕ ਨੇਸਤ ਨਾ ਹੋਵੇਗਾ।” ਫਿਰ ਅੱਗੇ ਲਿਖਿਆ ਹੈ: “ਉਹ ਏਹਨਾਂ ਸਾਰੀਆਂ ਪਾਤਸ਼ਾਹੀਆਂ ਨੂੰ ਚੂਰ ਚੂਰ ਕਰ ਕੇ ਸਤਿਆ ਨਾਸ ਕਰੇਗਾ ਪਰ ਆਪ ਸਦਾ ਤਾਈਂ ਖੜਾ ਰਹੇਗਾ।”​—ਦਾਨੀਏਲ 2:44.

ਅਸੀਂ ਯਕੀਨ ਕਰ ਸਕਦੇ ਹਾਂ ਕਿ ਸਾਰੇ ਵਿਸ਼ਵ ਦਾ ਬੁੱਧੀਮਾਨ ਸ੍ਰਿਸ਼ਟੀਕਰਤਾ ਇਸ ਧਰਤੀ ਨੂੰ ਅਜਿਹੇ ਇਨਸਾਨਾਂ ਨਾਲ ਭਰਨ ਦਾ ਆਪਣਾ ਮਕਸਦ ਪੂਰਾ ਕਰ ਸਕਦਾ ਹੈ ਜੋ ਉਸ ਦੇ ਚੰਗੇ ਗੁਣ ਦਿਖਾਉਂਦੇ ਹਨ! (ਉਤਪਤ 1:27) ਪਰਮੇਸ਼ੁਰ ਚਾਹੁੰਦਾ ਹੈ ਕਿ ਲੋਕ ਇਹ ਗੱਲ ਸਮਝਣ ਕਿ ਉਸ ਨੇ ਆਪਣਾ ਮਕਸਦ ਕਿਸ ਤਰ੍ਹਾਂ ਪੂਰਾ ਕਰਨਾ ਹੈ। ਇਸ ਲਈ ਉਸ ਨੇ ਸਾਰਿਆਂ ਦੇ ਪੜ੍ਹਨ ਲਈ ਇਕ ਕਿਤਾਬ ਵਿਚ ਸਭ ਕੁਝ ਲਿਖਵਾ ਰੱਖਿਆ ਹੈ। * ਅੱਗੇ ਪੜ੍ਹੋ ਕਿ ਡੇਟਨ, ਓਹੀਓ, ਅਮਰੀਕਾ ਵਿਚ ਰਹਿੰਦੇ ਹੋਏ ਇਕ ਆਦਮੀ ਨੇ ਬਾਈਬਲ ਬਾਰੇ ਕੀ ਕਿਹਾ ਸੀ।

“ਮੈਂ ਇਹ ਸਾਰੀ ਕਿਤਾਬ ਜ਼ਿੰਦਗੀ ਭਰ ਖ਼ਤਮ ਨਹੀਂ ਕਰ ਸਕਦਾ। ਇਸ ਦੇ ਸ਼ੁਰੂ ਵਿਚ ਦੱਸਿਆ ਗਿਆ ਕਿ ਬਗਾਵਤ ਕਰਕੇ ਇਕ ਸੋਹਣਾ ਘਰ ਕਿਸ ਤਰ੍ਹਾਂ ਬਰਬਾਦ ਹੋਇਆ। ਬਾਅਦ ਵਿਚ ਆਫ਼ਤਾਂ ਅਤੇ ਬਿਪਤਾਵਾਂ ਆਈਆਂ, ਤੇ ਫਿਰ ਗਮ, ਕਤਲ, ਅਤੇ ਮੌਤ। ਜਿਉਂ-ਜਿਉਂ ਪਰਿਵਾਰ ਦੇ ਜੀਅ ਵਧਦੇ ਗਏ, ਨਾਲੋਂ-ਨਾਲ ਉਨ੍ਹਾਂ ਦੀ ਨਿਰਾਸ਼ਾ ਵੀ ਵਧਦੀ ਗਈ। ਸਦੀਆਂ ਬੀਤ ਜਾਂਦੀਆਂ ਹਨ। ਕੌਮਾਂ ਦੇ ਉਤਾਰ-ਚੜ੍ਹਾਅ ਹੁੰਦੇ ਹਨ, ਹਜ਼ਾਰਾਂ ਹੀ ਲੋਕ ਆ ਕੇ ਚਲੇ ਜਾਂਦੇ ਹਨ। ਇਸ ਵਿਚ ਹਰ ਇਨਸਾਨੀ ਜਜ਼ਬਾ ਲਿਖਿਆ ਗਿਆ ਹੈ, ਭਾਵੇਂ ਉਹ ਡਾਢੀ ਨਫ਼ਰਤ ਹੋਵੇ ਜਾਂ ਕਿਸੇ ਸ਼ਹੀਦ ਦਾ ਪਿਆਰ। ਇਕ ਛੋਟੀ ਜਿਹੀ ਝਲਕ ਤੋਂ ਸ਼ੁਰੂ ਹੋ ਕੇ ਆਸ ਅਤੇ ਉਮੀਦ ਪੱਕੀ ਹੁੰਦੀ ਹੈ। ਇਕ ਮੁਕੰਮਲ ਸਰਕਾਰ, ਉਸ ਸੋਹਣੇ ਘਰ ਨੂੰ ਫਿਰ ਵਸਾਵੇਗੀ। ਉਸ ਸਰਕਾਰ ਦਾ ਰਾਜਾ, ਯਿਸੂ ਮਸੀਹ ਹੈ। ਉਹ ਸਰਕਾਰ, ਪਰਮੇਸ਼ੁਰ ਦਾ ਰਾਜ ਹੈ। ਉਹ ਪਰਿਵਾਰ, ਮਨੁੱਖਜਾਤੀ ਹੈ ਅਤੇ ਉਹ ਕਿਤਾਬ, ਬਾਈਬਲ ਹੈ!”

ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇਸ ਮਹੱਤਵਪੂਰਣ ਕਿਤਾਬ, ਯਾਨੀ ਬਾਈਬਲ ਨੂੰ ਪੜ੍ਹ ਕੇ ਚੰਗੀ ਤਰ੍ਹਾਂ ਸਮਝੋ। ਇਸ ਤੋਂ ਇਲਾਵਾ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਬੂਤ ਦੀ ਚੰਗੀ ਤਰ੍ਹਾਂ ਜਾਂਚ ਕਰੋ ਕਿ ਸਾਡਾ ਵਿਸ਼ਵ ਅਤੇ ਇਸ ਦੀਆਂ ਸਾਰੀਆਂ ਚੀਜ਼ਾਂ ਆਪੇ ਹੀ ਨਹੀਂ ਬਣੀਆਂ। ਇਸ ਤਰ੍ਹਾਂ ਕਰਨ ਲਈ ਯਹੋਵਾਹ ਦੇ ਗਵਾਹ ਤੁਹਾਡੀ ਮਦਦ ਕਰਨ ਵਿਚ ਬਹੁਤ ਖ਼ੁਸ਼ ਹੋਣਗੇ।

[ਫੁਟਨੋਟ]

^ ਪੈਰਾ 13 ਤਮਾਮ ਲੋਕਾਂ ਲਈ ਇਕ ਪੁਸਤਕ ਨਾਂ ਦਾ ਬ੍ਰੋਸ਼ਰ ਦੇਖੋ, ਜੋ ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਛਾਪਿਆ ਗਿਆ ਹੈ।

[ਸਫ਼ਾ 10 ਉੱਤੇ ਤਸਵੀਰ]

‘ਆਕਾਸ਼ ਵਿਚ ਸਭ ਤੋਂ ਸੁੰਦਰ ਚੀਜ਼’

[ਕ੍ਰੈਡਿਟ ਲਾਈਨ]

NASA photo