ਵਿਛੋੜੇ ਦਾ ਗਮ ਕਿਵੇਂ ਸਹੀਏ?
ਸੋਗ ਵਿੱਚੋਂ ਕਿਵੇਂ ਉੱਭਰੀਏ?—ਤੁਸੀਂ ਅੱਜ ਕੀ ਕਰ ਸਕਦੇ ਹੋ?
ਜੇ ਤੁਸੀਂ ਸੋਗ ਵਿੱਚੋਂ ਉੱਭਰਨ ਲਈ ਕਿਸੇ ਤੋਂ ਸਲਾਹ ਲਵੋ, ਤਾਂ ਤੁਹਾਨੂੰ ਹਜ਼ਾਰਾਂ ਹੀ ਸਲਾਹਾਂ ਮਿਲਣਗੀਆਂ। ਹੋ ਸਕਦਾ ਹੈ ਕਿ ਕਈ ਸਲਾਹਾਂ ਦੂਜੀਆਂ ਨਾਲੋਂ ਜ਼ਿਆਦਾ ਫ਼ਾਇਦੇਮੰਦ ਹੋਣ। ਜਿਵੇਂ ਪਹਿਲਾਂ ਦੱਸਿਆ ਗਿਆ ਸੀ, ਇਸ ਤਰ੍ਹਾਂ ਸ਼ਾਇਦ ਇਸ ਕਰਕੇ ਹੁੰਦਾ ਕਿਉਂਕਿ ਹਰ ਵਿਅਕਤੀ ਅਲੱਗ ਤਰੀਕੇ ਨਾਲ ਸੋਗ ਮਨਾਉਂਦਾ ਹੈ। ਜ਼ਰੂਰੀ ਨਹੀਂ ਕਿ ਇਕ ਸਲਾਹ ਸਾਰਿਆਂ ਲਈ ਕਾਰਗਰ ਸਾਬਤ ਹੋਵੇ।
ਪਰ ਕੁਝ ਸਲਾਹਾਂ ਕਈ ਲੋਕਾਂ ਲਈ ਕਾਰਗਰ ਸਾਬਤ ਹੋਈਆਂ ਹਨ। ਕਈ ਮਾਹਰ ਵੀ ਇਹ ਸਲਾਹਾਂ ਦਿੰਦੇ ਹਨ ਅਤੇ ਉਨ੍ਹਾਂ ਦੀਆਂ ਸਲਾਹਾਂ ਇਕ ਬਹੁਤ ਪੁਰਾਣੀ ਕਿਤਾਬ ਦੇ ਅਸੂਲਾਂ ਨਾਲ ਮੇਲ ਖਾਂਦੀਆਂ ਹਨ। ਬੁੱਧ ਨਾਲ ਭਰੀ ਇਹ ਕਿਤਾਬ ਬਾਈਬਲ ਹੈ ਅਤੇ ਇਸ ਵਿਚ ਦਿੱਤੀਆਂ ਸਲਾਹਾਂ ਅੱਜ ਵੀ ਲਾਗੂ ਹੋ ਸਕਦੀਆਂ ਹਨ।
1: ਪਰਿਵਾਰ ਤੇ ਦੋਸਤਾਂ ਦੀ ਮਦਦ ਕਬੂਲ ਕਰੋ
-
ਕੁਝ ਮਾਹਰ ਮੰਨਦੇ ਹਨ ਕਿ ਸੋਗ ਕਰਦੇ ਵੇਲੇ ਇੱਦਾਂ ਕਰਨਾ ਸਭ ਤੋਂ ਜ਼ਰੂਰੀ ਹੈ। ਪਰ ਕਦੇ-ਕਦੇ ਸ਼ਾਇਦ ਤੁਸੀਂ ਇਕੱਲੇ ਰਹਿਣਾ ਚਾਹੋ। ਤੁਹਾਨੂੰ ਸ਼ਾਇਦ ਉਨ੍ਹਾਂ ʼਤੇ ਖਿੱਝ ਆਵੇ ਜੋ ਤੁਹਾਡੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇੱਦਾਂ ਹੋਣਾ ਆਮ ਹੈ।
-
ਇੱਦਾਂ ਨਾ ਸੋਚੋ ਕਿ ਤੁਹਾਨੂੰ ਹਰ ਵੇਲੇ ਲੋਕਾਂ ਵਿਚ ਘਿਰੇ ਰਹਿਣਾ ਚਾਹੀਦਾ ਹੈ, ਪਰ ਆਪਣੇ ਆਪ ਨੂੰ ਬਿਲਕੁਲ ਇਕੱਲੇ ਵੀ ਨਾ ਕਰੋ। ਸ਼ਾਇਦ ਤੁਹਾਨੂੰ ਆਉਣ ਵਾਲੇ ਦਿਨਾਂ ਵਿਚ ਉਨ੍ਹਾਂ ਦੀ ਮਦਦ ਦੀ ਲੋੜ ਪੈ ਸਕਦੀ ਹੈ, ਇਸ ਲਈ ਪਿਆਰ ਨਾਲ ਦੂਸਰਿਆਂ ਨੂੰ ਦੱਸੋ ਕਿ ਤੁਹਾਨੂੰ ਇਸ ਮੌਕੇ ʼਤੇ ਕਿਸ ਚੀਜ਼ ਦੀ ਲੋੜ ਹੈ ਤੇ ਕਿਸ ਦੀ ਨਹੀਂ।
-
ਆਪਣੇ ਹਾਲਾਤਾਂ ਨੂੰ ਧਿਆਨ ਵਿਚ ਰੱਖਦਿਆਂ ਦੇਖੋ ਕਿ ਤੁਸੀਂ ਕਿੰਨੀ ਦੇਰ ਲੋਕਾਂ ਵਿਚ ਰਹੋਗੇ ਅਤੇ ਕਿੰਨੀ ਦੇਰ ਇਕੱਲੇ।
ਅਸੂਲ: “ਇੱਕ ਨਾਲੋਂ ਦੋ ਚੰਗੇ ਹਨ . . . ਕਿਉਂਕਿ ਜੇ ਉਹ ਡਿੱਗ ਪੈਣ ਤਾਂ ਇੱਕ ਜਣਾ ਦੂਜੇ ਨੂੰ ਚੁੱਕੇਗਾ।”—ਉਪਦੇਸ਼ਕ ਦੀ ਪੋਥੀ 4:9, 10.
2: ਖਾਣ-ਪੀਣ ਦਾ ਧਿਆਨ ਰੱਖੋ ਅਤੇ ਕਸਰਤ ਕਰਨ ਲਈ ਸਮਾਂ ਕੱਢੋ
-
ਸੋਗ ਕਰਨ ਨਾਲ ਚਿੰਤਾ ਹੁੰਦੀ ਹੈ, ਪਰ ਸਹੀ ਖ਼ੁਰਾਕ ਖਾਣ ਨਾਲ ਚਿੰਤਾ ਨੂੰ ਘਟਾਇਆ ਜਾ ਸਕਦਾ ਹੈ। ਅਲੱਗ-ਅਲੱਗ ਤਰ੍ਹਾਂ ਦੀਆਂ ਫਲ-ਸਬਜ਼ੀਆਂ ਅਤੇ ਘੱਟ ਚਰਬੀ ਵਾਲਾ ਭੋਜਨ ਖਾਣ ਦੀ ਕੋਸ਼ਿਸ਼ ਕਰੋ।
-
ਖੂਬ ਪਾਣੀ ਪੀਓ ਅਤੇ ਹੋਰ ਪੀਣ ਵਾਲੇ ਪਦਾਰਥ ਪੀਓ ਜੋ ਸਿਹਤ ਲਈ ਵਧੀਆ ਹੁੰਦੇ ਹਨ।
-
ਜੇ ਤੁਹਾਨੂੰ ਭੁੱਖ ਘੱਟ ਲੱਗਦੀ ਹੈ, ਤਾਂ ਥੋੜ੍ਹਾ-ਥੋੜ੍ਹਾ ਖਾਣਾ ਜ਼ਿਆਦਾ ਵਾਰ ਖਾਓ। ਤੁਸੀਂ ਪੌਸ਼ਟਿਕ ਖਾਣੇ ਜਾਂ ਵਿਟਾਮਿਨਾਂ ਵਗੈਰਾ ਲਈ ਡਾਕਟਰ ਕੋਲੋਂ ਵੀ ਸਲਾਹ ਲੈ ਸਕਦੇ ਹੋ। a
-
ਤੇਜ਼-ਤੇਜ਼ ਤੁਰਨ ਅਤੇ ਹੋਰ ਅਲੱਗ-ਅਲੱਗ ਕਸਰਤਾਂ ਕਰਨ ਨਾਲ ਨਿਰਾਸ਼ ਕਰਨ ਵਾਲੇ ਖ਼ਿਆਲਾਂ ਨੂੰ ਘਟਾਇਆ ਜਾ ਸਕਦਾ ਹੈ। ਕਸਰਤ ਦੌਰਾਨ ਤੁਹਾਨੂੰ ਆਪਣੇ ਵਿਛੋੜੇ ਬਾਰੇ ਸੋਚਣ ਜਾਂ ਵਿਛੋੜੇ ਕਰਕੇ ਆਉਂਦੇ ਖ਼ਿਆਲਾਂ ਨੂੰ ਦਿਮਾਗ਼ ਵਿੱਚੋਂ ਕੱਢਣ ਦਾ ਸਮਾਂ ਮਿਲ ਸਕਦਾ ਹੈ।
ਅਸੂਲ: “ਕੋਈ ਵੀ ਇਨਸਾਨ ਆਪਣੇ ਸਰੀਰ ਨਾਲ ਨਫ਼ਰਤ ਨਹੀਂ ਕਰਦਾ; ਸਗੋਂ ਉਸ ਨੂੰ ਖਿਲਾਉਂਦਾ-ਪਿਲਾਉਂਦਾ ਹੈ ਅਤੇ ਪਿਆਰ ਨਾਲ ਉਸ ਦੀ ਦੇਖ-ਭਾਲ ਕਰਦਾ ਹੈ।”—ਅਫ਼ਸੀਆਂ 5:29.
3: ਚੰਗੀ ਨੀਂਦ ਲਓ
-
ਚੰਗੀ ਨੀਂਦ ਲੈਣੀ ਜ਼ਰੂਰੀ ਹੈ। ਪਰ ਸੋਗ ਕਰਨ ਵਾਲਿਆਂ ਲਈ ਚੰਗੀ ਨੀਂਦ ਲੈਣੀ ਹੋਰ ਵੀ ਜ਼ਰੂਰੀ ਹੈ ਕਿਉਂਕਿ ਉਨ੍ਹਾਂ ਨੂੰ ਜ਼ਿਆਦਾ ਥਕਾਵਟ ਮਹਿਸੂਸ ਹੋ ਸਕਦੀ ਹੈ।
-
ਧਿਆਨ ਰੱਖੋ ਕਿ ਤੁਸੀਂ ਕੈਫੀਨ ਅਤੇ ਸ਼ਰਾਬ ਦੀ ਕਿੰਨੀ ਕੁ ਵਰਤੋਂ ਕਰਦੇ ਹੋ ਕਿਉਂਕਿ ਇਹ ਦੋਵੇਂ ਚੀਜ਼ਾਂ ਨੀਂਦ ʼਤੇ ਅਸਰ ਪਾ ਸਕਦੀਆਂ ਹਨ।
ਅਸੂਲ: “ਕੁਝ ਪਲਾਂ ਦਾ ਆਰਾਮ ਵੀ ਚੰਗਾ ਹੈ, ਬਜਾਏ ਇਸ ਦੇ ਕੇ ਹਰ ਸਮੇਂ ਦੋਵੇਂ ਹੱਥ ਮਿਹਨਤ ਵਿਚ ਰੁਝੇ ਰਹਿਣ, ਜੋ ਕੇਵਲ ਹਵਾ ਨੂੰ ਫੜਨ ਦੇ ਬਰਾਬਰ ਹੈ।”—ਉਪਦੇਸ਼ਕ 4:6, CL.
4: ਹਾਲਾਤਾਂ ਮੁਤਾਬਕ ਢਲ਼ਣ ਲਈ ਤਿਆਰ ਰਹੋ
-
ਇਹ ਗੱਲ ਯਾਦ ਰੱਖੋ ਕਿ ਹਰ ਵਿਅਕਤੀ ਅਲੱਗ ਤਰੀਕੇ ਨਾਲ ਸੋਗ ਮਨਾਉਂਦਾ ਹੈ। ਅਖ਼ੀਰ ਤੁਹਾਨੂੰ ਹੀ ਦੇਖਣਾ ਪਵੇਗਾ ਕਿ ਤੁਹਾਡੇ ਲਈ ਕਿਹੜਾ ਤਰੀਕਾ ਸਹੀ ਹੈ।
-
ਕਈ ਲੋਕੀਂ ਦੂਸਰਿਆਂ ਨਾਲ ਗੱਲ ਕਰ ਕੇ ਆਪਣਾ ਦਿਲ ਹੌਲਾ ਕਰ ਲੈਂਦੇ ਹਨ, ਪਰ ਹੋਰਾਂ ਨੂੰ ਆਪਣਾ ਦੁੱਖ ਕਿਸੇ ਨੂੰ ਦੱਸਣਾ ਚੰਗਾ ਨਹੀਂ ਲੱਗਦਾ। ਮਾਹਰਾਂ ਦੇ ਇਸ ਬਾਰੇ ਅਲੱਗ-ਅਲੱਗ ਵਿਚਾਰ ਹਨ ਕਿ ਕਿਸੇ ਨੂੰ ਆਪਣੀਆਂ ਭਾਵਨਾਵਾਂ ਦੱਸਣ ਨਾਲ ਸੋਗ ਵਿੱਚੋਂ ਉੱਭਰਿਆ ਜਾ ਸਕਦਾ ਹੈ ਜਾਂ ਨਹੀਂ। ਜੇ ਤੁਸੀਂ ਕਿਸੇ ਨਾਲ ਆਪਣੀਆਂ ਭਾਵਨਾਵਾਂ ਬਾਰੇ ਗੱਲ ਕਰਨੀ ਚਾਹੁੰਦੇ ਹੋ, ਪਰ ਤੁਹਾਨੂੰ ਝਿਜਕ ਮਹਿਸੂਸ ਹੁੰਦੀ ਹੈ, ਤਾਂ ਤੁਸੀਂ ਆਪਣੇ ਕਿਸੇ ਜਿਗਰੀ ਦੋਸਤ ਨਾਲ ਗੱਲ ਕਰ ਸਕਦੇ ਹੋ।
-
ਕੁਝ ਲੋਕ ਰੋ ਕੇ ਆਪਣਾ ਗਮ ਹੌਲਾ ਕਰ ਲੈਂਦੇ ਹਨ। ਕਈ ਲੋਕ ਘੱਟ ਰੋਂਦੇ ਹਨ, ਪਰ ਫਿਰ ਵੀ ਉਨ੍ਹਾਂ ਦਾ ਗਮ ਹੌਲਾ ਹੋ ਜਾਂਦਾ ਹੈ।
ਅਸੂਲ: “ਹਰ ਵਿਅਕਤੀ ਆਪਣੇ ਦੁੱਖਾਂ ਬਾਰੇ ਜਾਣਦਾ ਹੈ।”—ਕਹਾਉਤਾਂ 14:10, ERV.
5: ਖ਼ੁਦ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਆਦਤਾਂ ਤੋਂ ਬਚੋ
-
ਕਈ ਲੋਕ ਆਪਣੇ ਗਮ ਨੂੰ ਭੁਲਾਉਣ ਲਈ ਹੱਦੋਂ ਵਧ ਸ਼ਰਾਬ ਪੀਂਦੇ ਹਨ ਜਾਂ ਨਸ਼ਿਆਂ ਦਾ ਸਹਾਰਾ ਲੈਂਦੇ ਹਨ। ਇਹੋ ਜਿਹੇ “ਤਰੀਕੇ” ਘਾਤਕ ਹੋ ਸਕਦੇ ਹਨ। ਸ਼ਾਇਦ ਇਨ੍ਹਾਂ ਤਰੀਕਿਆਂ ਨਾਲ ਕੁਝ ਸਮੇਂ ਲਈ ਤਾਂ ਰਾਹਤ ਮਿਲੇ, ਪਰ ਬਾਅਦ ਵਿਚ ਇਸ ਦੇ ਭਿਆਨਕ ਨਤੀਜੇ ਨਿਕਲਦੇ ਹਨ। ਆਪਣੀ ਚਿੰਤਾ ਨੂੰ ਘੱਟ ਕਰਨ ਲਈ ਸਹੀ ਤਰੀਕੇ ਅਪਣਾਉਣ ਦੀ ਕੋਸ਼ਿਸ਼ ਕਰੋ।
ਅਸੂਲ: ‘ਆਓ ਆਪਾਂ ਆਪਣੇ ਆਪ ਨੂੰ ਸ਼ੁੱਧ ਕਰੀਏ।’—2 ਕੁਰਿੰਥੀਆਂ 7:1.
6: ਸਮੇਂ ਦੀ ਸਹੀ ਵਰਤੋਂ ਕਰੋ
-
ਕਈ ਲੋਕਾਂ ਨੇ ਥੋੜ੍ਹੇ ਸਮੇਂ ਲਈ ਕੋਈ ਅਲੱਗ ਕੰਮ ਕਰ ਕੇ ਦੇਖਿਆ ਹੈ ਤੇ ਉਨ੍ਹਾਂ ਨੂੰ ਸੋਗ ਤੋਂ ਰਾਹਤ ਮਿਲੀ ਹੈ। ਇੱਦਾਂ ਕਰਨ ਨਾਲ ਉਹ ਹਮੇਸ਼ਾ ਆਪਣੇ ਦੁੱਖ ਬਾਰੇ ਹੀ ਨਹੀਂ ਸੋਚਦੇ ਰਹਿੰਦੇ।
-
ਤੁਸੀਂ ਨਵੇਂ ਦੋਸਤ ਬਣਾ ਕੇ, ਪੁਰਾਣੇ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰ ਕੇ, ਨਵੇਂ ਹੁਨਰ ਸਿੱਖ ਕੇ ਜਾਂ ਮਨੋਰੰਜਨ ਕਰ ਕੇ ਕੁਝ ਸਮੇਂ ਲਈ ਆਪਣੇ ਗਮ ਤੋਂ ਰਾਹਤ ਪਾ ਸਕਦੇ ਹੋ।
-
ਸਮੇਂ ਦੇ ਬੀਤਣ ਨਾਲ ਸਭ ਕੁਝ ਬਦਲਣ ਲੱਗਦਾ ਹੈ। ਤੁਸੀਂ ਦੇਖੋਗੇ ਕਿ ਹੁਣ ਤੁਸੀਂ ਹਰ ਵੇਲੇ ਹੀ ਸੋਗ ਵਿਚ ਨਹੀਂ ਡੁੱਬੇ ਰਹਿੰਦੇ। ਹੌਲੀ-ਹੌਲੀ ਤੁਹਾਡੇ ਜ਼ਖ਼ਮ ਭਰ ਜਾਣਗੇ।
ਅਸੂਲ: “ਹਰੇਕ ਕੰਮ ਦਾ ਇੱਕ ਸਮਾ ਹੈ, . . . ਇੱਕ ਰੋਣ ਦਾ ਵੇਲਾ ਹੈ ਅਤੇ ਇੱਕ ਹੱਸਣ ਦਾ ਵੇਲਾ ਹੈ, ਇੱਕ ਸੋਗ ਕਰਨ ਦਾ ਵੇਲਾ ਹੈ ਅਤੇ ਇੱਕ ਨੱਚਣ ਦਾ ਵੇਲਾ ਹੈ।”—ਉਪਦੇਸ਼ਕ ਦੀ ਪੋਥੀ 3:1, 4.
7: ਰੋਜ਼ਮੱਰਾ ਦੇ ਕੰਮ ਕਰਨ ਦੀ ਕੋਸ਼ਿਸ਼ ਕਰੋ
-
ਜਿੰਨੀ ਜਲਦੀ ਹੋ ਸਕੇ ਦੁਬਾਰਾ ਤੋਂ ਰੋਜ਼ਮੱਰਾ ਦੇ ਕੰਮ ਕਰਨੇ ਸ਼ੁਰੂ ਕਰੋ।
-
ਜਦੋਂ ਤੁਸੀਂ ਸਮੇਂ ਸਿਰ ਸੌਂਦੇ ਹੋ, ਨੌਕਰੀ ਜਾਂ ਹੋਰ ਕੰਮ ਕਰਦੇ ਹੋ, ਤਾਂ ਤੁਸੀਂ ਦੇਖੋਗੇ ਕਿ ਸਾਰਾ ਕੁਝ ਪਹਿਲਾਂ ਵਾਂਗ ਹੋਣਾ ਸ਼ੁਰੂ ਹੋ ਗਿਆ ਹੈ।
-
ਚੰਗੇ ਕੰਮਾਂ ਵਿਚ ਰੁੱਝੇ ਰਹਿਣ ਨਾਲ ਤੁਹਾਨੂੰ ਆਪਣੇ ਦਿਲ ਦੀ ਪੀੜਾ ਘੱਟ ਕਰਨ ਵਿਚ ਮਦਦ ਮਿਲੇਗੀ।
ਅਸੂਲ: “ਸੋ ਪਰਮੇਸ਼ਰ ਨੇ ਉਸ ਨੂੰ ਖ਼ੁਸ਼ ਰਹਿਣ ਦੀ ਸੁਗਾਤ ਦਿੱਤੀ ਹੈ, ਇਸ ਲਈ ਉਹ ਆਪਣੇ ਜੀਵਨ ਦੇ ਥੋੜ੍ਹੇ ਦਿਨ ਹੋਣ ਦੀ ਚਿੰਤਾ ਨਹੀਂ ਕਰੇਗਾ।”—ਉਪਦੇਸ਼ਕ 5:20, CL.
8: ਜਲਦਬਾਜ਼ੀ ਵਿਚ ਵੱਡੇ ਫ਼ੈਸਲੇ ਕਰਨ ਤੋਂ ਬਚੋ
-
ਜਿਹੜੇ ਲੋਕ ਆਪਣੇ ਕਿਸੇ ਦੋਸਤ-ਰਿਸ਼ਤੇਦਾਰ ਦੀ ਮੌਤ ਤੋਂ ਜਲਦੀ ਬਾਅਦ ਹੀ ਵੱਡੇ ਫ਼ੈਸਲੇ ਕਰ ਲੈਂਦੇ ਹਨ, ਕਈ ਵਾਰ ਉਹ ਬਾਅਦ ਵਿਚ ਪਛਤਾਉਂਦੇ ਹਨ।
-
ਜੇ ਹੋ ਸਕੇ, ਤਾਂ ਕਿਸੇ ਦੂਸਰੀ ਥਾਂ ਜਾਣ, ਨੌਕਰੀ ਬਦਲਣ ਜਾਂ ਆਪਣੇ ਅਜ਼ੀਜ਼ ਦੀਆਂ ਚੀਜ਼ਾਂ ਨੂੰ ਸੁੱਟਣ ਤੋਂ ਪਹਿਲਾਂ ਕੁਝ ਸਮਾਂ ਇੰਤਜ਼ਾਰ ਕਰੋ।
ਅਸੂਲ: “ਮਿਹਨਤੀ ਮਨੁੱਖ ਦੀਆਂ ਯੋਜਨਾਵਾਂ ਸਫਲ ਹੁੰਦੀਆਂ ਹਨ, ਪਰ ਛੇਤੀ ਕਰਨ ਵਾਲੇ ਦੇ ਹੱਥ ਕੁਝ ਨਹੀਂ ਆਉਂਦਾ।”—ਕਹਾਉਤਾਂ 21:5, CL.
9: ਆਪਣੇ ਅਜ਼ੀਜ਼ ਨੂੰ ਭੁੱਲੋ ਨਾ
-
ਸੋਗ ਕਰਨ ਵਾਲੇ ਕਈ ਲੋਕਾਂ ਨੂੰ ਇੱਦਾਂ ਦੇ ਕੰਮ ਕਰ ਕੇ ਫ਼ਾਇਦਾ ਹੋਇਆ ਹੈ ਜਿਨ੍ਹਾਂ ਨਾਲ ਉਹ ਆਪਣੇ ਅਜ਼ੀਜ਼ ਦੀਆਂ ਯਾਦਾਂ ਨੂੰ ਤਾਜ਼ਾ ਰੱਖ ਸਕੇ ਹਨ।
-
ਆਪਣੇ ਅਜ਼ੀਜ਼ ਦੀਆਂ ਫੋਟੋਆਂ ਜਾਂ ਚੀਜ਼ਾਂ ਇਕੱਠੀਆਂ ਕਰੋ। ਉਨ੍ਹਾਂ ਗੱਲਾਂ ਜਾਂ ਪਲਾਂ ਨੂੰ ਡਾਇਰੀ ਵਿਚ ਲਿਖ ਲਓ ਜੋ ਤੁਸੀਂ ਯਾਦ ਰੱਖਣੇ ਚਾਹੁੰਦੇ ਹੋ। ਇੱਦਾਂ ਕਰਨ ਨਾਲ ਤੁਹਾਡੀ ਮਦਦ ਹੋ ਸਕਦੀ ਹੈ।
-
ਉਹ ਚੀਜ਼ਾਂ ਸਾਂਭ ਕੇ ਰੱਖੋ ਜਿਨ੍ਹਾਂ ਨਾਲ ਮਿੱਠੀਆਂ ਯਾਦਾਂ ਮੁੜ ਤਾਜ਼ਾ ਹੋ ਜਾਣ। ਇਨ੍ਹਾਂ ਚੀਜ਼ਾਂ ਨੂੰ ਉਦੋਂ ਦੇਖੋ ਜਦੋਂ ਤੁਹਾਨੂੰ ਲੱਗੇ ਕਿ ਹੁਣ ਤੁਸੀਂ ਸੰਭਲ ਗਏ ਹੋ।
ਅਸੂਲ: “ਪੁਰਾਣਿਆਂ ਦਿਨਾਂ ਨੂੰ ਯਾਦ ਕਰ।”—ਬਿਵਸਥਾ ਸਾਰ 32:7.
10: ਕਿਤੇ ਘੁੰਮਣ ਜਾਓ
-
ਕਿਉਂ ਨਾ ਤੁਸੀਂ ਛੁੱਟੀ ʼਤੇ ਕਿਤੇ ਜਾਣ ਬਾਰੇ ਸੋਚੋ।
-
ਜੇ ਤੁਹਾਨੂੰ ਲੰਬੀ ਛੁੱਟੀ ʼਤੇ ਜਾਣਾ ਸਹੀ ਨਹੀਂ ਲੱਗਦਾ, ਤਾਂ ਤੁਸੀਂ ਇਕ ਜਾਂ ਦੋ ਦਿਨ ਲਈ ਕੁਝ ਇੱਦਾਂ ਦਾ ਕਰ ਸਕਦੇ ਹੋ ਜਿਸ ਨਾਲ ਤੁਹਾਨੂੰ ਖ਼ੁਸ਼ੀ ਮਿਲੇ ਜਿਵੇਂ ਸੈਰ ʼਤੇ ਜਾਣਾ, ਮਿਊਜ਼ੀਅਮ ਦੇਖਣਾ ਜਾਂ ਗੱਡੀ ਵਿਚ ਘੁੰਮਣ ਜਾਣਾ।
-
ਰੋਜ਼ਮੱਰਾ ਦੇ ਕੰਮਾਂ ਤੋਂ ਹਟ ਕੇ ਕੋਈ ਹੋਰ ਕੰਮ ਕਰਨ ਨਾਲ ਵੀ ਤੁਸੀਂ ਆਪਣੇ ਗਮ ਤੋਂ ਰਾਹਤ ਪਾ ਸਕਦੇ ਹੋ।
ਅਸੂਲ: “ਆਓ ਆਪਾਂ ਕਿਸੇ ਇਕਾਂਤ ਜਗ੍ਹਾ ਚੱਲੀਏ ਅਤੇ ਥੋੜ੍ਹਾ ਆਰਾਮ ਕਰੀਏ।”—ਮਰਕੁਸ 6:31.
11: ਦੂਸਰਿਆਂ ਦੀ ਮਦਦ ਕਰੋ
-
ਯਾਦ ਰੱਖੋ ਕਿ ਦੂਜਿਆਂ ਲਈ ਸਮਾਂ ਕੱਢਣ ਨਾਲ ਤੁਹਾਨੂੰ ਖ਼ੁਦ ਨੂੰ ਵੀ ਵਧੀਆ ਲੱਗੇਗਾ।
-
ਤੁਸੀਂ ਉਨ੍ਹਾਂ ਦੀ ਮਦਦ ਕਰ ਸਕਦੇ ਹੋ ਜੋ ਤੁਹਾਡੇ ਨਾਲ-ਨਾਲ ਵਿਛੋੜੇ ਦਾ ਗਮ ਝੱਲ ਰਹੇ ਹਨ ਜਿਵੇਂ ਕੋਈ ਦੋਸਤ ਜਾਂ ਰਿਸ਼ਤੇਦਾਰ। ਸ਼ਾਇਦ ਉਨ੍ਹਾਂ ਨੂੰ ਵੀ ਤੁਹਾਡੀ ਲੋੜ ਹੋਵੇ।
-
ਦੂਸਰਿਆਂ ਦੀ ਮਦਦ ਕਰਨ ਅਤੇ ਉਨ੍ਹਾਂ ਨੂੰ ਦਿਲਾਸਾ ਦੇਣ ਨਾਲ ਤੁਹਾਨੂੰ ਖ਼ੁਦ ਨੂੰ ਵੀ ਖ਼ੁਸ਼ੀ ਮਿਲੇਗੀ ਅਤੇ ਤੁਹਾਡੀ ਜ਼ਿੰਦਗੀ ਵਿਚ ਇਕ ਮਕਸਦ ਹੋਵੇਗਾ ਜਿਸ ਦੀ ਸ਼ਾਇਦ ਤੁਹਾਨੂੰ ਲੋੜ ਸੀ।
ਅਸੂਲ: “ਲੈਣ ਨਾਲੋਂ ਦੇਣ ਵਿਚ ਜ਼ਿਆਦਾ ਖ਼ੁਸ਼ੀ ਮਿਲਦੀ ਹੈ।”—ਰਸੂਲਾਂ ਦੇ ਕੰਮ 20:35.
12: ਜ਼ਰੂਰੀ ਕੰਮਾਂ ਨੂੰ ਦੁਬਾਰਾ ਪਹਿਲ ਦਿਓ
-
ਸੋਗ ਕਰਨ ਵੇਲੇ ਸ਼ਾਇਦ ਤੁਹਾਨੂੰ ਅਹਿਸਾਸ ਹੋਵੇ ਕਿ ਤੁਹਾਡੇ ਲਈ ਕੀ ਜ਼ਿਆਦਾ ਮਾਅਨੇ ਰੱਖਦਾ ਹੈ।
-
ਇਸ ਸਮੇਂ ਦੌਰਾਨ ਸੋਚੋ ਕਿ ਤੁਸੀਂ ਆਪਣੀ ਜ਼ਿੰਦਗੀ ਕਿਵੇਂ ਜੀ ਰਹੇ ਹੋ।
-
ਜੇ ਲੋੜ ਹੋਵੇ, ਤਾਂ ਜ਼ਰੂਰੀ ਕੰਮਾਂ ਵਿਚ ਫੇਰ-ਬਦਲ ਕਰੋ।
ਅਸੂਲ: “ਸੋਗ ਵਾਲੇ ਘਰ ਜਾਣਾ, ਖ਼ੁਸ਼ੀ ਵਾਲੇ ਘਰ ਜਾਣ ਤੋਂ ਚੰਗਾ ਹੈ, ਕਿਉਂਕਿ ਸਭ ਦਾ ਅੰਤ ਮੌਤ ਹੈ, ਅਤੇ ਉੱਥੇ ਜੀਉਂਦਾ ਆਪਣੇ ਅੰਤ ਬਾਰੇ ਸੋਚਦਾ ਹੈ।”—ਉਪਦੇਸ਼ਕ 7:2, CL.
ਇਹ ਸੱਚ ਹੈ ਕਿ ਕੋਈ ਵੀ ਚੀਜ਼ ਤੁਹਾਡੇ ਦਿਲ ਦੀ ਪੀੜ ਨੂੰ ਪੂਰੀ ਤਰ੍ਹਾਂ ਖ਼ਤਮ ਨਹੀਂ ਕਰ ਸਕਦੀ। ਪਰ ਬਹੁਤ ਸਾਰੇ ਲੋਕਾਂ ਨੇ ਇਸ ਲੇਖ ਵਿਚ ਦੱਸੇ ਕੁਝ ਕਦਮ ਚੁੱਕੇ ਹਨ ਤੇ ਉਹ ਆਪਣੇ ਤਜਰਬੇ ਤੋਂ ਦੱਸ ਸਕਦੇ ਹਨ ਕਿ ਉਨ੍ਹਾਂ ਨੂੰ ਦਿਲਾਸਾ ਮਿਲਿਆ ਹੈ। ਇਹ ਜ਼ਰੂਰੀ ਨਹੀਂ ਹੈ ਕਿ ਬਸ ਇਹੀ ਕਦਮ ਚੁੱਕਣ ਨਾਲ ਤੁਸੀਂ ਆਪਣੇ ਗਮ ਨੂੰ ਘਟਾ ਸਕਦੇ ਹੋ। ਪਰ ਜੇ ਤੁਸੀਂ ਇਨ੍ਹਾਂ ਸੁਝਾਵਾਂ ਨੂੰ ਲਾਗੂ ਕਰਦੇ ਹੋ, ਤਾਂ ਤੁਸੀਂ ਆਪਣੇ ਗਮ ਤੋਂ ਕਾਫ਼ੀ ਹੱਦ ਤਕ ਰਾਹਤ ਪਾ ਸਕਦੇ ਹੋ।
a ਜਾਗਰੂਕ ਬਣੋ! ਰਸਾਲਾ ਇਹ ਨਹੀਂ ਦੱਸਦਾ ਕਿ ਤੁਹਾਨੂੰ ਕਿਹੜਾ ਇਲਾਜ ਕਰਵਾਉਣਾ ਚਾਹੀਦਾ ਹੈ ਜਾਂ ਕਿਹੜਾ ਨਹੀਂ।