Skip to content

Skip to table of contents

ਅਧਿਐਨ ਲੇਖ 20

ਪ੍ਰਕਾਸ਼ ਦੀ ਕਿਤਾਬ​—ਇਹ ਪਰਮੇਸ਼ੁਰ ਦੇ ਦੁਸ਼ਮਣਾਂ ਦੇ ਹਸ਼ਰ ਬਾਰੇ ਕੀ ਦੱਸਦੀ ਹੈ?

ਪ੍ਰਕਾਸ਼ ਦੀ ਕਿਤਾਬ​—ਇਹ ਪਰਮੇਸ਼ੁਰ ਦੇ ਦੁਸ਼ਮਣਾਂ ਦੇ ਹਸ਼ਰ ਬਾਰੇ ਕੀ ਦੱਸਦੀ ਹੈ?

“ਉਹ ਰਾਜਿਆਂ ਨੂੰ ਉਸ ਜਗ੍ਹਾ ਇਕੱਠੇ ਕਰਦੇ ਹਨ ਜਿਸ ਨੂੰ ਇਬਰਾਨੀ ਭਾਸ਼ਾ ਵਿਚ ਆਰਮਾਗੇਡਨ ਕਿਹਾ ਜਾਂਦਾ ਹੈ।”​—ਪ੍ਰਕਾ. 16:16.

ਗੀਤ 150 ਯਹੋਵਾਹ ਵਿਚ ਪਨਾਹ ਲਓ

ਖ਼ਾਸ ਗੱਲਾਂ *

1. ਪ੍ਰਕਾਸ਼ ਦੀ ਕਿਤਾਬ ਵਿਚ ਪਰਮੇਸ਼ੁਰ ਦੇ ਲੋਕਾਂ ਬਾਰੇ ਕੀ ਦੱਸਿਆ ਗਿਆ ਹੈ?

 ਪ੍ਰਕਾਸ਼ ਦੀ ਕਿਤਾਬ ਵਿਚ ਦੱਸਿਆ ਗਿਆ ਹੈ ਕਿ ਸਵਰਗ ਵਿਚ ਪਰਮੇਸ਼ੁਰ ਦਾ ਰਾਜ ਸ਼ੁਰੂ ਹੋ ਗਿਆ ਹੈ ਅਤੇ ਸ਼ੈਤਾਨ ਨੂੰ ਧਰਤੀ ’ਤੇ ਸੁੱਟ ਦਿੱਤਾ ਗਿਆ ਹੈ। (ਪ੍ਰਕਾ. 12:1-9) ਇਸ ਕਰਕੇ ਸਵਰਗ ਵਿਚ ਸ਼ਾਂਤੀ ਹੋ ਗਈ ਹੈ, ਪਰ ਧਰਤੀ ’ਤੇ ਸਾਡੀਆਂ ਮੁਸ਼ਕਲਾਂ ਵਧ ਗਈਆਂ ਹਨ। ਕਿਉਂ? ਕਿਉਂਕਿ ਸ਼ੈਤਾਨ ਬਹੁਤ ਗੁੱਸੇ ਵਿਚ ਹੈ ਅਤੇ ਉਹ ਵਫ਼ਾਦਾਰੀ ਨਾਲ ਸੇਵਾ ਕਰਨ ਵਾਲਿਆਂ ਉੱਤੇ ਆਪਣਾ ਗੁੱਸਾ ਕੱਢ ਰਿਹਾ ਹੈ।​—ਪ੍ਰਕਾ. 12:12, 15, 17.

2. ਅਸੀਂ ਪਰਮੇਸ਼ੁਰ ਪ੍ਰਤੀ ਆਪਣੀ ਵਫ਼ਾਦਾਰੀ ਕਿਵੇਂ ਬਣਾਈ ਰੱਖ ਸਕਦੇ ਹਾਂ?

2 ਸ਼ੈਤਾਨ ਦੇ ਹਮਲਿਆਂ ਦੇ ਬਾਵਜੂਦ ਵੀ ਅਸੀਂ ਯਹੋਵਾਹ ਪ੍ਰਤੀ ਵਫ਼ਾਦਾਰ ਕਿਵੇਂ ਰਹਿ ਸਕਦੇ ਹਾਂ? (ਪ੍ਰਕਾ. 13:10) ਇਕ ਗੱਲ ਜੋ ਸਾਡੀ ਵਫ਼ਾਦਾਰ ਰਹਿਣ ਵਿਚ ਮਦਦ ਕਰ ਸਕਦੀ ਹੈ, ਉਹ ਹੈ ਭਵਿੱਖ ਬਾਰੇ ਜਾਣਕਾਰੀ ਲੈਣੀ। ਉਦਾਹਰਣ ਲਈ, ਪ੍ਰਕਾਸ਼ ਦੀ ਕਿਤਾਬ ਵਿਚ ਯੂਹੰਨਾ ਰਸੂਲ ਨੇ ਭਵਿੱਖ ਵਿਚ ਮਿਲਣ ਵਾਲੀਆਂ ਕੁਝ ਬਰਕਤਾਂ ਬਾਰੇ ਦੱਸਿਆ ਸੀ ਜਿਨ੍ਹਾਂ ਦਾ ਅਸੀਂ ਛੇਤੀ ਹੀ ਮਜ਼ਾ ਲਵਾਂਗੇ। ਉਨ੍ਹਾਂ ਵਿੱਚੋਂ ਇਕ ਬਰਕਤ ਹੈ, ਪਰਮੇਸ਼ੁਰ ਦੇ ਸਾਰੇ ਦੁਸ਼ਮਣਾਂ ਦਾ ਨਾਸ਼। ਆਓ ਦੇਖੀਏ ਕਿ ਪ੍ਰਕਾਸ਼ ਦੀ ਕਿਤਾਬ ਉਨ੍ਹਾਂ ਦੁਸ਼ਮਣਾਂ ਬਾਰੇ ਕੀ ਦੱਸਦੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਉਨ੍ਹਾਂ ਦਾ ਕੀ ਹਸ਼ਰ ਹੋਵੇਗਾ।

ਪਰਮੇਸ਼ੁਰ ਦੇ ਦੁਸ਼ਮਣਾਂ ਦੀ ਪਛਾਣ ਕਰਨ ਲਈ “ਨਿਸ਼ਾਨੀਆਂ”

3. ਪ੍ਰਕਾਸ਼ ਦੀ ਕਿਤਾਬ ਵਿਚ ਕਿਹੜੀਆਂ ਕੁਝ ਨਿਸ਼ਾਨੀਆਂ ਦਿੱਤੀਆਂ ਗਈਆਂ ਹਨ?

3 ਪ੍ਰਕਾਸ਼ ਦੀ ਕਿਤਾਬ ਦੀ ਪਹਿਲੀ ਆਇਤ ਵਿਚ ਦੱਸਿਆ ਗਿਆ ਹੈ ਕਿ ਇਸ ਕਿਤਾਬ ਵਿਚ ਦੱਸੀਆਂ ਗੱਲਾਂ “ਨਿਸ਼ਾਨੀਆਂ” ਰਾਹੀਂ ਸਮਝਾਈਆਂ ਗਈਆਂ ਹਨ। (ਪ੍ਰਕਾ. 1:1) ਪਰਮੇਸ਼ੁਰ ਦੇ ਦੁਸ਼ਮਣਾਂ ਨੂੰ ਦਰਸਾਉਣ ਲਈ ਦਰਿੰਦਿਆਂ ਨੂੰ ਨਿਸ਼ਾਨੀ ਵਜੋਂ ਵਰਤਿਆ ਗਿਆ ਹੈ। ਇਸ ਕਿਤਾਬ ਵਿਚ ਕਈ ਦਰਿੰਦਿਆਂ ਬਾਰੇ ਦੱਸਿਆ ਗਿਆ ਹੈ। ਉਦਾਹਰਣ ਲਈ, “ਸਮੁੰਦਰ ਵਿੱਚੋਂ ਇਕ ਵਹਿਸ਼ੀ ਦਰਿੰਦਾ ਨਿਕਲਦਾ” ਹੈ ਜਿਸ ਦੇ “ਦਸ ਸਿੰਗ ਅਤੇ ਸੱਤ ਸਿਰ” ਹਨ। (ਪ੍ਰਕਾ. 13:1) ਉਸ ਤੋਂ ਬਾਅਦ ‘ਇਕ ਹੋਰ ਵਹਿਸ਼ੀ ਦਰਿੰਦਾ ਧਰਤੀ ਵਿੱਚੋਂ ਨਿਕਲਦਾ’ ਹੈ। ਇਹ ਵਹਿਸ਼ੀ ਦਰਿੰਦਾ ਇਕ ਅਜਗਰ ਵਾਂਗ ਬੋਲਣ ਲੱਗ ਪੈਂਦਾ ਹੈ ਅਤੇ “ਆਕਾਸ਼ੋਂ ਧਰਤੀ ਉੱਤੇ ਅੱਗ ਵਰ੍ਹਾਉਂਦਾ ਹੈ।” (ਪ੍ਰਕਾ. 13:11-13) ਇਸ ਤੋਂ ਬਾਅਦ ‘ਗੂੜ੍ਹੇ ਲਾਲ ਰੰਗ ਦਾ ਵਹਿਸ਼ੀ ਦਰਿੰਦਾ’ ਨਜ਼ਰ ਆਉਂਦਾ ਹੈ ਜਿਸ ਉੱਤੇ ਵੇਸਵਾ ਬੈਠੀ ਹੋਈ ਹੈ। ਇਹ ਤਿੰਨੇ ਵਹਿਸ਼ੀ ਦਰਿੰਦੇ ਪਰਮੇਸ਼ੁਰ ਦੇ ਉਨ੍ਹਾਂ ਦੁਸ਼ਮਣਾਂ ਨੂੰ ਦਰਸਾਉਂਦੇ ਹਨ ਜੋ ਲੰਬੇ ਸਮੇਂ ਤੋਂ ਯਹੋਵਾਹ ਪਰਮੇਸ਼ੁਰ ਅਤੇ ਉਸ ਦੇ ਰਾਜ ਦੇ ਵਿਰੁੱਧ ਕੰਮ ਕਰ ਰਹੇ ਹਨ। ਇਸ ਲਈ ਇਨ੍ਹਾਂ ਵਹਿਸ਼ੀ ਦਰਿੰਦਿਆਂ ਦੀ ਪਛਾਣ ਕਰਨੀ ਬਹੁਤ ਜ਼ਰੂਰੀ ਹੈ।​—ਪ੍ਰਕਾ. 17:1, 3.

ਚਾਰ ਵੱਡੇ-ਵੱਡੇ ਦਰਿੰਦੇ

ਉਹ ‘ਸਮੁੰਦਰ ਵਿੱਚੋਂ ਨਿਕਲੇ।’ (ਦਾਨੀ. 7:1-8, 15-17) ਇਹ ਦਰਿੰਦੇ ਉਨ੍ਹਾਂ ਵਿਸ਼ਵ ਸ਼ਕਤੀਆਂ ਨੂੰ ਦਰਸਾਉਂਦੇ ਹਨ ਜਿਨ੍ਹਾਂ ਨੇ ਦਾਨੀਏਲ ਦੇ ਸਮੇਂ ਤੋਂ ਪਰਮੇਸ਼ੁਰ ਦੇ ਲੋਕਾਂ ’ਤੇ ਕਾਫ਼ੀ ਅਸਰ ਪਾਇਆ ਹੈ। (ਪੈਰੇ 4, 7 ਦੇਖੋ)

4-5. ਪ੍ਰਕਾਸ਼ ਦੀ ਕਿਤਾਬ ਵਿਚ ਦੱਸੀਆਂ ਨਿਸ਼ਾਨੀਆਂ ਦਾ ਮਤਲਬ ਸਮਝਣ ਵਿਚ ਦਾਨੀਏਲ 7:15-17 ਸਾਡੀ ਕਿਵੇਂ ਮਦਦ ਕਰਦਾ ਹੈ?

4 ਇਨ੍ਹਾਂ ਦੁਸ਼ਮਣਾਂ ਦੀ ਪਛਾਣ ਕਰਨ ਤੋਂ ਪਹਿਲਾਂ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਵਹਿਸ਼ੀ ਦਰਿੰਦੇ ਕਿਨ੍ਹਾਂ ਨੂੰ ਦਰਸਾਉਂਦੇ ਹਨ। ਬਾਈਬਲ ਹੀ ਇਸ ਬਾਰੇ ਜਾਣਨ ਵਿਚ ਸਾਡੀ ਮਦਦ ਕਰਦੀ ਹੈ। ਉਦਾਹਰਣ ਲਈ, ਦਾਨੀਏਲ ਦੀ ਕਿਤਾਬ ਵਿਚ ਵੀ ਵਹਿਸ਼ੀ ਦਰਿੰਦਿਆਂ ਬਾਰੇ ਗੱਲ ਕੀਤੀ ਗਈ ਹੈ। ਦਾਨੀਏਲ ਨੇ ਸੁਪਨੇ ਵਿਚ ਦੇਖਿਆ ਸੀ ਕਿ ‘ਸਮੁੰਦਰ ਵਿੱਚੋਂ ਚਾਰ ਵੱਡੇ ਦਰਿੰਦੇ ਨਿਕਲ’ ਰਹੇ ਹਨ। (ਦਾਨੀ. 7:1-3) ਦਾਨੀਏਲ ਦੱਸਦਾ ਹੈ ਕਿ ਇਹ ਵੱਡੇ ਦਰਿੰਦੇ ਚਾਰ ‘ਰਾਜਿਆਂ’ ਯਾਨੀ ਸਰਕਾਰਾਂ ਨੂੰ ਦਰਸਾਉਂਦੇ ਹਨ। (ਦਾਨੀਏਲ 7:15-17 ਪੜ੍ਹੋ।) ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਪ੍ਰਕਾਸ਼ ਦੀ ਕਿਤਾਬ ਵਿਚ ਦੱਸੇ ਗਏ ਵਹਿਸ਼ੀ ਦਰਿੰਦੇ ਵੀ ਰਾਜਨੀਤਿਕ ਤਾਕਤਾਂ ਨੂੰ ਦਰਸਾਉਂਦੇ ਹਨ।

5 ਆਓ ਹੁਣ ਆਪਾਂ ਪ੍ਰਕਾਸ਼ ਦੀ ਕਿਤਾਬ ਵਿਚ ਦਰਜ ਕੁਝ ਨਿਸ਼ਾਨੀਆਂ ’ਤੇ ਗੌਰ ਕਰੀਏ। ਇਨ੍ਹਾਂ ਨਿਸ਼ਾਨੀਆਂ ’ਤੇ ਗੌਰ ਕਰਦਿਆਂ ਅਸੀਂ ਦੇਖਾਂਗੇ ਕਿ ਬਾਈਬਲ ਇਨ੍ਹਾਂ ਦਾ ਮਤਲਬ ਸਮਝਣ ਵਿਚ ਸਾਡੀ ਕਿਵੇਂ ਮਦਦ ਕਰਦੀ ਹੈ। ਪਹਿਲਾਂ ਆਪਾਂ ਦੇਖਾਂਗੇ ਕਿ ਹਰ ਇਕ ਵਹਿਸ਼ੀ ਦਰਿੰਦਾ ਕਿਸ ਨੂੰ ਦਰਸਾਉਂਦਾ ਹੈ ਅਤੇ ਫਿਰ ਅਸੀਂ ਦੇਖਾਂਗੇ ਕਿ ਇਨ੍ਹਾਂ ਦਰਿੰਦਿਆਂ ਦਾ ਕੀ ਹਸ਼ਰ ਹੋਣ ਵਾਲਾ ਹੈ। ਅਖ਼ੀਰ ਅਸੀਂ ਦੇਖਾਂਗੇ ਕਿ ਇਨ੍ਹਾਂ ਘਟਨਾਵਾਂ ਬਾਰੇ ਜਾਣ ਕੇ ਸਾਨੂੰ ਕੀ ਕਰਨਾ ਚਾਹੀਦਾ ਹੈ।

ਪਰਮੇਸ਼ੁਰ ਦੇ ਦੁਸ਼ਮਣਾਂ ਦੀ ਪਛਾਣ ਹੋਈ

ਸੱਤ ਸਿਰਾਂ ਵਾਲਾ ਵਹਿਸ਼ੀ ਦਰਿੰਦਾ

ਇਹ ਵਹਿਸ਼ੀ ਦਰਿੰਦਾ ‘ਸਮੁੰਦਰ ਵਿੱਚੋਂ ਨਿਕਲਿਆ’ ਹੈ। ਇਸ ਦੇ ਦਸ ਸਿੰਗ ਤੇ ਸੱਤ ਸਿਰ ਹਨ ਅਤੇ ਇਸ ਦੇ ਸਿੰਗਾਂ ਉੱਤੇ ਦਸ ਮੁਕਟ ਹਨ। (ਪ੍ਰਕਾ. 13:1-4) ਇਹ ਵਹਿਸ਼ੀ ਦਰਿੰਦਾ ਮਨੁੱਖਜਾਤੀ ’ਤੇ ਰਾਜ ਕਰਨ ਵਾਲੀਆਂ ਹੁਣ ਤਕ ਦੀਆਂ ਸਾਰੀਆਂ ਰਾਜਨੀਤਿਕ ਤਾਕਤਾਂ ਨੂੰ ਦਰਸਾਉਂਦਾ ਹੈ। ਇਸ ਦੇ ਸੱਤ ਸਿਰ ਸੱਤ ਵਿਸ਼ਵ ਸ਼ਕਤੀਆਂ ਨੂੰ ਦਰਸਾਉਂਦੇ ਹਨ ਜਿਨ੍ਹਾਂ ਨੇ ਪਰਮੇਸ਼ੁਰ ਦੇ ਲੋਕਾਂ ’ਤੇ ਕਾਫ਼ੀ ਅਸਰ ਪਾਇਆ ਹੈ। (ਪੈਰੇ 6-8 ਦੇਖੋ)

6. ਪ੍ਰਕਾਸ਼ ਦੀ ਕਿਤਾਬ 13:1-4 ਵਿਚ ਦੱਸਿਆ ਸੱਤ ਸਿਰਾਂ ਵਾਲਾ ਵਹਿਸ਼ੀ ਦਰਿੰਦਾ ਕਿਸ ਨੂੰ ਦਰਸਾਉਂਦਾ ਹੈ?

6 ਸੱਤ ਸਿਰਾਂ ਵਾਲਾ ਵਹਿਸ਼ੀ ਦਰਿੰਦਾ ਕੌਣ ਹੈ? (ਪ੍ਰਕਾਸ਼ ਦੀ ਕਿਤਾਬ 13:1-4 ਪੜ੍ਹੋ।) ਇਨ੍ਹਾਂ ਆਇਤਾਂ ਵਿਚ ਦੱਸਿਆ ਗਿਆ ਹੈ ਕਿ ਇਹ ਵਹਿਸ਼ੀ ਦਰਿੰਦਾ ਚੀਤੇ ਵਰਗਾ ਹੈ, ਉਸ ਦੇ ਪੈਰ ਰਿੱਛ ਦੇ ਪੈਰਾਂ ਵਰਗੇ ਹਨ, ਉਸ ਦਾ ਮੂੰਹ ਸ਼ੇਰ ਦੇ ਮੂੰਹ ਵਰਗਾ ਹੇ ਅਤੇ ਉਸ ਦੇ ਦਸ ਸਿੰਗ ਹਨ। ਇਹ ਸਾਰੀਆਂ ਗੱਲਾਂ ਦਾਨੀਏਲ ਦੇ ਅਧਿਆਇ 7 ਵਿਚ ਦੱਸੇ ਚਾਰ ਅਲੱਗ-ਅਲੱਗ ਦਰਿੰਦਿਆਂ ਵਿਚ ਵੀ ਹਨ। ਪਰ ਜ਼ਰਾ ਗੌਰ ਕਰੋ ਕਿ ਪ੍ਰਕਾਸ਼ ਦੀ ਕਿਤਾਬ ਵਿਚ ਦੱਸੇ ਇਸ ਇੱਕੋ ਦਰਿੰਦੇ ਵਿਚ ਇਹ ਸਾਰੀਆਂ ਗੱਲਾਂ ਹਨ। ਇਸ ਕਰਕੇ ਇਹ ਵਹਿਸ਼ੀ ਦਰਿੰਦਾ ਕਿਸੇ ਇਕ ਸਰਕਾਰ ਜਾਂ ਵਿਸ਼ਵ ਸਾਮਰਾਜ ਨੂੰ ਨਹੀਂ ਦਰਸਾਉਂਦਾ। ਇਸ ਦਰਿੰਦੇ ਨੂੰ “ਹਰ ਕਬੀਲੇ, ਹਰ ਨਸਲ, ਹਰ ਭਾਸ਼ਾ ਬੋਲਣ ਵਾਲੇ ਲੋਕਾਂ ਅਤੇ ਹਰ ਕੌਮ ਉੱਤੇ ਅਧਿਕਾਰ ਦਿੱਤਾ ਗਿਆ।” (ਪ੍ਰਕਾ. 13:7) ਇਹ ਵਹਿਸ਼ੀ ਦਰਿੰਦਾ ਸਾਰੀਆਂ ਰਾਜਨੀਤਿਕ ਤਾਕਤਾਂ ਨੂੰ ਦਰਸਾਉਂਦਾ ਹੈ ਜਿਨ੍ਹਾਂ ਨੇ ਅੱਜ ਤਕ ਇਨਸਾਨਾਂ ’ਤੇ ਰਾਜ ਕੀਤਾ ਹੈ। *​—ਉਪ. 8:9.

7. ਸੱਤ ਸਿਰਾਂ ਵਾਲਾ ਵਹਿਸ਼ੀ ਦਰਿੰਦਾ ਕਿਨ੍ਹਾਂ ਵਿਸ਼ਵ ਸ਼ਕਤੀਆਂ ਨੂੰ ਦਰਸਾਉਂਦਾ ਹੈ?

7 ਇਸ ਦਰਿੰਦੇ ਦੇ ਸੱਤ ਸਿਰ ਕਿਸ ਨੂੰ ਦਰਸਾਉਂਦੇ ਹਨ? ਇਸ ਦਾ ਜਵਾਬ ਸਾਨੂੰ ਪ੍ਰਕਾਸ਼ ਦੀ ਕਿਤਾਬ ਦੇ ਅਧਿਆਇ 17 ਤੋਂ ਪਤਾ ਲੱਗਦਾ ਹੈ। ਇਸ ਅਧਿਆਇ ਵਿਚ ਇਸ ਦਰਿੰਦੇ ਦੀ ਮੂਰਤੀ ਬਾਰੇ ਸਮਝਾਇਆ ਗਿਆ ਹੈ ਜਿਸ ਦਾ ਜ਼ਿਕਰ ਪ੍ਰਕਾਸ਼ ਦੀ ਕਿਤਾਬ ਦੇ ਅਧਿਆਇ 13 ਵਿਚ ਕੀਤਾ ਗਿਆ ਹੈ। ਪ੍ਰਕਾਸ਼ ਦੀ ਕਿਤਾਬ 17:10 ਵਿਚ ਦੱਸਿਆ ਗਿਆ ਹੈ: “ਇਨ੍ਹਾਂ ਦਾ ਮਤਲਬ ਹੈ ਸੱਤ ਰਾਜੇ: ਪੰਜ ਖ਼ਤਮ ਹੋ ਚੁੱਕੇ ਹਨ, ਇਕ ਹੈ ਅਤੇ ਇਕ ਅਜੇ ਨਹੀਂ ਆਇਆ, ਪਰ ਜਦੋਂ ਉਹ ਆਵੇਗਾ, ਤਾਂ ਉਹ ਥੋੜ੍ਹਾ ਸਮਾਂ ਰਹੇਗਾ।” ਇਹ ਸੱਤ ਸਿਰ ਰਾਜਨੀਤਿਕ ਤਾਕਤਾਂ ਜਾਂ ਵਿਸ਼ਵ ਸ਼ਕਤੀਆਂ ਹਨ ਜਿਨ੍ਹਾਂ ਨੂੰ ਸ਼ੈਤਾਨ ਖ਼ਾਸ ਤੌਰ ’ਤੇ ਵਰਤਦਾ ਆਇਆ ਹੈ। ਇਨ੍ਹਾਂ ਵਿਸ਼ਵ ਸ਼ਕਤੀਆਂ ਨੇ ਪਰਮੇਸ਼ੁਰ ਦੇ ਲੋਕਾਂ ’ਤੇ ਕਾਫ਼ੀ ਅਸਰ ਪਾਇਆ ਹੈ। ਯੂਹੰਨਾ ਰਸੂਲ ਨੂੰ ਜਦੋਂ ਇਹ ਦਰਸ਼ਣ ਦਿਖਾਇਆ ਗਿਆ, ਉਦੋਂ ਤਕ ਪੰਜ ਵਿਸ਼ਵ ਸ਼ਕਤੀਆਂ ਮਿਸਰ, ਅੱਸ਼ੂਰ, ਬਾਬਲ, ਮਾਦੀ-ਫਾਰਸੀ ਅਤੇ ਯੂਨਾਨ ਆ ਚੁੱਕੀਆਂ ਸਨ। ਛੇਵੀਂ ਵਿਸ਼ਵ ਸ਼ਕਤੀ ਰੋਮ ਉਸ ਵੇਲੇ ਰਾਜ ਕਰ ਰਹੀ ਸੀ। ਪਰ ਇਸ ਦਰਿੰਦੇ ਦਾ ਸੱਤਵਾਂ ਸਿਰ ਕਿਹੜੀ ਆਖ਼ਰੀ ਵਿਸ਼ਵ ਸ਼ਕਤੀ ਨੂੰ ਦਰਸਾਉਂਦਾ ਹੈ ਜੋ ਹਾਲੇ ਆਉਣੀ ਸੀ?

8. ਇਸ ਵਹਿਸ਼ੀ ਦਰਿੰਦੇ ਦਾ ਸੱਤਵਾਂ ਸਿਰ ਕਿਸ ਵਿਸ਼ਵ ਸ਼ਕਤੀ ਨੂੰ ਦਰਸਾਉਂਦਾ ਹੈ?

8 ਦਾਨੀਏਲ ਦੀ ਕਿਤਾਬ ਵਿਚ ਦਰਜ ਭਵਿੱਖਬਾਣੀਆਂ ਸਾਡੀ ਇਸ ਦਰਿੰਦੇ ਦੇ ਸੱਤਵੇਂ ਸਿਰ ਦੀ ਪਛਾਣ ਕਰਨ ਵਿਚ ਮਦਦ ਕਰਦੀਆਂ ਹਨ। “ਪ੍ਰਭੂ ਦੇ ਦਿਨ” ਯਾਨੀ ਆਖ਼ਰੀ ਦਿਨਾਂ ਦੌਰਾਨ ਕਿਹੜੀ ਵਿਸ਼ਵ ਸ਼ਕਤੀ ਰਾਜ ਕਰ ਰਹੀ ਹੈ? (ਪ੍ਰਕਾ. 1:10) ਇਹ ਵਿਸ਼ਵ ਸ਼ਕਤੀ ਦੋ ਤਾਕਤਵਰ ਸਰਕਾਰਾਂ ਨਾਲ ਮਿਲ ਕੇ ਬਣੀ ਹੈ, ਉਹ ਹਨ ਬਰਤਾਨੀਆ ਅਤੇ ਅਮਰੀਕਾ ਜਿਸ ਨੂੰ ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ ਕਿਹਾ ਜਾਂਦਾ ਹੈ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਪ੍ਰਕਾਸ਼ ਦੀ ਕਿਤਾਬ 13:1-4 ਵਿਚ ਦੱਸੇ ਵਹਿਸ਼ੀ ਦਰਿੰਦੇ ਦਾ ਸੱਤਵਾਂ ਸਿਰ ਇਹੀ ਵਿਸ਼ਵ ਸ਼ਕਤੀ ਹੈ।

ਇਕ ਵਹਿਸ਼ੀ ਦਰਿੰਦਾ ਜਿਸ ਦੇ ਲੇਲੇ ਦੇ ਸਿੰਗਾਂ ਵਰਗੇ ਦੋ ਸਿੰਗ ਹਨ

ਇਹ ਦਰਿੰਦਾ ‘ਧਰਤੀ ਵਿੱਚੋਂ ਨਿਕਲਿਆ’ ਅਤੇ “ਇਕ ਅਜਗਰ ਵਾਂਗ ਬੋਲਣ ਲੱਗ ਪਿਆ।” “ਇਹ ਆਕਾਸ਼ੋਂ ਧਰਤੀ ਉੱਤੇ ਅੱਗ ਵਰ੍ਹਾਉਂਦਾ ਹੈ” ਅਤੇ ਇਹ “ਝੂਠੇ ਨਬੀ” ਵਜੋਂ ਵੱਡੀਆਂ-ਵੱਡੀਆਂ ਨਿਸ਼ਾਨੀਆਂ ਦਿਖਾਉਂਦਾ ਹੈ। (ਪ੍ਰਕਾ. 13:11-15; 16:13; 19:20) ਦੋ ਸਿੰਗਾਂ ਵਾਲਾ ਵਹਿਸ਼ੀ ਦਰਿੰਦਾ ਅਤੇ ਝੂਠਾ ਨਬੀ ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ ਨੂੰ ਦਰਸਾਉਂਦੇ ਹਨ। ਇਹ ਵਿਸ਼ਵ ਸ਼ਕਤੀ ਧਰਤੀ ਉੱਤੇ ਰਹਿੰਦੇ ਸਾਰੇ ਲੋਕਾਂ ਨੂੰ ਗੁਮਰਾਹ ਕਰਦੀ ਹੈ ਅਤੇ “ਵਹਿਸ਼ੀ ਦਰਿੰਦੇ ਦੀ ਮੂਰਤੀ ਬਣਾਉਣ” ਲਈ ਕਹਿੰਦੀ ਹੈ ਜਿਸ ਦੇ ਸੱਤ ਸਿਰ ਅਤੇ ਦਸ ਸਿੰਗ ਹਨ। (ਪੈਰਾ 9 ਦੇਖੋ)

9. ਜਿਸ ਵਹਿਸ਼ੀ ਦਰਿੰਦੇ ਦੇ ‘ਲੇਲੇ ਦੇ ਸਿੰਗਾਂ ਵਰਗੇ ਦੋ ਸਿੰਗ ਹਨ,’ ਉਹ ਕਿਸ ਨੂੰ ਦਰਸਾਉਂਦਾ ਹੈ?

9 ਪ੍ਰਕਾਸ਼ ਦੀ ਕਿਤਾਬ ਦੇ ਅਧਿਆਇ 13 ਵਿਚ ਵਹਿਸ਼ੀ ਦਰਿੰਦੇ ਦੇ ਸੱਤਵੇਂ ਸਿਰ ਨੂੰ (ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ) ਉਸ ਵਹਿਸ਼ੀ ਦਰਿੰਦੇ ਦੇ ਤੌਰ ਤੇ ਵੀ ਪੇਸ਼ ਕੀਤਾ ਗਿਆ ਹੈ ਜਿਸ ਦੇ ਸਿਰ ’ਤੇ ‘ਲੇਲੇ ਦੇ ਸਿੰਗਾਂ ਵਰਗੇ ਦੋ ਸਿੰਗ ਹਨ, ਪਰ ਉਹ ਇਕ ਅਜਗਰ ਵਾਂਗ ਬੋਲਦਾ ਹੈ’ ਪ੍ਰਕਾਸ਼ ਦੀ ਕਿਤਾਬ ਦੇ ਅਧਿਆਇ 16 ਅਤੇ 19 ਵਿਚ ਇਸ ਵਹਿਸ਼ੀ ਦਰਿੰਦੇ ਨੂੰ ‘ਝੂਠਾ ਨਬੀ’ ਕਿਹਾ ਗਿਆ ਹੈ। (ਪ੍ਰਕਾ. 16:13; 19:20) ਇਹ ਵਹਿਸ਼ੀ ਦਰਿੰਦਾ “ਵੱਡੀਆਂ-ਵੱਡੀਆਂ ਨਿਸ਼ਾਨੀਆਂ ਦਿਖਾਉਂਦਾ ਹੈ, ਇੱਥੋਂ ਤਕ ਕਿ ਇਹ ਲੋਕਾਂ ਸਾਮ੍ਹਣੇ ਆਕਾਸ਼ੋਂ ਧਰਤੀ ਉੱਤੇ ਅੱਗ ਵਰ੍ਹਾਉਂਦਾ ਹੈ।” (ਪ੍ਰਕਾ. 13:11-15) ਦਾਨੀਏਲ ਨੇ ਵੀ ਅਜਿਹੀ ਗੱਲ ਦਾ ਜ਼ਿਕਰ ਕੀਤਾ ਸੀ। ਉਸ ਨੇ ਕਿਹਾ ਸੀ ਕਿ ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ ‘ਪੂਰੀ ਤਰ੍ਹਾਂ ਨਾਲ ਤਬਾਹੀ ਮਚਾਵੇਗੀ।’ (ਦਾਨੀ. 8:19, 23, 24) ਦੂਜੇ ਵਿਸ਼ਵ ਯੁੱਧ ਦੌਰਾਨ ਬਿਲਕੁਲ ਇਸੇ ਤਰ੍ਹਾਂ ਹੋਇਆ। ਬਰਤਾਨੀਆ ਤੇ ਅਮਰੀਕਾ ਦੇ ਵਿਗਿਆਨੀਆਂ ਨੇ ਉਸ ਸਮੇਂ ਮਿਲ ਕੇ ਪਰਮਾਣੂ ਬੰਬ ਬਣਾਏ ਅਤੇ ਇਨ੍ਹਾਂ ਦੋਹਾਂ ਦੇਸ਼ਾਂ ਨੇ ਇਹ ਬੰਬ ਜਪਾਨ ’ਤੇ ਸੁੱਟ ਕੇ ਇਸ ਯੁੱਧ ਵਿਚ ਜਿੱਤ ਹਾਸਲ ਕੀਤੀ। ਇਸ ਤਰ੍ਹਾਂ ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ ਨੇ ਸੱਚ-ਮੁੱਚ ‘ਆਕਾਸ਼ੋਂ ਧਰਤੀ ਉੱਤੇ ਅੱਗ ਵਰ੍ਹਾਈ’ ਸੀ।

ਗੂੜ੍ਹੇ ਲਾਲ ਰੰਗ ਦਾ ਵਹਿਸ਼ੀ ਦਰਿੰਦਾ

ਇਸ ਵਹਿਸ਼ੀ ਦਰਿੰਦੇ ਉੱਤੇ ਇਕ ਵੇਸਵਾ ਯਾਨੀ ਮਹਾਂ ਬਾਬਲ ਬੈਠੀ ਹੈ। ਇਹ ਵਹਿਸ਼ੀ ਦਰਿੰਦਾ ਅੱਠਵਾਂ ਰਾਜਾ ਹੈ। (ਪ੍ਰਕਾ. 17:3-6, 8, 11) ਪਹਿਲਾਂ ਇਹ ਵੇਸਵਾ ਵਹਿਸ਼ੀ ਦਰਿੰਦੇ ਨੂੰ ਆਪਣੇ ਵੱਸ ਵਿਚ ਰੱਖਦੀ ਹੈ, ਪਰ ਬਾਅਦ ਵਿਚ ਇਹੀ ਦਰਿੰਦਾ ਉਸ ਦਾ ਨਾਸ਼ ਕਰ ਦਿੰਦਾ ਹੈ। ਇਹ ਵੇਸਵਾ ਝੂਠੇ ਧਰਮਾਂ ਦੇ ਵਿਸ਼ਵ ਸਾਮਰਾਜ ਨੂੰ ਦਰਸਾਉਂਦੀ ਹੈ। ਇਹ ਵਹਿਸ਼ੀ ਦਰਿੰਦਾ ਸੰਯੁਕਤ ਰਾਸ਼ਟਰ-ਸੰਘ ਨੂੰ ਦਰਸਾਉਂਦਾ ਹੈ ਜੋ ਦੁਨੀਆਂ ਦੀਆਂ ਸਾਰੀਆਂ ਸਰਕਾਰਾਂ ਦਾ ਸਮਰਥਨ ਕਰਦਾ ਹੈ। (ਪੈਰੇ 10, 14-17 ਦੇਖੋ)

10. “ਵਹਿਸ਼ੀ ਦਰਿੰਦੇ ਦੀ ਮੂਰਤੀ” ਕਿਸ ਨੂੰ ਦਰਸਾਉਂਦੀ ਹੈ? (ਪ੍ਰਕਾਸ਼ ਦੀ ਕਿਤਾਬ 13:14, 15; 17:3, 8, 11)

10 ਹੁਣ ਅਸੀਂ ਇਕ ਹੋਰ ਵਹਿਸ਼ੀ ਦਰਿੰਦੇ ਬਾਰੇ ਗੱਲ ਕਰਦੇ ਹਾਂ। ਇਹ ਵਹਿਸ਼ੀ ਦਰਿੰਦਾ ਦੇਖਣ ਨੂੰ ਸੱਤ ਸਿਰਾਂ ਵਾਲੇ ਵਹਿਸ਼ੀ ਦਰਿੰਦੇ ਵਰਗਾ ਹੈ। ਪਰ ਫ਼ਰਕ ਸਿਰਫ਼ ਇੰਨਾ ਹੈ ਕਿ ਇਹ ਦਰਿੰਦਾ ਗੂੜ੍ਹੇ ਲਾਲ ਰੰਗ ਦਾ ਹੈ। ਇਸ ਨੂੰ “ਵਹਿਸ਼ੀ ਦਰਿੰਦੇ ਦੀ ਮੂਰਤੀ” ਅਤੇ “ਅੱਠਵਾਂ ਰਾਜਾ” ਕਿਹਾ ਗਿਆ ਹੈ। * (ਪ੍ਰਕਾਸ਼ ਦੀ ਕਿਤਾਬ 13:14, 15; 17:3, 8, 11 ਪੜ੍ਹੋ।) ਇਸ ‘ਰਾਜੇ’ ਬਾਰੇ ਭਵਿੱਖਬਾਣੀ ਕੀਤੀ ਗਈ ਸੀ ਕਿ ਇਹ ਰਾਜਾ ਹੋਂਦ ਵਿਚ ਆਵੇਗਾ, ਫਿਰ ਖ਼ਤਮ ਹੋ ਜਾਵੇਗਾ ਅਤੇ ਫਿਰ ਦੁਬਾਰਾ ਵਾਪਸ ਆਵੇਗਾ। ਇਹ ਗੱਲ ਸੰਯੁਕਤ ਰਾਸ਼ਟਰ-ਸੰਘ ਬਾਰੇ ਬਿਲਕੁਲ ਸਹੀ ਹੈ ਜੋ ਦੁਨੀਆਂ ਦੀਆਂ ਸਾਰੀਆਂ ਸਰਕਾਰਾਂ ਦਾ ਸਮਰਥਨ ਕਰਦਾ ਹੈ। ਪਹਿਲਾਂ ਇਹ ਰਾਸ਼ਟਰ-ਸੰਘ ਦੇ ਨਾਂ ਤੋਂ ਜਾਣਿਆ ਜਾਂਦਾ ਸੀ। ਫਿਰ ਦੂਜੇ ਵਿਸ਼ਵ ਯੁੱਧ ਦੌਰਾਨ ਇਹ ਖ਼ਤਮ ਹੋ ਗਿਆ ਸੀ। ਪਰ ਇਹ ਦੁਬਾਰਾ ਵਾਪਸ ਆਇਆ ਅਤੇ ਅੱਜ ਇਹ ਸੰਯੁਕਤ ਰਾਸ਼ਟਰ-ਸੰਘ ਦੇ ਨਾਂ ਤੋਂ ਜਾਣਿਆ ਜਾਂਦਾ ਹੈ।

11. (ੳ) ਵਹਿਸ਼ੀ ਦਰਿੰਦੇ ਕੀ ਕਰਨਗੇ? (ਅ) ਉਸ ਵੇਲੇ ਸਾਨੂੰ ਘਬਰਾਉਣ ਦੀ ਲੋੜ ਕਿਉਂ ਨਹੀਂ ਹੋਵੇਗੀ?

11 ਇਹ ਵਹਿਸ਼ੀ ਦਰਿੰਦੇ ਯਾਨੀ ਸਰਕਾਰਾਂ ਗ਼ਲਤ ਜਾਣਕਾਰੀ ਫੈਲਾ ਕੇ ਲੋਕਾਂ ਨੂੰ ਯਹੋਵਾਹ ਅਤੇ ਉਸ ਦੇ ਸੇਵਕਾਂ ਦਾ ਵਿਰੋਧ ਕਰਨ ਲਈ ਭੜਕਾਉਣਗੀਆਂ। ਇਹ ਵਹਿਸ਼ੀ ਦਰਿੰਦੇ ‘ਸਾਰੀ ਧਰਤੀ ਦੇ ਰਾਜਿਆਂ ਨੂੰ ਸਰਬਸ਼ਕਤੀਮਾਨ ਪਰਮੇਸ਼ੁਰ ਦੇ ਮਹਾਨ ਦਿਨ ’ਤੇ ਹੋਣ ਵਾਲੇ ਯੁੱਧ [ਆਰਮਾਗੇਡਨ] ਲਈ ਇਕੱਠਾ’ ਕਰਨਗੇ। (ਪ੍ਰਕਾ. 16:13, 14, 16) ਪਰ ਉਸ ਵੇਲੇ ਸਾਨੂੰ ਘਬਰਾਉਣ ਦੀ ਬਿਲਕੁਲ ਲੋੜ ਨਹੀਂ ਹੋਵੇਗੀ। ਕਿਉਂ? ਕਿਉਂਕਿ ਸਾਡਾ ਮਹਾਨ ਪਰਮੇਸ਼ੁਰ ਯਹੋਵਾਹ ਉਸ ਦੇ ਰਾਜ ਦਾ ਪੱਖ ਲੈਣ ਵਾਲਿਆਂ ਨੂੰ ਬਚਾਉਣ ਲਈ ਤੁਰੰਤ ਕਦਮ ਚੁੱਕੇਗਾ।​—ਹਿਜ਼. 38:21-23.

12. ਸਾਰੇ ਵਹਿਸ਼ੀ ਦਰਿੰਦਿਆਂ ਦਾ ਕੀ ਹਸ਼ਰ ਹੋਵੇਗਾ?

12 ਸਾਰੇ ਵਹਿਸ਼ੀ ਦਰਿੰਦਿਆਂ ਦਾ ਕੀ ਹਸ਼ਰ ਹੋਣ ਵਾਲਾ ਹੈ? ਇਸ ਦਾ ਜਵਾਬ ਸਾਨੂੰ ਪ੍ਰਕਾਸ਼ ਦੀ ਕਿਤਾਬ 19:20 ਤੋਂ ਮਿਲਦਾ ਹੈ ਜਿੱਥੇ ਲਿਖਿਆ ਹੈ: “ਵਹਿਸ਼ੀ ਦਰਿੰਦੇ ਨੂੰ ਅਤੇ ਉਸ ਝੂਠੇ ਨਬੀ ਨੂੰ ਫੜ ਲਿਆ ਗਿਆ ਜਿਸ ਨੇ ਵਹਿਸ਼ੀ ਦਰਿੰਦੇ ਸਾਮ੍ਹਣੇ ਨਿਸ਼ਾਨੀਆਂ ਦਿਖਾ ਕੇ ਉਨ੍ਹਾਂ ਲੋਕਾਂ ਨੂੰ ਗੁਮਰਾਹ ਕੀਤਾ ਸੀ ਜਿਨ੍ਹਾਂ ਨੇ ਵਹਿਸ਼ੀ ਦਰਿੰਦੇ ਦਾ ਨਿਸ਼ਾਨ ਲਗਵਾਇਆ ਸੀ ਅਤੇ ਉਸ ਦੀ ਮੂਰਤੀ ਦੀ ਪੂਜਾ ਕੀਤੀ ਸੀ। ਉਨ੍ਹਾਂ ਦੋਵਾਂ ਨੂੰ ਜੀਉਂਦੇ-ਜੀ ਗੰਧਕ ਨਾਲ ਬਲ਼ਦੀ ਅੱਗ ਦੀ ਝੀਲ ਵਿਚ ਸੁੱਟ ਦਿੱਤਾ ਗਿਆ।” ਇਸ ਦਾ ਮਤਲਬ ਹੈ ਕਿ ਜਦੋਂ ਸਰਕਾਰਾਂ ਹਾਲੇ ਰਾਜ ਕਰ ਹੀ ਰਹੀਆਂ ਹੋਣਗੀਆਂ, ਉਦੋਂ ਯਹੋਵਾਹ ਆਪਣੇ ਇਨ੍ਹਾਂ ਦੁਸ਼ਮਣਾਂ ਦਾ ਹਮੇਸ਼ਾ ਲਈ ਨਾਸ਼ ਕਰ ਦੇਵੇਗਾ।

13. ਦੁਨੀਆਂ ਭਰ ਦੀਆਂ ਸਰਕਾਰਾਂ ਮਸੀਹੀਆਂ ’ਤੇ ਕੀ ਕਰਨ ਦਾ ਦਬਾਅ ਪਾਉਂਦੀਆਂ ਹਨ?

13 ਇਹ ਜਾਣ ਕੇ ਸਾਨੂੰ ਕੀ ਕਰਨਾ ਚਾਹੀਦਾ? ਮਸੀਹੀ ਹੋਣ ਦੇ ਨਾਤੇ ਸਾਨੂੰ ਯਹੋਵਾਹ ਅਤੇ ਉਸ ਦੇ ਰਾਜ ਪ੍ਰਤੀ ਵਫ਼ਾਦਾਰ ਰਹਿਣਾ ਚਾਹੀਦਾ ਹੈ। (ਯੂਹੰ. 18:36) ਇਸ ਲਈ ਇਹ ਕਿੰਨਾ ਜ਼ਰੂਰੀ ਹੈ ਕਿ ਅਸੀਂ ਪੂਰੀ ਤਰ੍ਹਾਂ ਨਿਰਪੱਖ ਰਹੀਏ ਅਤੇ ਦੁਨੀਆਂ ਦੇ ਰਾਜਨੀਤਿਕ ਮਾਮਲਿਆਂ ਵਿਚ ਬਿਲਕੁਲ ਵੀ ਹਿੱਸਾ ਨਾ ਲਈਏ। ਇਸ ਤਰ੍ਹਾਂ ਕਰਨਾ ਸ਼ਾਇਦ ਬਹੁਤ ਜ਼ਿਆਦਾ ਮੁਸ਼ਕਲ ਹੋਵੇ ਕਿਉਂਕਿ ਦੁਨੀਆਂ ਭਰ ਦੀਆਂ ਸਰਕਾਰਾਂ ਚਾਹੁੰਦੀਆਂ ਹਨ ਕਿ ਅਸੀਂ ਆਪਣੀਆਂ ਗੱਲਾਂ ਅਤੇ ਕੰਮਾਂ ਰਾਹੀਂ ਉਨ੍ਹਾਂ ਦਾ ਪੂਰਾ-ਪੂਰਾ ਸਾਥ ਦੇਈਏ। ਜਿਹੜਾ ਵੀ ਇਨਸਾਨ ਸਰਕਾਰਾਂ ਦੇ ਦਬਾਅ ਹੇਠ ਆ ਕੇ ਉਨ੍ਹਾਂ ਦਾ ਸਾਥ ਦਿੰਦਾ ਹੈ, ਉਹ ਆਪਣੇ ’ਤੇ ਵਹਿਸ਼ੀ ਦਰਿੰਦੇ ਦਾ ਨਿਸ਼ਾਨ ਲਗਵਾਉਂਦਾ ਹੈ। (ਪ੍ਰਕਾ. 13:16, 17) ਜਿਸ ਵਿਅਕਤੀ ਉੱਤੇ ਇਹ ਨਿਸ਼ਾਨ ਲੱਗਾ ਹੋਵੇਗਾ, ਯਹੋਵਾਹ ਉਸ ਨੂੰ ਨਾਮਨਜ਼ੂਰ ਕਰ ਦੇਵੇਗਾ ਅਤੇ ਉਹ ਹਮੇਸ਼ਾ ਦੀ ਜ਼ਿੰਦਗੀ ਪਾਉਣ ਦਾ ਮੌਕਾ ਆਪਣੇ ਹੱਥੋਂ ਗੁਆ ਬੈਠੇਗਾ। (ਪ੍ਰਕਾ. 14:9, 10; 20:4) ਇਸ ਲਈ ਸਰਕਾਰਾਂ ਚਾਹੇ ਸਾਡੇ ’ਤੇ ਜਿੰਨਾ ਮਰਜ਼ੀ ਦਬਾਅ ਪਾਉਣ, ਫਿਰ ਵੀ ਸਾਨੂੰ ਪੂਰੀ ਤਰ੍ਹਾਂ ਨਿਰਪੱਖ ਰਹਿਣਾ ਚਾਹੀਦਾ ਹੈ।

ਵੱਡੀ ਵੇਸਵਾ ਦਾ ਸ਼ਰਮਨਾਕ ਅੰਤ

14. ਪ੍ਰਕਾਸ਼ ਦੀ ਕਿਤਾਬ 17:3-5 ਮੁਤਾਬਕ ਯੂਹੰਨਾ ਰਸੂਲ ਨੇ ਦਰਸ਼ਣ ਵਿਚ ਕੀ ਦੇਖਿਆ?

14 ਯੂਹੰਨਾ ਰਸੂਲ ਨੇ ਦਰਸ਼ਣ ਵਿਚ ਅੱਗੇ ਜੋ ਦੇਖਿਆ, ਉਸ ਕਰਕੇ ਉਹ “ਬਹੁਤ ਹੈਰਾਨ ਹੋਇਆ।” ਉਸ ਨੇ ਕੀ ਦੇਖਿਆ ਸੀ? ਇਕ ਤੀਵੀਂ ਇਕ ਵਹਿਸ਼ੀ ਦਰਿੰਦੇ ਉੱਤੇ ਬੈਠੀ ਹੋਈ ਹੈ। (ਪ੍ਰਕਾ. 17:1, 2, 6) ਇਹ ਤੀਵੀਂ “ਵੱਡੀ ਵੇਸਵਾ” ਹੈ ਜਿਸ ਨੂੰ “ਮਹਾਂ ਬਾਬਲ” ਕਿਹਾ ਗਿਆ ਹੈ। ਇਸ ਤੀਵੀਂ ਨੇ “ਧਰਤੀ ਦੇ ਰਾਜਿਆਂ” ਨਾਲ “ਹਰਾਮਕਾਰੀ” ਕੀਤੀ ਹੈ।​—ਪ੍ਰਕਾਸ਼ ਦੀ ਕਿਤਾਬ 17:3-5 ਪੜ੍ਹੋ।

15-16. “ਮਹਾਂ ਬਾਬਲ” ਕੌਣ ਹੈ ਅਤੇ ਅਸੀਂ ਇਹ ਕਿਵੇਂ ਕਹਿ ਸਕਦੇ ਹਾਂ?

15 “ਮਹਾਂ ਬਾਬਲ” ਕੌਣ ਹੈ? ਇਹ ਵੇਸਵਾ ਕਿਸੇ ਸਰਕਾਰ ਨੂੰ ਨਹੀਂ ਦਰਸਾ ਸਕਦੀ ਕਿਉਂਕਿ ਪ੍ਰਕਾਸ਼ ਦੀ ਕਿਤਾਬ ਵਿਚ ਦੱਸਿਆ ਗਿਆ ਹੈ ਕਿ ਇਹ ਧਰਤੀ ਦੇ ਰਾਜਿਆਂ ਨਾਲ ਹਰਾਮਕਾਰੀ ਕਰਦੀ ਹੈ। (ਪ੍ਰਕਾ. 18:9) ਉਸ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਇਹ ਵੇਸਵਾ ਵਹਿਸ਼ੀ ਦਰਿੰਦੇ ਉੱਤੇ ਬੈਠੀ ਹੈ ਯਾਨੀ ਇਹ ਸਰਕਾਰਾਂ ਨੂੰ ਆਪਣੇ ਵੱਸ ਵਿਚ ਰੱਖਣ ਦੀ ਕੋਸ਼ਿਸ਼ ਕਰਦੀ ਹੈ। ਇਸ ਤੋਂ ਇਲਾਵਾ, ਇਹ ਵੇਸਵਾ ਸ਼ੈਤਾਨ ਦੇ ਲਾਲਚੀ ਵਪਾਰ ਜਗਤ ਨੂੰ ਵੀ ਨਹੀਂ ਦਰਸਾ ਸਕਦੀ ਕਿਉਂਕਿ ਪ੍ਰਕਾਸ਼ ਦੀ ਕਿਤਾਬ ਵਿਚ ਵਪਾਰ ਜਗਤ ਨੂੰ “ਧਰਤੀ ਦੇ ਵਪਾਰੀ” ਕਿਹਾ ਗਿਆ ਹੈ।​—ਪ੍ਰਕਾ. 18:11, 15, 16.

16 ਕਈ ਵਾਰ ਬਾਈਬਲ ਵਿਚ “ਵੇਸਵਾ” ਸ਼ਬਦ ਉਨ੍ਹਾਂ ਲੋਕਾਂ ਲਈ ਵਰਤਿਆ ਗਿਆ ਹੈ ਜੋ ਇਕ ਪਾਸੇ ਤਾਂ ਪਰਮੇਸ਼ੁਰ ਦੀ ਸੇਵਾ ਕਰਨ ਦਾ ਦਾਅਵਾ ਕਰਦੇ ਹਨ, ਪਰ ਦੂਜੇ ਪਾਸੇ ਮੂਰਤੀ-ਪੂਜਾ ਕਰਦੇ ਹਨ ਜਾਂ ਕਿਸੇ ਹੋਰ ਤਰੀਕੇ ਨਾਲ ਦੁਨੀਆਂ ਦੇ ਦੋਸਤ ਬਣਦੇ ਹਨ। (1 ਇਤਿ. 5:25; ਯਾਕੂ. 4:4) ਪਰ ਇਨ੍ਹਾਂ ਤੋਂ ਉਲਟ ਜੋ ਲੋਕ ਵਫ਼ਾਦਾਰੀ ਨਾਲ ਪਰਮੇਸ਼ੁਰ ਦੀ ਸੇਵਾ ਕਰਦੇ ਹਨ, ਉਨ੍ਹਾਂ ਲਈ “ਪਾਕ” ਜਾਂ “ਕੁਆਰੇ” ਸ਼ਬਦ ਵਰਤੇ ਗਏ ਹਨ। (2 ਕੁਰਿੰ. 11:2; ਪ੍ਰਕਾ. 14:4, ਫੁਟਨੋਟ) ਪ੍ਰਾਚੀਨ ਸ਼ਹਿਰ ਬਾਬਲ ਝੂਠੀ ਭਗਤੀ ਦਾ ਮੁੱਖ ਕੇਂਦਰ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਮਹਾਂ ਬਾਬਲ ਹਰ ਤਰ੍ਹਾਂ ਦੀ ਝੂਠੀ ਭਗਤੀ ਨੂੰ ਦਰਸਾਉਂਦਾ ਹੈ। ਦਰਅਸਲ ਇਹ ਵੇਸਵਾ ਝੂਠੇ ਧਰਮਾਂ ਦਾ ਵਿਸ਼ਵ ਸਾਮਰਾਜ ਹੈ।​—ਪ੍ਰਕਾ. 17:5, 18; lff ਹੋਰ ਜਾਣਕਾਰੀ 1, “ਮਹਾਂ ਬਾਬਲ ਦੀ ਪਛਾਣ” ਦੇਖੋ।

17. ਮਹਾਂ ਬਾਬਲ ਦਾ ਕੀ ਹਸ਼ਰ ਹੋਵੇਗਾ?

17 ਮਹਾਂ ਬਾਬਲ ਦਾ ਕੀ ਹਸ਼ਰ ਹੋਵੇਗਾ? ਪ੍ਰਕਾਸ਼ ਦੀ ਕਿਤਾਬ 17:16, 17 ਵਿਚ ਇਸ ਦਾ ਜਵਾਬ ਦਿੱਤਾ ਗਿਆ ਹੈ: “ਤੂੰ ਜਿਹੜੇ ਦਸ ਸਿੰਗ ਅਤੇ ਵਹਿਸ਼ੀ ਦਰਿੰਦਾ ਦੇਖਿਆ ਸੀ, ਉਹ ਉਸ ਵੇਸਵਾ ਨਾਲ ਨਫ਼ਰਤ ਕਰਨਗੇ ਅਤੇ ਉਸ ਨੂੰ ਬਰਬਾਦ ਅਤੇ ਨੰਗਾ ਕਰ ਦੇਣਗੇ ਅਤੇ ਉਸ ਦਾ ਮਾਸ ਖਾ ਜਾਣਗੇ ਅਤੇ ਉਸ ਨੂੰ ਪੂਰੀ ਤਰ੍ਹਾਂ ਅੱਗ ਵਿਚ ਸਾੜ ਸੁੱਟਣਗੇ। ਕਿਉਂਕਿ ਪਰਮੇਸ਼ੁਰ ਆਪਣੇ ਇਸ ਇਰਾਦੇ ਨੂੰ ਪੂਰਾ ਕਰਨ ਦਾ ਵਿਚਾਰ ਉਨ੍ਹਾਂ ਦੇ ਦਿਲਾਂ ਵਿਚ ਪਾਵੇਗਾ।” ਜੀ ਹਾਂ, ਯਹੋਵਾਹ ਸਰਕਾਰਾਂ ਨੂੰ ਝੂਠੇ ਧਰਮਾਂ ਦੇ ਵਿਸ਼ਵ ਸਾਮਰਾਜ ਉੱਤੇ ਹਮਲਾ ਕਰਨ ਲਈ ਉਕਸਾਵੇਗਾ। ਸਰਕਾਰਾਂ ਗੂੜ੍ਹੇ ਲਾਲ ਰੰਗ ਦੇ ਵਹਿਸ਼ੀ ਦਰਿੰਦੇ ਯਾਨੀ ਸੰਯੁਕਤ ਰਾਸ਼ਟਰ-ਸੰਘ ਦੇ ਜ਼ਰੀਏ ਇਹ ਹਮਲਾ ਕਰਨਗੀਆਂ ਅਤੇ ਇਸ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦੇਣਗੀਆਂ।​—ਪ੍ਰਕਾ. 18:21-24.

18. ਮਹਾਂ ਬਾਬਲ ਨਾਲੋਂ ਪੂਰੀ ਤਰ੍ਹਾਂ ਰਿਸ਼ਤਾ ਤੋੜਨ ਲਈ ਸਾਨੂੰ ਕੀ ਕੁਝ ਕਰਨਾ ਚਾਹੀਦਾ ਹੈ?

18 ਇਹ ਜਾਣ ਕੇ ਸਾਨੂੰ ਕੀ ਕਰਨਾ ਚਾਹੀਦਾ ਹੈ? ਸਾਨੂੰ ਧਿਆਨ ਰੱਖਣਾ ਚਾਹੀਦਾ ਕਿ ਸਾਡੀ ਭਗਤੀ ‘ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸ਼ੁੱਧ ਅਤੇ ਪਾਕ’ ਰਹੇ। (ਯਾਕੂ. 1:27) ਇਸ ਲਈ ਸਾਨੂੰ ਮਹਾਂ ਬਾਬਲ ਨਾਲੋਂ ਪੂਰੀ ਤਰ੍ਹਾਂ ਰਿਸ਼ਤਾ ਤੋੜ ਲੈਣਾ ਚਾਹੀਦਾ ਹੈ। ਸਾਨੂੰ ਝੂਠੇ ਧਰਮਾਂ ਨਾਲ ਸੰਬੰਧਿਤ ਕੋਈ ਵੀ ਸਿੱਖਿਆ, ਰੀਤੀ-ਰਿਵਾਜ ਜਾਂ ਦਿਨ-ਤਿਉਹਾਰ ਨਹੀਂ ਮਨਾਉਣੇ ਚਾਹੀਦੇ। ਇਸ ਤੋਂ ਇਲਾਵਾ, ਸਾਨੂੰ ਆਪਣੇ ਨੈਤਿਕ ਮਿਆਰਾਂ ਨੂੰ ਡਿਗਣ ਨਹੀਂ ਦੇਣਾ ਚਾਹੀਦਾ ਅਤੇ ਨਾ ਹੀ ਜਾਦੂ-ਟੂਣਾ ਕਰਨਾ ਚਾਹੀਦਾ ਹੈ। ਸਾਨੂੰ ਦੂਜੇ ਲੋਕਾਂ ਦੀ ਵੀ ਮਹਾਂ ਬਾਬਲ ਵਿੱਚੋਂ ‘ਨਿਕਲਣ’ ਵਿਚ ਮਦਦ ਕਰਦੇ ਰਹਿਣਾ ਚਾਹੀਦਾ ਹੈ ਤਾਂਕਿ ਉਹ ਪਰਮੇਸ਼ੁਰ ਸਾਮ੍ਹਣੇ ਇਸ ਦੇ ਪਾਪਾਂ ਦੇ ਹਿੱਸੇਦਾਰ ਨਾ ਬਣਨ।​—ਪ੍ਰਕਾ. 18:4.

ਪਰਮੇਸ਼ੁਰ ਦੇ ਸਭ ਤੋਂ ਵੱਡੇ ਦੁਸ਼ਮਣ ਦਾ ਨਾਸ਼!

ਗੂੜ੍ਹੇ ਲਾਲ ਰੰਗ ਦਾ ਅਜਗਰ

ਸ਼ੈਤਾਨ ਨੇ ਇਸ ਵਹਿਸ਼ੀ ਦਰਿੰਦੇ ਨੂੰ ਅਧਿਕਾਰ ਦਿੱਤਾ। (ਪ੍ਰਕਾ. 12:3, 9, 13; 13:4; 20:2, 10) ਯਹੋਵਾਹ ਦੇ ਸਭ ਤੋਂ ਵੱਡੇ ਦੁਸ਼ਮਣ ਸ਼ੈਤਾਨ ਨੂੰ 1,000 ਸਾਲ ਲਈ ਅਥਾਹ ਕੁੰਡ ਵਿਚ ਸੁੱਟ ਦਿੱਤਾ ਜਾਵੇਗਾ। ਬਾਅਦ ਵਿਚ ਸ਼ੈਤਾਨ ਨੂੰ “ਗੰਧਕ ਨਾਲ ਬਲ਼ਦੀ ਅੱਗ ਦੀ ਝੀਲ” ਵਿਚ ਸੁੱਟ ਦਿੱਤਾ ਜਾਵੇਗਾ। (ਪੈਰੇ 19-20 ਦੇਖੋ)

19. “ਗੂੜ੍ਹੇ ਲਾਲ ਰੰਗ ਦਾ ਅਜਗਰ” ਕੌਣ ਹੈ?

19 ਪ੍ਰਕਾਸ਼ ਦੀ ਕਿਤਾਬ ਵਿਚ ‘ਗੂੜ੍ਹੇ ਲਾਲ ਰੰਗ ਦੇ ਅਜਗਰ’ ਬਾਰੇ ਵੀ ਦੱਸਿਆ ਗਿਆ ਹੈ। (ਪ੍ਰਕਾ. 12:3) ਇਹ ਅਜਗਰ ਯਿਸੂ ਅਤੇ ਉਸ ਦੇ ਦੂਤਾਂ ਨਾਲ ਯੁੱਧ ਕਰਦਾ ਹੈ। (ਪ੍ਰਕਾ. 12:7-9) ਨਾਲੇ ਇਹ ਅਜਗਰ ਪਰਮੇਸ਼ੁਰ ਦੇ ਲੋਕਾਂ ’ਤੇ ਹਮਲਾ ਕਰਦਾ ਹੈ ਅਤੇ ਵਹਿਸ਼ੀ ਦਰਿੰਦਿਆਂ ਜਾਂ ਇਨਸਾਨੀ ਸਰਕਾਰਾਂ ਨੂੰ ਤਾਕਤ ਦਿੰਦਾ ਹੈ। (ਪ੍ਰਕਾ. 12:17; 13:4) ਇਹ ਅਜਗਰ ਕੌਣ ਹੈ? ਇਹ ਉਹੀ ‘ਪੁਰਾਣਾ ਸੱਪ ਯਾਨੀ ਤੁਹਮਤਾਂ ਲਾਉਣ ਵਾਲਾ ਸ਼ੈਤਾਨ ਹੈ।’ (ਪ੍ਰਕਾ. 12:9; 20:2) ਇਹ ਯਹੋਵਾਹ ਦਾ ਸਭ ਤੋਂ ਵੱਡਾ ਦੁਸ਼ਮਣ ਹੈ ਅਤੇ ਇਹੀ ਯਹੋਵਾਹ ਦੇ ਬਾਕੀ ਸਾਰੇ ਦੁਸ਼ਮਣਾਂ ਨੂੰ ਉਸ ਦੇ ਲੋਕਾਂ ਖ਼ਿਲਾਫ਼ ਵਰਤਦਾ ਹੈ।

20. ਅਜਗਰ ਦਾ ਕੀ ਹਸ਼ਰ ਹੋਵੇਗਾ?

20 ਅਜਗਰ ਦਾ ਕੀ ਹਸ਼ਰ ਹੋਵੇਗਾ? ਪ੍ਰਕਾਸ਼ ਦੀ ਕਿਤਾਬ 20:1-3 ਵਿਚ ਦੱਸਿਆ ਗਿਆ ਹੈ ਕਿ ਇਕ ਦੂਤ ਸ਼ੈਤਾਨ ਨੂੰ ਅਥਾਹ ਕੁੰਡ ਵਿਚ ਸੁੱਟ ਦੇਵੇਗਾ। ਅਥਾਹ ਕੁੰਡ ਸ਼ੈਤਾਨ ਨੂੰ ਕੈਦ ਵਿਚ ਰੱਖੇ ਜਾਣ ਦੀ ਹਾਲਤ ਨੂੰ ਦਰਸਾਉਂਦਾ ਹੈ। ਕੈਦ ਵਿਚ ਹੁੰਦਿਆਂ ਸ਼ੈਤਾਨ “1,000 ਸਾਲ ਪੂਰੇ ਹੋਣ ਤਕ ਕੌਮਾਂ ਨੂੰ ਗੁਮਰਾਹ” ਨਹੀਂ ਕਰ ਸਕੇਗਾ। ਅਖ਼ੀਰ ਵਿਚ ਸ਼ੈਤਾਨ ਅਤੇ ਦੁਸ਼ਟ ਦੂਤਾਂ ਨੂੰ “ਗੰਧਕ ਨਾਲ ਬਲ਼ਦੀ ਅੱਗ ਦੀ ਝੀਲ ਵਿਚ ਸੁੱਟ ਦਿੱਤਾ ਜਾਵੇਗਾ” ਯਾਨੀ ਉਨ੍ਹਾਂ ਦਾ ਹਮੇਸ਼ਾ-ਹਮੇਸ਼ਾ ਲਈ ਨਾਸ਼ ਹੋ ਜਾਵੇਗਾ। (ਪ੍ਰਕਾ. 20:10) ਜ਼ਰਾ ਸੋਚੋ! ਸ਼ੈਤਾਨ ਅਤੇ ਉਸ ਦੇ ਦੁਸ਼ਟ ਦੂਤਾਂ ਦੇ ਨਾਸ਼ ਤੋਂ ਬਾਅਦ ਸਾਰਿਆਂ ਨੂੰ ਕਿੰਨਾ ਸੁੱਖ ਦਾ ਸਾਹ ਆਵੇਗਾ!

21. ਪ੍ਰਕਾਸ਼ ਦੀ ਕਿਤਾਬ ਵਿਚ ਦਰਜ ਭਵਿੱਖਬਾਣੀਆਂ ਪੜ੍ਹ ਕੇ ਸਾਨੂੰ ਖ਼ੁਸ਼ੀ ਕਿਉਂ ਹੁੰਦੀ ਹੈ?

21 ਪ੍ਰਕਾਸ਼ ਦੀ ਕਿਤਾਬ ਵਿਚ ਦੱਸੀਆਂ ਨਿਸ਼ਾਨੀਆਂ ਦਾ ਮਤਲਬ ਜਾਣ ਕੇ ਸਾਨੂੰ ਕਿੰਨੀ ਹਿੰਮਤ ਮਿਲਦੀ ਹੈ! ਅਸੀਂ ਨਾ ਸਿਰਫ਼ ਇਹ ਪਛਾਣਿਆ ਕਿ ਪਰਮੇਸ਼ੁਰ ਦੇ ਦੁਸ਼ਮਣ ਕੌਣ ਹਨ, ਸਗੋਂ ਇਹ ਵੀ ਜਾਣਿਆ ਕਿ ਉਨ੍ਹਾਂ ਦਾ ਕੀ ਹਸ਼ਰ ਹੋਣ ਵਾਲਾ ਹੈ। ਜੀ ਹਾਂ, “ਖ਼ੁਸ਼ ਹੈ ਉਹ ਇਨਸਾਨ ਜਿਹੜਾ ਇਸ ਭਵਿੱਖਬਾਣੀ ਨੂੰ ਉੱਚੀ ਆਵਾਜ਼ ਵਿਚ ਪੜ੍ਹਦਾ ਹੈ ਅਤੇ ਜਿਹੜਾ ਇਸ ਨੂੰ ਸੁਣਦਾ ਹੈ।” (ਪ੍ਰਕਾ. 1:3) ਪਰਮੇਸ਼ੁਰ ਦੇ ਸਾਰੇ ਦੁਸ਼ਮਣਾਂ ਦੇ ਨਾਸ਼ ਤੋਂ ਬਾਅਦ ਵਫ਼ਾਦਾਰ ਇਨਸਾਨਾਂ ਨੂੰ ਕਿਹੜੀਆਂ ਬਰਕਤਾਂ ਮਿਲਣਗੀਆਂ? ਇਸ ਲੜੀ ਦੇ ਆਖ਼ਰੀ ਲੇਖ ਵਿਚ ਅਸੀਂ ਇਸ ਸਵਾਲ ਦਾ ਜਵਾਬ ਜਾਣਾਂਗੇ।

ਗੀਤ 23 ਯਹੋਵਾਹ ਦਾ ਰਾਜ ਸ਼ੁਰੂ ਹੋ ਗਿਆ

^ ਪੈਰਾ 5 ਪ੍ਰਕਾਸ਼ ਦੀ ਕਿਤਾਬ ਵਿਚ ਨਿਸ਼ਾਨੀਆਂ ਰਾਹੀਂ ਪਰਮੇਸ਼ੁਰ ਦੇ ਦੁਸ਼ਮਣਾਂ ਦੀ ਪਛਾਣ ਕਰਾਈ ਗਈ ਹੈ। ਇਨ੍ਹਾਂ ਨਿਸ਼ਾਨੀਆਂ ਦਾ ਮਤਲਬ ਸਮਝਣ ਵਿਚ ਦਾਨੀਏਲ ਦੀ ਕਿਤਾਬ ਸਾਡੀ ਮਦਦ ਕਰਦੀ ਹੈ। ਇਸ ਲੇਖ ਵਿਚ ਅਸੀਂ ਦਾਨੀਏਲ ਅਤੇ ਪ੍ਰਕਾਸ਼ ਦੀ ਕਿਤਾਬ ਦੀਆਂ ਕੁਝ ਮਿਲਦੀਆਂ-ਜੁਲਦੀਆਂ ਭਵਿੱਖਬਾਣੀਆਂ ਦੀ ਤੁਲਨਾ ਕਰਾਂਗੇ। ਇਸ ਤਰ੍ਹਾਂ ਅਸੀਂ ਪਰਮੇਸ਼ੁਰ ਦੇ ਦੁਸ਼ਮਣਾਂ ਦੀ ਪਛਾਣ ਕਰ ਸਕਾਂਗੇ ਅਤੇ ਫਿਰ ਅਸੀਂ ਦੇਖਾਂਗੇ ਕਿ ਉਨ੍ਹਾਂ ਦਾ ਕੀ ਹਸ਼ਰ ਹੋਵੇਗਾ।

^ ਪੈਰਾ 6 ਸੱਤ ਸਿਰਾਂ ਵਾਲੇ ਵਹਿਸ਼ੀ ਦਰਿੰਦੇ ਦੇ “ਦਸ ਸਿੰਗ” ਹਨ ਜਿਸ ਤੋਂ ਪਤਾ ਲੱਗਦਾ ਹੈ ਕਿ ਇਹ ਵਹਿਸ਼ੀ ਦਰਿੰਦਾ ਸਾਰੀਆਂ ਰਾਜਨੀਤਿਕ ਤਾਕਤਾਂ ਨੂੰ ਦਰਸਾਉਂਦਾ ਹੈ। ਬਾਈਬਲ ਵਿਚ ਅਕਸਰ ਦਸ ਨੰਬਰ ਸੰਪੂਰਣਤਾ ਦੀ ਨਿਸ਼ਾਨੀ ਵਜੋਂ ਵਰਤਿਆ ਗਿਆ ਹੈ।

^ ਪੈਰਾ 10 ਪਹਿਲੇ ਵਹਿਸ਼ੀ ਦਰਿੰਦੇ ਦੇ ਸਿੰਗਾਂ ’ਤੇ ਮੁਕਟ ਹਨ, ਪਰ ਮੂਰਤੀ ਦੇ ਸਿੰਗਾਂ ’ਤੇ “ਮੁਕਟ” ਨਹੀਂ ਹਨ। (ਪ੍ਰਕਾ. 13:1) ਇਹ ਇਸ ਕਰਕੇ ਹੈ ਕਿਉਂਕਿ ਇਹ “ਸੱਤਾਂ ਰਾਜਿਆਂ ਵਿੱਚੋਂ ਨਿਕਲਿਆ ਹੈ” ਅਤੇ ਇਹ ਰਾਜੇ ਇਸ ਮੂਰਤੀ ਨੂੰ ਅਧਿਕਾਰ ਦਿੰਦੇ ਹਨ।—jw.org ’ਤੇ “ਪ੍ਰਕਾਸ਼ ਦੀ ਕਿਤਾਬ ਦੇ ਅਧਿਆਇ 17 ਵਿਚ ਦੱਸਿਆ ਗੂੜ੍ਹੇ ਲਾਲ ਰੰਗ ਦਾ ਵਹਿਸ਼ੀ ਦਰਿੰਦਾ ਕਿਸ ਨੂੰ ਦਰਸਾਉਂਦਾ ਹੈ?” (ਅੰਗ੍ਰੇਜ਼ੀ) ਨਾਂ ਦਾ ਲੇਖ ਦੇਖੋ।