Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਯਿਸੂ ਦੇ ਇਹ ਕਹਿਣ ਦਾ ਕੀ ਮਤਲਬ ਸੀ: “ਇਹ ਨਾ ਸੋਚੋ ਕਿ ਮੈਂ ਧਰਤੀ ʼਤੇ ਸ਼ਾਂਤੀ ਕਾਇਮ ਕਰਨ ਆਇਆ ਹਾਂ”?

ਯਿਸੂ ਨੇ ਲੋਕਾਂ ਨੂੰ ਹਮੇਸ਼ਾ ਇਹੀ ਸਿਖਾਇਆ ਕਿ ਉਹ ਇਕ-ਦੂਜੇ ਨਾਲ ਸ਼ਾਂਤੀ ਬਣਾਈ ਰੱਖਣ। ਪਰ ਇਕ ਮੌਕੇ ʼਤੇ ਉਸ ਨੇ ਆਪਣੇ ਰਸੂਲਾਂ ਨੂੰ ਕਿਹਾ: “ਇਹ ਨਾ ਸੋਚੋ ਕਿ ਮੈਂ ਧਰਤੀ ʼਤੇ ਸ਼ਾਂਤੀ ਕਾਇਮ ਕਰਨ ਆਇਆ ਹਾਂ; ਮੈਂ ਸ਼ਾਂਤੀ ਕਾਇਮ ਕਰਨ ਨਹੀਂ, ਸਗੋਂ ਤਲਵਾਰ ਚਲਾਉਣ ਆਇਆ ਹਾਂ। ਮੈਂ ਪਿਉ-ਪੁੱਤਰ ਵਿਚ, ਮਾਂ-ਧੀ ਵਿਚ ਅਤੇ ਨੂੰਹ-ਸੱਸ ਵਿਚ ਫੁੱਟ ਪਾਉਣ ਆਇਆ ਹਾਂ।” (ਮੱਤੀ 10:34, 35) ਯਿਸੂ ਦੇ ਕਹਿਣ ਦਾ ਕੀ ਮਤਲਬ ਸੀ?

ਯਿਸੂ ਪਰਿਵਾਰ ਦੇ ਮੈਂਬਰ ਨੂੰ ਇਕ-ਦੂਜੇ ਤੋਂ ਵੱਖ ਨਹੀਂ ਕਰਨਾ ਚਾਹੁੰਦਾ ਸੀ। ਪਰ ਉਹ ਜਾਣਦਾ ਸੀ ਕਿ ਉਸ ਦੀਆਂ ਸਿੱਖਿਆਵਾਂ ʼਤੇ ਚੱਲਣ ਕਰਕੇ ਕੁਝ ਪਰਿਵਾਰਾਂ ਵਿਚ ਫੁੱਟ ਪਵੇਗੀ। ਇਸ ਲਈ ਜੇ ਕੋਈ ਬਪਤਿਸਮਾ ਲੈ ਕੇ ਯਿਸੂ ਦਾ ਚੇਲਾ ਬਣਨਾ ਚਾਹੁੰਦਾ ਹੈ, ਤਾਂ ਉਸ ਲਈ ਆਪਣੇ ਇਸ ਫ਼ੈਸਲੇ ਦੇ ਨਤੀਜਿਆਂ ਬਾਰੇ ਜਾਣਨਾ ਜ਼ਰੂਰੀ ਹੈ। ਉਸ ਦੇ ਇਸ ਫ਼ੈਸਲੇ ਕਰਕੇ ਜੇ ਉਸ ਦਾ ਜੀਵਨ-ਸਾਥੀ ਜਾਂ ਪਰਿਵਾਰ ਦੇ ਮੈਂਬਰ ਉਸ ਦਾ ਵਿਰੋਧ ਕਰਦੇ ਹਨ, ਤਾਂ ਸ਼ਾਇਦ ਉਸ ਲਈ ਯਿਸੂ ਦੀਆਂ ਸਿੱਖਿਆਵਾਂ ʼਤੇ ਚੱਲਦੇ ਰਹਿਣਾ ਔਖਾ ਹੋ ਸਕਦਾ ਹੈ।

ਬਾਈਬਲ ਮਸੀਹੀਆਂ ਨੂੰ ਹੱਲਾਸ਼ੇਰੀ ਦਿੰਦੀ ਹੈ ਕਿ ਉਹ “ਸਾਰਿਆਂ ਨਾਲ ਸ਼ਾਂਤੀ ਬਣਾਈ” ਰੱਖਣ। (ਰੋਮੀ. 12:18) ਹੋ ਸਕਦਾ ਹੈ ਕਿ ਜਦੋਂ ਕੋਈ ਯਿਸੂ ਦੀਆਂ ਸਿੱਖਿਆਵਾਂ ʼਤੇ ਚੱਲਣਾ ਸ਼ੁਰੂ ਕਰੇ, ਤਾਂ ਉਸ ਦੇ ਪਰਿਵਾਰ ਦੇ ਮੈਂਬਰਾਂ ਨੂੰ ਇਹ ਗੱਲ ਚੰਗੀ ਨਾ ਲੱਗੇ ਅਤੇ ਉਹ ਉਸ ਦਾ ਵਿਰੋਧ ਕਰਨ। ਇੱਦਾਂ ਦੇ ਹਾਲਾਤਾਂ ਵਿਚ ਯਿਸੂ ਦੀਆਂ ਸਿੱਖਿਆਵਾਂ ਇਕ “ਤਲਵਾਰ” ਵਾਂਗ ਪਰਿਵਾਰ ਨੂੰ ਅੱਡੋ-ਅੱਡ ਕਰ ਸਕਦੀਆਂ ਹਨ ਅਤੇ ਉਸ ਦੇ ਪਰਿਵਾਰ ਦੇ ਮੈਂਬਰ ਹੀ ਉਸ ਦੇ “ਦੁਸ਼ਮਣ” ਬਣ ਸਕਦੇ ਹਨ।​—ਮੱਤੀ 10:36.

ਮਸੀਹ ਦੇ ਕਈ ਚੇਲਿਆਂ ਦੇ ਘਰਦੇ ਯਹੋਵਾਹ ਦੇ ਗਵਾਹ ਨਹੀਂ ਹਨ। ਇਸ ਲਈ ਕਈ ਮੌਕਿਆਂ ʼਤੇ ਯਹੋਵਾਹ ਅਤੇ ਯਿਸੂ ਲਈ ਉਨ੍ਹਾਂ ਦੇ ਪਿਆਰ ਦੀ ਪਰਖ ਹੁੰਦੀ ਹੈ। ਉਦਾਹਰਣ ਲਈ, ਜਦੋਂ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਉਨ੍ਹਾਂ ʼਤੇ ਕੋਈ ਧਾਰਮਿਕ ਦਿਨ-ਤਿਉਹਾਰ ਮਨਾਉਣ ਦਾ ਜ਼ੋਰ ਪਾਉਣ, ਤਾਂ ਉਸ ਵੇਲੇ ਉਨ੍ਹਾਂ ਦੀ ਪਰਖ ਹੁੰਦੀ ਹੈ ਕਿ ਉਹ ਕਿਸ ਨੂੰ ਖ਼ੁਸ਼ ਕਰਨਗੇ। ਯਿਸੂ ਨੇ ਕਿਹਾ ਸੀ: “ਜੋ ਕੋਈ ਆਪਣੀ ਮਾਤਾ ਜਾਂ ਪਿਤਾ ਨੂੰ ਮੇਰੇ ਨਾਲੋਂ ਵੱਧ ਪਿਆਰ ਕਰਦਾ ਹੈ, ਉਹ ਮੇਰਾ ਚੇਲਾ ਬਣਨ ਦੇ ਲਾਇਕ ਨਹੀਂ” ਹੈ। (ਮੱਤੀ 10:37) ਬਿਨਾਂ ਸ਼ੱਕ, ਯਿਸੂ ਇੱਥੇ ਇਹ ਨਹੀਂ ਕਹਿ ਰਿਹਾ ਸੀ ਕਿ ਉਸ ਦੇ ਚੇਲੇ ਬਣਨ ਦੇ ਲਈ ਸਾਨੂੰ ਆਪਣੇ ਮਾਤਾ-ਪਿਤਾ ਨਾਲ ਪਿਆਰ ਨਹੀਂ ਕਰਨਾ ਚਾਹੀਦਾ। ਇਸ ਦੀ ਬਜਾਇ, ਉਸ ਨੇ ਇਸ ਗੱਲ ʼਤੇ ਜ਼ੋਰ ਦਿੱਤਾ ਕਿ ਮਸੀਹੀ ਹੋਣ ਦੇ ਨਾਤੇ ਸਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਸਾਡੇ ਲਈ ਕੌਣ ਜ਼ਿਆਦਾ ਅਹਿਮ ਹੈ। ਜੇ ਸਾਡੇ ਘਰਦੇ ਸਾਨੂੰ ਯਹੋਵਾਹ ਦੀ ਸੇਵਾ ਕਰਨ ਤੋਂ ਰੋਕਦੇ ਵੀ ਹਨ, ਤਾਂ ਵੀ ਅਸੀਂ ਉਨ੍ਹਾਂ ਨੂੰ ਪਿਆਰ ਕਰਦੇ ਰਹਿੰਦੇ ਹਾਂ। ਪਰ ਅਸੀਂ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਸਾਡੇ ਲਈ ਸਭ ਤੋਂ ਜ਼ਿਆਦਾ ਅਹਿਮ ਯਹੋਵਾਹ ਨੂੰ ਪਿਆਰ ਕਰਨਾ ਹੈ।

ਘਰਦਿਆਂ ਦੇ ਵਿਰੋਧ ਕਰਕੇ ਸਾਨੂੰ ਬਹੁਤ ਦੁੱਖ ਲੱਗਦਾ ਹੈ। ਪਰ ਅਸੀਂ ਯਿਸੂ ਦੀ ਵੀ ਇਹ ਗੱਲ ਹਮੇਸ਼ਾ ਯਾਦ ਰੱਖਦੇ ਹਾਂ: “ਜੋ ਆਪਣੀ ਤਸੀਹੇ ਦੀ ਸੂਲ਼ੀ ਚੁੱਕ ਕੇ ਮੇਰੇ ਪਿੱਛੇ-ਪਿੱਛੇ ਚੱਲਣ ਤੋਂ ਇਨਕਾਰ ਕਰਦਾ ਹੈ, ਉਹ ਮੇਰਾ ਚੇਲਾ ਬਣਨ ਦੇ ਲਾਇਕ ਨਹੀਂ।” (ਮੱਤੀ 10:38) ਜੀ ਹਾਂ, ਜਦੋਂ ਅਸੀਂ ਯਿਸੂ ਦੇ ਚੇਲੇ ਬਣਦੇ ਹਾਂ, ਤਾਂ ਅਸੀਂ ਹਰ ਤਰ੍ਹਾਂ ਦੀ ਮੁਸ਼ਕਲ ਸਹਿਣ ਲਈ ਤਿਆਰ ਹੁੰਦੇ ਹਾਂ, ਇੱਥੋਂ ਤਕ ਕਿ ਆਪਣੇ ਪਰਿਵਾਰ ਦੇ ਮੈਂਬਰਾਂ ਦਾ ਵਿਰੋਧ ਵੀ। ਪਰ ਇਸ ਸਭ ਦੇ ਨਾਲ-ਨਾਲ ਅਸੀਂ ਇਹ ਵੀ ਆਸ ਰੱਖਦੇ ਹਾਂ ਕਿ ਸਾਡਾ ਚੰਗਾ ਚਾਲ-ਚਲਣ ਦੇਖ ਕੇ ਸ਼ਾਇਦ ਸਾਡੇ ਪਰਿਵਾਰ ਦੇ ਮੈਂਬਰ ਵੀ ਆਪਣਾ ਮਨ ਬਦਲ ਲੈਣ ਅਤੇ ਬਾਈਬਲ ਬਾਰੇ ਸਿੱਖਣਾ ਸ਼ੁਰੂ ਕਰ ਦੇਣ।​—1 ਪਤ. 3:1, 2.