Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਹਿਜ਼ਕੀਏਲ ਦੇ 37ਵੇਂ ਅਧਿਆਇ ਵਿਚ ਦੋ ਲੱਕੜੀਆਂ ਨੂੰ ਜੋੜਨ ਬਾਰੇ ਦੱਸਿਆ ਗਿਆ ਹੈ। ਇਸ ਦਾ ਕੀ ਮਤਲਬ ਹੈ?

ਯਹੋਵਾਹ ਨੇ ਹਿਜ਼ਕੀਏਲ ਰਾਹੀਂ ਭਵਿੱਖਬਾਣੀ ਕੀਤੀ ਸੀ ਕਿ ਵਾਅਦਾ ਕੀਤੇ ਹੋਏ ਦੇਸ਼ ਵਿਚ ਦੁਬਾਰਾ ਜਾਣ ਤੋਂ ਬਾਅਦ ਇਜ਼ਰਾਈਲ ਕੌਮ ਨੂੰ ਫਿਰ ਤੋਂ ਇਕ-ਜੁੱਟ ਕੀਤਾ ਜਾਵੇਗਾ। ਇਹ ਭਵਿੱਖਬਾਣੀ ਇਸ ਗੱਲ ਵੱਲ ਵੀ ਇਸ਼ਾਰਾ ਕਰਦੀ ਹੈ ਕਿ ਆਖ਼ਰੀ ਦਿਨਾਂ ਵਿਚ ਪਰਮੇਸ਼ੁਰ ਦੇ ਲੋਕਾਂ ਨੂੰ ਇਕ-ਜੁੱਟ ਕੀਤਾ ਜਾਵੇਗਾ।

ਯਹੋਵਾਹ ਨੇ ਆਪਣੇ ਨਬੀ ਹਿਜ਼ਕੀਏਲ ਨੂੰ ਦੋ ਲੱਕੜੀਆਂ ਉੱਤੇ ਲਿਖਣ ਲਈ ਕਿਹਾ। ਉਸ ਨੇ ਇਕ ਲੱਕੜੀ ’ਤੇ ਲਿਖਣਾ ਸੀ, “ਯਹੂਦਾਹ ਅਤੇ ਉਹ ਦੇ ਸਾਥੀ ਇਸਰਾਏਲੀਆਂ ਲਈ” ਅਤੇ ਦੂਜੀ ’ਤੇ, “ਯੂਸੁਫ਼ ਲਈ, ਅਫਰਈਮ ਦੀ ਲੱਕੜੀ, ਅਤੇ ਉਹ ਦੇ ਸਾਥੀ ਸਾਰੇ ਇਸਰਾਏਲ ਦੇ ਘਰਾਣੇ ਲਈ।” ਹਿਜ਼ਕੀਏਲ ਦੇ ਹੱਥ ਵਿਚ ਇਨ੍ਹਾਂ ਦੋਵਾਂ ਲੱਕੜੀਆਂ ਨੇ “ਇੱਕੋ ਲੱਕੜੀ” ਬਣ ਜਾਣਾ ਸੀ।​—ਹਿਜ਼. 37:15-17.

“ਅਫਰਈਮ” ਕਿਸ ਨੂੰ ਦਰਸਾਉਂਦਾ ਹੈ? ਉੱਤਰ ਦੇ ਦਸ-ਗੋਤੀ ਰਾਜ ਦਾ ਪਹਿਲਾਂ ਰਾਜਾ ਯਾਰਾਬੁਆਮ ਅਫਰਈਮ ਗੋਤ ਤੋਂ ਸੀ। ਇਹ ਗੋਤ ਦਸਾਂ ਗੋਤਾਂ ਵਿੱਚੋਂ ਮਸ਼ਹੂਰ ਸੀ। (ਬਿਵ. 33:13, 17; 1 ਰਾਜ. 11:26) ਇਹ ਗੋਤ ਯੂਸੁਫ਼ ਦੇ ਪੁੱਤਰ ਅਫਰਈਮ ਤੋਂ ਸੀ। (ਗਿਣ. 1:32, 33) ਯੂਸੁਫ਼ ਨੂੰ ਆਪਣੇ ਪਿਤਾ ਯਾਕੂਬ ਤੋਂ ਖ਼ਾਸ ਅਸੀਸ ਮਿਲੀ ਸੀ। ਇਸ ਕਰਕੇ ਬਾਈਬਲ ਵਿਚ ਜਿਹੜੀ ਲੱਕੜੀ ਨੂੰ ਉੱਤਰ ਦੇ ਦਸ-ਗੋਤੀ ਰਾਜ ਨਾਲ ਦਰਸਾਇਆ ਗਿਆ, ਉਸ ਨੂੰ “ਅਫਰਈਮ ਦੀ ਲੱਕੜੀ” ਕਿਹਾ ਗਿਆ ਹੈ। ਹਿਜ਼ਕੀਏਲ ਰਾਹੀਂ ਦੋ ਲੱਕੜੀਆਂ ਬਾਰੇ ਭਵਿੱਖਬਾਣੀ ਕਰਨ ਤੋਂ ਕਈ ਸਾਲ ਪਹਿਲਾਂ ਹੀ ਅੱਸ਼ੂਰੀ 740 ਈਸਵੀ ਪੂਰਵ ਵਿਚ ਉੱਤਰ ਦੇ ਦਸ-ਗੋਤੀ ਰਾਜ ਦੇ ਲੋਕਾਂ ਨੂੰ ਗ਼ੁਲਾਮ ਬਣਾ ਕੇ ਲੈ ਗਏ। (2 ਰਾਜ. 17:6) ਇਸ ਤੋਂ ਬਹੁਤ ਸਾਲਾਂ ਬਾਅਦ ਬਾਬਲੀਆਂ ਨੇ ਅੱਸ਼ੂਰੀਆਂ ’ਤੇ ਜਿੱਤ ਪ੍ਰਾਪਤ ਕੀਤੀ। ਸੋ ਜਦੋਂ ਹਿਜ਼ਕੀਏਲ ਨੇ ਇਹ ਭਵਿੱਖਬਾਣੀ ਕੀਤੀ ਸੀ, ਤਾਂ ਦਸ-ਗੋਤੀ ਰਾਜ ਦੇ ਜ਼ਿਆਦਾਤਰ ਇਜ਼ਰਾਈਲੀ ਬਾਬਲ ਦੇ ਸਾਮਰਾਜ ਵਿਚ ਖਿੰਡ-ਪੁੰਡ ਗਏ ਸਨ।

ਬਾਬਲੀ 607 ਈਸਵੀ ਪੂਰਵ ਵਿਚ ਦੋ-ਗੋਤੀ ਰਾਜ ਅਤੇ ਸ਼ਾਇਦ ਦਸ-ਗੋਤੀ ਰਾਜ ਦੇ ਬਚੇ-ਖੁਚੇ ਲੋਕਾਂ ਨੂੰ ਗ਼ੁਲਾਮ ਬਣਾ ਕੇ ਲੈ ਗਏ। ਦੱਖਣ ਦੇ ਦੋ-ਗੋਤੀ ਰਾਜ ਦੇ ਰਾਜੇ ਯਹੂਦਾਹ ਦੇ ਗੋਤ ਤੋਂ ਸਨ। ਪੁਜਾਰੀ ਯਹੂਦਾਹ ਵਿਚ ਰਹਿੰਦੇ ਸਨ ਕਿਉਂਕਿ ਉਹ ਯਰੂਸ਼ਲਮ ਦੇ ਮੰਦਰ ਵਿਚ ਸੇਵਾ ਕਰਦੇ ਸਨ। (2 ਇਤ. 11:13, 14; 34:30) ਇਸ ਲਈ ਬਾਈਬਲ ਕਹਿੰਦੀ ਹੈ ਕਿ ਜਿਹੜੀ ਲੱਕੜੀ ਦੋ-ਗੋਤੀ ਰਾਜ ਨੂੰ ਦਰਸਾਉਂਦੀ ਹੈ, ਉਸ ਨੂੰ “ਯਹੂਦਾਹ” ਕਿਹਾ ਗਿਆ ਹੈ।

ਦੋ ਲੱਕੜੀਆਂ ਨੂੰ ਇਕੱਠਾ ਕਰਨ ਦੀ ਭਵਿੱਖਬਾਣੀ ਕਦੋਂ ਪੂਰੀ ਹੋਈ? ਇਹ ਉਦੋਂ ਪੂਰੀ ਹੋਈ ਜਦੋਂ ਇਜ਼ਰਾਈਲੀ 537 ਈਸਵੀ ਪੂਰਵ ਵਿਚ ਮੰਦਰ ਬਣਾਉਣ ਲਈ ਯਰੂਸ਼ਲਮ ਵਾਪਸ ਗਏ। ਦੋ-ਗੋਤੀ ਅਤੇ ਦਸ-ਗੋਤੀ ਰਾਜ ਦੇ ਸਿਰਫ਼ ਕੁਝ ਹੀ ਲੋਕ ਗ਼ੁਲਾਮੀ ਤੋਂ ਵਾਪਸ ਆਏ। ਪਰ ਇਹ ਸਾਰੇ ਲੋਕ ਇਕੱਠੇ ਵਾਪਸ ਆਏ ਜਿਸ ਕਰਕੇ ਹੁਣ ਇਨ੍ਹਾਂ ਵਿਚ ਫ਼ਾਸਲਾ ਮਿਟ ਗਿਆ ਸੀ। (ਹਿਜ਼. 37:21, 22) ਇਜ਼ਰਾਈਲ ਕੌਮ ਯਹੋਵਾਹ ਦੀ ਭਗਤੀ ਦੁਬਾਰਾ ਤੋਂ ਇਕ-ਜੁੱਟ ਹੋ ਕੇ ਕਰਨ ਲੱਗ ਪਈ। ਇਸ ਬਾਰੇ ਯਸਾਯਾਹ ਅਤੇ ਯਿਰਮਿਯਾਹ ਨੇ ਵੀ ਪਹਿਲਾਂ ਹੀ ਦੱਸਿਆ ਸੀ।​—ਯਸਾ. 11:12, 13; ਯਿਰ. 31:1, 6, 31.

ਅਸੀਂ ਇਸ ਭਵਿੱਖਬਾਣੀ ਤੋਂ ਸ਼ੁੱਧ ਭਗਤੀ ਬਾਰੇ ਕੀ ਸਿੱਖਦੇ ਹਾਂ? ਇਹੀ ਕਿ ਯਹੋਵਾਹ ਆਪਣੇ ਲੋਕਾਂ ਨੂੰ “ਇੱਕ” ਕਰੇਗਾ। (ਹਿਜ਼. 37:18, 19) ਕੀ ਸਾਡੇ ਸਮਿਆਂ ਵਿਚ ਇਹ ਭਵਿੱਖਬਾਣੀ ਪੂਰੀ ਹੋਈ ਹੈ? ਹਾਂ। 1919 ਵਿਚ ਇਹ ਭਵਿੱਖਬਾਣੀ ਪੂਰੀ ਹੋਣੀ ਸ਼ੁਰੂ ਹੋਈ ਜਦੋਂ ਪਰਮੇਸ਼ੁਰ ਦੇ ਲੋਕਾਂ ਨੂੰ ਹੌਲੀ-ਹੌਲੀ ਇਕ ਕੀਤਾ ਗਿਆ ਅਤੇ ਸੰਗਠਨ ਦੇ ਪ੍ਰਬੰਧਾਂ ਵਿਚ ਫੇਰ-ਬਦਲ ਕੀਤੇ ਗਏ। ਸ਼ੈਤਾਨ ਨੇ ਪਰਮੇਸ਼ੁਰ ਦੇ ਲੋਕਾਂ ਵਿਚ ਫੁੱਟ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ, ਪਰ ਉਸ ਦੀਆਂ ਕੋਸ਼ਿਸ਼ਾਂ ਨਾਕਾਮ ਕੀਤੀਆਂ ਗਈਆਂ।

ਉਸ ਵੇਲੇ ਜਿਨ੍ਹਾਂ ਨੂੰ ਇਕ-ਜੁੱਟ ਕੀਤਾ ਗਿਆ, ਉਨ੍ਹਾਂ ਵਿੱਚੋਂ ਜ਼ਿਆਦਾ ਜਣਿਆਂ ਦੀ ਉਮੀਦ ਸਵਰਗ ਵਿਚ ਯਿਸੂ ਨਾਲ ਰਾਜੇ ਅਤੇ ਪੁਜਾਰੀਆਂ ਵਜੋਂ ਸੇਵਾ ਕਰਨ ਦੀ ਸੀ। (ਪ੍ਰਕਾ. 20:6) ਉਹ ਯਹੂਦਾਹ ਦੀ ਲੱਕੜੀ ਵਾਂਗ ਸਨ। ਪਰ ਧਰਤੀ ਉੱਤੇ ਰਹਿਣ ਦੀ ਉਮੀਦ ਰੱਖਣ ਵਾਲਿਆਂ ਦੀ ਗਿਣਤੀ ਬਹੁਤ ਥੋੜ੍ਹੀ ਸੀ। ਪਰ ਸਮੇਂ ਦੇ ਬੀਤਣ ਨਾਲ ਇਨ੍ਹਾਂ ਦੀ ਗਿਣਤੀ ਵਧਦੀ ਗਈ। (ਜ਼ਕ. 8:23) ਇਹ ਯੂਸੁਫ਼ ਦੀ ਲੱਕੜੀ ਵਾਂਗ ਸਨ ਅਤੇ ਇਨ੍ਹਾਂ ਦੀ ਉਮੀਦ ਸਵਰਗ ਵਿਚ ਰਾਜ ਕਰਨ ਦੀ ਨਹੀਂ ਹੈ।

ਅੱਜ ਇਕ ਰਾਜੇ ਯਾਨੀ ਯਿਸੂ ਮਸੀਹ ਦੀ ਅਗਵਾਈ ਵਿਚ ਛੋਟਾ ਝੁੰਡ ਅਤੇ ਵੱਡੀ ਭੀੜ ਦੇ ਲੋਕ ਏਕਤਾ ਨਾਲ ਯਹੋਵਾਹ ਦੀ ਭਗਤੀ ਕਰ ਰਹੇ ਹਨ। ਹਿਜ਼ਕੀਏਲ ਦੀ ਭਵਿੱਖਬਾਣੀ ਵਿਚ ਯਿਸੂ ਨੂੰ “ਮੇਰਾ ਦਾਸ ਦਾਊਦ” ਕਿਹਾ ਗਿਆ ਹੈ। (ਹਿਜ਼. 37:24, 25) ਯਿਸੂ ਨੇ ਪ੍ਰਾਰਥਨਾ ਕੀਤੀ ਕਿ ਉਸ ਦੇ ਸਾਰੇ ਚੇਲਿਆਂ ਵਿਚ “ਏਕਤਾ ਹੋਵੇ, ਜਿਵੇਂ ਹੇ ਪਿਤਾ, ਤੂੰ ਮੇਰੇ ਨਾਲ ਅਤੇ ਮੈਂ ਤੇਰੇ ਨਾਲ ਏਕਤਾ ਵਿਚ ਬੱਝਾ ਹੋਇਆ ਹਾਂ।” * (ਯੂਹੰ. 17:20, 21) ਯਿਸੂ ਨੇ ਵੀ ਇਹ ਕਿਹਾ ਸੀ ਕਿ ਉਸ ਦੇ ਚੁਣੇ ਹੋਏ ਮਸੀਹੀਆਂ ਦਾ ਛੋਟਾ ਝੁੰਡ ਅਤੇ “ਹੋਰ ਭੇਡਾਂ” “ਇੱਕੋ ਝੁੰਡ” ਵਿਚ ਹੋਣਗੀਆਂ। ਇਨ੍ਹਾਂ ਸਾਰਿਆਂ ਦਾ “ਇੱਕੋ ਚਰਵਾਹਾ ਹੋਵੇਗਾ।” (ਯੂਹੰ. 10:16) ਯਿਸੂ ਦੇ ਇਹ ਸ਼ਬਦ ਕਿੰਨੇ ਸੱਚ ਸਾਬਤ ਹੋਏ ਹਨ ਕਿ ਚਾਹੇ ਸਾਡੀ ਆਸ ਸਵਰਗ ਜਾਣ ਦੀ ਹੋਵੇ ਜਾਂ ਧਰਤੀ ’ਤੇ ਰਹਿਣ ਦੀ, ਸਾਡੇ ਸਾਰਿਆਂ ਵਿਚ ਏਕਤਾ ਹੈ।

^ ਪੈਰਾ 10 ਆਪਣੇ ਚੇਲਿਆਂ ਨੂੰ ਆਖ਼ਰੀ ਦਿਨਾਂ ਦੀਆਂ ਨਿਸ਼ਾਨੀਆਂ ਬਾਰੇ ਦੱਸਦਿਆਂ ਯਿਸੂ ਨੇ ਕਈ ਮਿਸਾਲਾਂ ਦਿੱਤੀਆਂ ਸਨ। ਜ਼ਰਾ ਇਨ੍ਹਾਂ ਮਿਸਾਲਾਂ ਦੀ ਤਰਤੀਬ ਵੱਲ ਧਿਆਨ ਦਿਓ। ਪਹਿਲਾ, ਉਸ ਨੇ “ਵਫ਼ਾਦਾਰ ਅਤੇ ਸਮਝਦਾਰ ਨੌਕਰ” ਬਾਰੇ ਦੱਸਿਆ ਯਾਨੀ ਚੁਣੇ ਹੋਏ ਭਰਾਵਾਂ ਦੇ ਇਕ ਛੋਟੇ ਜਿਹੇ ਸਮੂਹ ਬਾਰੇ ਜੋ ਅਗਵਾਈ ਕਰੇਗਾ। (ਮੱਤੀ 24:45-47) ਫਿਰ ਉਸ ਨੇ ਜੋ ਮਿਸਾਲ ਦਿੱਤੀ ਉਹ ਖ਼ਾਸ ਕਰਕੇ ਚੁਣੇ ਹੋਏ ਮਸੀਹੀਆਂ ਲਈ ਸੀ। (ਮੱਤੀ 25:1-30) ਅਖ਼ੀਰ ਵਿਚ ਉਸ ਨੇ ਧਰਤੀ ਉੱਤੇ ਰਹਿਣ ਦੀ ਉਮੀਦ ਰੱਖਣ ਵਾਲਿਆਂ ਬਾਰੇ ਗੱਲ ਕੀਤੀ ਜੋ ਮਸੀਹ ਦੇ ਭਰਾਵਾਂ ਦਾ ਸਾਥ ਦੇਣਗੇ। (ਮੱਤੀ 25:31-46) ਇਸੇ ਤਰਤੀਬ ਦੀ ਤਰ੍ਹਾਂ, ਅੱਜ ਦੇ ਜ਼ਮਾਨੇ ਵਿਚ ਪੂਰੀ ਹੋਈ ਹਿਜ਼ਕੀਏਲ ਦੀ ਭਵਿੱਖਬਾਣੀ ਪਹਿਲਾਂ ਉਨ੍ਹਾਂ ਬਾਰੇ ਦੱਸਦੀ ਹੈ ਜਿਨ੍ਹਾਂ ਦੀ ਸਵਰਗ ਵਿਚ ਰਹਿਣ ਦੀ ਉਮੀਦ ਹੈ। ਭਾਵੇਂ ਕਿ ਦਸ-ਗੋਤੀ ਰਾਜ ਅਕਸਰ ਧਰਤੀ ’ਤੇ ਰਹਿਣ ਵਾਲੇ ਲੋਕਾਂ ਨੂੰ ਨਹੀਂ ਦਰਸਾਉਂਦਾ, ਪਰ ਜਿਸ ਤਰੀਕੇ ਨਾਲ ਇਸ ਭਵਿੱਖਬਾਣੀ ਵਿਚ ਏਕਤਾ ਬਾਰੇ ਦੱਸਿਆ ਗਿਆ ਹੈ, ਉਹ ਸਾਨੂੰ ਯਾਦ ਕਰਾਉਂਦਾ ਹੈ ਕਿ ਚੁਣੇ ਹੋਏ ਮਸੀਹੀਆਂ ਅਤੇ ਵੱਡੀ ਭੀੜ ਵਿਚ ਏਕਤਾ ਹੈ।