ਉਨ੍ਹਾਂ ਨੇ ਆਪਣੇ ਆਪ ਨੂੰ ਖ਼ੁਸ਼ੀ ਨਾਲ ਪੇਸ਼ ਕੀਤਾ—ਤੁਰਕੀ
ਪਹਿਲੀ ਸਦੀ ਦੇ ਮਸੀਹੀਆਂ ਨੇ ਵੱਧ ਤੋਂ ਵੱਧ ਲੋਕਾਂ ਨੂੰ ‘ਰਾਜ ਦੀ ਖ਼ੁਸ਼ ਖ਼ਬਰੀ’ ਸੁਣਾਉਣ ਦੀ ਪੂਰੀ ਕੋਸ਼ਿਸ਼ ਕੀਤੀ। (ਮੱਤੀ 24:14) ਕਈਆਂ ਨੇ ਤਾਂ ਦੂਸਰੇ ਦੇਸ਼ਾਂ ਵਿਚ ਵੀ ਜਾ ਕੇ ਪ੍ਰਚਾਰ ਕੀਤਾ। ਮਿਸਾਲ ਲਈ, ਪੌਲੁਸ ਰਸੂਲ ਨੇ ਆਪਣੇ ਮਿਸ਼ਨਰੀ ਦੌਰੇ ਦੌਰਾਨ ਉਸ ਦੇਸ਼ ਵਿਚ ਜ਼ੋਰਾਂ-ਸ਼ੋਰਾ ਨਾਲ ਪ੍ਰਚਾਰ ਕੀਤਾ ਜਿਸ ਨੂੰ ਅੱਜ ਤੁਰਕੀ ਕਿਹਾ ਜਾਂਦਾ ਹੈ। * ਲਗਭਗ 2,000 ਸਾਲ ਬਾਅਦ 2014 ਵਿਚ ਦੁਬਾਰਾ ਤੁਰਕੀ ਵਿਚ ਜ਼ੋਰਾਂ-ਸ਼ੋਰਾਂ ਨਾਲ ਪ੍ਰਚਾਰ ਕਰਨ ਦੀ ਮੁਹਿੰਮ ਚਲਾਈ ਗਈ। ਇਹ ਖ਼ਾਸ ਮੁਹਿੰਮ ਕਿਉਂ ਚਲਾਈ ਗਈ? ਇਸ ਵਿਚ ਕਿਨ੍ਹਾਂ ਨੇ ਹਿੱਸਾ ਲਿਆ?
“ਤੁਸੀਂ ਕੀ ਕਰ ਰਹੇ ਹੋ?”
ਤੁਰਕੀ ਵਿਚ 2,800 ਤੋਂ ਜ਼ਿਆਦਾ ਪ੍ਰਚਾਰਕ ਹਨ, ਪਰ ਉੱਥੋਂ ਦੀ ਆਬਾਦੀ 7 ਕਰੋੜ 90 ਲੱਖ ਹੈ। ਇਸ ਦਾ ਮਤਲਬ ਹੈ ਕਿ ਤੁਰਕੀ ਵਿਚ ਇਕ ਪ੍ਰਚਾਰਕ ਨੂੰ ਤਕਰੀਬਨ 28,000 ਲੋਕਾਂ ਨੂੰ ਪ੍ਰਚਾਰ ਕਰਨ ਦੀ ਲੋੜ ਹੈ। ਇਸ ਲਈ ਅਸੀਂ ਸਮਝ ਸਕਦੇ ਹਾਂ ਕਿ ਪ੍ਰਚਾਰਕ ਇੰਨੀ ਜ਼ਿਆਦਾ ਆਬਾਦੀ ਵਿੱਚੋਂ ਸਿਰਫ਼ ਮੁੱਠੀ ਭਰ ਲੋਕਾਂ ਨੂੰ ਹੀ ਪ੍ਰਚਾਰ ਕਰ ਪਾਏ ਹਨ। ਇਸ ਖ਼ਾਸ ਮੁਹਿੰਮ ਦਾ ਮਕਸਦ ਸੀ ਕਿ ਥੋੜ੍ਹੇ ਹੀ ਸਮੇਂ ਵਿਚ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਪ੍ਰਚਾਰ ਕੀਤਾ ਜਾਵੇ। ਇਸ ਖ਼ਾਸ ਮੁਹਿੰਮ ਵਿਚ ਹਿੱਸਾ ਲੈਣ ਲਈ ਦੂਸਰੇ ਦੇਸ਼ਾਂ ਤੋਂ ਵੀ ਤੁਰਕੀ ਭਾਸ਼ਾ ਬੋਲਣ ਵਾਲੇ ਲਗਭਗ 550 ਭੈਣ-ਭਰਾ ਉੱਥੇ ਆਏ। ਉਨ੍ਹਾਂ ਨੇ ਤੁਰਕੀ ਦੇ ਭੈਣਾਂ-ਭਰਾਵਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਪ੍ਰਚਾਰ ਕੀਤਾ। ਉਨ੍ਹਾਂ ਦੀ ਮਿਹਨਤ ਦੇ ਕੀ ਨਤੀਜੇ ਨਿਕਲੇ?
ਵੱਡੇ ਪੱਧਰ ’ਤੇ ਲੋਕਾਂ ਨੂੰ ਗਵਾਹੀ ਦਿੱਤੀ ਗਈ। ਇਸਤੰਬੁਲ ਦੀ ਇਕ ਮੰਡਲੀ ਨੇ ਲਿਖਿਆ: “ਲੋਕਾਂ ਨੇ ਸਾਨੂੰ ਦੇਖ ਕੇ ਕਿਹਾ: ‘ਕੀ ਤੁਹਾਡਾ ਕੋਈ ਖ਼ਾਸ ਸੰਮੇਲਨ ਹੈ? ਸਾਰੇ ਪਾਸੇ ਯਹੋਵਾਹ ਦੇ ਗਵਾਹ ਹਨ।’” ਇਜ਼ਮੀਰ ਸ਼ਹਿਰ ਦੀ ਮੰਡਲੀ ਨੇ ਲਿਖਿਆ: “ਟੈਕਸੀ ਸਟੈਂਡ ’ਤੇ ਕੰਮ ਕਰਨ ਵਾਲੇ ਆਦਮੀ ਨੇ ਉੱਥੇ ਦੀ ਮੰਡਲੀ ਦੇ ਬਜ਼ੁਰਗ ਨੂੰ ਪੁੱਛਿਆ, ‘ਤੁਸੀਂ ਕੀ ਕਰ ਰਹੇ ਹੋ? ਕੀ ਤੁਸੀਂ ਆਪਣਾ ਪ੍ਰਚਾਰ ਦਾ ਕੰਮ ਹੋਰ ਵਧਾ ਦਿੱਤਾ ਹੈ?’” ਜੀ ਹਾਂ, ਖ਼ਾਸ ਮੁਹਿੰਮ ਲੋਕਾਂ ਦੀ ਨਜ਼ਰਾਂ ਤੋਂ ਓਹਲੇ ਨਹੀਂ ਰਹੀ।
ਦੂਸਰੇ ਦੇਸ਼ਾਂ ਤੋਂ ਆਏ ਭੈਣਾਂ-ਭਰਾਵਾਂ ਨੂੰ ਪ੍ਰਚਾਰ ਕਰ ਕੇ ਬਹੁਤ ਮਜ਼ਾ ਆਇਆ। ਡੈਨਮਾਰਕ ਤੋਂ ਆਇਆ ਸਟੈਫ਼ਨ ਕਹਿੰਦਾ ਹੈ: “ਹਰ ਦਿਨ ਮੈਂ ਇੱਦਾਂ ਦੇ ਲੋਕਾਂ ਨੂੰ ਪ੍ਰਚਾਰ ਕੀਤਾ ਜਿਨ੍ਹਾਂ ਨੇ ਪਹਿਲਾਂ ਕਦੀ ਯਹੋਵਾਹ ਬਾਰੇ ਸੁਣਿਆ ਹੀ ਨਹੀਂ ਸੀ। ਲੋਕਾਂ ਨੂੰ ਯਹੋਵਾਹ ਦਾ ਨਾਂ ਦੱਸ ਕੇ ਮੈਨੂੰ ਬਹੁਤ ਖ਼ੁਸ਼ੀ ਹੋਈ।” ਫਰਾਂਸ ਤੋਂ ਜੌਨ-ਡੇਵਿਡ ਕਹਿੰਦਾ ਹੈ: “ਅਸੀਂ ਕਈ ਘੰਟੇ ਇੱਕੋ ਹੀ ਗਲੀ ਵਿਚ ਪ੍ਰਚਾਰ ਕੀਤਾ। ਬੜਾ ਹੀ ਮਜ਼ਾ ਆਇਆ! ਜ਼ਿਆਦਾਤਰ ਲੋਕਾਂ ਨੂੰ ਯਹੋਵਾਹ ਦੇ ਗਵਾਹਾਂ ਬਾਰੇ ਪਤਾ ਨਹੀਂ ਸੀ। ਲਗਭਗ ਹਰ ਘਰ ਵਿਚ ਅਸੀਂ ਲੋਕਾਂ ਨਾਲ ਗੱਲਬਾਤ ਕੀਤੀ, ਵੀਡੀਓ ਦਿਖਾਏ ਅਤੇ ਪ੍ਰਕਾਸ਼ਨ ਵੀ ਦਿੱਤੇ।”
ਦੂਸਰੇ ਦੇਸ਼ਾਂ ਤੋਂ ਆਏ 550 ਭੈਣਾਂ-ਭਰਾਵਾਂ ਨੇ ਸਿਰਫ਼ ਦੋ ਹਫ਼ਤਿਆਂ ਵਿਚ ਹੀ ਲਗਭਗ 60,000 ਪ੍ਰਕਾਸ਼ਨ ਵੰਡੇ। ਸੱਚ-ਮੁੱਚ ਇਸ ਮੁਹਿੰਮ ਕਰਕੇ ਭੈਣ-ਭਰਾ ਵੱਡੇ ਪੱਧਰ ’ਤੇ ਪ੍ਰਚਾਰ ਕਰ ਪਾਏ।
ਪ੍ਰਚਾਰ ਲਈ ਜੋਸ਼ ਵਧਿਆ। ਇਸ ਖ਼ਾਸ ਮੁਹਿੰਮ ਕਰਕੇ ਤੁਰਕੀ ਦੇ ਭੈਣਾਂ-ਭਰਾਵਾਂ ਵਿਚ ਜੋਸ਼ ਭਰ ਗਿਆ। ਬਹੁਤ ਸਾਰੇ ਭੈਣ-ਭਰਾ ਪੂਰੇ ਸਮੇਂ ਦੀ ਸੇਵਾ ਸ਼ੁਰੂ ਕਰਨ ਬਾਰੇ ਸੋਚਣ ਲੱਗੇ। ਭੈਣਾਂ-ਭਰਾਵਾਂ ਵਿਚ ਇੰਨਾ ਜੋਸ਼ ਭਰ ਗਿਆ ਕਿ ਮੁਹਿੰਮ ਤੋਂ ਬਾਅਦ ਇਕ ਸਾਲ ਦੇ ਅੰਦਰ-ਅੰਦਰ ਰੈਗੂਲਰ ਪਾਇਨੀਅਰਾਂ ਦੀ ਗਿਣਤੀ 24 ਪ੍ਰਤਿਸ਼ਤ ਵੱਧ ਗਈ।
ਜਿਹੜੇ ਭੈਣ-ਭਰਾ ਬਾਹਰੋਂ ਆਏ ਸਨ ਉਨ੍ਹਾਂ ਨੇ ਦੱਸਿਆ ਕਿ ਇਸ ਮੁਹਿੰਮ ਦਾ ਉਨ੍ਹਾਂ ’ਤੇ ਇੰਨਾ ਅਸਰ ਪਿਆ ਕਿ ਵਾਪਸ ਜਾ ਕੇ ਵੀ ਆਪਣਾ ਜੋਸ਼ ਬਰਕਰਾਰ ਰੱਖ ਪਾਏ। ਜਰਮਨੀ ਵਿਚ ਰਹਿੰਦੀ ਸ਼ੀਰੇਨ ਨੇ ਲਿਖਿਆ: “ਤੁਰਕੀ ਵਿਚ ਭੈਣ-ਭਰਾ ਮੌਕਾ ਮਿਲਣ ਤੇ ਬੜੀ ਆਸਾਨੀ ਨਾਲ ਗਵਾਹੀ ਦਿੰਦੇ ਸਨ। ਮੈਨੂੰ ਇਸ ਤਰ੍ਹਾਂ ਪ੍ਰਚਾਰ ਕਰਨਾ ਬਹੁਤ ਔਖਾ ਲੱਗਦਾ ਸੀ। ਪਰ ਇਸ ਮੁਹਿੰਮ, ਭੈਣਾਂ-ਭਰਾਵਾਂ ਦੀ ਮਿਸਾਲ ਅਤੇ ਪ੍ਰਾਰਥਨਾਵਾਂ ਕਰਨ ਕਰਕੇ ਮੈਂ ਵੀ ਉਨ੍ਹਾਂ ਵਾਂਗ ਪ੍ਰਚਾਰ ਕਰ ਸਕੀ। ਮੈਂ ਰੇਲ-ਗੱਡੀ ਵਿਚ ਵੀ ਲੋਕਾਂ ਨੂੰ ਪ੍ਰਚਾਰ ਕੀਤਾ ਅਤੇ ਪਰਚੇ ਵੰਡੇ। ਹੁਣ ਮੈਂ ਪਹਿਲਾਂ ਵਾਂਗ ਨਹੀਂ ਝਿਜਕਦੀ।”
ਜਰਮਨੀ ਵਿਚ ਰਹਿਣ ਵਾਲਾ ਯੋਹਾਨਾਸ ਕਹਿੰਦਾ ਹੈ: “ਮੈਂ ਤੁਰਕੀ ਦੇ ਭੈਣਾਂ-ਭਰਾਵਾਂ ਤੋਂ ਬਹੁਤ ਕੁਝ ਸਿੱਖਿਆ ਅਤੇ ਵਾਪਸ ਜਾ ਕੇ ਇਨ੍ਹਾਂ ਗੱਲਾਂ ਨੂੰ ਲਾਗੂ ਕੀਤਾ। ਤੁਰਕੀ ਦੇ ਭੈਣ-ਭਰਾ ਦਿਲੋਂ ਚਾਹੁੰਦੇ ਹਨ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਸੱਚਾਈ ਪਤਾ ਲੱਗੇ। ਇਸ ਲਈ ਉਹ ਹਰ ਮੌਕੇ ਤੇ ਲੋਕਾਂ ਨੂੰ ਗਵਾਹੀ ਦਿੰਦੇ ਹਨ। ਜਦੋਂ ਮੈਂ ਜਰਮਨੀ ਵਾਪਸ ਆਇਆ, ਤਾਂ ਮੈਂ ਵੀ ਉਨ੍ਹਾਂ ਦੀ ਰੀਸ ਕੀਤੀ। ਸੱਚੀ, ਮੈਂ ਹੁਣ ਪਹਿਲਾਂ ਨਾਲੋਂ ਜ਼ਿਆਦਾ ਲੋਕਾਂ ਨੂੰ ਪ੍ਰਚਾਰ ਕਰਦਾ ਹਾਂ।”
ਫਰਾਂਸ ਵਿਚ ਰਹਿਣ ਵਾਲੀ ਜ਼ੀਨੈਪ ਦੱਸਦੀ ਹੈ: “ਇਸ ਮੁਹਿੰਮ ਨੇ ਮੇਰੇ ’ਤੇ ਬਹੁਤ ਡੂੰਘਾ ਅਸਰ ਪਾਇਆ। ਮੁਹਿੰਮ ਤੋਂ ਬਾਅਦ ਮੈਂ ਜ਼ਿਆਦਾ ਦਲੇਰ ਬਣ ਪਾਈ ਅਤੇ ਯਹੋਵਾਹ ’ਤੇ ਮੇਰਾ ਭਰੋਸਾ ਵੱਧ ਗਿਆ।”
ਭੈਣ-ਭਰਾ ਇਕ-ਦੂਜੇ ਦੇ ਹੋਰ ਨੇੜੇ ਆਏ। ਤੁਰਕੀ ਦੇ ਭੈਣਾਂ-ਭਰਾਵਾਂ ਨੇ ਦੂਜੇ ਦੇਸ਼ਾਂ ਤੋਂ ਆਏ ਭੈਣਾਂ-ਭਰਾਵਾਂ ਨੂੰ ਬਹੁਤ ਪਿਆਰ ਦਿਖਾਇਆ। ਜੌਨ-ਡੇਵਿਡ ਜਿਸ ਦਾ ਜ਼ਿਕਰ ਪਹਿਲਾਂ ਕੀਤਾ ਗਿਆ ਸੀ ਦੱਸਦਾ ਹੈ: “ਉੱਥੇ ਦੇ ਭੈਣਾਂ-ਭਰਾਵਾਂ ਨੇ ਸਾਡੇ ਲਈ ਆਪਣੇ ਘਰਾਂ ਦੇ ਦਰਵਾਜ਼ੇ ਖੋਲ੍ਹੇ। ਉਨ੍ਹਾਂ ਨੇ ਸਾਨੂੰ ਬਹੁਤ ਪਰਾਹੁਣਚਾਰੀ ਦਿਖਾਈ ਜਿਸ ਕਰਕੇ ਅਸੀਂ ਤੁਰਕੀ ਦੇ ਕਈ ਲਜ਼ੀਜ਼ ਖਾਣਿਆਂ ਦਾ ਸੁਆਦ ਚੱਖ ਪਾਏ। ਉਨ੍ਹਾਂ ਨੇ ਸਾਡੇ ਨਾਲ ਇੰਨਾ ਚੰਗਾ ਵਰਤਾਅ ਕੀਤਾ ਕਿ ਸਾਨੂੰ ਲੱਗਾ ਹੀ ਨਹੀਂ ਕਿ ਅਸੀਂ ਓਪਰੇ ਹਾਂ। ਮੈਂ ਕਈ ਵਾਰ ਪ੍ਰਕਾਸ਼ਨਾਂ ਵਿਚ ਪੜ੍ਹਿਆ ਹੈ ਕਿ ਦੁਨੀਆਂ ਭਰ ਵਿਚ ਸਾਡਾ ਭਾਈਚਾਰਾ ਹੈ। ਪਰ ਮੈਂ ਪਹਿਲੀ ਵਾਰ ਇਹ ਗੱਲ ਆਪਣੀ ਅੱਖੀਂ ਦੇਖੀ। ਮੈਨੂੰ ਬਹੁਤ ਮਾਣ ਹੈ ਕਿ ਮੈਂ ਯਹੋਵਾਹ ਦਾ ਗਵਾਹ ਹਾਂ ਅਤੇ ਮੈਂ ਇਸ ਸਨਮਾਨ ਲਈ ਉਸ ਦਾ ਬਹੁਤ-ਬਹੁਤ ਧੰਨਵਾਦੀ ਹਾਂ।”
ਫਰਾਂਸ ਵਿਚ ਰਹਿਣ ਵਾਲੀ ਕਲੇਰ ਕਹਿੰਦੀ ਹੈ: “ਭਾਵੇਂ ਅਸੀਂ ਡੈਨਮਾਰਕ, ਫਰਾਂਸ, ਜਰਮਨੀ ਜਾਂ ਤੁਰਕੀ ਤੋਂ ਸੀ, ਫਿਰ ਵੀ ਅਸੀਂ ਸਾਰੇ ਇੱਕੋ ਪਰਿਵਾਰ ਦਾ ਹਿੱਸਾ ਸੀ। ਮੈਨੂੰ ਇੱਦਾਂ ਲੱਗਾ ਜਿੱਦਾਂ ਯਹੋਵਾਹ ਨੇ ਇਕ ਵੱਡੀ ਸਾਰੀ ਰਬੜ ਲੈ ਕੇ ਦੇਸ਼ ਦੀਆਂ ਸਰਹੱਦਾਂ ਮਿਟਾ ਦਿੱਤੀਆਂ ਹੋਣ।”
ਫਰਾਂਸ ਵਿਚ ਰਹਿਣ ਵਾਲੀ ਸਟੈਫ਼ਨੀ ਕਹਿੰਦੀ ਹੈ: “ਇਸ ਮੁਹਿੰਮ ਤੋਂ ਅਸੀਂ ਸਿੱਖਿਆ ਕਿ ਅਸੀਂ ਭਾਸ਼ਾ ਜਾਂ ਸਭਿਆਚਾਰ ਕਰਕੇ ਨਹੀਂ, ਸਗੋਂ ਯਹੋਵਾਹ ਨਾਲ ਪਿਆਰ ਹੋਣ ਕਰਕੇ ਇਕਮੁੱਠ ਹਾਂ।”
ਹੋਰ ਵੀ ਕਈ ਫ਼ਾਇਦੇ
ਜਿਹੜੇ ਭੈਣਾਂ-ਭਰਾਵਾਂ ਨੇ ਦੂਸਰੇ ਦੇਸ਼ਾਂ ਤੋਂ ਆ ਕੇ ਮੁਹਿੰਮ ਵਿਚ ਹਿੱਸਾ ਲਿਆ, ਉਨ੍ਹਾਂ ਵਿੱਚੋਂ ਕਾਫ਼ੀ ਜਣਿਆਂ ਨੇ ਆਪਣਾ ਦੇਸ਼ ਛੱਡ ਕੇ ਤੁਰਕੀ ਵਿਚ ਹੀ ਰਹਿਣ ਦਾ ਫ਼ੈਸਲਾ ਕੀਤਾ। ਕਿਉਂ? ਕਿਉਂਕਿ ਉੱਥੇ ਪ੍ਰਚਾਰਕਾਂ ਦੀ ਬਹੁਤ ਲੋੜ ਹੈ। ਉਨ੍ਹਾਂ ਵਿੱਚੋਂ ਕਾਫ਼ੀ ਜਣੇ ਉੱਥੇ ਰਹਿਣ ਲਈ ਚਲੇ ਵੀ ਗਏ ਹਨ। ਅਸੀਂ ਇਨ੍ਹਾਂ ਪ੍ਰਚਾਰਕਾਂ ਦੀ ਬਹੁਤ ਕਦਰ ਕਰਦੇ ਹਾਂ।
ਦੂਰ-ਦੁਰਾਡੇ ਇਲਾਕੇ ਵਿਚ ਰਹਿੰਦੇ 25 ਪ੍ਰਚਾਰਕਾਂ ਦੇ ਇਕ ਸਮੂਹ ਦੀ ਮਿਸਾਲ ਲਓ। ਕਈ ਸਾਲਾਂ ਤਕ ਉੱਥੇ ਇੱਕੋ ਹੀ ਬਜ਼ੁਰਗ ਸੀ। 2015 ਵਿਚ ਇਨ੍ਹਾਂ ਪ੍ਰਚਾਰਕਾਂ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਜਦੋਂ ਜਰਮਨੀ ਅਤੇ ਨੀਦਰਲੈਂਡਜ਼ ਤੋਂ ਛੇ ਜਣੇ ਉਨ੍ਹਾਂ ਦੀ ਮਦਦ ਲਈ ਆਏ।
ਉੱਥੇ ਸੇਵਾ ਕਰਨੀ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ
ਤੁਰਕੀ ਵਿਚ ਆ ਕੇ ਸੇਵਾ ਕਰਨ ਵਾਲੇ ਭੈਣ-ਭਰਾ ਆਪਣੀ ਜ਼ਿੰਦਗੀ ਬਾਰੇ ਕੀ ਦੱਸਦੇ ਹਨ? ਇਹ ਗੱਲ ਸੱਚ ਹੈ ਕਿ ਦੂਸਰੀ ਜਗ੍ਹਾ ’ਤੇ ਜਾ ਕੇ ਮੁਸ਼ਕਲਾਂ ਆਉਂਦੀਆਂ ਹਨ। ਪਰ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ ਉੱਥੇ ਸੇਵਾ ਕਰ ਕੇ ਬਹੁਤ ਬਰਕਤਾਂ ਮਿਲਦੀਆਂ ਹਨ। ਆਓ ਆਪਾਂ ਦੇਖੀਏ ਕਿ ਇਨ੍ਹਾਂ ਵਿੱਚੋਂ ਕੁਝ ਭੈਣਾਂ-ਭਰਾਵਾਂ ਨੇ ਕੀ ਕਿਹਾ:
ਸਪੇਨ ਤੋਂ ਆਇਆ 42 ਕੁ ਸਾਲਾਂ ਦਾ ਇਕ ਵਿਆਹਿਆ ਭਰਾ ਫੇਡੇਰੀਕੋ ਦੱਸਦਾ ਹੈ: “ਘੱਟ ਸਾਮਾਨ ਹੋਣ ਕਰਕੇ ਮੈਨੂੰ ਘੱਟ ਪਰੇਸ਼ਾਨੀਆਂ ਹਨ ਅਤੇ ਮੈਂ ਆਪਣਾ ਧਿਆਨ ਜ਼ਿਆਦਾ ਜ਼ਰੂਰੀ ਗੱਲਾਂ ’ਤੇ ਲਾ ਸਕਦਾ ਹਾਂ।” ਕੀ ਉਹ ਦੂਸਰਿਆਂ ਨੂੰ ਵੀ ਹੋਰ ਦੇਸ਼ ਜਾ ਕੇ ਪ੍ਰਚਾਰ ਕਰਨ ਦੀ ਹੱਲਾਸ਼ੇਰੀ ਦੇਵੇਗਾ? ਉਹ ਕਹਿੰਦਾ ਹੈ: “ਹਾਂਜੀ ਬਿਲਕੁਲ! ਯਹੋਵਾਹ ਨੂੰ ਜਾਣਨ ਲਈ ਲੋਕਾਂ ਦੀ ਮਦਦ ਕਰਨ ਵਾਸਤੇ ਜਦੋਂ ਤੁਸੀਂ ਦੂਸਰੇ ਦੇਸ਼ ਜਾਂਦੇ ਹੋ, ਤਾਂ ਤੁਸੀਂ ਆਪਣੇ ਆਪ ਨੂੰ ਯਹੋਵਾਹ ਦੇ ਹੱਥਾਂ ਵਿਚ ਸੌਂਪ ਦਿੰਦੇ ਹੋ। ਤੁਸੀਂ ਸੱਚ-ਮੁੱਚ ਯਹੋਵਾਹ ਦੇ ਪਿਆਰ ਨੂੰ ਮਹਿਸੂਸ ਕਰਦੇ ਹੋ।”
ਨੀਦਰਲੈਂਡਜ਼ ਤੋਂ ਆਇਆ 58-59 ਸਾਲਾਂ ਦਾ ਇਕ ਵਿਆਹਿਆ ਭਰਾ ਰੂਡੀ ਦੱਸਦਾ ਹੈ: “ਜਿੱਥੇ ਜ਼ਿਆਦਾ ਲੋੜ ਹੈ ਉੱਥੇ ਸੇਵਾ ਕਰ ਕੇ ਬਹੁਤ ਖ਼ੁਸ਼ੀ ਮਿਲਦੀ ਹੈ। ਉਦੋਂ ਵੀ ਜਦੋਂ ਅਸੀਂ ਉਨ੍ਹਾਂ ਲੋਕਾਂ ਨੂੰ ਸੱਚਾਈ
ਦੱਸਦੇ ਹਾਂ ਜਿਨ੍ਹਾਂ ਨੇ ਪਹਿਲਾਂ ਕਦੇ ਸੱਚਾਈ ਸੁਣੀ ਹੀ ਨਹੀਂ। ਜਦੋਂ ਅਸੀਂ ਦੇਖਦੇ ਹਾਂ ਕਿ ਸੱਚਾਈ ਜਾਣ ਕੇ ਲੋਕਾਂ ਦੇ ਚਿਹਰੇ ਖਿੜ ਜਾਂਦੇ ਹਨ, ਤਾਂ ਸਾਡੀ ਖ਼ੁਸ਼ੀ ਆਪੇ ਹੀ ਦੁਗਣੀ ਹੋ ਜਾਂਦੀ ਹੈ।”ਜਰਮਨੀ ਤੋਂ ਆਇਆ 41-42 ਸਾਲਾਂ ਦਾ ਇਕ ਵਿਆਹਿਆ ਭਰਾ ਸਾਸ਼ਾ ਦੱਸਦਾ ਹੈ: “ਜਦੋਂ ਵੀ ਮੈਂ ਪ੍ਰਚਾਰ ’ਤੇ ਜਾਂਦਾ ਹਾਂ, ਤਾਂ ਮੈਨੂੰ ਇੱਦਾਂ ਦੇ ਲੋਕ ਮਿਲਦੇ ਹਨ ਜਿਨ੍ਹਾਂ ਨੇ ਸੱਚਾਈ ਬਾਰੇ ਕਦੀ ਸੁਣਿਆ ਹੀ ਨਹੀਂ ਸੀ। ਇਨ੍ਹਾਂ ਲੋਕਾਂ ਨੂੰ ਯਹੋਵਾਹ ਬਾਰੇ ਦੱਸ ਕੇ ਮੈਨੂੰ ਉਹ ਖ਼ੁਸ਼ੀ ਮਿਲਦੀ ਹੈ ਜਿਸ ਨੂੰ ਮੈਂ ਬਿਆਨ ਨਹੀਂ ਕਰ ਸਕਦਾ।”
ਜਪਾਨ ਤੋਂ ਆਈ 35 ਕੁ ਸਾਲਾਂ ਦੀ ਵਿਆਹੀ ਭੈਣ ਅਤਸੂਕੋ ਦੱਸਦੀ ਹੈ: “ਬਹੁਤ ਸਾਲ ਪਹਿਲਾਂ ਮੈਂ ਹਮੇਸ਼ਾ ਕਹਿੰਦੀ ਹੁੰਦੀ ਸੀ ਕਿ ‘ਕਾਸ਼ ਆਰਮਾਗੇਡਨ ਜਲਦੀ ਆ ਜਾਵੇ!’ ਪਰ ਤੁਰਕੀ ਜਾਣ ਤੋਂ ਬਾਅਦ ਮੈਂ ਯਹੋਵਾਹ ਦਾ ਧੰਨਵਾਦ ਕਰਦੀ ਹਾਂ ਕਿ ਉਸ ਨੇ ਹਾਲੇ ਤਕ ਲੋਕਾਂ ਨਾਲ ਧੀਰਜ ਰੱਖਿਆ ਹੋਇਆ ਹੈ। ਜਿੰਨਾ ਜ਼ਿਆਦਾ ਮੈਂ ਪ੍ਰਚਾਰ ਦੇ ਕੰਮ ਪਿੱਛੇ ਯਹੋਵਾਹ ਦਾ ਹੱਥ ਦੇਖਦੀ ਹਾਂ, ਉੱਨਾ ਜ਼ਿਆਦਾ ਮੈਂ ਉਸ ਦੇ ਨੇੜੇ ਜਾਂਦੀ ਹਾਂ।”
ਰੂਸ ਤੋਂ ਆਈ 31-32 ਸਾਲਾਂ ਦੀ ਅਲੀਸਾ ਦੱਸਦੀ ਹੈ: “ਮੈਂ ਆਪਣੀ ਸੇਵਕਾਈ ਤੋਂ ਇਹ ਗੱਲ ਸੱਚ ਸਾਬਤ ਹੁੰਦੀ ਦੇਖੀ ਹੈ ਕਿ ‘ਚੱਖੋ ਤੇ ਵੇਖੋ ਭਈ ਯਹੋਵਾਹ ਭਲਾ ਹੈ।’” (ਜ਼ਬੂ. 34:8) ਉਹ ਅੱਗੇ ਕਹਿੰਦੀ ਹੈ: “ਯਹੋਵਾਹ ਨਾ ਸਿਰਫ਼ ਮੇਰਾ ਪਿਤਾ ਹੈ, ਸਗੋਂ ਮੇਰਾ ਜਿਗਰੀ ਦੋਸਤ ਵੀ ਹੈ। ਅਲੱਗ-ਅਲੱਗ ਹਾਲਾਤਾਂ ਵਿਚ ਮੈਂ ਉਸ ਨੂੰ ਹੋਰ ਵੀ ਚੰਗੀ ਤਰ੍ਹਾਂ ਜਾਣ ਰਹੀ ਹਾਂ। ਮੇਰੀ ਜ਼ਿੰਦਗੀ ਵਧੀਆ ਤਜਰਬਿਆਂ ਨਾਲ, ਖ਼ੁਸ਼ੀਆਂ ਭਰੇ ਪਲਾਂ ਨਾਲ ਅਤੇ ਢੇਰ ਸਾਰੀਆਂ ਬਰਕਤਾਂ ਨਾਲ ਭਰੀ ਹੋਈ ਹੈ।”
“ਖੇਤਾਂ ਨੂੰ ਦੇਖੋ”
ਇਸ ਖ਼ਾਸ ਮੁਹਿੰਮ ਕਰਕੇ ਤੁਰਕੀ ਦੇ ਬਹੁਤ ਸਾਰੇ ਲੋਕਾਂ ਨੂੰ ਖ਼ੁਸ਼ ਖ਼ਬਰੀ ਬਾਰੇ ਪਤਾ ਲੱਗਾ। ਪਰ ਹਾਲੇ ਵੀ ਬਹੁਤ ਸਾਰੇ ਵੱਡੇ-ਵੱਡੇ ਇਲਾਕੇ ਪਏ ਹਨ ਜਿੱਥੇ ਪ੍ਰਚਾਰ ਹੋਣਾ ਬਾਕੀ ਹੈ। ਦੂਸਰੇ ਦੇਸ਼ਾਂ ਤੋਂ ਆਏ ਭੈਣਾਂ-ਭਰਾਵਾਂ ਨੂੰ ਤੁਰਕੀ ਵਿਚ ਹਰ ਰੋਜ਼ ਇੱਦਾਂ ਦੇ ਲੋਕ ਮਿਲਦੇ ਹਨ ਜਿਨ੍ਹਾਂ ਨੇ ਪਹਿਲਾਂ ਕਦੇ ਵੀ ਯਹੋਵਾਹ ਬਾਰੇ ਨਹੀਂ ਸੁਣਿਆ। ਕੀ ਤੁਸੀਂ ਵੀ ਇੱਦਾਂ ਦੇ ਇਲਾਕੇ ਵਿਚ ਪ੍ਰਚਾਰ ਕਰਨਾ ਚਾਹੁੰਦੇ ਹੋ? ਜੇ ਹਾਂ, ਤਾਂ “ਆਪਣੀਆਂ ਨਜ਼ਰਾਂ ਚੁੱਕ ਕੇ ਖੇਤਾਂ ਨੂੰ ਦੇਖੋ ਕਿ ਫ਼ਸਲ ਵਾਢੀ ਲਈ ਪੱਕ ਚੁੱਕੀ ਹੈ।” (ਯੂਹੰ. 4:35) ਕੀ ਤੁਸੀਂ ਵੀ ਇੱਦਾਂ ਦੇ ਦੇਸ਼ ਵਿਚ ਸੇਵਾ ਕਰ ਸਕਦੇ ਹੋ ਜਿੱਥੇ “ਫ਼ਸਲ ਵਾਢੀ ਲਈ ਪੱਕ ਚੁੱਕੀ ਹੈ”? ਜੇ ਤੁਸੀਂ ਇੱਦਾਂ ਕਰਨਾ ਚਾਹੁੰਦੇ ਹੋ, ਤਾਂ ਹੁਣ ਤੋਂ ਹੀ ਆਪਣੇ ਟੀਚੇ ਨੂੰ ਪੂਰਾ ਕਰਨ ਲਈ ਕਦਮ ਚੁੱਕੋ। ਇਕ ਗੱਲ ਤਾਂ ਪੱਕੀ ਹੈ: “ਧਰਤੀ ਦੇ ਕੋਨੇ-ਕੋਨੇ” ਤਕ ਰਾਜ ਦੀ ਖ਼ੁਸ਼ੀ ਦਾ ਪ੍ਰਚਾਰ ਕਰ ਕੇ ਤੁਹਾਨੂੰ ਉਹ ਬਰਕਤਾਂ ਮਿਲਣਗੀਆਂ ਜਿਨ੍ਹਾਂ ਬਾਰੇ ਤੁਸੀਂ ਸ਼ਾਇਦ ਕਦੇ ਸੋਚਿਆ ਵੀ ਨਹੀਂ ਹੋਵੇਗਾ।—ਰਸੂ. 1:8.
^ ਪੈਰਾ 2 ‘ਚੰਗੀ ਧਰਤੀ ਦੇਖੋ’ (ਹਿੰਦੀ) ਨਾਂ ਦਾ ਬਰੋਸ਼ਰ ਦੇ ਸਫ਼ੇ 32-33 ਦੇਖੋ।