Skip to content

Skip to table of contents

ਕੀ ਯਾਕੂਬ ਮਸੀਹ ਦਾ ਪੂਰਵਜ ਇਸ ਕਰਕੇ ਬਣਿਆ ਕਿਉਂਕਿ ਉਸ ਨੇ ਏਸਾਓ ਕੋਲੋਂ ਜੇਠੇ ਹੋਣ ਦਾ ਹੱਕ ਖ਼ਰੀਦਿਆ ਸੀ?

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਕੀ ਯਿਸੂ ਦੇ ਸਾਰੇ ਪੂਰਵਜ ਆਪਣੇ ਖ਼ਾਨਦਾਨ ਵਿੱਚੋਂ ਜੇਠੇ ਸਨ?

ਸਾਡੇ ਪ੍ਰਕਾਸ਼ਨਾਂ ਵਿਚ ਕਈ ਵਾਰੀ ਸਮਝਾਇਆ ਗਿਆ ਸੀ ਕਿ ਯਿਸੂ ਦੇ ਸਾਰੇ ਪੂਰਵਜ ਆਪੋ-ਆਪਣੇ ਪਰਿਵਾਰਾਂ ਵਿੱਚੋਂ ਜੇਠੇ ਸਨ। ਕਿਉਂ? ਕਿਉਂਕਿ ਇਹ ਗੱਲ ਇਬਰਾਨੀਆਂ 12:16 ਦੀ ਆਇਤ ਮੁਤਾਬਕ ਸਹੀ ਲੱਗਦੀ ਸੀ। ਇਸ ਆਇਤ ਵਿਚ ਲਿਖਿਆ ਹੈ ਕਿ ਏਸਾਓ ਨੇ “ਪਵਿੱਤਰ ਚੀਜ਼ਾਂ ਦੀ ਕਦਰ” ਨਹੀਂ ਕੀਤੀ ਅਤੇ “ਇਕ ਡੰਗ ਦੀ ਰੋਟੀ ਦੇ ਵੱਟੇ [ਯਾਕੂਬ ਨੂੰ] ਆਪਣਾ ਜੇਠੇ ਹੋਣ ਦਾ ਹੱਕ ਵੇਚ ਦਿੱਤਾ ਸੀ।” ਇਸ ਗੱਲ ਤੋਂ ਲੱਗਦਾ ਸੀ ਕਿ ਜਦੋਂ ਯਾਕੂਬ ਨੂੰ “ਜੇਠੇ ਹੋਣ ਦਾ ਹੱਕ” ਮਿਲਿਆ, ਤਾਂ ਭਵਿੱਖ ਵਿਚ ਉਸ ਨੇ ਮਸੀਹ ਦਾ ਪੂਰਵਜ ਬਣਨਾ ਸੀ।​—ਮੱਤੀ 1:2, 16; ਲੂਕਾ 3:23, 34.

ਪਰ ਬਾਈਬਲ ਦੇ ਕੁਝ ਬਿਰਤਾਂਤਾਂ ਦੀ ਜਾਂਚ ਕਰ ਕੇ ਪਤਾ ਲੱਗਦਾ ਹੈ ਕਿ ਮਸੀਹ ਦੇ ਸਾਰੇ ਪੂਰਵਜ ਆਪਣੇ ਖ਼ਾਨਦਾਨ ਵਿੱਚੋਂ ਜੇਠੇ ਨਹੀਂ ਸਨ। ਆਓ ਆਪਾਂ ਕੁਝ ਸਬੂਤਾਂ ’ਤੇ ਗੌਰ ਕਰੀਏ:

ਯਾਕੂਬ (ਇਜ਼ਰਾਈਲ) ਦੀ ਪਹਿਲੀ ਪਤਨੀ ਲੇਆਹ ਤੋਂ ਉਸ ਦਾ ਜੇਠਾ ਪੁੱਤਰ ਰਊਬੇਨ ਹੋਇਆ। ਬਾਅਦ ਵਿਚ ਉਸ ਦੀ ਦੂਸਰੀ ਪਤਨੀ ਰਾਕੇਲ, ਜਿਸ ਨੂੰ ਯਾਕੂਬ ਲੇਆਹ ਨਾਲੋਂ ਜ਼ਿਆਦਾ ਪਿਆਰ ਕਰਦਾ ਸੀ, ਨੇ ਆਪਣੇ ਪਹਿਲੇ ਮੁੰਡੇ ਯੂਸੁਫ਼ ਨੂੰ ਜਨਮ ਦਿੱਤਾ। ਪਰ ਜਦੋਂ ਰਊਬੇਨ ਨੇ ਗ਼ਲਤ ਕੰਮ ਕੀਤਾ, ਤਾਂ ਉਸ ਦੇ ਜੇਠੇ ਹੋਣ ਦਾ ਹੱਕ ਉਸ ਦੇ ਭਰਾ ਯੂਸੁਫ਼ ਨੂੰ ਚਲਾ ਗਿਆ। (ਉਤ. 29:31-35; 30:22-25; 35:22-26; 49:22-26; 1 ਇਤ. 5:1, 2) ਪਰ ਮਸੀਹ ਨਾ ਤਾਂ ਰਊਬੇਨ ਦੀ ਪੀੜ੍ਹੀ ਵਿੱਚੋਂ ਆਇਆ ਤੇ ਨਾ ਹੀ ਯੂਸੁਫ਼ ਦੀ ਪੀੜ੍ਹੀ ਵਿੱਚੋਂ, ਸਗੋਂ ਮਸੀਹ ਯਾਕੂਬ ਅਤੇ ਲੇਆਹ ਦੇ ਚੌਥੇ ਮੁੰਡੇ ਯਹੂਦਾਹ ਦੀ ਪੀੜ੍ਹੀ ਵਿੱਚੋਂ ਆਇਆ।​—ਉਤ. 49:10.

ਲੂਕਾ 3:32 ਵਿਚ ਮਸੀਹ ਦੇ ਹੋਰ ਪੰਜ ਪੂਰਵਜਾਂ ਦੀ ਗੱਲ ਕੀਤੀ ਗਈ ਹੈ। ਲੱਗਦਾ ਹੈ ਕਿ ਇਹ ਆਦਮੀ ਆਪਣੇ ਖ਼ਾਨਦਾਨ ਵਿੱਚੋਂ ਜੇਠੇ ਸਨ। ਮਿਸਾਲ ਲਈ, ਬੋਅਜ਼ ਤੋਂ ਓਬੇਦ ਅਤੇ ਓਬੇਦ ਤੋਂ ਯੱਸੀ ਪੈਦਾ ਹੋਇਆ।​—ਰੂਥ 4:17, 20-22; 1 ਇਤ. 2:10-12.

ਪਰ ਯੱਸੀ ਦਾ ਮੁੰਡਾ ਦਾਊਦ ਜੇਠਾ ਨਹੀਂ ਸੀ, ਸਗੋਂ ਉਹ ਆਪਣੇ ਅੱਠ ਭਰਾਵਾਂ ਵਿੱਚੋਂ ਸਭ ਤੋਂ ਛੋਟਾ ਸੀ। ਪਰ ਫਿਰ ਵੀ ਮਸੀਹ ਦਾਊਦ ਦੀ ਪੀੜ੍ਹੀ ਵਿੱਚੋਂ ਆਇਆ। (1 ਸਮੂ. 16:10, 11; 17:12; ਮੱਤੀ 1:5, 6) ਉੱਦਾਂ ਹੀ ਦਾਊਦ ਦਾ ਮੁੰਡਾ ਸੁਲੇਮਾਨ ਵੀ ਜੇਠਾ ਨਹੀਂ ਸੀ, ਪਰ ਫਿਰ ਵੀ ਉਹ ਮਸੀਹ ਦਾ ਪੂਰਵਜ ਬਣਿਆ।​—2 ਸਮੂ. 3:2-5.

ਇਸ ਦਾ ਇਹ ਮਤਲਬ ਨਹੀਂ ਕਿ ਜੇਠੇ ਹੋਣ ਦੀ ਕੋਈ ਅਹਿਮੀਅਤ ਨਹੀਂ ਸੀ। ਪਰਿਵਾਰ ਵਿਚ ਜੇਠੇ ਨੂੰ ਬਹੁਤ ਆਦਰ-ਮਾਣ ਦਿੱਤਾ ਜਾਂਦਾ ਸੀ ਅਤੇ ਪਿਤਾ ਦੀ ਮੌਤ ਹੋਣ ਤੋਂ ਬਾਅਦ ਅਕਸਰ ਉਸ ਨੂੰ ਹੀ ਘਰ ਦਾ ਮੁਖੀ ਬਣਾਇਆ ਜਾਂਦਾ ਸੀ। ਉਸ ਨੂੰ ਵਿਰਾਸਤ ਦਾ ਵੀ ਦੁਗਣਾ ਹਿੱਸਾ ਮਿਲਦਾ ਸੀ।​—ਉਤ. 43:33; ਬਿਵ. 21:17; ਯਹੋ. 17:1.

ਪਰ ਜੇਠੇ ਹੋਣ ਦਾ ਹੱਕ ਕਿਸੇ ਹੋਰ ਨੂੰ ਦਿੱਤਾ ਜਾ ਸਕਦਾ ਸੀ। ਮਿਸਾਲ ਲਈ, ਅਬਰਾਹਾਮ ਨੇ ਇਸਮਾਏਲ ਨੂੰ ਘਰੋਂ ਕੱਢ ਦਿੱਤਾ ਅਤੇ ਜੇਠੇ ਹੋਣ ਦਾ ਹੱਕ ਇਸਹਾਕ ਨੂੰ ਮਿਲ ਗਿਆ। (ਉਤ. 21:14-21; 22:2) ਨਾਲੇ ਜਿਵੇਂ ਅਸੀਂ ਪਹਿਲਾਂ ਵੀ ਦੇਖਿਆ ਸੀ ਕਿ ਰਊਬੇਨ ਦੇ ਜੇਠੇ ਹੋਣ ਦਾ ਹੱਕ ਯੂਸੁਫ਼ ਨੂੰ ਮਿਲਿਆ।

ਆਓ ਆਪਾਂ ਹੁਣ ਦੁਬਾਰਾ ਇਬਰਾਨੀਆਂ 12:16 ਵੱਲ ਗੌਰ ਕਰੀਏ ਜਿਸ ਵਿਚ ਲਿਖਿਆ ਹੈ: “ਤੁਹਾਡੇ ਵਿਚ ਕੋਈ ਹਰਾਮਕਾਰ ਜਾਂ ਅਜਿਹਾ ਕੋਈ ਇਨਸਾਨ ਨਾ ਹੋਵੇ ਜਿਹੜਾ ਏਸਾਓ ਵਾਂਗ ਪਵਿੱਤਰ ਚੀਜ਼ਾਂ ਦੀ ਕਦਰ ਨਾ ਕਰਦਾ ਹੋਵੇ। ਏਸਾਓ ਨੇ ਇਕ ਡੰਗ ਦੀ ਰੋਟੀ ਦੇ ਵੱਟੇ ਆਪਣਾ ਜੇਠੇ ਹੋਣ ਦਾ ਹੱਕ ਵੇਚ ਦਿੱਤਾ ਸੀ।” ਇਸ ਆਇਤ ਦਾ ਕੀ ਮਤਲਬ ਹੈ?

ਇਸ ਆਇਤ ਵਿਚ ਪੌਲੁਸ ਰਸੂਲ ਯਿਸੂ ਦੀ ਵੰਸ਼ਾਵਲੀ ਬਾਰੇ ਗੱਲ ਨਹੀਂ ਕਰ ਰਿਹਾ ਸੀ। ਅਸੀਂ ਇਹ ਇਸ ਲਈ ਕਹਿ ਸਕਦੇ ਹਾਂ ਕਿਉਂਕਿ ਉਸ ਨੇ 13ਵੀਂ ਆਇਤ ਵਿਚ ਮਸੀਹੀਆਂ ਨੂੰ “ਆਪਣੇ ਪੈਰਾਂ ਲਈ ਸਿੱਧੇ ਰਾਹ” ਬਣਾਉਣ ਲਈ ਕਿਹਾ ਸੀ। ਇਸ ਤਰ੍ਹਾਂ ਕਰ ਕੇ ਉਹ “ਪਰਮੇਸ਼ੁਰ ਦੀ ਅਪਾਰ ਕਿਰਪਾ” ਪਾ ਸਕਦੇ ਸਨ। ਪਰ ਹਰਾਮਕਾਰੀ ਕਰ ਕੇ ਉਨ੍ਹਾਂ ਨੇ ਇਸ ਤੋਂ ਵਾਂਝੇ ਰਹਿ ਜਾਣਾ ਸੀ। (ਇਬ. 12:12-16) ਹਰਾਮਕਾਰੀ ਕਰ ਕੇ ਉਨ੍ਹਾਂ ਨੇ ਏਸਾਓ ਵਰਗੇ ਬਣ ਜਾਣਾ ਸੀ, ਜਿਸ ਨੇ “ਪਵਿੱਤਰ ਚੀਜ਼ਾਂ ਦੀ ਕਦਰ” ਨਹੀਂ ਕੀਤੀ ਸੀ।

ਏਸਾਓ ਉਸ ਸਮੇਂ ਵਿਚ ਰਹਿੰਦਾ ਸੀ ਜਦੋਂ ਪਰਿਵਾਰ ਦਾ ਮੁਖੀ ਆਪਣੇ ਪਰਿਵਾਰ ਲਈ ਬਲ਼ੀਆਂ ਚੜ੍ਹਾਉਂਦਾ ਸੀ। ਇਸ ਕਰਕੇ ਸ਼ਾਇਦ ਏਸਾਓ ਨੂੰ ਵੀ ਬਲ਼ੀਆਂ ਚੜ੍ਹਾਉਣ ਦਾ ਸਨਮਾਨ ਮਿਲਦਾ ਹੋਣਾ। (ਉਤ. 8:20, 21; 12:7, 8; ਅੱਯੂ. 1:4, 5) ਪਰ ਏਸਾਓ ਨੂੰ ਸਿਰਫ਼ ਆਪਣੇ ਢਿੱਡ ਦੀ ਹੀ ਪਈ ਹੋਈ ਸੀ। ਉਸ ਨੇ ਇਕ ਦਾਲ ਦੀ ਕੌਲੀ ਬਦਲੇ ਆਪਣੇ ਸਨਮਾਨ ਨੂੰ ਛਿੱਕੇ ’ਤੇ ਟੰਗ ਦਿੱਤਾ। ਸ਼ਾਇਦ ਉਹ ਉਨ੍ਹਾਂ ਸਾਰੇ ਦੁੱਖਾਂ ਤੋਂ ਬਚਣਾ ਚਾਹੁੰਦਾ ਸੀ ਜੋ ਅਬਰਾਹਾਮ ਦੀ ਔਲਾਦ ਨੂੰ ਭਵਿੱਖ ਵਿਚ ਝੱਲਣੇ ਪੈਣੇ ਸਨ। (ਉਤ. 15:13) ਉਸ ਨੇ ਝੂਠੇ ਧਰਮਾਂ ਦੀਆਂ ਔਰਤਾਂ ਨਾਲ ਵਿਆਹ ਕਰਾ ਕੇ ਵੀ ਦਿਖਾਇਆ ਕਿ ਉਸ ਨੂੰ ਪਵਿੱਤਰ ਚੀਜ਼ਾਂ ਦੀ ਕੋਈ ਕਦਰ ਨਹੀਂ ਸੀ ਅਤੇ ਉਹ ਆਪਣੇ ਮਾਪਿਆਂ ਲਈ ਵੀ ਦੁੱਖ ਦਾ ਕਾਰਨ ਬਣਿਆ। (ਉਤ. 26:34, 35) ਯਾਕੂਬ ਉਸ ਤੋਂ ਕਿਨ੍ਹਾਂ ਅਲੱਗ ਸੀ ਜਿਸ ਨੇ ਸੱਚੇ ਰੱਬ ਦੀ ਭਗਤੀ ਕਰਨ ਵਾਲੀ ਔਰਤ ਨਾਲ ਵਿਆਹ ਕਰਾਇਆ।​—ਉਤ. 28:6, 7; 29:10-12, 18.

ਇਨ੍ਹਾਂ ਗੱਲਾਂ ਨੂੰ ਜਾਣ ਕੇ ਅਸੀਂ ਯਿਸੂ ਮਸੀਹ ਦੇ ਪੂਰਵਜਾਂ ਬਾਰੇ ਕੀ ਸਿੱਟਾ ਕੱਢ ਸਕਦੇ ਹਾਂ? ਯਿਸੂ ਦੇ ਪੂਰਵਜਾਂ ਵਿੱਚੋਂ ਸਾਰੇ ਜੇਠੇ ਨਹੀਂ ਸਨ। ਯਹੂਦੀ ਲੋਕ ਵੀ ਇਹ ਗੱਲ ਜਾਣਦੇ ਸਨ ਅਤੇ ਮੰਨਦੇ ਸਨ। ਉਹ ਜਾਣਦੇ ਸਨ ਕਿ ਯਿਸੂ ਨੇ ਦਾਊਦ ਦੀ ਪੀੜ੍ਹੀ ਵਿੱਚੋਂ ਆਉਣਾ ਸੀ, ਜੋ ਯੱਸੀ ਦਾ ਸਭ ਤੋਂ ਛੋਟਾ ਮੁੰਡਾ ਸੀ।​—ਮੱਤੀ 22:42.