ਬਾਈਬਲ ਕੀ ਕਹਿੰਦੀ ਹੈ | ਸ਼ੁਕਰਗੁਜ਼ਾਰੀ
ਸ਼ੁਕਰਗੁਜ਼ਾਰੀ
ਸ਼ੁਕਰਗੁਜ਼ਾਰ ਹੋਣ ਦੇ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ ਜਿਵੇਂ ਕਿ ਅਸੀਂ ਸਰੀਰਕ, ਮਾਨਸਿਕ ਅਤੇ ਜਜ਼ਬਾਤੀ ਤੌਰ ਤੇ ਠੀਕ ਰਹਿੰਦੇ ਹਾਂ। ਇਸ ਲਈ ਹਰ ਕਿਸੇ ਨੂੰ ਹਰ ਰੋਜ਼ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ।
ਸ਼ੁਕਰਗੁਜ਼ਾਰ ਹੋਣ ਨਾਲ ਤੁਹਾਡਾ ਭਲਾ ਕਿਵੇਂ ਹੁੰਦਾ ਹੈ?
ਡਾਕਟਰੀ ਵਿਗਿਆਨ ਕੀ ਕਹਿੰਦਾ ਹੈ
ਇਕ ਲੇਖ ਅਨੁਸਾਰ “ਸ਼ੁਕਰਗੁਜ਼ਾਰੀ ਦਾ ਸੰਬੰਧ ਖ਼ੁਸ਼ੀ ਨਾਲ ਜੋੜਿਆ ਗਿਆ ਹੈ। ਸ਼ੁਕਰਗੁਜ਼ਾਰ ਹੋਣ ਨਾਲ ਲੋਕ ਚੰਗਾ ਸੋਚਦੇ ਹਨ, ਉਨ੍ਹਾਂ ਨੂੰ ਚੰਗੇ ਤਜਰਬੇ ਹੁੰਦੇ ਹਨ, ਉਨ੍ਹਾਂ ਦੀ ਸਿਹਤ ਵਿਚ ਸੁਧਾਰ ਹੁੰਦਾ ਹੈ, ਉਹ ਮੁਸ਼ਕਲਾਂ ਨਾਲ ਸਿੱਝ ਸਕਦੇ ਹਨ ਤੇ ਉਨ੍ਹਾਂ ਦੇ ਮਜ਼ਬੂਤ ਰਿਸ਼ਤੇ ਬਣਦੇ ਹਨ।”
ਬਾਈਬਲ ਕੀ ਕਹਿੰਦੀ ਹੈ
ਬਾਈਬਲ ਹੱਲਾਸ਼ੇਰੀ ਦਿੰਦੀ ਹੈ ਕਿ ਅਸੀਂ ਸ਼ੁਕਰਗੁਜ਼ਾਰ ਹੋਣ ਦੀ ਆਦਤ ਪਾਈਏ। ਪੌਲੁਸ ਰਸੂਲ, ਜਿਸ ਨੇ ਆਪ ਸ਼ੁਕਰਗੁਜ਼ਾਰ ਹੋਣ ਵਿਚ ਚੰਗੀ ਮਿਸਾਲ ਕਾਇਮ ਕੀਤੀ ਸੀ, ਨੇ ਲਿਖਿਆ: “ਦਿਖਾਓ ਕਿ ਤੁਸੀਂ ਸ਼ੁਕਰਗੁਜ਼ਾਰ ਹੋ।” ਮਿਸਾਲ ਲਈ, ਉਸ ਨੇ “ਪਰਮੇਸ਼ੁਰ ਦਾ ਵਾਰ-ਵਾਰ ਧੰਨਵਾਦ” ਕੀਤਾ ਕਿਉਂਕਿ ਰੱਬ ਬਾਰੇ ਉਸ ਦੇ ਸੰਦੇਸ਼ ਨੂੰ ਲੋਕਾਂ ਨੇ ਸੁਣਿਆ ਸੀ। (ਕੁਲੁੱਸੀਆਂ 3:15; 1 ਥੱਸਲੁਨੀਕੀਆਂ 2:13) ਜੇ ਅਸੀਂ ਕਦੇ-ਕਦੇ ਧੰਨਵਾਦ ਕਰਦੇ ਹਾਂ, ਤਾਂ ਅਸੀਂ ਜ਼ਿਆਦਾ ਸਮੇਂ ਲਈ ਖ਼ੁਸ਼ ਨਹੀਂ ਰਹਿ ਸਕਦੇ। ਪਰ ਜੇ ਧੰਨਵਾਦ ਕਰਨ ਦੀ ਸਾਡੀ ਆਦਤ ਹੈ, ਤਾਂ ਅਸੀਂ ਹਮੇਸ਼ਾ ਖ਼ੁਸ਼ ਰਹਾਂਗੇ। ਇਸ ਤਰ੍ਹਾਂ ਕਰਨ ਨਾਲ ਅਸੀਂ ਆਪਣੇ ਆਪ ਨੂੰ ਜ਼ਿਆਦਾ ਨਹੀਂ ਸਮਝਾਂਗੇ, ਈਰਖਾ ਅਤੇ ਗੁੱਸਾ ਨਹੀਂ ਕਰਾਂਗੇ ਕਿਉਂਕਿ ਇਨ੍ਹਾਂ ਔਗੁਣਾਂ ਕਰਕੇ ਲੋਕ ਸਾਡੇ ਤੋਂ ਦੂਰ-ਦੂਰ ਭੱਜਣਗੇ ਅਤੇ ਅਸੀਂ ਖ਼ੁਸ਼ ਨਹੀਂ ਰਹਾਂਗੇ।
ਸਾਡੇ ਸਿਰਜਣਹਾਰ ਨੇ ਸਾਡੇ ਵਰਗੇ ਮਾਮੂਲੀ ਇਨਸਾਨਾਂ ਨੂੰ ਵੀ ਸ਼ੁਕਰਗੁਜ਼ਾਰੀ ਦਿਖਾਉਣ ਵਿਚ ਵਧੀਆ ਮਿਸਾਲ ਕਾਇਮ ਕੀਤੀ! ਇਬਰਾਨੀਆਂ 6:10 ਦੱਸਦਾ ਹੈ: “ਪਰਮੇਸ਼ੁਰ ਅਨਿਆਈ ਨਹੀਂ ਹੈ ਕਿ ਉਹ ਤੁਹਾਡੇ ਕੰਮ ਨੂੰ ਤੇ ਪਿਆਰ ਨੂੰ ਭੁੱਲ ਜਾਵੇ ਜੋ ਤੁਸੀਂ ਉਸ ਦੇ ਨਾਂ ਨਾਲ ਕਰਦੇ ਹੋ।” ਸਾਡੇ ਸਿਰਜਣਹਾਰ ਦੀਆਂ ਨਜ਼ਰਾਂ ਵਿਚ ਸ਼ੁਕਰਗੁਜ਼ਾਰੀ ਨਾ ਦਿਖਾਉਣੀ ਅਨਿਆਂ ਦੀ ਗੱਲ ਹੈ।
“ਹਮੇਸ਼ਾ ਖ਼ੁਸ਼ ਰਹੋ। ਹਰ ਚੀਜ਼ ਲਈ ਪਰਮੇਸ਼ੁਰ ਦਾ ਧੰਨਵਾਦ ਕਰੋ।”
—1 ਥੱਸਲੁਨੀਕੀਆਂ 5:16, 18.
ਸ਼ੁਕਰਗੁਜ਼ਾਰ ਹੋਣ ਨਾਲ ਦੂਜਿਆਂ ਨਾਲ ਸਾਡੇ ਰਿਸ਼ਤੇ ਕਿਵੇਂ ਸੁਧਰਦੇ ਹਨ?
ਤਜਰਬੇ ਤੋਂ ਕੀ ਪਤਾ ਲੱਗਦਾ ਹੈ
ਜਦੋਂ ਅਸੀਂ ਦਿਲੋਂ ਕਿਸੇ ਵੱਲੋਂ ਦਿੱਤੇ ਤੋਹਫ਼ੇ, ਉਸ ਦੇ ਚੰਗੇ ਬੋਲ ਜਾਂ ਮਦਦ ਲਈ ਸ਼ੁਕਰਗੁਜ਼ਾਰ ਹੁੰਦੇ ਹਾਂ, ਤਾਂ ਅਸੀਂ ਉਸ ਨੂੰ ਅਹਿਸਾਸ ਕਰਾਉਂਦੇ ਹਾਂ ਕਿ ਅਸੀਂ ਉਸ ਦੀ ਕਦਰ ਕਰਦੇ ਹਾਂ। ਅਜਨਬੀ ਲੋਕ ਵੀ ਉਨ੍ਹਾਂ ਲੋਕਾਂ ਨਾਲ ਪਿਆਰ ਨਾਲ ਪੇਸ਼ ਆਉਂਦੇ ਹਨ ਜੋ ਕਿਸੇ ਕੰਮ ਲਈ ਉਨ੍ਹਾਂ ਦਾ ਦਿਲੋਂ ਧੰਨਵਾਦ ਕਰਦੇ ਹਨ ਜਿਵੇਂ ਕਿ ਕਿਸੇ ਲਈ ਦਰਵਾਜ਼ਾ ਫੜ ਕੇ ਰੱਖਣਾ।
ਬਾਈਬਲ ਕੀ ਕਹਿੰਦੀ ਹੈ
ਯਿਸੂ ਮਸੀਹ ਨੇ ਕਿਹਾ: “ਦੂਸਰਿਆਂ ਨੂੰ ਦਿੰਦੇ ਰਹੋ, ਤਾਂ ਲੋਕ ਤੁਹਾਨੂੰ ਵੀ ਦੇਣਗੇ। ਉਹ ਦੱਬ-ਦੱਬ ਕੇ, ਹਿਲਾ-ਹਿਲਾ ਕੇ ਉੱਪਰ ਤਕ ਮਾਪ ਨੂੰ ਭਰਨਗੇ, ਸਗੋਂ ਜ਼ਿਆਦਾ ਭਰ ਕੇ ਤੁਹਾਡੀ ਝੋਲ਼ੀ ਵਿਚ ਪਾਉਣਗੇ।” (ਲੂਕਾ 6:38) ਦੱਖਣੀ ਸ਼ਾਂਤ ਮਹਾਂਸਾਗਰ ਦੇ ਟਾਪੂ ਵਨਾਵਟੂ ਵਿਚ ਰਹਿੰਦੀ ਰੋਜ਼ ਨਾਂ ਦੀ ਬੋਲ਼ੀ ਕੁੜੀ ਦੇ ਤਜਰਬੇ ਉੱਤੇ ਧਿਆਨ ਦਿਓ।
ਰੋਜ਼ ਯਹੋਵਾਹ ਦੇ ਗਵਾਹਾਂ ਦੀਆਂ ਮਸੀਹੀ ਸਭਾਵਾਂ ਵਿਚ ਜਾਂਦੀ ਸੀ, ਪਰ ਉਸ ਨੂੰ ਕੁਝ ਫ਼ਾਇਦਾ ਨਹੀਂ ਹੁੰਦਾ ਸੀ ਕਿਉਂਕਿ ਨਾ ਤਾਂ ਉਸ ਨੂੰ ਤੇ ਨਾ ਹੀ ਮੰਡਲੀ ਵਿਚ ਕਿਸੇ ਹੋਰ ਨੂੰ ਸੈਨਤ ਭਾਸ਼ਾ ਆਉਂਦੀ ਸੀ। ਜਦੋਂ ਇਕ ਜੋੜਾ, ਜੋ ਸੈਨਤ ਭਾਸ਼ਾ ਦਾ ਮਾਹਰ ਅਨੁਵਾਦਕ ਸੀ, ਇਸ ਮੰਡਲੀ ਵਿਚ ਗਿਆ, ਤਾਂ ਉਸ ਜੋੜੇ ਨੇ ਰੋਜ਼ ਨੂੰ ਆ ਰਹੀ ਮੁਸ਼ਕਲ ਦੇਖੀ ਅਤੇ ਸੈਨਤ ਭਾਸ਼ਾ ਦੀ ਕਲਾਸ ਸ਼ੁਰੂ ਕਰ ਦਿੱਤੀ। ਰੋਜ਼ ਇਸ ਗੱਲ ਲਈ ਬਹੁਤ ਸ਼ੁਕਰਗੁਜ਼ਾਰ ਸੀ। ਉਹ ਕਹਿੰਦੀ ਹੈ: “ਮੈਂ ਬਹੁਤ ਖ਼ੁਸ਼ ਹਾਂ ਕਿ ਮੈਨੂੰ ਪਿਆਰ ਕਰਨ ਵਾਲੇ ਬਹੁਤ ਸਾਰੇ ਦੋਸਤ ਮਿਲੇ ਹਨ।” ਉਸ ਮਸੀਹੀ ਜੋੜੇ ਲਈ ਇਸ ਤੋਂ ਵੱਡਾ ਇਨਾਮ ਹੋਰ ਕੋਈ ਨਹੀਂ ਹੈ ਕਿ ਰੋਜ਼ ਮਦਦ ਲਈ ਉਨ੍ਹਾਂ ਦੀ ਸ਼ੁਕਰਗੁਜ਼ਾਰ ਹੈ ਅਤੇ ਹੁਣ ਸਭਾਵਾਂ ਵਿਚ ਟਿੱਪਣੀਆਂ ਵੀ ਕਰਦੀ ਹੈ। ਰੋਜ਼ ਦੂਜਿਆਂ ਦੀ ਵੀ ਬਹੁਤ ਸ਼ੁਕਰਗੁਜ਼ਾਰ ਹੈ ਜਿਨ੍ਹਾਂ ਨੇ ਉਸ ਨਾਲ ਗੱਲਬਾਤ ਕਰਨ ਲਈ ਸੈਨਤ ਭਾਸ਼ਾ ਸਿੱਖੀ।
“ਜਿਹੜਾ ਧੰਨਵਾਦ ਦਾ ਬਲੀਦਾਨ ਚੜ੍ਹਾਉਂਦਾ ਹੈ, ਉਹ [ਰੱਬ ਦੀ] ਵਡਿਆਈ ਕਰਦਾ ਹੈ।”
—ਜ਼ਬੂਰਾਂ ਦੀ ਪੋਥੀ 50:23.
ਤੁਸੀਂ ਸ਼ੁਕਰਗੁਜ਼ਾਰ ਹੋਣ ਦੀ ਆਦਤ ਕਿੱਦਾਂ ਪਾ ਸਕਦੇ ਹੋ?
ਬਾਈਬਲ ਕੀ ਕਹਿੰਦੀ ਹੈ
ਸਾਡੀਆਂ ਭਾਵਨਾਵਾਂ ਤੇ ਸਾਡੇ ਵਿਚਾਰਾਂ ਵਿਚ ਗਹਿਰਾ ਸੰਬੰਧ ਹੈ। ਬਾਈਬਲ ਦੇ ਇਕ ਲਿਖਾਰੀ ਦਾਊਦ ਨੇ ਰੱਬ ਨੂੰ ਪ੍ਰਾਰਥਨਾ ਕਰਦੇ ਹੋਏ ਕਿਹਾ: “ਮੈਂ ਤੇਰੀਆਂ ਸਾਰੀਆਂ ਕਰਨੀਆਂ ਦਾ ਵਿਚਾਰ ਕਰਦਾ ਹਾਂ, ਮੈਂ ਤੇਰੇ ਹੱਥਾਂ ਦੇ ਕੰਮਾਂ ਦਾ ਧਿਆਨ ਕਰਦਾ ਹਾਂ।” (ਜ਼ਬੂਰਾਂ ਦੀ ਪੋਥੀ 143:5) ਦਾਊਦ ਇਸ ਤਰ੍ਹਾਂ ਦਾ ਇਨਸਾਨ ਨਹੀਂ ਸੀ ਜੋ ਗੱਲਾਂ ਨੂੰ ਗੰਭੀਰਤਾ ਨਾਲ ਨਹੀਂ ਲੈਂਦਾ। ਉਹ ਹਰ ਰੋਜ਼ ਰੱਬ ਦੇ ਰਾਹਾਂ ’ਤੇ ਡੂੰਘਾਈ ਨਾਲ ਸੋਚ-ਵਿਚਾਰ ਕਰਦਾ ਸੀ ਜਿਸ ਕਰਕੇ ਸ਼ੁਕਰਗੁਜ਼ਾਰੀ ਦਿਖਾਉਣਾ ਉਸ ਦੀ ਜ਼ਿੰਦਗੀ ਦਾ ਇਕ ਹਿੱਸਾ ਬਣ ਗਿਆ।
ਬਾਈਬਲ ਸਾਨੂੰ ਇਹ ਵਧੀਆ ਸਲਾਹ ਦਿੰਦੀ ਹੈ: ‘ਉਨ੍ਹਾਂ ਗੱਲਾਂ ਉੱਤੇ ਸੋਚ-ਵਿਚਾਰ ਕਰਦੇ ਰਹੋ ਜਿਹੜੀਆਂ ਸੱਚੀਆਂ, ਪਿਆਰ ਪੈਦਾ ਕਰਨ ਵਾਲੀਆਂ, ਚੰਗੀਆਂ, ਸ਼ੁੱਧ ਅਤੇ ਸ਼ੋਭਾ ਦੇ ਲਾਇਕ ਹਨ।’ (ਫ਼ਿਲਿੱਪੀਆਂ 4:8) “ਸੋਚ-ਵਿਚਾਰ ਕਰਦੇ ਰਹੋ” ਸ਼ਬਦ ਇਕ ਹੋਰ ਲੋੜ ਵੱਲ ਇਸ਼ਾਰਾ ਕਰਦੇ ਹਨ। ਉਹ ਇਹ ਹੈ ਕਿ ਸਾਨੂੰ ਹਮੇਸ਼ਾ ਮਨਨ ਕਰਨਾ ਚਾਹੀਦਾ ਹੈ ਜਿਸ ਦੀ ਮਦਦ ਨਾਲ ਅਸੀਂ ਸ਼ੁਕਰਗੁਜ਼ਾਰ ਹੋਣਾ ਸਿੱਖਾਂਗੇ। ▪ (g16-E No. 5)
“ਮੇਰੇ ਮਨ ਦਾ ਵਿਚਾਰ ਗਿਆਨ ਦਾ ਹੋਵੇਗਾ।”
—ਜ਼ਬੂਰਾਂ ਦੀ ਪੋਥੀ 49:3.