Skip to content

Skip to table of contents

ਨਫ਼ਰਤ ਦਾ ਚੱਕਰ ਕਿਵੇਂ ਤੋੜੀਏ?

3 | ਆਪਣੇ ਦਿਲ ਵਿੱਚੋਂ ਨਫ਼ਰਤ ਕੱਢੋ

3 | ਆਪਣੇ ਦਿਲ ਵਿੱਚੋਂ ਨਫ਼ਰਤ ਕੱਢੋ

ਬਾਈਬਲ ਦੀ ਸਿੱਖਿਆ:

“ਆਪਣੇ ਆਪ ਨੂੰ ਪੂਰੀ ਤਰ੍ਹਾਂ ਬਦਲਣ ਲਈ ਆਪਣੀ ਸੋਚ ਨੂੰ ਬਦਲੋ ਤਾਂਕਿ ਤੁਸੀਂ ਆਪ ਜਾਂਚ ਕਰ ਕੇ ਦੇਖ ਸਕੋ ਕਿ ਪਰਮੇਸ਼ੁਰ ਦੀ ਚੰਗੀ, ਮਨਜ਼ੂਰਯੋਗ ਅਤੇ ਪੂਰੀ ਇੱਛਾ ਕੀ ਹੈ।”​ਰੋਮੀਆਂ 12:2.

ਇਸ ਸਿੱਖਿਆ ਦਾ ਕੀ ਮਤਲਬ ਹੈ?

ਰੱਬ ਲਈ ਸਾਡੀ ਸੋਚ ਬਹੁਤ ਮਾਅਨੇ ਰੱਖਦੀ ਹੈ। (ਯਿਰਮਿਯਾਹ 17:10) ਇਹ ਸੱਚ ਹੈ ਕਿ ਸਾਨੂੰ ਨਫ਼ਰਤ ਭਰੀਆਂ ਗੱਲਾਂ ਜਾਂ ਕੰਮ ਕਰਨ ਤੋਂ ਬਚਣਾ ਚਾਹੀਦਾ ਹੈ, ਪਰ ਇੰਨਾ ਕਰਨਾ ਹੀ ਕਾਫ਼ੀ ਨਹੀਂ ਹੈ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਨਫ਼ਰਤ ਦਿਲ ਤੋਂ ਸ਼ੁਰੂ ਹੁੰਦੀ ਹੈ। ਇਸ ਲਈ ਸਾਨੂੰ ਆਪਣੇ ਦਿਲ ਵਿੱਚੋਂ ਨਫ਼ਰਤ ਨੂੰ ਜੜ੍ਹੋਂ ਪੁੱਟਣਾ ਚਾਹੀਦਾ ਹੈ। ਫਿਰ ਹੀ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਆਪਣੇ ਆਪ ਨੂੰ ਪੂਰੀ ਤਰ੍ਹਾਂ ‘ਬਦਲ’ ਲਿਆ ਹੈ ਅਤੇ ਨਫ਼ਰਤ ਦੇ ਚੱਕਰ ਨੂੰ ਤੋੜ ਦਿੱਤਾ ਹੈ।

ਤੁਸੀਂ ਕੀ ਕਰ ਸਕਦੇ ਹੋ?

ਧਿਆਨ ਨਾਲ ਆਪਣੀ ਜਾਂਚ ਕਰੋ ਕਿ ਤੁਸੀਂ ਦੂਜਿਆਂ ਬਾਰੇ ਕੀ ਸੋਚਦੇ ਹੋ, ਖ਼ਾਸ ਕਰਕੇ ਉਨ੍ਹਾਂ ਲੋਕਾਂ ਬਾਰੇ ਜੋ ਕਿਸੇ ਹੋਰ ਨਸਲ, ਜਾਤ ਜਾਂ ਕੌਮ ਦੇ ਹਨ। ਆਪਣੇ ਆਪ ਤੋਂ ਪੁੱਛੋ: ‘ਮੈਂ ਉਨ੍ਹਾਂ ਨੂੰ ਕਿਸ ਨਜ਼ਰ ਨਾਲ ਦੇਖਦਾ ਹਾਂ? ਮੈਂ ਕਿਸ ਆਧਾਰ ’ਤੇ ਉਨ੍ਹਾਂ ਬਾਰੇ ਰਾਇ ਕਾਇਮ ਕਰਦਾ ਹਾਂ? ਕੀ ਮੈਂ ਉਨ੍ਹਾਂ ਨੂੰ ਨਿੱਜੀ ਤੌਰ ਤੇ ਜਾਣਦਾ ਹਾਂ? ਜਾਂ ਕੀ ਮੈਂ ਪੱਖਪਾਤ ਕਰਨ ਕਰਕੇ ਉਨ੍ਹਾਂ ਬਾਰੇ ਰਾਇ ਕਾਇਮ ਕਰਦਾ ਹਾਂ?’ ਅਜਿਹੀਆਂ ਫ਼ਿਲਮਾਂ, ਮਨੋਰੰਜਨ ਅਤੇ ਸੋਸ਼ਲ ਮੀਡੀਆ ਤੋਂ ਦੂਰ ਰਹੋ ਜਿਸ ਵਿਚ ਨਫ਼ਰਤ ਤੇ ਹਿੰਸਾ ਦਿਖਾਈ ਜਾਂਦੀ ਹੈ।

ਰੱਬ ਦਾ ਬਚਨ ਦਿਲਾਂ ਵਿੱਚੋਂ ਨਫ਼ਰਤ ਕੱਢਣ ਵਿਚ ਸਾਡੀ ਮਦਦ ਕਰ ਸਕਦਾ ਹੈ

ਆਪਣੀਆਂ ਭਾਵਨਾਵਾਂ ਅਤੇ ਸੋਚਾਂ ਦੀ ਸਹੀ-ਸਹੀ ਜਾਂਚ ਕਰਨੀ ਹਮੇਸ਼ਾ ਸੌਖੀ ਨਹੀਂ ਹੁੰਦੀ। ਪਰ ਰੱਬ ਦਾ ਬਚਨ “ਮਨ ਦੀਆਂ ਸੋਚਾਂ ਅਤੇ ਇਰਾਦਿਆਂ ਨੂੰ” ਜਾਣਨ ਵਿਚ ਸਾਡੀ ਮਦਦ ਕਰ ਸਕਦਾ ਹੈ। (ਇਬਰਾਨੀਆਂ 4:12) ਇਸ ਲਈ ਤੁਸੀਂ ਰੋਜ਼ ਬਾਈਬਲ ਦੀ ਜਾਂਚ ਕਰੋ ਅਤੇ ਦੇਖੋ ਕਿ ਤੁਹਾਡੀ ਸੋਚ ਬਾਈਬਲ ਦੀਆਂ ਸਿੱਖਿਆਵਾਂ ਮੁਤਾਬਕ ਹੈ ਜਾਂ ਨਹੀਂ। ਫਿਰ ਆਪਣੀ ਸੋਚ ਨੂੰ ਇਸ ਮੁਤਾਬਕ ਬਦਲਣ ਦੀ ਪੂਰੀ ਕੋਸ਼ਿਸ਼ ਕਰੋ। ਸਾਡੇ ਦਿਲ ਵਿਚ ਨਫ਼ਰਤ ਸ਼ਾਇਦ ‘ਮਜ਼ਬੂਤ ਕਿਲੇ’ ਵਾਂਗ ਹੋਵੇ, ਪਰ ਰੱਬ ਦੇ ਬਚਨ ਦੀ ਮਦਦ ਨਾਲ ਅਸੀਂ ਇਸ ਨੂੰ ਆਪਣੇ ਦਿਲ ਵਿੱਚੋਂ ਕੱਢ ਸਕਦੇ ਹਾਂ।​—2 ਕੁਰਿੰਥੀਆਂ 10:4, 5.