Skip to content

Skip to table of contents

‘ਤੁਸੀਂ ਕਿਤੇ ਜ਼ਿਆਦਾ ਅਨਮੋਲ ਹੋ।’​—ਮੱਤੀ 10:31

ਕੀ ਰੱਬ ਸਾਡੇ ਵੱਲ ਧਿਆਨ ਦਿੰਦਾ ਹੈ?

ਕੀ ਰੱਬ ਸਾਡੇ ਵੱਲ ਧਿਆਨ ਦਿੰਦਾ ਹੈ?

ਅਸੀਂ ਸ੍ਰਿਸ਼ਟੀ ਤੋਂ ਕੀ ਸਿੱਖਦੇ ਹਾਂ?

ਬੱਚੇ ਦੇ ਜਨਮ ਦੇ ਪਹਿਲੇ 60 ਮਿੰਟਾਂ ਦੌਰਾਨ ਇਹ ਬਹੁਤ ਜ਼ਰੂਰੀ ਹੁੰਦਾ ਹੈ ਕਿ ਮਾਂ ਬੱਚੇ ਦੇ ਨੇੜੇ ਰਹੇ। ਇੱਦਾਂ ਕਰਨ ਕਰਕੇ ਬੱਚੇ ਦੇ ਵਿਕਾਸ ਅਤੇ ਵਧਣ-ਫੁੱਲਣ ’ਤੇ ਵਧੀਆ ਅਸਰ ਪੈਂਦਾ ਹੈ। *

ਇਕ ਮਾਂ ਨੂੰ ਆਪਣੇ ਨਵ-ਜੰਮੇ ਬੱਚੇ ਦੀ ਪਿਆਰ ਨਾਲ ਦੇਖ-ਭਾਲ ਕਰਨ ਲਈ ਕਿਹੜੀ ਗੱਲ ਉਕਸਾਉਂਦੀ ਹੈ? ਜਨੈੱਟ ਕਰੈੱਨਸ਼ੌਅ ਨਾਂ ਦੀ ਪ੍ਰੋਫ਼ੈਸਰ ਇਕ ਰਸਾਲੇ ਵਿਚ ਦੱਸਦੀ ਹੈ ਕਿ ਆਕਸੀਟੋਸਿੰਨ ਨਾਂ ਦੇ ਹਾਰਮੋਨ ਦੇ ਵਧਣ ਕਰਕੇ “ਜਦੋਂ ਇਕ ਮਾਂ ਨਵ-ਜੰਮੇ ਬੱਚੇ ਨੂੰ ਛੂੰਹਦੀ ਹੈ, ਉਸ ਵੱਲ ਦੇਖਦੀ ਹੈ ਅਤੇ ਉਸ ਨੂੰ ਦੁੱਧ ਪਿਲ਼ਾਉਂਦੀ ਹੈ, ਤਾਂ ਉਸ ਵਿਚ ਮਾਂ ਦੀ ਮਮਤਾ ਜਾਗ ਉੱਠਦੀ ਹੈ।” ਇਸੇ ਸਮੇਂ ਦੌਰਾਨ ਇਕ ਹੋਰ ਹਾਰਮੋਨ ਕਰਕੇ ਮਾਂ “ਆਪਣੇ ਬੱਚੇ ਨੂੰ ਪਿਆਰ ਜ਼ਾਹਰ ਕਰ ਪਾਉਂਦੀ ਹੈ” ਅਤੇ ਬੱਚੇ ਨਾਲ ਉਸ ਦਾ ਰਿਸ਼ਤਾ ਹੋਰ ਮਜ਼ਬੂਤ ਹੁੰਦਾ ਹੈ। ਇਹ ਗੱਲ ਇੰਨੀ ਅਹਿਮ ਕਿਉਂ ਹੈ?

ਮਾਂ ਅਤੇ ਬੱਚੇ ਵਿਚ ਇੰਨਾ ਗੂੜ੍ਹਾ ਰਿਸ਼ਤਾ ਜੋੜਨ ਵਾਲਾ ਕੋਈ ਹੋਰ ਨਹੀਂ, ਸਗੋਂ ਸਾਡਾ ਸ੍ਰਿਸ਼ਟੀਕਰਤਾ ਯਹੋਵਾਹ ਪਰਮੇਸ਼ੁਰ * ਹੈ। ਰਾਜਾ ਦਾਊਦ ਨੇ ਰੱਬ ਬਾਰੇ ਕਿਹਾ ਕਿ ਤੂੰ ਮੈਨੂੰ “ਕੁੱਖੋਂ ਬਾਹਰ ਲਿਆਇਆ” ਅਤੇ ਮੈਨੂੰ ਮਾਂ ਦੀ ਬੁੱਕਲ ਵਿਚ ਸੁਰੱਖਿਅਤ ਮਹਿਸੂਸ ਕਰਾਇਆ। ਉਸ ਨੇ ਪ੍ਰਾਰਥਨਾ ਕੀਤੀ: “ਜਨਮ ਤੋਂ ਹੀ ਮੇਰਾ ਤੇਰੇ ਤੇ ਭਰੋਸਾ ਹੈ, ਮਾਂ ਦੇ ਗਰਭ ਤੋਂ ਹੀ ਤੂੰ ਮੇਰਾ ਪਰਮੇਸ਼ਰ ਹੈ।”​—ਭਜਨ 22:9, 10, CL.

ਜ਼ਰਾ ਸੋਚੋ: ਜੇ ਰੱਬ ਨੇ ਇਕ ਮਾਂ ਦੇ ਸਰੀਰ ਦੀ ਬਣਤਰ ਇੰਨੀ ਗੁੰਝਲਦਾਰ ਬਣਾਈ ਹੈ ਤਾਂਕਿ ਉਹ ਆਪਣੇ ਬੱਚੇ ਵੱਲ ਧਿਆਨ ਦੇਵੇ ਅਤੇ ਉਸ ਦੀਆਂ ਲੋੜਾਂ ਪੂਰੀਆਂ ਕਰੇ, ਤਾਂ ਫਿਰ ਕੀ ਇਸ ਗੱਲ ’ਤੇ ਯਕੀਨ ਕਰਨਾ ਸਹੀ ਨਹੀਂ ਹੈ ਕਿ “ਪਰਮੇਸ਼ੁਰ ਦੇ ਬੱਚੇ” ਹੋਣ ਕਰਕੇ ਉਹ ਸਾਡੇ ਸਾਰਿਆਂ ਵੱਲ ਧਿਆਨ ਦਿੰਦਾ ਹੈ?​—ਰਸੂਲਾਂ ਦੇ ਕੰਮ 17:29.

ਰੱਬ ਸਾਡੇ ਵੱਲ ਧਿਆਨ ਦਿੰਦਾ ਹੈ, ਇਸ ਬਾਰੇ ਬਾਈਬਲ ਕੀ ਸਿਖਾਉਂਦੀ ਹੈ

ਯਿਸੂ ਮਸੀਹ ਸ੍ਰਿਸ਼ਟੀਕਰਤਾ ਨੂੰ ਸਭ ਤੋਂ ਜ਼ਿਆਦਾ ਜਾਣਦਾ ਹੈ। ਉਸ ਨੇ ਕਿਹਾ ਸੀ: “ਕੀ ਇਕ ਪੈਸੇ ਦੀਆਂ ਦੋ ਚਿੜੀਆਂ ਨਹੀਂ ਵਿਕਦੀਆਂ? ਪਰ ਫਿਰ ਵੀ ਇਹ ਨਹੀਂ ਹੋ ਸਕਦਾ ਕਿ ਇਨ੍ਹਾਂ ਵਿੱਚੋਂ ਇਕ ਵੀ ਚਿੜੀ ਜ਼ਮੀਨ ’ਤੇ ਡਿਗੇ, ਤਾਂ ਤੁਹਾਡੇ ਸਵਰਗੀ ਪਿਤਾ ਨੂੰ ਪਤਾ ਨਾ ਲੱਗੇ। ਨਾਲੇ ਤੁਹਾਡੇ ਤਾਂ ਸਿਰ ਦੇ ਸਾਰੇ ਵਾਲ਼ ਵੀ ਗਿਣੇ ਹੋਏ ਹਨ। ਇਸ ਲਈ ਚਿੰਤਾ ਨਾ ਕਰੋ: ਤੁਸੀਂ ਇਨ੍ਹਾਂ ਸਾਰੀਆਂ ਚਿੜੀਆਂ ਨਾਲੋਂ ਕਿਤੇ ਜ਼ਿਆਦਾ ਅਨਮੋਲ ਹੋ।”​—ਮੱਤੀ 10:29-31.

ਸਾਡੇ ਵਿੱਚੋਂ ਕਿੰਨੇ ਕੁ ਜਣੇ ਹਰ ਛੋਟੇ ਪੰਛੀ ਵੱਲ ਧਿਆਨ ਦਿੰਦੇ ਹਨ? ਸ਼ਾਇਦ ਬਹੁਤ ਘੱਟ ਜਣੇ। ਫਿਰ ਸਾਡੇ ਵਿੱਚੋਂ ਕਿੰਨੇ ਜਣੇ ਕਿਸੇ ਇਕ ਪੰਛੀ ਦੇ ਡਿਗਣ ’ਤੇ ਉਸ ਵੱਲ ਧਿਆਨ ਦੇਣਗੇ? ਸ਼ਾਇਦ ਉਸ ਤੋਂ ਵੀ ਘੱਟ ਜਣੇ। ਪਰ ਸਾਡਾ ਸਵਰਗੀ ਪਿਤਾ ਹਰ ਇਕ ਵੱਲ ਧਿਆਨ ਦਿੰਦਾ ਹੈ! ਭਾਵੇਂ ਬਹੁਤ ਸਾਰੇ ਪੰਛੀ ਹੋਣ, ਪਰ ਰੱਬ ਦੀਆਂ ਨਜ਼ਰਾਂ ਵਿਚ ਇਨਸਾਨ ਕਿਸੇ ਵੀ ਪੰਛੀ ਤੋਂ ਜ਼ਿਆਦਾ ਅਨਮੋਲ ਹਨ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਸਾਨੂੰ ਇਹ ‘ਚਿੰਤਾ ਨਹੀਂ ਕਰਨੀ’ ਚਾਹੀਦੀ ਕਿ ਰੱਬ ਸਾਡੇ ਵੱਲ ਧਿਆਨ ਨਹੀਂ ਦਿੰਦਾ। ਇਸ ਦੇ ਉਲਟ, ਉਹ ਸਾਡੇ ਵਿਚ ਗਹਿਰੀ ਦਿਲਚਸਪੀ ਰੱਖਦਾ ਹੈ!

ਰੱਬ ਦਿਲੋਂ ਸਾਡਾ ਭਲਾ ਚਾਹੁੰਦਾ ਹੈ ਅਤੇ ਪਿਆਰ ਨਾਲ ਸਾਡੇ ਵੱਲ ਧਿਆਨ ਦਿੰਦਾ ਹੈ

ਬਾਈਬਲ ਸਾਨੂੰ ਭਰੋਸਾ ਦਿਵਾਉਂਦੀ ਹੈ

  • “ਯਹੋਵਾਹ ਦੀਆਂ ਅੱਖਾਂ ਸਭਨੀਂ ਥਾਈਂ ਲੱਗੀਆਂ ਰਹਿੰਦੀਆਂ ਹਨ, ਅਤੇ ਬੁਰੇ ਭਲੇ ਦੋਹਾਂ ਨੂੰ ਤੱਕਦੀਆਂ ਹਨ।”​—ਕਹਾਉਤਾਂ 15:3.

  • “ਯਹੋਵਾਹ ਦੀਆਂ ਅੱਖੀਆਂ ਧਰਮੀਆਂ ਉੱਤੇ, ਅਤੇ ਉਹ ਦੇ ਕੰਨ ਉਨ੍ਹਾਂ ਦੀ ਦੁਹਾਈ ਵੱਲ ਹਨ।”​—ਜ਼ਬੂਰਾਂ ਦੀ ਪੋਥੀ 34:15.

  • “ਮੈਂ ਤੇਰੀ ਦਯਾ ਵਿੱਚ ਮਗਨ ਅਤੇ ਅਨੰਦ ਹੋਵਾਂਗਾ, ਕਿਉਂ ਜੋ ਤੈਂ ਮੇਰੇ ਦੁਖ ਨੂੰ ਵੇਖਿਆ ਹੈ, ਤੈਂ ਮੇਰੀ ਜਾਨ ਦੇ ਕਸ਼ਟਾਂ ਨੂੰ ਜਾਣ ਲਿਆ ਹੈ।”​—ਜ਼ਬੂਰਾਂ ਦੀ ਪੋਥੀ 31:7.

“ਮੈਨੂੰ ਲੱਗਦਾ ਸੀ ਕਿ ਯਹੋਵਾਹ ਮੈਨੂੰ ਪਿਆਰ ਨਹੀਂ ਕਰਦਾ”

ਜੇ ਸਾਨੂੰ ਪਤਾ ਹੋਵੇ ਕਿ ਰੱਬ ਦਿਲੋਂ ਸਾਡਾ ਭਲਾ ਚਾਹੁੰਦਾ ਹੈ ਅਤੇ ਉਹ ਪਿਆਰ ਕਰਨ ਕਰਕੇ ਸਾਡੇ ਵੱਲ ਧਿਆਨ ਦਿੰਦਾ ਹੈ, ਤਾਂ ਕੀ ਇਸ ਗੱਲ ਦਾ ਸਾਡੀ ਜ਼ਿੰਦਗੀ ’ਤੇ ਕੋਈ ਅਸਰ ਪਵੇਗਾ? ਜ਼ਰੂਰ ਪਵੇਗਾ। ਇੰਗਲੈਂਡ ਵਿਚ ਰਹਿਣ ਵਾਲੀ ਹੈਨਾ * ਦੱਸਦੀ ਹੈ:

“ਬਹੁਤ ਵਾਰੀ ਮੈਨੂੰ ਇੱਦਾਂ ਲੱਗਦਾ ਸੀ ਕਿ ਯਹੋਵਾਹ ਮੈਨੂੰ ਪਿਆਰ ਨਹੀਂ ਕਰਦਾ ਤੇ ਮੇਰੀਆਂ ਪ੍ਰਾਰਥਨਾਵਾਂ ਨਹੀਂ ਸੁਣਦਾ। ਮੈਨੂੰ ਲੱਗਦਾ ਸੀ ਕਿ ਮੇਰੇ ਵਿਚ ਹੀ ਨਿਹਚਾ ਦੀ ਘਾਟ ਸੀ। ਮੈਂ ਸੋਚਦੀ ਸੀ ਕਿ ਮੈਂ ਰੱਬ ਲਈ ਕੋਈ ਅਹਿਮੀਅਤ ਨਹੀਂ ਰੱਖਦੀ। ਇਸ ਲਈ ਮੈਨੂੰ ਸਜ਼ਾ ਮਿਲਦੀ ਸੀ ਅਤੇ ਮੈਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਸੀ। ਮੈਨੂੰ ਲੱਗਦਾ ਸੀ ਕਿ ਰੱਬ ਮੇਰੀ ਪਰਵਾਹ ਨਹੀਂ ਕਰਦਾ।”

ਪਰ ਹੈਨਾ ਹੁਣ ਯਹੋਵਾਹ ਦੇ ਪਿਆਰ ’ਤੇ ਸ਼ੱਕ ਨਹੀਂ ਕਰਦੀ ਤੇ ਨਾ ਹੀ ਇਹ ਸੋਚਦੀ ਹੈ ਕਿ ਉਹ ਉਸ ਵੱਲ ਧਿਆਨ ਨਹੀਂ ਦਿੰਦਾ। ਕਿਹੜੀ ਗੱਲ ਕਰਕੇ ਉਸ ਦੀ ਸੋਚ ਬਦਲੀ? ਉਹ ਕਹਿੰਦੀ ਹੈ: “ਮੇਰੀ ਸੋਚ ਰਾਤੋ-ਰਾਤ ਨਹੀਂ ਬਦਲੀ। ਮੈਨੂੰ ਯਾਦ ਹੈ ਕਿ ਬਹੁਤ ਸਾਲ ਪਹਿਲਾਂ ਮੈਂ ਯਿਸੂ ਦੀ ਰਿਹਾਈ ਦੀ ਕੀਮਤ ਬਾਰੇ ਇਕ ਭਾਸ਼ਣ ਸੁਣਿਆ ਸੀ ਜਿਸ ਦਾ ਮੇਰੇ ’ਤੇ ਬਹੁਤ ਡੂੰਘਾ ਅਸਰ ਪਿਆ। ਉਸ ਭਾਸ਼ਣ ਕਰਕੇ ਮੈਨੂੰ ਦੁਬਾਰਾ ਯਹੋਵਾਹ ਦੇ ਪਿਆਰ ਦਾ ਅਹਿਸਾਸ ਹੋਇਆ। ਜਦੋਂ ਮੈਨੂੰ ਪ੍ਰਾਰਥਨਾਵਾਂ ਦੇ ਜਵਾਬ ਮਿਲਦੇ ਸਨ, ਤਾਂ ਅਕਸਰ ਮੇਰੀਆਂ ਅੱਖਾਂ ਵਿੱਚੋਂ ਹੰਝੂ ਆ ਜਾਂਦੇ ਸਨ ਕਿਉਂਕਿ ਮੈਨੂੰ ਅਹਿਸਾਸ ਹੋਇਆ ਕਿ ਯਹੋਵਾਹ ਮੈਨੂੰ ਪਿਆਰ ਕਰਦਾ ਹੈ। ਬਾਈਬਲ ਅਧਿਐਨ ਕਰਨ ਅਤੇ ਮਸੀਹੀ ਸਭਾਵਾਂ ਵਿਚ ਜਾਣ ਕਰਕੇ ਮੈਂ ਯਹੋਵਾਹ ਦੇ ਸੁਭਾਅ ਅਤੇ ਉਸ ਦੇ ਗੁਣਾਂ ਬਾਰੇ ਹੋਰ ਜਾਣ ਸਕੀ। ਮੈਂ ਇਹ ਵੀ ਜਾਣ ਸਕੀ ਕਿ ਉਹ ਸਾਡੇ ਬਾਰੇ ਕਿਵੇਂ ਮਹਿਸੂਸ ਕਰਦਾ ਹੈ। ਹੁਣ ਮੈਂ ਆਪਣੀ ਜ਼ਿੰਦਗੀ ਵਿਚ ਯਹੋਵਾਹ ਦਾ ਹੱਥ ਸਾਫ਼-ਸਾਫ਼ ਦੇਖ ਸਕਦੀ ਹਾਂ। ਉਹ ਸਾਨੂੰ ਸਾਰਿਆਂ ਨੂੰ ਪਿਆਰ ਕਰਦਾ ਹੈ। ਉਹ ਦਿਲੋਂ ਸਾਡੀ ਦੇਖ-ਭਾਲ ਕਰਨੀ ਚਾਹੁੰਦਾ ਹੈ।”

ਹੈਨਾ ਦੀਆਂ ਗੱਲਾਂ ਤੋਂ ਸਾਡਾ ਹੌਸਲਾ ਵਧਦਾ ਹੈ। ਪਰ ਤੁਹਾਡਾ ਯਕੀਨ ਕਿਵੇਂ ਪੱਕਾ ਹੋ ਸਕਦਾ ਹੈ ਕਿ ਰੱਬ ਤੁਹਾਨੂੰ ਸਮਝਦਾ ਹੈ ਅਤੇ ਉਸ ਲਈ ਤੁਹਾਡੀਆਂ ਭਾਵਨਾਵਾਂ ਮਾਅਨੇ ਰੱਖਦੀਆਂ ਹਨ? ਅਗਲੇ ਲੇਖ ਵਿਚ ਇਸ ਸਵਾਲ ’ਤੇ ਚਰਚਾ ਕੀਤੀ ਜਾਵੇਗੀ।

^ ਪੈਰਾ 3 ਕੁਝ ਮਾਵਾਂ ਨੂੰ ਬੱਚੇ ਦੇ ਜਨਮ ਤੋਂ ਬਾਅਦ ਡਿਪਰੈਸ਼ਨ ਹੋ ਜਾਂਦਾ ਹੈ। ਇਸ ਕਰਕੇ ਉਹ ਬੱਚੇ ਨਾਲ ਨਜ਼ਦੀਕੀ ਰਿਸ਼ਤਾ ਨਹੀਂ ਜੋੜ ਪਾਉਂਦੀਆਂ। ਪਰ ਉਨ੍ਹਾਂ ਮਾਵਾਂ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਇਸ ਵਿਚ ਉਨ੍ਹਾਂ ਦੀ ਕੋਈ ਗ਼ਲਤੀ ਹੈ। ਅਮਰੀਕਾ ਦੇ ਨੈਸ਼ਨਲ ਇੰਸਟੀਚਿਊਟ ਆਫ਼ ਮੈਂਟਲ ਹੈਲਥ ਅਨੁਸਾਰ ਬੱਚੇ ਦੇ ਜਨਮ ਤੋਂ ਬਾਅਦ ਹੋਣ ਵਾਲਾ ਡਿਪਰੈਸ਼ਨ “ਸਰੀਰ ਅਤੇ ਭਾਵਨਾਵਾਂ ਵਿਚ ਹੋਣ ਵਾਲੇ ਬਦਲਾਅ ਕਰਕੇ ਹੁੰਦਾ ਹੈ। . . . ਇਹ ਡਿਪਰੈਸ਼ਨ ਮਾਂ ਦੇ ਕੁਝ ਕਰਨ ਜਾਂ ਨਾ ਕਰਨ ਕਰਕੇ ਨਹੀਂ ਹੁੰਦਾ।” ਇਸ ਵਿਸ਼ੇ ਬਾਰੇ ਹੋਣ ਜਾਣਕਾਰੀ ਲਈ 8 ਜੂਨ 2003 ਦੇ ਜਾਗਰੂਕ ਬਣੋ! (ਅੰਗ੍ਰੇਜ਼ੀ) ਦੇ ਲੇਖ “ਬੱਚੇ ਦੇ ਜਨਮ ਤੋਂ ਬਾਅਦ ਹੋਣ ਵਾਲੇ ਡਿਪਰੈਸ਼ਨ ਬਾਰੇ ਜਾਣੋ” ਦੇਖੋ।

^ ਪੈਰਾ 5 ਬਾਈਬਲ ਵਿਚ ਰੱਬ ਦਾ ਨਾਂ ਯਹੋਵਾਹ ਦੱਸਿਆ ਗਿਆ ਹੈ।—ਜ਼ਬੂਰਾਂ ਦੀ ਪੋਥੀ 83:18.

^ ਪੈਰਾ 15 ਇਨ੍ਹਾਂ ਲੇਖਾਂ ਵਿਚ ਕੁਝ ਨਾਂ ਬਦਲੇ ਗਏ ਹਨ।