ਕੀ ਤੁਹਾਨੂੰ ਯਾਦ ਹੈ?
ਕੀ ਤੁਸੀਂ ਪਹਿਰਾਬੁਰਜ ਦੇ ਪਿਛਲੇ ਅੰਕਾਂ ਨੂੰ ਧਿਆਨ ਨਾਲ ਪੜ੍ਹਿਆ ਹੈ? ਦੇਖੋ ਕਿ ਤੁਸੀਂ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦੇ ਸਕਦੇ ਹੋ ਜਾਂ ਨਹੀਂ:
ਯਿਸੂ ਕਿਸ ਤਰ੍ਹਾਂ ਦੇ ਪਾਪ ਦੀ ਗੱਲ ਕਰ ਰਿਹਾ ਸੀ ਜਦੋਂ ਉਸ ਨੇ ਮੱਤੀ 18:15-17 ਵਿਚ ਦਿੱਤੀ ਸਲਾਹ ਲਾਗੂ ਕਰਨ ਲਈ ਕਿਹਾ ਸੀ?
ਇਹ ਪਾਪ ਅਜਿਹਾ ਮਸਲਾ ਹੋ ਸਕਦਾ ਹੈ ਜਿਸ ਨੂੰ ਦੋ ਜਣੇ ਆਪਸ ਵਿਚ ਗੱਲ ਕਰ ਕੇ ਸੁਲਝਾ ਸਕਦੇ ਹਨ; ਪਰ ਇਸ ਮਸਲੇ ਨੂੰ ਨਾ ਸੁਲਝਾਉਣ ਕਰਕੇ ਦੋਸ਼ੀ ਨੂੰ ਮੰਡਲੀ ਵਿੱਚੋਂ ਛੇਕਿਆ ਵੀ ਜਾ ਸਕਦਾ ਹੈ। ਇਸ ਵਿਚ ਅਜਿਹੇ ਕੁਝ ਮਸਲੇ ਸ਼ਾਮਲ ਹੋ ਸਕਦੇ ਹਨ, ਜਿਵੇਂ ਕਿਸੇ ਨਾਲ ਠੱਗੀ ਮਾਰਨੀ ਜਾਂ ਝੂਠੀਆਂ ਗੱਲਾਂ ਕਰ ਕੇ ਕਿਸੇ ਦੀ ਬਦਨਾਮੀ ਕਰਨੀ।—w16.05 ਸਫ਼ਾ 7.
ਤੁਸੀਂ ਕੀ ਕਰ ਸਕਦੇ ਹੋ ਤਾਂਕਿ ਤੁਹਾਨੂੰ ਬਾਈਬਲ ਪੜ੍ਹ ਕੇ ਜ਼ਿਆਦਾ ਫ਼ਾਇਦਾ ਹੋਵੇ?
ਤੁਸੀਂ ਇਸ ਤਰ੍ਹਾਂ ਕਰ ਸਕਦੇ ਹੋ: ਧਿਆਨ ਨਾਲ ਪੜ੍ਹੋ, ਉਹ ਜਾਣਕਾਰੀ ਲੱਭਣ ਦੀ ਕੋਸ਼ਿਸ਼ ਕਰੋ ਜੋ ਤੁਸੀਂ ਲਾਗੂ ਕਰ ਸਕਦੇ ਹੋ; ਇਸ ਤਰ੍ਹਾਂ ਦੇ ਸਵਾਲ ਪੁੱਛੋ, ਜਿਵੇਂ ‘ਮੈਂ ਇਸ ਜਾਣਕਾਰੀ ਨਾਲ ਦੂਜਿਆਂ ਦੀ ਕਿਵੇਂ ਮਦਦ ਕਰ ਸਕਦਾ ਹਾਂ?’ ਅਤੇ ਵੱਖੋ-ਵੱਖਰੇ ਔਜ਼ਾਰਾਂ ਦੀ ਮਦਦ ਨਾਲ ਪੜ੍ਹੀਆਂ ਗੱਲਾਂ ਬਾਰੇ ਖੋਜਬੀਨ ਕਰੋ।—w16.05 ਸਫ਼ੇ 24-26.
ਮਰੇ ਹੋਇਆਂ ਨੂੰ ਦੁਬਾਰਾ ਜੀਉਂਦਾ ਕੀਤੇ ਜਾਣ ਦੀ ਉਮੀਦ ’ਤੇ ਵਿਸ਼ਵਾਸ ਕਰਨ ਦੇ ਬਾਵਜੂਦ ਕੀ ਇਕ ਮਸੀਹੀ ਲਈ ਸੋਗ ਮਨਾਉਣਾ ਗ਼ਲਤ ਹੈ?
ਇਸ ਉਮੀਦ ਉੱਤੇ ਨਿਹਚਾ ਹੋਣ ਦਾ ਇਹ ਮਤਲਬ ਨਹੀਂ ਹੈ ਕਿ ਸਾਨੂੰ ਆਪਣੇ ਕਿਸੇ ਅਜ਼ੀਜ਼ ਦੀ ਮੌਤ ਦਾ ਗਮ ਨਹੀਂ ਹੁੰਦਾ। ਅਬਰਾਹਾਮ ਨੇ ਸਾਰਾਹ ਦੀ ਮੌਤ ਦਾ ਸੋਗ ਮਨਾਇਆ ਸੀ। (ਉਤ. 23:2) ਸਮੇਂ ਦੇ ਬੀਤਣ ਨਾਲ ਦੁੱਖ ਘੱਟ ਜਾਂਦਾ ਹੈ।—wp16.3 ਸਫ਼ਾ 4.
ਹਿਜ਼ਕੀਏਲ ਦੇ ਨੌਵੇਂ ਅਧਿਆਇ ਵਿਚ ਉਹ ਆਦਮੀ ਜਿਸ ਕੋਲ ਦਵਾਤ ਸੀ ਅਤੇ ਛੇ ਆਦਮੀ ਜਿਨ੍ਹਾਂ ਕੋਲ ਵੱਢਣ ਵਾਲੇ ਸ਼ਸਤਰ ਸਨ, ਕਿਨ੍ਹਾਂ ਨੂੰ ਦਰਸਾਉਂਦੇ ਹਨ?
ਇਹ ਸਵਰਗੀ ਫ਼ੌਜਾਂ ਨੂੰ ਦਰਸਾਉਂਦੇ ਹਨ ਜਿਨ੍ਹਾਂ ਨੇ ਯਰੂਸ਼ਲਮ ਦਾ ਨਾਸ਼ ਕਰਨ ਵਿਚ ਹਿੱਸਾ ਲਿਆ ਅਤੇ ਇਹ ਆਰਮਾਗੇਡਨ ਵਿਚ ਸ਼ੈਤਾਨ ਦੀ ਦੁਸ਼ਟ ਦੁਨੀਆਂ ਦਾ ਨਾਸ਼ ਕਰਨ ਵਿਚ ਵੀ ਹਿੱਸਾ ਲੈਣਗੇ। ਸਾਡੇ ਸਮੇਂ ਵਿਚ ਉਹ ਆਦਮੀ, ਜਿਸ ਕੋਲ ਲਿਖਣ ਵਾਲੀ ਦਵਾਤ ਵਾਲਾ ਸੀ, ਯਿਸੂ ਨੂੰ ਦਰਸਾਉਂਦਾ ਹੈ ਜੋ ਬਚਣ ਦੇ ਲਾਇਕ ਲੋਕਾਂ ’ਤੇ ਨਿਸ਼ਾਨ ਲਾਵੇਗਾ।—w16.06 ਸਫ਼ੇ 16-17.
ਕਿਹੜੇ ਤਰੀਕਿਆਂ ਨਾਲ ਇਕ ਮਸੀਹੀ ਆਪਣੀ ਜ਼ਿੰਦਗੀ ਸਾਦੀ ਕਰ ਸਕਦਾ ਹੈ?
ਆਪਣੀਆਂ ਲੋੜਾਂ ਪਛਾਣੋ ਅਤੇ ਫਾਲਤੂ ਖ਼ਰਚੇ ਨਾ ਕਰੋ। ਮਹੀਨੇ ਦੀਆਂ ਜ਼ਰੂਰੀ ਚੀਜ਼ਾਂ ਦਾ ਖ਼ਰਚਾ ਲਿਖੋ। ਫਾਲਤੂ ਚੀਜ਼ਾਂ ਸੁੱਟ ਦਿਓ ਅਤੇ ਕਰਜ਼ੇ ਚੁਕਾਓ। ਆਪਣੇ ਕੰਮ ਦੇ ਘੰਟੇ ਘਟਾਓ ਅਤੇ ਸੋਚੋ ਕਿ ਤੁਸੀਂ ਵਧ-ਚੜ੍ਹ ਕੇ ਪ੍ਰਚਾਰ ਕਿਵੇਂ ਕਰ ਸਕਦੇ ਹੋ।—w16.07 ਸਫ਼ਾ 10.
ਬਾਈਬਲ ਕਿਸ ਚੀਜ਼ ਨੂੰ ਸੋਨੇ ਜਾਂ ਚਾਂਦੀ ਨਾਲੋਂ ਵੀ ਕੀਮਤੀ ਕਹਿੰਦੀ ਹੈ?
ਅੱਯੂਬ 28:12, 15 ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰੀ ਬੁੱਧ ਸੋਨੇ ਜਾਂ ਚਾਂਦੀ ਨਾਲੋਂ ਵੀ ਕੀਮਤੀ ਹੈ। ਨਿਮਰ ਰਹਿ ਕੇ ਅਤੇ ਆਪਣੀ ਨਿਹਚਾ ਮਜ਼ਬੂਤ ਰੱਖ ਕੇ ਇਸ ਦੀ ਭਾਲ ਕਰੋ।—w16.08 ਸਫ਼ੇ 18-19.
ਕੀ ਅੱਜ ਭਰਾਵਾਂ ਲਈ ਦਾੜ੍ਹੀ ਰੱਖਣੀ ਸਹੀ ਹੈ?
ਕੁਝ ਸਭਿਆਚਾਰਾਂ ਵਿਚ ਸ਼ਾਇਦ ਕਤਰੀ ਹੋਈ ਦਾੜ੍ਹੀ ਰੱਖਣ ਨੂੰ ਬੁਰਾ ਨਾ ਮੰਨਿਆ ਜਾਵੇ ਅਤੇ ਇਸ ਕਰਕੇ ਲੋਕਾਂ ਦਾ ਧਿਆਨ ਸਾਡੇ ਸੰਦੇਸ਼ ਤੋਂ ਸ਼ਾਇਦ ਨਾ ਭਟਕੇ। ਇਨ੍ਹਾਂ ਗੱਲਾਂ ਦੇ ਬਾਵਜੂਦ ਵੀ ਕੁਝ ਭਰਾ ਸ਼ਾਇਦ ਦਾੜ੍ਹੀ ਨਾ ਰੱਖਣ। (1 ਕੁਰਿੰ. 8:9) ਕੁਝ ਇਲਾਕਿਆਂ ਅਤੇ ਸਭਿਆਚਾਰਾਂ ਵਿਚ ਮਸੀਹੀਆਂ ਲਈ ਦਾੜ੍ਹੀ ਰੱਖਣੀ ਸਹੀ ਨਹੀਂ ਸਮਝੀ ਜਾਂਦੀ।—w16.09 ਸਫ਼ਾ 21.
ਅਸੀਂ ਬਾਈਬਲ ਵਿਚ ਦਰਜ ਦਾਊਦ ਅਤੇ ਗੋਲਿਅਥ ਦੀ ਲੜਾਈ ’ਤੇ ਵਿਸ਼ਵਾਸ ਕਿਉਂ ਕਰ ਸਕਦੇ ਹਾਂ?
ਮੌਜੂਦਾ ਰਿਕਾਰਡ ਅਨੁਸਾਰ ਸਭ ਤੋਂ ਲੰਬੇ ਆਦਮੀ ਦਾ ਕੱਦ 8 ਫੁੱਟ 11 ਇੰਚ (2.7 ਮੀਟਰ) ਸੀ। ਗੋਲਿਅਥ ਦਾ ਕੱਦ ਉਸ ਤੋਂ ਸਿਰਫ਼ 6 ਇੰਚ (15 ਸੈਂਟੀਮੀਟਰ) ਜ਼ਿਆਦਾ ਸੀ। ਦਾਊਦ ਅਸਲੀ ਵਿਅਕਤੀ ਸੀ ਜਿਸ ਦੀ ਪੁਸ਼ਟੀ ਇਕ ਪੁਰਾਣੇ ਪੱਥਰ ਤੋਂ ਹੋਈ ਜਿਸ ਉੱਤੇ ਲਿਖਿਆ ਹੋਇਆ ਸੀ, ਦਾਊਦ ਦਾ ਘਰਾਣਾ। ਨਾਲੇ ਯਿਸੂ ਨੇ ਵੀ ਦਾਊਦ ਦਾ ਜ਼ਿਕਰ ਕੀਤਾ ਸੀ। ਉਨ੍ਹਾਂ ਦੇ ਬਿਰਤਾਂਤ ਵਿਚ ਜ਼ਿਕਰ ਕੀਤੀਆਂ ਥਾਵਾਂ ਬਾਰੇ ਕਈ ਗੱਲਾਂ ਅੱਜ ਵੀ ਦੇਖੀਆਂ ਜਾ ਸਕਦੀਆਂ ਹਨ।—wp16.4 ਸਫ਼ਾ 13.
ਬੁੱਧ, ਗਿਆਨ ਅਤੇ ਸਮਝ ਵਿਚ ਕੀ ਫ਼ਰਕ ਹੈ?
ਜਿਸ ਕੋਲ ਗਿਆਨ ਹੁੰਦਾ ਹੈ, ਉਸ ਕੋਲ ਜਾਣਕਾਰੀ ਹੁੰਦੀ ਹੈ। ਜਿਸ ਕੋਲ ਸਮਝ ਹੁੰਦੀ ਹੈ, ਉਸ ਨੂੰ ਪਤਾ ਹੁੰਦਾ ਹੈ ਕਿ ਇਕ ਗੱਲ ਦਾ ਦੂਸਰੀ ਗੱਲ ਨਾਲ ਕੀ ਸੰਬੰਧ ਹੈ। ਪਰ ਜਿਸ ਕੋਲ ਬੁੱਧ ਹੁੰਦੀ ਹੈ, ਉਹ ਗਿਆਨ ਅਤੇ ਸਮਝ ਵਰਤ ਕੇ ਰੋਜ਼ਮੱਰਾ ਦੀ ਜ਼ਿੰਦਗੀ ਵਿਚ ਚੰਗੇ ਫ਼ੈਸਲੇ ਕਰਦਾ ਹੈ।—w16.10 ਸਫ਼ਾ 18.